ਰਿਬੇਰੋ ਦੀ ਆਪਬੀਤੀ-10
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ। ਇਸ ਕਿਸ਼ਤ ਵਿਚ ਕੈਨੇਡੀਅਨ ਪਾਰਲੀਮੈਂਟ ਮੈਂਬਰਾਂ ਦੇ ਪੰਜਾਬ ਦੌਰੇ, ਖਾੜਕੂ ਸਫਾਂ ਅੰਦਰ ਪੁਲਿਸ ਦੀ ਘੁਸਪੈਠ ਅਤੇ ਪੁਲਿਸ ਤੇ ਖਾੜਕੂਆਂ ਦੀਆਂ ਕਾਰਵਾਈਆਂ ਬਾਰੇ ਟਿੱਪਣੀਆਂ ਹਨ। -ਸੰਪਾਦਕ
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਨਾ 343: ਅਖਬਾਰ ‘ਵਾਸਿੰਗਟਨ ਪੋਸਟ’ ਦਾ ਅਮਰੀਕੀ ਪੱਤਰਕਾਰ ਮੇਰੀ ਇੰਟਰਵਿਊ ਕਰਨ ਆਇਆ। ਉਹ ਬੈਂਸ ਨੂੰ ਮਿਲ ਕੇ ਆਇਆ ਸੀ ਤੇ ਉਸ ਕੋਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਖਾਸਾ ਮਸਾਲਾ ਸੀ, ਪੁਲਿਸ ਵਧੀਕੀਆਂ ਦੀ ਲੰਮੀ ਲਿਸਟ ਸੀ। ਇਕ ਕਹਾਣੀ ਪਟਿਆਲਾ ਜੇਲ੍ਹ ਵਿਚ ਦੋ ਖਾੜਕੂ ਬੰਦੀਆਂ ਦੇ ਕਤਲ ਦੀ ਸੀ। ਉਸ ਕੋਲ ਪੈਂਫਲਿਟ ਸੀ ਜਿਹੜਾ ਵਿਦੇਸ਼ਾਂ ਵਿਚ ਵੰਡਿਆ ਗਿਆ ਹੋਵੇਗਾ, ਕਿਉਂਕਿ ਇਨ੍ਹਾਂ ਜੇਲ੍ਹ ਬੰਦੀਆਂ ਦੇ ਕਤਲ ਦੀ ਤਾਂ ਕਹਾਣੀ ਹੀ ਹੋਰ ਹੈ। ਇਨ੍ਹਾਂ ਨੇ ਜੇਲ੍ਹ ਵਿਚੋਂ ਭੱਜਣਾ ਸੀ, ਇਸ ਕਾਰਨ ਇਸ ਜੇਲ੍ਹ ਵਾਰਡਰ ਨਾਲ ਤਕਰਾਰ ਹੋ ਗਿਆ। ਜੇਲ੍ਹ ਵਾਰਡਰ ਪੁਲਿਸ ਮੁਲਾਜ਼ਮ ਨਹੀਂ ਹੁੰਦਾ। ਇਸ ਵਾਰਡਰ ਨੂੰ ਕਤਲ ਕਰ ਦਿੱਤਾ ਤੇ ਜੇਲ੍ਹ ਸੁਪਰਡੈਂਟ ਨੂੰ ਬੁਰੀ ਤਰ੍ਹਾਂ ਕੁੱਟ ਕੇ ਜ਼ਖਮੀ ਕਰ ਦਿੱਤਾ, ਉਪਰੰਤ ਵਾਰਡਰਾਂ ਨੇ ਫਾਇਰ ਕਰ ਦਿੱਤੇ ਤੇ ਦੋਵੇਂ ਖਾੜਕੂ ਮਾਰੇ ਗਏ। ਜੇਲ੍ਹ ਅਫਸਰ ਨੇ ਮੈਨੂੰ ਲਿਖਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਜੇਲ੍ਹ ਗੇਟ ਦੇ ਐਨ ਬਾਹਰ ਬੀæਐਸ਼ਐਫ਼ ਕੰਪਨੀ ਤਾਇਨਾਤ ਹੈ, ਅਸੀਂ ਉਨ੍ਹਾਂ ਦੀ ਮਦਦ ਮੰਗੀ ਪਰ ਉਨ੍ਹਾਂ ਦਾ ਜਵਾਬ ਸੀ- ਜੇਲ੍ਹ ਅੰਦਰਲੇ ਪ੍ਰਬੰਧ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ। ਇਸ ਗੱਲੋਂ ਮੈਂ ਬੀæਐਸ਼ਐਫ਼ ਦੀ ਖਿਚਾਈ ਵੀ ਕੀਤੀ ਸੀ। ਮੈਂ ਪੱਤਰਕਾਰ ਨੂੰ ਦੱਸਿਆ ਕਿ ਜੇਲ੍ਹਾਂ ਵਿਚ ਉਦੋਂ ਬਹੁਤ ਖਤਰਨਾਕ ਖਾੜਕੂ ਬੰਦ ਸਨ, ਸਾਡੀ ਮਾਰਨ ਦੀ ਮਨਸ਼ਾ ਹੁੰਦੀ, ਉਨ੍ਹਾਂ ਨੂੰ ਮਾਰ ਦਿੰਦੇ। ਜਿਹੜੇ ਦੋ ਮਾਰੇ ਗਏ, ਉਨ੍ਹਾਂ ਵਿਚੋਂ ਇਕ ਖਤਰਨਾਕ ਸੀ, ਦੂਜਾ ਨਵਾਂ ਭਰਤੀ ਹੋਇਆ ਸੀ।
1987 ਵਿਚ ਸੱਤ ਕੈਨੇਡੀਅਨ ਪਾਰਲੀਮੈਂਟ ਮੈਂਬਰਾਂ ਦਾ ਵਫਦ ਭਾਰਤ ਆਇਆ। ਇਹ ਉਨ੍ਹਾਂ ਇਲਾਕਿਆਂ ਵਿਚੋਂ ਚੋਣ ਜਿੱਤੇ ਸਨ, ਜਿਥੇ ਸਿੱਖ ਵਸੋਂ ਕਾਫੀ ਹੈ ਤੇ ਸਿੱਖ ਚੋਣਾਂ ਵਿਚ ਅਸਰਅੰਦਾਜ਼ ਹਨ। ਉਹ ਪੁੱਛ ਰਹੇ ਸਨ ਕਿ ਪੁਲਿਸ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਦਰਬਾਰ ਸਾਹਿਬ ਅੰਦਰ ਅਤੇ ਉਸ ਦੇ ਆਲੇ-ਦੁਆਲੇ ਤੁਹਾਨੂੰ ਕੇਵਲ ਬਜ਼ੁਰਗ ਦਿਸਣਗੇ, ਸਾਰੇ ਜੁਆਨ ਸਿੱਖ ਮੁੰਡੇ ਜਾਂ ਮਾਰ ਦਿੱਤੇ, ਜਾਂ ਭੱਜ ਗਏ ਹਨ। ਇਹ ਐਮæਪੀæ ਇਨ੍ਹਾਂ ਤੱਥਾਂ ਦੀ ਪੜਤਾਲ ਕਰ ਕੇ ਭਾਰਤ ਸਰਕਾਰ ਨੂੰ ਉਲਾਂਭਾ ਦੇਣ ਆਏ ਸਨ। ਦਿੱਲੀ ਦੇ ਵੱਡੇ ਅਫਸਰ ਚਾਹੁੰਦੇ ਸਨ, ਉਨ੍ਹਾਂ ਨੂੰ ਅੰਮ੍ਰਿਤਸਰ ਜਾਣ ਤੋਂ ਰੋਕਿਆ ਜਾਵੇ। ਮੈਨੂੰ ਇਨ੍ਹਾਂ ਦੇ ਦੌਰੇ ਦਾ ਕੋਈ ਪਤਾ ਨਹੀਂ ਸੀ, ਇਸ ਬਾਰੇ ਕੈਬਨਿਟ ਸਕੱਤਰ ਦੇਸ਼ਮੁਖ ਨੇ ਮੈਨੂੰ ਫੋਨ ‘ਤੇ ਦੱਸਿਆ। ਉਸ ਨੇ ਮੇਰੇ ਨਾਲ ਮਰਾਠੀ ਵਿਚ ਗੱਲ ਕੀਤੀ ਤਾਂ ਕਿ ਨਾਲ ਦੇ ਅਫਸਰਾਂ ਨੂੰ ਪਤਾ ਨਾ ਲੱਗੇ ਕਿ ਕੀ ਗੱਲ ਹੋ ਰਹੀ ਹੈ। ਉਸ ਨੇ ਮੇਰੀ ਸਲਾਹ ਮੰਗੀ, ਬਿਨਾਂ ਪਲ ਭਰ ਦੇਰੀ ਦੇ ਮੈਂ ਕਿਹਾ- ਆਉਣ ਦਿਉ। ਉਹ ਮੇਰਾ ਜਵਾਬ ਸੁਣ ਕੇ ਹੈਰਾਨ ਰਹਿ ਗਿਆ, ਕਿਉਂਕਿ ਸਾਰੇ ਅਫਸਰਾਂ ਦੀ ਇਹੋ ਰਾਇ ਸੀ ਕਿ ਕੈਨੇਡਾ ਵਾਪਸ ਜਾ ਕੇ ਇਹ ਭੰਡੀ ਪ੍ਰਚਾਰ ਕਰਨਗੇ। ਮੈਂ ਤਾਂ ਚਾਹੁੰਦਾ ਸਾਂ ਇਹ ਆ ਕੇ ਆਪ ਦੇਖਣ ਕਿ ਪੁਲਿਸ ਕਿਨ੍ਹਾਂ ਸੰਗੀਨ ਹਾਲਾਤ ਵਿਚੋਂ ਲੰਘ ਰਹੀ ਹੈ। ਉਨ੍ਹਾਂ ਵਾਸਤੇ ਸਪੈਸ਼ਲ ਜਹਾਜ਼ ਤਿਆਰ ਕੀਤਾ ਗਿਆ। ਮੇਰੀ ਗੱਲ ਹੋਣ ਤੋਂ ਇਕ ਘੰਟੇ ਬਾਅਦ ਉਹ ਅੰਮ੍ਰਿਤਸਰ ਲਈ ਉਡ ਪਏ।
ਮੈਂ ਸੀæਆਰæਪੀæ ਦੇ ਡੀæਆਈæਜੀæ ਐਸ਼ਐਸ਼ ਵਿਰਕ ਦੀ ਡਿਊਟੀ ਲਾਈ ਕਿ ਅੰਮ੍ਰਿਤਸਰ ਵਿਚ ਤੂੰ ਇਨ੍ਹਾਂ ਨੂੰ ਐਸਕੌਰਟ ਕਰਨਾ ਹੈ। ਸਿਤਮਜ਼ਰੀਫੀ ਦੇਖੋ, ਉਹ ਜਾਂ ਹੋਰ ਪੁਲਿਸ ਅਫਸਰ ਦਰਬਾਰ ਸਾਹਿਬ ਅੰਦਰ ਨਹੀਂ ਜਾ ਸਕਦੇ ਸਨ, ਕਿਉਂਕਿ ਖਾੜਕੂ ਅੰਦਰ ਸਨ। ਕੈਨੇਡੀਅਨ ਅੰਦਰ ਗਏ ਤੇ ਸਭ ਅੱਖੀਂ ਦੇਖ ਆਏ। ਉਨ੍ਹਾਂ ਦੇਖਿਆ ਕਿ ਵਧੀਕ ਅਫਸਰ ਸਿੱਖ ਸਨ, ਉਹ ਦੇਖ ਆਏ ਕਿ ਅੰਦਰ ਨੌਜੁਆਨ ਸਿੱਖ ਹਨ ਜਿਨ੍ਹਾਂ ਤੋਂ ਡਰਦੇ ਬਜ਼ੁਰਗ ਅੰਦਰ ਨਹੀਂ ਜਾਂਦੇ; ਦੇਖਿਆ ਸ਼ਹਿਰ ਨਾਰਮਲ ਸੀ; ਸਿੱਖ ਜੁਆਨ ਦੁਕਾਨਾਂ ‘ਤੇ ਗਾਹਕ ਭੁਗਤਾ ਰਹੇ ਸਨ।
ਜਦੋਂ ਉਹ ਦਿੱਲੀ ਪਰਤੇ, ਮੈਨੂੰ ਕੈਨੇਡੀਅਨ ਹਾਈ ਕਮਿਸ਼ਨਰ ਦਾ ਸੱਦਾ ਮਿਲਿਆ ਕਿ ਮੈਂ ਮਹਿਮਾਨਾਂ ਨੂੰ ਉਸ ਦੇ ਘਰ ਮਿਲਾਂ। ਅਵਿੰਦਰ ਬਰਾੜ ਨਾਲ ਜਹਾਜ਼ ‘ਤੇ ਮੈਂ ਦਿੱਲੀ ਗਿਆ। ਇਸ ਲੰਮੇ, ਬੁੱਧੀਵਾਨ ਤੇ ਸਮਾਰਟ ਸਿੱਖ ਨੇ ਉਨ੍ਹਾਂ ‘ਤੇ ਚੰਗਾ ਅਸਰ ਪਾਇਆ। ਉਨ੍ਹਾਂ ਨੇ ਦਰਬਾਰ ਸਾਹਿਬ, ਦਹਿਸ਼ਤਵਾਦ ਅਤੇ ਸਾਡੇ ਕੰਮ ਢੰਗ ਬਾਰੇ ਅਨੇਕ ਸਵਾਲ ਪੁੱਛੇ, ਮੇਰੇ ਜਵਾਬਾਂ ਤੋਂ ਖੁਸ਼ ਹੋਏ, ਕਿਉਂਕਿ ਮੈਂ ਸਿੱਧਾ ਸਾਂ, ਖਰਾ ਸਾਂ। ਉਨ੍ਹਾਂ ਪੁੱਛਿਆ, ਕੀ ਕਾਰਨ ਹੈ ਭਾਰਤੀ ਸਿੱਖਾਂ ਨਾਲੋਂ ਕੈਨੇਡੀਅਨ ਸਿੱਖ ਖਾਲਿਸਤਾਨ ਵਾਸਤੇ ਵਧੀਕ ਤਤਪਰ ਹਨ? ਇਸ ਦਾ ਜਵਾਬ ਮੈਂ ਅਵਿੰਦਰ ਨੂੰ ਦੇਣ ਲਈ ਕਿਹਾ। ਉਸ ਨੇ ਕਿਹਾ ਕਿ ਬਾਹਰਲੇ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਦੀ ਚਿੰਤਾ ਹੈ। ਦੂਜੇ, ਉਹ ਰੱਜੇ ਪੁੱਜੇ ਹਨ। ਉਨ੍ਹਾਂ ਦੇ ਮੁਕਾਬਲੇ ਉਨ੍ਹਾਂ ਦੇ ਰਿਸ਼ਤੇਦਾਰ ਇੱਧਰ ਭਾਰਤ ਵਿਚ ਮਾਇਕ ਤੌਰ ‘ਤੇ ਪਿੱਛੇ ਹਨ।
ਦੇਸ਼ ਵਾਪਸ ਪਰਤ ਕੇ ਉਨ੍ਹਾਂ ਨੇ ‘ਟੋਰਾਂਟੋ ਸਨ’ ਅਖਬਾਰ ਵਿਚ ਆਪਣਾ ਬਿਆਨ ਦਿੱਤਾ। ਕਿਹਾ- ਪੰਜਾਬ ਪੁਲਿਸ ਚੀਫ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ, ਜੇ ਉਨ੍ਹਾਂ ਦੀ ਕੈਨੇਡਾ ਸਰਕਾਰ ਨੇ ਸਲਾਹ ਮੰਗੀ ਤਾਂ ਸਿਫਾਰਿਸ਼ ਕਰਨਗੇ ਕਿ ਰਿਬੇਰੋ ਨੂੰ ਕੈਨੇਡੀਅਨ ਮਾਊਂਟਿਡ ਪੁਲਿਸ ਦਾ ਕਮਿਸ਼ਨਰ ਲਾ ਦਿੱਤਾ ਜਾਵੇ। ਹਾਈ ਕਮਿਸ਼ਨ ਨੇ ਭੁਲੇਖੇ ਦੂਰ ਕਰਨ ਵਾਸਤੇ ਸ਼ੁਕਰਾਨੇ ਦੀ ਚਿੱਠੀ ਮੈਨੂੰ ਲਿਖੀ।
ਅਪਰਾਧੀਆਂ ਦੇ ਥਹੁ-ਪਤੇ ਲਾਉਣ ਲਈ ਪੁਲਿਸ ਨੂੰ ਮੁਖਬਰਾਂ ਦੀ ਲੋੜ ਪੈਂਦੀ ਹੈ। ਇਹ ਮੁਖਬਰ ਵੀ ਦੋ ਨੰਬਰ ਦਾ ਧੰਦਾ ਚਲਾਉਂਦੇ ਹਨ। ਪੈਸੇ ਦੇ ਲਾਲਚ ਵਿਚ ਜਾਂ ਹੋਰ ਨਿਕੀਆਂ ਮੋਟੀਆਂ ਰਿਆਇਤਾਂ ਬਦਲੇ ਇਹ ਆਪਣੇ ਨਾਲ ਦੇ ਵੱਡੇ ਅਪਰਾਧੀਆਂ ਨੂੰ ਫੜਵਾ ਦਿੰਦੇ ਹਨ। ਇਨ੍ਹਾਂ ਨੂੰ ਅਸੀਂ ਸਟੂਲ ਕਬੂਤਰ ਕਿਹਾ ਕਰਦੇ ਹਾਂ। ਇਹ ਕਿਸੇ ਅਪਰਾਧੀ ਗੈਂਗ ਦੇ ਮੈਂਬਰ ਹੁੰਦੇ ਹਨ। ਭਲਾਮਾਣਸ ਨਾਗਰਿਕ ਪੁਲਿਸ ਕੋਲ ਕਿਸੇ ਦੀ ਮੁਖਬਰੀ ਕਿਉਂ ਕਰੇਗਾ? ਦੁਨੀਆਂ ਦੀ ਸਾਰੀ ਪੁਲਿਸ ਫੋਰਸ ਇਸ ਤਰ੍ਹਾਂ ਦੇ ਹੱਥਕੰਡੇ ਵਰਤਦੀ ਹੈ। ਪ੍ਰੈਸ ਨੇ ਇਸ ਗੱਲ ਦੀ ਬੜੀ ਆਲੋਚਨਾ ਕੀਤੀ ਕਿ ਪੁਲਿਸ ਨੇ ਆਪਣੇ ਬੰਦੇ ਖਾੜਕੂਆਂ ਵਿਚ ਰਲਾ ਦਿੱਤੇ ਹਨ। ਰਲਾਏ ਸਨ, ਖਾੜਕੂਆਂ ਦੀ ਸੂਹ ਕੱਢਣ ਦਾ ਹੋਰ ਕਿਹੜਾ ਤਰੀਕਾ ਸੀ, ਜਾਂ ਹੈ?
ਪੰਨਾ 349: ਖਾੜਕੂ ਸਫਾਂ ਵਿਚ ਆਪਣੇ ਬੰਦੇ ਵਾੜਨੇ ਕੋਈ ਸੌਖਾ ਕੰਮ ਨਹੀਂ, ਬਹੁਤ ਖਤਰਨਾਕ ਹੈ। ਪਤਾ ਲੱਗਣ ‘ਤੇ ਖਾੜਕੂ ਸਾਡੇ ਬੰਦੇ ਨੂੰ ਫੁੰਡ ਦੇਣਗੇ। ਕੋਈ ਹੰਢਿਆ ਹੋਇਆ ਤੇਜ਼ ਤਰਾਰ ਬੰਦਾ ਪੈਸੇ ਟਕੇ ਜਾਂ ਕਿਸੇ ਹੋਰ ਲਾਲਚਵਸ ਕੰਮ ਆਉਂਦਾ ਹੈ। ਇਸ ਖਤਰਨਾਕ ਕੰਮ ਵਾਸਤੇ ਲਾਚਾਰੀਵਸ ਸਾਨੂੰ ਅਪਰਾਧੀ ਪਿਛੋਕੜ ਵਾਲੇ ਬੰਦੇ ਵਰਤਣੇ ਪੈਂਦੇ ਹਨ। ਇਸ ਤਰ੍ਹਾਂ ਦੇ ਬੰਦੇ ਪੁਲਿਸ ਨੂੰ ਲੱਭ ਜਾਂਦੇ ਹਨ, ਫਿਰ ਅਸੀਂ ਉਨ੍ਹਾਂ ਦਾ ਨਕਲੀ ਖਾੜਕੂ ਗਰੋਹ ਬਣਾਉਂਦੇ ਹਾਂ, ਤੇ ਫਿਰ ਉਹ ਅਸਲ ਖਾੜਕੂਆਂ ਨਾਲ ਤਾਲਮੇਲ ਕਰ ਕੇ ਘੁਸਪੈਠ ਕਰਦੇ ਹਨ। ਖਾੜਕੂਆਂ ਦੇ ਦਰਬਾਰ ਸਾਹਿਬ ਆਉਣ ਜਾਣ ਦਾ ਪਤਾ ਈ ਸੀ। ਖਾੜਕੂਆਂ ਨੂੰ ਪਰਿਕਰਮਾ ਵਿਚ ਵੀ ਪੁਲਿਸ ਫੜ ਸਕਦੀ ਸੀ, ਪਰ ਸਾਨੂੰ ਉਨ੍ਹਾਂ ਦੀ ਪਛਾਣ ਨਹੀਂ ਸੀ। ਸਾਡੇ ਘੁਸਪੈਠੀਏ ਉਨ੍ਹਾਂ ਨੂੰ ਪਛਾਣਨ ਦਾ ਕੰਮ ਕਰਦੇ।
ਸ਼ੁਰੂ ਸ਼ੁਰੂ ਵਿਚ ਇਸ ਨਾਲ ਸਾਨੂੰ ਕਾਫੀ ਫਾਇਦਾ ਹੋਇਆ, ਪਰ ਇਨ੍ਹਾਂ ਦਾ ਲਾਲਚ ਵਧਦਾ ਜਾਂਦਾ। ਇਨ੍ਹਾਂ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨੀਆਂ ਪੁਲਿਸ ਦੇ ਵਸ ਵਿਚ ਨਾ ਹੁੰਦੀਆਂ। ਅਪਰਾਧੀ ਕਿਉਂਕਿ ਪੁਲਿਸ ਦੇ ਬੰਦੇ ਹੁੰਦੇ, ਉਹ ਭਲੇਮਾਣਸ ਅਮੀਰ ਨਾਗਰਿਕਾਂ ਪਾਸੋਂ ਫਿਰੌਤੀਆਂ ਮੰਗਣ ਲੱਗ ਜਾਂਦੇ। ਸੋ, ਫਾਇਦਾ ਵੀ ਹੋਇਆ, ਨੁਕਸਾਨ ਵੀ। ਜਦੋਂ ਮੈਂ ਇਨ੍ਹਾਂ ਸਦਕਾ ਬਿਮਾਰੀ ਵਧਦੀ ਦੇਖੀ, ਮੈਂ ਰੋਕਣ ਦਾ ਫੈਸਲਾ ਕੀਤਾ। ਫਿਰ ਅਸੀਂ ਇਸ ਦਾ ਬਦਲ ਲੱਭਿਆ। ਪੁਲਿਸ ਵਿਚੋਂ ਵਲੰਟੀਅਰ ਲੱਭੇ। ਖਤਰਨਾਕ ਕੰਮ ਹੋਣ ਕਾਰਨ ਅਸੀਂ ਇਕ ਦੋ ਗਰੋਹ ਹੀ ਬਣਾ ਸਕਦੇ ਸਾਂ। ਇਨ੍ਹਾਂ ਗਰੋਹਾਂ ਵਿਚ ਵੀ ਕੋਈ ਨਾ ਕੋਈ ਅਪਰਾਧੀ ਸ਼ਾਮਲ ਕਰਨਾ ਪੈਂਦਾ। ਇਨ੍ਹਾਂ ਵਿਚੋਂ ਇਕ ਸਮਗਲਰ ਸੀ। ਖਾੜਕੂਆਂ ਨੂੰ ਪੈਸੇ ਚਾਹੀਦੇ ਸਨ, ਇਹ ਉਨ੍ਹਾਂ ਨੂੰ ਦੇ ਦਿੰਦਾ ਸੀ। ਇਹ ਸਮਗਲਰ ਪੁਲਿਸ ਵਿਚ ਸਿਪਾਹੀ ਸੀ ਤੇ ਮਾੜੀਆਂ ਹਰਕਤਾਂ ਕਾਰਨ ਡਿਸਮਿਸ ਕੀਤਾ ਹੋਇਆ ਸੀ। ਆਈæਪੀæਐਸ਼ ਗੁਰਇਕਬਾਲ ਸਿੰਘ ਭੁੱਲਰ ਨੇ ਮੈਨੂੰ ਕਿਹਾ ਕਿ ਮੈਂ ਇਸ ਨੂੰ ਬਹਾਲ ਕਰ ਦਿਆਂ, ਕਿਉਂਕਿ ਬੇਹੱਦ ਖਤਰਨਾਕ ਖਾੜਕੂਆਂ ਨਾਲ ਉਸ ਦੇ ਲਿੰਕ ਸਨ। ਮੈਂ ਨਾ ਮੰਨਿਆ ਤਾਂ ਗੋਬਿੰਦ ਰਾਮ, ਡੀæਆਰæ ਭੱਟੀ ਅਤੇ ਇਜ਼ਹਾਰ ਆਲਮ ਨੇ ਮੇਰੇ ‘ਤੇ ਦਬਾਉ ਪਾਇਆ ਕਿ ਇਸ ਬੰਦੇ ਬਿਨਾਂ ਸਰਨਾ ਨਹੀਂ। ਮਜਬੂਰੀਵਸ ਮੈਂ ਹਾਂ ਕਰ ਦਿੱਤੀ, ਪਰ ਜਿਵੇਂ ਮੇਰਾ ਖਦਸ਼ਾ ਸੀ, ਇਸ ਆਦਮੀ ਸਦਕਾ ਪੁਲਿਸ ਦੀ ਬਹੁਤ ਬਦਨਾਮੀ ਹੋਈ।
ਭੁੱਲਰ ਪਟਿਆਲੇ ਐਸ਼ਐਸ਼ਪੀæ ਸੀ, ਉਸ ਨੇ ਇਸ ਨੂੰ ਆਪਣੀ ਨਿਗਰਾਨੀ ਵਿਚ ਰੱਖ ਲਿਆ। ਭੁੱਲਰ ਦੀ ਬਦਲੀ ਹੋ ਗਈ ਤੇ ਅਵਿੰਦਰ ਨੇ ਚਾਰਜ ਲੈ ਲਿਆ। ਮੈਨੂੰ ਸੁਖ ਦਾ ਸਾਹ ਆਇਆ।
ਅਵਿੰਦਰ ਦੇ ਕਤਲ ਪਿੱਛੋਂ ਸੀਤਲ ਦਾਸ ਪਟਿਆਲੇ ਐਸ਼ਐਸ਼ਪੀæ ਲਾਇਆ। ਉਸ ਨੇ ਮੈਨੂੰ ਇਸ ਸਾਬਕ ਸਮਗਲਰ ਬਾਰੇ ਦੱਸਿਆ ਕਿ ਇਸ ਕੋਲ ਪੁਖਤਾ ਭੇਤ ਹਨ। ਪਤਾ ਲੱਗਾ ਕਈ ਖਾੜਕੂ ਚੰਡੀਗੜ੍ਹ ਵਿਚ ਹਨ, ਪਰ ਪੰਜ ਚਾਰ ਪੁਲਿਸਮੈਨ ਕੁੱਝ ਨਹੀਂ ਕਰ ਸਕਦੇ, ਖਾੜਕੂਆਂ ਕੋਲ ਵਧੀਕ ਅਸਲਾ ਹੈ, ਉਹ ਭਾਰੀ ਪੈ ਸਕਦੇ ਹਨ। ਬਹੁਤੀ ਪੁਲਿਸ ਨਫਰੀ ਲਿਜਾਣ ਨਾਲ ਉਹ ਚੌਕਸ ਹੋ ਜਾਣਗੇ। ਇਹ ਕੋਈ ਪਤਾ ਨਹੀਂ ਸੀ, ਰਹਿੰਦੇ ਕਿੱਥੇ ਹਨ। ਇਸ ਬੰਦੇ ਨੇ ਸੜਕਾਂ ‘ਤੇ ਘੁੰਮਦੇ ਦੇਖੇ ਸਨ। ਉਸ ਨੇ ਪੁਲਿਸ ਫੋਰਸ ਚੰਡੀਗੜ੍ਹ ਲਿਜਾਣ ਦੀਆਂ ਆਗਿਆ ਮੰਗੀ। ਮੈਂ ਕਿਹਾ- ਜੇ ਤੁਹਾਨੂੰ ਜਾਂ ਜਵਾਨਾਂ ਨੂੰ ਜਾਨ ਲੇਵਾ ਹਮਲੇ ਦਾ ਡਰ ਹੈ, ਤਾਂ ਤੁਹਾਨੂੰ ਫੋਰਸ ਵਰਤਣ ਦਾ ਹੱਕ ਹੈ। ਮੈਂ ਇਸ ਸਮਗਲਰ ਨੂੰ ਕਦੀ ਨਹੀਂ ਦੇਖਿਆ। ਉਸ ਦੇ ਚਾਰਜ ਵਿਚ ਪੁਲਸੀਆਂ ਨੂੰ ਨਹੀਂ ਮਿਲਿਆ। ਬਸ ਮੈਨੂੰ ਏਨਾ ਪਤਾ ਸੀ ਕਿ ਸੀਤਲ ਦਾਸ ਦੀ ਨਿਗਰਾਨੀ ਵਿਚ ਇਹ ਗਰੋਹ ਕੰਮ ਰਿਹਾ ਹੈ।
ਪੰਨਾ 352: ਚੰਡੀਗੜ੍ਹ ਪੁਲਿਸ ਨੂੰ ਕਿਹਾ ਕਿ ਸੀਤਲ ਦਾਸ ਨਾਲ ਰਾਬਤਾ ਕਾਇਮ ਕਰੇ, ਉਸ ਨੂੰ ਖਾੜਕੂਆਂ ਬਾਰੇ ਪਤਾ ਹੈ। ਸਮਗਲਰ ਦਾ ਕਹਿਣਾ ਸੀ ਕਿ ਖਾੜਕੂ ਨਾ ਮਾਰੇ, ਤਾਂ ਉਹ ਇਸ ਨੂੰ ਮਾਰ ਦੇਣਗੇ। ਉਨ੍ਹਾਂ ਹਾਲਾਤ ਵਿਚ ਉਸ ਦੀ ਗੱਲ ਮੰਨਣੀ ਪਈ। ਉਸ ਦਾ ਆਖਿਆ ਝੂਠ ਵੀ ਹੋ ਸਕਦਾ ਸੀ, ਸੱਚ ਵੀ। ਆਖਰਕਾਰ ਜਿਹੜਾ ਕੰਮ ਸਾਡੇ ਵਾਸਤੇ ਕਰ ਰਹੇ ਸਨ, ਇਨ੍ਹਾਂ ਬੰਦਿਆਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੀਆਂ ਜਾਨਾਂ ਖਤਰੇ ਵਿਚ ਤਾਂ ਸਨ ਹੀ। ਦੋ ਖਾੜਕੂ ਮਾਰੇ ਗਏ। ਇਸ ਆਪ੍ਰੇਸ਼ਨ ਦੀ ਬਹੁਤ ਨਿਖੇਧੀ ਹੋਈ। ਮੇਰਾ ਖਿਆਲ ਹੈ, ਇਨ੍ਹਾਂ ਦੋ ਖਾੜਕੂਆਂ ਦਾ ਮਸਲਾ ਹੋਰ ਕਿਸੇ ਤਰੀਕੇ ਨਾਲ ਹੱਲ ਨਹੀਂ ਹੋ ਸਕਦਾ ਸੀ। ਕੁੱਝ ਮਹੀਨਿਆਂ ਬਾਅਦ ਆਈæਜੀæ ਚੰਡੀਗੜ੍ਹ, ਮੈਨੂੰ ਮਿਲਣ ਆਇਆ। ਉਸ ਨੇ ਦੱਸਿਆ ਕਿ ਆਪਣੀ ਇਕ ਦੋਸਤ ਔਰਤ ਨਾਲ ਇਹ ਸਮਗਲਰ ਚੰਡੀਗੜ੍ਹ ਵਿਚ ਰਹਿ ਰਿਹਾ ਹੈ। ਪਹਿਲਾਂ ਇਸ ਕੋਲ ਕੋਈ ਹੋਰ ਜਨਾਨੀ ਰਹਿੰਦੀ ਸੀ। ਪਹਿਲੀ ਜਨਾਨੀ ਦੁਖੀ ਹੋ ਕੇ ਆਈæਜੀæ ਨੂੰ ਮਿਲੀ ਤੇ ਹੈਰਤ-ਅੰਗੇਜ਼ ਕਹਾਣੀ ਦੱਸੀ, “ਇਸ ਸਮਗਲਰ ਨੇ ਆਪਣੀ ਪੁਲਿਸ ਟੁਕੜੀ ਨਾਲ ਜੰਮੂ ਇਕ ਹੋਰ ਸਮਗਲਰ ਦੇ ਘਰ ਡਾਕਾ ਮਾਰਿਆ। ਐਸ਼ਐਸ਼ਪੀæ ਪਟਿਆਲਾ ਇਸ ਦੀਆਂ ਗਤੀਵਿਧੀਆਂ ਉਪਰ ਰੋਕ ਲਾਉਣਾ ਚਾਹੁੰਦਾ ਸੀ, ਕਿਹਾ ਗਿਆ ਕਿ ਹਥਿਆਰ ਜਮ੍ਹਾਂ ਕਰਵਾ। ਹਥਿਆਰ ਤਾਂ ਕੀ ਜਮ੍ਹਾਂ ਕਰਵਾਉਣੇ ਸਨ, ਇਹ ਬੰਦਾ ਹੁਣ ਪੁਲਿਸ ਅਫਸਰਾਂ ਨੂੰ ਮਾਰਨ ਦੀਆਂ ਗੱਲਾਂ ਕਰਦਾ ਹੈ।”
ਮੈਂ ਆਈæਜੀæ ਨੂੰ ਕਿਹਾ- ਇਸ ਜਨਾਨੀ ਨੂੰ ਮੇਰੇ ਕੋਲ ਲਿਆਉ, ਮੈਂ ਆਪ ਗੱਲ ਕਰਾਂਗਾ। ਮੈਂ ਗੱਲ ਸੁਣ ਕੇ ਪੁਲਿਸ ਚੀਫ, ਗਿੱਲ (ਕੇæਪੀæਐਸ਼) ਨੂੰ ਪੱਤਰ ਲਿਖ ਕੇ ਕਿਹਾ, ਇਸ ਤੋਂ ਪਹਿਲਾਂ ਕਿ ਕੋਈ ਦੁਰਘਟਨਾ ਵਾਪਰ ਜਾਏ, ਇਨ੍ਹਾਂ ਸਾਰੇ ਬੰਦਿਆਂ ਦੇ ਹਥਿਆਰ ਖੋਹ ਲਉ। ਬਦਕਿਸਮਤੀ, ਗਿੱਲ ਉਸ ਦਿਨ ਚੰਡੀਗੜ੍ਹ ਵਿਚ ਨਹੀਂ ਸੀ। ਬੇਸ਼ਕ ਸੀਤਲ ਦਾਸ ਨੂੰ ਫੋਨ ‘ਤੇ ਸਾਰੀ ਗੱਲ ਦੱਸ ਦਿੱਤੀ, ਪਰ ਭਾਣਾ ਵਾਪਰ ਗਿਆ। ਬੰਦਾ ਸੀਤਲ ਦਾਸ ਦੇ ਕਮਰੇ ਵਿਚ ਵੜ ਗਿਆ, ਐਸ਼ਪੀæ ਅਤੇ ਐਸ਼ਐਸ਼ਪੀæ ਦੋਹਾਂ ਨੂੰ ਥਾਏਂ ਢੇਰੀ ਕਰ ਦਿੱਤਾ। ਨਾਲ ਦੇ ਕਮਰੇ ਵਿਚ ਬੈਠੇ ਇੰਸਪੈਕਟਰ ਨੇ ਗੋਲੀਆਂ ਦੀ ਆਵਾਜ਼ ਸੁਣੀ ਤਾਂ ਭੱਜ ਕੇ ਆਪਣੇ ਰਿਵਾਲਵਰ ਨਾਲ ਸਮਗਲਰ ਰੇੜ੍ਹ ਦਿੱਤਾ। ਇਹ ਪਲ ਛਿਣ ਦਾ ਕੰਮ ਸੀ, ਇਹੋ ਜਿਹਾ ਕਾਰਾ ਪਹਿਲੋਂ ਕਦੀ ਨਹੀਂ ਹੋਇਆ ਸੀ। ਮੈਨੂੰ ਆਪਣੇ ਆਪ ਉਪਰ ਗਿਲਾਨੀ ਹੋਈ ਕਿ ਮੈਂ ਇਹੋ ਜਿਹਾ ਬੰਦਾ ਪੁਲਿਸ ਵਿਚ ਕਿਉਂ ਲੈ ਲਿਆ। ਮੇਰੀ ਜ਼ਮੀਰ ਉਦੋਂ ਵੀ ਮੰਨਦੀ ਨਹੀਂ ਸੀ, ਪਰ ਮੈਂ ਆਪਣੇ ਅਫਸਰਾਂ ‘ਤੇ ਭਰੋਸਾ ਕਰ ਲਿਆ। ਇਹ ਮੇਰੀ ਜੱਜਮੈਂਟ ਦੀ ਖਤਰਨਾਕ ਗਲਤੀ ਸੀ।
ਅੰਮ੍ਰਿਤਸਰ ਦੇ ਐਸ਼ਐਸ਼ਪੀæ ਇਜ਼ਹਾਰ ਆਲਮ ਨੇ ਇਕ ਹੋਰ ਗੁਪਤ ਯੋਜਨਾ ਬਣਾਈ, ਇਸ ਦਾ ਨਾਮ ਕੈਟਸ ਰੱਖਿਆ। ਜਦੋਂ ਖਾੜਕੂ ਫੜ ਲਏ ਜਾਂਦੇ, ਪੁਲਿਸ ਉਨ੍ਹਾਂ ਨੂੰ ਆਪਣੇ ਵਾਲੇ ਪਾਸੇ ਕਰਨਾ ਚਾਹੁੰਦੀ। ਜੇ ਉਹ ਕਮਜ਼ੋਰ ਜਾਂ ਲਾਲਚੀ ਹੁੰਦੇ, ਤੇ ਖਾੜਕੂਆਂ ਨੇ ਬਰੇਨ-ਵਾਸ਼ ਨਾ ਕੀਤਾ ਹੁੰਦਾ ਤਾਂ ਅਸੀਂ ਆਪਣੇ ਗੈਂਗ ਵਿਚ ਉਨ੍ਹਾਂ ਨੂੰ ਰਲਾ ਲੈਂਦੇ। ਪੁਲਿਸ ਖਰਚੇ ‘ਤੇ ਉਹ ਸੁਰੱਖਿਅਤ ਘਰਾਂ ਵਿਚ ਰਹਿੰਦੇ, ਚੰਗੀਆਂ ਪ੍ਰਾਈਵੇਟ ਕਾਰਾਂ ਵਿਚ ਖਾੜਕੂਆਂ ਨੂੰ ਪਛਾਣ ਕੇ ਉਹ ਸਾਨੂੰ ਦੱਸ ਦਿੰਦੇ। ਬਹੁਤ ਸਾਰੇ ਖਤਰਨਾਕ ਖਾੜਕੂ ਇਉਂ ਸਾਡੇ ਕਾਬੂ ਆਏ। ਪਿਛੋਂ ਜਦੋਂ ਖਾੜਕੂਆਂ ਨੂੰ ਇਸ ਵਿਉਂਤ ਦਾ ਪਤਾ ਲੱਗ ਗਿਆ ਤਾਂ ਅਜਿਹੀ ਕਾਰ ਦੇਖ ਕੇ ਉਹ ਇੱਧਰ-ਉਧਰ ਖਿਸਕ ਜਾਂਦੇ। ਉਨ੍ਹਾਂ ਨੇ ਪਬਲਿਕ ਨੂੰ ਵਾਰਨਿੰਗ ਵੀ ਦਿਤੀ ਕਿ ਕਾਲੇ ਰੰਗ ਦੀਆਂ ਕਾਰਾਂ ਨਾ ਖਰੀਦੋ, ਇਹ ਬੰਬਾਂ ਨਾਲ ਉਡਾਈਆਂ ਜਾਣਗੀਆਂ।
ਜਿਹੜੀ ਪ੍ਰਥਾ ਮੈਨੂੰ ਬਹੁਤੀ ਬੁਰੀ ਲੱਗੀ, ਉਹ ਸੀ ਪੁਲਿਸ ਵੱਲੋਂ ਪਬਲਿਕ ਦੀਆਂ ਕਾਰਾਂ ਜਬਰਨ ਖੋਹ ਕੇ ਖਾੜਕੂਆਂ ਵਿਰੁਧ ਆਪ੍ਰੇਸ਼ਨਾਂ ਵਿਚ ਵਰਤਣੀਆਂ। ਆਪਣੇ ਟਿਕਾਣੇ ਜਾ ਰਹੇ ਬੰਦੇ ਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕਰਦੇ, ਚਾਬੀਆਂ ਮੰਗਦੇ ਤੇ ਮਾਲਕ ਸੜਕ ਜੋਗਾ ਰਹਿ ਜਾਂਦਾ। ਮੇਰੇ ਕੋਲ ਬੜੀਆਂ ਸ਼ਿਕਾਇਤਾਂ ਆਈਆਂ। ਪੱਛਮੀ ਕਮਾਂਡ ਦੇ ਕਮਾਂਡਰ-ਇਨ-ਚੀਫ ਦੇ ਜੁਆਈ ਨਾਲ ਅਜਿਹਾ ਹੋਇਆ। ਮੈਂ ਇਜ਼ਹਾਰ ਆਲਮ ਤੇ ਸੁਮੇਧ ਸੈਣੀ, ਅਫਸਰਾਂ ਦੀ ਖਿਚਾਈ ਕੀਤੀ। ਇਨ੍ਹਾਂ ਦੀ ਦਲੀਲ ਸੀ- ਪਬਲਿਕ ਨੂੰ ਵੀ ਤਾਂ ਕੌਮੀ ਕਾਜ਼ ਵਿਚ ਕੁਰਬਾਨੀ ਕਰਨੀ ਬਣਦੀ ਹੈ। ਮੈਂ ਉਨ੍ਹਾਂ ਨੂੰ ਕਿਹਾ- ਤੁਹਾਡਾ ਤਰੀਕਾ ਗਲਤ ਹੈ। ਇਕ ਦਰਜਨ ਨਵੀਆਂ ਕਾਰਾਂ ਆਪਣੇ ਗੁਪਤ ਫੰਡ ਵਿਚੋਂ ਖਰੀਦ ਕੇ ਦੋਵਾਂ ਅਫਸਰਾਂ ਵਿਚ ਵੰਡ ਦਿਤੀਆਂ। ਖਾੜਕੂਆਂ ਵਿਰੁਧ ਲੜਦਿਆਂ ਪੁਲਿਸ ਅਜਿਹੀਆਂ ਕਰਤੂਤਾਂ ਕਰੇ, ਮੰਦਭਾਗਾ ਸੀ। ਇਹ ਤਰੀਕਾ ਗਲਤ ਹੈ। ਮੈਂ ਇਨ੍ਹਾਂ ਨੂੰ ਦੱਸ ਦਿਤਾ ਸੀ ਕਿ ਤੁਹਾਡਾ ਕੰਮ ਢੰਗ ਮੈਨੂੰ ਪਸੰਦ ਨਹੀਂ, ਪਰ ਮੈਂ ਇਨ੍ਹਾਂ ਤੋਂ ਕੰਮ ਵੀ ਲੈਣਾ ਸੀ। ਹੋਰ ਸੂਬਾ ਹੁੰਦਾ, ਪੁਲਿਸ ਇਉਂ ਨਾ ਕਰਦੀ; ਪਰ ਦੂਜੇ ਸੂਬਿਆਂ ਵਿਚ ਪੰਜਾਬ ਵਰਗਾ ਖਾੜਕੂਵਾਦ ਵੀ ਨਹੀਂ ਸੀ।
ਮੈਂ ਦੇਖਦਾ, ਖਾੜਕੂਵਾਦ ਵਿਚ ਉਤਰਾ-ਚੜ੍ਹਾ ਆਉਂਦਾ ਰਹਿੰਦਾ। ਕਦੀ ਖਾੜਕੂਆਂ ਦਾ ਪੱਲਾ ਭਾਰੀ ਹੁੰਦਾ, ਕਦੀ ਪੁਲਿਸ ਦਾ। ਖਾੜਕੂ ਦੱਸ ਦਿੰਦੇ ਕਿ ਉਹ ਜਿਉਂਦੇ ਹਨ। ਮੀਡੀਆ ਵਿਸਥਾਰ ਨਾਲ ਸਾਬਤ ਕਰਦਾ ਕਿ ਪੁਲਿਸ ਦਾਅਵੇ ਥੋਥੇ ਹਨ ਤੇ ਖਾੜਕੂ ਗੱਜਦੇ ਫਿਰ ਰਹੇ ਹਨ।
ਪੰਨਾ 354: ਅਸੀਂ ਪਤਾ ਕੀਤਾ ਕਿਹੜੇ ਕਿਹੜੇ ਗੈਂਗ ਕਿਸ ਕਿਸ ਇਲਾਕੇ ਵਿਚ ਸਰਗਰਮ ਹਨ, ਉਨ੍ਹਾਂ ਦੇ ਲੀਡਰ ਅਤੇ ਵਰਕਰ ਕਿਹੜੇ ਕਿਹੜੇ ਹਨ। ਪ੍ਰੈਸ ਹਰ ਰੋਜ਼ ਸਾਨੂੰ ਘੇਰ ਘੇਰ ਸਵਾਲ ਕਰਨੋਂ ਨਾ ਹਟਦੀ। ਅਸੀਂ ਦੱਸ ਦਿਤਾ ਕਿ ਉਨ੍ਹਾਂ ਦੀ ਲਿਸਟ ਬਣਾ ਲਈ ਹੈ। ਸਾਰਿਆਂ ਦੇ ਨਾਮ ਤਾਂ ਨਹੀਂ ਦੱਸੇ, ਪਰ ਕਹਿ ਦਿਤਾ ਕਿ 200 ਖਾੜਕੂ ਹਨ। ਜਦੋਂ 30-40 ਖਾੜਕੂ ਮਾਰੇ ਜਾਂਦੇ ਤਾਂ ਆਪਣੇ ਹਿਸਾਬ ਰਾਹੀਂ ਪ੍ਰੈਸ ਵਾਲੇ ਇਹ ਗਿਣਤੀ ਵਿਚੋਂ ਘਟਾ ਕੇ ਕਹਿੰਦੇ- ਹੁਣ ਕੇਵਲ 160 ਜਾਂ 170 ਰਹਿ ਗਏ ਹਨ! ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਨਵੀਂ ਭਰਤੀ ਵੀ ਨਾਲੋ ਨਾਲ ਹੋਈ ਜਾ ਰਹੀ ਹੈ। ਮੈਂ ਸਾਢੇ ਤਿੰਨ ਸਾਲ ਪੰਜਾਬ ਚੀਫ ਰਿਹਾ, ਮੇਰੇ ਜਾਣ ਤੱਕ ਗਿਣਤੀ ਘਟੀ ਨਹੀਂ ਸੀ।
ਐਕਸ਼ਨ ਕਰਨ ਵੇਲੇ ਉਹ ਆਪਣੀ ਟੁਕੜੀ ਵਿਚ ਘੱਟ ਤੋਂ ਘੱਟ ਮੁੰਡੇ ਰੱਖਦੇ। ਜੇ ਚਾਰ ਨਾਲ ਕੰਮ ਚੱਲ ਸਕਦਾ ਹੈ ਤਾਂ ਪੰਜਵਾਂ ਨਹੀਂ ਲਿਜਾਣਗੇ। ਇਸ ਨਾਲ ਦੋ ਫਾਇਦੇ ਹਨ, ਇਕ ਤਾਂ ਘੇਰਾਬੰਦੀ ਹੋਣ ਦੀ ਸੂਰਤ ਵਿਚ ਸਾਰੇ ਨਾ ਮਾਰੇ ਜਾਣ, ਦੂਜਾ ਜਿੰਨੀ ਗਿਣਤੀ ਘੱਟ ਹੋਵੇਗੀ, ਇਸ ਦੀ ਇਤਲਾਹ ਬਾਹਰ ਲੀਕ ਹੋਣ ਦੀ ਸੰਭਾਵਨਾ ਉਨੀ ਘੱਟ ਜਾਵੇਗੀ। ਘੱਟ ਬੰਦਿਆਂ ਦਾ ਘੱਟ ਖਰਚਾ। ਜਿਥੇ ਪੁਲਿਸ ਨੂੰ ਆਪਣੀ ਨਫਰੀ ਵਧੀਕ ਚਾਹੀਦੀ ਹੈ, ਖਾੜਕੂਆਂ ਦਾ ਹਿਸਾਬ ਉਲਟੀ ਚਾਲ ਚੱਲਦਾ ਹੈ।
ਕੇਵਲ ਲੀਡਰ ਨੂੰ ਪਤਾ ਹੁੰਦਾ ਹੈ ਕਿ ਐਕਸ਼ਨ ਕਰਨਾ ਹੈ, ਕਦੋਂ ਕਰਨਾ ਹੈ, ਕੇਵਲ ਐਕਸ਼ਨ ਕਰਨ ਵੇਲੇ ਦੱਸਿਆ ਜਾਂਦਾ ਹੈ। ਵਰਕਰ ਵੱਖ ਵੱਖ ਥਾਂਵਾਂ ਤੋਂ ਚੁਣੇ ਜਾਂਦੇ ਹਨ ਤੇ ਕਈ ਵਾਰ ਇਕ ਦੂਜੇ ਨੂੰ ਨਹੀਂ ਜਾਣਦੇ। ਉਨ੍ਹਾਂ ਦੇ ਨਾਮ ਵੀ ਬਦਲ ਦਿੱਤੇ ਜਾਂਦੇ ਹਨ। ਐਕਸ਼ਨ ਕਰ ਕੇ ਉਹ ਵੱਖ ਵੱਖ ਦਿਸ਼ਾਵਾਂ ਵਿਚ ਇੱਕਲੇ ਇੱਕਲੇ ਜਾਂਦੇ ਹਨ ਤਾਂ ਕਿ ਸਾਰੇ ਈ ਨਾ ਫੜੇ ਜਾਣ।
ਪੰਨਾ 355: ਸਾਨੂੰ ਖਾੜਕੂਆਂ ਦੇ ਕੰਮ-ਢੰਗਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਹੋ ਗਈ। ਕੁਝ ਅਫਸਰ ਤਾਂ ਖਾੜਕੂ ਹਮਲਿਆਂ ਦਾ ਜਵਾਬ ਇੰਨੀ ਕੁਸ਼ਲਤਾ ਨਾਲ ਦਿੰਦੇ ਕਿ ਭਵਿੱਖ ਵਿਚ ਉਨ੍ਹਾਂ ਵਾਸਤੇ ਪੁਲਿਸ ਦੀਆਂ ਨਾਰਮਲ ਡਿਊਟੀਆਂ ਨਿਭਾਉਣੀਆਂ ਔਖਾ ਕੰਮ ਹੋ ਜਾਵੇਗਾ। ਗਿੱਲ ਸੁਭਾਅ ਵਜੋਂ ਹੀ ਅਜਿਹਾ ਅਫਸਰ ਸੀ, ਉਸ ਨੇ ਇਹ ਜ਼ਿੰਮੇਵਾਰੀ ਪੂਰੀ ਤਰ੍ਹਾਂ ਸੰਭਾਲ ਲਈ। ਆਪਣੀ ਸਰਵਿਸ ਦੌਰਾਨ ਗਿੱਲ ਵਰਗਾ ਆਪ੍ਰੇਸ਼ਨ-ਉਸਤਾਦ ਕੋਈ ਨਹੀਂ ਦੇਖਿਆ। ਉਹ ਆਪ ਯੋਜਨਾ ਬਣਾ ਕੇ ਘੇਰਾਬੰਦੀ ਕਰਦਾ ਤੇ ਖੁਦ ਫਰੰਟ ਤੋਂ ਹੱਲਾ ਬੋਲਦਾ। ਮੈਂ ਆਮ ਪਬਲਿਕ ਨਾਲ ਰਾਬਤਾ ਜਾਰੀ ਰੱਖਦਾ। ਮੈਂ ਹੌਸਲਾ ਦੇਣ ਲਈ, ਧਰਵਾਸ ਦੇਣ ਲਈ ਚੰਗਾ ਸਾਂ ਪਰ ਚਾਲਾਂ ਚੱਲਣ ਵਿਚ ਵਧੀਆ ਨਹੀਂ ਸਾਂ। ਪੰਜਾਬ ਵਿਚ ਮੈਂ ਇਕ ਵੀ ਪੁਲਿਸ ਮੁਕਾਬਲੇ ਵਿਚ ਹਿੱਸਾ ਨਹੀਂ ਲਿਆ, ਨਾ ਕਦੇ ਆਪਣੀ ਟੁਕੜੀ ਨਾਲ ਜਾ ਕੇ ਸਾਥ ਦਿੱਤਾ। ਮੈਨੂੰ ਇਥੇ ਇਹ ਵੀ ਇਕਬਾਲ ਕਰਨ ਦਿਉ ਕਿ ਜਿੰਨਾ ਚਿਰ ਪੰਜਾਬ ਵਿਚ ਰਿਹਾ, ਮੈਂ ਇਕ ਵੀ ਖਾੜਕੂ ਦੀ ਤਫਤੀਸ਼ ਨਹੀਂ ਕੀਤੀ। ਜਿਹੜੀ ਸੂਚਨਾ ਮੇਰੇ ਕੋਲ ਆਉਂਦੀ, ਉਹ ਜ਼ਿਲ੍ਹਾ ਪੁਲਿਸ ਅਫਸਰਾਂ ਦੇ ਟੈਲੀਫੋਨਾਂ ਰਾਹੀਂ ਮਿਲਦੀ, ਜਾਂ ਫਿਰ ਮਾਸਿਕ ਮੀਟਿੰਗਾਂ ਵਿਚ ਹਾਸਲ ਹੁੰਦੀ ਜਿਹੜੀਆਂ ਮੈਂ ਨੇਮ ਨਾਲ ਹਰ ਮਹੀਨੇ ਜਲੰਧਰ ਵਿਚ ਕਰਦਾ ਸਾਂ।
(ਚਲਦਾ)
Leave a Reply