ਬ੍ਰਿਟਿਸ਼ ਕੋਲੰਬੀਆ ਵਿਚ ਹੜ੍ਹਾਂ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ

ਸਰੀ (ਬਿਊਰੋ): ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ ਆਏ ਹੜ੍ਹਾਂ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ ਹੋ ਗਈ ਹੈ। ਸੂਬੇ ਦੀ ਖੇਤੀਬਾੜੀ ਮੰਤਰੀ ਲਾਨਾ ਪੌਪਹਮ ਨੇ ਦੱਸਿਆ ਕਿ ਹੜ੍ਹ ਕਾਰਨ ਸਾਰੇ ਕਿਸਾਨਾਂ ਕੋਲ ਏਨਾ ਸਮਾਂ ਜਾਂ ਸਾਧਨ ਨਹੀਂ ਸਨ ਕਿ ਉਹ ਆਪਣੇ ਪਸ਼ੂਆਂ ਨੂੰ ਬਚਾ ਕੇ ਪਾਣੀ ਵਿਚੋਂ ਕੱਢ ਲਿਆਉਂਦੇ।

ਤੇਜ਼ੀ ਨਾਲ ਵਧੇ ਪਾਣੀ ਦੇ ਪੱਧਰ ਕਾਰਨ ਕਈ ਥਾਵਾਂ ‘ਤੇ ਲੋਕਾਂ ਨੂੰ ਆਪਣੇ ਪਾਲਤੂ ਪਸ਼ੂਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਲਈ ਮਜਬੂਰ ਹੋਣਾ ਪਿਆ। ਪ੍ਰਭਾਵਿਤ ਇਲਾਕਿਆਂ ਵਿਚ ਜਿਹੜੇ ਪਸ਼ੂ ਬਚਾਏ ਗਏ ਹਨ, ਉਨ੍ਹਾਂ ਨੂੰ ਡਾਕਟਰੀ ਮਦਦ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬੇ ਦੇ ਖੇਤੀਬਾੜੀ ਖੇਤਰ, ਖਾਸ ਕਰ ਫਰੇਜ਼ਰ ਵੈਲੀ ਲਈ ਇਹ ਬਹੁਤ ਮੁਸੀਬਤ ਭਰਿਆ ਸਮਾਂ ਹੈ। ਦੋ ਦਿਨ ਪਏ ਭਾਰੀ ਮੀਂਹ ਤੇ ਹੜ੍ਹ ਕਾਰਨ ਹਜ਼ਾਰਾਂ ਪਸ਼ੂਆਂ ਦੀ ਜਾਨ ਚਲੀ ਗਈ ਹੈ ਅਤੇ ਹਜ਼ਾਰਾਂ ਪਸ਼ੂ ਮੁਸੀਬਤ ਵਿਚ ਫਸੇ ਹੋਏ ਹਨ।
ਬੀ.ਸੀ. ਵਿਚ ਸਟੇਟ ਆਫ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਬੀ.ਸੀ. ਦੇ ਪਬਲਿਕ ਸੇਫਟੀ ਮੰਤਰੀ ਅਤੇ ਸੌਲੀਸਟਰ ਜਨਰਲ, ਮਾਈਕ ਫਾਰਨਵਰਥ ਨੇ ਕਿਹਾ ਹੈ ਕਿ ਸਟੇਟ ਆਫ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਪ੍ਰਭਾਵਿਤ ਲੋਕਾਂ ਤਕ ਖਾਣਾ, ਪਾਣੀ ਅਤੇ ਜ਼ਰੂਰੀ ਸਮੱਗਰੀ ਦੀ ਸਪਲਾਈ ਨੂੰ ਜਾਰੀ ਰੱਖਣਾ ਉਨ੍ਹਾਂ ਦੀ ਤਰਜੀਹ ਹੈ। ਹੜ੍ਹਾਂ ਕਾਰਨ ਸੈਂਕੜੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਹੋਰਨਾਂ ਥਾਵਾਂ ‘ਤੇ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।
ਇਸੇ ਦੌਰਾਨ ਬੀ.ਸੀ. ਦੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਡੇਅਰੀ ਫਾਰਮਰਜ਼ ਨੂੰ ਪਸ਼ੂਆਂ ਦਾ ਦੁੱਧ ਡੋਲ੍ਹਣ ਜਾਂ ਨਸ਼ਟ ਕਰ ਦੇਣ ਲਈ ਕਿਹਾ ਗਿਆ ਹੈ ਕਿਉਂਕਿ ਸਾਰੇ ਰਸਤੇ ਬੰਦ ਹੋਣ ਕਾਰਨ ਇਸ ਦੁੱਧ ਨੂੰ ਟਰਾਂਸਪੋਰਟ ਕਰਨਾ ਮੁਸ਼ਕਿਲ ਹੋ ਗਿਆ ਹੈ। ਕਈ ਡੇਅਰੀ ਉਤਪਾਦਕਾਂ ਲਈ ਆਪਣੇ ਫਾਰਮ ਤਕ ਪਹੁੰਚਣ ਦਾ ਕੋਈ ਸੜਕੀ ਰਸਤਾ ਉਪਲੱਬਧ ਨਹੀਂ ਹੈ। ਕਈ ਥਾਵਾਂ ‘ਤੇ ਜਿੱਥੇ ਫਾਰਮ ਤੋਂ ਦੁੱਧ ਇਕੱਠਾ ਕੀਤਾ ਜਾ ਸਕਦਾ ਹੈ, ਉੱਥੇ ਇਸ ਨੂੰ ਕਿਸੇ ਟਿਕਾਣੇ ਪਹੁੰਚਾਉਣ ਦੇ ਸਾਧਨ ਉਪਲੱਬਧ ਨਹੀਂ ਹਨ। ਬੀ.ਸੀ. ਮਿਲਕ ਮਾਰਕੀਟਿੰਗ ਬੋਰਡ ਵਲੋਂ ਐਬਟਸਫੋਰਡ, ਚਿਲਿਵੈਕ ਅਤੇ ਬੀ.ਸੀ. ਦੇ ਇੰਟੀਰੀਅਰ ਇਲਾਕੇ ਵਿਚ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦੁੱਧ ਨੂੰ ਡੰਪ ਕਰ ਦੇਣ। ਇਸੇ ਦੌਰਾਨ ਹੜ੍ਹ ਪੀੜਤਾਂ ਦੀ ਮਦਦ ਲਈ ਸਰੀ, ਐਬਟਸਫੋਰਡ ਅਤੇ ਹੋਰ ਥਾਵਾਂ ਤੋਂ ਵੱਖ-ਵੱਖ ਭਾਈਚਾਰਿਆਂ ਦੇ ਲੋਕ ਅੱਗੇ ਆਏ ਹਨ ਅਤੇ ਰਸਤਿਆਂ ਦੇ ਕੱਟ ਜਾਣ ਕਾਰਨ ਰਾਹਾਂ ਵਿਚ ਫਸੇ ਲੋਕਾਂ ਤਕ ਖਾਣ-ਪੀਣ, ਕੰਬਲ ਆਦਿ ਹੈਲੀਕਾਪਟਰਾਂ ਰਾਹੀਂ ਪਹੁੰਚਾਏ ਜਾ ਰਹੇ ਹਨ। ਖਾਲਸਾ ਏਡ ਅਤੇ ਪੰਜਾਬੀ ਭਾਈਚਾਰਾ ਵੀ ਹਮੇਸ਼ਾ ਵਾਂਗ ਇਸ ਬਿਪਤਾ ਵਿਚ ਘਿਰੇ ਲੋਕਾਂ ਦੀ ਮਦਦ ਕਰਨ ਵਿਚ ਜੁਟਿਆ ਹੋਇਆ ਹੈ। ਸਰੀ ਦੇ ਪੰਜਾਬੀ ਭਾਈਚਾਰੇ ਵੱਲੋਂ ਤਿੰਨ ਹਜ਼ਾਰ ਖਾਣੇ ਦੇ ਪੈਕਟ ਤਿਆਰ ਕਰ ਕੇ ਪੀੜਤਾਂ ਤਕ ਪਹੁੰਚਾਏ ਗਏ ਹਨ।