ਪੰਜਾਬ ਚੋਣਾਂ ਤੋਂ ਪਹਿਲਾਂ ਸੰਘਰਸ਼ੀ ਬਿਗਲ ਨੇ ਹਾਕਮ ਧਿਰ ਦੇ ਸਾਹ ਔਖੇ ਕੀਤੇ

ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਮਗਰੋਂ ਹੁਣ ਜਦੋਂ ਕਾਂਗਰਸ ਸਰਕਾਰ ਪੰਜਾਬ ਵਿਚ ਸਮਾਗਮ ਕਰਨ ਲੱਗੀ ਹੈ ਤਾਂ ਬੇਰੁਜ਼ਗਾਰਾਂ ਅਤੇ ਕੱਚੇ ਕਾਮਿਆਂ ਦੇ ਵਿਰੋਧ ਅੱਗੇ ਵਜ਼ੀਰਾਂ ਨੂੰ ਪੁੱਠੇ ਪੈਰੀਂ ਪਰਤਣਾ ਪੈ ਰਿਹਾ ਹੈ।

ਦਰਜਨ ਦੇ ਕਰੀਬ ਧਿਰਾਂ ਨੇ ਸੂਬੇ ਭਰ ਵਿਚ ਹਾਕਮ ਧਿਰ ਖਿਲਾਫ ਨੰਗੇ ਧੜ ਲੜਨਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਜੇ ਸੰਘਰਸ਼ੀ ਬਿਗਲ ਨੇ ਹਾਕਮ ਧਿਰ ਦੇ ਰਾਹ ਔਖੇ ਕਰ ਦਿੱਤੇ ਹਨ। ਮੁੱਖ ਮੰਤਰੀ ਅਤੇ ਵਜ਼ੀਰਾਂ ਨੂੰ ਪੰਜਾਬ ਵਿਚ ਚਾਰ ਚੁਫੇਰਿਓਂ ਵਿਰੋਧ ਦੇ ਨਾਅਰੇ ਸੁਣਨ ਨੂੰ ਮਿਲ ਰਹੇ ਹਨ। ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਗੁਰੂ ਹਰਸਹਾਏ ਵਿੱਚ ਇਕ ਗੇਟ ਦਾ ਉਦਘਾਟਨ ਕੀਤੇ ਬਿਨਾਂ ਮੁੜਨਾ ਪਿਆ। ਮੁੱਖ ਮੰਤਰੀ ਦੇ ਖਰੜ ਦੌਰੇ ਦੇ ਮੱਦੇਨਜਰ ਪੁਲਿਸ ਨੇ ਆਸ਼ਾ ਵਰਕਰਾਂ ਨੂੰ ਹਸਪਤਾਲ ਵਿਚ ਬੰਦ ਕਰ ਦਿੱਤਾ ਪਰ ਇਨ੍ਹਾਂ ਵਰਕਰਾਂ ਨੇ ਰੋਕਾਂ ਤੋੜ ਕੇ ਸੜਕ ਜਾਮ ਕਰ ਦਿੱਤੀ।
ਦਿੱਲੀ ਮੋਰਚੇ ਵਿਚ ਕਿਸਾਨਾਂ ਨੂੰ ਮਿਲੀ ਜਿੱਤ ਨੇ ਪੰਜਾਬ ਵਿਚਲੇ ਇਸ ਸੰਘਰਸ਼ ਨੂੰ ਖੰਭ ਲਾ ਦਿੱਤੇ ਹਨ। ਉਧਰ, ਸਰਕਾਰ ਵੀ ਇਨ੍ਹਾਂ ਸੰਘਰਸ਼ੀ ਬੇਰੁਜ਼ਗਾਰਾਂ ਖਿਲਾਫ ਕੋਈ ਸਖਤ ਕਦਮ ਚੁੱਕਣ ਤੋਂ ਗੁਰੇਜ਼ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਫੌਰੀ ਇਨ੍ਹਾਂ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ, ਨਹੀਂ ਤਾਂ ਸਰਕਾਰੀ ਸਮਾਗਮਾਂ ਵਿਚ ਇਸੇ ਤਰ੍ਹਾਂ ਭੰਗ ਪੈਂਦੀ ਰਹੇਗੀ ਤੇ ਕਾਂਗਰਸ ਖਿਲਾਫ ਉਲਟਾ ਮਾਹੌਲ ਬਣੇਗਾ।
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਵੱਲੋਂ ਖਰੜ ਵਿਚ ਧਰਨਾ ਦਿੱਤਾ ਜਾ ਰਿਹਾ ਹੈ ਤੇ ਕੁਝ ਅਧਿਆਪਕ ਟੈਂਕੀ ‘ਤੇ ਵੀ ਚੜ੍ਹੇ ਹੋਏ ਹਨ। ਸੋਹਾਣਾ ਵਿਚ ਪੀ.ਟੀ.ਆਈ. ਅਧਿਆਪਕ ਟੈਂਕੀ ‘ਤੇ ਚੜ੍ਹੇ ਹੋਏ ਹਨ, ਮੁਹਾਲੀ ਵਿਚ ਗੁਰਦੁਆਰਾ ਅੰਬ ਸਾਹਿਬ ਕੋਲ ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰਾਂ ਤੇ ਬੇਰੁਜ਼ਗਾਰ ਪੀ.ਆਈ.ਆਈ. ਅਧਿਆਪਕਾਂ ਦਾ ਪੱਕਾ ਮੋਰਚਾ ਚੱਲ ਰਿਹਾ ਹੈ।
ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਅੱਗੇ ਵੀ ਬੇਰੁਜ਼ਗਾਰ ਅਧਿਆਪਕ ਬੈਠੇ ਹਨ, ਜਿਨ੍ਹਾਂ ‘ਤੇ ਛੇ ਵਾਰ ਲਾਠੀਚਾਰਜ ਹੋ ਚੁੱਕਾ ਹੈ। ਸਿੱਖਿਆ ਮੰਤਰੀ ਪਰਗਟ ਸਿੰਘ ਨੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਭਰੋਸਾ ਵੀ ਦਿੱਤਾ ਹੈ ਕਿ ਜਲਦੀ ਮਸਲਾ ਹੱਲ ਕਰ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਮੋਰਿੰਡਾ ਵਿਚ ਠੇਕਾ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ। ਪਬਲਿਕ ਟਰਾਂਸਪੋਰਟ ਦੇ ਕੱਚੇ ਕਾਮੇ ਵੀ ਸੰਘਰਸ਼ੀ ਰਾਹ ‘ਤੇ ਹਨ। ਇਸੇ ਤਰ੍ਹਾਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਸੰਘਰਸ਼ੀ ਰਾਹ ‘ਤੇ ਹਨ, ਜੋ ਰੈਗੂਲਰ ਹੋਣ ਲਈ ਘੱਟ ਤਨਖਾਹ ‘ਤੇ ਵੀ ਕੰਮ ਕਰਨ ਨੂੰ ਤਿਆਰ ਹਨ। ਆਊਟਸੋਰਸਿੰਗ ਕਾਮਿਆਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਬਾਰੇ ਸਰਕਾਰ ਨੇ ਕੋਈ ਹਾਮੀ ਨਹੀਂ ਭਰੀ ਹੈ। ਆਂਗਣਵਾੜੀ ਮੁਲਾਜ਼ਮਾਂ ਦੇ ਮਸਲੇ ਵੀ ਨਜਿੱਠੇ ਨਹੀਂ ਗਏ।
ਬੇਰੁਜ਼ਗਾਰ ਬੀ.ਐਡ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਆਖਦੇ ਹਨ ਕਿ ਸਰਕਾਰ ਖਿਲਾਫ ਹੁਣ ਲਹਿਰ ਬਣ ਗਈ ਹੈ ਅਤੇ ਸਰਕਾਰ ਨੇ ਅੜੀ ਜਾਰੀ ਰੱਖੀ ਤਾਂ ਪੰਜਾਬ ਵਿਚ ਹਾਕਮ ਧਿਰ ਦੇ ਨੱਕ ਵਿਚ ਦਮ ਕਰ ਦਿਆਂਗੇ ਕਿਉਂਕਿ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਮੌਜੂਦਾ ਸਰਕਾਰ ਨੇ ਪੂਰੇ ਨਹੀਂ ਕੀਤੇ ਹਨ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਘਰਸ਼ੀ ਮੁਲਾਜ਼ਮਾਂ ਪ੍ਰਤੀ ਤਲਖੀ ਭਰੇ ਵਿਹਾਰ ਨੂੰ ਲੈ ਕੇ ਕੱਚੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਇਸੇ ਰੋਸ ਦਾ ਇਜ਼ਹਾਰ ਕਰਨ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਸੂਬੇ ਭਰ ਵਿਚ ਜ਼ਿਲ੍ਹਾ ਅਤੇ ਤਹਿਸੀਲ ਪੱਧਰਾਂ ‘ਤੇ ਉਕਤ ਦੋਵੇਂ ਮੰਤਰੀਆਂ ਖਿਲਾਫ ਅਰਥੀ ਫੂਕ ਮੁਜ਼ਾਹਰੇ ਕੀਤੇ।
ਮੁਜ਼ਾਹਰਾਕਾਰੀ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਦੋਵੇਂ ਮੰਤਰੀਆਂ ਵਿਰੁੱਧ ਸਖਤੀ ਵਰਤਣ ਅਤੇ ਹਰ ਤਰ੍ਹਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਸਬੰਧੀ ਕਾਂਗਰਸੀ ਮੰਤਰੀਆਂ ਦਾ ਸ਼ਾਂਤੀਪੂਰਨ ਵਿਰੋਧ ਕਰ ਰਹੇ ਸਨ। ਉਸ ਸਮੇਂ ਇਨ੍ਹਾਂ ਮੁਲਾਜ਼ਮਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਦੋਵੇਂ ਮੰਤਰੀਆਂ ਨੇ ਉਨ੍ਹਾਂ ਨੂੰ ਹੰਕਾਰੀ ਲਹਿਜੇ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਸਰਕਾਰ ਆਪਣੇ ਮੰਤਰੀਆਂ ਦੇ ਹੰਕਾਰ ਨੂੰ ਨੱਥ ਪਾਵੇ।
ਟੈਂਕੀਆਂ ‘ਤੇ ਚੜ੍ਹਨ ਵਾਲਿਆਂ ਖਿਲਾਫ ਕੇਸ ਹੋਣਗੇ: ਚੰਨੀ
ਬਰਨਾਲਾ: ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ ਦਾ ਵਿਰੋਧ ਕੀਤਾ ਗਿਆ। ਇਨ੍ਹਾਂ ਰੋਸ ਮੁਜ਼ਾਹਰਿਆਂ ਕਾਰਨ ਮੁੱਖ ਮੰਤਰੀ ਨੂੰ ਨਿਰਧਾਰਤ ਥਾਂ ‘ਤੇ ਪਹੁੰਚਣ ਲਈ ਲਿੰਕ ਸੜਕਾਂ ਦਾ ਸਹਾਰਾ ਲੈਣਾ ਪਿਆ। ਮੁੱਖ ਮੰਤਰੀ ਨੇ ਤਪਾ ‘ਚ ਸੰਬੋਧਨ ਕਰਦਿਆਂ ਟੈਂਕੀਆਂ ‘ਤੇ ਚੜ੍ਹਨ ਵਾਲੇ ਬੇਰੁਜ਼ਗਾਰਾਂ ਨੂੰ ਚਿਤਾਵਨੀ ਦਿੱਤੀ ਕਿ ਪ੍ਰਦਰਸ਼ਨਕਾਰੀ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਨ ਪਰ ਟੈਂਕੀਆਂ ‘ਤੇ ਚੜ੍ਹਨ ਵਾਲਿਆਂ ਅਤੇ ਧਰਨਾਕਾਰੀਆਂ ਖਿਲਾਫ਼ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਹੀ ਤੁਰੇ ਫਿਰਦੇ ਹਨ ਅਤੇ ਕਦੇ ਚੰਗੀ ਤਰ੍ਹਾਂ ਸੌਂ ਕੇ ਵੀ ਨਹੀਂ ਵੇਖਿਆ।
ਟਰੇਡ ਯੂਨੀਅਨਾਂ ਤੇ ਕਿਸਾਨ ਮੋਰਚੇ ਦਾ ਸਮਰਥਨ
ਨਵੀਂ ਦਿੱਲੀ: ਇਥੇ ਕੇਂਦਰੀ ਟਰੇਡ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ/ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਪਲੇਟਫਾਰਮ ਦੀ ਇਕ ਸਾਂਝੀ ਮੀਟਿੰਗ ਦੌਰਾਨ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੰਗਾਂ ਸਬੰਧੀ ਮਿਲ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਭਾਜਪਾ ਸਰਕਾਰ ਦੀਆਂ ਮਜ਼ਦੂਰ, ਕਿਸਾਨ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਦਾ ਵੀ ਮਿਲ ਕੇ ਵਿਰੋਧ ਕਰਨ ਦਾ ਹੋਕਾ ਦਿੱਤਾ ਗਿਆ। ਇਸ ਮੀਟਿੰਗ ਦੌਰਾਨ ਵਰਕਰਾਂ ਅਤੇ ਕਿਸਾਨਾਂ ਵੱਲੋਂ ਇਕ-ਦੂਜੇ ਦੇ ਸੰਘਰਸ਼ ਵਿਚ ਨਾਲ ਖੜ੍ਹਨ ਲਈ ਤਸੱਲੀ ਪ੍ਰਗਟਾਈ ਗਈ।