ਪੰਜਾਬੀਅਤ ਦਾ ਤਸੱਵੁਰ ਬਹੁਤ ਫੈਲ ਗਿਆ ਹੈ…

ਦਲਜੀਤ ਅਮੀ
ਫੋਨ: +91-72919-77145
ਦਲਜੀਤ ਅਮੀ: ਜ਼ਿੰਦਗੀ, ਕੁਦਰਤ ਅਤੇ ਸੰਗੀਤ ਦਾ ਰਿਸ਼ਤਾ ਮੁੱਢ ਕਦੀਮੀ ਹੈ। ਇਸ ਰਿਸ਼ਤੇ ਵਿਚੋਂ ਮਨੁੱਖ ਨੇ ਆਪਣੀ ਬੋਲੀ ਸਿੱਖੀ ਹੋਵੇਗੀ, ਚਾਹੇ ਉਹ ਕੋਈ ਵੀ ਬੋਲੀ ਕਿਉਂ ਨਾ ਹੋਵੇ। ਸੰਗੀਤ, ਸੁਰਾਂ ਅਤੇ ਜ਼ਿੰਦਗੀ ਦਾ ਸਫਰ ਜਦੋਂ ਤੱਕ ਸਾਡੇ ਦੌਰ ਤੱਕ ਆਉਂਦਾ ਹੈ, ਇਸ ਦੌਰਾਨ ਬਹੁਤ ਸਾਰੀ ਪੇਚੀਦਗੀ ਲਗਾਤਾਰ ਸਾਡੇ ਸਾਹਮਣੇ ਆਪਣੇ-ਆਪ ਨੂੰ ਫਰੋਲਦੀ ਰਹਿੰਦੀ ਹੈ।

ਇਸ ਸਾਰੇ ਸਫਰ ਦੌਰਾਨ ਸੰਗੀਤ ਸਾਡਾ ਸਾਂਝੀ ਰਿਹਾ, ਜਾਂ ਫਿਰ ਅਸੀਂ ਸੰਗੀਤ ਦੇ ਸਾਂਝੀ ਰਹੇ ਹਾਂ। ਜਦੋਂ ਅਸੀਂ ਮੌਜੂਦਾ ਦੌਰ ਵਿਚ ਪਹੁੰਚੇ ਹਾਂ ਤਾਂ ਸੰਗੀਤ ਮੌਜੂਦਾ ਦੌਰ ਦੇ ਸੁਆਲਾਂ, ਸਾਡੇ ਸੁਹਜ-ਸੁਆਦਾਂ ਨਾਲ ਵੀ ਜੁੜਿਆ ਹੋਇਆ ਹੈ। ਇਨ੍ਹਾਂ ਮਸਲਿਆਂ ਬਾਰੇ ਅਸੀਂ ਰੱਬੀ ਸ਼ੇਰਗਿੱਲ ਨਾਲ ਗੱਲ ਕਰਾਂਗੇ। ਸਾਡੀ ਗੱਲ ਦਾ ਹਵਾਲਾ ਹੋਵੇਗਾ ਪੰਜਾਬ, ਕਿਸਾਨ ਅੰਦੋਲਨ ਅਤੇ ਸੰਗੀਤ ਦਾ ਵਿਰੋਧ ਨਾਲ, ਮਨੁੱਖ ਦੀ ਨਾਬਰੀ ਨਾਲ ਰਿਸ਼ਤਾ ਕਿਸ ਕਿਸਮ ਦਾ ਹੈ? ਰੱਬੀ ਜੀ, ਸੰਗੀਤ ਦਾ ਸਾਡੇ ਸਮਾਜਿਕ ਸਰੋਕਾਰ, ਸਮਕਾਲੀ ਸਰੋਕਾਰ ਜਾਂ ਇਤਿਹਾਸਿਕ ਸਰੋਕਾਰਾਂ ਨਾਲ ਕਿਸ ਕਿਸਮ ਦਾ ਰਿਸ਼ਤਾ ਹੈ?
ਰੱਬੀ ਸ਼ੇਰਗਿੱਲ: ਪਹਿਲੀ ਗੱਲ, ਸੰਗੀਤ ਕਿਸੇ ਖਲਾਅ ਵਿਚੋਂ ਪੈਦਾ ਨਹੀਂ ਹੁੰਦਾ। ਸੰਗੀਤ ਸੰਸਾਰ ਨੂੰ ਵਿਰਸੇ ਵਿਚ ਮਿਲਦਾ ਹੈ। ਕਈ ਕਦਰਾਂ-ਕੀਮਤਾਂ ਉਸ ਨੂੰ ਵਿਰਸੇ ਵਿਚ ਮਿਲਦੀਆਂ ਹਨ। ਕੋਈ ਸੋਚ, ਕੋਈ ਤੰਦਾਂ ਉਸ ਨੂੰ ਵਿਰਸੇ ਵਿਚੋਂ ਮਿਲਦੀਆਂ ਹਨ। ਕੋਈ ਸੰਗੀਤਕਾਰ ਆਪਣੇ ਆਪ ਨੂੰ ਅਨੋਖਾ ਨਹੀਂ ਮੰਨ ਸਕਦਾ। ਕੋਈ ਆਪਣੇ ਆਪ ਨੂੰ ਅਦੁੱਤੀ ਨਹੀਂ ਮੰਨ ਸਕਦਾ; ਜਿਵੇਂ ਮੈਂ ਅੱਜ ਜੰਮਿਆ ਅਤੇ ਜਿਹੜਾ ਮੈਨੂੰ ਗੀਤ ਸੁੱਝ ਰਿਹਾ ਹੈ, ਉਸ ਵਿਚ ਮੁੱਢ ਕਦੀਮੀ ਵਿਲੱਖਣਤਾ ਹੈ। ਮੈਂ ਦਿੱਲੀ ਦਾ ਜੰਮਪਲ ਹਾਂ, ਦਿੱਲੀ ਦੀ ਬਹੁਤ ਜ਼ਰਖੇਜ਼ ਪੰਜਾਬੀਅਤ ਵਿਰਾਸਤ ਵਿਚ ਮਿਲੀ। ਦਿੱਲੀ ਨੇ ਬੜੇ ਉੱਚੇ ਮਿਆਰ ਦਾ ਕਵੀ ਡਾ. ਹਰਿਭਜਨ ਸਿੰਘ ਦੇ ਰੂਪ ਵਿਚ ਪੰਜਾਬੀ ਸਾਹਿਤ ਨੂੰ ਦਿੱਤਾ। ਹੋਰ ਬਹੁਤ ਸ਼ਖਸੀਅਤਾਂ ਅਤੇ ਉੱਘੇ ਕਲਾਕਾਰ ਹਨ ਜਿਨ੍ਹਾਂ ਵਿਚ ਕ੍ਰਿਸ਼ਨਾ ਸੋਬਤੀ ਹਨ, ਮਨਜੀਤ ਬਾਵਾ…
ਦਲਜੀਤ: ਬਹੁਤ ਸਾਰੇ ਵਿਦਵਾਨ ਹਨ।
ਰੱਬੀ: ਬਹੁਤ ਸਾਰੇ ਵਿਦਵਾਨ ਹਨ। ਮੇਰੇ ਮਾਤਾ ਜੀ ਡਾ. ਮਹਿੰਦਰ ਕੌਰ ਗਿੱਲ ਖੁਦ ਕਵਿੱਤਰੀ ਸਨ। ਮੇਰੀ ਭੈਣ ਗਗਨ ਗਿੱਲ, ਉਹ ਵੀ ਨਾਮਵਰ ਕਵਿੱਤਰੀ ਹਨ। ਮੇਰੀ ਵੱਡੀ ਭੈਣ ਮੈਥੋਂ ਬਾਰਾਂ ਸਾਲ ਵੱਡੀ ਹੈ। ਘਰ ਦੇ ਮਾਹੌਲ ਵਿਚ ਮੈਨੂੰ ਕਲਾ-ਪ੍ਰਸਤੀ ਵਿਰਸੇ ਦੇ ਰੂਪ ਵਿਚ ਮਿਲੀ। ਮੈਨੂੰ ਇੰਝ ਲੱਗਣ ਲੱਗ ਪਿਆ ਕਿ ਜੋ ਪੰਜਾਬ ਹੈ, ਉਹ ਕੋਈ ਭੂਗੋਲ ਨਹੀਂ। ਮੈਨੂੰ ਇਸ ਬਾਰੇ ਕਿਸੇ ਨੇ ਨਹੀਂ ਦੱਸਿਆ, ਨਾ ਹੀ ਮੈਂ ਇਸ ਬਾਰੇ ਲੇਖ ਪੜ੍ਹਿਆ ਪਰ ਮੈਨੂੰ ਇੱਕ ਗੱਲ ਸਮਝ ਆਉਣ ਲੱਗ ਗਈ ਕਿ ਪੰਜਾਬ ਭੂਗੋਲ ਤੋਂ ਮੁਕਤ ਹੈ। ਪੰਜਾਬ ਹੁਣ ਖਿਆਲੀ ਪਛਾਣ ਹੈ ਜਿਸ ਨੂੰ ਅਸੀਂ ਸਾਰੇ ਆਪਣੇ ਬੋਝੇ ਵਿਚ ਪਾ ਕੇ ਤੁਰਦੇ ਹਾਂ। ਜੇ ਪੂਰੇ ਪੰਜਾਬ ਨੂੰ ਹੀ ਸਮਝਣਾ ਹੋਵੇ ਤਾਂ ਇਸ ਬਾਰੇ ਬੰਦਿਆਂ ਨੂੰ ਐਨ.ਆਰ.ਆਈਜ਼ ਨੂੰ ਵੀ ਮਿਲਣਾ ਹੋਵੇਗਾ। ਬਰੈਂਪਟਨ ਵਿਚ 40ਵਿਆਂ ਦੇ ਦੌਰ ਵਿਚ ਆਏ ਪੁਰਾਣੇ ਪਰਵਾਸੀਆਂ ਨੂੰ ਵੀ ਮਿਲਣਾ ਪਵੇਗਾ। ਲਹਿੰਦੇ ਪੰਜਾਬ ਵਿਚ ਵੀ ਫਿਰਨਾ ਪਵੇਗਾ ਅਤੇ ਆਪਣਾ ਪੰਜਾਬ ਵੀ ਫਰੋਲਣਾ ਪੈਣਾ।
ਦਲਜੀਤ: ਹਰਿਆਣਾ, ਹਿਮਾਚਲ ਵੀ…
ਰੱਬੀ: ਹਰਿਆਣਾ, ਹਿਮਾਚਲ ਵੀ। ਅਸੀਂ ਇਸ ਵੇਲੇ (ਮੁਲਾਕਾਤ ਵੇਲੇ) ਹਿਮਾਚਲ ਬੈਠੇ ਹਾਂ, ਇਹ ਵੀ ਪੰਜਾਬ ਹੀ ਹੈ। ਦਰਅਸਲ ਜਦੋਂ ਤੁਸੀਂ ਪੰਜਾਬੀ ਜ਼ਬਾਨ ਨੂੰ ਥੋੜ੍ਹਾ ਕੋਲੋਂ ਦੇਖਣ ਦੀ ਸਮਰੱਥਾ ਰੱਖਦੇ ਹੋ ਤਾਂ ਤੁਸੀਂ ਦੇਖੋਗੇ ਕਿ ਪੰਜਾਬੀਅਤ ਇਸ ਪੂਰੇ ਇਲਾਕੇ ਵਿਚ ਪਸਰੀ ਹੋਈ ਹੈ। ਪਟੌਦੀ ਤੱਕ ਤਾਂ ਸਿੰਘਾਂ ਦਾ ਰਾਜ ਹੁੰਦਾ ਸੀ। ਮੈਂ ਆਪਣੇ ਆਪ ਨੂੰ ਅਤੇ ਕਿਸੇ ਵੀ ਕਲਾ ਲਈ ਜ਼ਰੂਰੀ ਸਮਝਦਾ ਹਾਂ ਕਿ ਉਸ ਦਾ ਰਹਿਤਲ ਨਾਲ, ਕੱਖਾਂ ਅਤੇ ਜ਼ਮੀਨ ਨਾਲ ਰਿਸ਼ਤਾ ਹੋਣਾ ਲਾਜ਼ਮੀ ਹੈ; ਨਹੀਂ ਤਾਂ ਕਲਾ ਕੁਝ ਵੀ ਬਦਲ ਨਹੀਂ ਸਕਦੀ ਪਰ ਕਲਾ ਜੇ ਕੁਝ ਬਦਲਣਾ ਨਾ ਚਾਹੇ ਤਾਂ ਉਹ ਕਲਾ ਨਹੀਂ ਹੈ। ਕਲਾ ਦੀ ਅਸੀਂ ਵੱਖਰੇ-ਵੱਖਰੇ ਰੂਪ ਵਿਚ ਵਿਆਖਿਆ ਕਰ ਸਕਦੇ ਹਾਂ। ਉਸ ਵਿਚ ਇਖਲਾਕੀ ਪੈਮਾਨਾ ਵੀ ਹੈ, ਉਹ ਸਾਡੇ ਸਮੇਂ ਦਾ ਇੱਕ ਪੈਮਾਨਾ ਵੀ ਹੈ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ ਪਰ ਮੈਨੂੰ ਲੱਗਦਾ ਹੈ ਕਿ ਪੰਜਾਬੀ ਸੰਗੀਤ ਦਾ ਆਪਣੇ ਧਰਾਤਲ ਨਾਲ ਰਿਸ਼ਤਾ ਹੋਣਾ ਲਾਜ਼ਮੀ ਹੈ ਅਤੇ ਉਹ ਰਿਸ਼ਤਾ ਮੈਂ ਆਮ ਪੌਪ ਸੰਗੀਤ ਦੇ ਵਿਚ ਨਹੀਂ ਦੇਖਦਾ।
ਦਲਜੀਤ: ਤੁਸੀਂ ਜੋ ਕਾਫੀ ਪੇਚੀਦਾ ਗੱਲ ਕਹੀ ਹੈ, ਮੈਂ ਉਸ ਨੂੰ ਥੋੜ੍ਹਾ ਹੋਰ ਪੇਚੀਦਾ ਕਰਦਾ ਹਾਂ; ਇੱਕ ਪੱਖੋਂ ਤੁਸੀਂ ਕਿਹਾ ਕਿ ਸੰਗੀਤ ਜਾਂ ਕਿਸੇ ਵੀ ਕਲਾ ਨਾਲ ਤੁਸੀਂ ਜੁੜਦੇ ਹੋ ਤਾਂ ਤੁਹਾਡਾ ਰਹਿਤਲ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਦੂਜੀ ਗੱਲ ਤੁਸੀਂ ਇਹ ਕਹੀ ਹੈ ਕਿ ਪੰਜਾਬ ਭੂਗੋਲ ਨਹੀਂ ਹੈ। ਇਸ ਦਾ ਮਤਲਬ ਹੈ ਕਿ ਜੋ ਰਹਿਤਲ ਹੈ, ਉਹ ਭੂਗੋਲ ਤੋਂ ਵੱਡੀ ਚੀਜ਼ ਹੈ। ਇੱਕ ਤਾਂ ਮੈਂ ਇਸ ਪੇਚੀਦਗੀ ਨੂੰ ਅੱਗੇ ਲਿਆਉਣਾ ਚਾਹੁੰਦਾ ਸੀ। ਦੂਜੀ ਗੱਲ, ਪੰਜਾਬ ਭੂਗੋਲ ਨਹੀਂ; ਜਿਹੜਾ ਪੰਜਾਬ ਨਾਲ ਜੁੜਿਆ ਬੰਦਾ ਹੈ, ਉਹ ਬੋਲੀ ਪੱਖੋਂ ਪੰਜਾਬੀ ਬਣ ਜਾਂਦਾ ਹੈ ਜਾਂ ਖਿੱਤੇ ਪੱਖੋਂ ਪੰਜਾਬੀ ਬਣ ਜਾਂਦਾ ਹੈ। ਦੂਜਾ ਪੰਜਾਬ ਵਿਚ ਦਿਲਚਸਪੀ ਹੋਣ ਦੇ ਨਾਤੇ ਵੀ ਪੰਜਾਬੀ ਬਣ ਜਾਂਦਾ ਹੈ ਅਤੇ ਇਸ ਨਾਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਪੰਜਾਬ ਹੈ, ਉਹ ਸਿਰਫ ਪੰਜਾਬੀ ਹੀ ਨਹੀਂ ਹੈ, ਬੋਲੀ ਪੱਖੋਂ ਵੀ। ਇਸ ਪੇਚੀਦਗੀ ਵਿਚ ਜਦੋਂ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਬੰਦੇ ਦੀ ਰਹਿਤਲ, ਇਸ ਦੀ ਤਫਸੀਲ ਦਿਓ।
ਰੱਬੀ: ਇਸ ਦੇ ਲਈ ਮੈਂ ਹੇਡੇਗਰ ਦਾ ਹਵਾਲਾ ਦੇਣਾ ਚਾਹਾਂਗਾ। ਹੇਡੇਗਰ ਕਈ ਗੱਲਾਂ ਬਹੁਤ ਕਮਾਲ ਦੀਆਂ ਕਰਦਾ ਹੈ। ਉਹ ਕਹਿੰਦਾ ਹੈ ਕਿ, “ਤੁਹਾਨੂੰ ਦੁਨੀਆ ਵਿਚ ਭੇਜਿਆ ਗਿਆ ਹੈ”, ਇਹ ਤੁਹਾਡੀ ਤੇ ਮੇਰੀ ਹੋਂਦ ਦਾ ਇੱਕ ਪੱਖ ਹੈ; ਜਿਹੜਾ ਤੁਹਾਡੇ ਤੇ ਮੇਰੇ ਹੱਥ ਵਿਚ ਨਹੀਂ। ਤੁਸੀਂ ਜਾਂ ਮੈਂ ਕਿੱਥੇ ਜੰਮਦੇ ਹੋ, ਇਹ ਤੁਹਾਡੇ ਮੇਰੇ ਹਿੱਸੇ ਨਹੀਂ। ਇਸ ਵਿਚ ਤੁਹਾਡੀ ਜਾਂ ਮੇਰੀ ਕੋਈ ਭੂਮਿਕਾ ਨਹੀਂ। ਇਹ ‘ਭੇਜੇ ਜਾਣ` ਨਾਲ ਜੁੜਿਆ ਸਮੁੱਚਾ ਲੇਖਾ, ਧਰਾਤਲ, ਰਹਿਤਲ ਸਾਨੂੰ ਵਿਰਸੇ ਵਿਚ ਮਿਲਦਾ ਹੈ। ਉਹ ਪਹਿਲਾਂ ਹੈ। ਇਹ ਤਰਜੀਹੀ ਹੈ। ਉਹ ਅਦਿਸ ਹੈ, ਸਾਡੀ ਅੱਖਾਂ ਤੋਂ ਓਹਲੇ ਹੈ। ਮੇਰੇ ਖਿਆਲ ਮੁਤਾਬਕ ਸਾਰੀ ਕਲਾ ਇਸ ਅਦਿਸ ਲੇਖੇ-ਜੋਖੇ ਨੂੰ ਸਮਝਣ ਅਤੇ ਇਸ ਦੇ ਇਜ਼ਹਾਰ ਦੀ ਜੱਦੋ-ਜਹਿਦ ਹੈ। ਤੁਹਾਨੂੰ ਅਤੇ ਸਾਨੂੰ ਜੋ ਪੰਜਾਬ ਵਿਰਾਸਤ ਵਿਚ ਮਿਲਿਆ, ਜੇ ਅਸੀਂ ਇਤਿਹਾਸਕ ਪੱਖੋਂ ਆਖੀਏ ਤਾਂ ਉਹ ਬੜਾ ਹੀ ਵੱਢਿਆ-ਟੁੱਕਿਆ ਪੰਜਾਬ ਹੈ। ਉਸ ਨੂੰ ਯੂਨੀਵਰਸਿਟੀਆਂ ਜਾਂ ਹੋਰ ਢੰਗਾਂ ਰਾਹੀ ਅਕਾਦਮਿਕ ਤੌਰ ਉੱਤੇ ਜੋੜਨ ਦੀ ਕੋਸ਼ਿਸ਼ ਅਸੀਂ ਦੇਖਦੇ ਹਾਂ ਪਰ ਮੈਂ ਆਪਣੇ ਤਜਰਬੇ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਈ ਵਾਰ (ਲੱਗਦਾ) ਪੰਜਾਬ ਹੈ ਹੀ ਨਹੀਂ। ਮੈਂ ਆਪਣੀ ਦਾਦੀ ਦਾ ਹਵਾਲਾ ਦਿੰਨਾ। ਦਾਦੀ ਦਾ ਮੰਨਣਾ ਸੀ ਕਿ ਜ਼ਨਾਨੀ ਨੂੰ ਆਪਣੀ ਦਹਿਲੀਜ਼ ਨਹੀਂ ਟੱਪਣੀ ਚਾਹੀਦੀ। ਜਦੋਂ ਰੋਟੀ-ਬੇਟੀ ਦੀ ਸਾਂਝ ਕਰਨੀ ਹੋਵੇ ਤਾਂ ਦਰਿਆ ਨਹੀਂ ਟੱਪਣਾ ਚਾਹੀਦਾ। ਉਸ ਲਈ ਉਸ ਦੇ ਸਭਿਆਚਾਰ, ਸੋਚ, ਖਿੱਤੇ ਦੀ ਜੋ ਹੱਦ ਸੀ, ਉਹ ਹੱਦ ਦੋ ਦਰਿਆ ਸਨ। ਇੱਕ ਬਿਆਸ ਦਰਿਆ ਸੀ ਅਤੇ ਦੂਜਾ ਰਾਵੀ। ਉਹ ਉਸ ਖਿੱਤੇ ਨੂੰ ਆਪਣਾ ਸਮਝਦੀ ਸੀ ਅਤੇ ਉਹ ਉਸ ਲਈ ਪੰਜਾਬ ਸੀ। ਮੇਰੀਆਂ ਦੋ ਭੂਆ ਹਨ। ਇੱਕ ਦੁਆਬੇ ਵਿਆਹੀ ਸੀ ਅਤੇ ਛੋਟੀ ਭੂਆ ਸੰਗਰੂਰ। ਜਦੋਂ ਸਾਡੇ ਘਰ ਕੋਈ ਪ੍ਰੋਗਰਾਮ ਹੁੰਦਾ ਤੇ ਸਭ ਇਕੱਠੇ ਹੁੰਦੇ ਸਨ ਤਾਂ ਮੈਂ ਇਨ੍ਹਾਂ ਵਿਚਾਰਿਆਂ ਦੀ ਦੁਰਗਤੀ ਹੁੰਦੀ ਦੇਖਦਾ ਸੀ। ਅਸੀਂ ਮਝੈਲ ਬੜੇ ਟਿੱਚਰਾਂ ਕਰਨ ਵਾਲੇ ਬੰਦੇ ਹਾਂ। ਸਾਨੂੰ ਕੋਈ ਗੱਲ ਲੱਭ ਜਾਵੇ, ਅਸੀਂ ਬੜੇ ਘਰੋੜ-ਘਰੋੜ ਕੇ ਚਸਕੇ ਲੈਂਦੇ ਹਾਂ। ਉਸ ਵਿਚ ਦੁਆਬੀਆ ਦਬੜੂ-ਘੁਸੜੂ ਹੈ। ਜੋ ਮਲਵਈ ਹੈ, ਉਹ ਫੋਂਡੀ ਹੈ। ਉਹ ਰੇਤੇ ਦਾ ਵਾਰਸ ਹੈ ਤੇ ਉਸ ਕੋਲ ਹੋਰ ਕੁਝ ਨਹੀਂ ਹੁੰਦਾ। ‘ਜਾ ਆਪਣਾ ਬੋਤਾ ਚਲਾ ਤੂੰ, ਘਾਗਰੇ ਪਾਓ ਆਪਣੇ ਤੁਸੀਂ` ਇਹੋ ਜਿਹੀਆਂ ਗੱਲਾਂ। ਪੰਜਾਬ ਬਾਬਤ ਜੇ ਅਸੀਂ ਅਚੇਤਨ ਪੰਜਾਬੀਅਤ ਵੱਲ ਵਧੀਏ ਜਾਂ ਅਸੀਂ ਉਨ੍ਹਾਂ ਲੋਕਾਂ ਦੀ ਸੋਚ ਨੂੰ ਦੇਖੀਏ ਤਾਂ ਉਸ ਵਿਚ ਉਨ੍ਹਾਂ ਦਾ ਤਸੱਵੁਰ ਉਹ ਨਹੀਂ ਹੈ, ਜੋ ਅੱਜ ਤੁਹਾਡਾ ਮੇਰਾ ਜਾਂ ਯੂਨੀਵਰਸਿਟੀਆਂ ਦਾ ਜਾਂ ਕਿਤਾਬਾਂ ਦਾ ਘੜਿਆ। ਉਨ੍ਹਾਂ ਦੀ ਪੰਜਾਬੀਅਤ ਦਾ ਤਸੱਵੁਰ ਜਾਂ ਅੱਜ ਤੁਹਾਡੇ ਮੇਰੇ ਵਰਗੇ ਯੂਨੀਵਰਸਿਟੀਆਂ ਦੇ ਗ੍ਰੈਜੂਏਟਸ ਦਾ ਪੰਜਾਬੀਅਤ ਦਾ ਤਸੱਵੁਰ, ਉਸ ਵਿਚ ਬੜਾ ਫਰਕ ਹੈ। ਮੈਨੂੰ ਜਾਪਦੈ, ਉਨ੍ਹਾਂ ਦਾ ਤਸੱਵੁਰ ਲੰਬਕਾਰੀ ਹੈ ਅਤੇ ਸਾਡਾ ਤਸੱਵੁਰ ਖਿਤਿਜੀ ਹੈ। ਉਨ੍ਹਾਂ ਦਾ ਤਸੱਵੁਰ ਜ਼ਮੀਨ ਨਾਲ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਦੀਆਂ ਜੜ੍ਹਾਂ ਧਰਤ ਦੇ ਹੇਠਾਂ ਇੱਕ-ਦੂਜੇ ਨਾਲ ਜੁੜੀਆਂ ਹਨ। ਅਸੀਂ ਇਸ ਨੂੰ ਹੁਣ ਬਹੁਤ ਸਰਸਰੀ ਤੌਰ ਉੱਪਰ ਚੇਤਨ ਰੂਪ ਵਿਚ ਇੱਕ-ਦੂਜੇ ਨਾਲ ਆਪਸ ਵਿਚ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਦਾ ਇੱਕ ਖਿੱਤੇ ਦਾ ਦੂਜੇ ਖਿੱਤੇ ਨਾਲ ਜੇਕਰ ਜੋੜ ਹੈ ਤਾਂ ਉਹ ਜ਼ਮੀਨ ਦੇ ਵਿਚ ਡੂੰਘਾ ਹੈ ਪਰ ਸਾਡਾ ਸਤਹੀ ਹੈ। ਬਹੁਤ ਵੱਡਾ ਫਰਕ ਹੈ, ਫਰਕ ਇਹ ਹੈ ਕਿ ਉਨ੍ਹਾਂ ਦਾ ਤਸੱਵੁਰ ਭਾਵੇਂ ਦੇਖਣ ਨੂੰ ਪਸਰਿਆ ਹੋਇਆ ਨਾ ਹੋਵੇ ਜਾਂ ਉਹ ਜ਼ਿਆਦਾ ਕਲਪਨਾਸ਼ੀਲ ਨਾ ਹੋਵੇ ਪਰ ਉਸ ਵਿਚ ਗਹਿਰਾਈ ਬਹੁਤ ਹੈ। ਉਹ ਸਭ ਤੋਂ ਪਹਿਲਾ ਆਪਣੀ ਜ਼ਬਾਨ ਪ੍ਰਤੀ ਡੂੰਘਾ ਹੈ।
ਮੈਂ ਬਚਪਨ ਵਿਚ ਆਪਣੀ ਦਾਦੀ ਨਾਲ ਇੱਕ ਕਮਰੇ ਵਿਚ ਹੀ ਰਿਹਾ। ਮੈਂ ਸਾਰੀ ਪੰਜਾਬੀ ਆਪਣੀ ਭਾਬੋ ਕੋਲੋਂ ਸਿੱਖੀ। ਪਿਤਾ ਜੀ ਕੋਲੋਂ ਵੀ ਸਿੱਖੀ ਹੈ। ਮੇਰੇ ਮੰਮੀ ਇੱਕ ਮੁਲਤਾਨੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਿਹੜੇ ਮੁਲਤਾਨ ਤੋਂ ਹਿਜਰਤ ਕਰਕੇ ਇੱਥੇ ਆਏ ਸਨ। ਮੇਰੀ ਮਾਂ ਨੇ ਸਾਰੀ ਉਮਰ ਕਦੇ ਮੁਲਤਾਨੀ ਨਹੀਂ ਬੋਲੀ ਅਤੇ ਮੇਰੀ ਮਾਂ ਦੀ ਪੰਜਾਬੀ ਬਹੁਤ ਚੰਗੀ ਸੀ, ਉਹ ਕਵਿੱਤਰੀ ਸਨ ਪਰ ਉਸ ਵਿਚ ਇੱਕ ਚਮਕ ਦਿਸਦੀ ਹੈ; ਅਕਾਦਮਿਕਤਾ, ਟਕਸਾਲੀਪਣ ਦਿਸਦਾ ਹੈ।
ਦਲਜੀਤ: ਮਾਂਜੀ ਹੋਈ ਹੈ।
ਰੱਬੀ: ਹਾਂ। ਮੇਰੇ ਪਿਓ ਦੀ ਜੋ ਜ਼ਬਾਨ ਹੈ ਜਾਂ ਭਾਬੋ ਦੀ ਜ਼ਬਾਨ ਹੈ, ਉਸ ਵਿਚ ਕੋਈ ਅਜ਼ਲਾਂ ਦਾ ਧੰਦੂਕਾਰਾ ਹੈ, ਖਾਸ ਕਰਕੇ ਮੇਰੀ ਦਾਦੀ ਦੀ ਜ਼ਬਾਨ ਵਿਚ। ਪੂਰੀ ਤਰ੍ਹਾਂ ਅਨਪੜ੍ਹ ਜੱਟੀ, ਸਾਰੀ ਉਮਰ ਉਸ ਨੇ ਅਣਖ ਨਾਲ ਜ਼ਿੰਦਗੀ ਹੰਢਾਈ, ਇਕੱਲੀ ਸੀ। ਮੇਰੇ ਦਾਦਾ ਜੀ ਮੇਰੇ ਜੰਮਣ ਤੋਂ 15 ਵਰ੍ਹੇ ਪਹਿਲਾਂ ਹੀ ਚਲਾਣਾ ਕਰ ਗਏ ਸਨ। ਮੇਰੀ ਦਾਦੀ ਨੇ ਸਾਰੀ ਉਮਰ ਬੜੀ ਸ਼ਾਇਸਤਗੀ ਨਾਲ ਪਿੰਡ ਵਿਚ ਆਪਣੀ ਜ਼ਿੰਦਗੀ ਲੰਘਾਈ। ਮੇਰੇ ਕੋਲ ਉਸ ਦੀ ਜੋ ਮਿਸਾਲ ਹੈ, ਉਸ ਦੀ ਮੇਰੇ ਮਨ-ਮਸਤਕ ਵਿਚ ਬੜੀ ਡੂੰਘੀ ਛਾਪ ਹੈ। ਮੈਂ ਉਸ ਦੀ ਜ਼ਬਾਨ ਦੀ ਤੁਲਨਾ ਵਿਚ ਹੋਰ ਲੋਕਾਂ ਦੀ ਜ਼ਬਾਨ ਸੁਣਦਾ ਹਾਂ ਤਾਂ ਜਾਪਦਾ ਹੈ ਕਿ ਉਹ ਹਜ਼ਾਰ ਵਰ੍ਹੇ ਪੁਰਾਣਾ ਬੋਹੜ ਦਾ ਦਰਖਤ ਸੀ। ਹੁਣ ਸਾਡੇ ਕੋਲ ਜੋ ਹੈ, ਉਹ ਬਹੁਤ ਪਸਰੀ ਹੋਈ ਵੇਲ ਹੈ। ਮੈਂ ਪੰਜਾਬੀਅਤ ਦੇ ਤਸੱਵੁਰ ਬਾਰੇ ਇਹੋ ਆਖਾਂਗਾ ਕਿ ਪੰਜਾਬੀਅਤ ਦਾ ਤਸੱਵੁਰ ਬਹੁਤ ਫੈਲ ਗਿਆ ਹੈ। ਘਾਹ ਵਾਂਗ ਕਹਿ ਲਈਏ ਜਾਂ ਵੇਲ ਵਾਂਗ ਕਹਿ ਲਈਏ ਪਰ ਉਸ ਤਰ੍ਹਾਂ ਪਸਰਨ ਵਿਚ ਉਸ ਦੀਆਂ ਜੜ੍ਹਾਂ ਜਿਸ ਡੂੰਘਾਈ ਤੱਕ ਪਹਿਲਾਂ ਸਨ, ਹੁਣ ਉਸ ਡੂੰਘਾਈ ਤੱਕ ਨਹੀਂ। ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਨੂੰ ਸਮਝਣ ਦਾ ਯਤਨ ਵੀ ਕੀਤਾ ਹੈ ਅਤੇ ਜੋ ਬੰਦੇ ਇਸ ਵੱਲ ਇਸ਼ਾਰਾ ਕਰਦੇ ਸਨ, ਉਨ੍ਹਾਂ ਨੂੰ ਅਸੀਂ ਕੋਈ ਖਾਸ ਤਵੱਜੋ ਨਹੀਂ ਦਿੱਤੀ, ਕਿਉਂਕਿ ਇਹ ਇਤਿਹਾਸ ਦਾ ਕੰਮ ਹੈ, ਸੱਭਿਆਚਾਰ ਦਾ ਕੰਮ ਹੈ ਜੋ ਉਸ ਦੇ ਇਸ ਤਰ੍ਹਾਂ ਦੇ ਨਗੀਨੇ ਹਨ। ਮੈਂ ਜੋ ਅਖੀਰਲਾ ਵਿਸ਼ਾਲ ਅਤੇ ਵੱਡਾ ਕਵੀ ਦੇਖਦਾ ਹਾਂ, ਉਹ ਮੈਨੂੰ ਸ਼ਿਵ ਕੁਮਾਰ ਬਟਾਲਵੀ ਦਿਸਦਾ ਹੈ। ਸ਼ਿਵ ਤੋਂ ਬਾਅਦ ਜ਼ਬਾਨ ਵਿਚ ਪੇਤਲਾਪਣ ਆਇਆ ਹੈ। ਕਵਿਤਾ ਅਤੇ ਸਾਹਿਤ ‘ਚ ਵੀ ਇਹੀ ਹੋਇਆ। ਹੁਣ ਮਾਮਲਾ ਇਹ ਹੈ ਕਿ ਉਹ ਜ਼ਬਾਨ ਆਪਾਂ ਹਿੰਦੀ ਦੀ ਛੋਟੀ ਭੈਣ ਬਣਾ ਦਿੱਤੀ; ਜਿਵੇਂ ਮੈਂ ਅਖਬਾਰ ਦੇਖਦਾ ਜਾਂ ਸਾਹਿਤ ਪੜ੍ਹਦਾ ਹਾਂ, ਇਸ ਵਿਚੋਂ ਮੈਨੂੰ ਆਪਣੀ ਭਾਬੋ ਦਾ ਝਉਲਾ ਨਹੀਂ ਪੈਂਦਾ।
ਦਲਜੀਤ: ਤੁਹਾਡੀਆਂ ਗੱਲਾਂ ਕਾਫੀ ਉਕਸਾਉਣ ਵਾਲੀਆਂ ਹਨ ਜੋ ਤੁਸੀਂ ਮਝੈਲ ਦੇ ਤੌਰ ‘ਤੇ ਕਰਦੇ ਹੋ ਜਾਂ ਜੋ ਹੋਰ ਗੱਲਾਂ ਕੀਤੀਆਂ ਹਨ; ਪਰ ਮੈਂ ਉਸ ਉਕਸਾਵੇ ਨੂੰ ਛੱਡ ਕੇ ਇਸ ਗੱਲ ‘ਤੇ ਆਵਾਗਾਂ: ਤੁਸੀਂ ਕਿਹਾ- ਬੰਦੇ ਦਾ ਆਪਣੀ ਕਲਾ ਅਤੇ ਸੰਗੀਤ ਨਾਲ ਦੋ ਕਿਸਮ ਦਾ ਰਾਬਤਾ ਬਣਦਾ ਹੈ। ਇੱਕ, ਤੁਸੀਂ ਆਪਣੇ ਪਿਛੋਕੜ ਵਿਚੋਂ ਸਿੱਖ ਰਹੇ ਹੋ, ਜਿਵੇਂ ਤੁਸੀਂ ਆਪਣੀ ਭਾਬੋ ਦੀ ਗੱਲ ਕਰਦੇ ਹੋ। ਦੂਜੀ ਗੱਲ, ਜਿਸ ਦੌਰ ਵਿਚ ਤੁਸੀਂ ਰਹਿ ਰਹੇ ਹੋ, ਤੁਸੀਂ ਕਿਹਾ ਕਿ ਜੋ ਪੰਜਾਬੀ ਦਾ ਪਸਾਰਾ ਹੈ, ਉਸ ਨੂੰ ਤੁਸੀਂ ਜੜ੍ਹਾਂ ਨਾਲ ਜੋੜ ਕੇ ਦੇਖਦੇ ਹੋ, ਤੇ ਦੂਜਾ ਘਾਹ ਦੇ ਨਾਲ ਜੋੜ ਕੇ ਦੇਖਦੇ ਹੋ। ਇੱਕ ਹੋਰ ਵੀ ਹੁੰਦਾ ਹੈ- ਜੇ ਤੁਸੀਂ ਉਸ ਨੂੰ ਹਵਾ ਨਾਲ ਜੋੜ ਕੇ ਦੇਖਦੇ ਹੋ ਤਾਂ ਉਹ ਭੂਗੋਲ ਤੋਂ ਵੀ ਮੁਕਤ ਹੋ ਜਾਂਦਾ ਹੈ। ਮੈਂ ਇਸ ਬਹਿਸ ਦੇ ਵਿਚ ਨਹੀਂ ਪਵਾਗਾਂ ਕਿ ਹਵਾ ਕਿਉਂ ਮਾਅਨੇ ਰੱਖਦੀ ਹੈ।
ਰੱਬੀ: ਨਹੀਂ, ਮਾਅਨੇ ਰੱਖਦੀ ਹੈ।
ਦਲਜੀਤ: ਪਰ ਮੈਂ ਸੁਆਲ ਤੁਹਾਨੂੰ ਇਹ ਪੁੱਛਾਗਾਂ ਕਿ ਤੁਹਾਡੀ ਸਿਖਲਾਈ ਚੌਵੀ ਘੰਟੇ ਹੁੰਦੀ ਹੈ; ਇੱਕ ਆਪਣੇ ਪਿਛੋਕੜ ਨਾਲ ਜੋੜ ਕੇ ਕਿ ਕਿੱਥੋਂ ਤੁਸੀਂ ਆਏ ਹੋ, ਤੇ ਦੂਜਾ ਜਿਸ ਦੌਰ ਵਿਚ ਰਹਿ ਰਹੇ ਹੋ। ਇਹ ਦੋਵੇਂ ਚੀਜ਼ਾਂ ਮੰਜੂਨਾਥ ਨਾਲ ਜੋ ਤੁਹਾਡਾ ਭਾਬੋ ਦਾ ਰਿਸ਼ਤਾ ਬਣਦਾ ਹੈ, ਉਹ ਕਿਵੇਂ ਬਣਦਾ ਹੈ?
ਰੱਬੀ: ਮੰਜੂਨਾਥ ਜੋ ਹੈ, ਉਹ ਹੱਕ ਸੱਚ ਦੀ ਗੱਲ ਕਰ ਰਿਹਾ ਹੈ। ਅਸੀਂ ਪੰਜਾਬੀ ਹਾਂ ਅਤੇ ਸਾਨੂੰ ਇਸ ਦਾ ਆਕਰਸ਼ਣ ਹੈ। ਸਾਨੂੰ ਕੋਈ ਵੀ ਹੱਕ ਸੱਚ ਦੀ ਗੱਲ ਕਰਨ ਵਾਲਾ ਬੰਦਾ, ਭਾਵੇਂ ਉਹ ਕਿਸੇ ਵੀ ਸੂਬੇ ਦਾ ਹੋਵੇ, ਜਾਂ ਸਾਡੇ ਕੋਲੋਂ ਕਿੰਨੀ ਹੀ ਦੂਰ ਕਿਉਂ ਨਾ ਹੋਵੇ। ਸਾਡੇ ਮਨਾਂ ਵਿਚ ਉਸ ਪ੍ਰਤੀ ਖਿੱਚ ਸਹਿਜ ਹੀ ਉੱਗ ਪੈਂਦੀ ਹੈ। ਤੁਸੀਂ ਭਗਤ ਸਿੰਘ ਨੂੰ ਦੇਖ ਲਓ। ਉਸ ਨੇ ਆਪਣੇ ਆਲੇ-ਦੁਆਲੇ ਕੋਈ ਝਰਨਾ ਨਹੀਂ ਲਗਾਇਆ ਸੀ ਕਿ ਸਾਰੇ ਪੰਜਾਬੀ ਹੀ ਉਸ ਦੇ ਦੋਸਤ ਬਣਨਗੇ। ਰਾਜਗੂਰੁ, ਸੁਖਦੇਵ ਜਾਂ ਹੋਰ ਵੀ ਜੋ ਲੋਕ ਹਨ, ਉਹ ਤਮਾਮ ਤਰ੍ਹਾਂ ਦੇ ਲੋਕਾਂ ਦੇ ਸੰਪਰਕ ਵਿਚ ਹੈ। ਉਹ ਕਿਸੇ ਥਾਂ ਬਾਕੁਨਿਨ, ਕਿਸੇ ਥਾਂ ਮਾਰਕਸ ਦੀ ਗੱਲ ਕਰਦਾ ਹੈ। ਉਹ ਆਪਣੀਆਂ ਜੜ੍ਹਾਂ ਵਿਚ ਪੂਰੀ ਤਰ੍ਹਾਂ ਸਥਾਪਤ ਹੈ, ਉਹ ਇੰਨਾ ਕੁ ਡੂੰਘਾ ਸਥਾਪਿਤ ਹੈ ਕਿ ਉਸ ਨੂੰ ਹੁਣ ਸੁਰੱਖਿਆ ਦਾ ਕੋਈ ਫਿਕਰ ਨਹੀਂ ਹੁੰਦਾ ਹੈ, ਉਹ ਅਸਰੁੱਖਿਅਤ ਨਹੀਂ ਹੈ। ਉਹ ਹਰ ਪਾਸੇ ਦੇਖ ਸਕਦਾ ਹੈ। ਇਸ ਤਰ੍ਹਾਂ ਨਹੀਂ ਕਿ ਮੈਂ ਉਸ ਦੀ ਕੋਈ ਰੀਸ ਕਰਨੀ ਚਾਹੁੰਦਾ ਸੀ, ਮੈਨੂੰ ਲੱਗਦਾ ਕਿ ਮੇਰੀ ਕੋਈ ਜ਼ਿਹਨੀ ਪ੍ਰਕਿਰਿਆ ਹੈ। ਜੋ ਮੈਥੋਂ ਪਹਿਲਾਂ ਆਏ ਹਨ, ਉਨ੍ਹਾਂ ਵਿਚ ਮੈਂ ਆਪਣੀ ਪ੍ਰਕਿਰਿਆ ਦਾ ਅਕਸ ਜ਼ਰੂਰ ਦੇਖਦਾ ਹਾਂ। ਪ੍ਰਤੱਖ ਤੌਰ ਉੱਪਰ ਭਾਵੇਂ ਨਾ ਸਹੀ ਪਰ ਗੁਪਤ ਤੌਰ ਉੱਪਰ ਕਿਤੇ ਨਾ ਕਿਤੇ ਮੈਂ ਉਨ੍ਹਾਂ ਦੀ ਰੀਸ ਕਰਨੀ ਚਾਹੁੰਦਾ ਹੋਵਾਂਗਾ। ਮੈਂ ਬੌਂਬੇ ਵਿਚ ਬੈਠਾ ਸੀ। ਸੰਨ 2000 ਦਾ ਇਹ ਵਾਕਿਆ ਹੋਣਾ ਹੈ।
ਦਲਜੀਤ: ਆਪਾਂ ਯਾਦ ਕਰਵਾਉਣ ਲਈ ਦੱਸ ਦਈਏ ਕਿ ਕੀ ਵਾਕਿਆਤ ਹੋਏ ਸਨ।
ਰੱਬੀ: ਜਿਸ ਵੇਲੇ ਗੁਜਰਾਤ ਵਿਚ ਦੰਗੇ ਹੋਏ, ਉਨ੍ਹਾਂ ਦਿਨਾਂ ਦੀ ਗੱਲ ਹੈ ਅਤੇ ਉਸ ਤੋਂ ਬਾਅਦ ਦੇ ਤਿੰਨ-ਚਾਰ ਸਾਲ ਸਨ। ਇਸ ਗੀਤ ਵਿਚ ਮੈਂ ਜਿਨ੍ਹਾਂ ਦਾ ਵੀ ਹਵਾਲਾ ਦਿੱਤਾ ਹੈ, ਉਹ ਸਾਰੇ ਕਾਰੇ ਇਨ੍ਹਾਂ ਤਿੰਨ-ਚਾਰ ਵਰ੍ਹਿਆਂ ਵਿਚ ਹੋਏ।
ਦਲਜੀਤ: ਮੰਜੂਨਾਥ ਹੈ।
ਰੱਬੀ: ਮੰਜੂਨਾਥ ਹੈ। ਬਿਲਕਿਸ ਹੈ, ਸਤਿੰਦਰ ਦੂਬੇ ਹੈ, ਨਵਲੀਨ ਕੁਮਾਰ।
ਦਲਜੀਤ: ਇਹ ਉਹ ਬੰਦੇ ਹਨ ਜੋ ਕਿਸੇ ਤਰੀਕੇ ਨਾਲ ਹੱਕ ਸੱਚ ਦੀ ਗੱਲ ਕਰਦੇ ਹਨ। ਇਨ੍ਹਾਂ ਦਾ ਕਤਲ ਰਿਆਸਤ ਦੀ ਸ਼ਹਿ ‘ਤੇ ਹੋਇਆ।
ਰੱਬੀ: ਦੇਖੋ ਬਿਲਕਿਸ ਤਾਂ ਇੱਕ ਮਜ਼ਲੂਮ ਹੈ। ਉਸ ਨੇ ਹੱਕ ਸੱਚ ਦਾ ਕਦੇ ਨਾਅਰਾ ਵੀ ਨਹੀਂ ਲਗਾਇਆ। ਉਹ ਤਾਂ ਵਿਚਾਰੀ ਉਂਝ ਹੀ ਦਾਅ ਹੇਠ ਆ ਗਈ ਪਰ ਬਿਲਕਿਸ ਨਾਲ ਜੋ ਹੋਇਆ, ਉਹ ਐਸਾ ਦਰਦਨਾਕ ਸੀ, ਉਹ ਮੇਰੇ ਆਪਣੇ ਤਜਰਬੇ ਨਾਲ ਜੁੜਿਆ ਹੋਇਆ ਸੀ ਜੋ ਸੰਨ 1984 ਦਾ ਤਜਰਬਾ ਅਸੀਂ ਆਪਣੇ ਪਿੰਡੇ ਉੱਤੇ ਹੰਢਾਇਆ। ਕਿਤੇ ਨਾ ਕਿਤੇ ਉਹ ਸਾਰੀ ਗੱਲ ਮੈਨੂੰ ਆਪਣੇ ਵੱਲ ਖਿੱਚਦੀ ਸੀ।
ਦਲਜੀਤ: ਉਹ ਸਾਰੇ ਬੰਦੇ ਖਿੱਚਦੇ ਸਨ।
ਰੱਬੀ: ਮੈਂ ਇਕੱਲਾ ਸੀ। ਮੈਨੂੰ ਆਖਿਆ ਗਿਆ ਕਿ ਹੋਰ ਗਾਣੇ ਚਾਹੀਦੇ ਸਨ। ਅਸੀਂ ਪਹਿਲੀ ਐਲਬਮ ਕਰ ਰਹੇ ਸੀ। ਮੈਂ ਅਤੇ ਕੇ.ਜੇ.। ਮੈਂ ਵੀਹ ਕੁ ਗਾਣੇ ਲਿਖ ਚੁੱਕਿਆ ਸੀ ਅਤੇ ਮੇਰੇ ਮੁਤਾਬਕ ਸਾਰੇ ਹੀ ਵਧੀਆ ਸਨ ਪਰ ਉਹ ਕਹਿੰਦੇ ਕਿ ਇਨ੍ਹਾਂ ਵਿਚ ਕਮੀਆਂ ਹਨ। ਮੈਂ ਲਗਾਤਾਰ ਸੋਚ ਰਿਹਾ ਸੀ ਕਿ ਕਿਹੜੀ ਚੀਜ਼ ਹੈ ਜਿਸ ਬਾਰੇ ਮੈਂ ਬਗੈਰ ਕਿਸੇ ਚੁਸਤ ਚਲਾਕੀ ਦੇ ਕੁਝ ਕਰ ਸਕਾਂ।
ਉਸ ਐਲਬਮ ਵਿਚ ਮੈਂ ਹਰ ਗੱਲ ਆਪਣੇ ਤਜਰਬੇ ਵਿਚੋਂ ਕਰ ਰਿਹਾ ਸੀ। ਬਹੁਤ ਸਾਰੇ ਗੀਤ ਹਨ ਜੋ ਮੇਰੇ ਤਜਰਬੇ ਵਿਚੋਂ ਹਨ। ਮੈਂ ਹੀਰ ਵਾਰਿਸ ਸ਼ਾਹ ਦੀ ਗੱਲ ਕਰਨੀ ਚਾਹੁੰਦਾ ਸੀ। ਛੇ-ਸੱਤ ਗੀਤ ਮੈਂ ਲਿਖ ਚੁੱਕਿਆ ਸੀ ਜਿਹੜੇ ਮੇਰੀ ਜ਼ਿੰਦਗੀ ਜਾਂ ਮੇਰੇ ਤਜਰਬੇ ਬਾਰੇ ਸੀ। ਮੈਂ ਸਾਰਿਆਂ ਬਾਰੇ ਗੱਲ ਕਰਨੀ ਚਾਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਮੈਂ ਗੀਤ ਲਿਖਿਆ। ਇਸ ਦੀ ਖੋਹ ਨਵਲੀਨ ਕੁਮਾਰ ਦੀ ਸ਼ਹਾਦਤ ਕਾਰਨ ਪਈ। ਕਿਸੇ ਨੂੰ ਮਾਰਨਾ ਹੋਵੇ ਤਾਂ ਛੁਰੇ ਨਾਲ ਕੋਈ ਬੰਦਾ ਕਿਸੇ ਦਾ ਗਲਾ ਵੱਢ ਦੇਵੇ ਤਾਂ ਬੰਦਾ ਮਰ ਜਾਂਦਾ ਪਰ 19 ਵਾਰ ਜੋ ਉਸ ਨੂੰ ਕੋਹਿਆ ਗਿਆ, ਉਹ ਮੇਰੇ ਲਈ ਇੱਕ ਕਿਸਮ ਦਾ ਅਸਹਿ ਦਰਦਨਾਕ ਨਿਜ਼ਾਮ ਦੀ, ਹਕੂਮਤ, ਰਿਆਸਤ ਦੀ ਬੇਦਿਲੀ, ਇੱਕ ਜੁਰਮ ਕਹਿ ਲਓ; ਇਸ ਦਾ ਇੱਕ ਮੁਜੱਸਮਾ/ਮਿਸਾਲ ਬਣ ਗਿਆ ਸੀ। ਦੂਜੀ ਗੱਲ, ਜਦੋਂ ਬੰਦਾ ਇਕੱਲਾ ਹੁੰਦਾ, ਉਦੋਂ ਸ਼ਾਇਦ ਇਹੋ ਜਿਹੀਆਂ ਘਟਨਾਵਾਂ ਉਸ ਨੂੰ ਸਹਿਜ ਸੁਭਾਅ ਆਪਣੇ ਵੱਲ ਖਿੱਚਦੀਆਂ; ਜੇ ਤੁਹਾਡੀ ਜ਼ਮੀਰ ਅਜੇ ਪੂਰੀ ਤਰ੍ਹਾਂ ਸੁੱਤੀ ਨਹੀਂ ਹੈ, ਜੇ ਤੁਸੀਂ ਬਾਂਦਰਾਂ ਵਿਚੋਂ ਬਾਹਰ ਨਿਕਲੋਗੇ ਤਾਂ ਤੁਸੀਂ ਦੇਖੋਗੇ ਕਿ ਅਰਬਪਤੀ ਉੱਥੇ ਰਹਿੰਦੇ ਹਨ।
ਦਲਜੀਤ: ਨਾ-ਬਰਾਬਰੀ ਤੁਹਾਨੂੰ ਉੱਥੇ ਦਿਖਾਈ ਦਿੰਦੀ ਹੈ।
ਰੱਬੀ: ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੂੰ ਵੀ ਸੁੱਕਦੀਆਂ ਮੱਛੀਆਂ ਦਾ ਵਾਸ਼ਨਾ ਰੋਜ਼ ਸੁੰਘਣੀ ਪੈਂਦੀ ਹੈ। ਬੌਂਬੇ ਇਸ ਮਾਮਲੇ ਵਿਚ ਭਾਰਤ ਦੀ ਬੜੀ ਸੋਹਣੀ ਤਸ਼ਬੀਹ ਹੈ। ਉਸ ਵਿਚ ਹਰ ਚੀਜ਼ ਹੋ ਰਹੀ ਹੈ। ਇਸ ਵੇਲੇ ਹੋ ਰਹੀ ਹੈ। ਤੁਹਾਨੂੰ ਉਸ ਨਾਲ ਨਜਿੱਠਣਾ ਹੀ ਪੈਣਾ ਹੈ। ਜਿਵੇਂ ਦਿੱਲੀ ਵਿਚ ਅਸੀਂ ਕਿਸੇ ਸੋਹਣੇ ਇਲਾਕੇ ਵਿਚ ਜਾਈਏ, ਚਾਣਕਿਆ ਪੁਰੀ ਜਾਓ, ਤੁਹਾਨੂੰ ਪਤਾ ਇਹ ਰਈਸਾਂ ਦਾ ਇਲਾਕਾ ਹੈ ਪਰ ਬੌਂਬੇ ਵਿਚ ਇਹ ਪਤਾ ਨਹੀਂ ਲੱਗਦਾ ਕਿ ਰਈਸਾਂ ਦਾ ਇਲਾਕਾ ਹੈ ਜਾਂ ਨਹੀਂ। ਤੁਹਾਨੂੰ ਕੋਈ ਆ ਕੇ ਦੱਸਦਾ ਹੈ ਕਿਉਂਕਿ ਝੁੱਗੀਆਂ-ਝੌਂਪੜੀਆਂ ਵੀ ਉਸੇ ਤਰ੍ਹਾਂ ਹਨ ਅਤੇ ਸੋਹਣੀਆਂ ਇਮਾਰਤਾਂ ਵੀ ਉਸੇ ਤਰ੍ਹਾਂ ਹਨ। ਉਸ ਸਮੇਂ ਜਦੋਂ ਮੈਂ 19 ਵਾਰ ਨਵਲੀਨ ਕੁਮਾਰ ਨੂੰ ਕੋਹਣ ਦੀ ਰਿਪੋਰਟ ਪੜ੍ਹੀ ਤਾਂ ਉਸ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਕੋਈ ਕਿਸੇ ਨੂੰ ਅਜਿਹੀ ਵਹਿਸ਼ਤ ਨਾਲ ਕਿਉਂ ਮਾਰੇਗਾ? ਬੰਦਾ ਇੱਕ ਵਾਰ ਮਾਰਦਾ, ਦੋ ਵਾਰ ਮਾਰਦਾ, ਉਸ ਵਿਚ ਚਿੜੀ ਜਿੰਨੀ ਤਾਂ ਜਾਨ ਸੀ। ਉਹਨੂੰ ਇਸ ਤਰ੍ਹਾਂ ਕੋਹ-ਕੋਹ ਕੇ ਮਾਰਨ ਦੀ ਕੀ ਲੋੜ ਸੀ? ਇਸ ਵਿਚ ਵਹਿਸ਼ੀਅਤ ਸੀ। ਉਸ ਵਹਿਸ਼ੀਅਤ ਨੇ ਮੈਨੂੰ ਇਸ ਨੂੰ ਫਰੋਲਣ ਲਈ ਮਜਬੂਰ ਕੀਤਾ। ਉਹਨੂੰ ਫਰੋਲਦਿਆਂ-ਫਰੋਲਦਿਆਂ ਇਹ ਸਾਰੇ ਹੋਰ ਵੀ ਖੁੱਲ੍ਹ ਗਏ। ਮੰਜੂਨਾਥ ਹੈ, ਆਈ.ਐਮ.ਐਮ ਤੋਂ ਆਈ.ਟੀ. ਦਾ ਪੜ੍ਹਿਆ। ਸ਼ਾਨਦਾਰ ਕਰੀਅਰ ਉਸ ਅੱਗੇ ਸੀ। ਸਭ ਕੁਝ ਪਿੱਛੇ ਛੱਡ ਕੇ ਪਬਲਿਕ ਸੈਕਟਰ ਵਿਚ ਨੌਕਰੀ ਲੈਂਦਾ ਹੈ। ਪੈਟਰੋਲ ਪੰਪਾਂ ਉੱਪਰ ਜਾ ਕੇ ਜਾਂਚ ਕਰਦਾ ਹੈ, ਮਿਲਾਵਟ ਚੈੱਕ ਕਰਦਾ ਹੈ। ਜਿਹੜਾ ਇਹ ਵਾਕਿਆ ਹੋਇਆ ਕਿ ਉਸ ਨੇ ਪੈਟਰੋਲ ਪੰਪ ਸੀਲ ਕਰ ਦਿੱਤਾ, ਪੈਟਰੋਲ ਪੰਪ ਵਾਲਾ ਕਹਿੰਦਾ- ‘ਤੈਨੂੰ ਗੋਲੀ ਮਾਰ ਦੇਵਾਂਗਾ’। ਉਹ ਕਹਿੰਦਾ, ‘ਗੋਲੀ ਮਾਰਨੀ ਬੇਸ਼ੱਕ ਮਾਰ ਦੇ ਪਰ ਸੀਲ ਨਹੀਂ ਟੁੱਟੇਗੀ’। ਉਸ ਨੇ ਆ ਕੇ ਗੋਲੀ ਮਾਰ ਦਿੱਤੀ। ਫਿਰ ਜਿਸ ਤਰ੍ਹਾਂ ਉਸ ਦੀ ਲਾਸ਼ ਨੂੰ ਚੁੱਕ ਕੇ ਪਾਇਆ ਗਿਆ, ਖੁਰਦ-ਬੁਰਦ ਕੀਤਾ ਗਿਆ, ਇਨ੍ਹਾਂ ਗੱਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਅਸੀਂ ਜੋ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ, ਜੋ ਨਿਜ਼ਾਮ ਬਣਨ ਬਾਰੇ ਹੁੰਦੀਆਂ ਹਨ ਜਾਂ ਜਿਹੜਾ ਅਸੀਂ ਘੋਲ ਲੜਿਆ ਜਿਸ ਵਿਚ ਪੰਜਾਬੀਆਂ, ਸਰਦਾਰਾਂ ਦੀਆਂ ਸ਼ਹਾਦਤਾਂ ਹੋਈਆਂ, ਜਿਹੜਾ ਕੁਝ ਅਸੀਂ ਆਪਣੇ ਤਨ ਉੱਪਰ ਹੰਢਾਇਆ, ਉਸ ਦਾ ਸਿੱਟਾ ਕੀ ਨਿਕਲਿਆ? ਜੇ ਤੁਸੀਂ ਬੌਂਬੇ ਵਿਚ ਰਹਿੰਦੇ ਹੋ ਤੇ ਤੁਸੀਂ ਆਪਣੀ ਪੇਸ਼ੇਵਰ ਜ਼ਿੰਦਗੀ ਵਿਚ ਕੋਈ ਤਰੱਦਦ ਨਹੀਂ ਕਰ ਰਹੇ ਤਾਂ ਫਿਰ ਤੁਹਾਡੇ ਲਈ ਬੌਂਬੇ ਵਿਚ ਰਹਿਣਾ ਬਹੁਤ ਔਖਾ ਹੈ। ਬੌਂਬੇ ਦੀ ਜਾਂ ਮੈਂ ਆਖਾਂਗਾ, ਹਿੰਦੋਸਤਾਨ ਦੀ ਜੋ ਤ੍ਰਾਸਦੀ ਹੈ, ਉਸ ਨੂੰ ਨਜ਼ਰੋਂ ਉਹਲੇ ਕਰਨਾ ਬਹੁਤ ਔਖਾ ਹੈ।
ਦਲਜੀਤ: ਤੁਸੀਂ ਗੱਲ ਕੀਤੀ ਕਿ ਕਿਸ ਤਰੀਕੇ ਨਾਲ ਇਸ ਦੌਰ ਦੇ ਕਾਰਕੁਨਾਂ ਦੇ ਕਤਲ ਕੀਤੇ ਗਏ; ਖਾਸ ਤੌਰ ਉੱਪਰ ਜਦੋਂ ਤੁਸੀਂ ਮੁੰਬਈ ਵਿਚ ਹੋਏ ਕਤਲ ਦੀ ਗੱਲ ਕਰਦੇ ਹੋ, ਉਹ ਕਤਲ ਉਸ ਕਾਨਕੁਨ ਦਾ ਹੋਇਆ ਜੋ ਉਥੋਂ ਦੇ ਝੁੱਗੀਆਂ-ਝੌਂਪੜੀਆਂ ਵਿਚ ਰਹਿੰਦੇ ਲੋਕਾਂ ਜਿਨ੍ਹਾਂ ਨੂੰ ਉਥੋਂ ਉਜਾੜਿਆ ਜਾ ਰਿਹਾ ਸੀ, ਉਨ੍ਹਾਂ ਦੇ ਘਰ ਤੋੜੇ ਜਾ ਰਹੇ ਸਨ, ਉਸ ਮਾਮਲੇ ਉੱਪਰ ਉਹ ਸਰਗਰਮ ਸਨ। ਉਨ੍ਹਾਂ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ। ਪੰਜਾਬੀ ਵਿਚ ਸਾਡੇ ਕੋਲ ਇੱਕੋ ਹੀ ਸ਼ਬਦ ਹੈ- ਅਕਹਿ। ਜਦੋਂ ‘ਅਕਹਿ’ ਨੂੰ ਕਹਿਣ ਦੀ ਲੋੜ ਪੈਂਦੀ ਹੈ, ਬੋਲੀ ਤੁਹਾਡੇ ਕੋਲ ਆਪਣੀ ਭਾਬੋ ਵਾਲੀ ਹੈ ਤਾਂ ਫਿਰ ਉਸ ਬੋਲੀ ਦਾ ਕੀ ਇਸਤੇਮਾਲ ਕੀਤਾ?
ਰੱਬੀ: ਬੋਲੀ ਦਾ ਇਸਤੇਮਾਲ ਹੀ ਇਹ ਹੈ। ਦਰਅਸਲ ਬੋਲੀ ਉਹ ਸਫਲ ਹੈ ਜੋ ਤੁਹਾਡੀ ਆਪਣੀ ਅਕਹਿ ਗੱਲ ਕਹਿ ਸਕੇ। ਇੱਕ ਕਲਾਕਾਰ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਮੇਰੇ ਮੁਆਸ਼ਰੇ (ਸਮਾਜ) ਦੀਆਂ ਜੋ ਅਕਹਿ ਗੱਲਾਂ ਹਨ ਜੋ ਜ਼ਮੀਨ ਦੇ ਹੇਠਾਂ ਕੁਰਬਲ-ਕੁਰਬਲ ਕਰ ਰਹੀਆਂ ਹਨ, ਉਨ੍ਹਾਂ ਨੂੰ ਸਤਹਿ ਉੱਪਰ ਲਿਆਉਣਾ ਹੈ। ਮੈਂ ਜਦੋਂ ਲਿਖਣਾ ਸ਼ੁਰੂ ਕੀਤਾ, ਕਿਉਂਕਿ ਮੈਂ ਦਿੱਲੀ ਦਾ ਜੰਮਪਲ ਹਾਂ, ਦਿੱਲੀ ਵਿਚ ਅਸੀਂ ਹਿੰਦੀ ਬੋਲਦੇ ਹਾਂ, ਮੈਂ ਹਿੰਦੀ ਵੀ ਬੋਲ ਸਕਦਾ ਹਾਂ ਤੇ ਅੰਗਰੇਜ਼ੀ ਵੀ, ਪਰ ਮੈਨੂੰ ਲੱਗਦਾ, ਜਿਸ ਕਿਸਮ ਦੀ ਸੂਖਮ ਬਿਰਤੀ ਚਾਹੀਦੀ ਹੈ ਜਾਂ ਜਿਸ ਕਿਸਮ ਦਾ ਤੇਜ਼ ਹਥਿਆਰ ਚਾਹੀਦਾ ਹੈ, ਉਹ ਮੇਰੇ ਕੋਲ ਇਨ੍ਹਾਂ ਬੋਲੀਆਂ ਵਿਚ ਇਸਤੇਮਾਲ ਨਹੀਂ ਕੀਤਾ ਜਾਣਾ। ਉਸ ਲਈ ਮੈਨੂੰ ਆਪਣੀ ਮਾਂ ਬੋਲੀ, ਮੇਰੀ ਮਾਂ ਬੋਲੀ ਵੀ ਨਹੀਂ ਹੈ; ਮੇਰੀ ਭਾਬੋ ਬੋਲੀ ਹੈ, ਮੇਰੀ ਪਿਓ ਬੋਲੀ ਹੈ। ਮੇਰੀ ਮਾਂ ਦੀ ਮੁਲਤਾਨੀ ਬੋਲੀ ਮੈਨੂੰ ਮੰਮੀ ਨੇ ਕਦੇ ਨਹੀਂ ਦਿੱਤੀ।
ਦਲਜੀਤ: ਮੈਨੂੰ ਤੁਹਾਡੀ ਇਹ ਗੱਲ ਇਸ ਕਰਕੇ ਚੰਗੀ ਲੱਗੀ ਕਿਉਂਕਿ ਜੋ ਮਾਂ ਦੀ ਕੈਦ ਵਿਚ ਬੋਲੀ ਹੈ, ਉਸ ਨੂੰ ਵੀ ਆਜ਼ਾਦ ਹੋਣਾ ਚਾਹੀਦਾ ਹੈ। ਉਸ ਨੂੰ ਵੀ ਮਾਸੀਆਂ, ਮਾਮੀਆਂ, ਤਾਈਆਂ, ਭਾਬੋਆਂ ਕੋਲ, ਬਾਪੂਆਂ ਕੋਲ ਜਾਣਾ ਚਾਹੀਦਾ ਹੈ।
ਰੱਬੀ: ਮੈਨੂੰ ਆਪਣੀ ਮਾਂ ਦੀ ਬੋਲੀ ਦਾ ਫਾਇਦਾ ਉਸ ਸਮੇਂ ਹੋਇਆ। ਪੰਜਾਬੀ ਦਾ ਸਭ ਤੋਂ ਪੁਰਾਣਾ ਕਵੀ ਹੈ, ਇੱਕ ਥੰਮ੍ਹ ਹਨ ਪੰਜਾਬੀਅਤ ਦੇ ਬਾਬਾ ਫਰੀਦ। ਜਦੋਂ ਮੈਂ ਉਸ ਨੂੰ ਸਮਝਣਾ ਸ਼ੁਰੂ ਕੀਤਾ ਤਾਂ ਮੇਰੀ ਬੋਲੀ ਮੇਰੇ ਲਈ ਬੂਹਾ ਖੋਲ੍ਹਿਆ। ਮੇਰੀ ਮਾਂ ਬੋਲੀ ਨੇ ਮੇਰੇ ਹੱਥ ਕੁੰਜੀ ਫੜਾਈ ਪੰਜਾਬੀਅਤ ਖੋਲ੍ਹਣ ਲਈ, ਜਾਂ (ਕਹੋ) ਬਾਬਾ ਫਰੀਦ ਨੂੰ ਪੜ੍ਹਨ ਲਈ। ਉਸ ਦਾ ਮੁੱਲ ਮੈਨੂੰ ਉਸ ਸਮੇਂ ਸਮਝ ਆਇਆ।
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ॥ (ਪੰਨਾ 1383)
ਇਹ ਮੇਰੇ ਲਈ ਪੰਜਾਬੀਅਤ ਦਾ ਲਾਸਾਨੀ ਕਬਿੱਤ ਹੈ। ਹੋ ਸਕਦਾ, ਇਤਿਹਾਸਕਾਰ ਇਸ ਨਾਲ ਰਾਜ਼ੀ ਨਾ ਹੋਣ ਪਰ ਮੈਨੂੰ ਲੱਗਦਾ, ਇਹ ਸਭ ਤੋਂ ਪੁਰਾਣਾ ਹੈ। ਹਿੰਦੀ ਵਿਚ ਮੈਨੂੰ ਨਹੀਂ ਲੱਗਦਾ, ਬਾਬਾ ਫਰੀਦ ਤੋਂ ਪੁਰਾਣਾ ਕੁਝ ਹੋਵੇਗਾ। ਬਾਬਾ ਫਰੀਦ ਦੀ ਜੋ ਜ਼ਬਾਨ ਹੈ, ਉਹ ਜਿਸ ਮਿਆਰ ਦੀ ਜ਼ਬਾਨ ਹੈ ਅਤੇ ਜਿਸ ਤਫਸੀਲ, ਸਹਿਜਤਾ ਨਾਲ ਕਵਿਤਾ ਦੀ ਰਚਨਾ ਕਰਦੀ ਹੈ; ਮੈਨੂੰ ਨਹੀਂ ਲੱਗਦਾ, ਉਹ ਸਿਰਫ ਫਰੀਦ ਦੀ ਜ਼ਬਾਨ ਸੀ। ਮੈਨੂੰ ਇਉਂ ਲੱਗਦਾ, ਉਹ ਇਸ ਤੋਂ ਪਿਛਲੇ ਹਜ਼ਾਰ ਦੋ ਹਜ਼ਾਰ ਵਰ੍ਹਿਆਂ ਦੀ ਜ਼ਬਾਨ ਸੀ। ਅਸੀਂ ਪੰਜਾਬੀਅਤ ਨੂੰ, ਪੰਜਾਬ ਨੂੰ , ਪੰਜਾਬੀ ਨੂੰ ਜੇ ਬਾਬਾ ਫਰੀਦ ਨਾਲ ਜੋੜਦੇ ਹਾਂ, ਉਸ ਦੀ ਤਾਰੀਖ ਫਰੀਦ ਦੀ ਹੋਂਦ ਤੋਂ ਮੰਨਦੇ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ, ਉਹ ਵੀ ਪੂਰੀ ਤਰ੍ਹਾਂ ਸਹੀ ਨਹੀਂ। ਉਸ ਤੋਂ ਪੁਰਾਣੀ ਹੈ ਪੰਜਾਬੀ ਜ਼ਬਾਨ।
ਦਲਜੀਤ: ਕੁਝ ਤਾਂ ਖਜ਼ਾਨਾ ਬਾਬਾ ਫਰੀਦ ਕੋਲ ਆਇਆ ਹੋਣਾ।
ਰੱਬੀ: ਬਾਬਾ ਜੀ ਕੋਲ ਆਇਆ ਹੋਣਾ। ਉਹ ਜ਼ਬਾਨ ਇੱਥੇ ਅਸੀਂ ਹੁਣ ਸਮਝਦੇ ਨਹੀਂ, ਇਸ ਤਰ੍ਹਾਂ ਦੀਆਂ ਅਨੰਤ ਜ਼ਬਾਨਾਂ ਨਾਲ ਹੋਇਆ। ਅਸੀਂ ਆਪਣੀਆਂ ਦੇਸੀ ਬੋਲੀਆਂ ਨੂੰ ਕਦੇ ਮਿਆਰੀ ਸਭਿਆਚਾਰ ਨਾਲ ਜੋੜਨ ਦਾ ਕੰਮ ਨਹੀਂ ਕੀਤਾ, ਜਾਂ ਇਸ ਨੂੰ ਕੋਈ ਮੁੱਲਵਾਨ ਉੱਦਮ ਸਮਝਿਆ ਵੀ ਨਹੀਂ। ਇਸ ਕਰਕੇ ਮੈਂ ਸਮਝਦਾ ਹਾਂ ਕਿ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਸ਼ਿਵ ਕੁਮਾਰ ਬਟਾਲਵੀ ਵੀ ਸਮਝ ਆ ਜਾਵੇ ਤਾਂ ਬਹੁਤ ਹੈ। ਮੈਂ ਬਾਬੇ ਫਰੀਦ ਤੱਕ ਸ਼ਿਵ ਕੁਮਾਰ ਬਟਾਲਵੀ ਜ਼ਰੀਏ ਪਹੁੰਚਿਆ ਹਾਂ।
ਬਿਰਹਾ ਬਿਰਹਾ ਆਖੀਏ
ਬਿਰਹਾ ਤੂੰ ਸੁਲਤਾਨ
ਬਿਨ ਬਿਰਹਾ ਥਿੰਹਦੀ ਠੀਕਰੀ
ਕਿਸੇ ਉਜੜੇ ਕਬਰਿਸਤਾਨ
ਇਹ ਬੋਲਦਾ ਹੈ ਸ਼ਿਵ ਕੁਮਾਰ ਬਟਾਲਵੀ। ਇਸ ਨੂੰ ਜਦੋਂ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਸ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਬਾਬਾ ਫਰੀਦ ਦੀ ਬਾਣੀ ਵਿਚ ਹੈ।
ਦਲਜੀਤ: ਜੋ ਇਹ ਨਿਜ਼ਾਮੇ-ਬਿਰਹਾ ਹੈ, ਤੁਸੀਂ ਉਸ ਦੇ ਦੋ ਸਿਰਿਆਂ ਦੀ ਗੱਲ ਕਰ ਰਹੇ ਹੋ। ਇੱਕ ਪਾਸੇ ਸ਼ਿਵ ਅਤੇ ਦੂਜੇ ਪਾਸੇ ਬਾਬਾ ਫਰੀਦ ਹਨ। ਮੈਂ ਤੁਹਾਨੂੰ ਥੋੜ੍ਹਾ ਵਾਪਸ ਲੈ ਕੇ ਚੱਲਦਾ ਹਾਂ।
ਰੱਬੀ: ਬਿਲਕੁਲ ਮੈਂ ਥੋੜ੍ਹਾ ਲੀਹ ਤੋਂ ਲਹਿ ਗਿਆ ਸੀ।
ਦਲਜੀਤ: ਜਦੋਂ ਅਕਹਿ ਨੂੰ ਕਹਿਣ ਦੀ ਵਾਰੀ ਆਉਂਦੀ ਹੈ, ਤੁਸੀਂ ਇੱਕ ਵਾਰ ਉਸ ਨੂੰ ਗਾ ਕੇ ਦੱਸੋਗੇ ਕਿ ਕਿਸ ਤਰ੍ਹਾਂ ਉਹ ਕਿਹਾ ਗਿਆ।
ਰੱਬੀ: ਦੇਖੋ ਜੋ ਬਿਲਕਿਸ ਗੀਤ ਹੈ, ਉਹ ਹਿੰਦੀ ਵਿਚ ਹੈ ਕਿਉਂਕਿ ਉਸ ਦੌਰ ਵਿਚ ਮੈਂ ਬੌਂਬੇ ਬੈਠਾ ਹਾਂ। ਮੈਂ ਆਪਣੇ ਆਸ-ਪਾਸ ਦੇ ਲੋਕਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ। ਉਸ ਵਿਚ ਵਰਤੀ ਬੋਲੀ ਸਹਿਜ ਸੁਭਾਅ ਹੀ ਹੈ। ਵਿਵੇਕਾਨੰਦ ਕਹਿੰਦਾ ਹੈ ਕਿ ‘ਬੋਲੀ ਸੰਸਕਾਰ ਵਾਂਗ ਹੈ।` ਹੁਣ ਇੱਥੇ ਆਪਾਂ ਪੰਜਾਬੀ ਵਿਚ ਗੱਲ ਕਰ ਰਹੇ ਹਾਂ। ਇਉਂ ਪੰਜਾਬੀ ਦਾ ਸੰਸਕਾਰ ਪ੍ਰਫੁੱਲਿਤ ਹੁੰਦਾ ਹੈ। ਇਸੇ ਤਰ੍ਹਾਂ ਜੇ ਤੁਸੀਂ ਕਮਰਾ ਬਦਲ ਦਿਓ ਜਾਂ ਪ੍ਰਸੰਗ ਬਦਲ ਦਿਓ ਜਾਂ ਕਿਸੇ ਹੋਰ ਥਾਂ ਬੈਠੇ ਹੋਈਏ, ਉੱਥੇ ਦੂਸਰੀ ਜ਼ਬਾਨ ਪ੍ਰਫੁੱਲਿਤ ਹੁੰਦੀ ਹੈ। ਉਸ ਗੀਤ ਲਈ ਜੋ ਜ਼ਬਾਨ ਮੈਨੂੰ ਲੱਗਿਆ ਸਭ ਤੋਂ ਸੌਖਾ ਹਥਿਆਰ ਹੈ, ਫੌਰੀ ਹਾਸਿਲ ਸੀ, ਉਹ ਹਿੰਦੀ ਸੀ। ਤੁਸੀਂ ਕਹਿੰਦੇ ਹੋ ਤਾਂ ਮੈਂ ਸੁਣਾ ਦਿੰਦਾ ਹਾਂ:
ਮੇਰਾ ਨਾਮ ਬਿਲਕਿਸ ਯਾਕੂਬ ਰਸੂਲ
ਮੁਝ ਸੇ ਹੁਈ ਬਸ ਏਕ ਹੀ ਭੂਲ
ਕਿ ਜਬ ਢੂੰਡਤੇ ਥੇ ਵੋ ਰਾਮ ਕੋ
ਤੋ ਮੈਂ ਖੜ੍ਹੀ ਥੀ ਰਾਹ ਮੇਂ
ਪਹਿਲੇ ਏਕ ਨੇ ਪੂਛਾ
ਮੁਝੇ ਨਾ ਕੁਛ ਪਤਾ ਥਾ
ਦੂਜੇ ਕੋ ਭੀ ਮੇਰਾ ਯੇਹੀ ਜਵਾਬ ਥਾ
ਫਿਰ ਇਤਨੋਂ ਨੇ ਪੂਛਾ
ਕਿ ਮੇਰਾ ਅਬ ਸਵਾਲ ਹੈ ਏਕ
ਜਿਨਹੇ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈ
ਜਿਨਹੇ ਨਾਜ਼ ਹੈ ਵੋ ਕਹਾਂ ਹੈ
ਦਲਜੀਤ: ਜੋ ਅਕਹਿ ਵਾਲਾ ਸਵਾਲ ਸੀ, ਉਹ ਨਵਲੀਨ ਕੁਮਾਰ ਦੇ ਹਵਾਲੇ ਨਾਲ ਸਾਹਮਣੇ ਆਇਆ।
ਰੱਬੀ: ਇਸ ਗੀਤ ਦੀ ਪਹਿਲੀ ਸਤਰ ਮਰਾਠੀ ਭਾਸ਼ਾ ਵਿਚ ਹੈ। ਮਾਝਾ ਨਾਓ ਆਹੇ ਨਵਲੀਨ ਕੁਮਾਰ। ਬੌਂਬੇ ਵਿਚ ਰਹਿ ਕੇ ਥੋੜ੍ਹੀ-ਥੋੜ੍ਹੀ ਮਰਾਠੀ ਸਿੱਖਣੀ ਪੈ ਜਾਂਦੀ ਹੈ। ‘ਕਾਇਜਾ ਲਾ` ਅਤੇ ਇਸ ਤਰ੍ਹਾਂ ਦੇ ਛੋਟੇ-ਛੋਟੇ ਫਿਕਰੇ ਜੋ ਮੈਂ ਸਿੱਖੇ, ਉਹ ਗੰਢ ਮਾਰ ਕੇ ਆਪਣੇ ਕੋਲ ਰੱਖੇ ਹੋਏ ਸਨ। ਉਨ੍ਹਾਂ ਵਿਚੋਂ ਇੱਕ ਹੈ- ਮਾਝਾ ਨਾਓ ਆਹੇ ਨਵਲੀਨ ਕੁਮਾਰ, ਉੱਨੀਸ ਜੂਨ, ਉੱਨੀਸ ਵਾਰ। ਮੈਂ ਜਦੋਂ ਇਹ ਲਿਖ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਅਗਲੀ ਪੰਕਤੀ ਕੀ ਹੋਵੇ ਪਰ ਅਖੀਰ ਅਗਲੀ ਪੰਕਤੀ ਮੈਨੂੰ ਅਹੁੜੀ ਹੀ ਨਹੀਂ। ਫਿਰ ਉਹੀ 19 ਵਾਰ ਜੋ ਉਸ ਦੇ ਪਿੰਡੇ ਉੱਪਰ ਸਨ। ਅਖੀਰ ਮੈਨੂੰ ਜਾਪਿਆ, ਇਨ੍ਹਾਂ ਤੋਂ ਵਧੀਆ ਹੋਰ ਕੋਈ ਲਫਜ਼ ਨਹੀਂ ਹੋ ਸਕਦਾ। ਮੈਨੂੰ ਕੋਈ ਹੋਰ ਹਰਫ ਨਹੀਂ ਸੁਝਿਆ। ਸੁਣਾ ਦਿੰਦਾ ਹਾਂ:
ਮਾਝਾ ਨਾਮ ਹੈ ਨਵਲੀਨ ਕੁਮਾਰ
ਉੱਨੀਸ ਜੂਨ ਉੱਨੀਸ ਵਾਰ
ਉੱਨੀਸ ਜੂਨ ਉੱਨੀਸ ਉੱਨੀਸ ਵਾਰ
ਉੱਨੀਸ ਉੱਨੀਸ ਉੱਨੀਸ ਉੱਨੀਸ ਉੱਨੀਸ ਉੱਨੀਸ ਵਾਰ
ਲੂਟੋ ਤੇ ਹੱਥ ਖੋਲੋ ਬਾਜ਼ਾਰ
ਨੱਲਾਸਪਾਰ ਔਰ ਵਿਰਾਰ
ਛੀਨੋ ਜ਼ਮੀਨ ਹਮਸੇ
ਭੇਜੋ ਹਮੇ ਪਾਤਾਲ
ਜਿਨਹੇ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈ
ਜਿਨਹੇ ਨਾਜ਼ ਹੈ ਵੋ ਕਹਾਂ ਹੈ
ਦਲਜੀਤ: ਇੱਕ ਭਾਬੋ ਦੀ ਬੋਲੀ ਜੋ ਇੱਕ ਬਿਆਸ ਅਤੇ ਦੂਜੇ ਪਾਸੇ ਰਾਵੀ। ਰਾਵੀ ਤੋਂ ਪਾਰ ਵੀ ਇੱਕ ਹੋਰ ਮੁਲਕ ਹੈ ਜੋ ਪੰਜਾਬ ਨਹੀਂ ਹੈ ਅਤੇ ਬਿਆਸ ਤੋਂ ਦੂਜੇ ਪਾਸੇ ਵੀ ਕੋਈ ਹੋਰ ਮੁਲਕ ਹੈ। ਉਸ ਤੋਂ ਬਾਅਦ ਉਹੀ ਬੋਲੀ ਵਾਲਾ ਬੰਦਾ ਬੌਂਬੇ ਜਾ ਕੇ ਬੈਠ ਕੇ ਆਪਣੇ ਦੌਰ ਦਾ ਦਰਦ ਹਿੰਦੀ ਅਤੇ ਮਰਾਠੀ ਵਿਚੋਂ ਸ਼ਬਦ ਲੈ ਕੇ ਅਕਹਿ ਨੂੰ ਉੱਨੀ ਵਾਰ ਦੋਹਰਾ ਕੇ ਬਿਆਨ ਕਰਦਾ ਹੈ। ਇਹ ਜੋ ਬੰਦਾ ਹੈ, ਉਸ ਦੇ ਪੰਜਾਬੀ ਹੋਣ ਵਿਚ ਕਦੇ ਤੁਹਾਨੂੰ ਸ਼ੱਕ ਹੁੰਦਾ ਹੈ?
ਰੱਬੀ: ਹਾਂ, ਪੰਜਾਬੀਅਤ ਜਾਂ ਪੰਜਾਬੀ ਦੀ ਇੱਕ ਖਾਸ ਵਿਸ਼ੇਸ਼ਤਾ ਮੈਂ ਸਮਝਦਾ ਹਾਂ, ਉਹ ਇਹ ਹੈ ਕਿ ਹੋ ਸਕਦਾ, ਪੰਜਾਬੀਆਂ ਦੇ ਵੀ ਬੜੇ ਵਲਵਲੇ ਹੋਣ। ਵਲਵਲਾ ਵੀ ਲੋਕ ਰੱਖਦੇ ਹਨ। ਕਈ ਲੋਕ ਜਲੇਬੀ ਵਾਂਗੂ ਗੱਲ ਨੂੰ ਘੁਮਾ ਵੀ ਸਕਦੇ ਹਨ ਪਰ ਜੋ ਪੰਜਾਬੀ ਮੈਨੂੰ ਮਿਲੀ, ਉਸ ਵਿਚ ਇਜ਼ਹਾਰ ਦਾ ਸੰਜਮ ਸੀ। ਮੇਰੇ ਪਿਤਾ ਜੀ ਦਾ ਤਕੀਆ ਕਲਾਮ ਵਰਗਾ ਫਿਕਰਾ ਸੀ- ਦੋ ਟੁੱਕ ਗੱਲ ਕਰਨੀ। ਉਹ ਗੱਲ ਸਿੱਧੀ ਸਪਸ਼ਟ ਕਰਨ ਵਿਚ ਵਿਸ਼ਵਾਸ ਰੱਖਦੇ ਸਨ। ਮੈਨੂੰ ਇਉਂ ਲੱਗਿਆ ਕਿ ਮੇਰੀ ਬੋਲੀ ਨੇ ਮੈਨੂੰ ਸੈਨਤ ਕੀਤੀ ਹੈ ਕਿ ਇਸ ਮਾਹੌਲ ਵਿਚ, ਇਸ ਪ੍ਰਸੰਗ ਵਿਚ ਜੋ ਗੱਲ ਕਰਨੀ ਹੈ, ਉਸ ਵਿਚ ਸਾਫਗੋਈ, ਸਪਸ਼ਟਤਾ ਅਤੇ ਨਾਲ ਦਿਆਂ ਨੂੰ ਸਮਝ ਆਏ। ਪੰਜਾਬੀਅਤ ਦੇ ਗੁਣ ਜੋ ਮੈਂ ਸਮਝਦਾ ਸੀ, ਉਹ ਇਕ ਹੋਰ ਰੂਪ ਵਿਚ ਉਸੇ ਦੀ ਸੈਨਤ ਸੀ ਕਿ ਇਸ ਵਾਸਤੇ ਜਿਹੜੀ ਮਰਾਠੀ ਹੈ, ਮਾਝਾ ਨਾਓ ਨਵਲੀਨ ਕੁਮਾਰ, ਇਹ ਇੱਥੋਂ ਦੀ ਪੰਜਾਬੀ ਹੈ, ਇਹ ਵਰਤ। ਮੈਂ ਨਹੀਂ ਕਹਿ ਸਕਦਾ ਕਿ ਉੱਥੇ ਮੈਂ ਪੰਜਾਬੀ ਵਰਤੀ ਹੈ। ਉੱਥੇ ਮੈਂ ਪੰਜਾਬੀਅਤ ਤੋਂ ਉਧਾਰੀ ਦੋ ਟੁੱਕ ਗੱਲ ਕਰਨ ਦੀ ਜੋ ਅਦਾ ਹੈ, ਉਸ ਪ੍ਰਤੀ ਮੈਨੂੰ ਅੰਦਰੋਂ ਪ੍ਰੇਰਨਾ ਮਿਲੀ ਕਿ ਮੈਂ ਉਹ ਇੱਥੇ ਵਰਤਾਂ।
ਦਲਜੀਤ: ਜਦੋਂ ਤੁਸੀਂ ਹਿੰਦੀ ਬੋਲਦੇ ਹੋ ਜਾਂ ਮਰਾਠੀ ਬੋਲਦੇ ਹੋ, ਉਸ ਵਿਚ ਪੰਜਾਬੀ ਵਾਲਾ ਜਜ਼ਬਾ ਕਾਇਮ ਰਹਿੰਦਾ ਹੈ, ਇਹ ਤੁਸੀਂ ਕਹਿ ਰਹੇ ਹੋ।
ਰੱਬੀ: ਹਾਂ ਜੀ, ਹੋ ਸਕਦਾ ਰਹਿੰਦਾ ਹੋਵੇ। ਜੋ ਅਸੀਂ ਦਿੱਲੀ ਵਿਚ ਹਿੰਦੀ ਬੋਲਦੇ ਹਾਂ, ਉਹ ਹਿੰਦੀ ਨਹੀਂ, ਦਰਅਸਲ ਹਿੰਦੋਸਤਾਨੀ ਹੈ। ਹੁਣ ਉਹ ਹਿੰਦੋਸਤਾਨੀ ਵੀ ਨਹੀਂ। ਜਾਮਾ ਮਸਜਿਦ ਵਿਚ ਬੋਲਦੇ ਹਨ। ਜਿੱਥੇ ਮੈਂ ਰਹਿੰਦਾ ਹਾਂ, ਉੱਥੇ ਨਹੀਂ ਉਹੋ ਜਿਹੀ ਬੋਲਦੇ। ਦਿੱਲੀ ਵਿਚ ਜਿਹੜੀ ਹਿੰਦੀ ਬੋਲੀ ਜਾਂਦੀ ਹੈ, ਉਹ ਦਰਅਸਲ ਪੰਜਾਬੀ ਹੀ ਹੈ।
ਦਲਜੀਤ: ਕੁੱਲ ਮਿਲਾ ਕੇ ਮੈਂ ਇਹ ਗੱਲ ਕਹਿਣੀ ਚਾਹ ਰਿਹਾ ਸੀ ਕਿ ਜੋ ਤੁਸੀਂ ਬੋਲੀ ਤੋਂ ਸਿੱਖਦੇ ਹੋ, ਇੱਕ ਬੋਲਣਾ ਸਿੱਖਦੇ ਹੋ, ਤੇ ਦੂਜਾ ਮਨੁੱਖ ਦੇ ਤੌਰ ‘ਤੇ ਤੁਸੀਂ ਆਪਣੇ ਆਪ ਵਧਣਾ-ਫੁੱਲਣਾ ਸਿੱਖਦੇ ਹੋ। ਤੁਸੀਂ ਪੰਜਾਬੀ ਮਨੁੱਖ ਦੇ ਤੌਰ ‘ਤੇ ਦੂਜੀਆਂ ਬੋਲੀਆਂ ਵਿਚ ਵੀ ਸਿੱਖਦੇ ਹੋ। ਉਨ੍ਹਾਂ ਵਿਚ ਵੀ ਆਪਣਾ ਕਾਰਜ ਨਿਭਾਉਂਦੇ ਹੋ।
ਰੱਬੀ: ਇਹ ਜੋ ਬੋਲੀਆਂ ਉੱਤਰੀ ਭਾਰਤ ਵਿਚ ਬੋਲੀਆਂ ਜਾਂਦੀਆਂ, ਇਨ੍ਹਾਂ ਵਿਚ ਇੱਕ ਦੂਸਰੇ ਦੀ ਕੋਈ ਗੂੰਜ ਹੈ। ਮੈਨੂੰ ਅਮਰਜੀਤ ਚੰਦਨ ਦੀ ਇੱਕ ਗੱਲ ਚੰਗੀ ਲੱਗਦੀ ਹੈ। ਉਹ ਕਹਿੰਦੇ ਹਨ ਕਿ ਜਿਹੜਾ ਵੀ ਸਾਹਿਤ ਪਹਿਲੀ ਜਾਂ ਦੂਜੀ ਪੀੜ੍ਹੀ ਪੰਜਾਬੀ ਨੇ ਘੜਿਆ, ਉਹ ਪੰਜਾਬੀ ਹੈ। ਕ੍ਰਿਸ਼ਨਾ ਸੋਬਤੀ ਵੀ ਪੰਜਾਬੀ ਹੈ ਅਤੇ ਜੇ ਕੋਈ ਪੰਜਾਬੀ ਅੰਗਰੇਜ਼ੀ ਵਿਚ, ਕੈਨੇਡਾ ਵਿਚ ਲਿਖ ਰਿਹਾ ਹੈ, ਭਾਵੇਂ ਦੂਜੀ ਜਾਂ ਤੀਜੀ ਪੀੜ੍ਹੀ ਹੋਵੇ, ਉਹ ਵੀ ਪੰਜਾਬੀ ਹੈ। ਉਸ ਵਿਚ ਜੋ ਜ਼ਿਹਨੀ ਅਮਲ ਹੈ, ਉਹ ਪੰਜਾਬੀਅਤ ਤੋਂ ਹੀ ਨਿਕਲਿਆ ਹੈ। ਉਸ ਦਾ ਜੋ ਮੁੱਢ ਹੈ, ਉਸ ਦੀ ਪੈੜ ਕਿਤੇ ਨਾ ਕਿਤੇ ਤੁਸੀਂ ਪੰਜਾਬ ਵਿਚ ਲੱਭ ਸਕਦੇ ਹੋ। ਇਹ ਗੱਲ ਮੈਨੂੰ ਕੁਝ ਠੀਕ ਮਹਿਸੂਸ ਹੁੰਦੀ ਹੈ, ਕਿਉਂਕਿ ਮੇਰੀ ਭੈਣ ਹਿੰਦੀ ਵਿਚ ਲਿਖਦੀ ਹੈ। ਜਦੋਂ ਮੈਂ ਉਨ੍ਹਾਂ ਨੂੰ ਸੁਆਲ ਕੀਤਾ ਕਿ ਪੰਜਾਬੀ ਹੋ ਕੇ ਹਿੰਦੀ ਵਿਚ ਕਿਉਂ ਲਿਖਦੇ ਹੋ? ਉੱਥੇ ਮੈਨੂੰ ਸਮਝ ਆਇਆ ਕਿ ਦਰਅਸਲ ਇਹ ਸਵਾਲ ਗਲਤ ਹੈ। ਸਵਾਲ ਇਹ ਹੈ ਕਿ ਮੈਂ ਦਿੱਲੀ ਵਿਚ ਅੰਮ੍ਰਿਤਸਰ ਵਾਲੀ ਜਾਂ ਆਪਣੇ ਪਿੰਡ ਵਾਲੀ ਪੰਜਾਬੀ ਦਾ ਇਸਤੇਮਾਲ ਕਿਉਂ ਕਰਦਾ ਹਾਂ? ਕਿਹੜੀ ਜ਼ਬਾਨ ਤੁਹਾਨੂੰ ਕਿਉਂ ਚੁਣਦੀ ਹੈ, ਉਹ ਇੱਕ ਰਹੱਸ ਹੈ। ਉਸ ਨੂੰ ਰਹੱਸ ਹੀ ਰਹਿਣ ਦੇਣਾ ਚਾਹੀਦਾ ਹੈ। ਉਸ ਨੂੰ ਜੋ ਲੱਭਣ ਜਾਵਾਂਗੇ, ਉਹ ਜੋ ਭਾਫ ਹੈ, ਉਸ ਵਿਚੋਂ ਵਾਸ਼ਨਾ ਨਿਕਲ ਜਾਣੀ ਹੈ ਅਤੇ ਹੱਥ ਕੁਝ ਵੀ ਨਹੀਂ ਆਉਣਾ।
ਦਲਜੀਤ: ਇਹ ਰਹੱਸ ਵਾਲੀ ਗੱਲ ਖੂਬਸੂਰਤ ਹੈ, ਇਸ ਲਈ ਇਸ ਨੂੰ ਮੈਂ ਇੱਥੇ ਹੀ ਛੱਡਦਾ ਹਾਂ।
ਤੁਸੀਂ ਜੋ ਸ਼ੁਰੂ ਵਿਚ ਗੱਲ ਕੀਤੀ ਸੀ, ਸਾਡੇ ਦੌਰ ਦਾ ਪੰਜਾਬੀ ਪੌਪ ਸੰਗੀਤ ਹੈ, ਉਸ ਬਾਬਤ ਤੁਸੀਂ ਟਿੱਪਣੀ ਕਰ ਰਹੇ ਸੀ। ਮੈਂ ਚਾਹੁੰਦਾ ਹਾਂ, ਤੁਸੀਂ ਆਪਣੀ ਉਸ ਗੱਲ ਨੂੰ ਅੱਗੇ ਵਧਾਓ।
ਰੱਬੀ: ਸਾਡੇ ਪੌਪ ਸੰਗੀਤ ਵਿਚ, ਸਾਡੇ ਪੁਰਾਣੇ ਪੌਪ ਸੰਗੀਤ ਵਿਚ ਹੈ। ਜਿਵੇਂ ਮੈਂ ਜੁਗਨੀ ਗੀਤ ਲਿਖਿਆ। ਉਸ ਲਈ ਮੈਂ ਪੁਰਾਣੀਆਂ ਜੁਗਨੀਆਂ ਸੁਣੀਆਂ। ਵਣਜਾਰਾ ਬੇਦੀ ਦਾ ਲੋਕਧਾਰਾ ਵਿਸ਼ਵਕੋਸ਼ ਪੜ੍ਹਨ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਮੈਨੂੰ ਸਮਝ ਲੱਗੀ ਕਿ ਜੋ ਲੋਕ ਸ਼ੈਲੀ ਹੈ, ਜਾਂ ਜੋ ਸਾਡੀਆਂ ਲੋਕ ਵੰਨਗੀਆਂ ਸਨ, ਉਨ੍ਹਾਂ ਵਿਚ ਕੋਈ ਇਹੋ ਜਿਹੀ ਸੁਗੰਧੀ ਸੀ ਜਿਸ ਵਿਚ ਹਰ ਕਿਸੇ ਨੂੰ ਖਿੱਚਣ ਦਾ ਮਾਦਾ ਸੀ। ਹੁਣ ਜੋ ਸਾਡਾ ਸੰਗੀਤ ਹੈ, ਉਸ ਵਿਚ ਮੈਨੂੰ ਲੱਗਦਾ ਹੈ ਕਿ ਉਸ ਕਿਸਮ ਦੀ ਖਿੱਚਣ ਦੀ ਸਮਰੱਥਾ ਬੜੀ ਸੁੰਗੜ ਗਈ ਹੈ। ਸਾਡਾ ਜੋ ਪੰਜਾਬੀ ਪੌਪ ਸੰਗੀਤ ਹੈ, ਜੇ ਤੁਸੀਂ ਇਸ ਨੂੰ ਪੁਰਾਣੇ ਪੌਪ ਸੰਗੀਤ ਜਾਂ ਲਾਹੌਰ ਦਾ ਜੋ 1940 ਦੇ ਦੌਰ ਦਾ ਪੌਪ ਮਿਊਜ਼ਿਕ ਸੀ ਜਿਸ ਨੂੰ ਤੁਸੀਂ ਸੁਣਨ ਦੀ ਕੋਸ਼ਿਸ ਕਰੋ ਜਾਂ ਸੁਰਿੰਦਰ ਕੌਰ ਜਾਂ ਆਸਾ ਸਿੰਘ ਮਸਤਾਨਾ ਦਾ ਸੰਗੀਤ ਸੁਣਨ ਦੀ ਕੋਸ਼ਿਸ਼ ਕਰੋ, ਉਸ ਨੂੰ ਮਾਲਵੇ ਵਿਚ ਬੈਠਾ ਬੰਦਾ ਵੀ ਉਸੇ ਤਰ੍ਹਾਂ ਮਾਣ ਸਕਦਾ ਹੈ ਅਤੇ ਚੰਬੇ ਵਿਚ ਬੈਠਾ ਬੰਦਾ ਵੀ। ਹੁਣ ਜੋ ਪੌਪ ਸੰਗੀਤ ਹੈ, ਉਹ ਹਰ ਕਿਸੇ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਇੱਕਸਾਰ ਕਰਨ ਵਾਲੀ ਤਾਕਤ ਬਣ ਗਿਆ ਹੈ, ਬਜਾਇ ਇਸ ਦੇ ਕਿ ਉਹ ਜਮਹੂਰੀ ਵੰਨਗੀ ਹੋਵੇ। ਜਿਸ ਨੂੰ ਜਿਸ ਵੀ ਤਰੀਕੇ ਨਾਲ ਕੋਈ ਸਮਝਣਾ ਚਾਹੇ, ਸਮਝ ਸਕਦਾ ਹੈ। ਸਾਡੇ ਅਜੋਕੇ ਪੌਪ ਸੰਗੀਤ ਵਿਚ ਮਾਲਵੇ ਦੀ ਚੌਧਰ ਲੋੜ ਤੋਂ ਵੱਧ ਹੈ। ਜੱਟਾਂ ਦੀ ਭੂਮਿਕਾ ਲੋੜ ਤੋਂ ਵੱਧ ਹੈ। ਵੈਲੀ ਜੱਟ ਦੀ ਪ੍ਰਭੂਤਾ ਸੰਗੀਤ ਵਿਚ ਲੋੜ ਤੋਂ ਵੱਧ ਹੈ। ਅਸੀਂ ਇਸ ਨੂੰ ਜ਼ਿਆਦਾਤਰ ਇੱਕ ਕਿਸਮ ਦਾ ਆਵਾਰਾ ਸੰਗੀਤ ਬਣਾ ਦਿੱਤਾ ਹੈ।
ਦਲਜੀਤ: ਤੁਸੀਂ ਪੰਜਾਬ ਵਿਚ ਜ਼ਮੀਨ ਦੇ ਮਾਲਕਾਂ ਦੇ ਸੰਗੀਤ ਨੂੰ ਇਹ ਕਹਿ ਰਹੇ ਹੋ ਕਿ ਇਹ ਆਵਾਰਾ ਸੰਗੀਤ ਹੈ।
ਰੱਬੀ: ਬੜਾ ਹੀ ਆਵਾਰਾ ਸੰਗੀਤ ਹੈ। ਮੈਂ ਇੱਕ ਵਾਰ ਨਹੀਂ, ਪਹਿਲਾਂ ਵੀ ਕਈ ਵਾਰ ਇਸ ਬਾਰੇ ਕਹਿ ਚੁੱਕਾ ਹਾਂ। ਬੜਾ ਹੀ ਉਜੱਡ ਸੰਗੀਤ ਹੈ। ਜਿੱਥੇ ਤੁਸੀਂ ਗੱਲਾਂ ਹੀ ਇਸ ਤਰ੍ਹਾਂ ਕਰਦੇ ਹੋ- ‘ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਨੀ ਬੱਲੀਏ ਮੈਂ ਓਸ ਪਿੰਡ ਦਾ’, ਇਹੋ ਜਿਹੀਆਂ ਗੱਲ ਹੋਣ। ਮੈਂ ਆਪਣੇ ਪਰਿਵਾਰ ਵਿਚ ਕਬਜ਼ੇ ਵਿਚ ਆਨੰਦ ਲੈਣ ਵਾਲਿਆਂ ਨੂੰ ਬਹੁਤ ਘੱਟ ਜਾਣਦਾ ਹਾਂ। ਮੇਰੀ ਜੋ ਵੀ ਗੁੜ੍ਹਤੀ ਹੈ, ਉਹ ਚੰਗੇ ਘਰ, ਮੁਹੱਲੇ ਵਿਚ ਚੰਗਾ ਬੰਦਾ ਬਣਾਉਣ ਵਿਚ ਉਸ ਦੀ ਭੂਮਿਕਾ ਹੈ। ਮੈਨੂੰ ਇਸ ਤਰ੍ਹਾਂ ਕਿਸੇ ਨੇ ਪ੍ਰੇਰਿਆ ਹੀ ਨਹੀਂ।
ਦਲਜੀਤ: ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ। ਮੇਰੇ ਨਾਨਕੇ, ਦਾਦਕੇ, ਭੂਆ, ਫੁੱਫੜ, ਮਾਸੀਆਂ ਦੇ ਸਾਰੇ ਪਿੰਡਾਂ ਨੂੰ ਮਿਲਾ ਕੇ ਵੀ ਦੇਖਿਆ ਜਾਵੇ ਤਾਂ ਮੈਨੂੰ ਇਸ ਤਰ੍ਹਾਂ ਦਾ ਬੰਦਾ ਕਦੇ ਜ਼ਿੰਦਗੀ ਵਿਚ ਨਹੀਂ ਮਿਲਿਆ।
ਰੱਬੀ: ਮੇਰੇ ਫੁੱਫੜ ਜੀ ਸਨ। ਉਨ੍ਹਾਂ ਦਾ ਕੱਦ 6 ਫੁੱਟ ਅਤੇ ਭਰਵੇਂ ਜੁੱਸੇ ਵਾਲਾ ਸਰੀਰ ਸੀ। ਉਹ ਅਫਸਰ ਸਨ। ਉਨ੍ਹਾਂ ਦਾ ਹੱਥ ਹੀ ਤਿੰਨ ਕਿੱਲੋ ਦਾ ਸੀ। ਸੰਨੀ ਦਿਓਲ ਦਾ ਢਾਈ ਕਿੱਲੋ ਦਾ ਹੋਣਾ ਤਾਂ ਮੇਰੇ ਫੁੱਫੜ ਦਾ ਘੱਟੋ-ਘੱਟੋ ਤਿੰਨ ਕਿੱਲੋ ਦਾ ਹੋਣਾ। ਉਨ੍ਹਾਂ ਨੂੰ ਮੈਂ ਆਂਢ-ਗੁਆਂਢ ਵਿਚ ਲੋਕਾਂ ਦੇ ਝਗੜਿਆਂ ਦੇ ਨਿਤਾਰੇ ਕਰਵਾਉਂਦਿਆ ਦੇਖਿਆ। ਉਨ੍ਹਾਂ ਨੂੰ ਮੈਂ ਹਰ ਕਿਸੇ ਨਾਲ ਖੜ੍ਹਦੇ ਦੇਖਿਆ। ਮੇਰੇ ਪਿਤਾ ਜੀ ਚਲਾਣਾ ਕਰ ਗਏ ਤਾਂ ਉਹ ਮੇਰੇ ਨਾਲ ਪਿੰਡ ਜਾ ਕੇ ਪਟਵਾਰੀ ਕੋਲ ਜਾਣਾ, ਤਹਿਸੀਲ ਜਾਣਾ, ਇਹੋ ਜਿਹੇ ਸਾਰੇ ਕੰਮ ਮੈਂ ਉਨ੍ਹਾਂ ਨੂੰ ਕਰਦੇ ਦੇਖਿਆ। ਆਪਣੀ ਜ਼ਿੰਦਗੀ ਵਿਚ, ਆਪਣੀ ਪਰਿਵਾਰਕ ਵੰਡ ਵਿਚ ਵੀ ਜੇਕਰ ਚੰਗਾ ਖੁਰਾ ਕਿਸੇ ਹੋਰ ਵੱਲ ਜਾ ਰਿਹਾ ਹੋਵੇ ਤਾਂ ਉੱਥੇ ਵੀ ਮੈਂ ਉਨ੍ਹਾਂ ਨੂੰ ਪੈਰ ਪਿੱਛੇ ਹਟਦੇ ਦੇਖਿਆ। ਮੈਂ ਇੱਕ ਦਾਨਾ ਸ਼ਖਸੀਅਤ ਦੇਖੀ ਅਤੇ ਇਕੱਲੇ ਆਪਣੇ ਫੁੱਫੜ ਵਿਚ ਹੀ ਨਹੀਂ ਦੇਖੀ ਬਲਕਿ ਅਜਿਹੀਆਂ ਸ਼ਖਸੀਅਤਾਂ ਜ਼ਿਆਦਾ ਸਨ।
ਦਲਜੀਤ: ਇਸ ਦਾ ਮਤਲਬ, ਜੋ ਭਾਰੀ ਹੱਥ ਹਨ, ਉਹ ਲੋਕਾਂ ਨੂੰ ਇਕੱਲੇ ਕੁੱਟਣ ਲਈ ਨਹੀਂ ਹੁੰਦੇ ਬਲਕਿ ਉਹ ਨਫਾਸਤ ਲਈ ਵੀ ਹੁੰਦੇ ਹਨ। ਖੂਬਸੂਰਤ ਜ਼ਿੰਦਗੀ ਲਈ ਵੀ ਹੁੰਦੇ ਹਨ।
ਰੱਬੀ: ਮੇਰੇ ਦਾਦੀ ਜੀ ਫੁੱਲ ਭਾਰੀ ਜ਼ਨਾਨੀ ਸੀ ਪਰ ਉਨ੍ਹਾਂ ਦੀ ਆਵਾਜ਼ ਵਿਚ ਖੜਕਾ ਸੀ। ਉਹ ਪਿੰਡ ਰਹਿੰਦੀ ਸੀ ਪਰ ਪਿੰਡ ਵਿਚ ਜਿਵੇਂ ਅੰਗਰੇਜ਼ੀ ਵਿਚ ਅਸੀਂ ਕਹਿੰਦੇ ਹਾਂ, ‘ਉਹ ਖੁਦ ਸੰਭਾਲ ਲਵੇਗੀ’। ਅਸੀਂ ਉਨ੍ਹਾਂ ਦੀਆਂ ਬਹੁਤ ਗੱਲਾਂ ਸੁਣਦੇ ਰਹੇ ਹਾਂ ਕਿ ਉਸ ਕੋਲ ਖਾੜਕੂ ਆਏ ਅਤੇ ਪਿੱਛੇ-ਪਿੱਛੇ ਪੁਲੀਸ ਵੀ ਆ ਗਈ। ਉਹ ਕੰਬਦੀ ਹੁੰਦੀ ਸੀ। ਇੱਕ ਪੁਲਿਸ ਵਾਲਾ ਉਸ ਕੋਲ ਆ ਕੇ ਕਹਿੰਦਾ- ‘ਮਾਤਾ ਸੁਣਿਆ ਹੈ, ਤੇਰੇ ਕੋਲ ਖਾੜਕੂ ਆਉਂਦੇ ਹਨ`। ਮੇਰੀ ਦਾਦੀ ਨੂੰ ਹੋਰ ਕੁਝ ਨਹੀਂ ਸੁਝਿਆ ਤਾਂ ਉਸ ਮਾਚਿਸ ਦੀ ਡੱਬੀ ਫੜੀ ਅਤੇ ਤੀਲ੍ਹੀਆਂ ਬਾਲ ਕੇ ਸਿਪਾਹੀ ਦੇ ਬੂਟਾਂ ਉੱਪਰ ਸੁੱਟਣ ਲੱਗੀ। ਸਿਪਾਹੀ ਨੂੰ ਗੱਲ ਸਮਝ ਨਹੀਂ ਆਈ ਅਤੇ ਸਿਪਾਹੀ ਮੇਰੀ ਦਾਦੀ ਨੂੰ ਕਹਿੰਦਾ- ‘ਬੀਬੀ, ਤੂੰ ਇਹ ਕੀ ਕਰ ਰਹੀ ਹੈਂ?` ਉਹ ਕਹਿੰਦੀ- ‘ਮੈਂ ਤੈਨੂੰ ਫੂਕਦੀ ਹਾਂ। ਤੂੰ ਸਾਡੇ ਮੁੰਡਿਆਂ ਦੀਆਂ ਬਿੜਕਾਂ ਲੈਂਦਾ ਫਿਰਦਾ ਹੈ। ਮੈਂ ਤੈਨੂੰ ਫੂਕਦੀ ਹਾਂ।` ਇਹੋ ਜਿਹਾ ਜਜ਼ਬਾ ਰੱਖਣ ਵਾਲੀ ਔਰਤ ਸੀ। ਇਸੇ ਤਰ੍ਹਾਂ ਮੈਂ ਆਪਣੇ ਪਰਿਵਾਰ ਵਿਚ ਆਪਣੀ ਵੱਡੀ ਭੈਣ ਨੂੰ ਇਸ ਤਰ੍ਹਾਂ ਦੇ ਜਜ਼ਬੇ ਨਾਲ ਜ਼ਿੰਦਗੀ ਜਿਊਂਦੇ ਦੇਖਿਆ ਹੈ। ਆਪਣੀ ਮਾਂ ਨੂੰ ਦੇਖਿਆ ਹੈ। ਮੇਰੇ ਲਈ ਪੰਜਾਬੀਆਂ ਦਾ ਜੋ ਨਾਬਰੀ ਵਾਲਾ ਪੱਖ ਹੈ, ਉਹ ਕਿਸੇ ਉੱਪਰ ਹਮਲਾਵਰ ਹੋਣਾ ਨਹੀਂ ਹੈ। ਕਿਸੇ ਦੇ ਹੱਕ ਸੱਚ ਲਈ ਖੜ੍ਹਨਾ ਹੈ। ਜੋ ਪੌਪ ਸੰਗੀਤ ਹੈ, ਉਹ ਪੰਜਾਬੀਅਤ ਦੇ ਸਮਤੋਲ ਨੂੰ ਵਿਗਾੜ ਰਿਹਾ ਹੈ। ਸਾਨੂੰ ਇਸ ਨੇ ਥੋੜ੍ਹੀ ਦੇਰ ਬਾਅਦ ਹਿੰਦੋਸਤਾਨ ਦੇ ਬਦਨਾਮ ਸੂਬਿਆਂ ਦੀ ਕਤਾਰ ਵਿਚ ਲਿਆ ਕੇ ਖੜ੍ਹਾ ਕਰ ਦੇਣਾ ਹੈ। ਪੰਜਾਬੀਅਤ ਨੇ ਸਮਾਨ-ਅਰਥੀ ਬਣ ਜਾਣਾ ਬਦਮਾਸ਼ ਹੋਣ ਦਾ, ਲੰਡੂ ਹੋਣ ਦਾ, ਉਜੱਡ ਹੋਣ ਦਾ, ਖੌਰੂ ਪਾਉਣ ਵਾਲਿਆ ਦਾ। ਮੈਨੂੰ ਇਸ ਤੋਂ ਤਕਲੀਫ ਹੁੰਦੀ ਹੈ। ਮੈਂ ਇਹ ਨਹੀਂ ਸਮਝਦਾ ਕਿ ਪੰਜਾਬੀਆਂ ਨੂੰ ਅੱਖਾਂ ਵਿਚ ਅੱਖਾਂ ਪਾ ਕੇ ਦੇਖਣਾ ਨਹੀਂ ਆਉਣਾ ਚਾਹੀਦਾ। ਸਾਨੂੰ ਇੱਥੇ ਤੱਕ ਖੜ੍ਹਾ ਕਰਨ ਲਈ ਜਿੰਨੀ ਮਿਹਨਤ-ਮੁਸ਼ੱਕਤ ਪਿਛਲੀਆਂ ਪੀੜ੍ਹੀਆਂ ਨੇ ਕੀਤੀ ਹੈ, ਮੈਂ ਉਸ ਨੂੰ ਪੌਪ ਸੰਗੀਤ ਜ਼ਰੀਏ ਖੁਰਦ-ਬੁਰਦ ਹੁੰਦਿਆਂ ਦੇਖਦਾ ਹਾਂ। ਪੌਪ ਸੰਗੀਤ ਕੋਲ ਬਹੁਤ ਤਾਕਤ ਹੈ। ਪੌਪ ਸੰਗੀਤ ਤੁਹਾਡੇ ਦਿਮਾਗ ਦਾ ਇੱਕ ਕਿਸਮ ਦਾ ਸੌਫਟਵੇਅਰ ਹੈ। ਆਰਟ ਸੌਫਟਵੇਅਰ ਹੈ, ਹੋਰ ਇਸ ਦੀ ਵੱਖ-ਵੱਖ ਵਿਆਖਿਆ ਹੈ ਪਰ ਇਸ ਦੀ ਇਹ ਹੱਦਬੰਦੀ ਹੈ। ਇਹ ਬੰਦੇ ਦਾ ਸੌਫਟਵੇਅਰ ਹੈ ਜੋ ਸੋਚਣ ਦਾ ਜ਼ਰੀਆ ਬਣਦੀ ਹੈ। ਉਹ ਹੁਣ ਦਿਖਾਈ ਨਹੀਂ ਦਿੰਦਾ। (ਚੱਲਦਾ)