ਪੂੰਜੀਵਾਦ ਧਰਤ ਨੂੰ ਕਿੰਝ ਕਰ ਰਿਹੈ ਬਰਬਾਦ

ਹਰੀਪਾਲ
ਫੋਨ: +91-403-714-4816
ਪੂੰਜੀਵਾਦ ਤਾਂ ਖਤਰਨਾਕ ਹੈ ਹੀ ਪਰ ਪੂੰਜੀਵਾਦੀ ਸੋਚ ਜਿਹੜੀ ਆਮ ਲੋਕਾਂ ਦੇ ਦਿਮਾਗ ਵਿਚ ਘਰ ਕਰ ਗਈ ਹੈ, ਇਸ ਤੋਂ ਵੀ ਵੱਧ ਖਤਰਨਾਕ ਹੈ। ਅਸੀਂ ਇਹੋ ਜਿਹੇ ਸਮੇਂ ਵਿਚ ਜੀਅ ਰਹੇ ਹਾਂ ਜਦ ਕੋਈ ਕਿਸੇ ਤੇ ਇਤਬਾਰ ਨਹੀਂ ਕਰ ਸਕਦਾ, ਜਾਂ ਕਹੀਏ ਕਿ ਇਹ ਬੇਇਤਬਾਰੀ ਦਾ ਯੁਗ ਹੈ।

ਹਾਲਤ ਇਹ ਹੋ ਗਏ ਹਨ ਕਿ ਗੂੜ੍ਹੇ ਰਿਸ਼ਤੇ ਪਤਲੇ ਪੈ ਗਏ ਹਨ। ਬਾਹਰ ਜਾਣ ਵਾਲਾ ਸ਼ਖਸ ਆਪਣੀ ਕੋਠੀ ਜਾਂ ਜ਼ਮੀਨ ਵਗੈਰਾ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲ ਜਾਂਦਾ ਹੈ ਤੇ ਜਦ ਵਾਪਸ ਆ ਕੇ ਆਪਣੀ ਕੋਠੀ ਜਾਂ ਜ਼ਮੀਨ ਵਾਪਸ ਮੰਗਦਾ ਹੈ ਤਾਂ ਕਈ ਵਾਰੀ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦਾ ਹੈ। ਕਿੰਨੇ ਹੀ ਭਰਾ ਜਿਹਨਾਂ ਨੇ ਬਾਹਰ ਜਾ ਕੇ ਬੇਹੱਦ ਕੰਮ ਕਰਕੇ ਆਪਣੇ ਘਰਾਂ ਨੂੰ ਪੈਰਾਂ ਸਿਰ ਕੀਤਾ, ਆਪਣੇ ਹੀ ਭਰਾਵਾਂ ਹੱਥੋਂ ਮਾਰੇ ਗਏ। ਕਿੰਨੀਆਂ ਹੀ ਸਾਡੀਆਂ ਧੀਆਂ ਜਾਂ ਭੈਣਾਂ ਆਪਣੇ ਮਾਪਿਆਂ ਤੋਂ ਜ਼ਮੀਨ ਵਿਚੋਂ ਹਿੱਸਾ ਲੈ ਲੈਂਦੀਆਂ ਹਨ ਜਾਂ ਮੰਗਦੀਆਂ ਹਨ ਪਰ ਆਪਣੇ ਸਹੁਰਿਆਂ ਦੀ ਜ਼ਮੀਨ ਵਿਚੋਂ ਆਪਣੀਆਂ ਨਣਦਾਂ ਨੂੰ ਹਿੱਸਾ ਦੇਣ ਨੂੰ ਤਿਆਰ ਨਹੀਂ।
ਪੂੰਜੀਵਾਦੀ ਸੋਚ ਨੇ ਮਨੁੱਖ ਨੂੰ ਹਾਬੜਾ ਲਾ ਦਿੱਤਾ ਹੈ। ਹਰ ਵੇਲ਼ੇ ਪੈਸਾ ਪੈਸਾ। ਮਨੁੱਖ ਨੇ ਪੈਸਾ ਕਮਾਉਣ ਲਈ ਫੈਕਟਰੀਆਂ ਲਾਈਆਂ, ਮਜ਼ਦੂਰਾਂ ਦੀ ਲੁੱਟ ਕੀਤੀ, ਫੈਕਟਰੀਆਂ ਦਾ ਗੰਦ ਧਰਤੀ ਵਿਚ ਬੋਰ ਕਰਕੇ ਗਰਕ ਕਰ ਰਿਹਾ ਹੈ ਜਾਂ ਦਰਿਆਵਾਂ ਵਿਚ ਸੁੱਟ ਰਿਹਾ ਹੈ, ਨਾਲ਼ੇ ਉਸ ਨੂੰ ਪਤਾ ਹੈ ਕਿ ਪਾਣੀ ਹੀ ਜੀਵਨ ਹੈ; ਫਿਰ ਵੀ ਥੋੜ੍ਹਚਿਰੇ ਮੁਨਾਫੇ ਲਈ ਕੁਝ ਵੀ ਨਹੀਂ ਦੇਖਦਾ। ਸਾਰੇ ਮੁਲਕਾਂ ਵਿਚ ਪਲਾਸਟਿਕ ਦੀਆਂ ਫੈਕਟਰੀਆਂ ਹਨ, ਐਸ ਵੇਲ਼ੇ ਇੱਕ ਟਨ ਤੋਂ ਉਪਰ ਪਲਾਸਟਿਕ ਹਰ ਘੰਟੇ ਸਮੁੰਦਰ ਵਿਚ ਜਾ ਰਿਹਾ ਹੈ ਪਰ ਕੋਈ ਵੀ ਪ੍ਰਵਾਹ ਨਹੀਂ ਕਰ ਰਿਹਾ। ਸਮੁੰਦਰ ਵਿਚ ਪਲਾਸਟਿਕ ਦੇ ਤਿੰਨ ਵੱਡੇ ਵੱਡੇ ਗਾਰਬੇਜ ਟਾਪੂ ਬਣ ਗਏ ਹਨ। ਕੈਲੀਫੋਰਨੀਆ ਅਤੇ ਹਵਾਈ ਦੇ ਵਿਚਕਾਰ ਪਲਾਸਟਿਕ ਦਾ ਟਾਪੂ ਫਰਾਂਸ ਤੋਂ ਵੀ ਵੱਡਾ ਹੈ ਜਿਸ ਤੋਂ ਸਮੁੰਦਰੀ ਜਹਾਜ਼ ਪਾਸੇ ਹੋ ਕੇ ਲੰਘਦੇ ਹਨ ਪਰ ਕਿਸ ਸਰਕਾਰ ਦੀ ਜੁਰਅਤ ਹੈ ਜਿਹੜੀ ਪਲਾਸਟਿਕ ਬਣਾਉਣ ਵਾਲ਼ੀਆਂ ਫੈਕਟਰੀਆਂ ਨਾਲ ਪੰਗਾ ਲਵੇ!
ਮਾਹਰ ਕਹਿੰਦੇ ਹਨ ਕਿ 2050 ਤੱਕ ਜੇਕਰ ਇਸੇ ਹਿਸਾਬ ਨਾਲ ਪਲਾਸਟਿਕ ਸਮੁੰਦਰ ਵਿਚ ਜਾਂਦਾ ਰਿਹਾ ਤਾਂ ਸਮੁੰਦਰ ਵਿਚ ਪਲਾਸਟਿਕ ਸਮੁੰਦਰੀ ਜੀਵਾਂ ਨਾਲ਼ੋਂ ਵੀ ਵਧ ਜਾਵੇਗਾ। ਫਿਰ ਜਿਹੜੇ ਲੋਕ ਸਿਰਫ ਸਮੁੰਦਰੀ ਜੀਵਾਂ ਤੋਂ ਆਪਣਾ ਰੁਜ਼ਗਾਰ ਕਮਾਉਂਦੇ ਹਨ ਜਾਂ ਜਿਹਨਾਂ ਦੀ ਖੁਰਾਕ ਹੀ ਸਮੁੰਦਰੀ ਜੀਵ ਹਨ, ਉਹ ਕੀ ਕਰਨਗੇ? ਕੁਝ ਚਿਰ ਬਾਅਦ ਇਹ ਕਾਰਪੋਰੇਸ਼ਨਾਂ ਸਰਕਾਰਾਂ ਤੋਂ ਪੈਸੇ ਲੈ ਕੇ ਸਮੁੰਦਰ ਵਿਚੋਂ ਪਲਾਸਟਿਕ ਕੱਢਣ ਦਾ ਕੰਮ ਸ਼ੁਰੂ ਕਰਨਗੀਆਂ ਅਤੇ ਆਮ ਲੋਕ ਟੈਕਸਾਂ ਰਾਹੀਂ ਇਸ ਦੀ ਭਰਪਾਈ ਕਰਨਗੇ। ਜਿਹੜੀ ਹੇਠਲੀ ਜਮਾਤ ਪਹਿਲਾਂ ਹੀ ਟੈਕਸਾਂ ਦੇ ਬੋਝ ਨਾਲ ਮਾਰੀ ਪਈ ਹੈ, ਉਸ ਤੇ ਹੋਰ ਬੋਝ ਪਾਇਆ ਜਾਵੇਗਾ। ਧਰਤੀ ਦੀ ਇੱਕ ਹੋਰ ਦੁਸ਼ਮਣ ਹੈ ਮਾਈਨਿੰਗ; ਸਮੁੰਦਰੀ ਰੇਤ ਜਾਂ ਦਰਿਆਵਾਂ ਦੀ ਰੇਤ ਅੱਜ ਕੱਲ੍ਹ ਬੁਰੀ ਤਰ੍ਹਾਂ ਕੱਢੀ ਜਾ ਰਹੀ ਹੈ। ਅਸਟਰੇਲੀਆਂ ਦੀਆਂ ਕੰਪਨੀਆਂ, ਇੰਡੋਨੇਸ਼ੀਆਂ ਦੇ ਲਾਗਿਓਂ ਸਮੁੰਦਰ ਵਿਚੋਂ ਰੇਤ ਕੱਢਦੀਆਂ ਹਨ। ਵੱਡੀਆਂ-ਵੱਡੀਆਂ ਪਾਈਪਾਂ ਰਾਹੀਂ ਧਰਤੀ ਵਿਚੋਂ ਰੇਤ ਖਿੱਚੀ ਜਾਂਦੀ ਹੈ, ਰੇਤ ਦੇ ਨਾਲ ਹੀ ਸਮੁੰਦਰੀ ਜੀਵ, ਕੀੜੇ ਮਕੌੜੇ ਵਗੈਰਾ ਖਿੱਚੇ ਜਾਂਦੇ ਹਨ। ਇਹ ਕੀੜੇ ਮਕੌੜੇ ਘੋਗੇ ਸਿੱਪੀਆਂ ਮਨੁੱਖ ਦੀ ਲਾਲਚ ਦੀ ਭੇਟਾ ਚੜ੍ਹ ਜਾਂਦੇ ਹਨ। ਸਮੁੰਦਰ ਵਿਚ ਇਸ ਸੈਂਡ ਮਾਈਨਿੰਗ ਕਰਕੇ ਇੰਡੋਨੇਸ਼ੀਆ ਦਾ ਇੱਕ ਟਾਪੂ ਸਮੁੰਦਰ ਵਿਚ ਹੀ ਗਰਕ ਗਿਆ। ਬਹੁਤ ਸਾਰੇ ਮੁਲਕਾਂ ਵਿਚ ਧਰਤੀ ਵਿਚੋਂ ਪੱਥਰ ਕੱਢਣ ਦਾ ਰੁਝਾਨ ਹੈ। ਧਰਤੀ ਵਿਚੋਂ ਵੱਡੇ ਵੱਡੇ ਟੋਏ ਜਾਂ ਖੁੱਲ੍ਹੀਆਂ ਖਦਾਣਾਂ ਰਾਹੀਂ ਪੱਥਰ ਕੱਢਿਆ ਜਾਂਦਾ ਹੈ। ਫਿਰ ਇਸ ਪੱਥਰ ਨੂੰ ਕਰੱਸ਼ ਕਰਕੇ ਕੰਸਟਰੱਕਸ਼ਨ ਲਈ ਵਰਤਿਆ ਜਾਂਦਾ ਹੈ। ਪੰਜਾਬ ਵਿਚ ਹੁਸ਼ਿਆਰਪੁਰ ਲਾਗੇ ਇਹ ਕੰਮ ਜ਼ੋਰ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਹ ਉਪਜਾਊ ਧਰਤੀ ਜਿਸ ਨੇ ਮਨੁੱਖਤਾ ਲਈ ਅੰਨ ਪੈਦਾ ਕਰਨਾ ਸੀ, ਵੱਡੇ ਵੱਡੇ ਟੋਇਆਂ ਦੀ ਸ਼ਕਲ ਵਿਚ ਛੱਡ ਦਿੱਤੀ ਜਾਂਦੀ ਹੈ।
ਬਹੁਤ ਮੁਲਕਾਂ ਵਿਚ ਪਹਾੜਾਂ ਨੂੰ ਡਾਇਨਾਮਾਈਟ ਰਾਹੀਂ ਉਡਾ ਦਿੱਤਾ ਜਾਂਦਾ ਹੈ ਕਿਉਂਕਿ ਪਹਾੜਾਂ ਵਿਚ ਹੀਰੇ ਜਵਾਹਰਾਤ ਜਾਂ ਹੋਰ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ ਭਰੇ ਪਏ ਹਨ। ਇਹ ਪਹਾੜ ਨਮੀ ਨਾਲ ਭਰੀਆਂ ਹਵਾਵਾਂ ਨੂੰ ਰੋਕ ਕੇ ਬਾਰਸ਼ ਦਾ ਕਾਰਨ ਬਣਦੇ ਹਨ। ਇਹ ਬਾਰਸ਼ ਦਰਿਆਵਾਂ ਨੂੰ ਪਾਣੀ ਨਾਲ ਭਰਪੂਰ ਕਰਦੀ ਹੈ ਅਤੇ ਇਹਨਾਂ ਦਰਿਆਵਾਂ ਤੋਂ ਨਹਿਰਾਂ ਵਗੈਰਾ ਕੱਢ ਕੇ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਕਿੰਨਾ ਜਨ ਜੀਵਨ ਇਹਨਾਂ ਦਰਿਆਵਾਂ ਤੇ ਨਿਰਭਰ ਕਰਦਾ ਹੈ। ਇੱਕ ਗੱਲ ਹੋਰ, ਇਹਨਾਂ ਪਹਾੜਾਂ ਤੋਂ ਦਰੱਖਤਾਂ ਦਾ ਵਢਾਂਗਾ ਕਰਕੇ ਦਰੱਖਤ ਰੋਡੇ ਭੋਡੇ ਕੀਤੇ ਜਾ ਰਹੇ ਹਨ। ਇਸੇ ਕਰਕੇ ਪਹਾੜਾਂ ਦੀ ਮਿੱਟੀ ਖਿਸਕ ਕੇ ਫਿਰ ਤਬਾਹੀ ਲਿਆਂਉਦੀ ਹੈ ਪਰ ਕੌਣ ਪਰਵਾਹ ਕਰਦਾ ਹੈ। ਕਾਰਪੋਰੇਸ਼ਨਾਂ ਅਤੇ ਸਰਕਾਰਾਂ ਨੂੰ ਤਾਂ ਪੈਸਾ ਚਾਹੀਦਾ ਹੈ। ਮਨੁੱਖ ਦੀ ਸੋਚਣੀ ਕਿੰਨੀ ਛੋਟੀ ਹੋ ਗਈ ਹੈ। ਧਰਤੀ ਦੇ ਮੌਸਮ ਦਾ ਵਿਗਾੜ ਤਾਂ ਇਹਨਾਂ ਅਮੀਰਾਂ ਦੀਆਂ ਪੀੜ੍ਹੀਆਂ ਨੂੰ ਵੀ ਝੱਲਣਾ ਪਵੇਗਾ, ਇਹਨਾਂ ਅਮੀਰਾ ਦੇ ਪੋਤੇ ਪੋਤੀਆਂ ਜਾਂ ਦੋਹਤੇ ਦੋਹਤੀਆਂ ਐਡੀ ਛੇਤੀ ਤਾਂ ਮੰਗਲ਼ ਤੇ ਕਲੋਨੀਆਂ ਨਹੀਂ ਪਾ ਸਕਣਗੇ।
ਦੁਨੀਆ ਤੇ ਸਰਦਾਰੀ ਕਾਰਪੋਰੇਸ਼ਨਾਂ ਦੀ ਹੈ ਅਤੇ ਸਰਕਾਰਾਂ ਸਮਝੋ ਉਹਨਾਂ ਦੇ ਅਧੀਨ ਹਨ। ਸਾਰੀ ਦੁਨੀਆ ਵਿਚ ਜੰਗਲ਼ਾਂ ਦਾ ਵਢਾਂਗਾ ਬੁਰੀ ਤਰ੍ਹਾਂ ਹੋ ਰਿਹਾ ਹੈ। ਧਰਤੀ ਦੇ ਜੀਅ ਜੰਤ ਦੀ ਆਕਸੀਜਨ ਦੀ ਪੂਰਤੀ ਦਰੱਖਤ ਕਰਦੇ ਹਨ। ਜੰਗਲ ਧਰਤੀ ਦੇ ਫੇਫੜੇ ਹਨ। ਪਿਛਲੇ ਸਾਲ ਐਮਾਜ਼ੌਨ ਦੇ ਜੰਗਲ ਨੂੰ ਜਾਣ ਬੁੱਝ ਕੇ ਅੱਗ ਲਗਾਈ ਗਈ ਅਤੇ ਫਿਰ ਜੰਗਲ ਨੂੰ ਬੁਰੀ ਤਰ੍ਹਾਂ ਮੱਚਣ ਦਿੱਤਾ ਗਿਆ ਤਾਂ ਕਿ ਸਾਫ ਹੋਈ ਧਰਤੀ ਤੇ ਫਾਰਮਿੰਗ ਕੀਤੀ ਜਾ ਸਕੇ। ਜਦ ਐਮਾਜ਼ੌਨ ਦੇ ਆਦੀਵਾਸੀਆਂ ਨੇ ਉਹ ਲੋਕ ਫੜ ਲਏ ਜਿਹਨਾਂ ਨੇ ਅੱਗ ਲਾਈ ਸੀ ਤਾਂ ਸਰਕਾਰ ਨੇ ਅੱਗ ਲਾਉਣ ਵਾਲ਼ਿਆਂ ਨੂੰ ਤਾਂ ਕੁਝ ਨਹੀਂ ਕਿਹਾ ਪਰ ਉਹਨਾਂ ਆਦੀਵਾਸੀਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਤਾਂ ਕਿ ਹੋਰ ਵੀ ਕੋਈ ਸਰਕਾਰ ਨੂੰ ਚੈਲਿੰਜ ਕਰਨ ਦੀ ਹਿਮਾਕਤ ਨਾ ਕਰੇ। ਇਹ ਹੈ ਇਨਸਾਫ ਜਿਹੜਾ ਧਰਤੀ ਪੁੱਤਰਾਂ ਨੂੰ ਮਿਲ਼ਦਾ ਹੈ। ਹਰ ਸਾਲ ਵਾਤਾਵਰਨ ਬਚਾਉਣ ਵਾਲ਼ੇ ਲੋਕਾਂ ਦੇ ਕਤਲ ਹੋ ਰਹੇ ਹਨ। ਬਰਟਾ ਕੈਸਰਸ ਵਰਗੀ ਵਾਤਾਵਰਨ ਕਾਰਕੁਨ ਨੂੰ ਉਸ ਦੇ ਘਰੇ ਜਾ ਕੇ ਗੋਲ਼ੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਅਤੇ ਕਾਤਲਾਂ ਨੂੰ ਸ਼ੱਕ ਦੇ ਆਧਾਰ ਤੇ ਛੱਡ ਦਿੱਤਾ ਜਾਂਦਾ ਹੈ। ਸਾਰੀ ਦੁਨੀਆ ਵਿਚ ਹੀ ਜਲ ਜੰਗਲ ਬਚਾਉਣ ਵਾਲ਼ੇ ਲੋਕਾਂ ਨੂੰ ਅਤਿਵਾਦੀ ਗਰਦਾਨ ਕੇ ਗੋਲ਼ੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਜਾਂ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ ਹੈ।
ਦੁਨੀਆ ਭਰ ਦਾ ਗੰਦ ਸਮੁੰਦਰ ਵਿਚ ਡੰਪ ਹੋ ਰਿਹਾ ਹੈ। ਸਮੁੰਦਰੀ ਕਿਨਾਰੇ ਦੇ ਬਹੁਤ ਸ਼ਹਿਰ ਉਹ ਹਨ ਜਿਹੜੇ ਅਣਸੋਧਿਆ ਸੀਵਰੇਜ ਸਮੁੰਦਰ ਵਿਚ ਸੁੱਟ ਰਹੇ ਹਨ। ਇਸ ਤੋਂ ਬਿਨਾ ਕਿੰਨੇ ਹੀ ਸਮੁੰਦਰੀ ਜਹਾਜ਼ ਵੀ ਮਨੁੱਖੀ ਰਹਿੰਦ-ਖੂੰਹਦ ਸਮੁੰਦਰ ਵਿਚ ਡੰਪ ਕਰ ਦਿੰਦੇ ਹਨ। ਸਭ ਨੂੰ ਪਤਾ ਹੈ ਕਿ ਇਹ ਕੱਚਾ ਸੀਵਰੇਜ ਸਮੁੰਦਰ ਨੂੰ ਕਿੰਨਾ ਤੇਜ਼ਾਬੀ ਕਰ ਰਿਹਾ ਹੈ ਪਰ ਕੋਈ ਨਹੀਂ ਬੋਲਦਾ, ਸਮੁੰਦਰ ਵਿਚੋਂ ਤੇਲ ਕੱਢਣਾ ਗੈਰ ਕਾਨੂੰਨੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਦ ਤੇਲ ਕੱਢਣ ਵਾਲ਼ੇ ਬੋਰ ਸਮੁੰਦਰ ਵਿਚ ਫਟ ਜਾਂਦੇ ਹਨ ਤਾਂ ਜਿਹੜੀ ਤਬਾਹੀ ਆਉਂਦੀ ਹੈ, ਉਹ ਮੈਕਸਿਕੋ ਦੀ ਖਾੜੀ ਵਿਚ ਦੇਖੀ ਹੈ ਜਦ ਬ੍ਰਿਟਿਸ਼ ਪੈਟਰੋਲੀਅਮ ਦਾ ਬੋਰ ਸਮੁੰਦਰ ਵਿਚ ਫਟ ਗਿਆ ਸੀ ਅਤੇ ਕਈ ਹਫਤੇ ਸਾਰਾ ਕੱਚਾ ਤੇਲ ਸਮੁੰਦਰ ਵਿਚ ਰਲ਼ੀ ਗਿਆ ਸੀ। ਕਿੰਨੇ ਹੀ ਜੀਵ ਜੰਤੂ, ਮੱਛੀਆਂ, ਮੁਰਗਾਬੀਆਂ, ਸਮੁੰਦਰੀ ਮਗਰਮੱਛ, ਗੀਜ਼ ਵਗੈਰਾ ਤੜਫ ਤੜਫ ਕੇ ਮਰੇ ਪਰ ਸਦਕੇ ਜਾਈਏ ਯੂ.ਐਨ.ਓ. ਵਗੈਰਾ ਵਰਗੀਆਂ ਕੌਮਾਂਤਰੀ ਸੰਸਥਾਵਾਂ ਦੇ ਜਿਹੜੀਆਂ ਵਾਤਾਵਰਨ ਦੀ ਇੰਨੀ ਤਬਾਹੀ ਹੋਣ ਦੇ ਬਾਵਜੂਦ ਟੱਸ ਤੋਂ ਮੱਸ ਨਹੀਂ ਹੋਈਆਂ। ਇੱਥੇ ਤਾਂ ਸ਼ੈਲ ਵਰਗੀਆਂ ਕੰਪਨੀਆਂ ਨੂੰ ਜਦ ਤੇਲ ਰੁੜ੍ਹਨ/ਡੋਲ੍ਹਣ ਤੇ ਜੁਰਮਾਨਾ ਕੀਤਾ ਜਾਂਦਾ ਹੈ ਤਾਂ ਹਾਸਾ ਆਉਂਦਾ ਹੈ। ਜਿਹੜੀਆਂ ਕੰਪਨੀਆਂ ਅਰਬਾਂ ਦਾ ਵਪਾਰ ਕਰਦੀਆਂ ਹਨ, ਉਹਨਾਂ ਨੂੰ ਜੁਰਮਾਨਾ ਹੁੰਦਾ ਹੈ ਕੁਝ ਲੱਖ ਡਾਲਰ ਅਤੇ ਕਈ ਵਾਰੀ ਉਹ ਵੀ ਬਾਅਦ ਵਿਚ ਮੁਆਫ ਕਰ ਦਿੱਤਾ ਜਾਂਦਾ ਹੈ।
ਅਮਰੀਕਾ ਵਰਗਾ ਮੁਲਕ ਆਪਣੇ ਹਥਿਆਰ ਟੈਸਟ ਕਰਨ ਲਈ ਬਿਨਾ ਕਿਸੇ ਕਾਰਨ ਕਿਸੇ ਵੀ ਮੁਲਕ ਨੂੰ ਬਲੀ ਦਾ ਬੱਕਰਾ ਬਣਾ ਸਕਦਾ ਹੈ ਅਤੇ ਲੜਾਈ ਲਾ ਕੇ ਲੱਖਾਂ ਟਨ ਪ੍ਰਦੂਸ਼ਣ ਪੈਦਾ ਕਰ ਦਿੰਦਾ ਹੈ। ਇਰਾਕ ਦੀ ਲੜਾਈ ਤੋਂ ਬਾਅਦ ਇਸ ਨੇ ਐੱਫ16 ਜਹਾਜ਼ ਵਗੈਰਾ ਵੇਚ ਕੇ ਅਰਬਾਂ ਡਾਲਰ ਬਣਾਏ ਅਤੇ ਬਿਨਾ ਮਤਲਬ ਇਰਾਕ ਦੇ ਲੱਖਾਂ ਲੋਕ ਮੌਤ ਦੇ ਘਾਟ ਉਤਾਰ ਦਿੱਤੇ। ਇਰਾਕ ਜਾਂ ਲਿਬੀਆ ਦੀ ਤਬਾਹੀ ਇਸ ਕਰਕੇ ਹੋਈ ਕਿਉਂਕਿ ਅਮਰੀਕੀ ਕੰਪਨੀਆਂ, ਇਹਨਾਂ ਦੇਸ਼ਾਂ ਦੇ ਤੇਲ ਤੇ ਕਬਜ਼ਾ ਕਰਨਾ ਚਾਹੁੰਦੀਆਂ ਸਨ।
ਹਰ ਸਾਲ ਟਨਾਂ ਦੇ ਟਨ ਹਿਸਾਬ ਪਰਮਾਣੂ ਰਹਿੰਦ-ਖੂੰਹਦ ਅਫਰੀਕਾ ਦੇ ਟਿੱਬਿਆਂ ਵਿਚ ਡੰਪ ਕੀਤੀ ਜਾ ਰਹੀ ਹੈ। ਯਾਦ ਰਹੇ, ਟਿੱਬੇ ਪਾਣੀ ਦੇ ਭੰਡਾਰ ਹੁੰਦੇ ਹਨ ਕਿਉਂਕਿ ਬਰਸਾਤੀ ਪਾਣੀ ਟਿੱਬਿਆਂ ਵਿਚ ਸਮਾ ਜਾਂਦਾ ਹੈ। ਇਹ ਪਾਣੀ ਤਾਂ ਹੁਣ ਪ੍ਰਦੂਸ਼ਿਤ ਹੋਵੇਗਾ ਹੀ, ਨਾਲ ਮਾਰੂਥਲ ਦੇ ਜੀਅ ਜੰਤ ਵੀ ਮਰਨਗੇ। ਇਹ ਦੁਨੀਆ 43 ਬਿਲੀਅਨ ਟਨ ਕਾਰਬਨ ਡਾਇਆਕਸਾਈਡ ਹਵਾ ਵਿਚ ਛੱਡ ਰਹੀ ਹੈ। ਇਸ ਨੂੰ ਰੋਕ ਕੌਣ ਪਾਵੇਗਾ? ਇਹ ਤੇਲ ਕੰਪਨੀਆਂ ਜਾਂ ਕੋਲੇ ਦੀਆਂ ਖਦਾਣਾਂ ਵਾਲ਼ੇ ਮਾਲਕ ਇਹ ਹੋਣ ਦੇਣਗੇ? ਬਿਲਕੁਲ ਨਹੀਂ। ਗਲਾਸਗੋ ਵਿਚ ਵਾਤਾਵਰਨ ਨੂੰ ਬਚਾਉਣ ਵਾਰੇ ਕਾਨਫਰੰਸ ਕੀਤੀ ਜਾਂਦੀ ਹੈ। ਉਥੇ ਇਹਨਾਂ ਲੀਡਰਾਂ ਦੇ ਇੰਨੇ ਜਹਾਜ਼ ਪਹੁੰਚਦੇ ਹਨ ਕਿ ਏਅਰਪੋਰਟ ਤੇ ਜਹਾਜ਼ ਪਾਰਕ ਕਰਨ ਲਈ ਜਗ੍ਹਾ ਵੀ ਨਹੀਂ ਲੱਭਦੀ। ਫਿਰ ਇਹ ਜਹਾਜ਼ ਪਾਰਕ ਕਰਨ ਲਈ ਦੂਜੇ ਏਅਰਪੋਰਟਾਂ ਤੇ ਭੇਜੇ ਜਾਂਦੇ ਹਨ। ਇੰਨੇ ਜਹਾਜ਼ ਲਿਜਾ ਕੇ ਪ੍ਰਦੂਸ਼ਣ ਫੈਲਾ ਕੇ ਲੀਡਰ ਵਾਤਾਵਰਨ ਬਚਾਉਣ ਦੀਆਂ ਗੱਲਾਂ ਕਰਦੇ ਹਨ! ਇਹ ਲੀਡਰ ਸਵਾਰੀਆਂ ਵਾਲ਼ੇ ਜਹਾਜ਼ਾਂ ਵਿਚ ਕਿਉਂ ਨਹੀ ਜਾ ਸਕਦੇ? 737 ਜਹਾਜ਼ ਜਿਹੜਾ 174 ਸਵਾਰੀਆਂ ਲਿਜਾ ਸਕਦਾ ਹੈ, ਉਹ ਇਕ ਲੀਡਰ ਲਈ ਵਰਤਿਆ ਜਾ ਰਿਹਾ ਹੈ। ਇਸ ਜਹਾਜ਼ ਦੀ ਟੈਂਕੀ 32000 ਲਿਟਰ ਤੇਲ ਨਾਲ ਭਰਦੀ ਹੈ। ਇਹਨਾਂ ਲੀਡਰਾਂ ਨੇ ਪ੍ਰਦੂਸ਼ਣ ਰੋਕਣ ਵਾਲ਼ੀ ਕਾਨਫਰੰਸ ਕਰਨ ਤੇ ਖੁਦ ਕਿੰਨਾ ਪ੍ਰਦੂਸ਼ਣ ਫੈਲਾਇਆ, ਕੌਣ ਇਸ ਦਾ ਹਿਸਾਬ ਕਰੇਗਾ? ਫਿਰ ਇਸ ਕਾਨਫਰੰਸ ਵਿਚੋਂ ਨਿਕਲ਼ਿਆ ਕੀ? ਵਾਤਾਵਰਨ ਬਚਾਉਣ ਵਾਲ਼ੀ ਗੱਲ ਪਹਿਲਾਂ ਵਾਂਗ ਅਗਲੇ ਵੀਹ ਤੀਹ ਸਾਲ ਤੇ ਸੁੱਟ ਦਿੱਤੀ ਗਈ।
ਬੇਹੱਦ ਪ੍ਰਦੂਸ਼ਣ ਅਸਮਾਨ ਨੂੰ ਚੜ੍ਹਨ ਵਾਲ਼ੇ ਰਾਕਟ ਕਰਦੇ ਹਨ, ਅੱਜ ਕੱਲ੍ਹ ਜੈਫ ਬੀਜੋ ਜਾਂ ਐਲਨ ਮਸਕ ਵਰਗੇ ਇਹਨਾਂ ਰਾਕਟਾਂ ਤੇ ਬੈਠ ਕੇ ਧਰਤੀ ਦੇ ਚੱਕਰ ਲਾਉਂਦੇ ਹਨ ਅਤੇ ਇਹ ਸੋਚ ਕੇ ਹੱਸਦੇ ਹੋਣਗੇ ਕਿ ਅਸੀਂ ਤਾਂ ਸਾਰੇ ਪਲੈਨਿਟ ਨੂੰ ਹੀ ਬੁੱਧੂ ਬਣਾ ਦਿੱਤਾ ਹੈ। ਇਹ ਮੰਗਲ਼ ਤਾਰੇ ਤੇ ਜ਼ਿੰਦਗੀ ਜਿਊਣ ਦੀਆਂ ਹਾਲਤਾਂ ਭਾਲਦੇ ਹਨ ਪਰ ਧਰਤੀ ਜਿਸ ਤੇ ਸੱਤ ਅਰਬ ਲੋਕਾਂ ਤੋਂ ਬਿਨਾ ਹੋਰ ਪਤਾ ਨਹੀਂ ਕਿੰਨੇ ਅਰਬ ਜੀਅ ਜੰਤੂ ਰਹਿ ਰਹੇ ਹਨ, ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ। ਇਹ ਕਾਰਪੋਰੇਟ ਸਿਸਟਮ ਆਪ ਹੀ ਬਿਮਾਰੀਆਂ ਪੈਦਾ ਕਰਦਾ ਹੈ ਅਤੇ ਆਪ ਹੀ ਉਹਨਾਂ ਦੇ ਇਲਾਜ ਦੀਆਂ ਦਵਾਈਆਂ ਵੇਚਦਾ ਹੈ। ਕਿਸੇ ਬਿਮਾਰੀ ਦਾ ਖਾਤਮਾ ਨਹੀਂ ਕਰਦਾ ਸਗੋਂ ਬਿਮਾਰੀ ਦਾ ਡਰਾਵਾ ਦੇ ਕੇ, ਦਵਾਈਆਂ ਬਣਾਉਣ ਵਾਲ਼ੀਆਂ ਫੈਕਟਰੀਆਂ ਚਾਲੂ ਰੱਖਦਾ ਹੈ।
ਯੁੱਧ ਦਾ ਸਮਾਂ ਹੋਵੇ ਜਾਂ ਸ਼ਾਂਤੀ ਦਾ, ਹਥਿਆਰ ਧੜਾ-ਧੜ ਬਣ ਰਹੇ ਹਨ। ਫਿਰ ਇਹਨਾਂ ਨੂੰ ਵੇਚਣ ਲਈ ਲੜਾਈਆਂ ਵੀ ਕਰਾਉਣੀਆਂ ਪੈਣਗੀਆਂ। ਹਥਿਆਰ ਬਣਾਉਣ ਵਾਲ਼ੀਆਂ ਕੰਪਨੀਆਂ ਕਦੋਂ ਚਾਹੁਣਗੀਆਂ ਕਿ ਧਰਤੀ ਤੇ ਸ਼ਾਂਤੀ ਹੋਵੇ ਜਾਂ ਦਵਾਈਆਂ ਬਣਾਉਣ ਵਾਲ਼ੀਆਂ ਕੰਪਨੀਆਂ ਕਦੋਂ ਚਾਹੁਣਗੀਆਂ ਕਿ ਇਸ ਦੁਨੀਆ ਵਿਚ ਬਿਮਾਰੀਆਂ ਨਾ ਫੈਲਣ। ਧਰਤੀ ਦੇ ਵਧ ਰਹੇ ਤਾਪਮਾਨ ਕਰਕੇ ਗਲੇਸ਼ੀਅਰ ਖੁਰ ਰਹੇ ਹਨ, ਸਮੁੰਦਰ ਦੇ ਪਾਣੀ ਦਾ ਪੱਧਰ ਉਚਾ ਹੋ ਰਿਹਾ ਹੈ। ਯਾਦ ਰਹੇ ਕਿ ਇੱਕ ਡਿਗਰੀ ਤਾਪਮਾਨ ਵਧਣ ਨਾਲ ਸਮੁੰਦਰ ਦਾ ਪੱਧਰ ਇੱਕ ਮੀਟਰ ਵਧਦਾ ਹੈ। ਇਸ ਸਾਲ ਫਿਜ਼ੀ ਅਤੇ ਇੰਡੋਨੇਸ਼ੀਆ ਦੇ ਕਈ ਟਾਪੂਆਂ ਦੀ ਹਾਲਤ ਡੁੱਬਣ ਵਾਲ਼ੀ ਹੋ ਗਈ। ਕਿੰਨੇ ਹੀ ਟਾਪੂਆਂ ਦੇ ਲੋਕ ਆਪਣਾ ਘਰ ਬਾਰ ਛੱਡ ਕੇ ਬੇਘਰ ਹੋਏ ਬੈਠੇ ਹਨ। ਧਰਤੀ ਉਤੇ ਪ੍ਰਦੂਸ਼ਣ ਵਧਣ ਕਰਕੇ ਜਾਨਵਰਾਂ ਦੀਆਂ ਕਿੰਨੀਆਂ ਹੀ ਜਾਤੀਆਂ ਲੋਪ ਹੋ ਰਹੀਆਂ ਹਨ। ਪੰਜਾਬ ਦੇ ਲੋਕ ਤਾਂ ਸ਼ਰੇਆਮ ਦੇਖ ਰਹੇ ਹਨ ਕਿ ਗਿਰਝਾਂ, ਘੋਗੜ ਤੇ ਹੋਰ ਕਈ ਪੰਛੀ ਤਾਂ ਦਿਸਣੋ ਹੀ ਹਟ ਗਏ ਹਨ ਅਤੇ ਚਿੜੀਆਂ, ਕਾਂ, ਮੋਰ ਵੀ ਬਹੁਤ ਘੱਟ ਦਿਸਦੇ ਹਨ।
ਦੁਨੀਆ ਦੇ ਹੋਰ ਦੇਸ਼ਾਂ ਤੇ ਨਜ਼ਰ ਮਾਰੀਏ ਤਾਂ ਅਫਰੀਕਾ ਦਾ ਕਾਲ਼ਾ ਰਾਈਨੋ, ਚਿੱਟੀਆਂ ਡੌਲਫਿਨ, ਪੈਸੰਜਰ ਕਬੂਤਰ, ਸਪੈਨਿਸ਼ ਆਈਬਰੀਅਨ ਬੱਕਰੀਆਂ, ਤਾਸਮੇਨੀਅਨ ਟਾਈਗਰ, ਸਟੈਬਰ ਸਮੁੰਦਰੀ ਗਾਂ, ਵੱਡੇ ਵੱਡੇ ਦੰਦਾਂ ਵਾਲ਼ੇ ਸ਼ੇਰ, ਜੱਤ ਵਾਲ਼ਾ ਮਮੋਥ (ਹਾਥੀ ਵਰਗਾ ਜਾਨਵਰ) ਧਰਤੀ ਤੋਂ ਗਾਇਬ ਹੋ ਚੁੱਕੇ ਹਨ। ਮਨੁੱਖ, ਜਾਨਵਰ, ਬਨਸਪਤੀ ਆਪਸ ਵਿਚ ਪੀਡੇ ਜੁੜੇ ਹੋਏ ਹਨ। ਇੱਕ ਵਾਰ ਚੀਨ ਨੂੰ ਲੱਗਿਆ ਕਿ ਚਿੜੀਆਂ ਬਹੁਤ ਅਨਾਜ ਖਾ ਜਾਂਦੀਆਂ ਹਨ, ਸਰਕਾਰ ਨੇ ਚਿੜੀਆਂ ਮਾਰਨ ਦਾ ਹੁਕਮ ਦੇ ਦਿੱਤਾ। ਲੋਕਾਂ ਨੇ ਸਰਕਾਰ ਦੇ ਹੁਕਮਾਂ ਤੇ ਫੁੱਲ ਚੜ੍ਹਾਏ ਅਤੇ ਬੇਹੱਦ ਚਿੜੀਆਂ ਮਾਰ ਦਿੱਤੀਆਂ। ਫਿਰ ਕੀ ਹੋਇਆ, ਚੀਨ ਵਿਚ ਅਕਾਲ਼ ਪੈ ਗਿਆ, ਕਿਉਂਕਿ ਚਿੜੀਆਂ ਫਸਲਾਂ ਦੇ ਦੁਸ਼ਮਣ ਕੀੜਿਆਂ ਨੂੰ ਖਾਂਦੀਆਂ ਸਨ। ਇਹਨਾਂ ਕੀੜਿਆਂ ਦੀ ਗਿਣਤੀ ਵਧ ਗਈ ਅਤੇ ਉਹ ਫਸਲਾਂ ਖਾ ਗਏ। ਇਸ ਤੋਂ ਬਾਅਦ ਚੀਨ ਵਿਚ ਚਿੜੀਆਂ ਮਾਰਨ ਤੇ ਪਾਬੰਦੀ ਲਾ ਦਿੱਤੀ ਗਈ। ਜਿਸ ਤਰ੍ਹਾਂ ਧਰਤੀ ਦੇ ਹੋਰ ਜਾਨਵਰ ਖਤਮ ਹੋ ਰਹੇ ਹਨ, ਇਸੇ ਤਰ੍ਹਾਂ ਸਾਡੀ ਵਾਰੀ ਵੀ ਇੱਕ ਦਿਨ ਆ ਸਕਦੀ ਹੈ।
1978 ਵਿਚ ਉਤਰੀ ਧਰੁਵ ਦੀ ਬਰਫ ਦੀ ਡੂੰਘਾਈ ਪੰਜ ਕਿਲੋਮੀਟਰ ਸੀ ਜਿਹੜੀ 2021 ਵਿਚ ਸਿਰਫ ਦੋ ਕਿਲੋਮੀਟਰ ਰਹਿ ਗਈ ਹੈ। ਇਹੀ ਹਾਲ ਦੱਖਣੀ ਧਰੁਵ ਦਾ ਹੋਇਆ ਹੈ। ਇਹ ਬਰਫ ਖੁਰ ਕੇ ਸਮੁੰਦਰ ਦਾ ਤਲ ਉਚਾ ਕਰਦੀ ਹੈ। ਜੇਕਰ ਧਰਤੀ ਇਸੇ ਤਰ੍ਹਾਂ ਹੀ ਗਰਮ ਹੁੰਦੀ ਰਹੀ, ਅਗਲੇ ਦਸ ਵੀਹ ਸਾਲਾਂ ਤੱਕ ਸਮੁੰਦਰੀ ਕਿਨਾਰੇ ਵਾਲ਼ੇ ਸ਼ਹਿਰਾਂ ਦੀ ਹੋਂਦ ਖਤਰੇ ਵਿਚ ਪੈ ਜਾਵੇਗੀ ਅਤੇ ਕਰੋੜਾਂ ਲੋਕ ਬੇਘਰ ਹੋ ਜਾਣਗੇ। ਅਸੀਂ ਇਸ ਟਾਈਮ 80 ਬਿਲੀਅਨ ਟਨ ਮਟੀਰੀਅਲ ਪੈਦਾ ਕਰ ਰਹੇ ਹਾਂ (ਜੋ ਵੀ ਚੀਜ਼ਾਂ ਅਸੀਂ ਬਣਾ ਰਹੇ ਹਾਂ, ਉਹਨਾਂ ਦਾ ਭਾਰ) ਪਰ 2050 ਤੱਕ ਇਹ ਉਤਪਾਦਨ 180 ਬਿਲੀਅਨ ਟਨ ਤੱਕ ਚਲਾ ਜਾਵੇਗਾ। ਜੇ ਅਸੀਂ 80 ਬਿਲੀਅਨ ਟਨ ਮਟੀਰੀਅਲ ਪੈਦਾ ਕਰਨ ਲਈ ਕੁਦਰਤ ਦਾ ਘਾਣ ਕਰ ਰਹੇ ਹਾਂ ਤਾਂ ਜਦੋਂ ਅਸੀਂ 180 ਬਿਲੀਅਨ ਟਨ ਮਟੀਰੀਅਲ ਉਤਪਾਦਨ ਕਰਾਂਗੇ ਤਾਂ ਅਸੀਂ ਕੁਦਰਤ ਦਾ ਕਿੰਨਾ ਘਾਣ ਕਰ ਰਹੇ ਹੋਵਾਂਗੇ?
ਜਿਹੜਾ ਅੱਜ ਵਿਕਾਸ ਹੋ ਰਿਹਾ ਹੈ, ਜੇ ਹਰ ਬੰਦੇ/ਔਰਤ ਨੂੰ 5 ਡਾਲਰ ਘੰਟੇ ਦੇ ਲੈਣ ਦੇ ਕਾਬਲ ਕਰੀਏ ਤਾਂ ਸਾਨੂੰ ਹੁਣ ਦੇ ਵਿਕਾਸ ਨੂੰ 175 ਗੁਣਾਂ ਵਧਾਉਣਾ ਪਵੇਗਾ। ਅਸੀਂ ਹਰ ਵੇਲ਼ੇ ਵਿਕਾਸ ਦੀ ਗੱਲ ਕਰਦੇ ਹਾਂ ਪਰ ਸੋਚੋ, ਧਰਤੀ ਨੇ ਤਾਂ ਵਧਣਾ ਨਹੀਂ , ਧਰਤੀ ਓਨੀ ਹੀ ਰਹੇਗੀ, ਫਿਰ ਇਹ ਵਿਕਾਸ ਧਰਤੀ ਤੇ ਬੋਝ ਹੀ ਬਣੇਗਾ। ਧਰਤੀ ਨੂੰ ਤਬਾਹੀ ਵੱਲ ਲਿਜਾਣ ਲਈ ਤਿੰਨ ਫੈਕਟਰ ਹੋਰ ਵੀ ਹਨ:
1) ਵਪਾਰਕ ਮੱਛੀ ਫੜਨਾ (ਕਮਰਸ਼ੀਅਲ ਫਿਸ਼ਿੰਗ): ਵੱਡੇ ਵੱਡੇ ਸਮੁੰਦਰੀ ਜਹਾਜ਼ਾਂ/ਕਿਸ਼ਤੀਆਂ ਨਾਲ ਜਦੋਂ ਵੱਡੇ ਨੈੱਟ ਸੁੱਟ ਕੇ ਮੱਛੀਆਂ ਫੜਨ ਦਾ ਕੰਮ ਕੀਤਾ ਜਾਂਦਾ ਹੈ ਤਾਂ ਸ਼ਾਰਕ, ਡਾਲਫਿਨ ਜਾਂ ਵੱਡੇ ਕੱਛੂ ਵੀ ਇਹਨਾਂ ਜਾਲ਼ਾਂ ਵਿਚ ਫਸ ਜਾਂਦੇ ਹਨ। ਬਹੁਤ ਸਾਰੀਆਂ ਉਹ ਸਮੁੰਦਰੀ ਪਰਜਾਤੀਆਂ ਵੀ (ਜਿਹਨਾਂ ਦੀ ਹੋਂਦ ਹੀ ਖਤਮ ਹੋਣ ਵਾਲ਼ੀ ਹੈ) ਵੀ ਮਾਰੀਆਂ ਜਾਂਦੀਆਂ ਹਨ। ਕਮਰਸ਼ੀਅਲ ਫਿਸ਼ਿੰਗ ਸਮੁੰਦਰੀ ਜੀਵਾਂ ਦੀ ਤਬਾਹੀ ਹੈ, ਇਹ ਬਿੱਲਕੁਲ ਬੰਦ ਹੋਣ ਚਾਹੀਦੀ ਹੈ ਜਾਂ ਕਿਸੇ ਕੰਟਰੋਲ ਥੱਲੇ ਹੋਣੀ ਚਾਹੀਦੀ ਹੈ।
2) ਪਸ਼ੂ ਪਾਲਣ (ਐਨੀਮਲ ਫਾਰਮਿੰਗ): ਇਹ ਬਹੁਤੇ ਫਾਰਮ ਮੀਟ ਵਾਲ਼ੇ ਜਾਨਵਰਾਂ ਲਈ ਬਣਦੇ ਹਨ। ਹੁਣ ਜਿਹੜਾ ਮੀਟ ਵਾਲ਼ਾ ਜਾਨਵਰ ਹੈ, ਉਸ ਨੂੰ ਚਰਨ ਲਈ ਘੱਟੋ-ਘੱਟ ਇੱਕ ਏਕੜ ਚਾਹੀਦਾ ਹੈ; ਦੂਜੇ ਪਾਸੇ ਇੱਕ ਏਕੜ ਦੀ ਪੈਦਾਵਾਰ ਨਾਲ ਇੱਕ ਟੱਬਰ ਦਾ ਗੁਜ਼ਾਰਾ ਵੀ ਹੋ ਸਕਦਾ ਹੈ। ਮੀਟ ਖਾਣਾ ਮਨੁੱਖ ਦੀ ਬੁਨਿਆਦੀ ਲੋੜ ਨਹੀਂ ਹੈ। ਇਹ ਅਮੀਰਾਂ ਨੂੰ ਚਾਹੀਦੇ ਹਨ, ਟੀ-ਬੋਨ ਸਟੇਕਾਂ, ਮੱਛੀਆਂ ਦੇ ਆਂਡੇ, ਸ਼ਾਰਕ ਮੱਛੀ ਦਾ ਮੀਟ, ਆਮ ਲੋਕ ਤਾਂ ਦੋ ਡੰਗ ਦੀ ਰੋਟੀ ਨੂੰ ਵੀ ਤਰਸੇ ਪਏ ਹਨ। ਇਹ ਐਨੀਮਲ ਫਾਰਮਿੰਗ ਇਹਨਾਂ ਵੱਡੀਆਂ ਕਾਰਪੋਰੇਸ਼ਨਾਂ ਲਈ ਵੱਡੀ ਆਮਦਨ ਦੇ ਸਾਧਨ ਹਨ। ਫਿਰ ਕੌਣ ਕਹੇਗਾ ਰਾਣੀਏ ਅੱਗਾ ਢਕ?
3) ਵਪਾਰਕ ਖੇਤੀ (ਕਮਰਸ਼ੀਅਲ ਐਗਰੀਕਲਚਰ): ਇਸ ਸਮੇਂ ਦਾ ਸਭ ਤੋਂ ਭਖਦਾ ਮੁੱਦਾ ਕਮਰਸ਼ੀਅਲ ਫਾਰਮਿੰਗ ਬਣ ਚੁੱਕਿਆ ਹੈ। ਹੁਣ ਜਿਹਨਾਂ ਕਿਸਾਨਾਂ ਦੇ ਛੋਟੇ ਛੋਟੇ ਖੇਤ ਹਨ, ਜਦ ਉਹ ਖੇਤਾਂ ਵਿਚ ਕੰਮ ਕਰਦੇ ਹਨ ਤਾਂ ਵਿਚ ਇੱਕ ਦੋ ਦਰੱਖਤ ਵੀ ਛਾਂ ਦੀ ਖਾਤਰ ਜ਼ਰੂਰ ਲਾ ਕੇ ਰੱਖਦੇ ਹਨ। ਕਿਸਾਨ ਦਾ ਸਾਰਾ ਟੱਬਰ ਮਾਣ ਨਾਲ ਖੇਤ ਜਾਂਦਾ ਹੈ ਪਰ ਜਦ ਕਿਸਾਨਾਂ ਨੂੰ ਖੁੱਲ੍ਹੀ ਵਪਾਰਕ ਮੰਡੀ ਦੇ ਨਾਲ ਕੰਗਾਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਛੋਟੇ ਛੋਟੇ ਖੇਤ ਕਾਰਪੋਰੇਸ਼ਨਾਂ ਕੋਲ਼ ਆ ਗਏ, ਫਿਰ ਤਾਂ ਕਿਲੋਮੀਟਰ ਲੰਮੇ ਖੇਤ ਵਿਚ ਜਦ ਮਸ਼ੀਨਰੀ ਚੱਲੂ ਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਦਰੱਖਤ ਵੱਢ ਦਿੱਤੇ ਜਾਣਗੇ, ਕਿਉਂਕਿ ਦਰੱਖਤ ਵੱਡੇ ਵੱਡੇ ਟਰੈਕਟਰਾਂ ਨੂੰ ਅੜਿੱਕਾ ਲਾਉਂਦੇ ਹਨ। ਕਾਰਪੋਰੇਸ਼ਨਾਂ ਖੇਤੀ ਵੀ ਡਾਲਰਾਂ ਲਈ ਜਾਂ ਵੱਧ ਤੋਂ ਵੱਧ ਨਫੇ ਲਈ ਕਰਨਗੀਆਂ, ਨਾ ਕਿ ਸਥਾਨਕ ਲੋਕਾਂ ਦੀਆਂ ਲੋੜਾਂ ਖਾਤਰ। ਇਸ ਕਰਕੇ ਧਰਤੀ ਦਾ ਘਾਣ ਇਹ ਕਮਰਸ਼ੀਅਲ ਖੇਤੀ ਬਹੁਤ ਜ਼ਿਆਦਾ ਕਰੇਗੀ, ਦੂਜੀ ਗੱਲ ਕਾਰਪੋਰੇਸ਼ਨਾਂ ਜ਼ਮੀਨ ਮਗਰ ਤਾਂ ਪਈਆਂ ਹਨ, ਕਿਉਂਕਿ ਇਹ ਉਹਨਾਂ ਦੀ ਨਜ਼ਰ ਵਿਚ ਸਭ ਤੋਂ ਸੁਰੱਖਿਅਤ ਨਿਵੇਸ਼ ਹੈ।
ਲੋਕਾਂ ਨੂੰ ਆਪਣਾ ਸਮਾਨ ਵੇਚਣ ਲਈ ਐਕਟਰਾਂ ਜਾਂ ਅਜਿਹੀਆਂ ਮਸ਼ਹੂਰ ਹਸਤੀਆਂ ਦਾ ਸਹਾਰਾ ਲਿਆ ਜਾਂਦਾ ਹੈ। ਅਸੀਂ ਜਿਹੜੇ ਆਪਣੇ ਆਪ ਨੂੰ ਗੁਆਂਢੀ ਨਾਲੋਂ ਇਹਨਾਂ ਹਸਤੀਆਂ ਦੇ ਨੇੜੇ ਸਮਝਦੇ ਝੱਟ ਉਹਨਾਂ ਦੀ ਮਸ਼ਹੂਰ ਕੀਤੀ ਚੀਜ਼ ਨੂੰ ਆਪਣੀ ਲੋੜ ਵਿਚ ਸ਼ਾਮਲ ਕਰ ਲੈਂਦੇ ਹਾਂ, ਬੇਸ਼ੱਕ ਉਹ ਚੀਜ਼ ਪੈਦਾ ਕਰਨ ਲਈ ਕੁਦਰਤ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਇਆ ਹੋਵੇ।
ਦੁਨੀਆ ਭਰ ਦੀ 65% ਦੌਲਤ ਪਹਿਲਾਂ ਹੀ 1% ਲੋਕਾਂ ਕੋਲ਼ ਇਕੱਠੀ ਹੋ ਗਈ ਹੈ। ਧਨਾਢਾਂ ਦੀ ਇੱਕ ਦੂਜੇ ਤੋਂ ਮੂਹਰੇ ਲੰਘਣ ਦੀ ਦੌੜ ਲੱਗੀ ਹੋਈ ਹੈ। ਇਹ ਕਾਰਪੋਰੇਟ ਸਰਕਾਰਾਂ ਲੋਕਾਂ ਤੋਂ ਵਿੱਦਿਆ ਦਾ ਹੱਕ ਵੀ ਖੋਹਣਾ ਚਾਹੁੰਦੀਆਂ ਹਨ। ਸਰਕਾਰੀ ਸਕੂਲ ਬੰਦ ਹੋ ਰਹੇ ਹਨ ਤੇ ਪ੍ਰਾਈਵੇਟ ਸਕੂਲ ਧੜਾ ਧੜ ਖੁੱਲ੍ਹ ਰਹੇ ਹਨ। ਟੈਕਸ ਦੇਣ ਵਾਲਿਆਂ ਦਾ ਪੈਸਾ ਗਰਾਂਟਾਂ ਦੇ ਰੂਪ ਵਿਚ ਪ੍ਰਾਈਵੇਟ ਸਕੂਲਾਂ ਨੂੰ ਦਿੱਤਾ ਜਾ ਰਿਹਾ ਹੈ। ਇਕ ਹਾਲੀਆ ਖਬਰ ਮੁਤਾਬਿਕ ਬੀ.ਸੀ. (ਕੈਨੇਡਾ) ਦੀ ਸਰਕਾਰ ਹਰ ਸਾਲ 400 ਮਿਲੀਅਨ ਡਾਲਰ ਪ੍ਰਾਈਵੇਟ ਸਕੂਲਾਂ ਨੂੰ ਦਿੰਦੀ ਹੈ।
ਇਸ ਦਾ ਮਤਲਬ, ਇਹ ਫੰਡ ਸਰਕਾਰੀ ਸਕੂਲਾਂ ਤੋਂ ਖੋਹ ਕੇ ਇਨ੍ਹਾਂ ਸਕੂਲਾਂ ਨੂੰ ਦਿੱਤੇ ਜਾ ਰਹੇ ਹਨ। ਇਹ ਕਾਰਪੋਰੇਟ ਸਿਸਟਮ ਚਾਹੁੰਦਾ ਹੈ ਕਿ ਕਿਤੇ ਆਮ ਲੋਕ ਵਿਦਿਆ ਪ੍ਰਾਪਤ ਕਰਕੇ ਆਪਣੇ ਹੱਕਾਂ ਬਾਰੇ ਚੇਤੰਨ ਨਾ ਹੋ ਜਾਣ। ਇਸ ਕਰਕੇ ਵਿਦਿਆ ਇੰਨੀ ਮਹਿੰਗੀ ਕਰ ਦਿਓ ਕਿ ਗਰੀਬਾਂ ਦੇ ਬੱਚੇ ਸਿਰਫ ਮਜ਼ਦੂਰੀ ਕਰਨ ਜੋਗੇ ਹੀ ਰਹਿ ਜਾਣ। ਇਸ ਦੁਨੀਆ ਦੇ ਅਮੀਰ ਲੋਕ ਅਗਲੀਆਂ ਪੰਜ ਸੱਤ ਪੀੜ੍ਹੀਆਂ ਲਈ ਦੌਲਤ ਦੇ ਅੰਬਾਰ ਲਾਉਣ ਤੇ ਤੁਲੇ ਹੋਏ ਹਨ ਪਰ ਇਹਨਾਂ ਨੂੰ ਸਮਝ ਨਹੀਂ ਕਿ ਪਾਣੀ ਦੀ ਸਮੱਸਿਆ ਤਾਂ ਅਗਲੀ ਪੀੜ੍ਹੀ ਲਈ ਜਿਉਂ ਦੀ ਤਿਉਂ ਖੜ੍ਹੀ ਹੈ। ਕਾਰਪੋਰੇਟ ਦੇ ਇਸ ਲਾਲਚ ਨੂੰ ਛਿੱਕਲ਼ੀ ਨਾ ਪਾਈ ਗਈ ਤਾਂ ਲੱਗਦਾ ਹੈ, ਮਨੁੱਖੀ ਨਸਲ ਜਾਂ ਧਰਤੀ ਦੇ ਹੋਰ ਸਾਰੇ ਜੀਅ ਜੰਤ ਨੂੰ ਸ਼ਾਇਦ ਅਗਲੀ ਸਦੀ ਦੇਖਣੀ ਨਸੀਬ ਨਾ ਹੋਵੇ।
ਇੱਕ ਗੱਲ ਸਾਨੂੰ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਕੋਈ ਅਮੀਰ, ਗਰੀਬ ਲੋਕਾਂ ਨੂੰ ਲੁੱਟੇ ਬਿਨਾ ਅਮੀਰ ਨਹੀਂ ਹੋ ਸਕਦਾ। ਇੱਕ ਹਿਸਾਬ ਲਾਓ ਕਿ ਜਦ ਕੋਈ ਬੰਦਾ ਬਿਲੀਨੇਅਰ ਬਣਦਾ ਹੈ ਤਾਂ ਉਹ ਕਿੰਨੇ ਲੱਖ ਲੋਕਾਂ ਦੀਆਂ ਜੇਬਾਂ ਖਾਲੀ ਕਰਕੇ ਬਣਦਾ ਹੈ। ਹੁਣ ਮੋਟਾ ਹਿਸਾਬ ਹੈ, ਐਮਾਜ਼ੌਨ ਦਾ ਜੈਫ ਬੀਜੋ ਜਾਂ ਐਲਨ ਮਸਕ ਜਾਂ ਬਾਰਨ ਬਫੇ (ਸਟੌਕ ਬਰੋਕਰ) ਸਾਡੀਆਂ ਜੇਬਾਂ ਵਿਚੋਂ ਪੈਸਾ ਕੱਢ ਕੇ ਹੀ ਅਰਬਪਤੀ ਬਣੇ ਹਨ। ਇਹ ਪੈਸਾ ਇਹਨਾਂ ਨੇ ਨੋਟ ਛਾਪ ਕੇ ਤਾਂ ਨਹੀਂ ਬਣਾਇਆ। ਇਸ ਧਰਤੀ ਨੂੰ ਬਚਾਉਣ ਲਈ ਇਸ ਪੂੰਜੀਵਾਦੀ ਸਿਸਟਮ ਦਾ ਖਾਤਮਾ ਬਹੁਤ ਜ਼ਰੂਰੀ ਹੈ। ਹੁਣ ਸਮਾਂ ਆ ਗਿਆ ਹੈ ਕਿ ਘਰਾਂ, ਕਾਰਾਂ ਦੇ ਦਿਖਾਵੇ ਦਾ ਕਲਚਰ ਛੱਡ ਕੇ ਇਸ ਧਰਤੀ ਨੂੰ ਬਚਾਉਣ ਲਈ ਚੇਤੰਨ ਹੋਈਏ ਨਹੀਂ ਤਾਂ ਸਾਡੇ ਹੱਥਾਂ ਵਿਚ ਖੇਡਣ ਵਾਲੇ, ਪੋਤੇ ਪੋਤੀਆਂ ਜਾਂ ਦੋਹਤੇ ਦੋਹਤੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ।