ਮੋਦੀ ਵੱਲੋਂ ਮੁਆਫੀ ਮੰਗਦਿਆਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਰਕਾਰ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਬਾਰੇ ਆਪਣੀ ਸਰਕਾਰ ਦੇ ਪੈਰ ਪਿੱਛੇ ਖਿੱਚ ਲਏ। ਉਨ੍ਹਾਂ ਦੇਸ ਤੋਂ ਮੁਆਫੀ ਮੰਗਦਿਆਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨਾਲ ਸਬੰਧਤ ਮੁੱਦਿਆਂ ਦੀ ਘੋਖ ਕਰਨ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੌਮ ਦੇ ਨਾਂ ਸੰਦੇਸ਼ ਵਿਚ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਸੰਵਿਧਾਨਕ ਪ੍ਰਕਿਰਿਆ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਦੌਰਾਨ ਪੂਰੀ ਕਰ ਲਈ ਜਾਵੇਗੀ।
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਟੀਵੀ ‘ਤੇ ਪ੍ਰਸਾਰਿਤ ਆਪਣੇ ਸੁਨੇਹੇ ‘ਚ ਸ੍ਰੀ ਮੋਦੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅੰਦੋਲਨ ਤੁਰਤ ਖਤਮ ਕਰਕੇ ਘਰਾਂ ਨੂੰ ਪਰਤ ਜਾਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨਾਂ ਨੂੰ ਵਾਪਸ ਲੈਣ ਲਈ ਸੰਸਦ ਦੇ 29 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਸਰਦ ਰੁੱਤ ਇਜਲਾਸ ਦੌਰਾਨ ਸੰਵਿਧਾਨਕ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਂਜ ਉਨ੍ਹਾਂ ਅਜੇ ਵੀ ਕਾਨੂੰਨਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ।
ਹੁਕਮਰਾਨ ਭਾਜਪਾ ਨੂੰ ਆਸ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਪੰਜਾਬ ਦੇ ਸਿੱਖਾਂ ਅਤੇ ਯੂਪੀ ਦੇ ਪੱਛਮੀ ਖਿੱਤੇ ਦੇ ਜਾਟਾਂ ਨੂੰ ਰਾਜ਼ੀ ਕਰ ਲਿਆ ਜਾਵੇਗਾ ਅਤੇ ਹਰਿਆਣਾ ‘ਚ ਵੀ ਚੱਲ ਰਿਹਾ ਟਕਰਾਅ ਖਤਮ ਹੋ ਜਾਵੇਗਾ। ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਐਲਾਨ ਨਾਲ ਪੰਜਾਬ ‘ਚ ਭਾਜਪਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿਚਕਾਰ ਗੱਠਜੋੜ ਬਣਨ ਦਾ ਰਾਹ ਸੁਖਾਲਾ ਹੋ ਜਾਵੇਗਾ ਜਿਨ੍ਹਾਂ ਇਸ ਐਲਾਨ ਨੂੰ ‘ਵੱਡੀ ਖਬਰ‘ ਕਰਾਰ ਦਿੰਦਿਆਂ ‘ਹਰੇਕ ਪੰਜਾਬੀ‘ ਦੀ ਮੰਗ ਮੰਨਣ ਲਈ ਸ੍ਰੀ ਮੋਦੀ ਦਾ ਧੰਨਵਾਦ ਕੀਤਾ ਹੈ।
ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਇਸ ਫੈਸਲੇ ਨੂੰ ਵੱਡੀ ਜਿੱਤ ਕਰਾਰ ਦਿੱਤਾ ਹੈ ਜਦਕਿ ਵਿਰੋਧੀ ਧਿਰਾਂ ਨੇ ਦਾਅਵਾ ਕੀਤਾ ਕਿ ਪੰਜਾਬ ਅਤੇ ਉਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਭਾਜਪਾ ਨੇ ਇਹ ਪੱਤਾ ਖੇਡਿਆ ਹੈ ਜਿਥੇ ਕਿਸਾਨਾਂ ਦਾ ਬਹੁਤ ਜ਼ਿਆਦਾ ਆਧਾਰ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਤਿੰਨੋਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ, ਖਾਸ ਕਰਕੇ ਛੋਟੇ ਕਿਸਾਨਾਂ ਨੂੰ ਹੋਣ ਵਾਲੇ ਫਾਇਦੇ ਗਿਣਵਾਏ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵਧੀਆ ਭਾਵਨਾ ਨਾਲ ਇਹ ਕਾਨੂੰਨ ਲਿਆਂਦੇ ਸਨ। ਇਸ ਮਗਰੋਂ ਉਨ੍ਹਾਂ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਦਿਆਂ ਕਿਹਾ,’’ਮੈਂ ਸਾਫ ਦਿਲ ਨਾਲ ਇਹ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਦੀਆਂ ਕੋਸ਼ਿਸ਼ਾਂ ‘ਚ ਸ਼ਾਇਦ ਕੁਝ ਖਾਮੀਆਂ ਰਹਿ ਗਈਆਂ ਹੋਣਗੀਆਂ ਜਿਨ੍ਹਾਂ ਕਰਕੇ ਉਹ ਕੁਝ ਕਿਸਾਨਾਂ ਨੂੰ ਹਕੀਕਤ ਬਾਰੇ ਸੰਤੁਸ਼ਟ ਨਹੀਂ ਕਰਵਾ ਸਕੇ ਜੋ ਮੋਮਬੱਤੀ ਦੀ ਰੋਸ਼ਨੀ ਵਾਂਗ ਬਿਲਕੁਲ ਸਾਫ ਸੀ।“
ਉਨ੍ਹਾਂ ਕਿਹਾ ਕਿ ਕਈ ਕਿਸਾਨ ਜਥੇਬੰਦੀਆਂ, ਖੇਤੀ ਮਾਹਿਰਾਂ, ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਕਾਨੂੰਨਾਂ ਦਾ ਪੱਖ ਪੂਰਿਆ ਸੀ। ‘ਅਸੀਂ ਕਾਨੂੰਨ ਦੋ ਸਾਲ ਲਈ ਮੁਅੱਤਲ ਕਰਨ ਦੀ ਪੇਸ਼ਕਸ਼ ਦੇ ਨਾਲ ਨਾਲ ਕਾਨੂੰਨ ਦੀਆਂ ਇਤਰਾਜਯੋਗ ਮੱਦਾਂ `ਚ ਸੋਧ ਕਰਨ ਦੀ ਵੀ ਪੇਸ਼ਕਸ਼ ਕੀਤੀ ਸੀ ਪਰ ਕਿਸਾਨਾਂ ਦਾ ਇਕ ਧੜਾ ਇਸ ਲਈ ਰਾਜ਼ੀ ਨਹੀਂ ਹੋਇਆ। ਉਂਜ ਉਹ ਸਾਡੇ ਲਈ ਅਜੇ ਵੀ ਮਹੱਤਵਪੂਰਨ ਹਨ।` ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਤਿੰਨੋਂ ਖੇਤੀ ਕਾਨੂੰਨਾਂ ਦੇ ਅਮਲ `ਤੇ ਰੋਕ ਲਗਾ ਦਿੱਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਕਿਸੇ `ਤੇ ਦੋਸ਼ ਮੜ੍ਹਨ ਦਾ ਮੌਕਾ ਨਹੀਂ ਹੈ। ‘ਮੈਂ ਤੁਹਾਨੂੰ, ਪੂਰੇ ਮੁਲਕ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਲਿਆ ਹੈ। ਮੈਂ ਅੰਦੋਲਨ ਕਰ ਰਹੇ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਗੁਰਪੁਰਬ ਦੇ ਪਵਿੱਤਰ ਮੌਕੇ `ਤੇ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਘਰਾਂ, ਖੇਤਾਂ ਤੇ ਪਰਿਵਾਰਾਂ ਕੋਲ ਪਰਤ ਜਾਣ ਅਤੇ ਨਵੀਂ ਸ਼ੁਰੂਆਤ ਕਰਨ। ਆਉ ਅਸੀਂ ਸਾਰੇ ਨਵੇਂ ਸਿਰੇ ਤੋਂ ਅੱਗੇ ਵਧੀਏ।`
ਸਾਲ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੂੰ ਕਿਸਾਨਾਂ ਨਾਲ ਜੁੜਿਆ ਦੂਜਾ ਵੱਡਾ ਫੈਸਲਾ ਬਦਲਣਾ ਪਿਆ ਹੈ। ਸਾਲ 2015 ‘ਚ ਕੇਂਦਰ ਸਰਕਾਰ ਨੇ ਜ਼ਮੀਨਾਂ ਐਕੁਆਇਰ ਕਰਨ ਸਬੰਧੀ ਆਰਡੀਨੈਂਸ ਲਿਆਂਦਾ ਸੀ ਪਰ ਵਿਰੋਧੀ ਪਾਰਟੀਆਂ ਦੇ ਤਿੱਖੇ ਵਿਰੋਧ ਕਾਰਨ ਸਰਕਾਰ ਨੇ ਇਸ ਦੀ ਮਿਆਦ ਪੁੱਗ ਜਾਣ ਦਿੱਤੀ ਸੀ। ਉਸ ਸਮੇਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ‘ਸੂਟ-ਬੂਟ ਕੀ ਸਰਕਾਰ‘ ਦਾ ਲਕਬ ਦਿੱਤਾ ਸੀ।
ਆਪਣੇ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਜ਼ੀਰੋ ਬਜਟ ‘ਤੇ ਆਧਾਰਿਤ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਜੋ ਕੁਦਰਤੀ ਖਾਦਾਂ, ਸਥਾਨਕ ਬੀਜਾਂ, ਫਸਲੀ ਚੱਕਰ ਨੂੰ ਬਦਲਣ ਅਤੇ ਐਮ.ਐਸ.ਪੀ. ਨੂੰ ਵਧੇਰੇ ਢੁਕਵਾਂ ਤੇ ਪਾਰਦਰਸ਼ੀ ਬਣਾਉਣ ‘ਚ ਸਹਾਇਤਾ ਕਰੇਗੀ।
ਇਸ ਕਮੇਟੀ ‘ਚ ਕੇਂਦਰ ਸਰਕਾਰ, ਸੂਬਾ ਸਰਕਾਰਾਂ, ਕਿਸਾਨਾਂ, ਖੇਤੀ ਵਿਗਿਆਨੀਆਂ ਅਤੇ ਖੇਤੀ ਮਾਹਿਰਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਪੰਜ ਦਹਾਕਿਆਂ ਤੋਂ ਜ਼ਿਆਦਾ ਸਮੇਂ ਦੇ ਜਨਤਕ ਜੀਵਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਨੂੰ ਬਹੁਤ ਨੇੜਿਉਂ ਦੇਖਿਆ ਸੀ ਅਤੇ ਉਨ੍ਹਾਂ ਨੂੰ ਤਾਕਤਵਰ ਬਣਾਉਣ ਲਈ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ। ‘ਜਦੋਂ ਮੁਲਕ ਨੇ ਮੈਨੂੰ 2014 ‘ਚ ਪ੍ਰਧਾਨ ਸੇਵਕ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਮੈਂ ਕਿਸਾਨਾਂ ਦੀ ਭਲਾਈ ਅਤੇ ਖੇਤੀ ਵਿਕਾਸ ਨੂੰ ਤਰਜੀਹ ਦਿੱਤੀ।‘ ਉਨ੍ਹਾਂ ਛੋਟੇ ਕਿਸਾਨਾਂ ਦੀ ਭਲਾਈ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਖੇਤੀ ਬਜਟ ‘ਤੇ ਪਹਿਲਾਂ ਨਾਲੋਂ ਪੰਜ ਗੁਣਾ ਜ਼ਿਆਦਾ ਪੈਸਾ ਯਾਨੀ ਕਰੀਬ ਸਵਾ ਲੱਖ ਕਰੋੜ ਰੁਪਏ ਸਾਲਾਨਾ ਖਰਚਿਆ ਜਾ ਰਿਹਾ ਹੈ।
ਕਿਸਾਨ ਧਰਨਾ ਖਤਮ ਕਰ ਕੇ ਘਰਾਂ ਨੂੰ ਜਾਣ: ਵਿੱਜ
ਅੰਬਾਲਾ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨ ਵਾਪਸ ਲੈਣ ਦੇ ਬਿਆਨ ਤੋਂ ਕਿਹਾ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ‘ਤੇ ਪ੍ਰਧਾਨ ਮੰਤਰੀ ਵੱਲੋਂ ਤਿੰਨੇ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਸਮੂਹ ਕਿਸਾਨਾਂ ਵੱਲੋਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣਾ ਧਰਨਾ ਖਤਮ ਕਰ ਕੇ ਘਰਾਂ ਨੂੰ ਵਾਪਸ ਜਾ ਕੇ ਰੋਜ਼ਾਨਾ ਦੇ ਕੰਮਾਂ ਵਿਚ ਲੱਗ ਜਾਣਾ ਚਾਹੀਦਾ ਹੈ।
ਦੇਰ ਆਏ ਦਰੁਸਤ ਆਏ: ਸੱਤਿਆਪਾਲ ਮਲਿਕ
ਨਵੀਂ ਦਿੱਲੀ: ਸ਼ੁਰੂ ਤੋਂ ਖੇਤੀ ਕਾਨੂੰਨਾਂ ਦੇ ਮਾਮਲੇ ‘ਚ ਕਿਸਾਨਾਂ ਨਾਲ ਖੜ੍ਹੇ ਵਿਖਾਈ ਦਿੱਤੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਸਬੰਧੀ ਕੀਤੇ ਐਲਾਨ ਮਗਰੋਂ ਕਿਹਾ,’ਮੇਰੇ ਵੱਲੋਂ ਕਿਸਾਨਾਂ ਨੂੰ ਮੁਬਾਰਕਬਾਦ, ਕਿਉਂਕਿ ਉਨ੍ਹਾਂ ਬਹੁਤ ਹੀ ਸ਼ਾਂਤੀਪੂਰਨ ਢੰਗ ਨਾਲ ਇਸ ਅੰਦੋਲਨ ਨੂੰ ਚਲਾ ਕੇ ਇਕ ਇਤਿਹਾਸ ਰਚ ਦਿੱਤਾ ਹੈ ਤੇ ਖੇਤੀ ਕਾਨੂੰਨ ਰੱਦ ਕਰ ਕੇ ਪ੍ਰਧਾਨ ਮੰਤਰੀ ਨੇ ਵਡੱਪਣ ਵਿਖਾਇਆ ਹੈ, ‘ਦੇਰ ਆਏ ਦਰੁਸਤ ਆਏ‘। ਉਨ੍ਹਾਂ ਕਿਹਾ ਕਿ ਜੇਕਰ ਇਹ ਫੈਸਲਾ ਪਹਿਲਾਂ ਲੈ ਲਿਆ ਹੁੰਦਾ ਤਾਂ ਚੰਗਾ ਹੁੰਦਾ।
ਸਰਕਾਰ ਦਾ ਫੈਸਲਾ ਸ਼ਰਮਨਾਕ: ਕੰਗਨਾ
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਸਬੰਧੀ ਕੀਤੇ ਐਲਾਨ ‘ਤੇ ਫਿਲਮ ਅਦਾਕਾਰ ਕੰਗਨਾ ਰਣੌਤ ਨੇ ਦੁੱਖ ਜ਼ਾਹਿਰ ਕਰਦਿਆਂ ਇਸ ਨੂੰ ਸ਼ਰਮਨਾਕ ਫੈਸਲਾ ਕਰਾਰ ਦਿੱਤਾ ਹੈ। ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਪਾਈ ਪੋਸਟ ‘ਚ ਉਸ ਨੇ ਲਿਖਿਆ, ‘ਦੁਖਦਾਈ, ਸ਼ਰਮਨਾਕ ਤੇ ਪੂਰੀ ਤਰ੍ਹਾਂ ਗਲਤ।‘ ਉਸ ਨੇ ਅੱਗੇ ਲਿਖਿਆ, ‘ਜੇਕਰ ਸੰਸਦ ‘ਚ ਚੁਣੀ ਹੋਈ ਸਰਕਾਰ ਦੀ ਥਾਂ ਗਲੀਆਂ ‘ਚ ਬੈਠੇ ਲੋਕ ਕਾਨੂੰਨ ਬਣਾਉਣਾ ਸ਼ੁਰੂ ਕਰ ਦੇਣ ਤਾਂ ਇਹ ਇਕ ਜਹਾਦੀ ਮੁਲਕ ਹੈ। ਜੋ ਇਸ ਫੈਸਲੇ ਨੂੰ ਪਸੰਦ ਕਰਦੇ ਹਨ ਉਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾਂ।‘