ਵਜੂਦ ਦੀ ਤਲਾਸ਼

ਗੁਰਚਰਨ ਕੌਰ ਥਿੰਦ, ਕੈਨੇਡਾ।
ਫੋਨ:403-293-2625
‘ਭਲਾ ਮਿਲਣਾ-ਵਿਛੜਨਾ ਕੁਦਰਤ ਦੀ ਖੇਡ ਹੈ?’ ਭਰੇ ਮੇਲੇ ਵਿਚ ਇੱਕ ਬੱਚੇ ਦੇ ਨੰਨ੍ਹੇ ਹੱਥੋਂ ਮਾਂ ਦੀ ਉਂਗਲ ਛੁੱਟ ਜਾਂਦੀ ਹੈ। ਉਸ ਡੌਰ-ਭੌਰ ਵੇਖਦਾ ਕਦੇ ਇਧਰ ਭੱਜਦਾ, ਕਦੇ ਉਧਰ ਦੌੜਦਾ। ਸਾਰੇ ਅਣਜਾਣ ਚਿਹਰੇ। ਉਸ ਉਚੀ-ਉਚੀ ਰੋਂਦਾ ਹਾਲੋਂ-ਬੇਹਾਲ ਹੋਈ ਜਾਂਦਾ।

ਕੋਈ ਹਮਦਰਦ ਉਸ ਨੂੰ ਵਰਾਉਂਦਾ ਉਸ ਦੀ ਮਾਂ ਤਕ ਪੁੱਜਦਾ ਕਰਦਾ। ਬੱਚੇ ਦਾ ਆਪਣੀ ਮਾਂ ਨਾਲ ਮੁੜ ਮਿਲਾਪ!… ਉਸ ਦੀਆਂ ਅੱਖਾਂ ਦੇ ਕੋਇਆਂ ’ਤੇ ਯਕਦਮ ਰੁਕ ਗਏ ਝਿਲਮਿਲਾਉਂਦੇ ਹੰਝੂ। ਮੂੰਹ `ਤੇ ਅੱਥਰੂਆਂ ਦੀਆਂ ਵਗੀਆਂ ਘਰਾਲਾਂ ਦੀਆਂ ਲਕੀਰਾਂ। ਉਸ ਦੇ ਅੰਦਰਲੀ ਹਲਚਲ, ਉਥਲ-ਪੁਥਲ ਅਤੇ ਆਖਰ ਮਿਲਾਪ ਦਾ ਸਕੂਨ। ਇਹ ਅਨੁਭਵ ਉਹ ਗੁਆਚਿਆ ਬੱਚਾ ਹੀ ਜਾਣਦਾ-ਮਹਿਸੂਸਦਾ ਹੈ, ਕੋਈ ਹੋਰ ਇਸ ਨੂੰ ਬਿਆਨ ਨਹੀਂ ਕਰ ਸਕਦਾ।…ਕਮਰੇ ਦੀ ਵੱਡੇ ਸ਼ੀਸ਼ੇ ਵਾਲੀ ਖਿੜਕੀ ਕੋਲ ਖੜੀ ਉਸ ਸ਼ੀਸ਼ੇ ਦੇ ਪਾਰ ਬਾਹਰਲੀ ਤੇਜ਼-ਤੇਜ਼ ਦੌੜੀ ਜਾਂਦੀ ਦੁਨੀਆਂ ਵੱਲ ਵੇਖਦੀ ਸੋਚਾਂ ਵਿਚ ਡੁੱਬੀ ਹੋਈ ਸੀ।
‘ਭਲਾ ਮੈਂ ਵੀ ਭਰੇ ਮੇਲੇ ਵਿਚ ਗੁਆਚ ਗਈ ਸਾਂ? ਮੇਰੀ ਮਾਂ ਦੀ ਉਂਗਲ ਮੇਰੇ ਹੱਥੋਂ ਛੁੱਟ ਗਈ ਸੀ ਜਾਂ ਛੁਡਾ ਦਿੱਤੀ ਗਈ ਸੀ?…ਮੈਂ ਕੌਣ ਹਾਂ? ਮੇਰਾ ਵਜੂਦ ਕੀ ਹੈ? ਮੇਰੀ ਅਸਲੀ ਪਛਾਣ ਕੀ ਹੈ? ਮੇਰੇ ਆਪਣੇ ਕੌਣ ਹਨ?…ਕਿੰਨੇ ਸਾਰੇ ਸੁਆਲ ਹਨ, ਜੋ ਮੇਰੇ ਜ਼ਿਹਨ ’ਚ ਖ਼ਲਬਲੀ ਮਚਾਈ ਰੱਖਦੇ ਹਨ।’ ਸੋਚ ਉਸ ਦੀਆਂ ਅੱਖਾਂ ਭਰ ਆਈਆਂ।
‘ਮੇਰੇ ਕੋਲ ਸਭ ਕੁੱਝ ਹੈ। ਰਹਿਣ ਲਈ ਸੋਹਣਾ ਘਰ। ਪਿਆਰ ਕਰਨ ਵਾਲਾ ਪਤੀ। ਪਿਆਰੀ ਜਿਹੀ ਬੇਟੀ ਪਰ ਫਿਰ ਵੀ ਕਦੇ-ਕਦੇ ਮਨ ਭਰ-ਭਰ ਡੁੱਲ੍ਹਣ ਨੂੰ ਕਰਦਾ ਹੈ। ਦੂਰ ਦਿਸਹੱਦੇ ਤੋਂ ਪਾਰ ਜਾ ਆਪਣੇ-ਆਪ ਨੂੰ ਤਲਾਸ਼ਣ ਦੀ ਹਿਰਸ ਹਾਵੀ ਹੋ ਜਾਂਦੀ ਹੈ। ਮੇਰੇ ਚੇਤਿਆਂ ਵਿਚ ੳਹ ਪਲ ਅਜੇ ਵੀ ਜਿਉਂ ਦੇ ਤਿਉਂ ਜੀਵੰਤ ਹਨ।’…ਮੈਂ ਤਿੰਨ ਕੁ ਸਾਲ ਦੀ ਹਾਂ। ਮੈਂ ਨਵੇਂ ਕੱਪੜੇ ਪਾਏ ਹੋਏ ਹਨ, ਜਿਹੜੇ ਮੈਂ ਕਦੇ ਕਦਾਈਂ ਪਾਉਂਦੀ ਹਾਂ। ਮੇਰੀ ਫ਼ੁੱਲਾਂ ਵਾਲੀ ਫ਼ਰਾਕ ਮੈਨੂੰ ਥੋੜ੍ਹੀ ਛੋਟੀ ਹੋ ਗਈ ਹੈ। ਮੈਂ ਆਪਣੇ ਨਿੱਕੇ*ਨਿੱਕੇ ਹੱਥਾਂ ਨਾਲ ਉਸ ਨੂੰ ਹੇਠਾਂ ਵੱਲ ਖਿੱਚ ਰਹੀ ਹਾਂ। ਸਾਡੇ ਕਮਰੇ ਵਿਚ ਇੱਕ ਪੁਲਿਸ ਵਾਲਾ ਆਇਆ ਹੈ। ਉਸ ਨਾਲ ਇੱਕ ਔਰਤ ਵੀ ਹੈ। ਉਹ ਮੈਨੂੰ ਬੜਾ ਪਿਆਰ ਕਰ ਰਹੇ ਹਨ। ਮੇਰੀ ਮਾਂ ਨੇ ਮੈਨੂੰ ਕਲ਼ਾਵੇ ਵਿਚ ਲੈ ਆਪਣੇ ਨਾਲ ਘੁੱਟ ਲਿਆ ਹੈ। ਉਹ ਰੋਈ ਜਾ ਰਹੀ ਹੈ। ਮੈਂ ਕਦੇ ਮਾਂ ਵੱਲ ਕਦੇ ਕੋਲ ਖੜ੍ਹੇ ਅਜਨਬੀਆਂ ਵੱਲ ਝਾਕ ਰਹੀ ਹਾਂ। ਆਖਰ ਉਸ ਨੇਕ ਦਿਸਦੀ ਔਰਤ ਨੇ ਮੈਨੂੰ ਮੇਰੀ ਮਾਂ ਦੀਆਂ ਬਾਹਵਾਂ ਤੋਂ ਵੱਖ ਕਰ ਆਪਣੀ ਗੋਦ ਵਿਚ ਲੈ ਲਿਆ ਹੈ।’…
‘…ਮੈਂ ਹੁਣ ਪੁਲਿਸ ਕਾਰ ਵਿਚ ਬੈਠੀ ਆਪਣੀ ਮਾਂ ਤੋਂ ਦੂਰ ਜਾ ਰਹੀ ਹਾਂ। ਮੈਨੂੰ ਸਮਝ ਨਹੀਂ ਲੱਗਦੀ ਉਹ ਮੈਨੂੰ ਮੇਰੀ ਮਾਂ ਤੋਂ ਦੂਰ ਕਿਉਂ ਲਿਜਾ ਰਹੇ ਹਨ। ਗਰਮੀ ਦਾ ਦਿਨ ਹੈ। ਕਾਰ ਦੀ ਸੀਟ ਦੇ ਗਰਮ ਲੋਹੇ ਨਾਲ ਮੇਰੀਆਂ ਲੱਤਾਂ ਸੜ ਰਹੀਆਂ ਹਨ ਪਰ ਮੈਂ ਅਬੋਲ ਹਾਂ। ਉਸ ਔਰਤ ਨੇ ਮੈਨੂੰ ਚੁੱਕ ਕੇ ਆਪਣੀ ਗੋਦੀ ਵਿਚ ਬਿਠਾ ਲਿਆ। ਮੈਨੂੰ ਥੋੜ੍ਹਾ ਸਕੂਨ ਮਿਲਿਆ। ਫਿਰ ਅਸੀਂ ਜਹਾਜ਼ ਵਿਚ ਸੁਆਰ ਹੋ ਗਏ। ਹੇਠਾਂ ਧਰਤੀ ’ਤੇ ਦੌੜੀਆਂ ਜਾਂਦੀਆਂ ਕਾਰਾਂ ਤੇ ਗੱਡੀਆਂ ਛੋਟੇ ਛੋਟੇ ਖਿਡੌਣੇ ਲੱਗਦੇ ਹਨ।’… ‘…ਹੁਣ ਮੈਂ ਇਕ ਵੱਡੇ ਸਾਰੇ ਘਰ `ਚ ਪਹੁੰਚ ਗਈ ਹਾਂ ਜਿਸ ਦੇ ਚੁਫ਼ੇਰੇ ਦੂਰ-ਦੂਰ ਤਕ ਖੇਤ ਹੀ ਖੇਤ ਹਨ। ਮੇਰੇ ਅਣਭੋਲ ਮਨ ਨੂੰ ਸਮਝ ਨਹੀਂ ਲੱਗਦੀ ਕਿ ਮੈਂ ਇੱਥੇ ਕਿਉਂ ਲਿਆਂਦੀ ਗਈ ਹਾਂ? ਮੇਰੇ ਲਈ ਇਹ ਨਵੀਂ ਜ਼ਿੰਦਗੀ ਕਿਸ ਨੇ ਚੁਣੀ ਤੇ ਕਿਉਂ ਚੁਣੀ ਹੈ? ਹੁਣ ਮੈਂ ਉਥੇ ਰਹਿਣ ਲੱਗ ਪਈ। ਆਪਣੀ ਮਾਂ ਤੋਂ ਦੂਰ। ਇਕ ਹੋਰ ਮੰਮੀ ਕੋਲ, ਜਿੱਥੇ ਮੇਰਾ ਇਕ ਪਾਪਾ ਵੀ ਹੈ। ਮੇਰੇ ਵਰਗੇ ਦੋ ਹੋਰ ਬੱਚੇ ਹਨ। ਜਦੋਂ ਮੈਂ ਆਪਣੀ ਮਾਂ ਕੋਲ ਰਹਿੰਦੀ ਸੀ ਤਾਂ ਮੇਰਾ ਕੋਈ ਬਾਪ ਨਹੀਂ ਸੀ। ਮੈਂ ਕਦੇ ਕਿਸੇ ਨੂੰ ਘਰ ਵਿਚ ਆਉਂਦੇ-ਜਾਂਦੇ ਨਹੀਂ ਵੇਖਿਆ ਸੀ। ਮੇਰੀ ਮਾਂ ’ਕੱਲ੍ਹੀ ਰਹਿੰਦੀ ਸੀ।’…‘ਉਸ ਆਪਣਾ ਸਿਰ ਝਟਕਿਆ। ਭਰ ਆਈਆਂ ਅੱਖਾਂ ਪੂੰਝੀਆਂ। ਆਪਣੇ ਭਰੇ-ਪੂਰੇ ਘਰ ਵੱਲ ਵੇਖਿਆ। ਦਿਵਾਰ `ਤੇ ਲਟਕਦੀ ਆਪਣੀ ਫੋਟੋ ਵੱਲ ਵੇਖਿਆ। ਉਹ ਕਾਲਾ ਗਾਊਨ ਤੇ ਸਿਰ ’ਤੇ ਟੋਪੀ ਪਾਈ ਖੜੀ ਹੈ। ਇਹ ਉਸ ਦੀ ਜਰਨਲਿਜ਼ਮ ਦੀ ਗ੍ਰੈਜੂਏਸ਼ਨ ਵੇਲੇ ਦੀ ਤਸਵੀਰ ਹੈ। ਐਸ ਵੇਲੇ ਉਹ ਇੱਕ ਜਾਣੀ-ਮਾਣੀ ਰਿਪੋਰਟਰ ਹੈ। ਉਸ ਦੀਆਂ ਨਿਗਾਹਾਂ ਇਸ ਫੋਟੋ `ਤੇ ਟਿਕ ਗਈਆਂ।
‘…ਪਰ ਇਥੋਂ ਤਕ ਦਾ ਮੇਰਾ ਸਫ਼ਰ ਸੁਖਾਲਾ ਨਹੀਂ ਸੀ। ਮੇਰੇ ਮਤਰੇਏ ਮਾਪੇ, ਜਿਨ੍ਹਾਂ ਮੈਨੂੰ ਅਡਾਪਟ ਕੀਤਾ ਸੀ ਜਾਂ ਖ਼ੌਰੇ ਸਰਕਾਰ ਨੇ ਮੈਨੂੰ ਜਬਰੀ ਅਡਾਪਟ ਕਰਵਾਇਆ ਸੀ, ਉਹ ਫਾਰਮ ਹਾਊਸ ਛੱਡ ਇੱਕ ਕਸਬੇ ਵਿਚ ਰਹਿਣ ਲਗ ਪਏ। ਇੱਥੇ ਹੋਰ ਗੋਰੇ ਪਰਿਵਾਰ ਸਨ। ਅਸੀਂ ਤਿੰਨੇ ਆਦੀਵਾਸੀ ਬੱਚੇ ਉਨ੍ਹਾਂ ਦੇ ਗੋਰੇ ਬੱਚਿਆਂ ਨਾਲੋਂ ਵਖਰੇ ਦਿਸਦੇ ਸਾਂ। ਸਾਡਾ ਕੱਦ-ਕਾਠ, ਭਰਵੀਂ ਡੀਲ-ਡੌਲ ਤੇ ਕਾਲੇ ਵਾਲ ਉਨ੍ਹਾਂ ਦੇ ਰੰਗ-ਰੂਪ ਤੇ ਹਲਕੇ ਭੂਰੇ ਵਾਲਾਂ ਨਾਲ ਮੇਲ ਨਹੀਂ ਸਨ ਖਾਂਦੇ। ਉਨ੍ਹਾਂ ਲਈ ਅਸੀਂ ਅਸੱਭਿਅਕ ਤੇ ਫੂਹੜ ਸਾਂ। ਵੀਹਵੀਂ ਸਦੀ ਦੇ ਸੱਠਵਿਆਂ ਦੇ ਦਹਾਕੇ ਵਿਚ ਇਹ ਗੋਰੇ ਲੋਕ ਸਾਡੇ ਵੱਲ ਹਿਕਾਰਤ ਨਾਲ ਵੇਖਣ ਤੋਂ ਗੁਰੇਜ਼ ਨਾ ਕਰਦੇ ਅਤੇ ਨਾ ਹੀ ਮੂੰਹੋਂ ਬੋਲ-ਕੁਬੋਲ ਕੱਢਣ ਤੋਂ ਝਿਜਕਦੇ। ਅਕਸਰ ਇਹ ਜਤਾਉਣ ਵਿਚ ਕਿ ‘ਅਸੀਂ ਤੁਹਾਨੂੰ ਆਦੀਵਾਸੀ ਹੋਣ ਦੇ ਬਾਵਜੂਦ ਕਬੂਲਿਆ ਹੈ’। ਉਹ ਮਾਣ ਕਰਦੇ, ਭਾਵੇਂ ਮੂੰਹੋਂ ਬੋਲ ਕੇ ਜਾਂ ਨਫ਼ਰਤ ਭਰਪੂਰ ਨਿਗਾਹਾਂ ਨਾਲ ਝਾਕ ਕੇ। ਮੇਰਾ ਨਿੱਕਾ ਜਿਹਾ ਦਿਮਾਗ ਇਸ ਸਭ ਨੂੰ ਸਮਝ ਲੈਂਦਾ ਪਰ ਕੋਈ ਪ੍ਰਤੀਕਿਰਿਆ ਨਾ ਕਰਦਾ।
ਤੇ ਮੈਂ!…ਮੈਨੂੰ ਚੇਤੇ ਆਉਂਦਾ ਹੈ ਕਿਵੇਂ ਆਪਣਾ ਪੂਰਾ ਜ਼ੋਰ ਲਾਉਂਦੀ ਰਹਿੰਦੀ ਸੀ, ਇਨ੍ਹਾਂ ਲੋਕਾਂ ਵਰਗੀ ਬਣਨ ਦਾ। ਕੁੱਝ ਵੀ ਅਜਿਹਾ ਨਾ ਕਰਨ ਦਾ ਜਿਸ ਕਾਰਨ ਮੈਂ ਓਪਰੀ ਲੱਗਾਂ। ਉਂਜ ਮੈਨੂੰ ਹਰ ਵੇਲੇ ਅਹਿਸਾਸ ਰਹਿੰਦਾ ਸੀ…ਮੈਂ ਉਨ੍ਹਾਂ ਵਰਗੀ ਨਹੀਂ ਹਾਂ। ਇਨ੍ਹਾਂ ਤੋਂ ਵੱਖਰੀ ਤਰ੍ਹਾਂ ਦੀ ਹਾਂ ਪਰ ਮੈਂ ਹਾਂ ਕੌਣ? ਮੇਰਾ ਅੰਦਰਲਾ ਮੈਨੂੰ ਕਚੋਟਦਾ ਸੀ।
ਮੈਂ (1968 ਵਿਚ) ਛੇਵੀਂ ਜਮਾਤ ਵਿਚ ਪੜ੍ਹਦੀ ਸਾਂ। ਸਾਡੀ ਇਤਿਹਾਸ ਦੀ ਕਿਤਾਬ ਵਿਚ ਆਦੀਵਾਸੀਆਂ ਬਾਰੇ ਇਕ ਚੈਪਟਰ ਸੀ। ਉਹ ਪੜ੍ਹਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ‘ਚਿਪੇਵਾਇਨ’ ਕਬੀਲੇ ਨਾਲ ਸਬੰਧਤ ਹਾਂ। ਮੇਰੇ ਕੋਲੋਂ ਇਹ ਸ਼ਬਦ ਸਹੀ ਨਹੀਂ ਬੋਲਿਆ ਗਿਆ ਸੀ ਤਾਂ ਇਕ ਗੋਰੇ ਜਮਾਤੀ ਨੇ ਜਦੋਂ ਕਿਹਾ, ‘ਵੇਖੋ, ਬੈਟੀ ਕੋਲੋਂ ਆਪਣੇ ਲੋਕਾਂ ਦਾ ਨਾਂ ਵੀ ਸਹੀ ਨਹੀਂ ਬੋਲਿਆ ਜਾਂਦਾ!’ ਮੈਂ ਘਬਰਾਹਟ ਅਤੇ ਸ਼ਰਮ ਨਾਲ ਪਾਣੀ-ਪਾਣੀ ਹੋ ਗਈ ਸਾਂ। ‘ਮੇਰੇ ਕੋਲੋਂ ਆਪਣੇ ਹੀ ਵਜੂਦ ਦਾ ਨਾਂ ਨਹੀਂ ਬੋਲਿਆ ਜਾਂਦਾ? ਕਿਉਂ? ਕਿਉਂ? ਜਦੋਂ ਕਿ ਬੇਗਾਨੇ’…! ਮੈਂ ਆਪਣੀ ਬੇਵਸੀ ਅਤੇ ਮਜਬੂਰੀ ’ਤੇ ਗੁੱਸੇ ਨਾਲ ਕੰਬ ਰਹੀ ਸਾਂ।’ ਉਸ ਨੇ ਆਪਣੇ ਕੰਬਦੇ ਹੱਥਾਂ ਨਾਲ ਆਪਣੇ ਮੱਥੇ ਨੂੰ ਟਟੋਲਿਆ ਜਿਵੇਂ ਉਸ ਸ਼ਰਮ ਦੇ ਅਹਿਸਾਸ ਨੂੰ ਪੂੰਝ ਰਹੀ ਹੋਵੇ। ਉਹ ਖਿੜਕੀ ਤੋਂ ਪਾਸੇ ਹਟ ਕੋਲ ਪਈ ਕੁਰਸੀ ’ਤੇ ਬੈਠ ਕਿਤਾਬ ਚੁੱਕ ਉਸ ਦੇ ਪੰਨੇ ਪਲਟਣ ਲੱਗ ਪਈ। ਇਕ ਅਚਵੀ ਜਿਹੀ ਉਸ ਨੂੰ ਚੈਨ ਨਹੀਂ ਲੈਣ ਦੇ ਰਹੀ ਸੀ।
‘‘…ਚਾਹੇ ਜੋ ਵੀ ਸੀ, ਮੇਰੇ ਅੰਦਰ ਆਪਣੇ ਲੋਕਾਂ ਬਾਰੇ ਜਾਣਨ ਦੀ ਖੁਤਖੁਤੀ ਹਮੇਸ਼ਾ ਰਹਿੰਦੀ। ਦੋ ਕੁ ਸਾਲ ਬਾਅਦ ਮੈਨੂੰ ਲਾਇਬ੍ਰੇਰੀ ਵਿਚੋਂ ਇਕ ਛੋਟਾ ਜਿਹਾ ਪੈਂਫਲਿਟ ਲੱਭਾ, ਜਿਸ ਵਿਚ ‘ਚਿਪੇਵਾਇਨ’ ਕਬੀਲੇ ਬਾਰੇ ਅੱਧੇ ਕੁ ਪੰਨੇ ਦੀ ਜਾਣਕਾਰੀ ਦਾ ਮੂਲਸਾਰ ਨਿਕਲਦਾ ਸੀ ਕਿ ‘ਇਹ ਲੋਕ ਬੜੇ ਖੂੰਖ਼ਾਰ ਤੇ ਲੜਾਕੇ ਹਨ। ਇਹ ਘੁਮੱਕੜ ਹਨ, ਇਕ ਥਾਂ ਟਿਕ ਕੇ ਨਹੀਂ ਰਹਿੰਦੇ। ਆਪਣੇ ਕਮਜ਼ੋਰ ਤੇ ਬਿਮਾਰ ਲੋਕਾਂ ਨੂੰ, ਜਿਹੜੇ ਤੁਰਨ-ਫਿਰਨ ਤੋਂ ਆਰੀ ਹੋ ਜਾਂਦੇ ਹਨ, ਆਪਣੇ ਕਬੀਲੇ ’ਚੋਂ ਬਾਹਰ ਕੱਢ ਦੇਂਦੇ ਹਨ।’ ਇਹ ਪੜ੍ਹ ਕੇ ਮੇਰਾ ਮਨ ਖੱਟਾ ਹੋ ਗਿਆ। ਮੇਰੇ ਅੰਦਰ ਪਹਿਲੀ ਵਾਰ ਉਨ੍ਹਾਂ ਪ੍ਰਤੀ ਨਫ਼ਰਤ ਦਾ ਅਹਿਸਾਸ ਪਨਪਣ ਲੱਗਾ। ਮੈਂ ਹਤਾਸ਼ ਹੋ ਆਪਣੇ ਆਪ ਨੂੰ ਇਨ੍ਹਾਂ ਨਾਲੋਂ ਵੱਖ ਕਰੀ ਰੱਖਣ ਦਾ ਜਿਵੇਂ ਪ੍ਰਣ ਕਰ ਲਿਆ ਹੋਵੇ। ਜਿਨ੍ਹਾਂ ਲੋਕਾਂ ਵਿਚ ਰਹਿੰਦੀ ਸੀ, ਮੈਂ ਹੋਰ ਜ਼ਿਆਦਾ ਉਨ੍ਹਾਂ ਵਰਗਾ ਬਣਨ ਦਾ ਯਤਨ ਕਰਨ ਲੱਗ ਪਈ।’ ਉਹ ਆਪਣੇ ਅਤੀਤ ਦੇ ਪੰਨਿਆਂ `ਤੇ ਪਿੱਛਲ-ਝਾਤ ਮਾਰਦੀ ਆਪਣੇ ਚੇਤਿਆਂ ਦੀਆਂ ਉਚਾਣਾਂ-ਨਿਵਾਣਾਂ ਵਿਚ ਉਲਝੀ ਹੋਈ ਸੀ।
‘…ਹਾਂਅ! ਪਰ ਪਹਿਲੀ ਵਾਰ ਮੇਰਾ ਮਨ ਬੱਲੀਆਂ ਉਛਲਿਆ ਸੀ, ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਇੱਕ ਭੈਣ ਹੈ। ਉਦੋਂ ਮੈਂ ਆਪਣੀ ਸਕੂਲੀ ਪੜ੍ਹਾਈ ਖਤਮ ਕਰ ਲਈ ਸੀ। ਇਕ ਦਿਨ ਸੋਸ਼ਲ ਵਰਕਰ ਨੇ ਮੇਰੇ ਮੰਮੀ ਨੂੰ ਫੋਨ ਕਰ ਕੇ ਮੇਰੀ ਇੱਕ ਭੈਣ ਰੋਜ਼ੇਲ ਬਾਰੇ ਜਾਣਕਾਰੀ ਦਿੱਤੀ। ਉਸ ਨੂੰ ਜਨਮ ਵੇਲੇ ਹੀ ਮੇਰੀ ਮਾਂ ਤੋਂ ਵੱਖ ਕਰ ਕਿਸੇ ਗੋਰੇ ਪਰਿਵਾਰ ਨੂੰ ਦੇ ਦਿੱਤਾ ਗਿਆ ਸੀ। ਉਹ ਹੁਣ ਮਸਾਂ ਸਾਡੇ ਤੋਂ ਡੇਢ ਸੌ ਕਿਲੋਮੀਟਰ ਦੀ ਦੂਰੀ `ਤੇ ਰਹਿੰਦੇ ਸਨ। ਪਹਿਲੀ ਵਾਰ ਮੈਨੂੰ ਕਿਸੇ ਆਪਣੇ ਦੇ ਹੋਣ ਦਾ ਅਹਿਸਾਸ ਹੋਇਆ ਸੀ। ਮੈਂ ਉਸ ਨੂੰ ਮਿਲਣਾ ਚਾਹੁੰਦੀ ਸੀ। ਉਸ ਨੂੰ ਵੇਖਣ ਲਈ ਤੜਪ ਰਹੀ ਸੀ ਪਰ ਅਫਸੋਸ! ਮੈਂ ਉਸ ਨੂੰ ਉਸੇ ਵੇਲੇ ਮਿਲ ਨਹੀਂ ਸਕਦੀ ਸੀ। ਅਜੇ ਸੌ ਪ੍ਰਕਾਰ ਦੀਆਂ ਸਰਕਾਰੀ ਕਾਰਵਾਈਆਂ ਦੀਆਂ ਵਲਗਣਾਂ ਪਾਰ ਕਰਨੀਆਂ ਪੈਣੀਆਂ ਸਨ।
ਇਕ ਸ਼ਾਦੀ ਦੇ ਮੌਕੇ ਸਾਡੇ ਪਰਿਵਾਰ ਦੇ ਇੱਕ ਜਾਣਕਾਰ ਨੇ ਮੈਨੂੰ ਦੱਸਿਆ, ‘ਬੈਟੀ, ਤੇਰੀ ਭੈਣ ਮੇਰੀ ਕਜ਼ਨ ਹੈ। ਉਹ ਮੇਰੀ ਆਂਟੀ ਕੋਲ ਰਹਿੰਦੀ ਹੈ। ਉਹ ਗੋਲ-ਮਟੋਲ ਜਿਹੀ ਬੜੀ ਪਿਆਰੀ ਹੈ।’ ਤਾਂ ਮੇਰਾ ਮਨ ਮਸੋਸ ਕੇ ਰਹਿ ਗਿਆ ਸੀ। ਮੈਂ ਧੁਰ ਅੰਦਰ ਤਕ ਵਲੂੰਧਰੀ ਗਈ ਸੀ।’…‘ਮੇਰੀ ਭੈਣ ਬਾਰੇ ਮੈਨੂੰ ਪਤਾ ਨਹੀਂ ਪਰ ਕੋਈ ਹੋਰ ਉਸ ਨੂੰ ਜਾਣਦਾ ਹੈ? ਮੈਨੂੰ ਉਸ ਬਾਰੇ ਕਿਉਂ ਨਹੀਂ ਪਤਾ?… ਉਸ ਬਾਰੇ ਕਿਸੇ ਹੋਰ ਨੂੰ ਮੇਰੇ ਨਾਲੋਂ ਵੱਧ ਪਤਾ ਹੈ ਅਤੇ ਉਹ ਉਸ ਦਾ ਰਿਸ਼ਤੇਦਾਰ ਹੈ। ਮੈਂ ਜੋ ਉਸ ਦੀ ਆਪਣੀ ਹਾਂ, ਮੇਰਾ ਕੋਈ ਰਿਸ਼ਤਾ ਈ ਨਹੀਂ ਉਸ ਨਾਲ? ਇਹ ਲੋਕ ਮੇਰੇ ਨਾਲੋਂ ਪਹਿਲਾਂ ਮੇਰੀ ਭੈਣ ਬਾਰੇ ਜਾਣਦੇ ਹਨ। ਕਿਉਂ? ਕਿਉਂ?’ ਤੇ ਮੈਂ ਰੋਂਦੀ ਹੋਈ ਕਮਰੇ ਤੋਂ ਬਾਹਰ ਆ ਗਈ ਸੀ।
ਆਖ਼ਰ ਦੋ ਕੁ ਮਹੀਨੇ ਬਾਅਦ ਮੈਂ ਆਪਣੀ ਭੈਣ ਨੂੰ ਮਿਲੀ। ਗਿਆਰਾਂ ਕੁ ਸਾਲ ਦੀ ਗੁਗਲੂ ਜਿਹੀ ਰੋਜ਼ੇਲ ਨੂੰ ਜੱਫੀ ’ਚ ਲੈ ਮੈਨੂੰ ਸਕੂਨ ਮਿਲਿਆ। ‘ਇਹ ਮੇਰੀ ਆਪਣੀ ਹੈ। ਸਾਡੀਆਂ ਰਗਾਂ ਵਿਚ ਇਕੋ ਖੂਨ ਦੌੜਦਾ ਹੈ। ਸਾਡੇ ਹੱਥ-ਪੈਰ, ਸਾਡੀ ਮੁਸਕਰਾਹਟ ਕਿੰਨੀ ਰਲਦੀ ਹੈ! ਅਸੀਂ ਇਕੋ ਪਰਿਵਾਰ ਦੀਆਂ ਹਾਂ। ਸਾਡੀਆਂ ਜੜ੍ਹਾਂ ਸਾਂਝੀਆਂ ਹਨ। ਆਖਰ ਮੈਂ ਕਿਸੇ ਨੂੰ ਨਿਰੋਲ ਆਪਣਾ ਆਖ ਸਕਦੀ ਹਾਂ। ਮੇਰੇ ਵਜੂਦ ਦੀ ਪਛਾਣ ਦਾ ਇੱਕ ਅੰਸ਼ ਮੇਰੇ ਸਾਹਮਣੇ ਹੈ, ਮੇਰੇ ਆਗੋਸ਼ ਵਿਚ ਹੈ।’ ਮੈਂ ਦੱਸ ਨਹੀਂ ਸਕਦੀ ਮੈਂ ਉਸ ਵੇਲੇ ਕੀ ਮਹਿਸੂਸਿਆ ਸੀ। ਮੇਰੀ ਪਿਆਸ ਨੂੰ ਉਸ ਘੜੀ ਜਿਵੇਂ ਸਵਾਂਤ ਬੂੰਦ ਮਿਲ ਗਈ ਹੋਵੇ।
ਹੁਣ ਅਸੀਂ ਦੋਵੇਂ ਭੈਣਾਂ ਚਿੱਠੀਆਂ ਦਾ ਆਦਾਨ-ਪ੍ਰਦਾਨ ਕਰਦੀਆਂ। ਕਦੇ-ਕਦਾਈਂ ਮਿਲਦੀਆਂ ਵੀ ਪਰ ਮੇਰੇ ਅੰਦਰਲੀ ਖੋਹ ਨੂੰ ਅਜੇ ਚੈਨ ਨਹੀਂ ਸੀ। ਰੋਜ਼ੇਲ ਵੀ ਮੇਰੇ ਵਾਂਗ ਆਪਣੀਆਂ ਜੜ੍ਹਾਂ ਤੋਂ ਉਖੜੀ ਹੋਈ ਸੀ।’…‘ਸਾਡਾ ਸਾਂਝਾ ਮੂਲ ਕੀ ਹੈ? ਕਿੱਥੇ ਹੈ?’ ਇਹ ਸੁਆਲ ਹਰ ਪਲ ਮੈਨੂੰ ਕਚੋਟਦਾ ਰਹਿੰਦਾ। ‘ਅਸੀਂ ਭੈਣਾਂ ਜ਼ਰੂਰ ਹਾਂ ਪਰ ਸਾਡੀ ਕੋਈ ਵੀ ਯਾਦ ਸਾਂਝੀ ਨਹੀਂ ਹੈ। ਸਾਡਾ ਬਚਪਨ, ਸਾਡੀਆਂ ਖੇਡਾਂ, ਨਿੱਕੇ ਹੁੰਦਿਆਂ ਇੱਕ ਦੂਜੇ ਨਾਲ ਝਾਟਮ-ਝੂਟੇ ਹੋਣਾ ਕੁਝ ਵੀ ਚੇਤਿਆਂ ’ਚ ਸਾਂਭਣ ਜੋਗਾ ਨਹੀਂ ਹੈ।’…ਤੇ ਹੁਣ ਮੇਰੀ ਆਪਣੇ ਵਜੂਦ ਦੇ ਤਲਾਸ਼ ਦੀ ਪਿਆਸ ਹੋਰ ਤਖੇਰੀ ਹੁੰਦੀ ਗਈ। ਮੇਰਾ ਦਿਲ ਕਰਦਾ ਕਿ ਕਾਸ਼! ਕੋਈ ਕ੍ਰਿਸ਼ਮਾ ਵਾਪਰ ਜਾਵੇ।
‘…ਤੇ ਮੈਂ ਉਨੀ ਵਰ੍ਹਿਆਂ ਦੀ ਸੀ। ਉਦੋਂ ਮੈਂ ਡੈਂਟਲ ਅਸਿਸਟੈਂਟ ਦੀ ਪੜ੍ਹਾਈ ਕਰ ਰਹੀ ਸੀ। ਮੇਰੀ ਟਰੇਨਿੰਗ ਯੂਰੇਨੀਅਮ ਨਾਂ ਦੇ ਕਸਬੇ ਵਿਚ ਲੱਗਣੀ ਤੈਅ ਹੋਈ, ਜੋ ਸੰਜੋਗ ਨਾਲ ਮੇਰੀ ਜੰਮਣ-ਭੌਂ ਸੀ। ਮੈਂ ਕੁਝ ਭਾਲ ਲੈਣ ਦੀ ਖੁਸ਼ੀ ਨਾਲ ਉਛਲ ਪਈ। ਉਥੇ ਮੈਂ ਆਪਣੇ ਸੁਪਵਾਈਜ਼ਰ ਨਾਲ ਉਸ ਦੇ ਘਰ ਹੀ ਰਹਿਣ ਲੱਗੀ। ਇੱਕ ਦਿਨ ਮੈਂ ਝਕਦੇ-ਝਕਦੇ ਆਪਣੀ ਸਾਰੀ ਕਹਾਣੀ ਸੁਪਰਵਾਈਜ਼ਰ ਨੂੰ ਕਹਿ ਸੁਣਾਈ। ਅਗਲੇ ਹੀ ਦਿਨ ਉਸ ਮੈਨੂੰ ਕਾਲੇ ਰੰਗ ਦੀ ਜਿਲਦ ਵਾਲਾ ਇੱਕ ਮੋਟਾ ਰਜਿਸਟਰ ਲਿਆ ਦਿੱਤਾ। ਇਹ ਆਲੇ-ਦੁਆਲੇ ਦੇ ਵਸਨੀਕਾਂ ਦੇ ਜਨਮ-ਮੌਤ ਦੇ ਅੰਦਰਾਜਾਂ ਦਾ ਰਿਕਾਰਡ ਸੀ। ਮੈਂ ਤੇ ਮੇਰੀ ਸੁਪਰਵਾਈਜ਼ਰ ਨੇ ਮਿਲ ਕੇ ਉਸ ਰਜਿਸਟਰ ਨੂੰ ਫਰੋਲਿਆ। ਮੈਂ ਖੁਸ਼ੀ ਨਾਲ ਲਗਭਗ ਚੀਕ ਹੀ ਪਈ, ਜਦੋਂ ਇੱਕ ਕਾਲਮ ਵਿਚ ਮੈਂ ਆਪਣੀ ਮਾਂ ਦਾ ਨਾਂ ਵੇਖਿਆ’…ਮੈਰੀ ਜੇਨ ਐਡਮ। ਉਸ ਦੇ ਹੇਠਾਂ ਮੇਰਾ ਨਾਂ ਤੇ ਮੇਰੀ ਜਨਮ ਮਿਤੀ ਸੀ ਅਤੇ ਨਾਲ ਮੇਰੇ ਤਿੰਨ ਭੈਣ ਭਰਾਵਾਂ’…ਐਸਥਰ, ਰੋਜ਼ੇਲ ਅਤੇ ਬੈਨ ਦੇ ਵੇਰਵੇ ਲਿਖੇ ਹੋਏ ਸਨ। ਪਹਿਲੀ ਵਾਰ ਮੈਂ ਆਪਣਾ ਨਾਂ ਇੱਕ ਪਰਿਵਾਰ ਵਿਚ ਸੰਮਲਿਤ ਵੇਖਿਆ। ਮੈਂ ਠੱਗੀ ਜਿਹੀ ਬੈਠੀ ਸਾਂ। ‘ਮੇਰਾ ਇਕ ਭਰਾ ਵੀ ਹੈ ਤੇ ਮੇਰੇ ਤੋਂ ਛੋਟੀ ਇਕ ਹੋਰ ਭੈਣ ਵੀ ਹੈ।’ ਮੈਨੂੰ ਆਪਣੀ ਭੈਣ ਐਸਥਰ ਦੇ ਜਨਮ ਦਾ ਤਾਂ ਚੇਤਾ ਵੀ ਨਹੀਂ। ਇਨ੍ਹਾਂ ਵੇਰਵਿਆਂ ਦੇ ਹਿਸਾਬ ਨਾਲ ਮੈਂ ਉਦੋਂ ਦੋ ਕੁ ਸਾਲ ਦੀ ਹੋਵਾਂਗੀ ਜਦੋਂ ਐਸਥਰ ਦਾ ਜਨਮ ਹੋਇਆ। ਉਹ ਮਸਾਂ ਤਿੰਨ ਕੁ ਮਹੀਨਿਆਂ ਦੀ ਸੀ, ਜਦੋਂ ਉਸ ਨੂੰ ਮੇਰੀ ਮਾਂ ਤੋਂ ਜੁਦਾ ਕਰ ਦਿੱਤਾ ਗਿਆ ਸੀ। ਫਿਰ ਭਲਾ ਮੈਨੂੰ ਕਿਵੇਂ ਕੁਝ ਯਾਦ ਰਹਿਣਾ ਸੀ!
…ਖ਼ੈਰ ਜੋ ਵੀ ਸੀ, ਉਸ ਵੇਲੇ ਇਨ੍ਹਾਂ ਆਪਣਿਆਂ ਦੇ ਹੋਣ ਦਾ ਅਹਿਸਾਸ ਮੈਨੂੰ ਧੁਰ ਅੰਦਰ ਤਕ ਭਰ ਗਿਆ। ਬੇਸ਼ਕ ਉਨ੍ਹਾਂ ਅੰਦਰਾਜਾਂ ਤੋਂ ਉਨ੍ਹਾਂ ਦੇ ਥਾਂ ਟਿਕਾਣੇ ਦਾ ਕੋਈ ਪਤਾ ਨਹੀਂ ਚਲਦਾ ਸੀ ਪਰ ਉਹ ਕਿਤੇ ਨਾ ਕਿਤੇ ਤਾਂ ਹੋਣਗੇ ਹੀ! ਉਸ ਪਲ ਇਹ ਸੋਚ ਹੀ ਮੇਰੇ ਸਕੂਨ ਲਈ ਕਾਫ਼ੀ ਸੀ। ਉਂਜ ਮੈਂ ਸਾਰਿਆਂ ਦੇ ਨਾਂ ਤੇ ਜਨਮ ਤਰੀਕਾਂ ਨੋਟ ਕਰ ਲਈਆਂ। ਹੁਣ ਮੇਰੇ ਕੋਲ ਕੁਝ ਸੀ, ਜੋ ਨਿਰੋਲ ਮੇਰਾ ਆਪਣਾ ਸੀ। ਮੈਂ ਹਮੇਸ਼ਾ ਚਾਹੰੁਦੀ ਸੀ ‘ਮੈਂ ਕੌਣ ਹਾਂ?’ ਮੈਂ ਹੁਣ ਤਕ ‘ਇੰਡੀਅਨਜ਼’ ‘ਮੂਲਵਾਸੀ’ ‘ਆਦੀਵਾਸੀ’ ਨਾਵਾਂ ਤੋਂ ਤ੍ਰਹਿੰਦੀ ਰਹੀ ਸੀ। ਮੈਂ ਆਪਣੇ ਆਪ ਨੂੰ ਗੋਰਿਆਂ ਦੀ ਦੁਨੀਆ ਵਿਚ ਸਮਾ ਲਿਆ ਸੀ। ਉਨ੍ਹਾਂ ਵਰਗਾ ਬਣਾ ਲਿਆ ਸੀ। ਉਨ੍ਹਾਂ ਦੀ ਬੋਲੀ, ਉਨ੍ਹਾਂ ਦਾ ਰਹਿਣ-ਸਹਿਣ ਅਪਣਾ ਲਿਆ ਸੀ। ਮੈਨੂੰ ਆਪਣੇ ਮੂਲ ਨਾਲ ਜੁੜਨ ਲਈ, ਆਦਿਵਾਸੀ ਕਹਾਉਣ ਤੇ ਮਹਿਸੂਸਣ ਲਈ ਲੰਮੀ ਜੱਦੋ-ਜਹਿਦ ਕਰਨੀ ਪੈਣੀ ਸੀ। ਅਜੇ ਮੇਰੇ ਪੈਰਾਂ ਨੇ ਆਪਣੀ ਅਸਲੀ ਪਛਾਣ ਤਕ ਪਹੁੰਚਣ ਲਈ ਲੰਮਾ ਪੈਂਡਾ ਤੈਅ ਕਰਨਾ ਸੀ।’ ਬੈਟੀ ਨੇ ਆਪਣਾ ਝੁਕਿਆ ਸਿਰ ਉਪਰ ਚੁੱਕਿਆ, ਮੱਥੇ ਨੂੰ ਦੋਵਾਂ ਹੱਥਾਂ ਨਾਲ ਪੋਲਾ-ਪੋਲਾ ਘੁੱਟਿਆ ਅਤੇ ਧੌਣ ਦੇ ਅਕੜਾਅ ਨੂੰ ਢਿੱਲਾ ਕਰਨ ਖਾਤਰ ਇਧਰ-ਉਧਰ ਘੁਮਾਇਆ। ਉਸ ਦੀ ਨਜ਼ਰ ਉਸ ਦੇ ਆਪਣੇ ਪਰਿਵਾਰ ਦੀ ਫੋਟੋ `ਤੇ ਟਿਕ ਗਈ। ਉਹ, ਉਸ ਦਾ ਪਤੀ ਤੇ ਛੇ ਕੁ ਸਾਲ ਦੀ ਉਨ੍ਹਾਂ ਦੀ ਧੀ ਦੀ ਫੋਟੋ। ਉਸ ਨੂੰ ਆਪਣੇ ਇਸ ਪਰਿਵਾਰ ਨਾਲ, ਆਪਣੀ ਮਾਨਸਿਕ ਦੁਬਿਧਾ ਕਾਰਨ ਕੀਤੀ ਅਣਗਹਿਲੀ `ਤੇ ਰੰਜ ਹੋਇਆ। ਉਸ ਡੂੰਘਾ ਸਾਹ ਲਿਆ। ਇੱਕ ਹਓਕਾ ਉਸ ਦੇ ਗਲ਼ ਵਿਚ ਅਟਕ ਕੇ ਰਹਿ ਗਿਆ।
ਮੈਂ, ਮੇਰੀ ਮਾਂ, ਮੇਰੇ ਭੈਣ ਭਰਾ…ਅਸੀਂ ਇਕ ਪਰਿਵਾਰ ਵਾਂਗ ਰਹਿਣ ਤੋਂ ਵਾਂਞੇ ਰਹਿ ਗਏ। ਸਾਡਾ ਬਚਪਨ ਰੁਲ਼ ਗਿਆ ਪਰ ਮੇਰੀ ਮਾਂ ਦਾ ਦਰਦ, ਮੇਰੀ ਮਾਂ ਦਾ ਆਪਣੇ ਬੱਚਿਆਂ ਤੋਂ ਜੁਦਾਈ ਦੀ ਪੀੜ ਦਾ ਅਹਿਸਾਸ ਮੈਨੂੰ ਧੁਰ ਅੰਦਰ ਤਕ ਚੀਰਦਾ ਰਹਿੰਦਾ ਸੀ।
ਸਭਿਅਕ ਬਣਾਉਣ ਦੇ ਨਾਂ ’ਤੇ ਆਦਿਵਾਸੀਆਂ ਦੇ ਬੱਚਿਆਂ ਨੂੰ ਜਬਰੀ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ‘ਰੈਜ਼ੀਡੈਂਸ਼ੀਅਲ ਸਕੂਲਾਂ’ ਵਿਚ ਰਹਿਣ ਲਈ ਮਜਬੂਰ ਕਰਨਾ। ਉਨ੍ਹਾਂ ਦੀ ਬੋਲੀ, ਉਨ੍ਹਾਂ ਦੇ ਸਭਿਆਚਾਰ ਤੋਂ ਵੱਖ ਕਰ ਉਨ੍ਹਾਂ ਦੇ ਵਜੂਦ ਨੂੰ ਮਿਟਾਉਣ ਦੇ ਕੋਝੇ ਯਤਨ ਕਰਨਾ। ਉਨ੍ਹਾਂ ਨੂੰ ਗੋਰਿਆਂ ਦੁਆਰਾ ਗੋਰਿਆਂ ਦੀ ਪੜ੍ਹਾਈ ਕਰਵਾ ਉਨ੍ਹਾਂ ਦੇ ਮੂਲ ਨੂੰ ਛੁਟਿਆਉਣ ਦੇ ਉਪਰਾਲੇ ਕਰਨਾ। ਇੱਕ ਡੂੰਘੀ ਸਾਜਿ਼ਸ਼!…ਸੌ ਸਾਲ ਤੋਂ ਵੀ ਵੱਧ ਸਮੇਂ ਤਕ, ਕਈ ਪੀੜ੍ਹੀਆਂ ਇਨ੍ਹਾਂ ਸਕੂਲਾਂ ਵਿਚ ਰਹਿ ਆਪਣੇ ਮਾਪਿਆਂ, ਆਪਣੀ ਬੋਲੀ, ਆਪਣਾ ਸਭਿਆਚਾਰ ਭੁੱਲ ਨਵੇਂ ਸਿਖਾਏ ਗਏ ਸਭਿਅਕ ਸਮਾਜ ਦੇ ਵਾਸੀਆਂ ਦੇ ਨਾਂ `ਤੇ ਸਮਾਜਿਕ ਟੁੱਟ-ਭੱਜ ਦਾ ਸ਼ਿਕਾਰ ਹੁੰਦੇ ਗਏ। ਨਤੀਜਾ!…ਨਸ਼ੇੜੀਆਂ, ਨਿਕੰਮਿਆਂ ਤੇ ਨਿਆਸਰਿਆਂ ਦੀ ਨਵੀਂ ਨਸਲ ਦਾ ਹੋਂਦ ਵਿਚ ਆਉਣਾ ਅਤੇ ਇੰਡੀਜੀਨਸ ਕਹੇ ਜਾਣ ਵਾਲਿਆਂ ਦੀਆਂ ਕਈ ਸਭਿਆਚਾਰਾਂ ਦਾ ਮੂਲੋਂ ਹੀ ਖਾਤਮਾ।’
ਮੇਰੀ ਮਾਂ ਇਸ ਸਭ ਕੁਝ ਦਾ ਸ਼ਿਕਾਰ ਹੋਈ। ਉਹ ਬਹੁਤ ਛੋਟੀ ਸੀ ਜਦੋਂ ਉਸ ਨੂੰ ਰੈਜ਼ੀਡੈਂਸ਼ੀਅਲ ਸਕੂਲ ਭੇਜ ਦਿੱਤਾ ਗਿਆ। ਉਹ ਅੱਲ੍ਹੜ ਸੀ ਜਦ ਉਹ ਸਕੂਲ ਛੱਡ ਬਾਹਰ ਦੀ ਦੁਨੀਆ ਵਿਚ ਆ ਸ਼ਾਮਲ ਹੋਈ। ਪੜ੍ਹੀ-ਲਿਖੀ ਕਹੀ ਜਾਣ ਕਰਕੇ ਉਹ ਮੁੜ ਕਦੇ ਆਪਣੇ ਫੂਹੜ ਕਹੇ ਜਾਣ ਵਾਲੇ ਮਾਪਿਆਂ ਕੋਲ ਨਹੀਂ ਗਈ। ਕਹਿੰਦੇ ਨੇ ਨਾ ਕਿ ‘ਕਾਂ ਹੰਸਾਂ ’ਚ ਗਿਆ, ਨਾ ਉਹ ਹੰਸ ਬਣ ਸਕਿਆ ਨਾ ਕਾਵਾਂ ਜੋਗਾ ਰਿਹਾ’ ਮੇਰੀ ਮਾਂ ਨਾਲ ਵੀ ਅਜਿਹਾ ਹੀ ਵਾਪਰਿਆ ਹੋਣੈ। ਉਹ ਸਭਿਅਕ ਕਹੇ ਜਾਣ ਵਾਲੇ ਸਮਾਜ ਵਿਚ ਸਭਿਅਕ ਜ਼ਿੰਦਗੀ ਜਿਉਂਦੀ ‘ਸਿੰਗਲ ਮਦਰ’ ਵਜੋਂ ਵਿਚਰਦੀ ਆਪਣੇ ਕਿਸੇ ਵੀ ਬੱਚੇ ਨੂੰ ਲਾਡ ਨਾ ਲਡਾ ਸਕੀ। ਆਪਣੀ ਛਾਤੀ ਨਾਲ ਲਾ ਸਕੂਨ ਨਾਲ ਸੌਂ ਨਾ ਸਕੀ। ੳਹ ਦਰ-ਦਰ ਭਟਕਦੀ ਕਦੇ ਕਿਸੇ ਮਰਦ ਨਾਲ ਸਾਂਝ ਪਾਉਂਦੀ ਅਤੇ ਕਿਸੇ ਹੋਰ ਨਾਲ ਜੀਉਣ ਦੇ ਸੁਪਨੇ ਬਟੋਰਦੀ ਰਹੀ। ਬੈਟੀ ਨੇ ਭਰ ਆਈਆਂ ਅੱਖਾਂ ਪੂੰਝੀਆਂ। ਅਤੀਤ ਦੇ ਪੰਨੇ ਪਲਟਦਿਆਂ ਉਸ ਦਾ ਅੰਦਰਲਾ ਵਲੂੰਧਰਿਆ ਪਿਆ ਸੀ। ਉਸ ਨੂੰ ਆਪਣੀ ਮਾਂ ਬਾਰੇ ਕੁਝ ਵੀ ਪਤਾ ਨਹੀਂ ਸੀ। ੳਹ ਕਿਹੋ ਜਿਹੀ ਦਿਸਦੀ ਹੋਵੇਗੀ?… ਉਸ ਦਾ ਕੱਦ-ਕਾਠ, ਉਸ ਦੀ ਸ਼ਕਲ, ਰੰਗ-ਰੂਪ…ਕੁਝ ਵੀ ਪਤਾ ਨਹੀਂ ਸੀ ਬੈਟੀ ਨੂੰ ਪਰ ਉਹ ਆਪਣੀ ਮਾਂ ਦੇ ਦਰਦ ਨੂੰ ਪਛਾਣ ਸਕਦੀ ਸੀ, ਮਹਿਸੂਸ ਕਰ ਸਕਦੀ ਸੀ ਕਿਉਂ ਜੁ ਉਹ ਖ਼ੁਦ ਇਕ ਮਾਂ ਸੀ। ਇਕ ਮਾਂ ਦੀ ਪੀੜ ਨੂੂੰ ਜਾਣਦੀ ਵੀ ਸੀ ਤੇ ਪਛਾਣਦੀ ਵੀ ਸੀ। ਚੇਤਿਆਂ ਦੀ ਇੱਕ ਚੀਸ ਉਸ ਦੇ ਮੱਥੇ ਵਿਚ ਉਭਰ ਖਲੋਤੀ।
ਉਦੋਂ ਮੇਰੀ ਮਾਂ ਵੈਨਕੁਵਰ ਦੇ ਪੂਰਬੀ ਪਾਸੇ ਰਹਿੰਦੀ ਸੀ, ਜਦੋਂ ਪਹਿਲੀ ਵਾਰ ਮੈਨੂੰ ਉਸ ਦੀ ਹੋਂਦ ਬਾਰੇ ਪਤਾ ਲਗਾ। ਇਹ ਵੀ ਇੱਕ ਮੌਕਾ-ਮੇਲ ਹੀ ਸੀ। ਇਕ ਵਾਰ ਬੱਸ ਵਿਚ ਸਫ਼ਰ ਕਰਦੇ ਸਮੇਂ ਮੇਰੀ ਮੁਲਾਕਾਤ ਮੇਰੀ ਮਾਂ ਦੀ ਜੰਮਣ-ਭੌਂ ਦੇ ਇਕ ਵਿਅਕਤੀ ਨਾਲ ਹੋ ਗਈ। ਉਸ ਦੱਸਿਆ ਕਿ ਉਸ ਦੇ ਨਾਨਾ ਤੇ ਮੇਰੀ ਮਾਂ ਰਿਸ਼ਤੇਦਾਰ ਹਨ, ਇਸ ਨਾਤੇ ਉਹ ਮੇਰਾ ਕਜ਼ਨ ਹੈ। ਉਸ ਦੱਸਿਆ ਕਿ ਮੇਰਾ ਨਾਨਾ ਮੇਰੀ ਮਾਂ ਤੇ ਉਸ ਦੇ ਬੱਚਿਆਂ ਨੂੰ ਬਹੁਤ ਯਾਦ ਕਰਦਾ ਰਹਿੰਦਾ ਹੈ। ੳਹ ਬਹੁਤ ਬੁੱਢਾ ਤੇ ਕਮਜ਼ੋਰ ਹੋ ਗਿਆ ਸੀ ਅਤੇ ਮਰਨ ਤੋਂ ਪਹਿਲਾਂ ਇਨ੍ਹਾਂ ਆਪਣਿਆਂ ਨੂੰ ਮਿਲਣ ਦੀ ਸਿੱਕ ਸੀਨੇ ਸੰਭਾਲੀ ਬੈਠਾ ਹੈ।
ਪਰ ਮੈਂ!…ਮੈਂ ਹੁਣ ਉਸ ਦੁਨੀਆ ’ਚ ਪੈਰ ਧਰਨ ਤੋਂ ਡਰਦੀ ਸੀ। ਮੇਰੀ ਇਕ ਆਪਣੀ ਦੁਨੀਆ ਸੀ। ਉਸ ਤੋਂ ਬਿਲਕੁਲ ਵੱਖਰੀ ਤਰ੍ਹਾਂ ਦੀ ਦੁਨੀਆ! ਮੈਂ ਕਦੇ ਵੀ ਉਥੇ ਜਾ ਮਿਲਣ ਦਾ ਹੌਸਲਾ ਨਾ ਬਟੋਰ ਸਕੀ। ਉਂਜ ਮੇਰੇ ਕਈ ਕਜ਼ਨ ਜਦ ਕਦੇ ਸ਼ਹਿਰ ਆਉਂਦੇ ਸਨ ਤਾਂ ਮੇਰਾ ਉਨ੍ਹਾਂ ਨਾਲ ਮੇਲ ਹੋ ਜਾਂਦਾ ਸੀ। ਉਨ੍ਹਾਂ ਵਿਚੋਂ ਹੀ ਇਕ ਨੇ 1985 ਵਿਚ ਮੈਨੂੰ ਸੂਚਿਤ ਕੀਤਾ ਕਿ ਸੈਲਵੇਸ਼ਨ ਆਰਮੀ ਦੀ ਮਦਦ ਨਾਲ ਉਸ ਮੇਰੀ ਮਾਂ ਦਾ ਟਿਕਾਣਾ ਲੱਭ ਲਿਆ ਹੈ। ਉਸ ਮੈਨੂੰ ਮੇਰੀ ਮਾਂ ਦਾ ਪਤਾ ਦਿੱਤਾ। ਮੈਂ ਆਪਣੀ ਮਾਂ ਨੂੰ ਚਿੱਠੀ ਲਿਖੀ ਅਤੇ ਉਸ ਜੁਆਬ ਵੀ ਦਿੱਤਾ ਪਰ ਮੈਂ ਆਪਣੀ ਮਾਂ ਨੂੰ ਮਿਲਣ ਜਾਣ ਦੀ ਦੁਚਿੱਤੀ ਵਿਚ ਉਲਝਦੀ ਗਈ। ਕਿਉਂ? ਮੈਨੂੰ ਖ਼ੁਦ ਨੂੰ ਸਮਝ ਨਹੀਂ ਸੀ ਲਗਦੀ। ਮੇਰੇ ਕੋਲ ਇਸ ‘ਕਿਉਂ’ ਦਾ ਕੋਈ ਜੁਆਬ ਨਹੀਂ ਸੀ।
ਮੈਂ ਇਕ ਪਰਿਵਾਰ ਵਿਚ ਪਲ ਜੁਆਨ ਹੋਈ ਸੀ। ਮੇਰੇ ਮਾਂ-ਬਾਪ ਸਨ। ਜਿਵੇਂ ਦਾ ਵੀ ਸੀ ਉਨ੍ਹਾਂ ਨਾਲ ਮੇਰਾ ਇਕ ਰਿਸ਼ਤਾ ਇਕ ਸਬੰਧ ਬਣਿਆ ਹੋਇਆ ਸੀ। ਚਾਹੇ ਮੈਂ ਤਾ-ਉਮਰ ਆਪਣੀਆਂ ਜੜ੍ਹਾਂ ਤਲਾਸ਼ਦੀ ਔਝੜ ਰਾਹਾਂ ਦੀ ਪਾਂਧੀ ਬਣੀ ਰਹੀ, ਪਰ 30 ਕੁ ਵਰ੍ਹਿਆਂ ਦੀ ਆਪਣੀ ਉਮਰ ਦੇ ਇਸ ਪੜਾਅ ‘ਤੇ ਇਹ ਸਬੰਧ ਬਣਾਉਣਾ ਮੈਨੂੰ ਸੁਖ਼ਾਲ਼ਾ ਨਹੀਂ ਸੀ ਲੱਗਦਾ। ਮੇਰੀ ਅੰਦਰਲੀ ਇਸ ਭਾਵਨਾ ਦਾ ਸਰੋਤ ਈ ਖੌਰੇ ਸੁੱਕ ਗਿਆ ਸੀ ਜਾਂ ਆਪਣੇ ਅਜੋਕੇ ਦਾਇਰੇ ਵਿਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੀ ਸੀ ਜਾਂ ਫਿਰ ਬਾਹਰ ਆ ਹੀ ਨਹੀਂ ਪਾ ਰਹੀ ਸੀ। ਇਕ ਝਿਜਕ…ਇਕ ਖਾਸ ਤਰ੍ਹਾਂ ਦੀ ਹਿਕਾਰਤ ਮੇਰਾ ਰਾਹ ਮੱਲੀ ਖਲੋਤੀ ਸੀ। ਸ਼ਾਇਦ ਧੁਰ ਅੰਦਰ ਕਿਤੇ ਆਪਣੀ ਮਾਂ ਦੇ ਚਿਹਰੇ ‘ਤੇ ਪਸਰੀ ਪੀੜ ਵੇਖਣ ਦਾ ਜੇਰਾ ਨਹੀਂ ਕਰ ਪਾ ਰਹੀ ਸੀ। ਜੋ ਵੀ ਕੁਝ ਸੀ ਉਸ ‘ਕੁਝ’ ਨੇ ਮੇਰੀ ਮਾਂ ਨਾਲ ਮੇਰੇ ਰਿਸ਼ਤੇ ਨੂੰ ਮੁੜ ਪਨਪਣ ਲਈ ਕਈ ਵਰ੍ਹੇ ਲਾ ਦਿੱਤੇ। ਆਖਰ ਪੰਜ-ਛੇ ਵਰ੍ਹਿਆਂ ਦੇ ਅਰਸੇ ਬਾਅਦ ਜਦ ਮੇਰੀ ਮਾਂ ਦੇ ਕਦਮ ਉਸ ਦੀ ਜਮੰਣ-ਭੌਂ (ਸਸਕੈਚਵਨ) ਵੱਲ ਪਰਤੇ ਤਾਂ ਉਹ ਮੈਨੂੰ ਮਿਲਣ ਆਈ।’ ਬੈਟੀ ਨੇ ਅੱਖਾਂ ਝਮੱਕੀਆਂ ਜਿਵੇਂ ਕੋਈ ਚਲਚਿੱਤਰ ਉਸ ਦੀਆਂ ਅੱਖਾਂ ਮੂਹਰੇ ਤੈਰਨ ਲੱਗ ਪਿਆ ਹੋਵੇ।
‘ਅਸੀਂ ਮਾਂ-ਧੀ ਮਿਲੀਆਂ ਜ਼ਰੂਰ ਪਰ ਸਾਡੇ ਦਰਮਿਆਨ ਅਣਚਾਹੀ ਦੂਰੀ ਬਣੀ ਰਹੀ ਅਤੇ ਅਸੀਂ ਇਕ ਵਿੱਥ `ਤੇ ਖੜੋ ਗੱਲਾਂ ਕਰਦੀਆਂ ਰਹੀਆਂ। ਵਰ੍ਹਿਆਂ ਦੀ ਦੂਰੀ ਨੂੰ ਨਾ ਉਹ ਅਤੇ ਨਾ ਮੈਂ ਹੀ ਸਹਿਜ-ਭਾਵ ਨਾਲ ਪਾਰ ਕਰਨ ਦਾ ਹੌਸਲਾ ਕਰ ਰਹੀ ਸੀ। ਸ਼ਾਇਦ ਮੈਂ ਆਪਣੇ ਬਚਕਾਨੇ ਸੁਆਲਾਂ ਨਾਲ ਉਸ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਤੇ ਉਹ ਦੋਸ਼ੀ ਭਾਵ ਹੇਠ ਦੱਬੀ ਬੋਚ-ਬੋਚ ਗੱਲ ਕਰ ਰਹੀ ਸੀ। ਆਪਣੇ ਅਤੀਤ ਨੂੰ ਫਰੋਲ ਲਫ਼ਜ਼ਾਂ ਰਾਹੀਂ ਬਿਆਨਣ ਤੋਂ ਗੁਰੇਜ਼ ਕਰਦੀ ਉਹ ਆਪਣੇ ਅੰਦਰਲੀ ਪੀੜ ਨੂੰ ਦਬਾਉਂਦੀ ਲੱਗਦੀ ਸੀ। ਗੱਲ ਕਰਦੀ ਉਹ ਕਿੰਨਾ ਕੁਝ ਅਣਕਿਹਾ ਰਹਿਣ ਦੇਂਦੀ ਤੇ ਮੈਂ ਕੁਝ ਪੁੱਛਣ-ਪੁੱਛਣ ਕਰਦੀ ਬੁੱਲ੍ਹਾਂ ਵਿਚ ਘੁਟ ਲੈਂਦੀ। ਮੇਰੇ ਸਾਹਮਣੇ ਮੇਰੀ ਮਾਂ ਬੈਠੀ ਹੈ। ਹੂ-ਬਹੂ ਮੇਰੇ ਵਰਗੀ! ਮੇਰੇ ਵਰਗੇ ਹੱਥ ਪੈਰ, ਉਹੋ ਜਿਹਾ ਚਿਹਰਾ ਅਤੇ ਕਮਜ਼ੋਰ ਝੁਰੜਾਏ ਪੀਲੇ ਚਿਹਰੇ ਦੇ ਹਾਵ-ਭਾਵ ਅਤੇ ਮੇਰੇ ਨਾਲ ਰਲਦੀ-ਮਿਲਦੀ ਮੁਸਕਰਾਹਟ ਵੀ! ਮੈਨੂੰ ਸਾਹਮਣੇ ਬੈਠੀ ਆਪਣੀ ਮਾਂ ਵਿਚ ਕੁਝ ਦਹਾਕਿਆਂ ਬਾਅਦ ਦਾ ਆਪਣਾ-ਆਪ ਵਿਖਾਈ ਦੇ ਰਿਹਾ ਹੈ। ਮੈਂ ਇਸ ਦੇ ਵਜੂਦ ਦਾ ਹਿੱਸਾ ਹਾਂ। ਇਹ ਮੇਰੀ ਤਲਾਸ਼ ਦਾ ਸੱਚ ਹੈ। ਇਸ ਸਮੇਂ ਇਹ ਸੋਚ ਤੇ ਸੱਚ ਮੈਨੂੰ ਸਕੂਨ ਦੇ ਰਿਹਾ ਸੀ। ਮੇਰੇ ਆਪਣੇ ਬਾਪ ਬਾਰੇ ਮੇਰੀ ਪੁੱਛ ਮੇਰੇ ਅੰਦਰ ਹੀ ਦੱਬ ਕੇ ਰਹਿ ਗਈ। ਮੈਨੂੰ ਉਸ ਦੇ ਵਰ੍ਹਿਆਂ ਦੇ ਆਠਰੇ ਜ਼ਖ਼ਮਾਂ ਨੂੰ ਖਰੀਂਢਣ ਦਾ ਕੋਈ ਹੱਕ ਨਹੀਂ ਸੀ। ਬੈਟੀ ਨੇ ਕਸੀਸ ਵੱਟੀ। ਆਪਣੇ ਬੁੱਲ੍ਹ ਟੁੱਕੇ ਤੇ ਉਠ ਕੇ ਟਹਿਲਣ ਲੱਗ ਪਈ। ਤਲਾਸ਼ ਦੇ ਥੱਕੇ ਪੈਰਾਂ ਨੂੰ ਅਜੇ ਵੀ ਚੈਨ ਨਹੀਂ ਸੀ। ੳਹ ਮੁੜ ਦੂਰੀਆਂ ਨਾਪਦੇ ਪ੍ਰਤੀਤ ਹੁੰਦੇ ਸਨ। ਬੈਟੀ ਦਾ ਬੇਚੈਨ ਜ਼ਿਹਨ ਅਜੇ ਵੀ ਰਹਿੰਦਾ ਸਫ਼ਰ ਸਰ ਕਰਨ ਲਈ ਖੌਰੂ ਪਾ ਰਿਹਾ ਸੀ।
ਹਾਂ, ਮੇਰੀ ਮਾਂ ਨਾਲ ਮੇਰਾ ਰਾਬਤਾ ਬਣਿਆ ਰਿਹਾ ਪਰ ਮੈਂ ਉਸ ਨੂੰ ਹੋਰ ਮਿਲਣ ਤੋਂ ਕਤਰਾਉਂਦੀ ਰਹੀ। ਆਪਣੀ ਮਾਂ ਨੂੰ ਮਿਲਣ ਤੋਂ ਪਹਿਲਾਂ ਮੈਂ ਹੌਸਲਾ ਕਰ ਆਪਣੇ ਨਾਨੇ ਨੂੰ ਮਿਲਣ ਚਲੇ ਗਈ ਸਾਂ। ‘ਬੈਨ ਐਡਮ’ਚੁਰਾਸੀ ਸਾਲਾਂ ਦਾ, ਦੁੱਧ ਚਿੱਟੇ ਵਾਲਾਂ ਵਾਲਾ, ਥੋੜ੍ਹਾ ਜਿਹਾ ਕੁੱਬਾ ਸੀ ਮੇਰਾ ਨਾਨਾ। ਜਿਹਦੀਆਂ ਅੱਖਾਂ ਵਿਚ ਕੁੱਝ ਗੁਆ ਦੇਣ ਦੀ ਪੀੜ ਸਾਫ਼ ਵਿਖਾਈ ਦੇਂਦੀ ਸੀ। ਉਸ ਪਿਆਰ ਨਾਲ ਮੇਰਾ ਸਿਰ ਪਲੋਸਿਆ ਤੇ ਲਗਪਗ ਸਾਰਾ ਸਮਾਂ ਮੇਰੇ ਹੱਥ ਨੂੰ ਆਪਣੇ ਕਮਜ਼ੋਰ ਹੱਥਾਂ ਵਿਚ ਫੜੀ ਰੱਖਿਆ। ਮੈਂ ਭਰੀਆਂ ਅੱਖਾਂ ਨਾਲ ਉਸ ਵੱਲ ਕੇਵਲ ਵੇਖ ਹੀ ਸਕਦੀ ਸੀ, ਕੋਈ ਬੋਲ ਸਾਂਝਾ ਕਰਨ ਤੋਂ ਅਸਮਰੱਥ ਸੀ। ਉਹ ਆਪਣੀ ਬੋਲੀ ‘ਡੈਨੀ’ ਬੋਲਦਾ ਸੀ ਅਤੇ ਮੈਨੂੰ ਅੰਗਰੇਜ਼ੀ ਹੀ ਆਉਂਦੀ ਸੀ। ਮੇਰੇ ਕਜ਼ਨ ਮੇਰੇ ਲਈ ਉਸ ਦਾ ਉਲੱਥਾ ਕਰਦੇ ਰਹੇ। ਮੇਰਾ ਅੰਦਰਲਾ ਮੈਨੂੰ ਲਾਹਨਤਾਂ ਪਾ ਰਿਹਾ ਸੀ, ਮੈਂ ਆਪਣੇ ਨਾਨੇ ਦੀ ਕਿਹੋ ਜਿਹੀ ਦੋਹਤੀ ਹਾਂ ਜਿਸ ਦੀ ਉਸ ਨਾਲ ਬੋਲਾਂ ਦੀ ਸਾਂਝ ਵੀ ਨਹੀਂ। ਮੇਰੇ ਤੋਂ ਮੇਰਾ ਪਰਿਵਾਰਕ ਬਚਪਨ ਤਾਂ ਖੋਹਿਆ ਹੀ ਸੀ, ਮੈਨੂੰ ਮੇਰੀ ਮਾਂ-ਬੋਲੀ, ਮਾਂ ਦੇ ਪਿਆਰ ਤੇ ਜੰਮਣ-ਭੋਇੰ ਦੀ ਰਸਭਿੰਨੀ ਮਹਿਕ ਤੋਂ ਵੀ ਵਿਰਵਾ ਕਰੀ ਰਖਿਆ ਸੀ, ਸਾਨੂੰ ਸਭਿਅਕ ਬਣਾਉਣ ਵਾਲੇ ਇਨ੍ਹਾਂ ਅਸਭਿਅਕ ਲੋਕਾਂ ਨੇ।’ ਮੇਰਾ ਗਚ ਭਰ ਆਇਆ। ਮੈਂ ਉਥੇ ਹਾਜ਼ਰ ਸਾਰਿਆਂ ਤੋਂ ਵੱਖਰੀ ਸਾਂ। ਉਹ ਸਾਰੇ ਮੇਰੇ ਲਈ ਇਕ ਅਜੀਬ ਜਿਹਾ ਉਚੇਚ ਕਰ ਰਹੇ ਸਨ। ਮੈਨੂੰ ਆਪਣੇ ਆਪ ਤੋਂ ਕਚਿਆਣ ਆ ਰਹੀ ਸੀ। ਮੈਂ ਆਪਣਿਆਂ ਦਰਮਿਆਨ ਵੀ ਆਪਣਿਆਂ ਦਾ ਨਿੱਘ ਨਹੀਂ ਸਾਂ ਮਾਣ ਸਕਦੀ।
ਮੇਰੀ ਬੇਵਸੀ, ਮੇਰੀ ਲਾਚਾਰੀ ਸਿਰਫ਼ ਮੇਰੀ ਸੀ ਸਿਰਫ਼ ਮੇਰੀ। ਫਿਰ ਵਾਪਸੀ ਵੇਲੇ ਮੇਰੇ ਇਕ ਕਜ਼ਨ ‘ਬਿਲੀ’ ਨੇ ਮੈਨੂੰ ਹੱਥ ਦੀ ਕਢਾਈ ਕੀਤੇ ਫਰ ਵਾਲੇ ਬੂਟਾਂ ਦਾ ਜੋੜਾ ਦਿੱਤਾ, ਜਿਹੜਾ ਉਸ ਦੀ ਮਾਂ ਨੇ ਉਸ ਲਈ ਬਣਾਇਆ ਸੀ। ਮੈਨੂੰ ਲੱਗਾ ਮੈਂ ਇਸ ਕੀਮਤੀ ਤੋਹਫ਼ੇ ਦੇ ਯੋਗ ਨਹੀਂ ਹਾਂ। ਮੈਂ ਉਹ ਨਹੀਂ ਹਾਂ ਜੋ ਉਹ ਮੈਨੂੰ ਸਮਝਦੇ ਨੇ। ਮੇਰੇ ਅੰਦਰ ਗਿਲਾਨੀ ਦਾ ਪੱਕਾ ਫੋੜਾ ਫਿਸਣ-ਫਿਸਣ ਕਰ ਰਿਹਾ ਸੀ।’ ਬੈਟੀ ਦੇ ਕਮਰੇ ਵਿਚ ਟਹਿਲਦੇ ਬੇਚੈਨ ਪੈਰ ਅਚਾਨਕ ਥੰਮ੍ਹ ਗਏ। ਉਸ ਰਸੋਈ ਵਿਚ ਜਾ ਪਾਣੀ ਦਾ ਗਲਾਸ ਪੀਤਾ। ਘੜੀ ਵੱਲ ਵੇਖਿਆ। ਅੱਧੇ ਕੁ ਘੰਟੇ ਤਾਈਂ ਉਸ ਨੇ ਆਪਣੀ ਬੇਟੀ ਐਨੀ ਨੂੰ ਲੈਣ ਜਾਣਾ ਸੀ। ਉਹ ਬਾਹਰ ਲਾਅਨ ਵਿਚ ਬੈਠ ਅਕਾਸ਼ ਦੀਆਂ ਨੀਲਤਾਈਆਂ ਵੱਲ ਤਕਦੀ ਆਪਣੇ ਵਜੂਦ ਦੇ ਅੰਤਮ ਸਫ਼ਰ ਦੀ ਪਾਂਧੀ ਬਣ ਗਈ।
‘ਜਦੋਂ ਮੇਰੀ ਮਾਂ ਦੀ ਬਿਮਾਰੀ ਦੀ ਖ਼ਬਰ ਮੈਨੂੰ ਮਿਲੀ ਸੀ ਤਾਂ ਮੈਂ ਝਬਦੇ ਹਸਪਤਾਲ ਪਹੁੰਚ ਗਈ ਸਾਂ। ਮੇਰੀ ਭੈਣ ਰੋਜ਼ੇਲ ਵੀ ਆ ਗਈ ਸੀ। ਹਸਪਤਾਲ ਵਿਚ ਮੇਰੀ ਮਾਂ ਕੋਲ ਉਸ ਦਾ ਦੋਸਤ ਜੋਅ ਸੀ। ਹੱਡੀਆਂ ਦੀ ਮੁੱਠ ਮਾਂ ਨੂੰ ਵੇਖ ਮੇਰਾ ਮਨ ਤਰਸ ਨਾਲ ਭਰ ਗਿਆ। ਉਸ ਕੋਲੋਂ ਉਸ ਦੇ ਬੱਚਿਆਂ ਦਾ ਲਾਲਣ-ਪਾਲਣ, ਲਾਡ-ਦੁਲਾਰ ਖੋਹ ਲਿਆ ਗਿਆ ਸੀ। ਉਸ ਨੂੰ ਉਨ੍ਹਾਂ ਨਾਲ ਪਿਆਰ ਕਰਨ, ਝਿੜਕਣ ਤੇ ਸਮਝਣ-ਸਮਝਾਉਣ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਸੀ। ਵਿਯੋਗ ਦੀ ਪੀੜ ਝਲਦੀ ਉਹ ਹੁਣ ਰੁਖ਼ਸਤੀ ਦੇ ਨੇੜੇ ਹੈ- ਸੋਚ ਮੇਰੀਆਂ ਅੱਖਾਂ ਭਰ-ਭਰ ਡੁੱਲ੍ਹਦੀਆਂ ਰਹੀਆਂ। ਇਹ ਮੇਰੀ ਮਾਂ ਨਾਲ ਮੇਰੀ ਦੂਸਰੀ ਮੁਲਾਕਾਤ ਸੀ। ਬੋਲ ਤਾਂ ਜਿਵੇਂ ਮੁੱਕ ਗਏ ਸਨ। ਕੇਵਲ ਨਜ਼ਰਾਂ ਦਾ ਮੇਲ ਜਾਂ ਵਿਚ-ਵਿਚਾਲੇ ਹੱਥ ਘੁੱਟਣੀਆਂ ਹੀ ਰਹਿ ਗਈਆਂ ਸਨ।
ਕੁਝ ਦਿਨਾਂ ਬਾਅਦ ਮੇਰੀ ਮਾਂ ਸਾਨੂੰ ਛੱਡ ਕਿਤੇ ਦੂਰ ਚਲੇ ਗਈ, ਮੁੜ ਕਦੇ ਵੀ ਵਾਪਸ ਨਾ ਆਉਣ ਲਈ। ਅਸੀਂ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੀ ਜੰਮਣ-ਭੋਇੰ ਲੈ ਕੇ ਗਏ ਤਾਂ ਜਹਾਜ਼ ਵਿਚ ਮੈਂ, ਮੇਰੀ ਬੇਟੀ, ਮੇਰੀ ਭੈਣ ਰੋਜ਼ੇਲ ਅਤੇ ਜੋਅ ਉਸ ਦੇ ਨਾਲ ਸਾਂ। ਜਦੋਂ ਅਸੀਂ ਆਪਣੇ ਪਿੰਡ ਆਪਣੇ ਘਰ ਪਹੁੰਚੇ ਤਾਂ ਉਥੋਂ ਦੇ ਸਾਰੇ ਲੋਕ ਸਾਡੇ ਨਾਲ ਦੁੱਖ ਸਾਂਝਾ ਕਰਨ ਲਈ ਜਿਵੇਂ ਉਮੜ ਹੀ ਪਏ। ਅਗਲੇ ਦਿਨ ਦੀਆਂ ਅੰਤਮ ਰਸਮਾਂ ਲਈ ੳਹ ਸਾਡੇ ਨਾਲ ਸਾਰੀ ਰਾਤ ਮੇਰੀ ਮਾਂ ਦੇ ਮੁਰਦਾ ਸਰੀਰ ਕੋਲ ਬੈਠੇ ਜਾਗਦੇ ਰਹੇ ਅਤੇ ਮੇਰੀ ਮਾਂ ਦੀਆਂ, ਸਾਡੇ ਪਰਿਵਾਰ ਦੀਆਂ ਯਾਦਾਂ ਸਾਂਝੀਆਂ ਕਰਦੇ ਰਹੇ। ਆਪਣਿਆਂ ਦਰਮਿਆਨ ਵਿਚਰਨ ਦਾ ਇਹ ਅਨੁਭਵ ਮੈਂ ਪਹਿਲੀ ਵਾਰ ਮਹਿਸੂਸਿਆ ਸੀ। ਦਿਲ ਦੀਆਂ ਤਾਰਾਂ ਜੁੜ ਜਿਵੇਂ ਅੰਦਰਲਾ ਰੁਸ਼ਨਾ ਦਿੱਤਾ ਸੀ। ‘ਇਹ ਮੇਰੇ ਆਪਣੇ ਹਨ, ਮੈਂ ਇਨ੍ਹਾਂ ਦੀ ਹਾਂ, ਇਨ੍ਹਾਂ ਵਿਚੋਂ ਇਕ ਹਾਂ।’ ਸੋਚ ਮੈਂ ਨਸ਼ਿਆਈ ਗਈ ਸਾਂ। ਸਕੂਨੋ-ਸਕੂਨ ਹੋਈ ਪਈ ਸਾਂ।
‘ਉਸ ਵੇਲੇ ਮੇਰੇ ਧੁਰ ਅੰਦਰ ਅਹਿਸਾਸ ਹੋ ਰਿਹਾ ਸੀ ਕਿ ਮੇਰੀ ਆਦਿਵਾਸੀ ਹੋਣ ਦੀ ਪਛਾਣ ਇਕ ਪ੍ਰਛਾਵੇਂ ਵਾਂਗ ਸੀ, ਜੋ ਹੁਣ ਤਕ ਮੇਰੇ ਪਿੱਛੇ-ਪਿੱਛੇ ਰਿਹਾ ਸੀ। ਮੈਂ ਕਿਸੇ ਹੋਰ ਦੁਨੀਆ ਵਿਚ ਰਲਣ ਖਾਤਰ ਉਸ ਤੋਂ ਡਰਦੀ ਰਹੀ ਸਾਂ, ਉਸ ਤੋਂ ਭੱਜਦੀ ਰਹੀ ਸਾਂ। ਹੁਣ ਜਦ ਮੈਂ ਦੌੜਨਾ ਛੱਡ ਰੁਕ ਗਈ ਹਾਂ ਤਾਂ ਉਸ ਪ੍ਰਛਾਵੇਂ ਨੂੰ ਕਲਾਵੇ ਵਿਚ ਲੈ ਮੈਂ ਆਪਣਾ ਇਕ ਹਮਸਾਇਆ ਲੱਭ ਲਿਆ ਹੈ। ਮੈਨੂੰ ਮੇਰਾ ਪਰਿਵਾਰ, ਮੇਰਾ ਆਪਾ, ਮੇਰਾ ਵਜੂਦ ਮਿਲ ਗਿਆ ਹੈ।’ ਬੈਟੀ ਨੇ ਮਾਣ ਨਾਲ ਸਿਰ ਉਚਾ ਚੁੱਕ ਅਸਮਾਨ ਵੱਲ ਵੇਖਿਆ। ਅਕਾਸ਼ ਵਿਚ ਉੱਡੇ ਜਾਂਦੇ ਪੰਛੀਆਂ ਦੀਆਂ ਡਾਰਾਂ ਵੇਖ ਉਸ ਨੂੰ ਵੀ ਆਪਣਾ-ਆਪ ਖੁਸ਼ੀ ਨਾਲ ਹਵਾ ਵਿਚ ਤੈਰਦਾ ਪ੍ਰਤੀਤ ਹੋਣ ਲੱਗਾ। ਉਹ ਪਿਛਲੇ ਵਿਹੜੇ ਦਾ ਦਰਵਾਜ਼ਾ ਖੋਲ੍ਹ ਘਰ ਅੰਦਰ ਆਈ ਅਤੇ ਕਾਰ ਦੀਆਂ ਚਾਬੀਆਂ ਫੜ ਗਰਾਜ ਖੋਲ੍ਹਣ ਵਾਲਾ ਬਟਨ ਨੱਪ ਦਿੱਤਾ। ਉਸ ਆਪਣੀ ਬੇਟੀ ਨੂੰ ਸਕੂਲੋਂ ਲੈਣ ਜੁ ਜਾਣਾ ਸੀ ਪਰ ਜ਼ਿਹਨ ਵਿਚ ਅਜੇ ਵੀ ਕੋਤੂਹਲ ਸੀ।
‘ਮੇਰੇ ਆਪੇ ਦੀ ਤਲਾਸ਼ ਦੀ ਦੌੜ ਦਾ ਹਾਸਲ ਮੈਂ ਪਾ ਲਿਆ ਹੈ ਪਰ ਤਲਾਸ਼ ਅਜੇ ਜਾਰੀ ਹੈ। ਮੇਰੇ ਉਨ੍ਹਾਂ ਆਪਣਿਆਂ ਦੀ ਜੋ ਪਤਾ ਨਹੀਂ ਕਿਥੇ ਬੈਠੇ ਇਸ ਸਭ ਤੋਂ ਅਣਜਾਣ ਹਨ। ਮੇਰੇ ਵਰਗਿਆਂ ਹੋਰਾਂ ਦੀ ਜੋ ਆਪਣੇ ਵਜੂਦ ਦੀ ਤਲਾਸ਼ ਦੀ ਤੜਪ ਨਾਲ ਜਿਉ ਰਹੇ ਹਨ।’