ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਚਮਕ ਲਈ ਪ੍ਰਦੂਸ਼ਣ ਵੱਡਾ ਖਤਰਾ ਬਣ ਗਿਆ ਹੈ। ਦੇਸ਼ ਦੀਆਂ ਪ੍ਰਦੂਸ਼ਣ ਵਿਰੁੱਧ ਕੇਂਦਰੀ ਇਕਾਈਆਂ ਤੇ ਪੰਜਾਬ ਪ੍ਰਦੂਸ਼ਣ ਰੋਕੂ ਵਿਭਾਗ ਵੱਲੋਂ ਇਥੇ ਕਈ ਸਰਵੇਖਣ ਕਰਵਾਏ ਗਏ ਪਰ ਇਸ ਦੇ ਪੱਕੇ ਹੱਲ ਲਈ ਕਦੇ ਕੋਸ਼ਿਸ਼ ਨਹੀਂ ਕੀਤੀ ਗਈ। ਸ਼੍ਰੋਮਣੀ ਕਮੇਟੀ ਤੇ ‘ਮੌਜੂਦਾ ਪੰਥਕ ਸਰਕਾਰ’ ਦੀਆਂ ਆਪਣੀਆਂ ਅਣਗਹਿਲੀਆਂ ਵੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ।
‘ਨੋ ਵਹੀਕਲ ਜ਼ੋਨ’ ਦਾ ਰਾਗ ਅਲਾਪਣ ਵਾਲੀ ਸ਼੍ਰੋਮਣੀ ਕਮੇਟੀ ਦੇ ਆਪਣੇ ਤੇ ਚਹੇਤਿਆਂ ਦੀਆਂ ਤਕਰੀਬਨ ਸਾਰੀਆਂ ਗੱਡੀਆਂ ਸਰਾਵਾਂ ਵਾਲੇ ਗੇਟ ਰਾਹੀਂ ਧੁਰ ਅੰਦਰ ਤੱਕ ਪੁੱਜਦੀਆਂ ਹਨ ਜਿਥੋਂ ਸ੍ਰੀ ਹਰਿਮੰਦਰ ਸਾਹਿਬ ਦੀ ਦੂਰੀ ਮਾਤਰ ਕੁਝ ਮੀਟਰਾਂ ਵਿਚ ਰਹਿ ਜਾਂਦੀ ਹੈ। ਬੰਦੀ ਛੋੜ ਦਿਵਸ ਸਮੇਤ ਹੋਰਾਂ ਵਿਸ਼ੇਸ਼ ਮੌਕਿਆਂ ‘ਤੇ ਪਰਿਕਰਮਾ ਸਮੂਹ ਅੰਦਰ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ, ਭਾਵੇਂਕਿ ਇਸ ਦਾ ਸਮਾਂ ਹੌਲੀ-ਹੌਲੀ ਅੱਧੇ ਘੰਟੇ ਤੋਂ ਘਟਾ ਕੇ 10 ਮਿੰਟ ਤੱਕ ਕਰ ਦਿੱਤਾ ਗਿਆ ਹੈ।
ਸੂਬਾ ਸਰਕਾਰ ਹਰ ਰੋਜ਼ ਮੁੜ ਪ੍ਰਾਪਤੀ ਯੋਗ ਕੁਦਰਤੀ ਸਾਧਨਾਂ ਸੌਰ ਊਰਜਾ ਦੀ ਦੁਹਾਈ ਦਿੰਦੀ ਹੈ ਪਰ ਗੁਰੂ ਰਾਮਦਾਸ ਦੇ ਲੰਗਰ ਵਿਚ ਲਾਏ ਗਏ ਸੌਰ ਊਰਜਾ ਪਲਾਂਟ ਸਿਰਫ ਸਿਆਸਤਦਾਨਾਂ ਦੀਆਂ ਸ਼ੁਰੂਆਤੀ ਤਸਵੀਰਾਂ ਤੱਕ ਸੀਮਤ ਰਹੇ ਤੇ ਆਪਣੀ ਸਮਰੱਥਾ ਨਹੀਂ ਵਿਖਾ ਸਕੇ। ਲੰਗਰ ਲਈ ਵਰਤੀ ਜਾਂਦੀ ਐਲ਼ਪੀæਜੀ ‘ਤੇ ਸਬਸਿਡੀ ਨਾ ਮਿਲਣ ਕਾਰਨ ਸਬਜ਼ੀਆਂ ਤੇ ਪ੍ਰਸ਼ਾਦਿਆਂ ਲਈ ਲੱਕੜ ਦੀ ਵਰਤੋਂ ਹੋ ਰਹੀ ਹੈ ਜਦਕਿ ਸੂਬਾ ਸਰਕਾਰ ਆਪਣੇ ਵੱਲੋਂ ਕੋਈ ਰਿਆਇਤ ਦੇਣ ਨੂੰ ਤਿਆਰ ਨਹੀਂ। ਪ੍ਰਦੂਸ਼ਣ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਨੇੜਲੇ ਖੇਤਰ ਵਿਚ ਕੂੜਾ ਗੰਦਗੀ ਵੀ ਵੱਡੀ ਫਿਕਰ ਦਾ ਵਿਸ਼ਾ ਹੈ। ਸੂਬੇ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਹਰੇਕ ਮਹੀਨੇ ਸ੍ਰੀ ਹਰਿਮੰਦਰ ਸਾਹਿਬ ਅਖੰਡ ਪਾਠ ਸਾਹਿਬ ਲਈ ਆਉਂਦੇ ਹਨ ਤੇ ਹਰੇਕ ਦਫ਼ਾ ਸਥਾਨਕ ਡਿਪਟੀ ਕਮਿਸ਼ਨਰ ਸਮੇਤ ਬਾਕੀ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਚੁਗਿਰਦੇ ਦੀ ਸਫਾਈ ਦੀ ਤਾਕੀਦ ਕਰਦੇ ਹਨ ਪਰ ਇਸ ‘ਤੇ ਕਦੇ ਵੀ ਕੋਈ ਕਾਰਵਾਈ ਨਹੀਂ ਹੋਈ।
ਇਸ ਵੇਲੇ ਹਾਲਾਤ ਇਹ ਹਨ ਕਿ ਪੰਜਾਬ ਵਿਚ ‘ਪੰਥਕ’ ਸਰਕਾਰ ਤੇ ਸ਼੍ਰੋਮਣੀ ਕਮੇਟੀ ਜਿਹੇ ਪ੍ਰਬੰਧਕ ਹੋਣ ਦੇ ਬਾਵਜੂਦ ਸਿੱਖਾਂ ਦਾ ਮੁਕੱਦਸ ਅਸਥਾਨ ਪ੍ਰਦੂਸ਼ਣ ਦੀ ਲਪੇਟ ਵਿਚ ਹੈ ਜਦਕਿ ਉੱਤਰ ਪ੍ਰਦੇਸ਼ ਜਿਹੇ ਪੱਛੜੇ ਸੂਬੇ ਵਿਚ ਬਣੇ ਇਕ ‘ਮਕਬਰੇ’ (ਆਗਰੇ ਦੇ ਤਾਜ) ਨੂੰ ਪ੍ਰਦੂਸ਼ਣ, ਗੰਦਗੀ ਤੋਂ ਬਚਾਉਣ ਲਈ ਤੇਲ ਗੱਡੀਆਂ, ਕਾਗਜ਼ ਤੇ ਪਾਲੀਥੀਨ ਸਨਅਤਾਂ ‘ਤੇ ਪਾਬੰਦੀ ਤੇ ਖੇਤਰ ਵਿਚ ਪ੍ਰਦੂਸ਼ਣ ਮੁਕਤ ਬਿਜਲਈ ਕਾਰਾਂ ਵਰਗੇ ਪ੍ਰਭਾਵਸ਼ਾਲੀ ਉਦਮ ਪ੍ਰਪੱਕਤਾ ਨਾਲ ਲਾਗੂ ਕੀਤੇ ਗਏ ਹਨ।
1830 ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਥੇ ਲਵਾਏ ਗਏ ਬਾਹਰੀ ਸੁਨਹਿਰੀ ਪੱਤਰੇ 170 ਸਾਲ ਬਾਅਦ ਖ਼ਾਲਸੇ ਦੇ 300 ਸਾਲਾ ਸਾਜਨਾ ਦਿਵਸ ਮੌਕੇ 1999 ਵਿਚ ਇੰਗਲੈਂਡ ਦੀ ਸੇਵਕ ਸੰਸਥਾ ਵੱਲੋਂ ਬਦਲੇ ਗਏ ਜਿਸ ਤੋਂ ਬਾਅਦ ਦੋ ਵਾਰ ਚਮਕ ਲਈ ਪਾਲਿਸ਼ ਵੀ ਕੀਤੀ ਜਾ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਰੇਕ ਵਰ੍ਹੇ ਇਨਾਂ ਦੀ ਸਫਾਈ ਕਰਵਾਈ ਜਾਂਦੀ ਹੈ ਪਰ ਫਿਰ ਵੀ ਸੁਨਹਿਰੀ ਪੱਤਰਿਆਂ ‘ਤੇ ਕਾਲਾਪਨ ਲਗਾਤਾਰ ਜੰਮ ਰਿਹਾ ਹੈ।
ਸਰਵੇਖਣਾਂ ਦੌਰਾਨ ਸਾਹਮਣੇ ਆਇਆ ਕਿ ਖੇਤਰ ਵਿਚ ਆਵਾਜਾਈ ਲਈ ਵਰਤੇ ਜਾ ਰਹੇ ਮਿੱਟੀ ਦੇ ਤੇਲ, ਪੈਟਰੋਲ, ਡੀਜ਼ਲ ਆਦਿ ਵਾਲੇ ਥ੍ਰੀ-ਵੀਲ੍ਹਰਾਂ ਸਮੇਤ ਪ੍ਰਦੂਸ਼ਿਤ ਗੱਡੀਆਂ ਮੁੱਖ ਰੂਪ ਵਿਚ ਜ਼ਿੰਮੇਵਾਰ ਹਨ। ਚੌਗਿਰਦੇ ਨੇੜੇ ਯਾਤਰੀ ਨਿਵਾਸ ਤੇ ਹੋਟਲਾਂ ਦੀ ਭਰਮਾਰ ਕਾਰਨ ਜਨਰੇਟਰਾਂ ਤੇ ਢਾਬਿਆਂ ਦੀਆਂ ਭੱਠੀਆਂ ਆਦਿ ਤੋਂ ਨਿਕਲਦਾ ਜ਼ਹਿਰੀਲਾ ਧੂੰਆਂ ਪ੍ਰਦੂਸ਼ਣ ਦਾ ਸਰੋਤ ਬਣਦੇ ਹਨ। ਗਲਿਆਰੇ ਨਾਲ ਲਗਦੇ ਗੁਰੂ ਬਾਜ਼ਾਰ ਵਿਚ ਸਦੀਆਂ ਤੋਂ ਸੋਨੇ ਦੇ ਕਾਰੀਗਰਾਂ ਵੱਲੋਂ ਢਲਾਈ ਲਈ ਵਰਤੀ ਜਾਂਦੀ ਕੋਲੇ ਦੀ ਤਪਸ਼ ਵੀ ਪ੍ਰਦੂਸ਼ਣ ਦਾ ਕਾਰਨ ਹੈ।
Leave a Reply