ਇੱਕ ਵਡਮੱੁਲੀ ਪੁਰਾਣੀ ਘਟਨਾ

ਗੁਲਜ਼ਾਰ ਸਿੰਘ ਸੰਧੂ
ਏਸ ਵਾਰ ਪੰਡਤ ਨਹਿਰੂ ਦੇ ਜਨਮ ਦਿਨ ਉੱਤੇ ਸੰਸਦ ਭਵਨ ਵਿਚ ਕੱੁਝ ਪਤਵੰਤੇ ਮਹਾਂਪੁਰਸ਼ਾਂ ਦੀ ਗੈਰ ਹਾਜ਼ਰੀ ਨੇ ਮੈਨੂੰ ਇਕ ਪੁਰਾਣੀ ਘਟਨਾ ਚੇਤੇ ਕਰਵਾ ਦਿੱਤੀ ਹੈ।1964 ਦੀ ਗੱਲ ਹੈ। ਮੈਂ ਪਟਿਆਲਾ ਤੋਂ ਦਿੱਲੀ ਵਾਲੀ ਡੀਲਕਸ ਬੱਸ ਵਿਚ ਸਫਰ ਕਰ ਰਿਹਾ ਸਾਂ।

ਬੱਸ ਦੇ ਗੱਦੇ ਅਤੇ ਸਵਾਰੀਆਂ ਦੇ ਸਾਹ, ਤਪਸ਼ ਵਿਚ ਵਾਧਾ ਕਰ ਰਹੇ ਸਨ। ਡਰਾਈਵਰ ਨੇ ਰਾਜਪੁਰਾ ਦੇ ਅੱਡੇ ਉੱਤੇ ਬੱਸ ਰੋਕ ਲਈ, ਜਿੱਥੇ ਡੀਲਕਸ ਬੱਸਾਂ ਨਹੀਂ ਰੁਕਦੀਆਂ।ਛੇਤੀ ਹੀ ਬੱਸ ਕੰਡਕਟਰ ਤੇ ਟਿਕਟ ਚੈਕਰ ਦੀ ਤੰੂ-ਤੰੂ ਮੈਂ-ਮੈਂ ਸੁਣਾਈ ਦਿੱਤੀ ਤਾਂ ਬੱਸ ਰੋਕੇ ਜਾਣ ਦੇ ਕਾਰਨ ਦਾ ਪਤਾ ਲੱਗਿਆ। ਸਵਾਰੀਆਂ ਪ੍ਰੇਸ਼ਾਨ ਸਨ।ਉਨ੍ਹਾਂ ਨੇ ਵੇਲੇ ਸਿਰ ਦਿੱਲੀ ਪਹੰੁਚਣਾ ਸੀ।ਖੜ੍ਹੀ ਬੱਸ ਵਿਚ ਤਾਂ ਸੂਰਜ ਅੱਗ ਵਰ੍ਹਾ ਰਿਹਾ ਸੀ।
‘ਤੈਨੂੰ ਪਤੈ ਪੰਡਤ ਨਹਿਰੂ ਮਰ ਗਿਐ?’ ਟਿਕਟ ਚੈੱਕਰ ਦਾ ਗੁੱਸਾ ਠੰਢਾ ਹੋਇਆ ਤਾਂ ਉਹ ਕੰਡਕਟਰ ਨੂੰ ਮੁਖਾਤਬ ਹੋ ਕੇ ਬੋਲਿਆ।
ਕੌਣ? ਪੰਡਤ ਨਹਿਰੂ? ਪ੍ਰਧਾਨ ਮੰਤਰੀ? ਕੰਡਕਟਰ ਸਮੇਤ ਅਨੇਕਾਂ ਸਵਾਰੀਆਂ ਬੋਲ ਪਈਆਂ।ਚੈੱਕਰ ਨੇ ਇਹ ਖ਼ਬਰ ਰੇਡੀਓ ਉੱਤੇ ਸੁਣੀ ਸੀ।ਉਦੋਂ ਮੋਬਾਈਲ ਹੋਂਦ ਵਿਚ ਨਹੀਂ ਸਨ ਆਏ।ਹਰ ਕੋਈ ਚੈੱਕਰ ਦੇ ਬੁੱਲ੍ਹਾਂ ਵੱਲ ਤੱਕ ਰਿਹਾ ਸੀ।ਕਾਸ਼! ਉਹ ਕਹਿ ਦੇਵੇ ਕਿ ਉਸ ਨੂੰ ਟਪਲਾ ਲੱਗਿਆ ਹੈ।
ਜਦੋਂ ਚੈੱਕਰ ਨੇ ਸਾਰੀ ਖ਼ਬਰ ਰੁਕ ਰੁਕ ਕੇ ਤਰਤੀਬ ਨਾਲ ਦੱਸੀ ਤਾਂ ਇਸ ਦੇ ਵਿਚਲੇ ਸੱਚ ਦਾ ਨਿਤਾਰਾ ਹੋ ਗਿਆ। ਵੱਡੀ ਅਕਲ ਦਾ ਮਾਲਕ ਸੀ।ਰੂਸ ਤੇ ਅਮਰੀਕਾ ਨੂੰ ਬਰਾਬਰ ਤੋਲਣ ਵਾਲਾ।ਭਾਰਤ ਉੱਤੇ ਚੀਨ ਦੇ ਹਮਲੇ ਸਮੇਂ ਜ਼ਰਾ ਨਾ ਡੋਲਣ ਵਾਲਾ।ਸਿਆਸਤ ਦਾ ਰੱਬ ਤੇ ਖੁਦੀ ਦਾ ਕਦਰਦਾਨ।ਸਵਾਰੀਆਂ ਭਾਂਤ-ਸੁਭਾਂਤੇ ਬੋਲ ਰਹੀਆਂ ਸਨ।ਡਰਾਈਵਰ ਨੇ ਬਰੇਕ ਲਾ ਕੇ ਬੱਸ ਸੜਕ ਦੇ ਇੱਕ ਪਾਸੇ ਖੜ੍ਹੀ ਕਰ ਲਈ।ਸਭਨਾਂ ਨੂੰ ਧੁੱਪ-ਛਾਂ ਭੁੱਲ ਚੁੱਕੀ ਸੀ।ਪਲ ਦੀ ਪਲ ਪੌਣ, ਪਾਣੀ, ਬਸੰਤਰ ਸੌਂ ਗਏ ਸਨ।ਫੇਰ ‘ਜਿਵੇਂ ਵਾਹਿਗੁਰੂ ਨੂੰ ਮਨਜ਼ੂਰ’ ਕਹਿ ਕੇ ਬੱਸ ਦੇ ਡਰਾਈਵਰ ਨੇ ਬੱਸ ਤੋਰ ਲਈ।
ਸਾਡੀ ਬੱਸ ਅੰਬਾਲਾ ਦੇ ਅੱਡੇ ਉੱਤੇ ਵੀ ਰੁਕੀ ਪਰ ਨਾ ਹੀ ਕੋਈ ਸਵਾਰੀ ਚੜ੍ਹੀ ਤੇ ਨਾ ਹੀ ਉਤਰੀ। ਚੈੱਕਰ ਨੇ ਉੱਤਰਨਾ ਸੀ ਉਤਰ ਗਿਆ।ਬਾਕੀ ਮਾਹੌਲ ਸ਼ਾਂਤ ਸੀ, ਜਿਵੇਂ ਪੂਰੀ ਕਾਇਨਾਤ ਵਿਚ ਚੁੱਪ ਵਰਤ ਗਈ ਹੋਵੇ।
ਬੱਸ ਦੇ ਸ਼ਾਹਬਾਦ ਮਾਰਕੰਡਾ ਪਹੰੁਚਣ ਤਕ ਮਾਤਮੀ ਜਲੂਸ ਨੇ ਸਾਰੀ ਸੜਕ ਮੱਲ ਲਈ ਸੀ।ਕੰਡਕਟਰ ਤੇ ਚੈੱਕਰ ਦੀ ਲੜਾਈ ਨੇ ਪਹਿਲਾਂ ਹੀ ਕਾਫੀ ਸਮਾਂ ਖਾ ਲਿਆ ਸੀ।ਡਰਾਈਵਰ ਨੇ ਭੀੜ ਨੂੰ ਲਾਂਭੇ ਕਰਨ ਲਈ ਹਾਰਨ ਵਜਾ ਦਿੱਤਾ।ਭੀੜ ਪਹਿਲਾਂ ਨਾਲੋਂ ਵੀ ਜੋਸ਼ ਨਾਲ ਬੱਸ ਦੇ ਅੱਗੇ ਜਮ੍ਹਾਂ ਹੋ ਗਈ।
‘ਪੰਡਤ ਨਹਿਰੂ ਤੁਰ ਗਿਆ, ਤੰੂ ਹਾਰਨ ਵਜਾਉਨੈਂ?` ਵਰਗੀਆਂ ਆਵਾਜ਼ਾਂ ਆਉਣ ਲੱਗੀਆਂ।
ਡਰਾਈਵਰ ਦਾੜੀ ਪਗੜੀ ਵਾਲਾ ਸਿੱਖ ਸੀ।ਇਨ੍ਹਾਂ ਦਿਨਾਂ ਵਿਚ ਵੱਖਰੇ ਪੰਜਾਬੀ ਸੂਬੇ ਦੀ ਮੰਗ ਜ਼ੋਰਾਂ ’ਤੇ ਸੀ। ਹਰਿਆਣਾ ਦੇ ਹਿੰਦੂਆਂ ਨਾਲ ਤਣਾਅ ਸਿਖਰਾਂ ਉੱਤੇ ਸੀ।
ਮੈਂ ਕੀ ਵੇਖਦਾ ਹਾਂ ਕਿ ਕੁਝ ਬਾਤਾਂ ਡਰਾਈਵਰ ਨੂੰ ਖਿੱਚ ਰਹੀਆਂ ਸਨ।ਉਸ ਨੂੰ ਸਬਕ ਸਿਖਾਉਣ ਲਈ।ਕੁਝ ਵੀ ਮਾੜਾ ਵਾਪਰ ਸਕਦਾ ਸੀ।ਡਰਾਈਵਰ ਦੀ ਜਾਨ ਜਾ ਸਕਦੀ ਸੀ।ਉਸ ਦੇ ਜ਼ਖਮੀ ਹੋਣ ਬਾਰੇ ਤਾਂ ਸ਼ੱਕ ਹੀ ਨਹੀਂ ਸੀ।ਸਵਾਰੀਆਂ ਵਿਚ ਸਿੱਖਾਂ ਦੀ ਗਿਣਤੀ ਘੱਟ ਸੀ।ਮੇਰੇ ਜਿੰਨੀ ਛੋਟੀ ਉਮਰ ਦਾ ਕੋਈ ਨਹੀਂ ਸੀ।ਮੈਂ ਬਾਹਰ ਨਿਕਲ ਕੇ ਭੀੜ ਵੱਲ ਨੂੰ ਵਧਿਆ।ਇਹ ਦੱਸਣ ਲਈ ਕਿ ਹਾਰਨ ਵਜਾਉਣ ਵਾਲਾ ਡਰਾਈਵਰ ਤਾਂ ਬਿਨਾ ਕਿਸੇ ਦੀ ਮੰਗ ਦੇ ਇਹ ਖਬਰ ਸੁਣਦੇ ਸਾਰ ਬੱਸ ਨੂੰ ਦੋ ਮਿੰਟ ਰੋਕ ਕੇ ਸ਼ਰਧਾਂਜਲੀ ਦੇ ਚੁੱਕਿਆ ਸੀ ਪਰ ਮੈਂ ਕੀ ਵੇਖਦਾ ਹਾਂ ਕਿ ਡਰਾਈਵਰ ਨੂੰ ਉਸ ਦੀ ਸੀਟ ਤੋਂ ਖਿੱਚਣ ਵਾਲੀ ਭੀੜ ਦਾ ਮੋਹਰੀ ਕੇਸਧਾਰੀ ਸਿੱਖ ਸੀ।ਪੰਡਤ ਨਹਿਰੂ ਦੀ ਅਜ਼ਮਤ ਨੇ ਹਿੰਦੂ-ਸਿੱਖ ਪਾੜਾ ਪੂਰ ਦਿੱਤਾ ਸੀ।ਮੇਰੇ ਦਖਲ ਦੇਣ ਦੀ ਲੋੜ ਨਹੀਂ ਸੀ।ਮੈਂ ਵਾਪਸ ਆਪਣੀ ਸੀਟ ਉੱਤੇ ਆਣ ਬੈਠਾ।ਅਸੀਂ ਦੇਰੀ ਨਾਲ ਦਿੱਲੀ ਪਹੰੁਚੇ ਪਰ ਕੋਈ ਦੁਰਘਟਨਾ ਨਹੀਂ ਹੋਈ।
ਮੈਂ ਇਸ ਘਟਨਾ ਬਾਰੇ ਜਿਹੜੀ ਕਹਾਣੀ ਲਿਖੀ ਉਸ ਦਾ ਨਾਂ `ਲੋਕ ਨਾਇਕ` ਰੱਖਿਆ।ਕਿਸੇ ਨੇ ਉਜਰ ਨਹੀਂ ਕੀਤਾ ਭਾਵੇਂ ਉਨ੍ਹਾਂ ਦਿਨਾਂ ਵਿਚ ਇਹ ਪਦਵੀ ਤੇ ਤਖ਼ੱਲਸ ਕੇਵਲ ਜੈਪ੍ਰਕਾਸ਼ ਨਾਰਾਇਣ ਲਈ ਵਰਤਿਆ ਜਾਂਦਾ ਸੀ।ਅੱਜ ਦੇ ਸਿਆਸਤਦਾਨਾਂ ਦਾ ਵਤੀਰਾ ਕੀ ਹੈ।ਸੋਚਣ ਵਾਲੀ ਗੱਲ ਹੈ।ਅੱਜ ਦੀ ਸਿਆਸਤ ਤਾਂ ਫਿਰਕਾਪ੍ਰਸਤੀ ਦੀ ਕਮਾਈ ਉੱਤੇ ਆ ਟਿਕੀ ਜਾਪਦੀ ਹੈ।

ਭਾਰਤੀ ਨਿਆਂਪਾਲਿਕਾ ਜ਼ਿੰਦਾਬਾਦ
ਬੀਤੇ ਹਫ਼ਤੇ ਨਵੀਂ ਦਿੱਲੀ ਦੇ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਪੰਕਜ ਸ਼ਰਮਾ ਵਲੋਂ 24 ਸਾਲ ਪੁਰਾਣੇ ਕੇਸ ਵਿਚ ਉਥੋਂ ਦੀ ਗਰੀਨ ਪਾਰਕ ਕਲੋਨੀ ਵਿਚ ਪੈਂਦੇ ਉਪਹਾਰ ਸਿਨੇਮਾ ਦੇ ਸੱਤ ਦੋਸ਼ੀਆਂ ਨੂੰ ਸੱਤ ਸਾਲਾਂ ਦੀ ਜੇਲ੍ਹ ਤੇ ਭਾਰੀ ਜੁਰਮਾਨੇ ਦੀ ਸਜ਼ਾ ਦੇਣ ਦਾ ਸਵਾਗਤ ਕਰਨਾ ਬਣਦਾ ਹੈ।ਇਨ੍ਹਾਂ ਵਿਚ ਸਿਨੇਮਾ ਮਾਲਕ ਦੋਵੇਂ ਆਂਸਲ ਭਰਾ ਵੀ ਸ਼ਾਮਲ ਹਨ।ਉਦੋਂ ਸਿਨੇਮਾ ਹਾਲ ਨੂੰ ਲੱਗੀ ਭਿਆਨਕ ਅੱਗ ਦੀ ਲਪੇਟ ਵਿਚ ਆ ਕੇ 59 ਦਰਸ਼ਕਾਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਵਿਚ ਸੀਨੀਅਰ ਆਈ.ਏ.ਐਸ. ਅਫ਼ਸਰ ਸ਼ਵਿੰਦਰ ਸਿੰਘ ਸਿੱਧੂ ਦੀ ਨੂੰਹ ਤੇ ਉਸ ਦੇ ਦੋ ਬੱਚੇ ਵੀ ਸਨ। ਸਿੱਧੂ ਮੇਰੀ ਗ੍ਰਾਮੀਣ ਮੰਤਰਾਲੇ ਦੀ ਨੌਕਰੀ ਸਮੇਂ ਮੇਰਾ ਅਫ਼ਸਰ ਸੀ, ਜੋ ਦੋ ਦਹਾਕੇ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ। ਨਿਸ਼ਚੇ ਹੀ ਉਸ ਵਰਗੇ ਹੋਰ ਵੀ ਹੋਣਗੇ, ਜੋ 24 ਸਾਲਾਂ ਵਿਚ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਉਨ੍ਹਾਂ ਦੇ ਜੀਊਂਦੇ ਜੀਅ ਆਂਸਲ ਭਰਾਵਾਂ ਨੂੰ ਸਿਨੇਮਾ ਹਾਲ ਦੀ ਸੁਰੱਖਿਆ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨਾ ਕਰਨ ਸਦਕਾ ਕੇਵਲ ਦੋ ਸਾਲ ਦੀ ਜੇਲ੍ਹ ਹੋਈ ਸੀ। ਸੱਜਰੀ ਤੇ ਲੰਮੇਰੀ ਸਜ਼ਾ ਦਾ ਕਾਰਨ ਆਂਸਲ ਭਰਾਵਾਂ ਤੇ ਉਨ੍ਹਾਂ ਦੇ ਪੰਜ ਕਰਿੰਦਿਆਂ ਵੱਲੋਂ ਮਿਟਾਏ ਗਏ ਅਜਿਹੇ ਸਬੂਤ ਹਨ, ਜਿਹੜੇ ਮ੍ਰਿਤਕਾਂ ਦੀ ਪੈਰਵੀ ਸਦਕਾ ਉਜਾਗਰ ਹੋਏ ਹਨ। ਨਿਸ਼ਚੇ ਹੀ ਤਾਜ਼ੀ ਸਜ਼ਾ ਦੀ ਖਬਰ ਮ੍ਰਿਤਕਾਂ ਦੇ ਵਾਰਸਾਂ ਲਈ ਢਾਰਸ ਹੋਵੇਗੀ। ਇਹ ਸਜ਼ਾ ਸਾਡੀ ਨਿਆਂਪਾਲਿਕਾ ਉਤੇ ਵੀ ਮੋਹਰ ਲਾਉਂਦੀ ਹੈ, ਜਿਸ ਵਿਚ ਦੇਰ ਤਾਂ ਹੈ, ਹਨੇਰ ਨਹੀਂ।

ਅੰਤਿਕਾ
ਗੁਰਭਜਨ ਗਿੱਲ
ਵੇ ਪੁੱਤਰੋ, ਵੇ ਜੀਊਣ ਜੋਗਿਓ, ਲਾਜ ਧਰਮ ਨੂੰ ਲੱਗ ਨਾ ਜਾਵੇ,
ਰਣ ਭੂਮੀ ਵਿਚ ਜੋ ਵੀ ਖੰੁਝਿਆ, ਪਛਤਾਉਂਦੇ ਹੀ ਉਮਰ ਗੁਆਵੇ,
ਜੇ ਚਾਹੋ ਤਾਂ ਆ ਜਾਂਦੀ ਹਾਂ, ਮਾਂ ਭਾਗੋ ਦੀ ਵਾਰਸ ਹਾਂ ਮੈਂ।