ਜੂਝਦੇ ਪੰਜਾਬ ਦੀ ਕਹਾਣੀ

ਗੁਰਬਚਨ ਜਗਤ
ਸਦੀਆਂ ਤੋਂ ਪੰਜ ਦਰਿਆਵਾਂ ਦੀ ਧਰਤੀ ਨੇ ਬਹੁਤ ਉਥਲ-ਪੁਥਲ ਤੇ ਅਣਗਿਣਤ ਹਮਲਾਵਰ ਦੇਖੇ। ਲੋਕਾਂ ਨੇ ਸੰਤਾਪ ਭੋਗਿਆ ਹੈ ਪਰ ਇਸ ਦੇ ਬਾਵਜੂਦ ਖ਼ੁਸ਼ਹਾਲੀ ਵੀ ਮਾਣੀ ਹੈ। ਇੱਥੋਂ ਦੇ ਲੋਕਾਂ ਨੇ ਉਨ੍ਹਾਂ ਤੋਂ ਸਬਕ ਲਿਆ ਤੇ ਉਨ੍ਹਾਂ ਨੂੰ ਮਾਤ ਦਿੱਤੀ। ਇਹ ਬਾਬਾ ਨਾਨਕ ਜੀ ਦੀ ਸਰਜ਼ਮੀਨ ਹੈ ਜਿਨ੍ਹਾਂ ਦੀ ਬਾਣੀ ਨੇ ਇਸ ਧਰਤੀ ਅਤੇ ਇਸ ਦੇ ਲੋਕਾਂ ਦੀ ਰੂਹ ਦੇ ਨਕਸ਼ ਘੜੇ ਹਨ। ਲੰਮੀਆਂ ਉਦਾਸੀਆਂ (ਯਾਤਰਾਵਾਂ) ਤੋਂ ਬਾਅਦ ਗੁਰੂ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਸਾਲ ਜ਼ਮੀਨ ਜੋਤਦਿਆਂ ਬਿਤਾਏ। ਸਮਾਜ ਦੇ ਹੋਰਨਾਂ ਤਬਕਿਆਂ ਤੋਂ ਇਲਾਵਾ ਅੱਜ ਇਹ ਕਿਸਾਨੀ ਹੀ ਹੈ ਜੋ ਸ਼ਾਇਦ ਗੁਰੂ ਦੇ ਸੰਦੇਸ਼ `ਤੇ ਬਾਖ਼ੂਬੀ ਪਹਿਰਾ ਦੇ ਰਹੀ ਹੈ। ਇਸ ਨੇ ਲੰਗਰ ਤੇ ਸੇਵਾ ਜ਼ਰੀਏ ਆਪਣੀ ਤਪੱਸਿਆ ਨੂੰ ਕਈ ਵਾਰ ਸਿੱਧ ਕੀਤਾ ਹੈ ਤੇ ਹਰ ਵਾਰ ਜਦੋਂ ਵੀ ਕਦੇ ਭੀੜ ਪੈਂਦੀ ਹੈ ਤਾਂ ਇਹੀ ਕਿਸਾਨੀ ਅੱਗੇ ਆਉਂਦੀ ਹੈ।
ਕਿਸਾਨੀ ਦੇ ਹੱਡ ਮਾਸ ਵਿਚ ਗੁਰੂ ਨਾਨਕ ਦੇਵ ਜੀ ਦਾ ‘ਨਾਮ ਜਪੋ, ਕਿਰਤ ਕਰੋ, ਵੰਡ ਛਕੋ` ਦਾ ਸਿਧਾਂਤ ਰਚਿਆ ਹੋਇਆ ਹੈ ਤੇ ਇਸ ਨੇ ਹੀ ਹਰੀ ਕ੍ਰਾਂਤੀ ਜ਼ਰੀਏ ਦੇਸ਼ ਨੂੰ ਖੁਰਾਕ ਦੀ ਆਜ਼ਾਦੀ ਬਖ਼ਸ਼ੀ ਹੈ। ਸਾਡੀ ਫ਼ੌਜ ਦੀਆਂ ਜ਼ਿਆਦਾਤਰ ਰੈਜੀਮੈਂਟਾਂ ਵਿਚ ਕਿਸਾਨਾਂ ਦੇ ਪੁੱਤਰ ਸ਼ਾਮਲ ਹਨ ਜੋ ਦੇਸ਼ ਦੀਆਂ ਸਰਹੱਦਾਂ `ਤੇ ਸਖ਼ਤੀ ਨਾਲ ਪਹਿਰਾ ਦੇ ਰਹੇ ਹਨ। ਉਹ ਕੁਦਰਤ ਦੇ ਅਜਿਹੇ ਬੱਚੇ ਹਨ ਜਿਨ੍ਹਾਂ ਨੂੰ ਸਾਡੇ ਗੁਰੂਆਂ, ਭਗਤੀ ਲਹਿਰ, ਭਗਤ ਕਬੀਰ, ਬਾਬਾ ਫ਼ਰੀਦ ਅਤੇ ਬੁੱਲ੍ਹੇ ਸ਼ਾਹ ਦੇ ਦਰਸ਼ਨ ਤੋਂ ਤਾਕਤ ਹਾਸਲ ਹੁੰਦੀ ਹੈ। ਭਾਵੇਂ ਸਾਡੀ ਆਪਣੀ ਸਟੇਟ/ਰਿਆਸਤ ਉਨ੍ਹਾਂ ਨੂੰ ਅਤਿਵਾਦੀ ਕਰਾਰ ਦਿੰਦੀ ਹੈ ਪਰ ਤਾਂ ਵੀ ਉਹ ਹਿੰਸਕ ਨਹੀਂ ਹੁੰਦੇ। ਸਿੱਖ ਰੈਜੀਮੈਂਟ, ਜਾਟ ਰੈਜੀਮੈਂਟ, ਪੰਜਾਬ ਰੈਜੀਮੈਂਟ ਅਤੇ ਕਈ ਹੋਰਨਾਂ ਰੈਜੀਮੈਂਟਾਂ ਵਿਚ ਮੁੱਖ ਤੌਰ `ਤੇ ਦਿਹਾਤੀ ਖੇਤਰਾਂ ਦੇ ਜਵਾਨ ਸ਼ਾਮਲ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਜਦੋਂ ਲਖੀਮਪੁਰ ਖੀਰੀ ਕਾਂਡ ਵਾਪਰਿਆ ਤਾਂ ਮੀਡੀਆ ਨੇ ਕਸ਼ਮੀਰ ਵਿਚ ਸ਼ਹੀਦ ਹੋਏ ਫ਼ੌਜੀਆਂ ਅਤੇ ਲਖੀਮਪੁਰ ਵਿਚ ਕਤਲ ਕੀਤੇ ਕਿਸਾਨਾਂ ਨਮਿਤ ਕੀਤੇ ਗਏ ਸ਼ਰਧਾਂਜਲੀ ਸਮਾਗਮ ਨੂੰ ਵਿਅੰਗਮਈ ਢੰਗ ਨਾਲ ਦਰਸਾਇਆ ਸੀ।
ਤਕਰੀਬਨ ਪੰਜ ਸੌ ਸਾਲ ਪਹਿਲਾਂ ਬਾਬਰ ਨੇ ਹਿੰਦੋਸਤਾਨ `ਤੇ ਹਮਲਾ ਕੀਤਾ ਸੀ ਅਤੇ ਇੱਥੋਂ ਦੇ ਲੋਕਾਂ `ਤੇ ਅਕਹਿ ਕਹਿਰ ਵਰਤਾਇਆ ਸੀ। ਗੁੱਜਰਾਂਵਾਲਾ ਨੇੜੇ ਪੈਂਦੇ ਸੈਦਪੁਰਾ (ਅੱਜ ਕੱਲ੍ਹ ਐਮਨਾਬਾਦ) ਵਿਚ ਕੀਤੇ ਗਏ ਕਤਲੇਆਮ ਨੂੰ ਬਿਆਨ ਕਰਨਾ ਸੌਖਾ ਨਹੀਂ ਸੀ ਤੇ ਬਾਬਾ ਨਾਨਕ ਜੀ ਨੇ ਬਾਬਰਬਾਣੀ ਸਿਰਜ ਕੇ ਇਸ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ ਤੇ ਫਿਰ ਰਿਹਾਅ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਸ਼ਾਂਤਮਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਸੀ ਜਿਸ ਦੀ ਸ਼ਾਹਦੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਵੀ ਮਿਲਦੀ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਫਲਸਫ਼ਾ ਸਰਲ, ਪਰ ਬਹੁਤ ਹੀ ਸਸ਼ਕਤ ਸੰਦੇਸ਼ ਨਾਲ ਲਬਰੇਜ਼ ਹੈ ਜਿਸ ਨੇ ਇਸ ਧਰਤੀ ਦੀ ਲੋਕਾਈ ਨੂੰ ਜਗਾਇਆ ਤੇ ਪ੍ਰੇਰਿਆ ਸੀ ਜਿਸ ਬਾਰੇ ਉਰਦੂ ਦੇ ਸ਼ਾਇਰ ਇਕਬਾਲ ਨੇ ਆਪਣੇ ਕਲਾਮ ਵਿਚ ਲਿਖਿਆ ਸੀ- ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ/ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖ਼ਵਾਬ ਸੇ।
ਇਸੇ ਰਵਾਇਤ ਨੂੰ ਜਾਰੀ ਰੱਖਦਿਆਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਅੰਦੋਲਨ ਜਿਸ ਵਿਚ ਹੋਰਨਾਂ ਸੂਬਿਆਂ ਦੇ ਕਿਸਾਨਾਂ ਦਾ ਵੀ ਯੋਗਦਾਨ ਰਿਹਾ ਹੈ, ਨੇ ਇੰਨਾ ਲੰਮਾ ਸਮਾਂ ਇਕਾਗਰਚਿਤ ਹੋ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਜਾਰੀ ਰੱਖਿਆ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗਈਆਂ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਕਿਤੇ ਕੋਈ ਅਮਨ ਕਾਨੂੰਨ ਭੰਗ ਨਹੀਂ ਹੋਇਆ ਤੇ ਨਾ ਹੀ ਉਨ੍ਹਾਂ ਹਿੰਸਾ ਦਾ ਸਹਾਰਾ ਲਿਆ। ਇਹ ਅਸਲੋਂ ਹੀ ਇਕ ਭਰਾਤਰੀ ਭਾਵ ਦਾ ਜਸ਼ਨ ਹੈ ਜਿਸ ਵਿਚ ਇਸ ਖਿੱਤੇ ਦੇ ਸਾਰੇ ਕਿਸਾਨ ਪਰਿਵਾਰਾਂ ਨੇ ਯੋਗਦਾਨ ਪਾ ਕੇ ਇਸ ਨੂੰ ਸਫ਼ਲ ਬਣਾਇਆ ਹੈ। ਲੰਗਰ, ਰਿਹਾਇਸ਼, ਕੱਪੜੇ, ਟਰਾਂਸਪੋਰਟ, ਪਾਣੀ, ਸਾਫ਼ ਸਫ਼ਾਈ ਆਦਿ ਸਾਜ਼ੋ-ਸਾਮਾਨ ਦਾ ਪ੍ਰਬੰਧ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਲੱਖਾਂ ਲੋਕਾਂ ਲਈ ਪ੍ਰਬੰਧ ਕਰਨੇ ਪੈਣੇ ਸਨ। ਲੀਡਰਸ਼ਿਪ ਵੀ ਕਮਾਲ ਦੀ ਰਹੀ ਹੈ ਅਤੇ ਇਸ ਵਿਚ ਖਿੱਤੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਰਹੀ ਹੈ।
ਕਿਸਾਨ ਅੰਦੋਲਨ ਨੇ ਜਿਨ੍ਹਾਂ ਕਦਰਾਂ ਕੀਮਤਾਂ ਦਾ ਹੋਕਾ ਦਿੱਤਾ ਹੈ ਉਹ ਇਹ ਕਿ ਸਾਰੇ ਇਨਸਾਨ ਬਰਾਬਰ ਹਨ, ਔਰਤਾਂ ਤੇ ਮਰਦ ਬਰਾਬਰ ਹਨ। ਇਨ੍ਹਾਂ ਤੋਂ ਇਲਾਵਾ ਬਿਨਾਂ ਸ਼ੱਕ ਲੋਕਾਂ ਨੇ ਲੰਗਰ ਤੇ ਪੰਗਤ ਦੇ ਅਹਿਮ ਸਿਧਾਂਤਾਂ ਦਾ ਪਾਠ ਪੜ੍ਹਿਆ ਹੈ। ਇਹ ਸਿਧਾਂਤ ਹੀ ਸੰਘਰਸ਼ ਦਾ ਰਾਹ ਦਰਸਾਵੇ ਬਣੇ ਰਹੇ ਹਨ। ਲੋਕ ਇਕੱਠੇ ਰਹਿੰਦੇ ਹਨ, ਇਕੱਠੇ ਲੰਗਰ ਛਕਦੇ ਹਨ ਅਤੇ ਔਰਤਾਂ ਨੇ ਲੰਗਰ ਹੀ ਨਹੀਂ ਸਗੋਂ ਮੰਚ ਅਤੇ ਡਿਸਪੈਂਸਰੀ ਆਦਿ ਦੀ ਸੇਵਾ ਆਦਿ ਵਿਚ ਭਰਵਾਂ ਯੋਗਦਾਨ ਪਾਇਆ ਹੈ ਤੇ ਪ੍ਰਦਰਸ਼ਨਾਂ ਵਿਚ ਵੀ ਮੋਹਰੀ ਕਿਰਦਾਰ ਅਦਾ ਕੀਤਾ ਹੈ।
ਅੰਦੋਲਨ ਨੂੰ ਇਕ ਸਾਲ ਪੂਰਾ ਹੋਣ `ਤੇ ਸਰਕਾਰ ਨੇ ਇਸ ਦਾ ਹੁੰਗਾਰਾ ਭਰਨਾ ਹੀ ਬਿਹਤਰ ਸਮਝਿਆ ਤੇ ਪ੍ਰਧਾਨ ਮੰਤਰੀ ਨੇ ਗੁਰਪੁਰਬ ਵਾਲੇ ਦਿਨ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਨਾਲ ਹੀ ਉਨ੍ਹਾਂ ਇਹ ਪ੍ਰਵਾਨ ਕੀਤਾ ਕਿ ਸਰਕਾਰ ਤਿੰਨ ਖੇਤੀ ਕਾਨੂੰਨਾਂ ਦੀ ਅਹਿਮੀਅਤ ਮੁਤੱਲਕ ਕਿਸਾਨਾਂ ਦੇ ਇਕ ਛੋਟੇ ਜਿਹੇ ਤਬਕੇ ਨੂੰ ਮਨਾਉਣ ਵਿਚ ਨਾਕਾਮ ਰਹੀ ਹੈ। ਐਮ.ਐਸ.ਪੀ., ਕੇਸ ਵਾਪਸ ਲੈਣ, ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ, ਲਖੀਮਪੁਰ ਖੀਰੀ ਕੇਸ ਵਿਚ ਨਿਆਂ ਦੇਣ ਦੇ ਮੁੱਦਿਆਂ `ਤੇ ਉਨ੍ਹਾਂ ਕੁਝ ਵੀ ਨਹੀਂ ਆਖਿਆ। ਦਰਅਸਲ, ਦਿੱਲੀ ਮੋਰਚੇ ਵਿਚ ਬੈਠਿਆਂ ਤੇ ਰਾਹ ਵਿਚ ਆਉਂਦੇ ਜਾਂਦਿਆਂ ਮਾਰੇ ਗਏ ਤਕਰੀਬਨ 700 ਕਿਸਾਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਗ੍ਰਹਿ ਰਾਜ ਮੰਤਰੀ ਤੋਂ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਜਿਸ ਦੀਆਂ ਗੱਡੀਆਂ ਦੀ ਅਪਰਾਧ ਲਈ ਵਰਤੋਂ ਕੀਤੀ ਗਈ ਸੀ ਅਤੇ ਉਸ ਦਾ ਬਿਆਨ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਨੇ ਅਪਰਾਧ ਕਰਨ ਲਈ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਸੀ।
ਉਂਝ, ਕਿਸਾਨਾਂ ਦੀਆਂ ਮੰਗਾਂ ਵੱਲ ਵਾਪਸ ਆਉਂਦਿਆਂ ਮੈਂ ਉੱਘੇ ਖੁਰਾਕ ਤੇ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਵੱਲੋਂ ਲਿਖੇ ਲੇਖ ਦੇ ਕਥਨ ਦਾ ਹਵਾਲਾ ਦੇਣਾ ਚਾਹੁੰਦਾ ਹਾਂ: “ਖੇਤੀਬਾੜੀ ਵਿਚ ਪ੍ਰਸਤਾਵਿਤ ਬਾਜ਼ਾਰਮੁਖੀ ਸੁਧਾਰ ਸਮੁੱਚੇ ਦੇਸ਼ਾਂ ਤੇ ਮਹਾਦੀਪਾਂ ਵਿਚ ਅਸਫ਼ਲ ਸਿੱਧ ਹੋਏ ਹਨ। ਅਮਰੀਕਾ ਤੋਂ ਲੈ ਕੇ ਆਸਟਰੇਲੀਆ, ਚਿਲੀ ਤੋਂ ਫਿਲਪੀਨਜ਼ ਤੱਕ ਬਾਜ਼ਾਰਾਂ ਨੇ ਮੌਜੂਦਾ ਖੇਤੀਬਾੜੀ ਸੰਕਟ ਨੂੰ ਸਗੋਂ ਹੋਰ ਤੇਜ਼ ਕਰ ਦਿੱਤਾ ਹੈ। ਅਮਰੀਕਾ, ਕੈਨੇਡਾ ਅਤੇ ਹੋਰਨਾਂ ਦੇਸ਼ਾਂ ਵਿਚ ਬਾਜ਼ਾਰ ਨੇ ਦਿੱਕਤਾਂ ਵਿਚ ਵਾਧਾ ਹੀ ਕੀਤਾ ਹੈ ਅਤੇ ਛੋਟੇ ਕਿਸਾਨਾਂ ਨੂੰ ਖੇਤੀਬਾੜੀ `ਚੋਂ ਬਾਹਰ ਹੀ ਕੀਤਾ ਹੈ ਅਤੇ ਉਨ੍ਹਾਂ ਨੂੰ ਗਰੀਨ ਹਾਊਸ ਗੈਸਾਂ ਦੇ ਵੱਡੇ ਉਤਪਾਦਕ ਬਣਾ ਦਿੱਤਾ ਹੈ। ਇਹ ਯਕੀਨ ਕਰਨਾ ਕਿ ਇਹ ਬਾਜ਼ਾਰ ਭਾਰਤ ਵਿਚ ਕੋਈ ਕਮਾਲ ਕਰ ਦੇਣਗੇ, ਨਿਰਾ ਝੂਠ ਹੈ। 2018 ਵਿਚ ਅਮਰੀਕੀ ਖੇਤੀਬਾੜੀ ਵਿਭਾਗ ਨੇ ਹਿਸਾਬ ਲਾਇਆ ਕਿ ਅੰਤਿਮ ਖਪਤਕਾਰ ਕੀਮਤ ਵਿਚ ਪ੍ਰਤੀ ਡਾਲਰ ਕਿਸਾਨਾਂ ਦੀ ਹਿੱਸੇਦਾਰੀ ਮਹਿਜ਼ 8 ਸੈਂਟ ਤੱਕ ਡਿੱਗ ਗਈ ਹੈ ਤੇ ਇੰਝ ਲੋਪ ਹੋਣ ਕੰਢੇ ਪਹੁੰਚ ਗਈ ਹੈ।” ਇਹ ਕਿਸੇ ਕਿਸਾਨ ਆਗੂ ਜਾਂ ਉਨ੍ਹਾਂ ਦੇ ਹਮਾਇਤੀ ਦਾ ਫਾਰਮੂਲਾ ਨਹੀਂ ਹੈ। ਇਹ ਪ੍ਰਵਾਨਤ ਮਾਹਿਰ ਦਾ ਜਾਂਚਿਆ ਪਰਖਿਆ ਵਿਸ਼ਲੇਸ਼ਣ ਹੈ। ਇਸ ਤੋਂ ਇਲਾਵਾ ਵੀ ਕਿਸਾਨਾਂ ਨੂੰ ਇਹ ਡਰ ਸੀ ਕਿ ਇਹ ਕਾਨੂੰਨ ਤੇ ਇਨ੍ਹਾਂ ਦੇ ਨੇੇਮ ਖੇਤੀਬਾੜੀ ਨੂੰ ਕਰੋਨੀ ਕਾਰਪੋਰੇਟੀਕਰਨ ਦਾ ਰਾਹ ਪੱਧਰਾ ਕਰ ਦੇਣਗੇ। ਕੁਝ ਸਾਮੰਤੀ ਜਾਗੀਰਦਾਰਾਂ ਦਾ ਏਕਾਧਿਕਾਰ ਖ਼ਤਮ ਕਰਨ ਲਈ ਜਿ਼ਮੀਂਦਾਰੀ ਪ੍ਰਥਾ ਖ਼ਤਮ ਕੀਤੀ ਗਈ ਸੀ। ਇਨ੍ਹਾਂ ਕਾਨੂੰਨਾਂ ਨੇ ਕਿਸਾਨਾਂ ਲਈ ਜ਼ਮੀਨ ਦੇ ਮਾਲਕਾਂ ਤੋਂ ਬੇਜ਼ਮੀਨੇ ਮਜ਼ਦੂਰਾਂ ਵਿਚ ਤਬਦੀਲ ਕਰ ਦੇਣ ਦਾ ਖ਼ਤਰਾ ਖੜ੍ਹਾ ਕਰ ਕੇ ਘੜੀ ਦੀਆਂ ਸੂਈਆਂ ਪਿਛਾਂਹ ਘੁਮਾਉਣ ਦਾ ਕੰਮ ਕੀਤਾ ਸੀ। ਅਰਥਚਾਰੇ ਦੇ ਜੋ ਹਾਲਾਤ ਬਣੇ ਹੋਏ ਹਨ, ਉਸ ਵਿਚ ਕਰੋੜਾਂ ਦੀ ਤਾਦਾਦ ਵਿਚ ਕਿਸਾਨ ਵੀ ਬੇਰੁਜ਼ਗਾਰਾਂ ਦੀ ਕਤਾਰ ਵਿਚ ਸ਼ਾਮਲ ਹੋ ਜਾਣਗੇ ਤੇ ਇੰਝ ਨਸ਼ਿਆਂ ਤੇ ਅਪਰਾਧ ਦਾ ਤੰਦੂਆ ਜਾਲ ਹੋਰ ਫੈਲ ਜਾਵੇਗਾ।
ਕੀ ਕਾਨੂੰਨਾਂ ਦੀ ਮਨਸੂਖ਼ੀ ਕਾਫ਼ੀ ਹੈ? ਕਿਸਾਨ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਇਕ ਢਾਂਚਾ ਕਾਇਮ ਕਰਨ ਦੀ ਲੋੜ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਤੈਅਸ਼ੁਦਾ ਮੁੱਲ ਤੋਂ ਹੇਠਾਂ ਵੇਚਣ ਲਈ ਮਜਬੂਰ ਨਾ ਹੋਣਾ ਪਵੇ। ਜੇ ਕਿਸਾਨ ਨੂੰ ਕੁਦਰਤੀ ਤੇ ਬਾਜ਼ਾਰ ਦੀਆਂ ਤਾਕਤਾਂ ਦੇ ਰਹਿਮੋ-ਕਰਮ `ਤੇ ਛੱਡ ਦਿੱਤਾ ਜਾਂਦਾ ਹੈ ਤਾਂ ਬਹੁਤ ਸਾਰੇ ਕਾਰਕਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ। ਕਿਸਾਨ ਦੀ ਫ਼ਸਲ ਖਰਾਬ ਹੋਣ ਦਾ ਡਰ ਹੁੰਦਾ ਹੈ ਤੇ ਉਸ ਲਈ ਜਲਦੀ ਖਰੀਦ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ। ਉਸ ਦੀ ਫ਼ਸਲ ਮੀਂਹ, ਗੜਿਆਂ, ਸੋਕੇ, ਮੌਸਮ ਤੇ ਪ੍ਰਦੂਸ਼ਣ ਆਦਿ ਕਰਕੇ ਬਰਬਾਦ ਹੋ ਸਕਦੀ ਹੈ। ਜਲਵਾਯੂ ਤਬਦੀਲੀ ਦੇ ਇਸ ਦੌਰ ਅੰਦਰ ਖੇਤੀਬਾੜੀ ਲਈ ਇਹ ਕਾਰਕ ਹੋਰ ਜ਼ਿਆਦਾ ਜਟਿਲ ਹੋ ਗਏ ਹਨ। ਵਿਕਸਤ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਦਾ ਅਹਿਸਾਸ ਹੋ ਗਿਆ ਹੈ ਅਤੇ ਉਹ ਕਿਸਾਨਾਂ ਦੀ ਰਾਖੀ ਲਈ ਸਬਸਿਡੀਆਂ ਦੇ ਰਹੀਆਂ ਹਨ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਕਿਸਾਨ ਖੁਰਾਕ ਮੁਹੱਈਆ ਕਰਵਾਉਂਦੇ ਹਨ ਜਿਸਦੇ ਆਸਰੇ ਮਾਨਵਤਾ ਜਿਉਂਦੀ ਤੇ ਪਲਦੀ ਹੈ। ਇਹ ਇਸੇ ਜਿਣਸ ਦੀ ਗੁਣਵੱਤਾ ਤੇ ਮਿਕਦਾਰ ਹੀ ਹੈ ਜੋ ਅਸੀਂ ਨਾ ਕੇਵਲ ਖਾਂਦੇ ਹਾਂ ਸਗੋਂ ਜੋ ਇਕ ਵਿਕਸਤ ਤੇ ਗ਼ਰੀਬ ਮੁਲ਼ਕ ਵਿਚਕਾਰ ਅੰਤਰ ਕਰਦੀ ਹੈ। ਅੰਦੋਲਨ ਦੇ ਜਾਰੀ ਰਹਿੰਦਿਆਂ ਉਭਰੀਆਂ ਕਿਸਾਨਾਂ ਦੀਆਂ ਕੁਝ ਹੋਰ ਮੰਗਾਂ `ਤੇ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਬਿਹਤਰ ਹੱਲ ਨਿਕਲ ਸਕੇ।
ਹੁਣ ਜਦੋਂ ਅਸੀਂ ਮਹਾਮਾਰੀ ਤੋਂ ਉਭਰ ਰਹੇ ਹਾਂ ਤਾਂ ਤਬਦੀਲੀ ਦੀਆਂ ਸ਼ਕਤੀਆਂ ਜ਼ੋਰ ਫੜ ਗਈਆਂ ਹਨ। ਇਸ ਦੇ ਨਾਲ ਹੀ ਜਲਵਾਯੂ ਤਬਦੀਲੀ ਦਾ ਦੌਰ ਜੁੜ ਗਿਆ ਹੈ। ਤਬਦੀਲੀ ਦੀਆਂ ਸ਼ਕਤੀਆਂ ਦੀ ਗੂੰਜ ਸਮੁੱਚੇ ਆਲਮੀ ਵਿੱਤੀ ਪ੍ਰਬੰਧ ਵਿਚ ਸੁਣਾਈ ਦੇ ਰਹੀ ਹੈ ਅਤੇ ਜਿਸ ਦੇ ਸਿੱਟੇ ਵਜੋਂ ਦੁਨੀਆ ਭਰ ਵਿਚ ਮਹਿੰਗਾਈ ਵਧਦੀ ਜਾ ਰਹੀ ਹੈ। ਜਿਣਸਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਜਿਸ ਕਰਕੇ ਭਾਰਤ ਦੀ ਆਤਮ-ਨਿਰਭਰਤਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ। ਸਾਡੀ ਖੇਤੀਬਾੜੀ ਦਿਹਾਤੀ ਭਾਰਤ ਨਾਲ ਜੁੜੀ ਹੋਈ ਹੈ ਅਤੇ ਕਿਸਾਨੀ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਜੋ ਸਾਡੀਆਂ ਖੁਰਾਕੀ ਲੋੜਾਂ ਹੀ ਪੂਰੀਆਂ ਨਹੀਂ ਕਰਦੀ ਸਗੋਂ ਸਾਨੂੰ ਆਪਣੇ ਬੱਚਿਆਂ ਦੇ ਰੂਪ ਵਿਚ ਤਾਕਤ ਵੀ ਮੁਹੱਈਆ ਕਰਾਉਂਦੀ ਹੈ ਜੋ ਫ਼ੌਜ ਤੇ ਨੀਮ ਫ਼ੌਜੀ ਦਸਤਿਆਂ ਵਿਚ ਵੱਡੀ ਤਾਦਾਦ ਵਿਚ ਭਰਤੀ ਹੋ ਕੇ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਸਾਡੇ ਦੇਸ਼ ਦਾ ਦਿਲ ਸਮਝੇ ਜਾਂਦੇ ਇਸ ਖੇਤਰ ਵਿਚ ਉਥਲ-ਪੁਥਲ ਪੈਦਾ ਕਰਨੀ ਅਤੇ ਇੰਝ ਆਪਣੀ ਤਾਕਤ ਤੋਂ ਹੱਥ ਧੋ ਲੈਣਾ ਨਿਰੀ ਮੂੜ੍ਹਮੱਤ ਵਾਲੀ ਗੱਲ ਹੋਵੇਗੀ। ਅੰਤ ਵਿਚ ਮੈਂ ਓਲੀਵਰ ਗੋਲਡਸਮਿੱਥ ਦੇ ਕਥਨ ਨਾਲ ਗੱਲ ਮੁਕਾਉਣੀ ਚਾਹੁੰਦਾ ਹਾਂ: ਸੂਰਮਗਤੀ ਵਾਲੀ ਕਿਸਾਨੀ ਆਪਣੇ ਦੇਸ਼ ਦਾ ਵੱਕਾਰ ਹੁੰਦੀ ਹੈ/ਪਰ ਜੇ ਇਕ ਵਾਰੀ ਬਰਬਾਦ ਕਰ ਦਿੱਤੀ ਜਾਵੇ ਤਾਂ ਇਹ ਦੁਬਾਰਾ ਨਹੀਂ ਲੱਭਦੀ… ਪਰ ਸਮੇਂ ਬਦਲ ਗਏ ਹਨ: ਵਪਾਰ ਦੀ ਬੇਕਿਰਕ ਰੇਲਗੱਡੀ ਨੇ ਜ਼ਮੀਨ ਹੜੱਪ ਲਈ ਹੈ ਅਤੇ ਹਾਲ਼ੀਆਂ-ਪਾਲ਼ੀਆਂ ਨੂੰ ਉਜਾੜ ਦਿੱਤਾ ਹੈ।