ਵਿਰੋਧੀ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਸਿਆਸੀ ਮਜਬੂਰੀ ਕਰਾਰ

ਨਵੀਂ ਦਿੱਲੀ: ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਡਰੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਪੰਜਾਬ ‘ਚ ਆਗਾਮੀ ਵਿਧਾਨ ਸਭਾ ਚੋਣਾਂ ‘ਚ ਹਾਰ ਦੇ ਡਰ ਕਾਰਨ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਲਿਆ ਹੈ।

ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਇਕ ਸਾਲ ਤੱਕ ਚੱਲੇ ਸੰਘਰਸ਼ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕੇਂਦਰ ਵੱਲੋਂ ਤਿੰਨ ਖੇਤੀ ਬਿੱਲ ਪੇਸ਼ ਕਰਨ ਅਤੇ ਬਿਨਾਂ ਬਹਿਸ ਦੇ ਕਾਹਲੀ ‘ਚ ਪਾਸ ਕਰਨ ਦੀ ਵੀ ਨੁਕਤਾਚੀਨੀ ਕੀਤੀ। ਪਵਾਰ ਨੇ ਕਿਹਾ ਕਿ ਜਦੋਂ ਉਹ 10 ਸਾਲਾਂ ਤੱਕ ਖੇਤੀ ਮੰਤਰੀ ਸਨ ਤਾਂ ਵਿਰੋਧੀ ਧਿਰ ‘ਚ ਬੈਠੀ ਭਾਜਪਾ ਨੇ ਖੇਤੀ ਕਾਨੂੰਨਾਂ ਦਾ ਮੁੱਦਾ ਸੰਸਦ ‘ਚ ਉਠਾਇਆ ਸੀ। ਉਨ੍ਹਾਂ ਕਿਹਾ ਕਿ ਖੇਤੀ ਦਾ ਵਿਸ਼ਾ ਸੂਬਿਆਂ ਦਾ ਹੈ ਅਤੇ ਕੇਂਦਰ ਨੂੰ ਇਸ ‘ਚ ਦਖਲ ਨਹੀਂ ਦੇਣਾ ਚਾਹੀਦਾ।
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਡਰੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਾਪਸ ਲੈਣ ਦੀ ਪ੍ਰਕਿਰਿਆ ਜਲਦੀ ਤੋਂ ਜਲਦੀ ਪੂਰੀ ਕਰਨ ਲਈ ਆਰਡੀਨੈਂਸ ਲੈ ਕੇ ਆਵੇ। ਪ੍ਰਿਯੰਕਾ ਗਾਂਧੀ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਨੀ ਚਾਹੀਦੀ ਹੈ।
ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਨੂੰ ਕਿਸਾਨਾਂ ਤੇ ਕਾਂਗਰਸ ਲਈ ਵੱਡੀ ਜਿੱਤ ਦੱਸਦਿਆਂ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਟਵਿਟਰ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਫੈਸਲਾ ਦਿਲੋਂ ਨਹੀਂ ਬਲਕਿ ਚੋਣਾਂ ਵਿਚ ਹਾਰ ਦੇ ਡਰੋਂ ਲਿਆ ਗਿਆ ਹੈ। ਉਨ੍ਹਾਂ ਟਵੀਟ ਕੀਤਾ,’ਲੋਕਤੰਤਰੀ ਮੁਜ਼ਾਹਰਿਆਂ ਰਾਹੀਂ ਜੋ ਹਾਸਲ ਨਹੀਂ ਕੀਤਾ ਜਾ ਸਕਦਾ, ਉਹ ਚੋਣਾਂ ‘ਚ ਹਾਰ ਦੇ ਡਰੋਂ ਹਾਸਲ ਕੀਤਾ ਜਾ ਸਕਦਾ ਹੈ।‘ ਉਨ੍ਹਾਂ ਕਿਹਾ,’ਚਲੋ ਫਿਰ ਵੀ, ਇਹ ਕਿਸਾਨਾਂ ਤੇ ਕਾਂਗਰਸ ਪਾਰਟੀ ਲਈ ਇਹ ਇਕ ਬਹੁਤ ਵੱਡੀ ਜਿੱਤ ਹੈ ਜੋ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਬੁਲੰਦ ਹੌਸਲੇ ਨਾਲ ਸੰਘਰਸ਼ ਕਰ ਰਹੇ ਸਨ।‘
ਕੇਂਦਰ ਸਾਰੀਆਂ ਪਾਰਟੀਆਂ ਨੂੰ ਭਰੋਸੇ ‘ਚ ਲਵੇ: ਊਧਵ
ਮੁੰਬਈ: ਕੇਂਦਰ ਵੱਲੋਂ ਤਿੰਨ ਵਿਵਾਦਿਤ ਕਾਨੂੰਨ ਵਾਪਸ ਲਏ ਜਾਣ ਦੇ ਫੈਸਲੇ ਮਗਰੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਹੁਣ ਅੱਗੇ ਤੋਂ ‘ਨਮੋਸ਼ੀ` ਤੋਂ ਬਚਣ ਲਈ ਅਜਿਹੇ ਵਿਵਾਦਿਤ ਮਾਮਲਿਆਂ `ਚ ਦੂਜੀਆਂ ਪਾਰਟੀਆਂ ਨੂੰ ਵੀ ਭਰੋਸੇ `ਚ ਲਵੇ। ਠਾਕਰੇ ਨੇ ਕੇਂਦਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਨੇ ਦੇਸ਼ `ਚ ਆਮ ਆਦਮੀ ਦੀ ਤਾਕਤ ਦਿਖਾ ਦਿੱਤੀ ਹੈ। ਉਨ੍ਹਾਂ ਆਸ ਜਤਾਈ ਕਿ ਕਾਨੂੰਨ ਵਾਪਸ ਲੈਣ ਦਾ ਅਮਲ ਛੇਤੀ ਮੁਕੰਮਲ ਕਰ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਮੁਲਕ `ਚ ਇਨ੍ਹਾਂ ਕਾਨੂੰਨਾਂ ਖਿਲਾਫ ਭਾਵਨਾਵਾਂ ਜੁੜੀਆਂ ਹੋਈਆਂ ਸਨ ਅਤੇ ਮਹਾ ਵਿਕਾਸ ਅਗਾੜੀ ਸਰਕਾਰ ਨੇ ਵੀ ਖੇਤੀ ਕਾਨੂੰਨਾਂ ਖਿਲਾਫ ਨਾਰਾਜ਼ਗੀ ਜਤਾਈ ਸੀ।
ਸਰਕਾਰ ਹੁਣ ਚੀਨੀ ਕਬਜ਼ੇ ਦਾ ਸੱਚ ਵੀ ਮੰਨੇ: ਰਾਹੁਲ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੇ ਕੀਤੇ ਐਲਾਨ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਸਰਕਾਰ ਨੂੰ ‘ਚੀਨ ਵੱਲੋਂ ਕੀਤੇ ਕਬਜ਼ੇ‘ ਦਾ ਸੱਚ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ। ਚੀਨ ਨਾਲ ਸਰਹੱਦੀ ਵਿਵਾਦ ਨਜਿੱਠਣ ਸਬੰਧੀ ਭਾਰਤ ਸਰਕਾਰ ਦੇ ਤੌਰ ਤਰੀਕਿਆਂ ਦੀ ਕਾਂਗਰਸ ਵੱਲੋਂ ਲੰਮੇ ਸਮੇਂ ਤੋਂ ਆਲੋਚਨਾ ਕੀਤੀ ਜਾ ਰਹੀ ਹੈ। ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਨੇ ਭਾਰਤ ਦੀ ਖੇਤਰੀ ਖ਼ੁਦਮੁਖ਼ਤਿਆਰੀ ਨਾਲ ਸਮਝੌਤਾ ਕੀਤਾ ਹੈ। ਰਾਹੁਲ ਗਾਂਧੀ ਨੇ ਹਿੰਦੀ ‘ਚ ਟਵੀਟ ਕੀਤਾ, ‘ਹੁਣ ਚੀਨੀ ਕਬਜ਼ੇ ਦਾ ਸੱਚ ਵੀ ਮੰਨ ਲੈਣਾ ਚਾਹੀਦਾ ਹੈ।‘