ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਲਈ ਚੁਣੌਤੀ

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਸਰਕਾਰ ਦੀ ਘੇਰੇਬੰਦੀ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਛੁੱਟੀ ਪਿੱਛੋਂ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਸਿੱਧੂ ਵੱਡੀ ਚੁਣੌਤੀ ਬਣਦੇ ਜਾਪ ਰਹੇ ਹਨ।

ਦਰਅਸਲ, ਸਿੱਧੂ ਉਹੀ ਮੁੱਦੇ ਉਠਾ ਰਹੇ ਹਨ, ਜਿਨ੍ਹਾਂ ਨੇ ਕੈਪਟਨ ਦੀ ਕੁਰਸੀ ਦੀ ਬਲੀ ਲੈ ਲਈ ਸੀ। ਭਾਵੇਂ ਚੰਨੀ ਵੱਲੋਂ 18 ਨੁਕਾਤੀ ਏਜੰਡੇ ਨੂੰ ਸਿਰੇ ਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਿੱਧੂ ਇਨ੍ਹਾਂ ਮੁੱਦਿਆਂ ਉਤੇ ‘ਹਕੀਕਤ` ਵਿਚ ਕਾਰਵਾਈ ਦੀ ਮੰਗ ਉਤੇ ਅੜੇ ਹੋਏ ਹਨ।
ਭਾਵੇਂ ਚੰਨੀ ਸਰਕਾਰ ਮੁਫਤਖੋਰੀ ਵਾਲੀਆਂ ਯੋਜਨਾਵਾਂ ਐਲਾਨ ਕੇ ਅਸਲ ਮੁੱਦਿਆਂ ਉਤੇ ਪਰਦਾ ਪਾਉਣ ਦੀ ਕੋਸ਼ਿਸ਼ ਵਿਚ ਹੈ ਪਰ ਬੇਅਦਬੀ, ਡਰੱਗ ਮਾਫੀਆ ਨੂੰ ਨਕੇਲ ਪਾਉਣਾ ਆਦਿ ਮੁੱਦੇ ਲਗਾਤਾਰ ਚੁਣੌਤੀ ਬਣੇ ਹੋਏ ਹਨ। ਸਿੱਧੂ ਨੇ ਤਾਂ ਹੁਣ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਪੰਜਾਬ ਵਾਸੀਆਂ ਨੂੰ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਇਨਸਾਫ ਨਾ ਮਿਲਿਆ ਤਾਂ ਉਹ ਮਰਨ ਵਰਤ ‘ਤੇ ਬੈਠਣਗੇ। ਨਸ਼ਿਆਂ ਅਤੇ ਬੇਅਦਬੀ ਮਾਮਲਿਆਂ `ਤੇ ਆਪਣੀ ਹੀ ਸਰਕਾਰ ਉਤੇ ਹਮਲਾ ਕਰਦਿਆਂ ਸਿੱਧੂ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਦੋਵਾਂ ਮਾਮਲਿਆਂ ਵਿਚ ਸਰਕਾਰ ਨੇ ਕੁਝ ਨਹੀਂ ਕੀਤਾ। ਮੁੱਖ ਮੁਲਜ਼ਮ ਦੀ ਜ਼ਮਾਨਤ ਰੱਦ ਕਰਾਉਣ ਲਈ ਅੱਜ ਤੱਕ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੁਝ ਕੀਤਾ ਹੈ ਤਾਂ ਉਹ ਲੋਕਾਂ ਦੇ ਸਾਹਮਣੇ ਆਪਣੀ ਕਾਰਵਾਈ ਨੂੰ ਜਨਤਕ ਕਰੇ।
ਸਿੱਧੂ ਨੇ ਸਵਾਲ ਕੀਤਾ ਕਿ ਬੇਅਦਬੀ ਮਾਮਲੇ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਹੁਣ ਤੱਕ ਅਦਾਲਤ ਵਿਚ ਵਿਸ਼ੇਸ਼ ਲੀਵ ਪਟੀਸ਼ਨ (ਐਸ.ਐਲ.ਪੀ.) ਦਾਇਰ ਕਿਉਂ ਨਹੀਂ ਕੀਤੀ ਗਈ। ਇਸ ਮਾਮਲੇ ਦੀ ਜਾਂਚ ਮੁਕੰਮਲ ਕਰਨ ਲਈ ਸੁਮੇਧ ਸੈਣੀ ਦੀ ਜ਼ਮਾਨਤ ਰੱਦ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਇਹ ਮੁੱਦੇ ਜਨਤਕ ਤੌਰ ‘ਤੇ ਕਿਉਂ ਨਹੀਂ ਉਭਾਰੇ।
ਸਿੱਧੂ ਨੇ ਕਿਹਾ ਕਿ ਸੂਬੇ ਦੀ ਪਿਛਲੀ ਅਤੇ ਮੌਜੂਦਾ ਕਾਂਗਰਸ ਸਰਕਾਰ ਨੇ ਮੁੱਖ ਮੁਲਜ਼ਮ ਦੀ ਜ਼ਮਾਨਤ ਰੱਦ ਕਰਵਾਉਣ ਲਈ ਕੋਈ ਯਤਨ ਨਹੀਂ ਕੀਤਾ ਜਦੋਂਕਿ ਜ਼ਮਾਨਤ ਰੱਦ ਕਰਵਾਏ ਬਿਨਾ ਇਹ ਜਾਂਚ ਮੁਕੰਮਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਰੋਜ਼ ਮੀਡੀਆ ਰਾਹੀਂ ਉਭਾਰ ਕੇ ਸਰਕਾਰ ਨੂੰ ਕਾਰਵਾਈ ਕਰਨ ਦੀ ਯਾਦ ਦਿਵਾ ਰਹੇ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਹੁਣ ਇਕ ਪਾਸੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਹਨ ਅਤੇ ਦੂਜੇ ਪਾਸੇ ਗ੍ਰਹਿ ਮੰਤਰੀ ਵਜੋਂ ਉਨ੍ਹਾਂ ਦੇ ਵੱਡੇ ਭਰਾ (ਸੁਖਜਿੰਦਰ ਸਿੰਘ ਰੰਧਾਵਾ) ਹਨ।
ਦੋਹਾਂ ਨੂੰ ਰਲ ਕੇ ਬੇਅਦਬੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਦੇ ਪੋਤੜੇ ਫਰੋਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਹੱਲ ਲਈ ਯਤਨ ਜਾਰੀ ਰੱਖਣਗੇ। ਸ੍ਰੀ ਜਾਖੜ ਦਾ ਨਾਂ ਲਏ ਬਿਨਾ ਸ੍ਰੀ ਸਿੱਧੂ ਨੇ ਕਿਹਾ ਕਿ ਕਦੇ ਸਾਬਕਾ ਪ੍ਰਧਾਨ ਨੇ ਇਹ ਲੋਕ ਮੁੱਦੇ ਕਿਉਂ ਨਹੀਂ ਉਭਾਰੇ। ਉਨ੍ਹਾਂ ਕਿਹਾ ਕਿ ਉਂਜ ਤਾਂ ਉਹ ਬੜੇ ਟਵੀਟ ਕਰਦੇ ਹਨ ਪਰ ਇਨ੍ਹਾਂ ਮਾਮਲਿਆਂ ‘ਤੇ ਲੋਕਾਂ ਦੀ ਗੱਲ ਕਿਉਂ ਨਹੀਂ ਕੀਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਸ਼ਿਆਂ ਦੇ ਮਾਮਲੇ ‘ਤੇ ਵੀ ਸਰਕਾਰ ਨੂੰ ਘੇਰਿਆ ਅਤੇ ਆਖਿਆ ਕਿ ਉੱਚ ਅਦਾਲਤ ਦੇ ਦਿਸ਼ਾ-ਨਿਰਦੇਸ਼ ਦੇ ਬਾਵਜੂਦ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਇਸ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਵਾਰ ਅਦਾਲਤ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਆਖਿਆ ਗਿਆ ਸੀ। ਅਦਾਲਤ ਨੇ ਹੁਣ ਮੁੜ ਤੋਂ ਸਰਕਾਰ ਦੀ ਇਸ ਸਬੰਧੀ ਕਾਰਗੁਜ਼ਾਰੀ ‘ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਪੀ.ਐਸ. ਦੀ ਰਿਪੋਰਟ ਵਿਚ ਵੀ ਸੂੂਬੇ ਦੀ ਨਸ਼ਿਆਂ ਬਾਰੇ ਸਥਿਤੀ ‘ਤੇ ਤਿੱਖੀ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਪਤਾ ਨਹੀਂ ਕਿਸ ਦਾ ਡਰ ਹੈ ਅਤੇ ਕੌਣ ਰੋਕ ਰਿਹਾ ਹੈ, ਜੋ ਇਸ ਮਾਮਲੇ ‘ਤੇ ਸਰਕਾਰ ਵੱਲੋਂ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲੇ ਵਿਧਾਨ ਸਭਾ ਅਤੇ ਲੋਕਾਂ ਦੀ ਅਦਾਲਤ ਵਿਚ ਇਸ ਲਈ ਉਭਾਰਦੇ ਹਨ ਕਿਉਂਕਿ ਲੋਕ ਜਨਤਕ ਤੌਰ ‘ਤੇ ਉਨ੍ਹਾਂ ਕੋਲੋਂ ਇਸ ਬਾਰੇ ਪੁੱਛਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ ਪਰ ਲੋਕਾਂ ਦੀ ਆਵਾਜ਼ ਨੂੰ ਸਰਕਾਰ ਅੱਗੇ ਰੱਖਣਾ ਉਨ੍ਹਾਂ ਦਾ ਫਰਜ਼ ਹੈ।
ਮੈਂ ਕਮਜ਼ੋਰ ਮੁੱਖ ਮੰਤਰੀ ਨਹੀਂ: ਚੰਨੀ
ਮਹਿਲ ਕਲਾਂ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕਮਜ਼ੋਰ ਮੁੱਖ ਮੰਤਰੀ ਨਹੀਂ ਹਨ ਤੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਆਪਣੇ ਸਿਆਸੀ ਵਿਰੋਧੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ (ਬਾਦਲ) ਨੂੰ ਨਿਸ਼ਾਨੇ ‘ਤੇ ਲਿਆ। ਮੁੱਖ ਮੰਤਰੀ ਨੇ ਸਟੇਜ ਤੋਂ ਆਪਣੇ ਭਾਸ਼ਣ ਦੌਰਾਨ ਜਦ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਗੱਲ ਸ਼ੁਰੂ ਕੀਤੀ ਤਾਂ ਹੇਠਾਂ ਪੰਡਾਲ ‘ਚ ਬੈਠੀਆਂ ਦਰਜਨਾਂ ਔਰਤਾਂ ਨੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਇਸ ‘ਤੇ ਮੁੱਖ ਮੰਤਰੀ ਨੂੰ ਭਾਸ਼ਣ ਦੌਰਾਨ ਕਹਿਣਾ ਪਿਆ ਕਿ ਬੀਬੀ ਹੱਥ ਮਾਰ ਰਹੀ ਹੈ ਕਿ ਸ਼ਾਇਦ ਪਲਾਟ ਨਹੀਂ ਮਿਲੇ। ਫਿਰ ਉਨ੍ਹਾਂ ਇਸ ਮੌਕੇ ਪਲਾਟ ਦੇਣ ਦੇ ਮਾਮਲੇ ਦਾ ਪੰਚਾਇਤਾਂ ਵੱਲ ਇਸ਼ਾਰਾ ਕੀਤਾ।
ਚੰਨੀ ਦੇ ਕਿਸੇ ਐਲਾਨ ‘ਤੇ ਅਮਲ ਨਹੀਂ ਹੋਇਆ: ਮਾਨ
ਪੱਟੀ: ਆਮ ਆਦਮੀ ਪਾਰਟੀ ਵੱਲੋਂ ‘ਇਕ ਮੌਕਾ ਕੇਜਰੀਵਾਲ ਨੂੰ` ਤਹਿਤ ਪੱਟੀ ਵਿਚ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਦਲ ਦੀ ਲੀਡਰਸ਼ਿਪ `ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਮਜਾਹੀਆ ਅੰਦਾਜ਼ ਵਿਚ ਮੁੱਖ ਮੰਤਰੀ ਚੰਨੀ ਨੂੰ ‘ਐਲਾਨ ਮੰਤਰੀ` ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਕਿਸੇ ਐਲਾਨ `ਤੇ ਅੱਜ ਤੱਕ ਅਮਲ ਨਹੀਂ ਹੋ ਸਕਿਆ।