ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਕੈਨੇਡਾ ਜਾਣ ਦੀ ਖੁੱਲ੍ਹ

ਓਟਾਵਾ: ਸਿਨੋਫਾਰਮ, ਸਿਨੋਵੈਕ ਅਤੇ ਕੋਵੈਕਸੀਨ ਨਾਲ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ 30 ਨਵੰਬਰ ਤੋਂ ਕੈਨੇਡਾ ਵਿਚ ਆਉਣ ਦੀ ਆਗਿਆ ਹੋਵੇਗੀ। ਕੈਨੇਡੀਅਨ ਸਰਕਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਕੈਨੇਡਾ ਵਿਚ ਸਿਰਫ ਉਹ ਯਾਤਰੀ ਆ ਸਕਦੇ ਹਨ, ਜਿਨ੍ਹਾਂ ਨੇ ਫਾਈਜਰ, ਮੋਡਰਨਾ, ਐਸਟਰਾਜੈਨੇਕਾ ਅਤੇ ਜੌਹਨਸਨ ਐਂਡ ਜੌਹਨਸਨ ਦੀਆਂ ਡੋਜਾਂ ਲਈਆਂ ਹੋਣ।

ਸ਼ਿਨਹੂਆ ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਇਸੇ ਤਰ੍ਹਾਂ 30 ਨਵੰਬਰ ਤੋਂ ਕੈਨੇਡਾ ਤੋਂ ਥਲ ਜਾਂ ਹਵਾਈ ਮਾਰਗ ਰਾਹੀਂ 72 ਤੋਂ ਘੱਟ ਸਮੇਂ ਲਈ ਬਾਹਰ ਜਾਣ ਵਾਲੇ ਲੋਕਾਂ ਨੂੰ ਦੁਬਾਰਾ ਮੁਲਕ ‘ਚ ਦਾਖਲ ਹੋਣ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਨਹੀਂ ਹੋਵੇਗੀ। ਇਹ ਤਬਦੀਲੀ ਸਿਰਫ ਕੈਨੇਡੀਅਨ ਨਾਗਰਿਕਾਂ, ਪੱਕੇ ਵਸਨੀਕਾਂ ਅਤੇ ਭਾਰਤੀ ਐਕਟ ਤਹਿਤ ਰਜਿਸਟਰਡ ਵਿਅਕਤੀਆਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਵੈਕਸੀਨੇਸ਼ਨ ਸਬੰਧੀ ਮੈਡੀਕਲ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ‘ਤੇ ਲਾਗੂ ਹੋਵੇਗੀ।
ਇਸ ਤੋਂ ਇਲਾਵਾ 15 ਜਨਵਰੀ ਤੋਂ ਯਾਤਰੀਆਂ ਦੇ ਕੁਝ ਸਮੂਹਾਂ, ਜਿਨ੍ਹਾਂ ਨੂੰ ਮੁਲਕ ਵਿਚ ਦਾਖਲ ਹੋਣ ਸਬੰਧੀ ਲੋੜੀਂਦੀਆਂ ਸ਼ਰਤਾਂ ਤੋਂ ਛੋਟ ਹੈ, ਨੂੰ ਕੈਨੇਡਾ ਵਿਚ ਸਿਰਫ ਉਸੇ ਸਮੇਂ ਆਉਣ ਦੀ ਆਗਿਆ ਹੋਵੇਗੀ ਜਿਨ੍ਹਾਂ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ। ਇਨ੍ਹਾਂ ਸਮੂਹਾਂ ਵਿਚ ਆਪਣੇ ਪਰਿਵਾਰ ਨਾਲ ਮੁੜ ਇਕੱਠੇ ਹੋਣ ਵਾਲੇ ਵਿਅਕਤੀ, ਕੌਮਾਂਤਰੀ ਵਿਦਿਆਰਥੀ, ਪੇਸ਼ਾਵਰ ਅਤੇ ਗੈਰ-ਪੇਸ਼ੇਵਰ ਅਥਲੀਟ, ਪੁਖਤਾ ਕੰਮ ਸਬੰਧੀ ਪਰਮਿਟ ਹਾਸਲ ਵਿਅਕਤੀ ਤੇ ਟਰੱਕ ਡਰਾਈਵਰਾਂ ਸਮੇਤ ਦੂਜੀਆਂ ਜਰੂਰੀ ਸੇਵਾਵਾਂ ਵਾਲੇ ਕਾਮੇ ਸ਼ਾਮਲ ਹਨ। ਕੈਨੇਡਾ ਦੇ ਸਿਹਤ ਮੰਤਰੀ ਨੇ ਕਿਹਾ,’ਰੋਜ਼ਾਨਾ ਕੈਨੇਡੀਅਨ ਨਾਗਰਿਕਾਂ ਦੇ ਟੀਕਾਕਰਨ ਨਾਲ, ਅਸੀਂ ਸੁਚੇਤ ਢੰਗ ਨਾਲ ਖੁੱਲ੍ਹੀ ਅਰਥਵਿਵਸਥਾ ਤੇ ਸਮਾਜ ਵੱਲ ਵਧ ਸਕਦੇ ਹਾਂ।