ਕਾਨੂੰਨ ਵਾਪਸੀ ਪਿੱਛੋਂ ਸਿੰਘੂ ਬਾਰਡਰ ਦੇ ਵਪਾਰੀਆਂ ਨੇ ਲਿਆ ਸੁੱਖ ਦਾ ਸਾਹ

ਨਵੀਂ ਦਿੱਲੀ: ਸਿੰਘੂ ਸਰਹੱਦ ਦੇ ਆਸਪਾਸ ਰਹਿਣ ਵਾਲੇ ਵਪਾਰੀਆਂ ਅਤੇ ਆਮ ਲੋਕਾਂ ਨੇ ਖੇਤੀ ਕਾਨੂੰਨ ਰੱਦ ਹੋਣ ਦਾ ਐਲਾਨ ਸੁਣ ਕੇ ਸੁੱਖ ਦੀ ਸਾਹ ਲਿਆ ਹੈ। ਪਿਛਲੇ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਨਾਲ ਉਨ੍ਹਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਸੀ।

ਸਿੰਘੂ ਸਰਹੱਦ ਉੱਤੇ ਦੁਕਾਨ ਚਲਾਉਣ ਵਾਲੇ ਸੰਦੀਪ ਲੋਚਨ ਨੇ ਕਿਹਾ ਕਿ ਉਸ ਦਾ ਕਾਰੋਬਾਰ 10 ਫੀਸਦ ਤੱਕ ਘੱਟ ਗਿਆ ਹੈ ਤੇ ਕਾਰੋਬਾਰ ਮੁੜ ਪਟੜੀ ਉੱਤੇ ਲਿਆਉਣ ਲਈ ਛੇ ਮਹੀਨਿਆਂ ਤੋਂ ਇਕ ਸਾਲ ਲੱਗ ਸਕਦਾ ਹੈ। ਸਿੰਘੂ ਬਾਰਡਰ ਨੇੜੇ ਸਥਿਤ ਪਿੰਡ ਖਟਕੜ ਦੇ ਜੈਪਾਲ ਨੇ ਕਿਹਾ ਕਿ ਅੰਦਰੂਨੀ ਇਲਾਕਿਆਂ ਵਿਚ ਆਵਾਜਾਈ ਵਧਣ ਕਾਰਨ ਸੜਕਾਂ ਨੁਕਸਾਨੀਆਂ ਗਈਆਂ ਹਨ। ਸਿੰਘੂ ਸਰਹੱਦ ਨੇੜੇ ਕਈ ਦੁਕਾਨਾਂ ਬੰਦ ਪਈਆਂ ਹਨ ਤੇ ਇਨ੍ਹਾਂ ਦੇ ਸ਼ਟਰਾਂ ਉੱਤੇ ਧੂੜ ਜਮ੍ਹਾਂ ਹੋ ਗਈ ਹੈ।
ਸਨਅਤਕਾਰਾਂ ਨੇ ਇਸ ਨੂੰ ਵਪਾਰ ਲਈ ਸਹੀ ਕਦਮ ਦੱਸਿਆ। ਉਨ੍ਹਾਂ ਆਉਣ ਵਾਲੇ ਦਿਨਾਂ ‘ਚ ਕਾਰੋਬਾਰ ਦੁਬਾਰਾ ਲੀਹ ‘ਤੇ ਆਉਣ ਦੀ ਉਮੀਦ ਪ੍ਰਗਟਾਈ। ਕਿਸਾਨ ਅੰਦੋਲਨ ਕਾਰਨ ਪਿਛਲੇ ਇਕ ਸਾਲ ਤੋਂ ਪੰਜਾਬ ਵਿਚ ਦੂਜੇ ਸੂਬਿਆਂ ਤੋਂ ਵਪਾਰੀਆਂ ਦੇ ਆਉਣ ਦਾ ਰੁਝਾਨ ਘਟਿਆ ਸੀ। ਇਸ ਤੋਂ ਇਲਾਵਾ ਪੰਜਾਬ ਤੋਂ ਦੂਸਰੇ ਸੂਬਿਆਂ ਵਿਚ ਸਾਮਾਨ ਵੀ ਮੁਸ਼ਕਲ ਨਾਲ ਭੇਜਿਆ ਜਾ ਰਿਹਾ ਸੀ। ਹੁਣ ਪੰਜਾਬ ਦੇ ਵਪਾਰ ਨੂੰ ਹੁਲਾਰਾ ਮਿਲੇਗਾ।
ਕਾਂਗਰਸ ਨੇ ‘ਕਿਸਾਨ ਵਿਜੈ ਦਿਵਸ` ਮਨਾਇਆ
ਲਖਨਊ: ਕਾਂਗਰਸ ਨੇ ਮੁਲਕ ਵਿੱਚ ਕਈ ਥਾਵਾਂ ‘ਤੇ ‘ਕਿਸਾਨ ਵਿਜੈ ਦਿਵਸ‘ ਮਨਾਉਂਦਿਆਂ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਦੱਸਦਿਆਂ ਇਸ ਸੰਘਰਸ਼ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪਾਰਟੀ ਕਾਰਕੁਨਾਂ ਨੇ ਯੂਪੀ ਵਿਚ ਕਰਵਾਏ ਸਮਾਗਮ ਦੌਰਾਨ ਦੀਵੇ ਬਾਲਕੇ ਅਤੇ ਮੌਨ ਧਾਰਨ ਕਰ ਕੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੌਰਾਨ ਦਿੱਲੀ, ਪਟਨਾ ਅਤੇ ਹੋਰ ਕਈ ਸੂਬਿਆਂ ਵਿਚ ਵੀ ਕਾਂਗਰਸੀ ਵਰਕਰਾਂ ਨੇ ਮੋਮਬੱਤੀ ਮਾਰਚ ਕੱਢੇ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।