ਲੁਧਿਆਣਾ: ਸਨਅਤੀ ਸ਼ਹਿਰ ਦੀ ਇਕ ਔਰਤ ਵੱਲੋਂ ਦਰਜ ਕਰਵਾਏ ਗਏ ਜਬਰ ਜਨਾਹ ਦੇ ਕੇਸ ‘ਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ ਅਦਾਲਤ ਨੇ ਵਿਧਾਇਕ ਬੈਂਸ ਖਿਲਾਫ਼ ਗੈਰਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਪਹਿਲੀ ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।
ਦੱਸ ਦਈਏ ਕਿ ਲੁਧਿਆਣਾ ਵਿਚ 44 ਸਾਲਾ ਔਰਤ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਜਬਰ ਜਨਾਹ ਦੇ ਦੋਸ਼ ਲਾਏ ਸਨ। ਔਰਤ ਨੇ ਦੋਸ਼ ਲਾਇਆ ਕਿ ਉਹ ਪ੍ਰਾਪਰਟੀ ਦੇ ਮਾਮਲੇ ਵਿਚ ਵਿਧਾਇਕ ਨੂੰ ਮਿਲੀ ਸੀ। ਵਿਧਾਇਕ ਨੇ ਇਹ ਮਾਮਲਾ ਸੁਲਝਾਉਣ ਦਾ ਭਰੋਸਾ ਦਿੰਦਿਆਂ ਆਪਣੇ ਦਫਤਰ ਦੇ ਇਕ ਕਮਰੇ ਵਿਚ ਉਸ ਨਾਲ ਜਬਰ ਜਨਾਹ ਕੀਤਾ। ਇਸ ਮਾਮਲੇ ਵਿਚ ਪੁਲਿਸ ਨੇ ਸ਼ਿਕਾਇਤ ਮਿਲਣ ਮਗਰੋਂ ਕੋਈ ਕਾਰਵਾਈ ਨਹੀਂ ਕੀਤੀ ਪਰ ਔਰਤ ਇਸ ਕੇਸ ਸਬੰਧੀ ਅਦਾਲਤ ਵਿਚ ਪੁੱਜ ਗਈ, ਜਿਥੇ 7 ਜੁਲਾਈ 2021 ਨੂੰ ਅਦਾਲਤ ਦੇ ਹੁਕਮਾਂ ‘ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ, ਸੁਖਚੈਨ ਸਿੰਘ, ਪਰਮਜੀਤ ਸਿੰਘ, ਗੋਗੀ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਨਾਲ ਹੀ ਸਾਰਿਆਂ ਖ਼ਿਲਾਫ਼ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਸਨ ਪਰ ਇਸ ਮਾਮਲੇ ਵਿਚ ਜਦੋਂ ਕੋਈ ਵੀ ਮੁਲਜ਼ਮ ਅਦਾਲਤ ਸਾਹਮਣੇ ਪੇਸ਼ ਨਹੀਂ ਹੋਇਆ ਤਾਂ ਅਦਾਲਤ ਨੇ ਗੈਰਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।