ਧਨੁ ਲੇਖਾਰੀ ਨਾਨਕਾ: ਕੁਝ ਸਵਾਲ, ਕੁਝ ਖਿਆਲ

ਨਵਜੋਤ ਢਿੱਲੋਂ
ਜਲੰਧਰ ਰਹਿੰਦਿਆਂ ਮੈਨੂੰ ‘ਮੇਲਾ ਗਦਰੀ ਬਾਬਿਆਂ ਦਾ` ਦੇਖਣ ਦਾ ਚਾਅ ਅਤੇ ਉਤਸ਼ਾਹ ਇੱਦਾਂ ਹੁੰਦਾ ਸੀ, ਜਿਵੇਂ ਇਹ ਕਿਤੇ ਮੇਰੇ ਆਪਣੇ ਘਰ ਦਾ ਹੀ ਕੋਈ ਪ੍ਰੋਗਰਾਮ ਹੋਵੇ। ਸ਼ਾਇਦ ਅਜਿਹਾ ਇਸ ਲਈ ਵੀ ਹੁੰਦਾ ਸੀ ਕਿ ਦੇਸ਼ ਭਗਤ ਯਾਦਗਰ ਹਾਲ ਨਾਲ ਉਸ ਵੇਲੇ ਜੁੜੇ ਸਾਰੇ ਲੋਕਾਂ (ਬਾਬਾ ਭਗਤ ਸਿੰਘ ਬਿਲਗਾ, ਕਾਮਰੇਡ ਅਮੋਲਕ ਸਿੰਘ, ਕਾਮਰੇਡ ਗੁਰਮੀਤ ਸਿੰਘ, ਕਾਮਰੇਡ ਗੁਰਮੀਤ ਢੱਡਾ, ਕਾਮਰੇਡ ਚੈਨ ਸਿੰਘ, ਸ਼ੀਲਾ ਚੈਨ ਸਿੰਘ, ਕਾਮਰੇਡ ਗੰਧਰਵ ਸੈਨ ਕੋਛੜ, ਸੁਰਿੰਦਰ ਕੁਮਾਰੀ ਕੋਛੜ, ਕਾਮਰੇਡ ਚੱਠਾ, ਕਾਮਰੇਡ ਛੀਨਾ, ਕਾਮਰੇਡ ਰਾਜੇਸ਼ਵਰ ਸਿੰਘ ਅਤੇ ਬਹੁਤ ਸਾਰੇ ਲੇਖਕ ਤੇ ਪੱਤਰਕਾਰ) ਵਾਂਗ ਉਹ ਹਾਲ ਮੇਰੇ ਲਈ ਮੇਰੇ ਘਰ ਵਾਂਗ ਹੀ ਸੀ।

2003 ਦਾ ਮੇਲਾ ਭਾਵੇਂ ਮੇਰੇ ਲਈ ਹੁਣ ਤੱਕ ਦਾ ਆਖਰੀ ਮੇਲਾ ਹੈ ਪਰ ਕੈਨੇਡਾ ਆ ਕੇ ਹਰ ਸਾਲ ਅਕਤੂਬਰ ਦੇ ਆਖਰੀ ਹਫਤੇ ਦਿਲ ਨੂੰ ਧੂਹ ਜਿਹੀ ਪੈਂਦੀ ਹੈ ਕਿ ਮੈਂ ਉੱਡ ਕੇ ਕਿਸੇ ਤਰ੍ਹਾਂ ਮੇਲੇ ‘ਚ ਪੁੱਜ ਜਾਵਾਂ। ਉਹ ਝੰਡੇ ਦਾ ਗੀਤ, ਇਨਕਲਾਬੀ ਨਾਅਰੇ, ਮਸ਼ਾਲ ਮਾਰਚ, ਸਾਹਿਤਕ ਪ੍ਰੋਗਰਾਮ ਅਜੇ ਵੀ ਮੇਰੇ ਚੇਤਿਆਂ ‘ਚ ਹਨ। ਪਹਿਲੀ ਨਵੰਬਰ ਨਾਟਕਾਂ ਵਾਲੀ ਰਾਤ ਮੇਲੇ ਦੀ ਆਖਰੀ ਰਾਤ ਹੁੰਦੀ ਸੀ ਅਤੇ ਜਿਉਂ ਹੀ ਪਹਿਲੀ ਨਵੰਬਰ ਦੇ ਤੜਕੇ ਦੀ ਲੋਅ ਜਿਹੀ ਹੋਣ ਲੱਗਣੀ, ਮੇਰੇ ਦਿਲ ‘ਚ ਹੌਲ ਜਿਹਾ ਪੈਣ ਲੱਗ ਪੈਂਦਾ ਸੀ ਕਿ ਇਹ ਰਾਤ ਹੁਣ ਮੁੱਕਣ ਵਾਲੀ ਹੈ। ਹੁਣ ਵੀ ਉਹ ਨਾਟਕਾਂ ਭਰੀ ਰਾਤ ਹਰ ਸਾਲ ਆਉਂਦੀ ਹੈ, ਇਹ ਗੱਲ ਵੱਖਰੀ ਹੈ ਕਿ ਹੁਣ ਮੈਨੂੰ ਅਫਸੋਸ ਉਸ ਰਾਤ ਦੇ ਮੁੱਕਣ ਦਾ ਨਹੀਂ ਸਗੋਂ ਮੇਰੇ ਉਥੇ ਮੌਜੂਦ ਨਾ ਹੋਣ ਦਾ ਹੁੰਦਾ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਸਾਲ ਉਸ ਨਾਟਕਾਂ ਵਾਲੀ ਰਾਤ ਦਾ ਹਿੱਸਾ ਬਣਨ ਵਾਲੇ ਕਈ ਨਾਟਕਾਂ ਦੀ ਰਿਕਾਰਡਿੰਗ ਹੁਣ ਯੂਟਿਊਬ ‘ਤੇ ਦੇਖਣ ਨੂੰ ਮਿਲ ਰਹੀ ਹੈ।
ਡਾਕਟਰ ਸਾਹਿਬ ਸਿੰਘ ਦੇ ਨਾਟਕ ‘ਧਨੁ ਲੇਖਾਰੀ ਨਾਨਕਾ` ਦੇ ਕਈ ਰੀਵਿਊ ਮੈਂ ਬਿਨਾ ਪੜ੍ਹੇ ਹੀ ਆਪਣੀਆਂ ਅੱਖਾਂ ਅੱਗਿਓਂ ਤੇਜ਼ੀ ਨਾਲ ਲੰਘਾ ਦਿੱਤੇ, ਉਹ ਇਸ ਲਈ ਕਿ ਮੈਂ ਕਿਸੇ ਹੋਰ ਦੇ ਨਜ਼ਰੀਏ ਤੋਂ ਦੇਖਣ ਤੋਂ ਪਹਿਲਾਂ ਨਾਟਕ ਖੁਦ ਦੇਖਣਾ ਚਾਹੁੰਦੀ ਸੀ। ਹੁਣ ਇਸ ਦੀ ਰਿਕਾਰਡਿੰਗ ਦੋ ਵਾਰ ਦੇਖ ਚੁੱਕੀ ਹਾਂ, ਜਾਂ ਕਹਿ ਲਓ ਕਿ ਮੈਂ ਰੀ-ਵਿਊ (?) ਜ਼ਰੂਰ ਕਰ ਚੁੱਕੀ ਹਾਂ ਪਰ ਮੈਂ ਰੀਵਿਊ (?) ਕਰਨ ਦੇ ਸ਼ਾਇਦ ਸਮਰੱਥ ਨਹੀਂ ਹਾਂ। ਮੈਨੂੰ ਨਾਟ-ਕਲਾ ਦੀਆਂ ਬਾਰੀਕੀਆਂ ਦੀ ਸਮਝ ਨਹੀਂ ਪਰ ਦਰਸ਼ਕ ਦੇ ਤੌਰ ‘ਤੇ ਜੋ ਵਲਵਲੇ ਮੇਰੇ ਮਨ ਅੰਦਰ ਪੈਦਾ ਹੋਏ, ਉਹ ਸਾਂਝੇ ਕਰਨ ਨੂੰ ਦਿਲ ਕਰ ਆਇਆ।
ਮੈਂ ਬਾਕੀ ਨਾਟਕਾਂ ‘ਚੋਂ ਸਭ ਤੋਂ ਪਹਿਲਾਂ ਦੇਖਣ ਲਈ ਇਹੀ ਨਾਟਕ ਚੁਣਿਆ, ਇਸ ਦੇ ਕਈ ਕਾਰਨ ਹਨ। ਪਹਿਲਾ, ਸਾਹਿਬ ਸਿੰਘ ਦੀਆਂ ਲਿਖਤਾਂ ਮੈਂ ਤਕਰੀਬਨ ਡੇਢ ਕੁ ਸਾਲ ਤੋਂ ਪੜ੍ਹ ਰਹੀ ਸਾਂ, ਮੈਨੂੰ ਉਨ੍ਹਾਂ ਦੀ ਡੂੰਘੀ ਸਮਝ, ਸੂਝਬੂਝ, ਖਾਸਕਰ ਉਨ੍ਹਾਂ ਦਾ ਗੱਲ ਨੂੰ ਲਿਖਣ/ਕਹਿਣ ਦਾ ਅੰਦਾਜ਼ ਚੰਗਾ ਲਗਦਾ ਹੈ। ਦੂਜਾ, ਮੈਂ ਉਨ੍ਹਾਂ ਦਾ ਕੋਈ ਵੀ ਨਾਟਕ ਨਹੀਂ ਦੇਖਿਆ ਸੀ, ਇਸ ਕਰ ਕੇ ਉਤਸੁਕਤਾ ਸੀ। ਤੀਜਾ, ਲੇਖਕਾਂ ਦੀਆਂ ਲਿਖਤਾਂ ਤੇ ਉਨ੍ਹਾਂ ਦੇ ‘ਕਿਰਦਾਰ` ਅਤੇ ‘ਕਾਰੋਬਾਰ` ਹਮੇਸ਼ਾ ਮੇਰੇ ਮਨ ‘ਚ ਕਈ ਖਿਆਲ ਤੇ ਸਵਾਲ ਪੈਦਾ ਕਰਦੇ ਰਹਿੰਦੇ ਹਨ। ਮੈਂ ਸੋਚਿਆ, ਸ਼ਾਇਦ ਆਪਣੇ ਕੁਝ ਸਵਾਲਾਂ ਦੇ ਜਵਾਬ ਮੈਂ ਵੀ ਲੱਭ ਸਕਾਂ।
ਖੈਰ! ਆਪਣੇ ਸਵਾਲ ਜੇ ਮੈਂ ਹਾਲ ਦੀ ਘੜੀ ਪਾਸੇ ਕਰ ਦਿਆਂ ਤਾਂ ਠੀਕ ਰਹੇਗਾ, ਕਿਉਂਕਿ ਨਾਟਕ ਦੇਖਣ ਮਗਰੋਂ ਮਹਿਸੂਸ ਕੀਤਾ ਕਿ ਨਾਟਕਕਾਰ ਨੇ ਤਾਂ ਸਵਾਲਾਂ ਦਾ ਅਜਿਹਾ ਮੀਂਹ ਵਰ੍ਹਾਇਆ ਕਿ ਦੇਖਣ ਵਾਲੇ ਦੀਆਂ ਸੋਚਾਂ ਸਿੰਜੀਆਂ ਜਾਂਦੀਆਂ ਹਨ ਅਤੇ ਜਵਾਬਾਂ ਵਾਲਾ ਬੂਰ ਪੈਂਦਾ ਦੇਖਣ ਲਈ ਉਹ ਬਹੁਤ ਆਸਵੰਦ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸਵਾਲਾਂ ‘ਚ ਹਰ ਤਰ੍ਹਾਂ ਦੇ ਸਵਾਲ ਸ਼ਾਮਲ ਹਨ। ਉਹ ਸਵਾਲ ਜਿਹੜੇ ਸਾਨੂੰ ਆਪਣੇ ਆਪ ਕੋਲੋਂ ਪੁੱਛਣੇ ਚਾਹੀਦੇ ਹਨ; ਉਹ ਸਵਾਲ ਜਿਹੜੇ ਹਰ ਸਾਧਾਰਨ ਇਨਸਾਨ ਦੇ ਦਿਮਾਗ ‘ਚੋਂ ਉੱਠਦੇ ਹਨ ਪਰ ਉਹ ਉਨ੍ਹਾਂ ਸਵਾਲਾਂ ਨੂੰ ਨੂੰ ਪੁੱਛਣ ਦਾ ਹੌਸਲਾ ਹੀ ਨਹੀਂ ਕਰਦਾ; ਉਹ ਸਵਾਲ ਜਿਹੜੇ ਉਨ੍ਹਾਂ ਲੋਕਾਂ ਕੋਲੋਂ ਪੁੱਛੇ ਜਾਣੇ ਚਾਹੀਦੇ ਹਨ ਜਿਨ੍ਹਾਂ ਦੀ ਹਉਮੈ ਅਤੇ ਦੌਲਤ ਉਨ੍ਹਾਂ ਨੂੰ ਇਸ ਭਰਮ ਵਿਚ ਰੱਖਦੀ ਹੈ ਕਿ ਉਹ ਕਿਸੇ ਮੂਹਰੇ ਜਵਾਬਦੇਹ ਨਹੀਂ ਹਨ; ਉਹ ਸਵਾਲ ਜਿਨ੍ਹਾਂ ਨੂੰ ਨਾ ਪੁੱਛਣਾ ਮਿਹਨਤਕਸ਼ ਅਤੇ ਇਮਾਨਦਾਰ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ; ਉਹ ਸਵਾਲ ਜਿਨ੍ਹਾਂ ਦੇ ਜਵਾਬ ਜ਼ਰੂਰ ਲੱਭੇ ਜਾਣੇ ਚਾਹੀਦੇ ਹਨ; ਉਹ ਸਵਾਲ ਜਿਹੜੇ ਜਬਰ ਦੇ ਸ਼ਿਕਾਰ ਅਤੇ ਨਿਆਂ ਲਈ ਭਟਕਦੇ ਧੱਕੇ ਖਾਂਦੇ ਫਿਰਦੇ ਲੋਕਾਂ ਦੇ ਮਨਾਂ ‘ਚ ਹੁੰਦੇ ਹਨ; ਉਹ ਸਵਾਲ ਜਿਹੜੇ ਧਰਮ ਦੇ ਓਹਲੇ ਵਿਚ ਹੈਵਾਨੀਅਤ ‘ਚ ਅੰਨ੍ਹੇ ਲੋਕਾਂ ਨੂੰ ਕੀਤੇ ਜਾਣੇ ਚਾਹੀਦੇ ਹਨ; ਇਸ ਨਾਟਕ ਵਿਚ ਲਗਾਤਾਰ ਗੂੰਜਦੇ ਹਨ। ਇਹ ਸਵਾਲ ਹੀ ਇਸ ਨਾਟਕ ਦਾ ਧੁਰਾ ਹਨ। ਕਈ ਦਰਜਨ ਸਵਾਲਾਂ ਵਿਚੋਂ ਕੁਝ ਕੁ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ:
“ਤੁਸੀਂ ਰਾਤ ਨੂੰ ਸੌਂਦੇ ਹੋ ਜਾਂ ਨਹੀਂ? ਕੀ ਗੱਲ ਜਵਾਬ ਨਹੀਂ ਆਇਆ?”
“ਸੁਪਨੇ ਵੇਖਦੇ ਹੋ ਰਾਤ ਨੂੰ? ਤੁਸੀਂ ਕਦੀ ਸੁਪਨਾ ਤਾਂ ਵੇਖਿਆ ਹੋਵੇਗਾ?”
“ਸੁਪਨਾ ਕੀ ਹੁੰਦਾ?”
“ਹੁਣ ਦੱਸੋ… ਨੀਂਦ ਆ ਜਾਊ ਕਿ ਨਹੀਂ?”
“ਤੇਰੀ ਬੇਟੀ ਕੀ ਬਾਜੂ ਟੂਟੀ ਤੋ ਕਹਾਨੀ ਲਿਖੋਗੇ… ਮੇਰੀ ਬੇਟੀ ਕੀ ਕਹਾਨੀ ਲਿਖੇਗਾ?”
“ਲੋਗੋਂ ਕੀ ਬੇਟਿਓਂ ਕੇ ਵਕਤ ਪਿਆਰ ਕਵਿਤਾਏਂ ਲਿਖੋਗੇ?”
“ਕਿਤਾਬੇਂ ਲਿਖਨੇ ਵਾਲੇ ਲੋਗ ਜੋ ਬਾਤੇਂ ਕਰਤੇ ਹੈਂ, ਫੈਸਲੇ ਕਰਨੇ ਵਾਲੇ ਲੋਗ ਉਨਕੀ ਮਾਨਤੇ ਕਯੂੰ ਨਹੀਂ ਹੈਂ?”
“ਫੈਕਟਰੀਏਂ ਚਲਾਏਂ ਹਮ, ਮਸ਼ੀਨੇਂ ਚਲਾਏਂ ਹਮ, ਕੱਪੜਾ ਬਨਾਏਂ ਹਮ ਔਰ ਭੂਖੇ ਭੀ ਮਰੇਂ ਹਮ? ਯੇ ਕੈਸਾ ਹਿੰਦੁਸਤਾਨ ਹੈ… ਕਿਤਾਬ ਜੀ?
“ਮਿਹਨਤਕਸ਼ ਲੋਗ ਬੜੇ ਹੋਤੇ ਹੈਂ… ਹਮ ਕੌਨ ਹੈਂ?”
“ਮੈਂ ਕਿਸੇ ਕਯੂੰ ਮਾਫ ਕਰ ਦੂੰ? ਮੈਂ ਕਿਸ ਕੋ ਸਜ਼ਾ ਦੂੰ? ਕਿਸ ਸੇ ਸਜ਼ਾ ਦਿਲਵਾਊਂ? ਕਿਸ ਸੇ ਕਹੂੰ ਕਿ ਉਨ ਦਰਿੰਦੋਂ ਕੋ ਸਜ਼ਾ ਮਿਲਨੀ ਚਾਹੀਏ?”
“ਤੁਮ ਕਿਤਾਬੇਂ ਲਿਖਨੇ ਵਾਲੇ ਕਯਾ ਇਤਨੇ ਬਹਾਦੁਰ ਹੋ ਕਿ ਮੇਰੀ ਬੇਟੀ ਕੀ ਕਹਾਨੀ ਜਾਨ ਕੀ ਪਰਵਾਹ ਕੀਏ ਬਗ਼ੈਰ ਲਿਖ ਸਕੋ?”
“ਕਯਾ ਤੁਮ ਹੋ ਸੱਚ ਕੇ ਪਹਰੇਦਾਰ?”
“ਕੀ ਝੁਰੜੀਆਂ ਹੇਠਲਾ ਮੱਥਾ ਰੌਸ਼ਨ ਨਹੀਂ ਹੋ ਸਕਦਾ? ਕਰੜ-ਬਰੜੀ ਦਾੜ੍ਹੀ ਵਾਲਾ ਬੰਦਾ ਤੇਰਾ ਸਿੱਖ ਨਹੀਂ ਹੋ ਸਕਦਾ?… ਕੀ ਕਰੀਏ ਬਾਬਾ?… ਕੀ… ਕਿੱਥੇ ਜਾਈਏ ਬਾਬਾ?”
“ਬਾਬਾ ਜਦ ਕੋਈ ਗੋਸ਼ਟੀ ਤੋਂ ਮੁੱਕਰ ਜਾਵੇ ਤੇ ਫੈਸਲਿਆਂ ‘ਤੇ ਆ ਜਾਵੇ… ਉਦੋਂ ਤੂੰ ਨਿਰਾਸ਼ ਤਾਂ ਹੁੰਦੈਂ ਬਾਬਾ?”
“ਅਸੀ ਤਾਂ ਦਿੱਲੀ ਦਾ ਲਾਈਟਰ ਨਹੀਂ ਸੀ ਵਿਗਾੜਿਆ… ਫਿਰ ਉਨ੍ਹਾਂ ਮਾਚਿਸ ਕਿਉਂ ਬਾਲੀ?”
“ਅਸੀਂ ਤਾਂ ਸਾਈਕਲਾਂ ਸਕੂਟਰਾਂ ਦੇ ਟਾਇਰਾਂ ਨੂੰ ਪੈਂਚਰ ਲਾਉਣ ਵਾਲੀਆਂ ਦੁਕਾਨਾਂ ਖੋਲ੍ਹੀਆਂ ਸੀ, ਫਿਰ ਉਨ੍ਹਾਂ ਨੇ ਗਲਾਂ ‘ਚ ਟਾਇਰ ਪਾਉਣ ਦੀ ਟਰੇਨਿੰਗ ਕਿੱਥੋਂ ਲੈ ਲਈ?”
“ਮਾਚਿਸ ਕਿੱਥੇ ਆ? ਕਿੱਥੇ ਆ ਮਾਚਿਸ?…”

ਸਵਾਲਾਂ ਤੋਂ ਬਾਅਦ ਹੁਣ ਮੈਂ ‘ਧਨੁ ਲੇਖਾਰੀ ਨਾਨਕਾ` ਵਿਚ ਪੇਸ਼ ਉਨ੍ਹਾਂ ਖਿਆਲਾਂ ਦੀ ਗੱਲ ਕਰਨਾ ਚਾਹੁੰਦੀ ਹਾਂ ਜਿਹੜੇ ਲੋਕਾਂ ਦੇ ਮਨਾਂ ‘ਤੇ ਯਕੀਨਨ ਗਹਿਰੀ ਛਾਪ ਛੱਡ ਗਏ ਹਨ। ਜਦੋਂ ਮੁੱਖ ਪਾਤਰ ‘ਲਿਖਾਰੀ` ਸਾਹਿਲ ਆਪਣੀ ਧੀ ਨੂੰ ਸੁਨੇਹਾ ਦਿੰਦਾ ਕਹਿੰਦਾ ਹੈ, “… ਪਰ ਤੂੰ ਆਪਣਾ ਸਾਈਕੋਲੌਜੀ ਦਾ ਥੀਸਿਜ਼ ਜ਼ਰੂਰ ਪੂਰਾ ਕਰੀਂ… ਇਸ ਮੁਲਕ ਨੂੰ ਬਹੁਤ ਲੋੜ ਹੈ ਮਨੋਵਿਗਿਆਨ ਸਮਝਣ ਦੀ”, ਤਾਂ ਉਨ੍ਹਾਂ ਪਲਾਂ ਦੌਰਾਨ ਦਰਸ਼ਕ ਦੇ ਤੌਰ ‘ਤੇ ਮੈਂ ਝੰਜੋੜੀ ਗਈ। ਇੰਨੀ ਵੱਡੀ ਗੱਲ ਇੰਨੀ ਸਹਿਜ ਕਹਿ ਜਾਣਾ ਡਾਕਟਰ ਸਾਹਿਬ ਸਿੰਘ ਦੀ ਲੇਖਣੀ ਦਾ ਵਿਲੱਖਣ ਅੰਦਾਜ਼ ਹੈ। ਅਸੀਂ ਮਨੋਵਿਗਿਆਨ ਨੂੰ ਸਮਝਣ ਦੀ ਕਦੀ ਲੋੜ ਹੀ ਨਹੀਂ ਸਮਝਦੇ। ਮੈਂ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੀ ਹਾਂ। ਮੈਂ ਬੀ.ਏ. ਪਾਰਟ-1 ਵਿਚ ਸਾਈਕੋਲੌਜੀ ਸਬਜੈਕਟ ਲੈਣਾ ਚਾਹੁੰਦੀ ਸੀ, ਆਪਣੀ ਇੱਕ ਦੋਸਤ ਅਤੇ ਕੁਝ ਸੀਨੀਅਰਜ਼ ਨਾਲ ਗੱਲ ਕੀਤੀ ਤਾਂ ਸਭ ਨੇ ਇਹੀ ਸਲਾਹ ਦਿੱਤੀ ਕਿ ਸਾਈਕੋਲੌਜੀ ਨਾ ਲਵੀਂ, ਇਹ ਸਬਜੈਕਟ ਪੜ੍ਹਨ ਵਾਲਾ ਬੰਦਾ ਪਾਗਲ ਹੋ ਜਾਂਦੈ। ਅਸੀਂ ਮਨਾਂ ਦੀਆਂ ਤਹਿਆਂ ਤੱਕ ਪਹੁੰਚਣਾ ਨਹੀਂ ਚਾਹੁੰਦੇ ਹੁੰਦੇ, ਸੱਚ ਕਹਿਣ, ਸੁਣਨ ਤੇ ਦੇਖਣ ਤੋਂ ਡਰਦੇ ਰਹਿੰਦੇ ਹਾਂ। ਡਾਕਟਰ ਸਾਹਿਬ ਸਿੰਘ ਨੇ ਮਨੋਵਿਗਿਆਨ ਵਾਲੇ ਇਸ ਡਾਇਲਾਗ ਰਾਹੀਂ ਬਹੁਤ ਕੁਝ ਅਣਕਿਹਾ ਕਹਿ ਦਿੱਤਾ ਹੈ। ਹੁਣ ਇਹ ਸਾਡੇ ਉੱਪਰ ਨਿਰਭਰ ਹੈ ਕਿ ਅਸੀਂ ਕੀ ਸੁਣਿਆ ਅਤੇ ਕੀ ਸਮਝਿਆ!
ਭਾਰਤ ਵਿਚ ਸਰਕਾਰੀ-ਦਰਬਾਰੀ ਬਣਨ ਦੇ ਚਾਹਵਾਨ ਅਤੇ ਦੌਲਤ-ਸ਼ੁਹਰਤ ਦੇ ਭੁੱਖੇ ਬਹੁਤ ਸਾਰੇ ਲਿਖਾਰੀਆਂ (ਸਾਹਿਤਕਾਰਾਂ ਤੇ ਪੱਤਰਕਾਰਾਂ ਸਮੇਤ) ਅਤੇ ਲੋਕਾਂ ਦਾ ਦਰਦ ਮਹਿਸੂਸ ਕਰਨ ਤੇ ਲਿਖਣ ਵਾਲਿਆਂ ਦਾ ਕੰਮ ਭਾਵੇਂ ਇੱਕੋ, ਅਰਥਾਤ ਲਿਖਣਾ ਹੁੰਦਾ ਹੈ ਪਰ ਉਨ੍ਹਾਂ ਦਾ ਉਦੇਸ਼, ਪ੍ਰਾਪਤੀਆਂ ਅਤੇ ਮਾਣ ਕਦੇ ਇੱਕ ਨਹੀਂ ਹੋ ਸਕਦੇ। ਨਾਟਕ ਦਾ ਮੁੱਖ ਪਾਤਰ ਲਿਖਾਰੀ ਸਾਹਿਲ ਸਿੰਘ ਮਜ਼੍ਹਬੀ ਨਫਰਤ ਨਾਲ ਭਰੇ ਲੋਕਾਂ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਪ੍ਰਿਯੰਕਾ ਸ਼ਰਮਾ ਦੀ ਕਹਾਣੀ ਲਿਖਣ ਲਈ ਇੰਨਾ ਤਤਪਰ ਹੈ ਕਿ ਉਸ ਨੂੰ ਪ੍ਰਿਯੰਕਾ ਅਤੇ ਉਸ ਦੇ ਬਾਪ ਦੇ ਦੁੱਖ ਸਾਹਮਣੇ ਆਪਣੀ ਧੀ ਦਾ ਅਤੇ ਆਪਣਾ ਦਰਦ ਮਾਮੂਲੀ ਜਾਪਦੇ ਹਨ। ਜਿੱਥੇ ‘ਧਨੁ ਲੇਖਾਰੀ ਨਾਨਕਾ` ਵਿਕਾਊ ਲਿਖਾਰੀਆਂ-ਪੱਤਰਕਾਰਾਂ ਨੂੰ ਨੰਗਾ ਕਰਦਾ ਹੈ, ਉੱਥੇ ਲੋਕ ਪੱਖੀ ਲੇਖਕਾਂ ਅਤੇ ਕਲਾਕਾਰਾਂ ਦਾ ਸੰਘਰਸ਼ ਵੀ ਬਾਖੂਬੀ ਬਿਆਨ ਕਰਦਾ ਹੈ। ਨਾਟਕ ਦੇ ਕੁਝ ਡਾਇਲਾਗ ਹਨ:
“ਲੋਕਾਂ ਨੂੰ ਜਾਣਨਾ ਪਏਗਾ, ਲਿਖਣੀ ਪਏਗੀ ਇਹ ਕਹਾਣੀ… ਲਿਖਣੀ ਪਏਗੀ… ਦਿਲਸ਼ਾਦ ਠੀਕ ਕਹਿੰਦਾ ਹੈ ਕਿ ਸਾਡੇ ਅੰਦਰ ਗੜਬੜ ਹੈ।”
“ਬੇਵਕੂਫ ਨੇ ਲੋਕ… ਬੇਵਕੂਫ… ਲਾਈਲੱਗ ਜਜ਼ਬਾਤੀ… ਇਨ੍ਹਾਂ ਦੀ ਬੇਵਕੂਫੀਆਂ ਵਾਲੀ ਰਗ ਨੱਪ ਕੇ ਰੱਖੋ… ਫਿਰ ਦੇਖੀਂ ਕਿੱਦਾਂ ਪੈਸੇ ਡਿੱਗਦੇ। ਇਨ੍ਹਾਂ ਨੂੰ ਸਿਆਣੇ ਬਣਾਉਣ ਦੀ ਲੋੜ ਨਹੀਂ।”
“ਵਿਕਦਾ ਵਰਕ ਆ ਚਮਕੀਲਾ ਵਰਕ… ਤੂੰ ਲਿਖਦਾ ਵਧੀਆ ਪਰ ਤੈਨੂੰ ਵਰਕ ਲਾਉਣਾ ਨਹੀਂ ਆਉਂਦਾ… ਵਰਕ ਲਾਉਣਾ ਸਿੱਖ… ਧਰਮ ਦਾ, ਨਸਲ ਦਾ, ਜ਼ਾਤ ਦਾ, ਕੌਮ ਦਾ, ਫਿਰ ਦੇਖੀਂ ਕਿੱਦਾਂ ਲੁੱਡੀਆਂ ਪੈਂਦੀਆਂ।”
“ਤੂੰ ਬੇਵਕਫਾਂ ਨੂੰ ਸਿਆਣੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾਂ, ਇਹੀ ਤੇਰੀ ਗਲਤੀ ਹੈ।”
“ਧਰਮੀ ਉਹ ਹੁੰਦੇ ਨੇ ਜਿਹੜੇ ਸਵੇਰ ਸ਼ਾਮ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਨੇ, ਤੇ ਪਤਾ ਨ੍ਹੀਂ ਲਗਦਾ ਕਿਹੜੇ ਵੇਲੇ ਬਾਬਾ ਧਿਆ ਜਾਂਦੇ ਨੇ…।”
“ਓਏ ਧਰਮ ਨੂੰ ਜੀਵਨ ਜਾਚ ਸਮਝਣ ਵਾਲਿਆਂ ਦੀ ਕੌਡੀ ਕੀਮਤ ਨਹੀਂ ਪੈਂਦੀ, ਇਹ ਤਾਂ ਵਿਕਣ ਵਾਲੀ ਸ਼ੈਅ ਐ… ਬਹੁਤ ਮਹਿੰਗੀ, ਬਸ ਵੇਚਣੀ ਆਉਣੀ ਚਾਹੀਦੀ ਹੈ।”
“ਮੈਂ ਕਿਸੇ ਦਾਇਰੇ ‘ਚ ਨਹੀਂ ਉਲਝਣਾ ਚਾਹੁੰਦਾ… ਕਿਸੇ ਇੱਕ ਰੰਗ ‘ਚ ਨਹੀਂ ਰੰਗਣਾ ਚਾਹੁੰਦਾ… ਰੰਗ ਫਿਰ ਭਾਵੇਂ ਨੀਲਾ ਹੋਵੇ, ਪੀਲਾ ਹੋਵੇ, ਚਿੱਟਾ ਹੋਵੇ ਤੇ ਭਾਵੇਂ ਹੋਵੇ ਲਾਲ… ਮੈਂ ਨਹੀਂ ਉਲਝਦਾ ਇੱਕ ਰੰਗ ‘ਚ…।”
“ਕਿਉਂਕਿ ਭਾਅ ਕਿਸੇ ਹੋਰ ਨੇ ਮਿੱਥਣਾ… ਫਿਰ ਮੇਰੀ ਕਵਿਤਾ ਨੇ ਰੁਦਨ ਕਰਨਾ।”

ਲਿਖਾਰੀ ਦਾ ਬਾਬੇ ਨਾਨਕ ਨਾਲ ਹੁੰਦਾ ਸੰਵਾਦ ਮੌਜੂਦਾ ਕਿਸਾਨ ਸੰਘਰਸ਼ ਦੌਰਾਨ ਸੱਤਾਧਾਰੀਆਂ ਅਤੇ ਧਰਮਾਂ ਦੇ ਅਖੌਤੀ ਰਖਵਾਲਿਆਂ ‘ਤੇ ਤਿੱਖਾ ਅਤੇ ਸਿੱਧਾ ਨਿਸ਼ਾਨਾ ਸਾਧਦਾ ਹੈ। ਕਿਸਾਨਾਂ, ਕਿਰਤੀਆਂ, ਮਜ਼ਦੂਰਾਂ, ਔਰਤਾਂ ਅਤੇ ਸੰਘਰਸ਼ ਕਰ ਰਹੇ ਹਰ ਵਰਗ ਦੇ ਸਾਧਾਰਨ ਬੰਦੇ ਦੇ ਮਨ ਨੂੰ ਪੜ੍ਹਨ ਅਤੇ ਲਿਖਣ ਵਿਚ ਕਾਮਯਾਬ ਰਹੇ ਹਨ ਡਾ. ਸਾਹਿਬ ਸਿੰਘ। ਸਾਡਾ ਪਰਿਵਾਰਕ, ਸਮਾਜਿਕ, ਰਾਜਸੀ ਤੇ ਧਾਰਮਿਕ ਤਾਣਾ-ਬਾਣਾ ਸਾਨੂੰ ਉਲਝਾਈ ਰੱਖਦਾ ਹੈ ਅਤੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਈ ਰੱਖਦਾ ਹੈ। ਅਸੀਂ ਅਕਸਰ ਆਪਣੇ ਆਪ ਨੂੰ ਬੇਵਸੀ ‘ਚ ਘਿਰਿਆ ਮਹਿਸੂਸ ਕਰਦੇ ਹਾਂ। ਕੁਝ ਡਾਇਲਾਗ ਸਾਂਝੇ ਕਰ ਰਹੀ ਹਾਂ ਜਿਨ੍ਹਾਂ ਨੂੰ ਸੁਣਦਿਆਂ ਮੇਰੀਆਂ ਮੁੱਠੀਆਂ ਮੀਚ ਹੋਣ ਲੱਗੀਆਂ… ਕਚੀਚੀਆਂ ਆਉਣ ਲੱਗੀਆਂ, ਤੇ ਮੈਨੂੰ ਲੱਗਦਾ ਹੈ ਕਿ ਨਾਟਕ ਦੇਖਦੇ ਹੋਏ ਤਕਰੀਬਨ ਹਰ ਦਰਸ਼ਕ ਦਾ ਇਹੀ ਹਾਲ ਹੋਇਆ ਹੋਣਾ:
“ਦਲਿਤ ਹੋਨਾ ਇਸ ਮੁਲਕ ਕਾ ਸਬ ਸੇ ਬੜਾ ਗੁਨਾਹ ਹੈ।”
“ਕੀ ਕਰੀਏ ਬਾਬਾ? ਕਈ ਵਾਰ ਲਗਦਾ ਕਿ ਅਸੀਂ ਕੁਰਾਹੀਏ ਹਾਂ ਸ਼ਾਇਦ। ਜੇ ਉਨ੍ਹਾਂ ਨੂੰ ਤੇਰੇ ਸਿਰ ‘ਤੇ ਬੰਨ੍ਹੀ ਹੋਈ ਗੋਲ ਪੱਗ ਹੀ ਦੀਂਹਦੀ ਹੈ ਤਾਂ ਸਾਨੂੰ ਉਸ ਪੱਗ ਦੇ ਹੇਠਾਂ ਚਾਰ ਕੂੰਟਾਂ ਰੁਸ਼ਨਾਉਣ ਵਾਲਾ ਸਿਰ ਦੀਂਹਦਾ।”
“ਤੂੰ ਗੋਸ਼ਟੀ ਰਚਾਈ ਸੀ… ਹਾਲਾਤ ਤਾਂ ਉਦੋਂ ਵੀ ਨਾਜ਼ੁਕ ਸੀ… ਅੱਜ ਅਗਲੇ ਕਹਿੰਦੇ ਫੈਸਲਾ ਕਰਨਾ… ਗੋਸ਼ਟੀ ਨਹੀਂ ਕਰਨੀ…।”
“ਮਾਚਿਸ ਰਸੋਈ ਦੀ ਮੁੱਢਲੀ ਲੋੜ ਹੁੰਦੀ ਹੈ ਤੇ ਉਨ੍ਹਾਂ ਸਾਡੀ ਰਸੋਈ ਹੀ ਲੁੱਟ ਲਈ…।”
“ਅਸੀਂ ਤਾਂ ਸਾਰੀ ਜ਼ਿੰਦਗੀ ਧਰਮ ਨੂੰ ਧਰਮ ਸਮਝ ਕੇ ਆਪਣੀ ਹਿੱਕ ‘ਚ ਵਸਾ ਕੇ ਰੱਖਿਆ ਸੀ, ਪਤਾ ਹੀ ਨਹੀਂ ਲੱਗਾ, ਕਦੋਂ ਧਰਮ ਨੂੰ ਸਿਆਸਤ ਦੀ ਪੌੜੀ ਬਣਾ ਕੇ ਉੱਚੇ ਗੁੰਬਦ ‘ਤੇ ਚੜ੍ਹ ਜੈਕਾਰੇ ਮਾਰਨ ਲੱਗ ਪਏ। ਅਸੀਂ ਤਾਂ ਧਰਮੀ ਬੰਦੇ ਸੀ ਪਰ ਸਾਡਾ ਸਭ ਕੁਝ ਲੁੱਟਿਆ ਗਿਆ… ਅਸੀਂ ਲੁੱਟੇ ਗਏ।”
ਨਾਟਕ ਦੇ ਇੱਕ ਮੋੜ ‘ਤੇ ਤਾਂ ਜਿਵੇਂ ਇਹ ਬੇਵਸੀ ਅਸਹਿ ਹੋ ਜਾਂਦੀ ਹੈ- “ਮਾਚਿਸ ਕਿੱਥੇ ਆ… ਮੈਨੂੰ ਦੱਸੋ ਮਾਚਿਸ ਕਿੱਥੇ?… ਮੈਨੂੰ ਮਾਚਿਸ ਚਾਹੀਦੀ ਹੈ… ਮੈਂ ਰਾਜਧਾਨੀ ਦੇ ਵੱਡੀ ਗੁੰਬਦ ਦੇ ਉੱਤੇ ਜਿਹੜਾ ਮਖਿਆਲ ਲੱਗਾ ਹੋਇਆ, ਉਹਨੂੰ ਅੱਗ ਲਾ ਕੇ ਫੂਕਣਾ।”
ਪੰਜਾਬ ਸਿੰਘ ਨਾਂ ਦਾ ਪਾਤਰ ਪੰਜਾਬ ਦੀ ਹਾਲਤ ਦੀ ਤਸਵੀਰ ਪੇਸ਼ ਕਰਦਾ ਰੋਣ-ਹਾਕਾ ਹੈ, ਕਈ ਵਾਰ ਦਿਲ ਕਰਦਾ ਹੈ ਕਿ ਉਹਨੂੰ ਗਲ ਨਾਲ ਲਾ ਲਈਏ ਤੇ ਉਹ ਭੁੱਬੀਂ ਰੋ ਕੇ ਹਲਕਾ ਹੋ ਲਵੇ। ਉਹ ਲਿਖਾਰੀ ਅੱਗੇ ਫਰਿਆਦ ਕਰਦਾ ਹੈ ਕਿ ਪਾਪ ਕਰਨ ਵਾਲੇ ਹਰ ਬੰਦੇ ਖਿਲਾਫ ਉਹ ਜ਼ਰੂਰ ਲਿਖੇ ਅਤੇ ਕਿਸੇ ਦੀ ਦਿੱਖ ਦੇਖ ਕੇ ਕਿਸੇ ਭਰਮ ‘ਚ ਨਾ ਪਵੇ-
“ਵਕਤ ਨੇ ਮੈਨੂੰ ਬਹੁਤ ਰੁਆਇਆ ਹੈ… ਅੱਜ ਮੈਂ ਅੱਜ ਦਿੱਲੀ ਦੀਆਂ ਬਰੂਹਾਂ ‘ਤੇ ਬੈਠਾ, ਬੈਠਾ ਵੀ ਕਾਹਨੂੰ ਮੈਂ ਤਾਂ ਦੌੜਿਆ ਫਿਰਦਾਂ… ਸੀਸ ਕਦੀ ਹਾਰਦੇ ਨਹੀਂ ਹੁੰਦੇ, ਸੀਸ ਕਦੀ ਮਰਦੇ ਨਹੀਂ ਹੁੰਦੇ, ਮੈਂ ਹਮੇਸ਼ਾ ਜਾਗਦੇ ਸਿਰਾਂ ਨੂੰ ਲੱਭਦਾਂ… ਪੁੱਤ ਸਾਹਿਲ ਸਿੰਹਾਂ ਮੇਰੇ ਇਨ੍ਹਾਂ ਜਾਗਦੇ ਪੁੱਤਾਂ ਬਾਰੇ ਲਿਖੀਂ… ਤੂੰ ਜਾਗਦੇ ਸਿਰਾਂ ਦੀ ਬਾਤ ਪਾਈਂ।” “ਸਟੇਜ ‘ਤੇ ਸ਼ਬਦਾਂ ਰਾਹੀਂ ਚਿਤਰਿਆ ਗਿਆ ਪਿੰਡ ਦੀ ਖੁਸ਼ਹਾਲੀ ਅਤੇ ਬਰਬਾਦੀ ਦਾ ਦ੍ਰਿਸ਼।… ਕਣਕ ਦਾ ਸੋਨਾ… ਗੁਰੂ ਨਾਨਕ ਦਾ ਸੁਨੇਹਾ… ਸਰੋਂ ਖਿੜ ਗਈ… ਮੇਰੀ ਕਵਿਤਾ ਨੱਚਣ ਲੱਗ ਪਈ… ਕਵਿਤਾ ਨੇ ਰੁਦਨ ਕਰਨਾ।” ਬਹੁਤ ਮਨਮੋਹਕ ਅਤੇ ਦਿਲ ਟੁੰਬਵਾਂ ਸੀ। ਦਰਸ਼ਕਾਂ ਨੂੰ ਇੱਕ ਦ੍ਰਿਸ਼ ‘ਚੋਂ ਦੂਜੇ ਦ੍ਰਿਸ਼ ਤੱਕ ਲਿਜਾਣ ਲਈ ਕੁਝ ਪੁਰਾਣੇ ਗੀਤਾਂ ਦਾ ਇਸਤੇਮਾਲ ਬਹੁਤ ਢੁਕਵੇਂ ਢੰਗ ਨਾਲ ਕੀਤਾ ਗਿਆ ਹੈ।
‘ਲਿਖਾਰੀ` ਨੇ ਕਈ ਥਾਈਂ ਔਰਤ ਦੀ ਬਰਾਬਰੀ ਦਾ ਜ਼ਿਕਰ ਬਹੁਤ ਖੂਬ ਦਲੀਲਾਂ ਦੇ ਕੇ ਕੀਤਾ ਹੈ, “ਸਿਰ ਜੇ ਸਿਰ ਹੈ ਤਾਂ ਚੁੰਨੀ ਦੇ ਥੱਲੇ ਵੀ ਹੋ ਸਕਦਾ ਤੇ ਸਿਰ ਨੰਗਾ ਵੀ ਹੋ ਸਕਦਾ… ਤੂੰ ਜਾਗਦਿਆਂ ਸਿਰਾਂ ਦੀ ਬਾਤ ਪਾਉਂਦਾ ਰਹੀਂ।” ‘ਲਿਖਾਰੀ` ਨਵੀਂ ਪੀੜ੍ਹੀ, ਖਾਸਕਰੇ ਬੱਚੀਆਂ ‘ਤੇ ਬਹੁਤ ਭਰੋਸਾ ਪ੍ਰਗਟ ਕਰ ਰਿਹਾ ਹੈ, ਆਸਾਂ ਰੱਖ ਰਿਹਾ ਹੈ ਅਤੇ ਹੱਲਾਸ਼ੇਰੀ ਦਿੰਦਿਆਂ ਰਾਹਨੁਮਾਈ ਕਰਦਿਆਂ ਜ਼ਬਰਦਸਤ ਸੁਨੇਹਾ ਦਿੰਦਾ ਹੈ, “ਤਬਦੀਲੀ ਲਈ ਲੜਨ ਵਾਲੇ ਲੋਕ ਬੁਖਾਰ ਨਾਲ ਨਹੀਂ ਮਰਿਆ ਕਰਦੇ… ਤੂੰ ਆਪਣੀਆਂ ਸਹੇਲੀਆਂ ਨਾਲ ਰਲ ਕੇ ਪਿੰਜਰਾ ਤੋੜ… ਮੈਂ ਕਲਮ ਚਲਾਵਾਂਗਾ ਪੁੱਤੂ!”
ਲਿਖਾਰੀ ਡਾਕਟਰ ਸਾਹਿਬ ਸਿੰਘ ਦੀ ਕਲਮ ਅਤੇ ਅਦਾਕਾਰੀ ਨੂੰ ਸਿਜਦਾ ਜਿਨ੍ਹਾਂ ਨੇ ਤਕਰੀਬਨ ਡੇਢ ਘੰਟਾ ਸਟੇਜ ‘ਤੇ ਇਕੱਲਿਆਂ ਹੀ ਅੱਧੀ ਦਰਜਨ ਤੋਂ ਵੱਧ ਕਿਰਦਾਰ ਨਿਭਾ ਕੇ ਸੈਂਕੜੇ ਸਵਾਲ ਅਤੇ ਅਗਾਂਹਵਧੂ ਖਿਆਲ ਹਜ਼ਾਰਾਂ-ਲੱਖਾਂ ਦਰਸ਼ਕਾਂ ਦੀ ਝੋਲੀ ਪਾਏ ਹਨ, ਉਹ ਵੀ ਇਸ ਸੋਚ ਨਾਲ ਕਿ ਲੋਕ ਸਿਰਫ ‘ਮੂਕ ਦਰਸ਼ਕ` ਬਣ ਕੇ ਨਾ ਰਹਿ ਜਾਣ ਸਗੋਂ ਜਾਗਣ, ਸੋਚਣ, ਬੋਲਣ, ਉੱਠਣ। ‘ਲਿਖਾਰੀ` ਆਪਣੀ ਬੇਟੀ ਨੂੰ ਸੰਬੋਧਿਤ ਹੁੰਦਿਆਂ ਹਰ ਕਿਸੇ ਲਈ ਸੁਨੇਹਾ ਦੇ ਰਿਹਾ ਹੈ, “ਲੇਖਕ ਹੋਣ ਤੋਂ ਪਹਿਲਾਂ ਹਰ ਕੋਈ ਇਨਸਾਨ ਹੁੰਦਾ… ਦਿਲ ਧੜਕਣ ਵਾਸਤੇ ਹੁੰਦਾ, ਮੈਂ ਲੇਖਕ ਹਾਂ, ਤੂੰ ਐਕਟਿਵਿਸਟ ਏਂ। ਦਿਲ ‘ਤੇ ਪੱਥਰ ਨਹੀਂ ਧਰਨਾ ਪੁੱਤ… ਦਿਲ ਨੂੰ ਧੜਕਣ ਦੇਣਾ, ਜ਼ਿੰਦਗੀ ਤੋਂ ਦੂਰ ਆ ਕੇ ਕੋਈ ਤਬਦੀਲੀ ਨਹੀਂ ਆਉਣੀ।”
ਮੈਂ ਹੋਰ ਬਹੁਤ ਕੁਝ ਨਾ ਲਿਖਦੀ ਹੋਈ ਇੰਨਾ ਕਹਾਂਗੀ ਕਿ ‘ਧਨੁ ਲੇਖਾਰੀ ਨਾਨਕਾ` ਗੁਰੂ ਨਾਨਕ ਨੂੰ ਮੰਨਣ ਵਾਲਿਆਂ, ਅਕਲਾਂ ਵਾਲਿਆਂ, ਕਲਮਾਂ ਵਾਲਿਆਂ, ਸ਼ੁਹਰਤ ਦੇ ਭੁੱਖੇ ਲੇਖਕਾਂ, ਲੋਕਾਈ ਦਾ ਦਰਦ ਲਿਖਣ ਵਾਲੇ ਲੇਖਕਾਂ, ਹੱਕ ਦੇਣ ਵਾਲਿਆਂ, ਪੜ੍ਹੇ-ਲਿਖਿਆਂ, ਅਨਪੜ੍ਹਾਂ, ਗਰੀਬਾਂ, ਅਮੀਰਾਂ, ਧਰਮਾਂ ਦੇ ਠੇਕੇਦਾਰਾਂ ਅਤੇ ਪਹਿਰੇਦਾਰਾਂ, ਧਰਮਾਂ ਨੂੰ ਮੰਨਣ ਵਾਲਿਆਂ, ਹੱਕ ਖੋਹਣ ਵਾਲਿਆਂ, ਹੱਕ ਮਾਰਨ ਵਾਲਿਆਂ, ਕਿਸਾਨਾਂ, ਮਜ਼ਦੂਰਾਂ, ਪੰਜਾਬ ‘ਚ ਹੀ ਨਹੀਂ ਭਾਰਤ ਦੇ ਹਰ ਸੂਬੇ ‘ਚ ਵੱਸਣ ਵਾਲਿਆਂ, ਵਿਦੇਸ਼ਾਂ ਵੱਸਣ ਵਾਲੇ ਭਾਰਤੀਆਂ ਜਾਂ ਕਹਿ ਲਓ ਕਿ ਇਨਸਾਨ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰ ਜੀਅ ਨੂੰ ਦੇਖਣਾ ਚਾਹੀਦਾ ਹੈ। ਡਾਕਟਰ ਸਾਹਿਬ ਸਿੰਘ ਨੂੰ ‘ਧਨੁ ਲੇਖਾਰੀ ਨਾਨਕਾ` ਦੀ ਸ਼ਾਨਦਾਰ ਪੇਸ਼ਕਾਰੀ ਲਈ ਬਹੁਤ ਮੁਬਾਰਕਾਂ। ਆਸ ਕਰਦੇ ਹਾਂ ਕਿ ਇਹ ਨਾਟਕ ਅਤੇ ਹੋਰ ਨਾਟਕਾਂ ਦਾ ਮੰਚਣ ਅਸੀਂ ਕੈਨੇਡਾ ਵਿਚ ਵੀ ਦੇਖ ਸਕੀਏ।