ਬਲਜੀਤ ਬਾਸੀ
ਅਸੀਂ ਨਿੱਕੇ ਹੁੰਦੇ ‘ਦ’ ਧੁਨੀ ਦੇ ਅਨੁਪਰਾਸ ਵਾਲਾ ਇਹ ਫਿਕਰਾ ਵਾਰ ਵਾਰ ਦੁਹਰਾ ਕੇ ਬੜੀਆਂ ਕਿਲਕਾਰੀਆਂ ਮਾਰਦੇ ਸਾਂ, “ਦਾਦੂ ਦੀ ਦਾਦੀ ਦੇ ਦੋ ਦੰਦਾਂ ਦੁਖਦਿਆਂ ਦੀ ਦਵਾਈ ਦੇ ਦਿਉ।” ਫਿਰ ਇਸ ਫਿਕਰੇ ਨੂੰ ਹੋਰ ਲਮਕਾ ਕੇ ਬੋਲਣ ਦੀ ਅਸੀਂ ਇਕ ਖੇਡ ਹੀ ਬਣਾ ਲਈ। ਸਾਡੇ ਨਾਨਾ ਜੀ ਨੇ ਨਕਲੀ ਜਬਾੜਾ ਲਗਾਇਆ ਹੋਇਆ ਸੀ। ਉਹ ਅਕਸਰ ਹੀ ਇਸ ਨੂੰ ਇਧਰ-ਉਧਰ ਰੱਖ ਕੇ ਭੁੱਲ ਜਾਂਦੇ। ਰੋਟੀ ਖਾਣ ਲੱਗਿਆਂ ਉਹ ਜਬਾੜੇ ਨੂੰ ਥਾਲੀ ਵਿਚ ਰੱਖ ਦਿੰਦੇ ਕਿਉਂਕਿ ਉਹ ਇਸ ਤੋਂ ਹੱਸਣ ਦਾ ਕੰਮ ਹੀ ਲੈਂਦੇ ਸਨ। ਇਕ ਵਾਰੀ ਰੋਟੀ ਖਾ ਕੇ ਨਲਕੇ ‘ਤੇ ਕੁਰਲੀ ਕਰਨ ਗਏ ਤਾਂ ਉਨ੍ਹਾਂ ਦਾ ਜਬਾੜਾ ਇਕ ਸ਼ਰਾਰਤੀ ਕਾਂ ਚੁੱਕ ਕੇ ਉਡ ਗਿਆ। ਘਰ ਵਿਚ ਹਾਹਾਕਾਰ ਮਚ ਗਈ। ਪਰ ਸ਼ਾਇਦ ਬੁਢੇ ਕਾਂ ਦੇ ਪੋਪਲੇ ਮੂੰਹ ਵਿਚ ਜਬਾੜਾ ਫਿਟ ਨਹੀਂ ਸੀ ਆਇਆ, ਉਸ ਨੇ ਪਰੇ ਜਾ ਕੇ ਸੁੱਟ ਦਿਤਾ। ਇਸ ਵਿਸ਼ੇ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਇਕ ਪੰਜਾਬੀ ਕੋਸ਼ ਵਿਚ ਦਿੱਤੀ ਦੰਦਾਂ ਦੀ ਬੜੀ ਮਜ਼ੇਦਾਰ ਪਰਿਭਾਸ਼ਾ ਪੇਸ਼ ਕਰਨ ਨੂੰ ਮਨ ਕਰ ਆਇਆ ਹੈ, “ਮਨੁਖਾਂ ਅਤੇ ਜਾਨਵਰਾਂ ਦੇ ਮੂੰਹ ਵਿਚ ਨਿਕਲੇ ਹੱਡੀ ਦੇ ਟੁਕੜੇ ਜਿਨ੍ਹਾਂ ਦੁਆਰਾ ਭੋਜਨ ਚਿਥਿਆ ਜਾਂਦਾ ਹੈ।”
Aੁਂਜ ਹਾਥੀ ਦੇ ਦਿਖਾਉਣ ਵਾਲੇ ਬਾਹਰ ਨਿਕਲੇ ਹੋਏ ਹੱਡੀ ਦੇ ਵੱਡੇ ਵੱਡੇ ਟੁਕੜੇ ਤਾਂ ਇਸ ਕੰਮ ਦੇ ਨਹੀਂ ਪਰ ਇਨ੍ਹਾਂ ਕਰਕੇ ਹੀ ਹਾਥੀ ਦਾ ਜਿਉਂਦੇ ਦਾ ਲੱਖ, ਮਰੇ ਦਾ ਸਵਾ ਲੱਖ ਮੁੱਲ ਪੈ ਜਾਂਦਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਦੰਦ ਖੁਸ਼ੀ ਜਾਂ ਪਰਿਹਾਸ ਦੀ ਪ੍ਰਤੀਤੀ ਦਾ ਇਜ਼ਹਾਰ ਕਰਨ ਲਈ ਕਿਉਂ ਵਿਖਾਏ ਜਾਂਦੇ ਹਨ? ਨਤੀਜਾ ਕਢਿਆ ਕਿ ਮੁਢ ਕਦੀਮ ਵਿਚ ਭੋਜਨ ਦੀ ਭਾਲ ਵਿਚ ਜਦ ਕਦੇ ਉਹ ਖਾਣ ਵਾਲੀ ਚੀਜ਼ ਦੇਖਦਾ ਹੋਵੇਗਾ ਤਾਂ ਉਸ ਦੇ ਮੂੰਹ ਵਿਚ ਪਾਣੀ ਆ ਜਾਣ ਦੇ ਨਾਲ ਨਾਲ ਭੋਜਨ ਖਾਣ ਲਈ ਦੰਦ ਵੀ ਬਾਹਰ ਨਿਕਲ ਕੇ ਤਿਆਰੀ ਕਰਨ ਲੱਗ ਪੈਂਦੇ ਹੋਣਗੇ। ਬੱਚਾ ਦੁਧ ਚੁੰਘਣ ਲੱਗੇ ਪਹਿਲਾਂ ਹੀ ਮਾਂ ਦੀ ਛਾਤੀ ਦੇਖ ਕੇ ਮੂੰਹ ਖੋਲ੍ਹ ਲੈਂਦਾ ਹੈ। ਇਸ ਤਰ੍ਹਾਂ ਦੰਦਾਂ ਦਾ ਵਿਖਾਵਾ ਇਕੋ ਵੇਲੇ ਖਾਣ ਅਤੇ ਖੁਸ਼ੀ ਦਾ ਸੂਚਕ ਬਣ ਗਿਆ। ਬਾਅਦ ਵਿਚ ਕਿਸੇ ਵੀ ਖੁਸ਼ੀ ਨਾਲ ਦੰਦ ਖੁਲ੍ਹਣੇ ਸ਼ੁਰੂ ਹੋ ਗਏ। ਖੈਰ ਹਕੀਕਤ ਭਾਵੇਂ ਕੁਝ ਹੋਰ ਹੋਵੇ, ਇਹ ਖਿਆਲ ਮਾੜਾ ਨਹੀਂ।
ਖਾਣ ਦੇ ਕਾਰਜ ਤੋਂ ਬਿਨਾਂ ਅਨੇਕਾਂ ਤਰ੍ਹਾਂ ਦੇ ਭਾਵ ਜਾਹਰ ਕਰਨ ਲਈ ਦੰਦਾਂ ਦੀ ਅਹਿਮ ਭੂਮਿਕਾ ਹੈ। ਇਨ੍ਹਾਂ ਵਿਚ ਖੁਸ਼ੀ, ਖਾਸ ਤੌਰ ‘ਤੇ ਹਾਸੇ ਭਰੀ ਖੁਸ਼ੀ ਲਈ ਹਾਸੇ ਦੇ ਨਾਲ ਦੰਦਾਂ ਦਾ ਪ੍ਰਦਰਸ਼ਨ ਸਹਿਜ ਹੈ। ਕਈ ਵਾਰੀ ਤਾਂ ਅੰਤਾਂ ਦੀ ਖੁਸ਼ੀ ਦਾ ਇਜ਼ਹਾਰ ਏਨਾ ਬੇਕਾਬੂ ਹੋ ਜਾਂਦਾ ਹੈ ਕਿ ਦੰਦੀਆਂ ਮੂੰਹ ਵਿਚ ਹੀ ਨਹੀਂ ਵੜਦੀਆਂ। ਜਿੰਨੀਆਂ ਤਨ ਮਨ ਵਿਚ ਗੁਦਗੁਦੀਆਂ, ਓਨੀ ਹੀ ਗਿਣਤੀ ਵਿਚ ਦੰਦਾਂ ਦਾ ਮੁਜ਼ਾਹਰਾ। ਐਵੇਂ ਨਹੀਂ ਭਾਬੀ ਕਹਿੰਦੀ, “ਛੋਟਾ ਦਿਉਰ ਬੜਾ ਟੁੱਟ ਪੈਣਾ, ਹਸਦੀ ਦੇ ਦੰਦ ਗਿਣਦਾ।” ਜਿੰਦਗੀ ਤਾਂ ਕਹਿੰਦੇ ਨੇ ਹੈ ਹੀ ਹਸ ਦੰਦਾਂ ਦੀ ਪ੍ਰੀਤ। ਫਿਰ ਪਿਆਰ ਦੇ ਪ੍ਰਗਟਾਵੇ ਲਈ ਦੰਦ ਦਿਖਾਉਣ ਤੋਂ ਬਿਨਾਂ ਹੋਰ ਕਿਹੜਾ ਵਧੀਆ ਵਸੀਲਾ ਹੈ? ਸਾਡੇ ਸਭਿਆਚਾਰ ਵਿਚ ਪਿਆਰ ਦੀ ਸੈਨਤ ਦੇ ਜਵਾਬ ਵਿਚ ਵੀ ਕੁੜੀ ਦੰਦ ਦਿਖਾ ਕੇ ਹੱਸ ਪਵੇ ਤਾਂ ਪਿਆਰ ਪ੍ਰਵਾਨ ਸਮਝਿਆ ਜਾਂਦਾ ਹੈ। ਐਵੇਂ ਨਹੀਂ ਕਿਹਾ “ਕੁੜੀ ਹੱਸੀ ਤੇ ਫਸੀ।” ਹੀਰ ਰਾਂਝੇ ‘ਤੇ ਹੱਸ ਕੇ ਹੀ ਮਿਹਰਬਾਨ ਹੋਈ ਸੀ। ਦੰਦ ਜੇ ਚਿੱਟੇ, ਅਨਾਰ ਦੇ ਦਾਣੇ, ਚੰਬੇ ਦੀ ਲੜੀ ਜਾਂ ਹੰਸ ਮੋਤੀ ਹੋਣ ਤਾਂ ਹੱਸਣੋ ਰਹਿ ਵੀ ਕਿਵੇਂ ਸਕਦੇ ਹਨ?
ਪਿਆਰ ਹੀ ਨਹੀਂ ਘਿਣ, ਰੋਹ ਜਾਂ ਬੇਬਸੀ ਦਰਸਾਉਣ ਲਈ ਵੀ ਦੰਦਾਂ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ ਭਾਵੇਂ ਖੁਲ੍ਹ ਕੇ ਨਹੀਂ-ਇਸ ਮਕਸਦ ਲਈ ਦੰਦ ਕਿਰਚੇ ਜਾਂਦੇ ਹਨ। ਵਾਰਿਸ ਸ਼ਾਹ ਨੇ ਹੀਰ ਦੀ ਬੇਵਸੀ ਇਸ ਤਰ੍ਹਾਂ ਪੇਸ਼ ਕੀਤੀ ਹੈ,
ਦੰਦ ਮੀਟ ਘਸੀਟ ਇਹ ਹੱਡ ਗੋਡੇ
ਚਿਬੇ ਹੋਠ ਗੱਲ੍ਹਾਂ ਕਰ ਨੀਲੀਆਂ ਜੀ।
ਨੱਕ ਚਾੜ੍ਹ ਦੰਦੇੜਕਾਂ ਵਟ ਰੋਏ
ਕਢ ਅੱਖੀਆਂ ਨੀਲੀਆਂ ਪੀਲੀਆਂ ਜੀ।
ਕਿਸੇ ਦਾ ਮੌਜੂ ਉਡਾਉਣਾ ਹੋਵੇ ਤਾਂ ਦੰਦੀਆਂ ਚਿਘਾਉਣਾ ਇਕ ਵਧੀਆ ਜਤਨ ਹੈ ਭਾਵੇਂ ਹੈ ਬਚਗਾਨਾ। ਆਪਣੀ ਢੀਠਤਾਈ ਦਰਸਾਉਣ ਜਾਂ ਕਿਸੇ ਨੂੰ ਟਿੱਚ ਸਮਝਣ ਦਾ ਇਜ਼ਹਾਰ ਕਰਨ ਲਈ ਦੰਦ ਕਢੇ ਜਾਂਦੇ ਹਨ। ਲਾਡਾਂ-ਪਿੱਟੀ ਹੀਰ ਦੀ ਢੀਠਤਾਈ ਦੇਖੋ,
ਕੈਦੋ ਆਖਦਾ ਧੀਓ ਵਿਆਹ ਮਲਕੀ,
ਧ੍ਰੋਹੀ ਰੱਬ ਦੀ ਮਨ ਲੈ ਡੈਣੇ ਨੀ।
ਇਕੇ ਮਾਰ ਕੇ ਵੱਢ ਕੇ ਕਰਸ ਬੇਰੇ,
ਮੂੰਹ ਸਿਰ ਭੰਨ ਚੋਆ ਸਾੜ ਸਾਇਣੇ ਨੀ।
ਵੇਖ ਧੀਓ ਦੇ ਲਾਡ ਕੀਹ ਦੰਦ ਕੱਢੇਂ,
ਬਹੁਤ ਝੂਰਸੇਂ ਰੰਨੇ ਕਸਾਇਣੇ ਨੀ।
ਇਕੇ ਬੰਨ੍ਹ ਕੇ ਭੋਰੇ ਚਾ ਘੱਤੋ,
ਲਿੰਬ ਵਾਂਗ ਭੜੋਲੇ ਦੇ ਆਇਣੇ ਨੀ।
ਪਾਲਾ ਲਗਦਾ ਹੋਵੇ ਤਾਂ ਦੰਦ ਵੱਜਣ ਲੱਗ ਜਾਂਦੇ ਹਨ ਮਾਨੋ ਕਹਿ ਰਹੇ ਹੋਣ “ਰੰਮ ਦਾ ਤਕੜਾ ਜਿਹਾ ਹਾੜਾ ਪੇਸ਼ ਕਰੋ।” ਭਾਵੇ ਦੰਦਾਂ ਦੀ ਮੈਲ ਉਤਾਰਨ ਲਈ ਦਾਤਣ ਵਧੀਆ ਸਾਧਨ ਹੈ ਪਰ ਸਾਡੀ ਸਭਿਅਤਾ ਅਨੁਸਾਰ ਕਿਸੇ ਦੀ ਨਿੰਦਿਆ ਚੁਗਲੀ ਜਿੰਨਾ ਨਹੀਂ। ਕਿਸੇ ਨੂੰ ਲਲਕਾਰਨ ਲਈ ਦੰਦ ਦਿਖਾਏ ਜਾਂਦੇ ਹਨ, ਕਿਉਂਕਿ ਇਨ੍ਹਾਂ ਨਾਲ ਦੰਦੀ ਵਢੀ ਜਾ ਸਕਦੀ ਹੈ। ਕਿਸੇ ‘ਤੇ ਗੁੱਸਾ ਜ਼ਾਹਿਰ ਕਰਨ ਲਈ ਦੰਦ ਪੀਸੇ ਜਾਂਦੇ ਹਨ ਮਾਨੋ ਗੁੱਸੇ ਦੇ ਪਾਤਰ ਨੂੰ ਚਬਾ ਹੀ ਸੁਟਣਾ ਹੈ। ਜੇ ਸੱਚਮੁਚ ਲੜਾਈ ਸਹੇੜ ਲਈ ਜਾਵੇ ਤਾਂ ਦੂਜੇ ਦੇ ਦੰਦ ਖੱਟੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਤਿਹਾਸ ਗਵਾਹ ਹੈ, ਭਾਰਤੀ ਫੌਜਾਂ ਨੇ ਵਿਦੇਸ਼ੀ ਹਮਲਾਵਰਾਂ ਦੇ ਕਿੰਨੀ ਵਾਰੀ ਦੰਦ ਖੱਟੇ ਕਰਨ ਦੀ ਕੋਸ਼ਿਸ਼ ਕੀਤੀ ਪਰ ਹਮੇਸ਼ਾ ਆਪਣੇ ਦੰਦ ਹੀ ਖੱਟੇ ਕਰਵਾਉਂਦੇ ਰਹੇ। ਯਾਦ ਕਰੋ ਜਿੰਦਾਂ ਦੇ ਸ਼ਬਦ, “ਤੇਰੀ ਵੱਲ ਮੈਂ ਫੌਜ ਨੂੰ ਘੱਲਨੀ ਆਂ, ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।”
ਕਿਸੇ ਘਟਨਾ ਕਾਰਨ ਢੇਰ ਹੈਰਾਨੀ ਹੋ ਗਈ ਹੋਵੇ ਤਾਂ ਦੰਦ ਆਪਣੇ ਆਪ ਜੁੜ ਜਾਂਦੇ ਹਨ ਤੇ ਅੱਖਾਂ ਦੇ ਆਨੇ ਬਾਹਰ ਆ ਜਾਂਦੇ ਹਨ। ਪਛਤਾਵੇ ਕਾਰਨ ਦੰਦਾਂ ਵਿਚ ਉਂਗਲੀ ਪਤਾ ਨਹੀਂ ਕਿਵੇਂ ਧਰੀ ਜਾਂਦੀ ਹੈ। ਉਧਰ ਦੱਬ ਘੁਟ ਕੇ ਕੋਈ ਵਧੀਕੀ ਸਹਾਰਨੀ ਪਵੇ ਤਾਂ ਦੰਦਾਂ ਥੱਲੇ ਜੀਭ ਮੱਲੋ ਮੱਲੀ ਆ ਜਾਂਦੀ ਹੈ। ਮਾਨੋ ਦੰਦ ਜੀਭ ਨੂੰ ਦੜ ਵੱਟਣ ਲਈ ਕਹਿੰਦੇ ਹੋਣ।
ਬਾਲਾਂ ਦੇ ਦੰਦਾਂ ਨੂੰ ਦੰਦੀਆਂ ਕਹਿ ਦਿੱਤਾ ਜਾਂਦਾ ਹੈ ਜਿਵੇਂ ਦੰਦੀਆਂ ਕਢਣਾ ਪਰ ਮੁਹਾਵਰਿਆਂ ਵਿਚ ਕਈ ਥਾਂਵਾਂ ‘ਤੇ ਦੰਦਾਂ ਦੀ ਥਾਂ ਦੰਦੀਆਂ ਸ਼ਬਦ ਵਰਤ ਲਿਆ ਜਾਂਦਾ ਹੈ ਜਿਵੇਂ ਦੰਦੀਆਂ ਚਿਘਾਉਣਾ ਜਾਂ ਵੱਢਣਾ। ਇਸ ਦਾ ਕਾਰਨ ਇਹ ਜਾਪਦਾ ਹੈ ਕਿ ਦੰਦੀਆਂ ਚਿਘਾਉਣਾ ਬਚਗਾਨਾ ਹਰਕਤ ਹੈ। ਉਂਜ ਦੰਦੀ ਦੇ ਹੋਰ ਵੀ ਕਈ ਅਰਥ ਹਨ ਜਿਵੇਂ ਬਾਹਰ ਨੂੰ ਨਿਕਲੀ ਹੋਈ ਸਿਧੀ ਪਹਾੜੀ, ਮੰਜੇ ਦੀ ਦੌਣ ਚਾੜਨ ਵਾਲੀ ਵੱਟੀ ਹੋਈ ਰੱਸੀ। ਦਾਤੀ ਆਦਿ ਦਾ ਤਿਖੇ ਕੀਂਗਰਾ ਜਾਂ ਵਿਢੇ ਨੂੰ ਦੰਦਾ ਕਹਿੰਦੇ ਹਨ। ਦਾਤੀ ਸ਼ਬਦ ਆਪ ਦੰਦ ਦੇ ਭਰਾ ਦੰਤ ਤੋਂ ਬਣਿਆ ਹੈ ਭਾਵ ਦੰਦਿਆਂ ਵਾਲਾ ਹਥਿਆਰ ਭਾਵੇਂ ਬਾਅਦ ਵਿਚ ਦੰਦਬੋੜੀ ਦਾਤੀ ਜਾਂ ਦਾਤ ਦਾ ਵੀ ਪ੍ਰਚਲਨ ਹੋ ਗਿਆ। ਦੰਦ ਤੋਂ ਬਣੇ ਹੋਰ ਸ਼ਬਦ ਹਨ ਦੰਦਬੋੜਾ, ਦੰਦਲ, ਦੰਦਬੀੜ, ਦੰਦਾਸਾ, ਦੰਦ ਕਰੋਲੀ, ਦੰਦਸਾਜ਼, ਦੰਦਰਾਲ, ਦੰਦੋੜਿਕਾ। ਘੋੜਿਆਂ ਦੇ ਮੂੰਹ ਵਿਚ ਪਾਉਣ ਵਾਲਾ ਅੰਕੁੜਾ ਅਤੇ ਮੋਘੇ ਅਤੇ ਦਰਿਆ ਦੇ ਮੁਖ ਦੇ ਅਰਥਾਂ ਵਾਲਾ ਦਹਾਨਾ ਸ਼ਬਦ ਦੰਤ ਤੋਂ ਹੀ ਬਣਿਆ ਹੈ।
ਗਾਲ੍ਹ ਕਢਣ ਲਈ ਵੀ ਦੰਦ ਵਧੀਆ ਨਿਸ਼ਾਨਾ ਬਣ ਜਾਂਦੇ ਹਨ, “ਦੰਦ ਭੰਨ ਕੇ ਹੱਥ ਫੜਾ ਦਉਂ, ਦਾਂਦੂਆ ਜਿਹਿਆ!” ਬਾਅਦ ਵਿਚ ਭਾਵੇਂ ਛੱਬੀ ਹੋ ਜਾਵੇ। ਬੰਦਾ ਤਾਂ ਆਪਣੀ ਮੌਤ ਦੀ ਸੂਚਨਾ ਵੀ ਦੰਦ ਅੱਡ ਕੇ ਕਰ ਦਿੰਦਾ ਹੈ। ਕਹਿੰਦੇ ਹਨ ਮੱਖਣ ਖਾਂਦਿਆਂ ਦੰਦ ਘਸਣ ਤਾਂ ਘਸਣ ਦਿਉ। ਦੰਦ ਘਸਣ ਤੋਂ ‘ਦੰਦ ਘਸਾਈ’ ਉਕਤੀ ਯਾਦ ਆ ਗਈ। ਬਾਹਮਣਾਂ ਦੇ ਦੋਵੀਂ ਹੱਥੀਂ ਲੱਡੂ ਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਦੰਦ ਸ਼ਬਦ ਇਕ ਦੋ ਵਾਰੀ ਹੀ ਆਇਆ ਹੈ, “ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ॥” -ਗੁਰੂ ਨਾਨਕ ਦੇਵ। ਦੰਦੀ ਮੈਲ ਉਤਾਰਨ ਦਾ ਮਤਲਬ ਨਿੰਦਿਆ ਚੁਗਲੀ ਕਰਨਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿਚ ਦੰਦ ਦੇ ਭੇਦ ‘ਦੰਤ’ ਸ਼ਬਦ ਦੀ ਹੀ ਬਹੁਤੀ ਵਰਤੋਂ ਹੈ, “ਤੇਰੇ ਬਾਂਕੇ ਲੋਇਣ ਦੰਤ ਰੀਸਾਲਾ॥” “ਮੈਣ ਕੇ ਦੰਤ ਕਿਉ ਖਾਈਐ ਸਾਰੁ॥” (ਗੁਰੂ ਨਾਨਕ ਦੇਵ) ਅਰਥਾਤ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬਿਆ ਜਾ ਸਕਦਾ ਹੈ।
ਦੰਤ ਸ਼ਬਦ ਰਿਗਵੇਦ ਵਿਚ ਵੀ ਇਸੇ ਉਚਾਰਣ ਸਹਿਤ ਮਿਲਦਾ ਹੈ। ਪਾਲੀ ਤੇ ਪਰਾਕ੍ਰਿਤ ਵਿਚ ਇਸ ਦਾ ਇਹੋ ਰੂਪ ਹੈ। ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਦੰਦ ਜਿਹੇ ਰੂਪ ਵੀ ਹਨ। ਫਾਰਸੀ ਵਿਚ ਦੰਦਾਨ ਹੈ। ਇਹ ਸ਼ਬਦ ਭਾਰੋਪੀ ਅਸਲੇ ਦਾ ਹੈ ਭਾਵ ਹੋਰ ਆਰਿਆਈ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਡੋਂਟ/ਡੈਂਟ ਕਲਪਿਆ ਗਿਆ ਹੈ। ਪੁਰਾਣੀ ਜਰਮੈਨਿਕ ਵਿਚ ਇਹ ਟੰਥ ਜਿਹਾ ਹੋ ਗਿਆ ਜੋ ਪੁਰਾਣੀ ਅੰਗਰੇਜ਼ੀ ਵਿਚ ਆ ਕੇ ਟੈਥ ਬਣ ਗਿਆ ਇਸ ਤੋਂ ਅੱਗੇ ਇਸ ਨੇ ਟੁਥ ਦਾ ਰੂਪ ਧਾਰ ਲਿਆ। ਪੁਰਾਣੀ ਸੈਕਸਨ, ਡੈਨਿਸ਼, ਸਵੀਡਿਸ਼, ਡੱਚ, ਜਰਮਨ ਤੇ ਗੌਥਿਕ ਭਾਸ਼ਾਵਾਂ ਵਿਚ ਇਸ ਦੇ ਇਹੋ ਜਿਹੇ ਰੂਪ ਹੀ ਹਨ। ਗਰੀਕ ਵਿਚ ਓਡੋਂਟ ਬਣਿਆ ਜੋ ਅੰਗਰੇਜ਼ੀ ਵਿਚ ਜਾ ਕੇ ਡੈਂਟਲ ਬਣ ਗਿਆ। ਚਿਬ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਦeਨਟ ਵੀ ਇਸੇ ਤੋਂ ਵਿਕਿਸਿਤ ਹੋਇਆ। ਭਾਵ ਹੈ, ਦੰਦੇ ਦੀ ਚੋਭ। ਦਿਲਚਸਪ ਗੱਲ ਹੈ ਕਿ ਪੰਜਾਬੀ ਦੰਦੇ ਦਾ ਵੀ ਇਕ ਇਹੀ ਅਰਥ ਹੈ।
ਐਪਰ ਸਾਡੀ ਦੰਦ ਕਥਾ ਪੂਰੀ ਨਹੀਂ ਹੋਵੇਗੀ ਜੇ ਅਸੀਂ ਦੰਦ-ਕਥਾ ਉਕਤੀ ਦੀ ਕਥਾ ਨਾ ਛੇੜੀਏ। ਸਾਰੇ ਜਾਣਦੇ ਹਨ ਦੰਦ ਕਥਾ ਕੀ ਹੁੰਦੀ ਹੈ। ਸਮਝਿਆ ਜਾਂਦਾ ਹੈ ਕਿ ਦੰਦ ਕਥਾ ਉਹ ਗੱਲ ਹੈ ਜੋ ਮੂਹੋਂ ਮੂੰਹ ਫੈਲਾਈ ਜਾਵੇ ਤੇ ਇਸੇ ਤਰ੍ਹਾਂ ਇਤਿਹਾਸ ਵਿਚ ਵੀ ਆਪਣੀ ਛਾਪ ਛੱਡ ਦੇਵੇ। ਇਸ ਦਾ ਕੋਈ ਲਿਖਤੀ ਪ੍ਰਮਾਣ ਨਹੀਂ ਹੁੰਦਾ ਜਿਵੇਂ ਵਾਰਿਸ ਸ਼ਾਹ ਦਾ ਭਾਗਭਰੀ ਨਾਲ ਇਸ਼ਕ ਦੰਦ-ਕਥਾ ਹੈ। ਪਰ ਇਹ ਵਿਆਖਿਆ ਗਲੇ ਨਹੀਂ ਉਤਰਦੀ। ਦਿਲਚਸਪ ਗੱਲ ਹੈ ਕਿ ਹਿੰਦੀ ਵਿਚ ਇਸ ਦੇ ਸਮਾਨੰਤਰ ਸ਼ਬਦ ਦੰਤਕਥਾ ਹੈ ਜੋ ਕਦੇ ਕਦਾਈਂ ਪੰਜਾਬੀ ਵਿਚ ਵੀ ਵਰਤ ਲਿਆ ਜਾਂਦਾ ਹੈ ਜਿਵੇਂ “ਦੰਤ ਕਥਾ ਅਨੁਸਾਰ ਗਿੱਧਾ ਸ਼ਬਦ ਨਾਚ ਨੱਚਣ ਵਾਲੀ ਕੁੜੀ ਗਿਧੋ ਤੋਂ ਪਿਆ ਹੈ।” ਪਰ ਹੋਰ ਖੋਜ ਕਰਨ ਅਤੇ ਕੁਝ ਦੋਸਤਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਸਿੱਟਾ ਕਢਿਆ ਕਿ “ਦੰਦ ਕਥਾ” ਦਾ ਦੰਦ ਜਾਂ ਦੰਤ ਨਾਲ ਕੋਈ ਸਬੰਧ ਨਹੀਂ। ਇਕ ਵਿਚਾਰ ਅਨੁਸਾਰ ਇਹ ਸੰਸਕ੍ਰਿਤ ਸ਼ਬਦ ਕਿੰਵਦੰਤੀ ਤੋਂ ਬਣਿਆ ਜਿਸ ਦਾ “ਕਿ” ਅਲੋਪ ਹੋ ਗਿਆ। ਪਾਠਕ ਜਾਣਦੇ ਹੋਣਗੇ ਕਿ ਕਿਵਦੰਤੀ ਦਾ ਅਰਥ ਵੀ ਇਹੀ ਹੁੰਦਾ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ “ਵਿਦੰਤ” ਸ਼ਬਦ ਤੋਂ ਹੀ ਬਣਿਆ ਹੈ ਜਿਸ ਦਾ ਅਰਥ “ਕਿਹਾ, ਕਥਿਆ” ਹੁੰਦਾ ਹੈ। ਇਸ ਵਿਚ ਮੁਢਲਾ “ਵਿ” ਅਲੋਪ ਹੋ ਗਿਆ ਤੇ ਹਾਸਿਲ ਆਇਆ “ਦੰਤ”। ਦੰਤ ਨਾਲ ਕਥਾ ਲੱਗ ਕੇ ਦੰਤ ਕਥਾ ਬਣ ਗਿਆ ਜਦ ਕਿ ਦੰਤ ਅਤੇ ਕਥਾ ਦੋਨੋਂ ਸ਼ਬਦ ਇਕ ਹੀ ਅਰਥ ਦਿੰਦੇ ਹਨ। ਇਸ ਤਰ੍ਹਾਂ ਦੇ ਵਰਤਾਰੇ ਨੂੰ ਦੁਰੁਕਤੀ ਕਹਿੰਦੇ ਹਨ। ਗੱਲਬਾਤ ਜਾਂ ਗੱਲ ਕਥ ਵਿਚ ਇਹੀ ਦੁਰੁਕਤੀ ਹੈ। “ਵਿਦੰਤ” ਸ਼ਬਦ ਦਾ ਧਾਤੂ ਹੈ ‘ਵਦ’, ਜਿਸ ਦਾ ਅਰਥ ਕਹਿਣਾ, ਦੱਸਣਾ ਹੁੰਦਾ ਹੈ। ਵਾਦ-ਵਿਵਾਦ, ਵਾਦਨ, ਵਜਾਣਾ ਸ਼ਬਦ ਇਸੇ ਧਾਤੂ ਤੋਂ ਬਣੇ ਹਨ। ਭਗਤ ਤ੍ਰਿਲੋਚਨ ਨੇ ਵਿਦੰਤ (ਕਿਹਾ) ਦੇ ਅਰਥਾਂ ਵਿਚ ‘ਬਦਤਿ’ ਸ਼ਬਦ ਵਰਤਿਆ ਹੈ, “ਬਦਿਤ ਤ੍ਰਿਲੋਚਨ ਤੇ ਨਰ ਮੁਕਤਾ।” ਤ੍ਰਿਲੋਚਨ ਕਹਿੰਦਾ ਹੈ ਕਿ ਮਨੁਖ ਮੁਕਤ ਹੋਵੇਗਾ।
Leave a Reply