ਹਮੇਸ਼ਾ ਯਾਦ ਆਏਗੀ ਗੁਰਮੀਤ ਬਾਵਾ

ਨਿੰਦਰ ਘੁਗਿਆਣਵੀ
ਕੇਵਲ ਧਾਲੀਵਾਲ ਨੇ ਅੱਜ ਸਵੇਰੇ-ਸਵੇਰੇ ਸੋਗ ਸੁਨੇਹਾ ਭੇਜ ਕੇ ਬੇਹੱਦ ਉਦਾਸ ਕਰ ਦਿੱਤਾ।ਬੀਬੀ ਗੁਰਮੀਤ ਬਾਵਾ ਝਕਾਨੀ ਦੇ ਚੁੱਪ ਚੁਪੀਤੀ ‘ਅਹੁ ਟੁਰ ਗਈ’।ਧੀ ਲਾਚੀ ਦੇ ਵਿਛੋੜੇ ਵਿਚ ਭਰੀ ਪੀਤੀ।

ਭਰਵੀਂ ਗਰਜਵੀਂ ਤੇ ਲਰਜਵੀਂ ਆਵਾਜ਼ ਮੋਈਆਂ ਕਬਰਾਂ ਵਿਚ ਸਦਾ ਦੀ ਨੀਂਦ ਜਾ ਸੁੱਤੀ ਹੈ।ਅਲਗੋਜਿ਼ਆਂ ਦਾ ਸੰਸਾਰ ਲੁੱਟਿਆ-ਪੁੱਟਿਆ ਗਿਆ ਏ, ਹੁਣ ਭਲਾ ਕਿਸ ਨੇ ਗਾਉਣਾ ਏਂ ਅਲਗੋਜਿ਼ਆਂ ਨਾਲ? ਲਾਵਾਰਸ ਹੋਗੇ ਨੇ ਅੱਜ ਅਲਗੋਜ਼ੇ।
ਯਾਦਾਂ ਕਲੇਜੇ ਧੂਅ ਪਾਉਂਦੀਆਂ ਨੇ।
ਜਦ ਵੀ ਗੁਰਮੀਤ ਬਾਵਾ ਨੂੰ ਪਤਾ ਲਗਣਾ ਕਿ ਮੈਂ ਅੰਮ੍ਰਿਤਸਰ ਆਇਆ ਸਾਂ ਤੇ ਬਿਨਾਂ ਮਿਲੇ ਮੁੜ ਗਿਆ ਹਾਂ, ਉਦੋਂ ਹੀ ਫੋਨ ਆ ਜਾਣਾ ਤੇ ਉਲਾਂਭਾ ਭਾਰੀ ਹੋਣਾ, ਮਾਵਾਂ ਦੇ ਮੋਹ ਭਰੇ ਉਲਾਂਭੇ ਵਰਗਾ।ਮੁਆਫੀ ਮੰਗਦਾ ਸਾਂ ਤੇ ਵਾਅਦਾ ਕਰਦਾ ਸਾਂ ਕਿ ਬੀਬੀ ਜੀ ਅੱਗੇ ਤੋਂ ਇੰਜ ਨਹੀਂ ਹੁੰਦਾ, ਹੁਣ ਜਦ ਆਇਆ ਤਾਂ ਮਿਲ ਕੇ ਜਾਊਂਗਾ।ਮੈਂ ਵੀਹ ਵਰੇ੍ਹ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਸਾਂ ਤੇ ਉਨ੍ਹਾਂ ਦੀ ਹੇਕ ਤੇ ਹੂਕ ਤਾਂ ਉਦੋਂ ਤੋਂ ਦਿਲ ਵਿਚ ਵੜ ਬੈਠੇ ਹੋਣੇ, ਜਦੋਂ ਜਨਮਿਆ ਤੇ ਸੁਰਤ ਸੰਭਲਣ `ਤੇ ਟੀਵੀ-ਰੇਡੀਓ `ਚ ਉਨ੍ਹਾਂ ਨੂੰ ਸੁਣਨ ਲੱਗਿਆ ਸੀ।
ਗੁਰਮੀਤ ਬਾਵਾ ਭਲੇ ਸੁਭਾਅ ਦੀ ਮਾਲਕ ਸੀ।ਜਿੰਨੀ ਸੰਗਾਊ ਸੀ, ਓਨੀ ਹੀ ਨਿਮਰਤਾਵਾਨ ਵੀ ਸੀ।ਕਹਿੰਦੀਆਂ ਕਹਾਉਂਦੀਆਂ ਗਾਇਕਾਵਾਂ ਬਾਵਾ ਨੂੰ ਭਾਵੇਂ ਜੱਫੀ ਪਾ ਕੇ ਮਿਲਦੀਆਂ ਸਨ ਪਰ ਉਸ ਦੀ ਉੱਚੀ ਆਵਾਜ਼ ਤੇ ਲੰਮੀ ਹੇਕ ਨਾਲ ਸਾੜਾ ਵੀ ਕਰਦੀਆਂ ਸਨ ਪਰ ਉਹ ਬੇਪ੍ਰਵਾਹ ਫਨਕਾਰਾ ਸੀ।
ਮੈਨੂੰ ਚੇਤੇ ਹੈ ਉਹ ਦਿਨ, ਜਦੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚਲੋਕ ਗਾਇਕੀ ਬਾਰੇ ਵੱਡਾ ਸੈਮੀਨਾਰ ਸੀ ਤੇ ਲੋਕ ਸੰਗੀਤ ਬਾਰੇ ਉਥੇ ਮੁੱਖ ਭਾਸ਼ਣ ਮੇਰਾ ਸੀ।ਬਾਵਾ ਜੀ ਆਏ।ਦੇਵ ਥਰੀਕੇ ਵਾਲਾ ਆਇਆ।ਮੁਹੰਮਦ ਸਦੀਕ, ਹੰਸ ਰਾਜ ਹੰਸ, ਗੁਰਭਜਨ ਗਿੱਲ, ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਹੁਰੀਂ ਬੈਠੇ ਸਨ।ਡਾ. ਰਜਿੰਦਰ ਪਾਲ ਬਰਾੜ ਨੇ ਅਨਾਊਂਸ ਕੀਤਾ ਕਿ ਬਾਵਾ ਜੀ `ਡੋਲੀ` ਬਾਰੇ ਕੁਝ ਸੁਣਾਉਣਗੇ।ਬੀਬੀ ਬਾਵਾ ਨੇ ਦਰਦ ਪਰੁਚੇ ਬੋਲ ਛੋਹੇ:
ਪੁੱਤਰ ਸੱਤ ਵੀ ਹੋਣ ਸਮਾਅ ਲੈਂਦੋਂ
ਤੇ ਧੀ ਘਰ ਨਾ ਇਕ ਸਮਾ ਸਕੀ।
ਜਿਹੜੀ ਤੁਰਨ ਵੇਲੇ ਘਰੋਂ ਗਈ ਰੋਂਦੀ,
ਉਹਨੂੰ ਮਾਂ ਨਾ ਚੁੱਪ ਕਰਾ ਸਕੀ।
ਕੁਹਾਰੋ ਡੋਲੀ ਨਾ ਚਾਇਓ,
ਵੇ ਮੇਰਾ ਬਾਬੁਲ ਆਇਆ ਨਹੀਂ।
ਕਿ ਵੀਰਾ ਦੂਰ ਖੜ੍ਹਾ ਰੋਵੇਂ,
ਕਿਸੇ ਨੇ ਚੁੱਪ ਕਰਾਇਆ ਨਹੀਂ।
ਆਡੀਟੋਰੀਅਮ ਵਿਚ ਸੰਨਾਟਾ ਪਸਰ ਗਿਆ।ਵਾਈਸ ਚਾਂਸਲਰ ਦੀ ਅੱਖ ਸਮੇਤ ਹਰ ਅੱਖ ਨਮ ਸੀ।ਕੋਈ ਸਾਹ ਨਹੀਂ ਸੀ ਲੈ ਰਿਹਾ।ਬਾਵਾ ਗਾ ਰਹੀ ਸੀ, ਓ ਬਾਬਲਾ ਸਾਂਭ ਕੇ ਰੱਖਲੀਂ ਵੇ ਮੇਰੇ ਬਚਪਨ ਦੇ ਗੁੱਡੀਆਂ ਪਟੋਲੇ
ਰੱਬ ਦੇ ਨਾਂ ਮੈਨੂੰ ਮੁਆਫ ਤੂੰ ਕਰਦੀਂ,
ਅਸਾਂ ਮੰਦੜੇ ਬੋਲ ਨਾ ਬੋਲੇ।
ਜੇਹੜਾ ਤੂੰ ਸਾਲੂ ਦਿੱਤਾ ਸੀ, ਅਸਾਂ ਨੇ ਰੱਜ ਹੰਡਾਇਆ ਨਹੀਂ,
ਕੁਹਾਰੋ ਡੋਲੀ ਨਾ ਚਾਇਓ,
ਵੇ ਮੇਰਾ ਬਾਬਲ ਆਇਆ ਨਹੀਂ।
ਲੋਕ ਸੰਗੀਤ ਵਿਚ ਲਿਪਟੀ ਇਹ ਦੁਪਹਿਰ ਕਦੇ ਨਹੀਂ ਭੁੱਲਣੀ।ਅੱਜ ਰੋਣਾ ਆਇਆ ਬੜਾ।ਖੈਰ!
ਮੇਰੇ ਬੇਨਤੀ ਕਰਨ ਉਤੇ ਬਾਵਾ ਜੀ ਹਰ ਥਾਂ ਪਧਾਰੇ ਸਨ।ਚਾਹੇ ਵਿਰਸਾ ਵਿਹਾਰ ਵਿਚ ਸੱਤ ਸ਼ਖ਼ਸੀਅਤਾਂ ਦਾ ਸਨਮਾਨ ਸੀ, ਚਾਹੇ ਵਿਕਰਮਜੀਤ ਦੁੱਗਲ ਐਸ.ਐਸ.ਪੀ. ਦਾ ਸਵਾਗਤ ਸੀ ਤੇ ਭਾਵੇਂ ਮੇਰੀ ‘ਜੱਜ ਮੈਡਮ’ ਫਿਲਮ ਦਾ ਮਹੂਰਤ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਪਣੀ ਪੁਸਤਕ ‘ਲੋਕ ਗਾਇਕ’ ਵਿਚ ਮੈਂ ਉਨ੍ਹਾਂ ਦੀ ਜੀਵਨੀ ਬਾਰੇ ਵਿਸਥਾਰਪੂਰਵਕ ਨਿਬੰਧ ਲਿਖਿਆ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੁਸਤਕ ‘ਸਾਡੀਆਂ ਲੋਕ ਗਾਇਕਵਾਂ’ ਵਿਚ ਬਾਵਾ ਜੀ ਦੀ ਪੂਰੀ ਜੀਵਨੀ ਲਿਖੀ।ਭਾਰਤ ਸਰਕਾਰ ਦੀ ਕਿਤਾਬ ‘ਪੰਜਾਬ ਦਾ ਲੋਕ ਸੰਗੀਤ’ ਵਿਚ ਵੀ ਬਾਵਾ ਜੀ ਬਾਰੇ ਖੂਬ ਲਿਖਿਆ ਸੀ।ਉਹ ਜਦ ਵੀ ਮਿਲਦੇ ਖੁਸ਼ ਹੋ ਕੇ ਕਹਿੰਦੇ, `ਨਿੰਦਰ ਤੂੰ ਮੈਨੂੰ ਅੱਖਰਾਂ ਵਿਚ ਸਾਂਭ ਦਿੱਤਾ ਏ।` ਮੈਂ ਇਕ ਥਾਵੇਂ ਇਹ ਵੀ ਲਿਖਿਆ ਸੀ ਕਿ ਇਕ ਵਾਰ ਬੰਬੇ ਬਾਵਾ ਜੀ ਗਾਉਣ ਗਏ, ਵਿਸਾਖੀ ਦਾ ਮੇਲਾ।ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਵੀ ਆਏ।ਜਦ ਬਾਵਾ ਜੀ ਨੇ 45 ਸੈਕਿੰਡ ਲੰਮੀ ਹੇਕ ਲਾਈ, ਤਾਂ ਰਾਜੀਵ ਗਾਂਧੀ ਸੀਟ ਉਤੋਂ ਖਲੋ ਕੇ ਤਾੜੀਆਂ ਮਾਰ ਰਹੇ ਸਨ।ਮੰਚ ਉਤੇ ਬਾਵਾ ਜੀ ਦਾ ਸਨਮਾਨ ਕਰਨ ਲੱਗਿਆਂ ਰਾਜੀਵ ਗਾਂਧੀ ਨੇ ਪੁੱਛਿਆ ਸੀ, `ਆਪ ਕੇ ਗਲੇ ਮੇਂ ਕੁਦਰਤ ਨੇ ਐਸਾ ਕੌਨ ਸਾ ਪੁਰਜਾ ਫਿਟ ਕਰ ਰੱਖਾ ਹੈ? ਅਰੇ ਕਿਆ ਬਾਤ ਹੈ ਬਾਵਾ ਜੀ।ਮੈਂ ਆਪ ਕੋ ਸਲਿਊਟ ਕਰਤਾ ਹੂੰ ਬਾਵਾ ਜੀ।`
ਇਕ ਦਿਨ ਉਹ ਕੇਵਲ ਧਾਲੀਵਾਲ ਨਾਲ ਸਾਡੇ ਦਫਤਰ ਪੰਜਾਬ ਕਲਾ ਭਵਨ ਚੰਡੀਗੜ੍ਹ ਆਏ।ਸਬੱਬ ਨਾਲ ਮੈਂ ਵੀ ਆਪਣੇ ਕਮਰੇ ਵਿਚ ਬੈਠਾ ਸਾਂ।ਆਉਂਦੇ ਸਾਰ ਘੁੱਟ ਕੇ ਜੱਫੀ ਪਾਈ।ਮੈਂ ਆਪਣੀ ਕੁਰਸੀ ਉਤੇ ਬਿਠਾਉਣ ਲਈ ਜਿ਼ੱਦ ਕੀਤੀ ਪਰ ਨਾ ਮੰਨੇ।ਚਾਹ ਪੀਤੀ, ਬੜੇ ਖੁਸ਼ ਹੋਏ।ਜਾਣ ਲੱਗੇ ਪਰਸ `ਚੋਂ ਪੰਜ ਸੌ ਦਾ ਨੋਟ ਕੱਢ ਕੇ ਮੇਰੀ ਚਿੱਟੀ ਸ਼ਰਟ ਦੀ ਜੇਬ ਵਿਚ ਪਾਉਂਦੇ ਬੋਲੇ, `ਏਹ ਸ਼ਗਨ ਏ, ਮੇਰਾ ਪੁੱਤਰ ਅਫਸਰ ਬਣ ਗਿਆ ਏ ਹੁਣ, ਬੜੀ ਖੁਸ਼ ਆਂ ਤੈਨੂੰ ਏਥੇ ਦੇਖ ਕੇ।`
ਮੇਰੀਆਂ ਅੱਖਾਂ ਭਰ ਆਈਆਂ, ਜਿਵੇਂ ਹੁਣ ਇਹ ਸ਼ਬਦ ਟਾਈਪ ਕਰਦਿਆਂ ਭਰੀਆਂ ਹੋਈਆਂ ਨੇ।ਪੰਜਾਬ ਦੇ ਲੋਕ ਗੀਤਾਂ, ਸੁਹਾਗ, ਸਿੱਠਣੀਆਂ ਤੇ ਲੋਕ ਸੰਗੀਤ ਦੀ ਪਵਿੱਤਰ ਲੋਕ ਧਾਰਾ ਨੂੰ ਅਮੀਰ ਕਰਨ ਵਾਲੀ ਬੀਬੀਏ, ਅਲਵਿਦਾ, ਧੰਨਵਾਦ।