ਪਹਿਲੀ ਹਵਾਲਾਤ ਯਾਤਰਾ

ਹੀਰਾ ਸਿੰਘ ਦਰਦ
1910 ਵਿਚ ਪਹਿਲੀ ਵੇਰ ਮੈਨੂੰ ਬਰਤਾਨਵੀ ਸਰਕਾਰ ਦੀ ਹਵਾਲਾਤ ਵਿਚ ਇਕ ਦਿਨ ਪਰਾਹੁਣਾ ਬਣਨ ਦਾ ਅਵਸਰ ਮਿਲਿਆ। ਇਉਂ ਸਮਝ ਲਓ ਕਿ ਇਥੋਂ ਮੇਰੇ ਜਿਹਲੀ ਜੀਵਨ ਦਾ ਸਿਰੀ ਗਣੇਸ਼ ਹੋ ਗਿਆ। ਇਹ ਵਾਰਤਾ ਇਸ ਪਰਕਾਰ ਹੈ।

ਘਰੋਗੀ ਆਰਥਕ ਮਜਬੂਰੀਆਂ ਨੇ ਮੈਨੂੰ ਆਪਣੇ ਪਿਆਰੇ ਵਤਨ, ਕਰੰਗ ਨਦੀ ਦੇ ਪੂਰਬੀ ਕੰਢੇ ਦੀ ਹਰੀ ਭਰੀ ਤੇ ਸੁਹਾਵਣੀ ਧਰਤੀ ਤੋਂ ਧੱਕ ਕੇ ਗਰਮੀਆਂ ਵਿਚ ਭੱਠ ਤਪਦੀ ਲਾਇਲਪੁਰ ਦੀ ਬਾਰ ਵਿਚ ਭੇਜ ਦਿੱਤਾ। ਇਨ੍ਹਾਂ ਦਿਨਾਂ ਵਿਚ ਸਿੱਖਾਂ ਵਿਚ ਵਿਦਿਆ ਪਰਚਾਰ ਦੀ ਲਹਿਰ ਜ਼ੋਰ ਨਾਲ ਉੱਠ ਰਹੀ ਸੀ। ਪਹਿਲੀ ਸਿੱਖ ਵਿਦਿਅਕ ਕਾਨਫਰੰਸ ਗੁਜਰਾਂਵਾਲੇ ਹੋ ਚੁੱਕੀ ਸੀ ਤੇ ਲਾਇਲਪੁਰ ਵਿਚ ਖਾਲਸਾ ਹਾਈ ਸਕੂਲ ਖੁੱਲ੍ਹ ਗਿਆ ਸੀ। ਪਿੰਡਾਂ ਵਿਚ ਪਰਾਇਮਰੀ ਸਕੂਲ ਖੋਲ੍ਹਣ ਦੀ ਸਕੀਮ ਵੀ ਚੱਲ ਰਹੀ ਸੀ। ਵਿਦਿਆ ਪਰਚਾਰ ਨੂੰ ਧਰਮ ਪਰਚਾਰ ਦਾ ਅੰਗ ਸਮਝਿਆ ਜਾਂਦਾ ਸੀ। ਭਾਵੇਂ ਮੇਰੀ ਗਿਣਤੀ ਉਸ ਵੇਲੇ ਦੇ ਉਨ੍ਹਾਂ ਨੌਜਵਾਨਾਂ ਵਿਚੋਂ ਸੀ ਜਿਨ੍ਹਾਂ ਬਾਰੇ ਤੀਵੀਆਂ ਗੀਤ ਗਾਉਂਦੀਆਂ ਹੁੰਦੀਆਂ ਸਨ ਕਿ `ਉਨ੍ਹਾਂ ਨਾਲ ਕੀ ਬੋਲਣਾ ਜਿਨ੍ਹਾਂ ਮਿਡਲ ਪਾਸ ਨਹੀਂ ਕੀਤਾ` ਅਰਥਾਤ ਮੈਂ ਮਿਡਲ ਵੀ ਪਾਸ ਨਹੀਂ ਸੀ ਕਰ ਸਕਿਆ ਪਰ ਡਾ. ਜਗਤ ਸਿੰਘ ਪਰਦੇਸੀ ਪਰਸਿਧ ਸਿੱਖ ਪਰਚਾਰਕ ਨੇ ਚਕ ਨੰ. 73 ਭਕਨਾ ਝਬਾਲ ਵਿਚ ਪਰਾਇਮਰੀ ਸਕੂਲ ਖੁਲ੍ਹਾ ਕੇ ਮੈਨੂੰ ਅਧਿਆਪਕ ਮੁਕੱਰਰ ਕਰ ਦਿੱਤਾ। ਮਿਡਲ ਪਾਸ ਗਭਰੂ ਦੀ ਚਾਹਵਾਨ ਕਿਸੇ ਮੁਟਿਆਰ ਦਾ ਪ੍ਰੇਮਪਾਤਰ ਤਾਂ ਮੈਂ ਨਾ ਬਣ ਸਕਿਆ ਪਰ ਇਕ ਵਿਦਿਆ ਤੇ ਧਰਮ ਪਰਚਾਰ ਦੇ ਪਰੇਮੀ ਨੇ ਮੇਰੇ ਨਾਲ ਉਹ ਪਿਆਰ ਕੀਤਾ ਜਿਸ ਨੇ ਮੈਨੂੰ ਲੋਕ-ਸੇਵਾ ਦੇ ਰਾਹੇ ਪਾ ਦਿੱਤਾ।
10 ਰੁਪਏ ਮਹੀਨਾ ਤੇ ਪਰਸ਼ਾਦਾ ਮੇਰੀ ਤਨਖਾਹ ਮੁਕੱਰਰ ਕੀਤੀ ਗਈ। ਭਾਵੇਂ ਤਨਖਾਹ ਥੋੜ੍ਹੀ ਸੀ ਪਰ ਇਥੇ ਇਲਾਕੇ ਵਿਚ ਵਿਦਿਆ ਤੇ ਧਰਮ ਪਰਚਾਰ ਦਾ ਉਤਸ਼ਾਹ ਭਰਪੂਰ ਵਾਯੁ ਮੰਡਲ ਸੀ, ਜਿਥੇ ਮੇਰੀਆਂ ਉਮੰਗਾਂ ਨੂੰ ਵਧਣ ਫੁਲਣ ਦਾ ਬੜਾ ਖੁਲ੍ਹਾ ਮੈਦਾਨ ਨਜ਼ਰ ਆ ਰਿਹਾ ਸੀ। ਇਸ ਕਰਕੇ ਮੈਂ ਬੜਾ ਪਰਸੰਨ ਸਾਂ।
ਵਧੇਰੇ ਆਰਥਕ ਤੰਗੀਆਂ ਮਨੁੱਖ ਨੂੰ ਵਧੇਰੇ ਧਰਮੀ ਜਾਂ ਇਨਕਲਾਬੀ ਬਣਨ ਵਲ ਧੱਕ ਦੇਂਦੀਆਂ ਹਨ। ਮੇਰੇ ਦਿਲ ਵਿਚ ਕੁਝ ਬਣਨ ਤੇ ਕੁਝ ਕਰਕੇ ਵਿਖਾਉਣ ਦਾ ਚਾਉ ਉਛਾਲੇ ਮਾਰ ਰਿਹਾ ਸੀ। ਮੈਂ ਸਮਝਦਾ ਸਾਂ ਕਿ ਧਾਰਮਕ ਰਹਿਣੀ ਬਹਿਣੀ ਵਿਚ ਪਰਪੱਕ ਹੋ ਕੇ ਨਾ ਕੇਵਲ ਆਪਣੀਆਂ ਤੰਗੀਆਂ ਤੋਂ ਛੁਟਕਾਰਾ ਪਰਾਪਤ ਕਰ ਲਵਾਂਗਾ ਬਲਕਿ ਵਧਰੇ ਲੋਕ-ਸੇਵਾ ਦੇ ਮੈਦਾਨ ਵਿਚ ਅੱਗੇ ਵਧ ਸਕਾਂਗਾ। ਭਜਨੀਕ ਸੰਤ, ਰਹਿਣੀ-ਬਹਿਣੀ ਵਿਚ ਪੱਕੇ ਸਿੱਖਾਂ ਤੇ ਸਤਿਸੰਗੀਆਂ ਨੂੰ ਮਿਲਣ ਗਿਲਣ ਤੇ ਉਨ੍ਹਾਂ ਤੋਂ ਸਿਖਿਆ ਪਰਾਪਤ ਕਰਨ ਅਤੇ ਸਿੱਖ ਇਤਿਹਾਸਕ ਧਰਮ ਅਸਥਾਨਾਂ ਦੇ ਦਰਸ਼ਨਾਂ ਦਾ ਬੜਾ ਸ਼ੌਕ ਸੀ।
ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਦੀ ਖਾਸ ਤੌਰ ਤੇ ਬੜੀ ਸਿੱਕ ਲੱਗੀ ਰਹਿੰਦੀ ਸੀ। ਬਾਣੀ ਵਿਚ ਵੀ ਪੜ੍ਹਿਆ ਸੀ- “ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।” ਸੁੰਦਰੀ, ਬਿਜੈ ਸਿੰਘ ਤੇ ਸਿੱਖ ਇਤਿਹਾਸ ਵਿਚ ਤਾਂ ਅੰਮ੍ਰਿਤਸਰ ਦੀ ਮਹਿਮਾ ਦਾ ਹਿਸਾਬ ਨਹੀਂ ਸੀ। ਵਗਦੀਆਂ ਤਲਵਾਰਾਂ ਵਿਚ ਸਿੱਖ ਸ੍ਰੀ ਅੰਮ੍ਰਿਤਸਰ ਦਾ ਅਸ਼ਨਾਨ ਕਰਨ ਚਲੇ ਜਾਂਦੇ ਸਨ ਤੇ ਸ਼ਹੀਦੀਆਂ ਪਰਾਪਤ ਕਰਕੇ ਆਪਣਾ ਜੀਵਨ ਸਫਲ ਸਮਝਦੇ ਸਨ। ਮੈਂ ਦਿਲ ਵਿਚ ਕਹਿੰਦਾ ਸਾਂ- “ਓਹ ਲੋਕ ਕਿੰਨੇ ਭਾਗਾਂ ਵਾਲੇ ਹਨ ਜੋ ਸ੍ਰੀ ਅੰਮ੍ਰਿਤਸਰ ਵਸਦੇ ਹਨ। ਨਿੱਤ ਅੰਮ੍ਰਿਤ ਸਰੋਵਰ ਵਿਚ ਅਸ਼ਨਾਨ ਕਰਦੇ, ਅੰਮ੍ਰਿਤ ਬਾਣੀ ਦਾ ਕੀਰਤਨ ਸੁਣਦੇ ਅਤੇ ਨਾਮਰਸ ਦੇ ਹੁਲਾਰੇ ਲੈਂਦੇ ਹਨ।” ਮੈਂ ਇਉਂ ਤਸੱਵਰ ਬੰਨ੍ਹ ਰਿਹਾ ਸਾਂ ਕਿ ਜਦ ਕਦੀ ਮੈਂ ਸ੍ਰੀ ਅੰਮ੍ਰਿਤਸਰ ਦੇ ਅਸ਼ਨਾਨ ਕਰਾਂਗਾ, ਅੰਮ੍ਰਿਤ ਵੇਲੇ ਹਰਿਮੰਦਰ ਵਿਚ ਅੰਮ੍ਰਿਤ ਭਿੰਨਾ ਕੀਰਤਨ ਸੁਣਾਂਗਾ ਤਾਂ ਮੇਰੀ ਕਾਇਆ ਪਲਟ ਜਾਏਗੀ। ਮੇਰੇ ਅੰਦਰ ਕੋਈ ਜੋਤ ਜਾਗ ਉੱਠੇਗੀ ਅਤੇ ਫਿਰ ਮੈਂ ਕਈ ਲੋਕਾਂ ਦੇ ਜੀਵਨ ਪਲਟ ਦੇਵਾਂਗਾ। ਮੈਂ ਕਈ ਸਾਖੀਆਂ ਸੁਣੀਆਂ ਸਨ ਕਿ ਸਰੋਵਰ ਦੇ ਅੰਮ੍ਰਿਤ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਨਾਲ ਕਈਆਂ ਦੇ ਜੀਵਨ ਬਦਲ ਗਏ ਸਨ। ਇਤਿਹਾਸ ਵਿਚ ਇਹ ਵੀ ਪੜ੍ਹਿਆ ਸੀ ਕਿ ਅੰਮ੍ਰਿਤ ਸਰੋਵਰ ਵਿਚ ਕਾਂ ਨਹਾ ਕੇ ਹੰਸ ਬਣ ਗਿਆ ਸੀ ਤੇ ਪਿੰਗਲਾ ਨੌ ਬਰ ਨੌ ਹੋ ਗਿਆ ਸੀ! ਇਨ੍ਹਾਂ ਸਾਖੀਆਂ ਨੂੰ ਵੀ ਮੈਂ ਓਦੋਂ ਸੱਚੀਆਂ ਮੰਨਦਾ ਸਾਂ।
ਬੜੀਆਂ ਸੱਧਰਾਂ ਤੇ ਉਮੰਗਾਂ ਨਾਲ ਭਰਿਆ ਹੋਇਆ ਦਿਲ ਲੈ ਕੇ ਦੀਪ ਮਾਲਾ ਦੇ ਮੌਕੇ ਉੱਤੇ ਮੈਂ ਸ੍ਰੀ ਅੰਮ੍ਰਿਤਸਰ ਪਹੁੰਚ ਗਿਆ। ਬੜੀ ਸ਼ਰਧਾ ਭਗਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਅਸ਼ਨਾਨ ਕੀਤੇ। ਦਿਲ ਨੂੰ ਬੜੀ ਸ਼ਾਂਤੀ ਤੇ ਪਰਸੰਨਤਾ ਪਰਾਪਤ ਹੋਈ ਪਰ ਪਰਕਰਮਾ ਵਿਚ ਗੰਦ ਮੰਦ, ਸਰੋਵਰ ਦੇ ਕਿਨਾਰੇ ਬੈਠੇ ਪੰਡਤਾਂ ਤੇ ਮੰਗਤਿਆਂ ਦੀ ਭੀੜ ਅਤੇ ਪੁਜਾਰੀਆਂ ਤੇ ਰਾਗੀਆਂ ਦੀਆਂ ਲਾਲਚ ਭਰੀਆਂ ਨਜ਼ਰਾਂ ਤੇ ਲੋਭੀ ਹਰਕਤਾਂ ਵੇਖ ਕੇ ਦਿਲ ਵਿਚ ਦੁੱਖ ਵੀ ਬੜਾ ਹੋਇਆ। ਹਰਿਮੰਦਰ ਸਾਹਿਬ ਵਿਚ ਗੁਰੂ ਗਰੰਥ ਸਹਿਬ ਦੇ ਤਾਬੇ ਇਕ 10-12 ਵਰ੍ਹੇ ਦੇ ਬਾਲਕ ਨੂੰ ਬੈਠਾ ਵੇਖ ਕੇ ਮੈਂ ਹੈਰਾਨ ਰਹਿ ਗਿਆ। ਪੁੱਛਣ ਤੋਂ ਪਤਾ ਲੱਗਾ ਕਿ ਈਹੋ ਭਾਈ ਫਤੇ ਸਿੰਘ ਹੈਡ ਗਰੰਥੀ ਹੈ ਜਿਸ ਨੂੰ ਸਰਕਾਰ ਨੇ ਜੱਦੀ ਜਾਇਦਾਦ ਦੇ ਮਾਲਕ ਵਾਂਗ ਇਸ ਗੱਦੀ ਉੱਤੇ ਬਿਠਾ ਦਿੱਤਾ ਸੀ ਜਿਸ ਕਰਕੇ ਸਿੱਖ ਨਾਰਾਜ਼ ਸਨ।
ਮਥਰਾ ਤੇ ਬਨਾਰਸ ਦੇ ਪਾਂਡਿਆਂ ਦੀ ਠੱਗੀ ਦੀਆਂ ਗੱਲਾਂ ਸੁਣਦਾ ਹੁੰਦਾ ਸਾਂ ਪਰ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੂੰ ਵੇਖ ਕੇ ਮੈਂ ਖਿਆਲ ਕੀਤਾ ਕਿ ਇਹ ਵੀ ਉਨ੍ਹਾਂ ਤੋਂ ਘੱਟ ਨਹੀਂ ਹਨ। ਇਹ ਧਰਮ ਦੇ ਆਗੂ ਇਨ੍ਹਾਂ ਪਵਿੱਤਰ ਧਰਮ ਅਸਥਾਨਾਂ ਨੂੰ ਆਪਣੀਆਂ ਦੁਕਾਨਾਂ ਸਮਝ ਰਹੇ ਸਨ। ਮੈਂ ਸੋਚਦਾ ਸਾਂ ‘ਜੇ ਘਰ ਪੰਨੈ ਪਾਹਰੂ ਤਿਸ ਕੋ ਰਖਵਾਰਾਂ`, ਜੇ ਸਾਡੇ ਧਰਮ ਦੇ ਆਗੂਆਂ ਦਾ ਇਹ ਹਾਲ ਹੈ ਤਾਂ ਸਾਡੇ ਧਰਮ ਦਾ ਰੱਬ ਹੀ ਰਾਖਾ! ਗੁਰਦੁਆਰੇ ਉੱਤੇ ਅਮਲੀ ਤੌਰ `ਤੇ ਸਰਕਾਰੀ ਕਬਜ਼ਾ ਸੀ। ਸਰਕਾਰ ਦਾ ਮੁਕੱਰਰ ਕੀਤਾ ਹੋਇਆ ਸਰਬਰਾਹ ਸਰਦਾਰ ਅਰੂੜ ਸਿੰਘ ਹੁਕਮ ਚਲਾਉਂਦਾ ਸੀ ਅਤੇ ਗਰੰਥੀ, ਪੁਜਾਰੀ, ਸਿੱਖ ਸੰਗਤਾਂ ਦੀ ਰਤਾ ਪਰਵਾਹ ਨਹੀਂ ਕਰਦੇ ਸਨ।
ਸਵੇਰ ਵੇਲੇ ਮਲਵਈ ਬੁੰਗੇ ਵਿਚ ਚੀਫ ਖਾਲਸਾ ਦੀਵਾਨ ਸਜਿਆ ਹੋਇਆ ਸੀ। ਮੈਂ ਉਥੇ ਜਾ ਬੈਠਾ। ਸ਼ਬਦ ਕੀਰਤਨ ਤੇ ਕਥਾ ਮਗਰੋਂ ਉਸ ਵੇਲੇ ਦੀ ਪਰਸਿਧ ਪਰਚਾਰਕਾ ਮਾਈ ਰਾਮ ਕੌਰ ਵਖਿਆਨ ਕਰਨ ਲੱਗ ਪਈ। ਥੋੜ੍ਹੇ ਚਿਰ ਮਗਰੋ਼ ਇਕ ਡਾਢੀ ਦੁੱਖਦਾਈ ਘਟਨਾ ਵਾਪਰੀ ਜਿਸ ਨੇ ਸਾਰਾ ਪਰੋਗਰਾਮ ਬਦਲ ਦਿੱਤਾ। ਦੋ ਸਿੱਖ ਇਕ ਹਿੰਦੂ ਨੂੰ ਪਰਕਰਮਾ ਵਿਚੋਂ ਫੜ ਕੇ ਦੀਵਾਨ ਵਿਚ ਲੈ ਆਏ। ਉਸ ਦੀ ਮੈਲੀ ਜਿਹੀ ਧੋਤੀ ਦੀ ਗੰਢੜੀ ਵਿਚ ਕੁਝ ਬੱਧਾ ਹੋਇਆ ਸੀ। ਮਾਈ ਰਾਮ ਕੌਰ ਨੇ ਉਹ ਗੰਢੜੀ ਲੈ ਕੇ ਮੇਜ਼ ਉੱਤੇ ਰੱਖੀ। ਪਤਾ ਲੱਗਾ ਕਿ ਇਸ ਵਿਚ ਪੰਜ ਛੇ ਸੇਰ ਕੜਾਹ ਪਰਸ਼ਾਦ ਬੱਧਾ ਸੀ।
ਮਾਈ ਰਾਮ ਕੌਰ ਨੇ ਡਾਢੀ ਦਰਦ ਭਰੀ ਆਵਾਜ਼ ਵਿਚ ਆਖਿਆ-
“ਖਾਲਸਾ ਜੀ, ਇਹ ਜੇ ਸਾਡੇ ਪਵਿੱਤਰ ਗੁਰਧਾਮਾਂ ਦਾ ਹਾਲ! ਜਾਣਦੇ ਹੋ, ਇਹ ਕੀ ਚੀਜ਼ ਹੈ? ਇਹ ਪਵਿੱਤਰ ਕੜਾਹ ਪਰਸ਼ਾਦ ਹੈ। ਇਹ ਦੂਰ-ਦੂਰ ਤੋਂ ਆਈਆਂ ਸੰਗਤਾਂ ਦੀ ਪਵਿੱਤਰ ਸ਼ਾਰਧਾ ਭਗਤੀ ਹੈ ਜਿਹੜੀ ਇਥੇ ਟਕੇ ਸੇਰ ਵਿਕ ਰਹੀ ਹੈ! ਲਾਲਚੀ ਗਰੰਥੀ ਤੇ ਪੁਜਾਰੀ ਸ਼ਰਧਾ ਭਗਤੀ ਨਾਲ ਚੜ੍ਹਾਏ ਕੜਾਹ ਪਰਸ਼ਾਦ ਨੁੰ ਸੰਗਤਾਂ ਵਿਚ ਵੰਡਦੇ ਨਹੀਂ। ਪਰਸ਼ਾਦ ਚੜ੍ਹਾਉਣ ਵਾਲੇ ਨੂੰ ਥੋੜ੍ਹਾ ਜਿਹਾ ਦੇ ਕੇ ਬਾਕੀ ਸਾਰਾ ਇਕ ਵੱਡੇ ਕੜਾਹੇ ਵਿਚ ਇਕੱਠਾ ਕਰਦੇ ਰਹਿੰਦੇ ਹਨ ਅਤੇ ਆਨੇ ਦੋ ਆਨੇ ਸੇਰ ਵੇਚ ਕੇ ਪੈਸੇ ਇਕੱਠੇ ਕਰਦੇ ਹਨ। ਵਧਿਆ ਹੋਇਆ ਪਰਸ਼ਾਦ ਆਪਣੇ ਘਰੀਂ ਲਿਜਾ ਕੇ ਕੁੱਤਿਆਂ ਤੇ ਘੋੜਿਆਂ ਨੂੰ ਪਾਉਂਦੇ ਹਨ। ਸਾਡੀਆਂ ਅਖਬਾਰਾਂ ਗੁਰਦਆਰਿਆਂ ਦੀ ਦੁਰਦਸ਼ਾ ਬਾਰੇ ਦੁਹਾਈਆਂ ਪਾ ਰਹੀਆਂ ਹਨ ਪਰ ਸਰਕਾਰ ਪਰਵਾਹ ਨਹੀਂ ਕਰਦੀ ਅਤੇ ਤੁਸੀਂ ਸੁੱਤੇ ਪਏ ਹੋ। ਖਾਲਸਾ ਜੀ ਜਾਗੋ, ਜੀਉਂਦੇ ਹੋ ਕੇ ਮਰ ਗਏ ਹੋ! ਤੁਹਾਡੀ ਖਾਲਸਈ ਅਣਖ ਕਿਥੇ ਚਲੀ ਗਈ? ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੂੰ ਯਾਦ ਕਰੋ।”
ਮਾਈ ਰਾਮ ਕੌਰ ਦੇ ਇਨ੍ਹਾਂ ਸ਼ਬਦਾਂ ਨੇ ਮੇਰਾ ਕਲੇਜਾ ਵਿੰਨ੍ਹ ਦਿੱਤਾ। ਸੰਗਤ ਵਿਚ ਵੀ ਸਨਾਟਾ ਛਾ ਗਿਆ।
ਮਾਈ ਰਾਮ ਕੌਰ ਦੇ ਲੈਕਚਰ ਮਗਰੋਂ ਇਕ ਦੋ ਲੈਕਚਰ ਹੋਰ ਹੋਏ। ਦੀਵਾਨ ਦੇ ਭੋਗ ਪੈਣ ਮਗਰੋਂ ਮਾਈ ਰਾਮ ਕੌਰ ਦੀ ਅਗਵਾਈ ਵਿਚ ਇਕ ਜੱਥਾ ਸ਼ਬਦ ਪੜ੍ਹਦਾ ਹੋਇਆ ਪਰਕਰਮਾ ਕਰਨ ਤੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਪਿਆ। ਮੈਂ ਬਾਜ਼ਾਰ ਮਾਈ ਸੇਵਾ ਵਿਚੋਂ ਕੁਝ ਪੁਸਤਕਾਂ ਖਰੀਦਣ ਲਈ ਚਲਾ ਗਿਆ।
ਕੋਈ ਅੱਧੇ ਕੁ ਘੰਟੇ ਮਗਰੋਂ ਬਾਜ਼ਾਰ ਵਿਚ ਰੌਲਾ ਪੈ ਗਿਆ ਕਿ ਮਾਈ ਰਾਮ ਕੌਰ ਦੇ ਜੱਥੇ ਨੂੰ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ ਡਾਂਗਾਂ ਨਾਲ ਕੁੱਟ-ਕੁੱਟ ਕੇ ਕਈਆਂ ਨੂੰ ਫੱਟੜ ਕਰ ਦਿੱਤਾ ਹੈ। ਮਾਈ ਰਾਮ ਕੌਰ ਵੀ ਬੁਰੀ ਤਰ੍ਹਾਂ ਫੱਟੜ ਹੋ ਗਈ ਹੈ।
ਸੁਧਾਰਕ ਖਿਆਲ ਦੇ ਸਿੰਘਾਂ ਤੇ ਪੁਜਾਰੀਆਂ ਵਿਚਕਾਰ ਚਿਰ ਤੋਂ ਵਿਰੋਧ ਵਧ ਰਿਹਾ ਸੀ। ਅੱਜ ਖੁੱਲ੍ਹੇ ਦੀਵਾਨ ਵਿਚ ਮਾਈ ਰਾਮ ਕੌਰ ਵਲੋਂ ਕੜਾਹ ਪਰਸ਼ਾਦ ਦੀ ਬੇ-ਅਦਬੀ ਤੇ ਦਰਬਾਰ ਸਾਹਿਬ ਵਿਚ ਪਰਚਲਤ ਕੁਰੀਤੀਆਂ ਵਿਰੁਧ ਧੜੱਲੇਦਾਰ ਵਖਿਆਨ ਨੇ ਉਨ੍ਹਾਂ ਨੂੰ ਸੱਤੀ ਕੱਪੜੀਂ ਅੱਗ ਲਾ ਦਿੱਤੀ ਸੀ। ਗਰੰਥੀਆਂ ਤੇ ਪੁਜਾਰੀਆਂ ਨੂੰ ਪਤਾ ਸੀ ਕਿ ਸਦਾ ਵਾਂਗ ਦੀਵਾਨ ਦੀ ਸਮਾਪਤੀ ਮਗਰੋਂ ਮਾਈ ਰਾਮ ਕੌਰ ਜੱਥਾ ਲੈ ਕੇ ਹਰਿਮੰਦਰ ਸਾਹਿਬ ਦਰਸ਼ਨ ਨੂੰ ਆਏਗੀ। ਪੈਰ ਉੱਤੇ ਬਦਲਾ ਲੈ ਕੇ ਦਿਲ ਠੰਡਾ ਕਰਨ ਲਈ ਉਨ੍ਹਾਂ ਨੇ ਡਾਂਗਾਂ ਸੋਟੇ ਇਕੱਠੇ ਕਰਕੇ ਤਿਆਰੀ ਕਰ ਲਈ ਸੀ। ਜਦੋਂ ਸ਼ਬਦ ਪੜ੍ਹਦਾ ਜੱਥਾ ਦਰਸ਼ਨੀ ਡਿਉਢੀ ਵਿਚੋਂ ਲੰਘ ਕੇ ਹਰਿੰਮਦਰ ਸਾਹਿਬ ਦੇ ਸਾਹਮਣੇ ਮੱਥਾ ਟੇਕਣ ਲੱਗਾ ਤਾਂ ਉਨ੍ਹਾਂ ਉੱਤੇ ਅਚਨਚੇਤ ਮੀਂਹ ਵਾਂਗ ਡਾਂਗਾਂ ਵਰ੍ਹਨੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ ਸੁਪਨੇ ਵਿਚ ਵੀ ਖਿਆਲ ਨਹੀਂ ਸੀ ਕਿ ਗਰੰਥੀ ਪੁਜਾਰੀ ਅਜਿਹਾ ਕਹਿਰ ਕਮਾਉਣ ਉੱਤੇ ਉਤਰ ਆਉਣਗੇ ਪਰ ਉਨ੍ਹਾਂ ਨੂੰ ਡਰ ਕਾਹਦਾ ਸੀ?
“ਸਈਆਂ ਭਏ ਕੁਤਵਾਲ ਅਬ ਡਰ ਕਾਹੇ ਕਾ”।
ਸਰਕਾਰ ਮਾਈ ਬਾਪ ਦਾ ਹੱਥ ਉਨ੍ਹਾਂ ਦੇ ਸਿਰ ਉਪਰ ਸੀ। ਪੁਲਿਸ ਨੂੰ ਤੇ ਸਥਾਨਕ ਹਾਕਮਾਂ ਨੂੰ ਉਹ ਸਦਾ ਪ੍ਰਸੰਨ ਰੱਖਦੇ ਸਨ। ਸਿੱਖ ਸੰਗਤਾਂ ਨੂੰ ਉਹ ਟਿੱਚ ਸਮਝਦੇ ਸਨ। ਇਸ ਬੇਦਰਦੀ ਨਾਲ ਇਕ ਧਰਮ ਪਰਚਾਰਕਾ ਮਾਈ ਤੇ ਗੁਰੂ ਪਿਆਰੇ ਸਿੱਖਾਂ ਨੂੰ ਗੁਰੂ ਦੀ ਹਜ਼ੂਰੀ ਵਿਚ ਲਹੂ ਲੁਹਾਣ ਕਰਕੇ ਉਹ ਝੱਟ ਘੰਟਾ ਘਰ ਦੇ ਕੋਲ ਪੁਲਸ ਚੌਕੀ ਵਿਚ ਚਲੇ ਗਏ। ਰਿਪੋਰਟ ਲਿਖਾ ਦਿੱਤੀ ਕਿ ਮਾਈ ਰਾਮ ਕੌਰ ਸਿੰਘ ਸਭੀਆਂ ਦਾ ਜੱਥਾ ਲੈ ਕੇ ਗੁਰੂ ਦੀ ਗੋਲਕ ਲੁੱਟਣ ਆ ਪਈ ਸੀ। ਥਾਣੇਦਾਰ ਸਾਹਿਬ ਨੇ ਪੁਲਸ ਦੀ ਗਾਰਦ ਲੈ ਕੇ ਤੁਰਤ ਮਾਈ ਰਾਮ ਕੌਰ ਨੂੰ ਤੇ ਕੁਝ ਹੋਰ ਦੂਹਰੀਆਂ ਪੱਗਾਂ ਵਾਲੇ ਸਿੱਖਾਂ ਨੂੰ ਘੇਰੇ ਵਿਚ ਲੈ ਕੇ ਪੁਲਸ ਚੌਕੀ ਵਿਚ ਬੁਲਾ ਲਿਆ।
ਜਦ ਮੈਂ ਬਾਜ਼ਾਰ ਵਿਚ ਇਹ ਸਾਰੀ ਖਬਰ ਤੇ ਰੌਲਾ ਗੌਲਾ ਸੁਣਿਆ ਤਾਂ ਮੈਂ ਵੀ ਝੱਟ ਪੱਟ ਭੱਜਾ ਭੱਜਾ ਘੰਟਾ ਘਰ ਕੋਲ ਪੁਲਸ ਚੌਕੀ ਕੋਲ ਪੁਜਾ। ਉਥੇ ਹੋਰ ਗਰੰਥੀਆਂ ਤੋਂ ਬਿਨਾਂ ਇਕ ਮੱਧਰੇ ਕਦ ਦਾ ਚਿਲਕਦੇ ਲੰਮੇ ਦਾਹੜੇ ਵਾਲਾ ਗਰੰਥੀ ਸੀ ਜਿਸ ਦਾ ਦਾਹੜਾ ਧੁਨੀ ਤੋਂ ਹੇਠਾਂ ਤਕ ਲੰਮਾ ਸੀ। ਗਲ ਵਿਚ ਸਰਬ-ਲੋਹ ਦੀ ਮਾਲਾ ਤੇ ਹੱਥ ਵਿਚ ਸਿਮਰਨਾ ਸੀ। ਕੜਾਹ ਦੀ ਥਿੰਧਿਆਈ ਨਾਲ ਉਸ ਦਾ ਮੂੰਹ ਚਿਲਕ ਰਿਹਾ ਸੀ। ਮੈਨੂੰ ਵੇਖਦਿਆਂ ਹੀ ਥਾਣੇਦਾਰ ਨੂੰ ਕਹਿਣ ਲੱਗਾ- “ਲੌ ਜੀ ਅਹੁ ਆ ਗਿਆ ਜੇ, ਇਹ ਵੀ ਰਾਮ ਕੌਰ ਦੇ ਨਾਲ ਸੀ ਤੇ ਉੱਚੀ ਉੱਚੀ ਕਹਿੰਦਾ ਸੀ, ‘ਫੜ ਲੌ ਗਰੰਥੀਆਂ ਨੂੰ ਤੇ ਲੁੱਟ ਲੌ ਗੋਲਕ’।”
ਮੈਨੂੰ ਪੁੱਛਣ ਦੀ ਹੁਣ ਕੀ ਲੋੜ ਸੀ! ਝੱਟ ਮੈਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੇਰੇ ਸਣੇ 20-25 ਸਿੰਘਾਂ ਨੂੰ ਘੇਰ ਕੇ ਸ਼ਹਿਰ ਦੀ ਕੋਤਵਾਲੀ ਵਿਚ ਜਾ ਡਕਿਆ।
ਇਹ ਸੀ ਮੇਰੀ ਪਹਿਲੀ ਹਵਾਲਤਾ ਯਾਤਰਾ। ਹਵਾਲਾਤ ਕੀ ਸੀ, ਘੋੜਿਆਂ ਦਾ ਅਸਤਬਲ ਸੀ। ਇਕ ਨੁੱਕਰ ਵਿਚ ਪਿਸ਼ਾਬ ਤੇ ਟੱਟੀ ਦਾ ਬੰਦੋਬਸਤ ਸੀ ਜਿਥੋਂ ਦੇ ਗੰਦ ਤੇ ਬਦਬੂ ਨਾਲ ਨੱਕ ਸੜ ਰਿਹਾ ਸੀ। ਓਥੇ ਗੱਲਾਂ ਬਾਤਾਂ ਕਰਨ ਤੋਂ ਪਤਾ ਲੱਗਾ ਕਿ ਗ੍ਰਿਫਤਾਰ ਹੋਇਆਂ ਵਿਚੋਂ ਅੱਧਿਆਂ ਤੋਂ ਵੱਧ ਉਹ ਸੱਜਨ ਸਨ ਜਿਹੜੇ ਅਜੇ ਪਰਕਰਮਾ ਵਿਚ ਵੀ ਨਹੀਂ ਗਏ ਸਨ।
ਗਰੰਥੀਆਂ ਦਾ ਝੂਠ ਫਰੇਬ ਤੇ ਧੱਕੇਸ਼ਾਹੀ ਅਤੇ ਪੁਲਸ ਵਲੋਂ ਬਿਨਾਂ ਪੁੱਛ ਗਿੱਛ ਦੇ ਅੰਧਾ ਧੁੰਦ ਗ੍ਰਿਫਤਾਰੀ ਵੇਖ ਕੇ ਮੈਂ ਆਖਿਆ- “ਇਸ ਦਾ ਨਾਂ ਹੈ ਅੰਧ ਰਾਜ ਤੇ ਬੇਦਾਦ ਨਗਰੀ”। ਸਾਰਾ ਦਿਨ ਅਸੀਂ ਹਵਾਲਤ ਵਿਚ ਭੁੱਖੇ ਭਾਣੇ ਡੱਕੇ ਰਹੇ। ਤ੍ਰਿਕਾਲਾਂ ਵੇਲੇ ਸਾਡੇ ਨਾਂ, ਪਤੇ ਤੇ ਬਿਆਨ ਲਿਖਣੇ ਸ਼ੁਰੂ ਕੀਤੇ ਗਏ। ਫਿਰ ਥਾਣੇਦਾਰ ਸਾਨੂੰ ਧਮਕੀਆਂ ਦੇ ਕੇ ਕਹਿਣ ਲੱਗਾ ਕਿ ਮਾਫੀਨਾਮਾ ਲਿਖ ਦਿਓ, ਤੁਹਾਨੂੰ ਰਿਹਾਅ ਕਰ ਦਿਆਂਗਾ।
ਮੈਂ ਪੁੱਛਿਆ- “ਥਾਣੇਦਾਰ ਸਾਹਿਬ ਡਾਕੇ ਦੇ ਮੁਕੱਦਮੇ ਵਿਚ ਮਾਫੀ ਕੈਸੀ? ਜੇ ਅਸਾਂ ਡਾਕਾ ਮਾਰਨ ਦਾ ਜੁਰਮ ਕੀਤਾ ਹੈ ਤਾਂ ਸਾਨੂੰ ਚਲਾਨ ਕਰੋ, ਅਸੀਂ ਮੁਕੱਦਮਾ ਲੜਾਂਗੇ।” ਬਿਆਨ ਲਿਖ ਕੇ ਥਾਣੇਦਾਰ ਚਲਦਾ ਹੋਇਆ।
ਘੰਟੇ ਕੁ ਮਗਰੋਂ ਸਾਡੇ ਜਾਤੀ ਮਚਲਕੇ ਲੈ ਕੇ ਸਾਨੂੰ ਛੱਡ ਦਿੱਤਾ ਗਿਆ।
ਮੈਂ ਅੰਮ੍ਰਿਤਸਰ ਸਾਹਿਬ ਬੜੀ ਸ਼ਰਧਾ ਭਗਤੀ ਤੇ ਤਾਂਘ ਨਾਲ ਦਿਲ ਵਿਚ ਆਤਮਕ ਜੋਤ ਜਗਾਉਣ ਦੇ ਆਸ਼ੇ ਨਾਲ ਗਿਆ ਸਾਂ। ਉਹ ਜੋਤ ਨਾ ਜਗੀ ਪਰ ਦਿਲ ਵਿਚ ਇਕ ਲਾਟ ਬਾਲ ਕੇ ਵਾਪਸ ਮੁੜਿਆ, ਇਹ ਲਾਟ ਗੁਰਦੁਆਰਾ ਸੁਧਾਰ ਤੇ ਰਾਜ ਪਰਬੰਧ ਦੇ ਸੁਧਾਰ ਦੀ ਅਬੁਝ ਅਗਨੀ ਸੀ।
ਇਹ ਹੈ ਮਰੀ ਪਹਿਲੀ ਹਵਾਲਾਤ ਯਾਤਰਾ ਦੀ ਸੰਖੇਪ ਕਥਾ।
ਹੀਰਾ ਸਿੰਘ ਦਰਦ ਦੀ ਕਵਿਤਾ : ਜਲ੍ਹਿਆਂ ਵਾਲੇ ਬਾਗ਼ ਦੀ ਵਸਾਖੀ
ਜਲ੍ਹਿਆਂ ਵਾਲੇ ਬਾਗ਼ ਦੀ ਵਸਾਖੀ
ਐ ਬਾਗ਼ ਜਲ੍ਹਿਆਂ ਵਾਲਿਆ,
ਫਿਰ ਯਾਦ ਤੇਰੀ ਆ ਗਈ।
ਓਹੀ ਵਸਾਖੀ ਆ ਗਈ!

ਇਕਦਰ ਮਸ਼ੀਨਾਂ ਬੀੜੀਆਂ,
ਇਕਦਰ ਨੇ ਤਣੀਆਂ ਛਾਤੀਆਂ,
ਇਕਦਰ ਸਬਰ ਦੀਆਂ ਆਹੀਆਂ,
ਇਕਦਰ ਜਬਰ ਦੀਆਂ ਕਾਤੀਆਂ,

ਉਹ ਬੇਗੁਨਾਹਾਂ ਦੇ ਖੂਨ ਵਿਚ
ਰਜ ਰਜ ਕੇ ਓਥੇ ਨ੍ਹਾਤੀਆਂ।
ਐ ਬਾਗ਼ ਜਲ੍ਹਿਆਂ ਵਾਲਿਆ…

ਮੇਲੇ ਗਏ ਹੋਏ ਵੀਰ ਨੂੰ,
ਕੋਈ ਭੈਣ ਸਿਕਦੀ ਰਹਿ ਗਈ!
ਅਤੇ ਜਿਗਰ ਦੇ ਟੋਟੇ ਲਈ
ਅੰਬੜੀ ਪਟਿਕਦੀ ਰਹਿ ਗਈ!
ਨਾ ਜਾਈਂ ਅਜ ਦੀ ਰਾਤ ਵੇ
(ਕੋਈ) ਪ੍ਰੀਤਮ ਨੂੰ ਸਿਕਦੀ ਰਹਿ ਗਈ!
ਆਸਾਂ ਦੀ ਤੰਦੜੀ ਟੁਟ ਗਈ,
ਮੁੜ ਕੇ ਨਾ ਜਦ ਕੋਈ ਬਹੁੜਿਆ।
ਘਰ ਘਰ ਸੀ ਮਾਤਮ ਹੋ ਰਿਹਾ!

ਕੀ ਕਹਿਰ ਉਥੇ ਵਰਤਿਆ?
ਬਸ ਓਹੀ ਦਸ ਹੈ ਸਕਦੀ,
ਜਿਸ ਉਥੇ ਗੁਜ਼ਾਰੀ ਰਾਤ ਸੀ।
ਜ਼ੁਲਮਾਂ ਦੀ ਕਾਲੀ ਰਾਤ ਸੀ,
ਚੁਪ ਮੌਤ ਵਾਂਙੂ ਛਾ ਰਹੀ,
ਲੋਥਾਂ ਦਾ ਲੱਗਾ ਢੇਰ ਸੀ,
ਲਹੂ ਦੀ ਨਦੀ ਸੀ ਵਹਿ ਰਹੀ।
ਬੈਠੀ ਸਰ੍ਹਾਂਦੀ ਪਤੀ ਦੇ
ਇਕ ਰਤਨ ਦਈ ਸੀ ਰੋ ਰਹੀ!
ਬਸ ਉਹੀ ਦਸ ਹੈ ਸਕਦੀ,
ਜਿਸ ਓਥੇ ਗੁਜ਼ਾਰੀ ਰਾਤ ਸੀ।

ਉਸ ਜਲ੍ਹਿਆਂ ਵਾਲੇ ਬਾਗ਼ ਵਿਚ,
ਜੋ ਲਹੂ ਸ਼ਹੀਦੀ ਡੁਲ੍ਹਿਆ
ਸਾਨੂੰ ਅਜੇ ਨਹੀਂ ਭੁਲਿਆ।
ਡਾਇਰ ਦੀ ਤਕ ਕੇ ਡਾਇਰੀ,
ਦਰਦਾਂ ਨੇ ਕੀਤੀ ਸ਼ਾਇਰੀ।
ਮਾਸੂਮ ਬੇ-ਹਥਿਆਰ ਤੇ,
ਸ਼ਸਤ੍ਰ ਚਲਾਣਾਂ ਕਾਇਰੀ।
ਲਾਹਨਤ ਹੈ ਉਸ ਤਹਿਜ਼ੀਬ ਨੂੰ,
ਜਿਸ ਏਹ ਕਿਆਮਤ ਲਿਆ ਧਰੀ।
ਓਸੇ ਸ਼ਹੀਦੀ ਖੂਨ ‘ਚੋਂ,
ਇਕ ਮਰਦ ਪੈਦਾ ਹੋ ਗਿਆ।
ਇਕ ਦਰਦ ਪੈਦਾ ਹੋ ਗਿਆ।

ਜਿਸਦਾ ਆਜ਼ਾਦੀ ਮਜ਼ਹਬ ਹੈ,
ਹਿੰਦੀ ਹੈ ਨਾਉਂ ਸਦਾਉਂਦਾ।
ਭਾਰਤ ਨੂੰ ਕਹਿੰਦਾ ਮਾਉਂ ਹੈ,
ਵੀਰਾਂ ਨੂੰ ਛਾਤੀ ਲਾਉਂਦਾ।
ਆਖੇ ਇਹ ਪ੍ਰਣ ਮੈਂ ਨਿਭਾਉਣਾ,
ਡਾਇਰਾਂ ਨੂੰ ਹੁਣ ਮੈਂ ਮੁਕਾਉਣਾ।
ਕਾਲਖ ਦਾ ਟਿਕਾ ਏਹ ਗੁਲਾਮੀ,
ਮਥਿਓਂ ਹੁਣ ਲਾਹੁਣਾ।

ਆਜ਼ਾਦ ਕਰਨਾ ਵਤਨ ਨੂੰ,
ਅਗੇ ਹੀ ਅਗੇ ਜਾਵਣਾ।
ਨਹੀਂ ਪੈਰ ਪਿਛੇ ਪਾਵਣਾ।
ਇਹ ਕੂਕ ਹੁਣ ਤਕ ਆ ਰਹੀ,
ਉਸ ਜਲ੍ਹਿਆਂ ਦੇ ਬਾਗ਼ ਦੀ:
‘‘ਐ ਹਿੰਦੀਆ ਤੂੰ ਸੌਂ ਰਿਹਾ,
ਪਰ ਰਤਨ ਦਈ ਹੈ ਜਾਗਦੀ।
ਉਠਕੇ ਸ਼ਹੀਦੀ ਬੰਨ੍ਹ ਗਾਨਾ,
ਵਤਨ ਉਤੋਂ ਜਿੰਦ ਘੁਮਾ,
ਆਜ਼ਾਦ ਹਿੰਦ ਕਰਕੇ ਵਿਖਾ।“

ਐ ਬਾਗ਼ ਜਲ੍ਹਿਆਂ ਵਾਲਿਆ,
ਫਿਰ ਯਾਦ ਤੇਰੀ ਆ ਰਹੀ।
ਓਹੀ ਵਸਾਖੀ ਆ ਗਈ!
(ਅਪਰੈਲ 1934)