ਦਿੱਲੀ ਸਿੱਖ ਕਮੇਟੀ ਵੱਲੋਂ ਕੰਗਣਾ ਖਿਲਾਫ ਸ਼ਿਕਾਇਤ ਦਰਜ

ਮੁੰਬਈ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੰਬਈ ਵਿਚ ਸ਼ਿਕਾਇਤ ਦਰਜ ਕਰਵਾ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖਿਲਾਫ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ।

ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਰਣੌਤ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿਚ ਸਿੱਖ ਭਾਈਚਾਰੇ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ। ਖਾਰ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਸ਼ਿਕਾਇਤ ਮਿਲੀ ਸੀ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਇਕ ਵਫਦ ਨੇ ਰਣੌਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਇਸ ਵਿਚ, ਡੀ.ਐਸ.ਜੀ.ਐਮ.ਸੀ. ਨੇ ਜਿਕਰ ਕੀਤਾ ਕਿ ਰਣੌਤ ਨੇ ਜਾਣਬੁੱਝ ਕੇ ਕਿਸਾਨਾਂ ਦੇ ਵਿਰੋਧ (ਕਿਸਾਨ ਮੋਰਚੇ) ਨੂੰ ਖਾਲਿਸਤਾਨੀ ਅੰਦੋਲਨ ਵਜੋਂ ਦਰਸਾਇਆ ਅਤੇ ਸਿੱਖ ਭਾਈਚਾਰੇ ਨੂੰ ਖਾਲਿਸਤਾਨੀ ਅਤਿਵਾਦੀ ਕਰਾਰ ਦਿੱਤਾ। ਅਧਿਕਾਰੀ ਨੇ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ ਕਿ ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ 1984 ਅਤੇ ਇਸ ਤੋਂ ਪਹਿਲਾਂ ਦੀ ਨਸਲਕੁਸ਼ੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਯੋਜਨਾਬੱਧ ਕਦਮ ਦੱਸਿਆ ਸੀ।