ਮੁਹਾਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿਚ ‘ਆਪ` ਦੀ ਸਰਕਾਰ ਬਣਨ `ਤੇ ਸਾਰੇ ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।
ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀ, ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਤੇ ਸੋਹਾਣਾ ਟੈਂਕੀ `ਤੇ ਚੜ੍ਹੇ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਸ੍ਰੀ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਚੋਣਾਂ ਨੇੜੇ ਆਉਣ ਕਾਰਨ ਮੁੱਖ ਮੰਤਰੀ ਐਲਾਨ ‘ਤੇ ਐਲਾਨ ਕਰ ਰਹੇ ਹਨ, ਜਦਕਿ ਹਕੀਕਤ ਵਿਚ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ। ਉਨ੍ਹਾਂ ਕੱਚੇ ਅਧਿਆਪਕਾਂ ਤੇ ਸਮੂਹ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਪਰਖ ਕੇ ਦੇਖ ਲਿਆ ਹੈ, ਹੁਣ ਉਨ੍ਹਾਂ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਥਾਂ-ਥਾਂ ‘ਤੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਇਸ਼ਤਿਹਾਰੀ ਬੋਰਡ ਲੱਗੇ ਹੋਏ ਹਨ ਪਰ ਧਰਨੇ ‘ਚ ਪੁੱਜ ਕੇ ਅਸਲੀਅਤ ਪਤਾ ਚੱਲੀ ਕਿ ਸਰਕਾਰ ਨੇ ਹੁਣ ਤੱਕ 36 ਕਰਮਚਾਰੀ ਵੀ ਪੱਕੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਅਧਿਆਪਕਾਂ ਨੇ ਇਸ ਵੇਲੇ ਜਮਾਤਾਂ ਵਿਚ ਪੜ੍ਹਾ ਰਹੇ ਹੋਣਾ ਸੀ, ਉਹ ਇਨਸਾਫ ਲਈ ਸੜਕਾਂ ‘ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਨੌਜਵਾਨਾਂ ਕੋਲ ਉੱਚ ਸਿੱਖਿਆ ਤੱਕ ਦੀਆਂ ਡਿਗਰੀਆਂ ਅਸਲੀ ਹਨ ਤਾਂ ਫਿਰ ਉਨ੍ਹਾਂ ਨੂੰ ਨੌਕਰੀਆਂ ਕੱਚੀਆਂ ਕਿਉਂ ਦਿੱਤੀਆਂ ਗਈਆਂ। ਮਾਨ ਨੇ ਕਿਹਾ ਕਿ ਸਕੂਲਾਂ ਦੀਆਂ ਕੰਧਾਂ ਨੂੰ ਰੋਗਨ ਕਰਨ ਨਾਲ ਸਕੂਲ ਸਮਾਰਟ ਨਹੀਂ ਬਣਨ ਲੱਗੇ। ਇਸ ਲਈ ਸਕੂਲਾਂ ਵਿਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਦੀ ਲੋੜ ਹੈ।
ਚੰਨੀ ਨੂੰ ਮੁਆਫ ਕੀਤੇ ਬਿਜਲੀ ਬਿੱਲ ਦਿਖਾਉਣ ਦੀ ਚੁਣੌਤੀ
ਮੁਹਾਲੀ: ਆਮ ਆਦਮੀ ਪਾਰਟੀ (ਆਪ) ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵੱਲੋਂ ਮੁਫਤ ਬਿਜਲੀ ਸਕੀਮ ਤਹਿਤ ਦਿੱਲੀ ਦੇ ਇਕ ਲੱਖ ਬਿਜਲੀ ਖਪਤਕਾਰਾਂ ਦੇ ਜ਼ੀਰੋ ਕੀਮਤ ਦੇ ਬਿਜਲੀ ਬਿੱਲ ਲੋਕਾਂ ਅੱਗੇ ਸਬੂਤ ਵਜੋਂ ਪੇਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਿਰਫ ਇਕ ਹਜ਼ਾਰ ਬਿਜਲੀ ਖਪਤਕਾਰਾਂ ਦੇ ਜ਼ੀਰੋ ਕੀਮਤ ਦੇ ਬਿੱਲ ਲੋਕਾਂ ਅੱਗੇ ਪੇਸ਼ ਕਰਕੇ ਦਿਖਾਉਣ। ਕੇਜਰੀਵਾਲ ਨੇ ਕਿਹਾ ਕਿ ਚੰਨੀ ਸਿਰਫ ਫੋਕੇ ਐਲਾਨ ਕਰਦੇ ਹਨ ਜਿਨ੍ਹਾਂ ‘ਤੇ ਅਮਲ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਚੰਨੀ ਨੇ ਝੂਠੇ ਦਾਅਵੇ ਕਰਨ ਲਈ ਵੱਡੀ ਰਕਮ ਖਰਚ ਕੇ ਥਾਂ-ਥਾਂ ਇਸ਼ਤਿਹਾਰੀ ਬੋਰਡ ਲਾਏ ਹੋਏ ਹਨ ਪਰ ਹਕੀਕਤ ਵਿਚ ਹੁਣ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ।
