ਆਸਾਨ ਨਹੀਂ ਹੁੰਦਾ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਆਸਾਨ ਕੁਝ ਵੀ ਨਹੀਂ ਅਤੇ ਆਸਾਨ ਕਦੇ ਵੀ ਆਸਾਨ ਨਹੀਂ ਹੁੰਦਾ। ਸਿਰਫ਼ ਇਸ ਕਰਕੇ ਸਾਨੂੰ ਆਸਾਨ ਲੱਗਦਾ ਹੈ ਕਿਉਂਕਿ ਸਾਡੇ ਵਿਚ ਇਸਨੂੰ ਕਰਨ ਦੀ ਸਮਰੱਥਾ ਤੇ ਸੋਚ ਹੁੰਦੀ ਹੈ।ਹਰ ਵਿਅਕਤੀ ਸੋਚਦਾ ਹੈ ਕਿ ਦੂਸਰੇ ਦਾ ਕੰਮ ਆਸਾਨ ਹੈ, ਮੇਰਾ ਕੰਮ ਔਖਾ ਹੈ ਕਿਊਂਕਿ ਅਕਸਰ ਅਸੀਂ ਖੁ਼ਦ ਨੂੰ ਖ਼ੁਦ ਦੀ ਸਥਿਤੀ ਵਿਚ ਨਹੀਂ ਸਗੋਂ ਦੂਸਰੇ ਦੀ ਨਜ਼ਰ ਨਾਲ ਦੇਖਣ ਦੇ ਆਦੀ ਹੁੰਦੇ ਹਾਂ।
ਦਰਅਸਲ ਆਸਾਨ ਜਾਂ ਔਖਾ ਸਾਡੀ ਮਾਨਸਿਕ ਸਥਿਤੀ ਕਾਰਨ ਹੈ। ਜਿਹੜਾ ਕਾਰਜ ਮਨ ਨੂੰ ਆਸਾਨ ਲੱਗਦਾ ਹੈ, ਉਹ ਆਪੇ ਹੀ ਆਸਾਨ ਹੋ ਜਾਂਦਾ ਹੈ ਅਤੇ ਜਿਹੜਾ ਔਖਾ ਜਾਪਦਾ, ਉਹ ਔਖਾ ਹੀ ਹੁੰਦਾ ਹੈ। ਲੋੜ ਹੈ ਮਨ ਦੀ ਸਥਿਤੀ ਨੂੰ ਆਪਣੇ ਹੱਕ ਵਿਚ ਕਰਨ ਅਤੇ ਹਰੇਕ ਕਾਰਜ ਨੂੰ ਆਸਾਨ ਬਣਾਉਣ ਦੀ।
ਉਂਜ ਆਸਾਨ ਤਾਂ ਕੁਝ ਵੀ ਨਹੀਂ ਹੁੰਦਾ ਕਿਉਂਕਿ ਹਰ ਕਾਰਜ ਵਿਚ ਤੁਹਾਡੀ ਸਮੁੱਚਤਾ, ਲਗਨ, ਦ੍ਰਿੜ੍ਹਤਾ ਅਤੇ ਪੂਰਨ ਰੂਪ ਤੇ ਸਮਰੱਥਾ ਨਾਲ ਸ਼ਾਮਲ ਹੋਣਾ ਅਤੇ ਇਸ ਦੀ ਪੂਰਨਤਾ ਦਾ ਪ੍ਰਣ ਨਿਭਾਉਣ ਦੀ ਆਦਤ ਹੋਣੀ ਚਾਹੀਦੀ ਹੈ। ਆਸਾਨ ਨਹੀਂ ਹੁੰਦਾ ਵਿਚਾਰਾਂ ਨੂੰ ਹਰਫ਼ਾਂ ਵਿਚ ਢਾਲਣਾ ਅਤੇ ਹਰਫ਼ਾਂ ਵਿਚ ਅਰਥਾਂ ਦੀਆਂ ਮੋਮਬੱਤੀਆਂ ਜਗਾਉਣਾ ਪਰ ਜਦ ਇਹ ਮੋਮਬੱਤੀਆਂ ਵਰਕਿਆਂ ‘ਤੇ ਜਗਦੀਆਂ ਤਾਂ ਮਸਤਕ ਧਰਾਤਲ ਨੂੰ ਚਾਨਣ ਨਾਲ ਭਰਦੀਆਂ ਵਰਕਿਆਂ ਨੂੰ ਜਗਮਗਾਉਣ ਦੇ ਨਾਲ-ਨਾਲ ਆਲ਼ੇ-ਦੁਆਲ਼ੇ ਵਿਚ ਰੌਸ਼ਨੀ ਦਾ ਆਭਾ-ਮੰਡਲ ਸਿਰਜ ਜਾਂਦੀਆਂ। ਇਹ ਕਿਤਾਬਾਂ ਮੋਮਬੱਤੀਆਂ ਦੀਆਂ ਉਹ ਡਾਰਾਂ ਹੁੰਦੀਆਂ, ਜਿਹੜੀਆਂ ਹਵਾਵਾਂ ਵਿਚ ਵੀ ਜਗਦੀਆਂ ਰਹਿ ਕੇ ਚਾਨਣ ਵੰਡਣ ਦਾ ਸੁੱਚਾ ਕਾਰਜ ਹਰ ਰੁੱਤ, ਹਰ ਮੌਸਮ ਅਤੇ ਹਰ ਪਹਿਰ ਵਿਚ ਕਰਨ ਲਈ ਯਤਨਸ਼ੀਲ ਰਹਿੰਦੀਆਂ।
ਆਸਾਨ ਨਹੀਂ ਹੁੰਦਾ ਪਾਣੀ ਦਾ ਵਾਸ਼ਪ ਹੋਣ ਲਈ ਤਰਲਤਾ ਤੋਂ ਵਾਸ਼ਪੀਕਰਨ ਦਾ ਬਿਖੜਾ ਪੈਂਡਾ ਤੈਅ ਕਰਨਾ ਪਰ ਇਹ ਵਾਸ਼ਪ ਹੀ ਹੁੰਦੇ ਹਨ, ਜੋ ਬੱਦਲ ਬਣਦੇ, ਹਵਾਵਾਂ ਦੇ ਪਿੰਡੇ ਦੀ ਅਸਵਾਰੀ ਕਰਦੇ, ਅੱਧ-ਅਸਮਾਨੀਂ ਉਡਦੇ, ਮਾਰੂਥਲਾਂ ਦੀ ਟੋਹ ਲਾਉਂਦੇ, ਮੇਘ ਬਣ ਬਰਸਦੇ ਅਤੇ ਮਾਰੂਥਲਾਂ ਦੀ ਪਿਆਸ ਬੁਝਾ, ਰੱਕੜਾਂ ਨੂੰ ਜ਼ਰਖ਼ੇਜ਼ ਬਣਾਉਂਦੇ, ਸੁੱਕੀ ਧਰਤ ਨੂੰ ਤਰੰਗਤ ਕਰਦੇ। ਕੁਦਰਤ ਮੌਲਦੀ ਅਤੇ ਹਰ ਵਿਅਕਤੀ ਦੇ ਨਾਵੇਂ ਮੌਲਦੇ ਚਾਵਾਂ ਅਤੇ ਰੂਹਾਨੀਅਤ ਭਰੇ ਪਲਾਂ ਦੀ ਨਿਆਮਤ ਕਰ ਜਾਂਦੀ। ਬੱਦਲਾਂ ਦਾ ਬਰਸਣਾ ਹੀ ਸਮੁੱਚੇ ਜੀਵ-ਜੰਤੂ ਦੀ ਖੁਸ਼ੀ ਦਾ ਆਧਾਰ ਅਤੇ ਕਾਇਨਾਤ ਦਾ ਵਿਸਥਾਰ ਹੁੰਦਾ।
ਆਸਾਨ ਨਹੀਂ ਹੁੰਦਾ ਪੈਰਾਂ ਵਿਚ ਸਫ਼ਰ ਉਗਾਉਣਾ ਪਰ ਇਹ ਸਫ਼ਰ ਹੀ ਹੁੰਦਾ, ਜੋ ਪਗਡੰਡੀਆਂ ਤੇ ਪਹੇ ਬਣ ਕੇ ਨਵੇਂ ਮਾਰਗਾਂ ਦੀ ਨਿਸ਼ਾਨਦੇਹੀ ਕਰਦਾ। ਤੁਹਾਡੇ ਕਦਮਾਂ ਵਿਚ ਸਾਬਤ ਕਦਮੀਂ ਤੁਰਨ ਦਾ ਜਜ਼ਬਾ ਅਤੇ ਜਨੰੂਨ ਅਰਪਤ ਕਰਦਾ। ਤੁਹਾਡੇ ਮਨ ਵਿਚ ਮੰਜ਼ਲਾਂ ਨੂੰ ਆਪਣੇ ਨਾਵੇਂ ਕਰਨ ਦੀ ਜਿ਼ੱਦ ਹੁੰਦੀ ਅਤੇ ਦੂਰ ਦਿਸੇਂਦੇਂ ਦਿਸਹੱਦਿਆਂ ‘ਤੇ ਸਫ਼ਲਤਾਵਾਂ ਦੇ ਸ਼ਿਲਾਲੇਖ ਲਿਖਣ ਦੀ ਤਮੰਨਾ ਹੁੰਦੀ। ਸਫ਼ਰ ਹੈ ਤਾਂ ਜ਼ਿੰਦਗੀ ਹੈ। ਇਸ ਦੀਆਂ ਬਰਕਤਾਂ ਨੂੰ ਮਾਨਣ ਦਾ ਚਾਅ ਅਤੇ ਇਨ੍ਹਾਂ ਵਿਚੋਂ ਹੀ ਜ਼ਿੰਦਗੀ ਨੂੰ ਨਿਵੇਕਲੇ ਰੂਪ ਵਿਚ ਸਮਝਣ, ਸਮਝਾਉਣ ਅਤੇ ਅਪਨਾਉਣ ਦਾ ਦਾਈਆ ਪੈਦਾ ਹੁੰਦਾ।
ਆਸਾਨ ਨਹੀਂ ਹੁੰਦਾ ਸੁਪਨਹੀਣ ਦੀਦਿਆਂ ਵਿਚ ਸੁਪਨੇ ਧਰਨੇ ਪਰ ਇਹ ਸੁਪਨੇ ਹੀ ਹੁੰਦੇ ਹਨ, ਜੋ ਸਾਡੇ ਜਿਊਣ ਦਾ ਸਬੱਬ ਬਣਦੇ, ਕੁਝ ਚੰਗੇਰਾ ਕਰਨ ਦਾ ਚਾਅ ਪੈਦਾ ਹੁੰਦਾ। ਨਵਾਂ ਨਰੋਆ ਸਿਰਜਣ ਦੀ ਚਾਹਨਾ ਹੁੰਦੀ। ਕੁਝ ਵਿਲੱਖਣ ਅਤੇ ਵਿਕਲੋਤਰਾ ਕਰਨ ਦੀ ਚੇਸ਼ਟਾ ਹੁੰਦੀ। ਇਸ ਸੁਪਨੇ ਨੂੰ ਸੱਚ ਕਰਨ ਲਈ ਤਰਜੀਹਾਂ ਸਿਰਜਦੇ, ਤਦਬੀਰਾਂ ਘੜਦੇ ਅਤੇ ਇਨ੍ਹਾਂ ਵਿਚੋਂ ਹੀ ਅਸੀਂ ਉਨ੍ਹਾਂ ਤਕਦੀਰਾਂ ਨੂੰ ਆਪਣੇ ਨਾਮ ਕਰਦੇ ਜਿਹੜੀਆਂ ਸਾਥੋਂ ਰੁੱਸੀਆਂ, ਸਾਡਾ ਹੀ ਇੰਤਜ਼ਾਰ ਕਰ ਰਹੀਆਂ ਹੁੰਦੀਆਂ। ਇਹ ਸੁਪਨੇ ਸਾਡੇ ਵੀ ਹੁੰਦੇ, ਸਾਡੇ ਮਾਪਿਆਂ ਦੇ ਵੀ, ਸਾਡੇ ਬਜ਼ੁਰਗਾਂ ਅਤੇ ਸਾਡੇ ਸਮਾਜ ਦੇ ਵੀ, ਜਿਨ੍ਹਾਂ ਨੂੰ ਆਪਣੇ ਦੀਦਿਆਂ ਵਿਚ ਧਰਨ ਅਤੇ ਇਨ੍ਹਾਂ ਨੂੰ ਪੂਰਾ ਕਰਨਾ ਤੁਹਾਡਾ ਕਰਮ-ਧਰਮ ਬਣ ਜਾਂਦਾ।
ਆਸਾਨ ਨਹੀਂ ਹੁੰਦਾ, ਕਾਲਖ਼ ਭਰੇ ਸਮਿਆਂ ‘ਚ ਜੁਗਨੂੰ ਦਾ ਨ੍ਹੇਰਿਆਂ ਨਾਲ ਆਢਾ ਲਾਉਣਾ ਅਤੇ ਨ੍ਹੇਰੇ ਨੂੰ ਆਪਣੀ ਔਕਾਤ ਦੇ ਰੂਬਰੂ ਕਰਨਾ ਪਰ ਇਹ ਜੁਗਨੂੰ ਦੀ ਅੜੀ ਹੀ ਹੁੰਦੀ, ਜੋ ਹਨੇਰੇ ਦੀ ਵੱਖੀ ‘ਚ ਚਾਨਣ ਦਾ ਚੀਰ ਪਾਉਂਦੀ। ਭੁੱਲੇ ਭਟਕੇ ਰਾਹੀਆਂ ਨੂੰ ਰਾਹਾਂ ਦੀ ਦੱਸ ਪਾਉਂਦੀ, ਮੰਜ਼ਲਾਂ ਦਾ ਧੁੰਧਲਕਾ ਹਟਾਉਂਦੀ, ਨ੍ਹੇਰਾ ਢੋਂਦਿਆਂ ਨੂੰ ਚਾਨਣ ਦੀ ਉਂਗਲ ਫੜਾਉਂਦੀ, ਹਨੇਰੀਆਂ ਰਾਤਾਂ ਨੂੰ ਪੁੰਨਿਆ ਬਣਾਉਂਦੀ ਅਤੇ ਰਾਤ ਦੀ ਕੁੱਖ ਵਿਚ ਸਰਘੀ ਦਾ ਜਾਗ ਲਾਉਂਦੀ। ਇਹ ਜੁਗਨੂੰ ਹੀ ਹੁੰਦੇ ਜਿਹੜੇ ਦੀਵਿਆਂ, ਮੋਮਬੱਤੀਆਂ ਅਤੇ ਬਲਦੇ ਚਿਰਾਗਾਂ ਕੋਲੋਂ ਚਾਨਣ ਉਧਾਰਾ ਮੰਗ ਜੰਗਲ ਬੀਆਬਾਨਾਂ ਨੂੰ ਰੌਸ਼ਨ ਕਰਦੇ। ਯਾਦ ਰਹੇ ਕਿ ਚਾਨਣ ਦਾ ਵਣਜ ਕਰਨ ਤੋਂ ਪਹਿਲਾਂ ਚਾਨਣ ਖੁ਼ਦ ਕਮਾਉਣਾ ਪੈਂਦਾ ਕਿਉਂਕਿ ਚਾਨਣ ਦੇ ਵਣਜਾਰੇ ਹੀ ਚਾਨਣ ਦੇ ਦਾਨੀ ਹੋ ਸਕਦੇ। ਬਿਨ-ਚਾਨਣਿਆਂ ਕੋਲੋਂ ਚਾਨਣ-ਝੀਤ ਦੀ ਆਸ ਨਹੀਂ ਰੱਖੀ ਜਾ ਸਕਦੀ।
ਆਸਾਨ ਨਹੀਂ ਹੁੰਦਾ ਸ਼ੂਕਦੇ ਦਰਿਆਵਾਂ ‘ਚ ਠਿੱਲਣਾ, ਮੂੰਹਜ਼ੋਰ ਅਤੇ ਆਦਮ ਖੋਰ ਲਹਿਰਾਂ ਦੀ ਸਵਾਰੀ ਕਰਦਿਆਂ ਦਰਿਆਵਾਂ ਨੂੰ ਪਾਰ ਕਰਨਾ ਅਤੇ ਵਗਦੇ ਪਾਣੀਆਂ ਦੀ ਹਿੱਕ `ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਉਕਰਨੇ। ਪਰ ਜਦ ਸਿੱਖ ਵਹੀਰ ਸਰਸਾ ਨਦੀ ‘ਚ ਠਿੱਲਦੀ ਹੈ ਤਾਂ ਇਕ ਇਤਿਹਾਸ ਸਿਰਜਿਆ ਜਾਂਦਾ, ਜੋ ਸਰਸਾ ਨਦੀ ਦੇ ਕੰਢਿਆਂ, ਪਾਣੀਆਂ ਅਤੇ ਇਸ ਦੀਆਂ ਲਹਿਰਾਂ ਵਿਚ ਹੁਣ ਤੀਕ ਵੀ ਰਮਿਆ ਹੋਇਆ ਹੈ। ਇਹ ਇਤਿਹਾਸ ਹੀ ਸਿੱਖੀ ਸਿਦਕ ਦਾ ਸਬੂਤ ਬਣਿਆ ਕਿ ਮਰਦ ਅਗੰਮੜੇ ਨੂੰ ਕਿੰਝ ਇਹ ਪਾਣੀ ਰੋਕ ਸਕਦੇ ਨੇ?
ਆਸਾਨ ਨਹੀਂ ਹੁੰਦਾ, 9 ਅਤੇ ਸੱਤ ਸਾਲ ਦੇ ਸਾਹਿਬਜ਼ਾਦਿਆਂ ਦਾ ਹਾਕਮ ਸਾਹਵੇਂ ਬੇਖੌਫ਼ ਹੋ ਕੇ ਸੱਚ ਕਹਿਣ ਦੀ ਜੁਰਅਤ ਕਰਨਾ ਪਰ ਜਦ ਰਾਜ ਦਰਬਾਰ ਵਿਚ ਸੱਚ ਦਾ ਹੋਕਰਾ ਲੱਗਿਆ ਤਾਂ ਹਾਕਮਾਂ ਨੂੰ ਛਿੜੀ ਹੋਈ ਕੰਬਣੀ ਹੀ ਦੱਸਦੀ ਸੀ ਕਿ ਸਾਹਿਬਜ਼ਾਦਿਆਂ ਦੇ ਖੂਨ ਵਿਚ ਉਨ੍ਹਾਂ ਦੇ ਪਿਤਾ ਦੀ ਜੁਰਅਤ ਅਤੇ ਪੁਰਖ਼ਿਆਂ ਦੀ ਸ਼ਹਾਦਤ ਬੋਲਦੀ ਹੈ। ਉਹ ਕਿਸੇ ਜ਼ੋਰ-ਜਬਰ ਸਾਹਵੇਂ ਝੁਕਣ ਦੀ ਥਾਂ ਮੌਤ ਨੂੰ ਗਲਵੱਕੜੀ ਪਾਉਣ ਨੂੰ ਤਰਜੀਹ ਦੇਣਗੇ।
ਆਸਾਨ ਨਹੀਂ ਹੁੰਦਾ, ਕਿਸੇ ਬਾਪ ਲਈ ਆਪਣੇ ਲਾਡਲਿਆਂ ਨੂੰ ਜੰਗ ਦੇ ਮੈਦਾਨ ਵਿਚ ਭੇਜਦਿਆਂ, ਮੌਤ ਵਿਹਾਜਣ ਲਈ ਹੱਥੀਂ ਤੋਰਨਾ। ਪਰ ਇਨ੍ਹਾਂ ਨੇ ਹੀ ਇਤਿਹਾਸ ਦੇ ਉਸ ਵਰਕੇ ਦਾ ਫਖ਼ਰਯੋਗ ਅਧਿਆਏ ਬਣਨਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਲਈ ਆਪਣੇ ਪੁੱਤਰ ਤੇ ਸਿੱਖ ਇਕ ਸਮਾਨ ਸਨ। ਉਹ ਆਪਣੇ ਪੁੱਤਰਾਂ ਦੀ ਸ਼ਹਾਦਤ ਨੂੰ ਉਸ ਰੂਪ ਵਿਚ ਦੇਖ ਸਕਦੇ ਨੇ ਜਿਵੇਂ ਉਨ੍ਹਾਂ ਦੇ ਹੱਥੀਂ ਤੋਰੇ ਸਿੰਘ ਸ਼ਹਾਦਤਾਂ ਦੀ ਦਸਤਾਵੇਜ਼ ਬਣ ਰਹੇ ਨੇ।
ਆਸਾਨ ਨਹੀਂ ਹੁੰਦਾ, ਸਿੰਘਾਂ ਤੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਨੂੰ ਜੰਗ-ਏ-ਮੈਦਾਨ ਵਿਚ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਵਿਚ ਖ਼ੂਹ ਦੀ ਮੌਣ ‘ਤੇ ਸੌਣਾ ਅਤੇ ਫਿਰ ਉੱਚ ਦਾ ਪੀਰ ਬਣ ਕੇ ਅਗਲੇ ਸਫ਼ਰ ‘ਤੇ ਨਿਕਲ ਜਾਣਾ ਪਰ ਇਹ ਅਗਲੇਰਾ ਸਫ਼ਰ ਹੀ ਸੀ, ਜਿਸ ਨੇ ਖਾਲਸੇ ਨੂੰ ਉਸ ਰੂਪ ਅਤੇ ਰੰਗ ਵਿਚ ਪਰਿਭਾਸ਼ਤ ਕੀਤਾ, ਜਿਸ ‘ਤੇ ਸਮੁੱਚੀ ਮਾਨਵਤਾ ਨੂੰ ਨਾਜ਼ ਹੈ। ਇਸ ਵਿਚੋਂ ਬੰਦੇ ਬਹਾਦਰ ਦਾ ਸਰਹਿੰਦ ਨੂੰ ਫ਼ਤਹਿ ਕਰਨਾ ਅਤੇ ਸਿੱਖ ਰਾਜ ਦੀ ਸਥਾਪਨਾ ਕਰਨਾ ਸੀ।
ਆਸਾਨ ਨਹੀਂ ਹੁੰਦਾ, ਵਗਦੇ ਦਰਿਆਵਾਂ ਨੂੰ ਬੰਨ੍ਹ ਲੈਣਾ ਪਰ ਇਹ ਬੰਨ੍ਹਿਆ ਪਾਣੀ ਹੀ ਡੈਮ ਬਣ ਕੇ ਬਿਜਲੀ ਪੈਦਾ ਕਰਦਾ ਅਤੇ ਘਰਾਂ ਨੂੰ ਰੌਸ਼ਨ ਕਰਦਾ। ਇਸ ਵਿਚੋਂ ਨਿਕਲੀਆਂ ਨਹਿਰਾਂ, ਮਾਰੂ ਜ਼ਮੀਨਾਂ ਤੇ ਰੱਕੜਾਂ ਨੂੰ ਸਿੰਜਦਾ, ਹਰਿਆਵਲ ਦੀ ਜੋਗ ਕਮਾਉਂਦਾ ਤੇ ਭਰੇ ਭੜੌਲਿਆਂ ਦਾ ਵਰਦਾਨ ਬਣਦਾ। ਇਹ ਪਿਆਸਿਆਂ ਦੀ ਤਰੇਹ ਬੁਝਾਉਂਦਾ। ਪਾਣੀ ਖੁਣੋਂ ਮੁਰਝਾਈਆਂ ਫ਼ਸਲਾਂ ਤੇ ਬੂਟਿਆਂ ਦੇ ਮੁਖੜੇ ‘ਤੇ ਖੇੜਾ ਲਿਆਉਂਦਾ ਅਤੇ ਸਾਹ ਲੈਣ ਤੋਂ ਆਤੁਰ ਹੋ ਚੁੱਕੀ ਜ਼ਿੰਦਗੀ ਨੂੰ ਮੁੜ ਜਿਊਣਾ ਸਿਖਾਉਂਦਾ।
ਆਸਾਨ ਨਹੀਂ ਹੁੰਦਾ, ਸ਼ਬਦਾਂ ਨੂੰ ਨਜ਼ਮ, ਨਾਵਲ, ਕਹਾਣੀ, ਵਾਰਤਕ, ਨਾਟਕ ਜਾਂ ਸਵੈ-ਜੀਵਨੀ ਵਿਚ ਵਟਾਉਣਾ ਪਰ ਇਹ ਕਲਮ-ਕਿਰਤਾਂ ਹੀ ਹੁੰਦੀਆਂ, ਜੋ ਸਾਡੇ ਜੀਵਨ ਵਿਚ ਰੌਸ਼ਨੀ ਕਰਦੀਆਂ, ਸਾਡੀ ਇਕੱਲਤਾ ਨੂੰ ਭਰਦੀਆਂ, ਸੁਮੱਤ ਸੋਚ ਅਤੇ ਸਰੋਕਾਰਾਂ ਦੀ ਸਮਝ ਸਾਡੀ ਸੰਵੇਦਨਾ ਦੇ ਨਾਮ ਕਰਦੀਆਂ। ਸਾਨੂੰ ਆਪੇ ਨਾਲ ਜੋੜਦੀਆਂ, ਅਸਾਡਾ ਅੰਤਰੀਵ ਫ਼ਰੋਲਦੀਆਂ। ਇਹ ਕਿਤਾਬਾਂ ਹੀ ਹੁੰਦੀਆਂ, ਜਿਨ੍ਹਾਂ ਨੂੰ ਦੁੱਖ-ਸੁੱਖ ਸੁਣਾਇਆ ਜਾ ਸਕਦਾ। ਕਿਸੇ ਵੀ ਕਿਰਤ ਨਾਲ ਖੁ਼ਦ ਨੂੰ ਜੋੜ ਕੇ ਖ਼ੁਦ ਨੂੰ ਰੁਆਇਆ ਵੀ ਜਾ ਸਕਦਾ, ਹਸਾਇਆ ਵੀ, ਸਿਖਾਇਆ ਵੀ ਅਤੇ ਸਮਝਾਇਆ ਵੀ। ਦਰਅਸਲ ਇਹ ਕਲਾ-ਕਿਰਤਾਂ ਹੀ ਜੀਵਨ ਦਾ ਮੂਲ ਮੰਤਰ ਹਨ ਕਿਉਂਕਿ ਇਹ ਹੀ ਜੀਵਨ-ਜਾਚ, ਸੁਪਨਿਆਂ ਦਾ ਆਧਾਰ, ਤਕਦੀਰ ਦਾ ਪਸਾਰ ਅਤੇ ਕਰਮਨ ਰੇਖ਼ਾਵਾਂ ਦਾ ਵਿਸਥਾਰ ਹੁੰਦੀਆਂ। ਇਹ ਰਾਹ ਦਸੇਰਾ ਵੀ ਹੁੰਦੀਆਂ, ਜੋ ਉਂਗਲ ਫੜ ਕੇ ਰਾਹੇ ਪਾਉਣ ਦਾ ਸ਼ੁਭ-ਕਰਮਨ ਵੀ ਕਰਦੀਆਂ।
ਆਸਾਨ ਨਹੀਂ ਹੁੰਦਾ, ਕਿਸੇ ਫੁੱਲ ਦਾ ਗੁਰਬਤ ਦੇ ਵਿਹੜੇ ਵਿਚ ਉਗਣਾ, ਵਿਗਸਣਾ, ਫ਼ਲ ਤੇ ਫੁੱਲਾਂ ਦੀ ਰੁੱਤ ਮਾਨਣਾ। ਵਿਹੜੇ ਨੂੰ ਰੰਗ ਤੇ ਮਹਿਕਾਂ ਨਾਲ ਲਬਰੇਜ਼ ਕਰਨਾ ਅਤੇ ਘਰ ਦੇ ਮੁੱਖ ਤੋਂ ਗੁਰਬਤ ਦਾ ਦਾਗ਼ ਧੋਣਾ। ਪਰ ਇਹ ਗੋਦੜੀਆਂ ਦੇ ਲਾਲ ਹੀ ਹੁੰਦੇ, ਜਿਨ੍ਹਾਂ ਦੀ ਮਿਹਨਤ ਮੁਸ਼ੱਕਤ ਦੀ ਖ਼ੁਸ਼ਬੂ ਜ਼ਿੰਦਗੀ ਨੂੰ ਮਹਿਕ ਨਾਲ ਭਰਦੀ। ਉਹ ਚੌਗਿਰਦੇ ਦਾ ਮਾਣ ਬਣਦੇ ਅਤੇ ਉਹ ਅੰਬਰ ਜੇਡ ਹੁੰਦਿਆਂ ਵੀ ਆਪਣੀ ਧਰਤੀ ਨਾਲ ਜੁੜੇ ਹੁੰਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਹ ਕਿਹੜੀ ਮਿੱਟੀ ਵਿਚੋਂ ਉਗੇ ਅਤੇ ਕਿਸ ਮਿੱਟੀ ਦਾ ਆਖ਼ਰ ਨੂੰ ਇਕ ਕਿਣਕਾ ਬਣਨਾ ਏ। ਉਹ ਆਪਣੀ ਔਕਾਤ ਜਾਣਦੇ, ਇਸ ਨੂੰ ਮਾਣਦੇ, ਖ਼ੁਦ ਨੂੰ ਪਛਾਣਦੇ ਕਿਉਂਕਿ ਉਹ ਅੰਦਰੋਂ-ਬਾਹਰੋਂ ਇਕਸੁਰ ਤੇ ਇਕਸਾਰ ਹੁੰਦੇ।
ਅਸਾਨ ਨਹੀਂ ਹੁੰਦਾ, ਝੱਖੜਾਂ ਸਾਹਵੇਂ ਹਿੱਕ ਡਾਹੁਣਾ, ਜ਼ੋਰਾਵਰ ਝੱਖੜ ਦੀਆਂ ਅੱਖਾਂ ਵਿਚ ਅੱਖਾਂ ਪਾਉਣਾ, ਉਸ ਨਾਲ ਦਸਤਪੰਜਾ ਲੈਣਾ ਅਤੇ ਫਿਰ ਉਸ ਦੇ ਕੁਕਰਮਾਂ, ਕਮੀਨਗੀਆਂ ਅਤੇ ਕੁਤਾਹੀਆਂ ਨੂੰ ਜੱਗ-ਜ਼ਾਹਰ ਕਰਨਾ ਤੇ ਉਸ ਨੂੰ ਉਸ ਦੀ ਅਸਲੀਅਤ ਦੇ ਰੂਬਰੂ ਕਰਨਾ। ਦਰਅਸਲ ਹਿੱਕ ਡਾਹੁਣ ‘ਤੇ ਹੀ ਝੱਖੜ ਨੂੰ ਪਤਾ ਲੱਗਦਾ ਕਿ ਕੋਈ ਹਰਿਆ ਬੂਟਾ ਉਸ ਦੀ ਹਉਮੈ ਨੂੰ ਵੰਗਾਰ ਸਕਦਾ। ਉਸ ਦੀ ਆਕੜ ਨੂੰ ਲਲਕਾਰ ਸਕਦਾ, ਉਸਦੇ ਮੁਲ਼ੰਮੇ ਨੂੰ ਉਤਾਰ ਸਕਦਾ ਅਤੇ ਮੁਖੌਟਿਆਂ ਹੇਠ ਛੁਪੇ ਕਿਰਦਾਰ ਨੂੰ ਸਰੇਬਾਜ਼ਾਰ ਨੰਗਾ ਕਰ ਸਕਦਾ। ਜਦ ਮਾਰੂ ਝੱਖੜਾਂ ਸਾਹਵੇਂ ਹਿੱਕ ਡਾਹੁਣ ਵਾਲੇ ਸਾਹਮਣੇ ਆਉਂਦੇ ਤਾਂ ਲੋਕ ਲਹਿਰਾਂ ਜਨਮ ਲੈਂਦੀਆਂ, ਆਜ਼ਾਦੀ ਸੰਗਰਾਮ ਛਿੜਦੇ ਅਤੇ ਲੋਕ ਮੁਹਿੰਮਾਂ ਵਿਚੋਂ ਲੋਕ-ਜਿੱਤਾਂ ਦੇ ਜਸ਼ਨ ਆਮ ਲੋਕਾਂ ਦੇ ਹਿੱਸੇ ਆਉਂਦੇ। ਹਰੇਕ ਨੂੰ ਆਪਣੇ ਹਿੱਸੇ ਦਾ ਅੰਬਰ ਮਿਲਦਾ। ਆਪਣੀ ਹਿੱਸੇ ਦੀ ਛੱਤ ਅਤੇ ਆਪਣੇ ਹਿੱਸੇ ਦਾ ਟੁੱਕਰ ਜਦ ਹਰੇਕ ਦੇ ਨਸੀਬਾਂ ਦਾ ਹਿੱਸਾ ਬਣ ਜਾਵੇ ਤਾਂ ਝੱਖੜ ਝੱਖੜ ਨਹੀਂ ਰਹਿੰਦਾ ਫਿਰ ਉਹ ਪੁਰਵਾਈ ਬਣ ਜਾਂਦਾ, ਜਿਸ ਵਿਚ ਸੰਗੀਤਕ ਫ਼ਿਜ਼ਾਵਾਂ ਅਤੇ ਲੋਕ ਮਸਤੀਆਂ ਦਾ ਆਗਮਨ ਹੁੰਦਾ।
ਆਸਾਨ ਨਹੀਂ ਹੁੰਦਾ, ਕਿਸੇ ਨੂੰ ਪਲਕਾਂ ‘ਤੇ ਬਿਠਾਉਣਾ, ਉਸ ਦੀ ਤਾਮੀਰਦਾਰੀ ਕਰਨਾ, ਅਪਣੱਤ ਤੇ ਮੋਹ ਦੀਆਂ ਬਾਤਾਂ ਪਾਉਣੀਆਂ, ਬਲਾਵਾਂ ਉਤਾਰਨੀਆਂ, ਸਦਕੇ ਜਾਣਾ, ਤਲੀਆਂ ‘ਤੇ ਚੋਗ ਚੁਗਾਉਣਾ ਅਤੇ ਮਨ ਦੀ ਬਰੂਹਾਂ ‘ਤੇ ਉਸ ਦੀ ਆਮਦ ਲਈ ਤੇਲ ਚੋਣਾ ਪਰ ਪਲਕਾਂ ‘ਤੇ ਬਿਠਾ ਕੇ ਹੀ ਕਿਸੇ ਨੂੰ ਆਪਣਾ ਬਣਾਇਆ ਜਾ ਸਕਦਾ ਜਾਂ ਕਿਸੇ ਦਾ ਬਣਿਆ ਜਾਂਦਾ। ਬੇਗ਼ਾਨਗੀ ‘ਚ ਕੌਣ ਕਿਸੇ ਦਾ ਬਣਦਾ? ਬੇਗ਼ਾਨੇ ਕਦੋਂ ਆਪਣੇ ਬਣਦੇ ਨੇ? ਹੁਣ ਤਾਂ ਕਈ ਵਾਰ ਆਪਣਿਆਂ ਨੂੰ ਵੀ ਆਪਣੇ ਕਹਿਣ ਤੋਂ ਖੌਫ਼ ਆਉਂਦਾ ਕਿਊਂਕਿ ਕਈ ਵਾਰ ਆਪਣੇ ਹੀ ਤੁਹਾਡੇ ਲਈ ਕਬਰਾਂ ਦਾ ਬੰਦੋਬਸਤ ਕਰਨ ਵਿਚ ਰੁੱਝੇ ਹੁੰਦੇ ਹਨ। ਕਿਸੇ ਨੂੰ ਜ਼ਰੂਰ ਪਲਕਾਂ ‘ਤੇ ਬਿਠਾਉਣਾ ਤਾਂ ਕਿ ਕੋਈ ਮੋਢਾ ਤਾਂ ਅਜਿਹਾ ਹੋਵੇ, ਜਿਸ ‘ਤੇ ਸਿਰ ਰੱਖ ਕੇ ਰੋਇਆ ਜਾ ਸਕੇ, ਦਿਲ ਦਾ ਦਰਦ ਫ਼ਰੋਲਿਆ ਜਾ ਸਕੇ। ਰਾਜ਼ ਦੀਆਂ ਗੱਲਾਂ ਕਹੀਆਂ ਤੇ ਸੁਣੀਆਂ ਜਾ ਸਕਣ ਅਤੇ ਮਨ ਦੇ ਬੋਝ ਨੂੰ ਹਲਕਾ ਕੀਤਾ ਜਾ ਸਕੇ।
ਆਸਾਨ ਨਹੀਂ ਹੁੰਦਾ, ਹਵਾ ਦੇ ਵਗਦਿਆਂ ਆਲ਼ੇ ਵਿਚ ਦੀਵਾ ਡੰਗਣਾ ਪਰ ਇਹ ਜਗਦਾ ਦੀਵਾ ਹੁੰਦਾ ਜੋ ਘਰ ਨੂੰ ਚਾਨਣ ਨਾਲ ਭਰਦਾ। ਘਰ ਦੇ ਜੀਆਂ ਨੂੰ ਨਿਹਾਰਦਾ ਅਤੇ ਕਮਰਿਆਂ ਤੇ ਕੰਧਾਂ ਨੂੰ ਘਰ ਬਣਨ ਦਾ ਵਰਦਾਨ ਦਿੰਦਾ। ਆਪਣੇ ਆਪਣਿਆਂ ਨੂੰ ਦੇਖਦੇ, ਇਕ ਦੂਜੇ ਦੀਆਂ ਮਨੋਭਾਵਨਾਵਾਂ ਪੜ੍ਹਦੇ ਅਤੇ ਮਨੋਭਵਾਂ ਵਿਚ ਕੁਤਕੁਤਾਰੀਆਂ ਅਤੇ ਗੁਦਗੁਦੀ ਦਾ ਸਬੱਬ ਬਣਦੇ। ਹੱਸਦੇ-ਵਸਦੇ ਘਰ ਨੂੰ ਚਾਨਣ ਵਿਚ ਨਹਾਉਣ ਅਤੇ ਖੁ਼ਦ ਨੂੰ ਨਵੀਆਂ ਰਹਿਤਲਾਂ ਦਾ ਜਾਮਾ ਪਾਉਣ ਦਾ ਨਾਜ਼ ਤੇ ਨਖ਼ਰਾ ਹੁੰਦਾ।
ਆਸਾਨ ਨਹੀਂ ਹੁੰਦਾ, ਕਿਸੇ ਵੀ ਵਿਅਕਤੀ ਲਈ ਖ਼ੁਦ ਦੇ ਰੂਬਰੂ ਹੋਣਾ ਅਤੇ ਆਪਣੇ ਆਪ ਨੂੰ ਸ਼ੀਸੇ਼ ਸਾਹਵੇਂ ਖੜ੍ਹ ਕੇ ਦੇਖਣਾ ਪਰ ਜਦ ਅਸੀਂ ਖ਼ੁਦ ਦੇ ਰੂਬਰੂ ਹੋਣ ਦੀ ਆਦਤ ਪਾ ਲੈਂਦੇ ਹਾਂ ਤਾਂ ਕੁਤਾਹੀਆਂ ਕੀਰਤੀਆਂ ਬਣਦੀਆਂ, ਕਮੀਨਗੀਆਂ, ਕਾਰਨਾਮਿਆਂ ਦਾ ਨਾਮਕਰਨ ਹੁੰਦੀਆਂ, ਕਸਕ ਵਿਚੋਂ ਕਿਰਤ ਜਨਮ ਲੈਂਦੀ ਅਤੇ ਕੁੜੱਤਣ ਵਿਚੋਂ ਕਿਰਤਾਰਥਾ ਦਾ ਪੈਦਾ ਹੋਣਾ ਲਾਜ਼ਮੀ ਹੁੰਦਾ।
ਆਸਾਨ ਨਹੀਂ ਹੁੰਦਾ, ਬੱਚਿਆਂ ਵਲੋਂ ਵਾਰ-ਵਾਰ ਕਿਰ ਰਹੇ ਰੇਤ ਦੇ ਘਰ ਬਣਾਉਣੇ ਪਰ ਇਹ ਰੇਤ ਦੇ ਘਰਾਂ ਦਾ ਤੁਸੱਵਰ ਹੀ ਹੁੰਦਾ ਹੈ, ਜੋ ਉਨ੍ਹਾਂ ਦੇ ਮਨਾਂ ਵਿਚ ਘਰ ਦਾ ਸੁਪਨਾ ਧਰਦਾ। ਘਰ ਜੋ ਉਨ੍ਹਾਂ ਦਾ ਆਪਣਾ, ਜਿੱਥੇ ਉਨ੍ਹਾਂ ਨੂੰ ਪੂ਼ਰਨ ਆਜ਼ਾਦੀ ਹੋਵੇ, ਖ਼ਲਾਰਾ ਪਾਉਣ ਜਾਂ ਸਜਾਉਣ ਦੀ, ਕੰਧਾਂ ‘ਤੇ ਲੀਕਾਂ ਵਾਹੁਣ ਦੀ, ਹਰ ਵਸਤ ਨੂੰ ਆਪਣੇ ਰੂਹੇ-ਅੰਦਾਜ਼ ਵਿਚ ਟਿਕਾਉਣ ਅਤੇ ਸਜਾਉਣ ਦੀ ਤਾਂਘ। ਇਹ ਤਾਂਘ ਹੀ ਮਹਿਲਾਂ ਵਰਗੇ ਘਰਾਂ ਲਈ ਸੋਚ ਨੀਂਹ ਬਣ ਕੇ ਭਵਿੱਖੀ ਵਿਸਥਾਰ ਦਾ ਸੁੰਦਰ ਸ਼ੁੱਭ ਆਰੰਭ ਹੁੰਦੀ।
ਆਸਾਨ ਨਹੀਂ ਹੁੰਦਾ, ਕਿਸੇ ਪਿੰਡੇ ਦੇ ਤੱਪੜ ਵਾਲੇ ਸਕੂਲ ਵਿਚ ਪੜ੍ਹਦਿਆਂ ਤੇ ਪਸ਼ੂ ਚਾਰਦਿਆਂ, ਖ਼ਿਆਲਾਂ ਵਿਚ ਉੱਚੇ ਦਿਸਹੱਦਿਆਂ ਦੀ ਪੈੜ ਨੱਪਣ ਦੀ ਚਾਹਨਾ ਮਨ ਵਿਚ ਪੈਦਾ ਕਰਨੀ। ਪਰ ਇਹ ਚਾਹਨਾ ਹੀ ਹੁੰਦੀ ਹੈ, ਜੋ ਇਕ ਸੁਪਨੇ ਦਾ ਰੂਪ ਧਾਰਦੀ ਅਤੇ ਫਿਰ ਇਸ ਦਾ ਪਿੱਛਾ ਕਰਦਿਆਂ ਬੰਦਾ ਸਭ ਕੁਝ ਪ੍ਰਾਪਤ ਕਰ ਲੈਂਦਾ। ਕਦੇ ਡਾ. ਏਪੀਜੇ ਕਲਾਮ ਜਾਂ ਡਾ. ਸਰਦਾਰਾ ਸਿੰਘ ਜੌਹਲ ਦੀ ਜੀਵਨੀ ਪੜ੍ਹਨਾ, ਪਤਾ ਲੱਗੇਗਾ ਕਿ ਸੁਪਨਿਆਂ ਦਾ ਸੱਚ ਕਿਵੇਂ ਤੁਹਾਡੀ ਮਿਹਨਤ ਨੂੰ ਸਲਾਮ ਕਰਦਾ।
ਆਸਾਨ ਨਹੀਂ ਹੁੰਦਾ, ਆਪਣੇ ਪਿਆਰਿਆਂ ਤੋਂ ਟੁੱਟਣਾ ਤੇ ਨਜ਼ਦੀਕੀਆਂ ਤੋਂ ਦੂਰੀ ਬਣਾਉਣਾ ਪਰ ਇਹ ਦੂਰੀ ਹੀ ਹੁੰਦੀ ਜਿਹੜੀ ਆਤਮਿਕ ਸ਼ਾਂਤੀ, ਸਕੂਨ ਅਤੇ ਬਖ਼ੇੜਿਆਂ ਤੋਂ ਖੁ਼ਦ ਨੂੰ ਦੂਰ ਕਰਨ ਲਈ ਜ਼ਰੂਰੀ ਹੁੰਦੀ। ਕਈ ਵਾਰ ਤਾਂ ਸਾਨੂੰ ਇਸ ਲਈ ਵੀ ਦੂਰ ਜਾਣਾ ਪੈਂਦਾ ਕਿਊਂਕਿ ਸਾਡੇ ਆਪਣੇ ਹੀ ਸਾਡਾ ਸਿਵਾ ਸੇਕਣ ਲਈ ਕਾਹਲੇ ਹੁੰਦੇ।
ਮਾਂ ਬਣਨਾ ਆਸਾਨ ਨਹੀਂ ਹੁੰਦਾ ਪਰ ਮਾਂ ਬਣਨ ਦੀ ਪੀੜਾ ਹੀ ਔਰਤ ਨੂੰ ਪੂਰਨਤਾ ਬਖਸ਼ਦੀ, ਮਮਤਾ ਦਾ ਹੁਲਾਸ ਮਿਲਦਾ, ਗੋਦ ਵਿਚ ਬੱਚੇ ਨੂੰ ਲਾਡ ਲਡਾਉਣ ਦਾ ਮੌਕਾ ਮਿਲਦਾ। ਆਪਣੇ ਬੱਚਿਆਂ ਦੇ ਨੈਣਾਂ ਵਿਚ ਸੁਪਨੇ ਧਰਨ ਅਤੇ ਉਨ੍ਹਾਂ ਦੀ ਪੂਰਤੀ ਲਈ ਖ਼ੁਦ ਨੂੰ ਅਰਪਿਤ ਕਰਨ ਦਾ ਸਬੱਬ ਮਿਲਦਾ। ਫਿਰ ਹੀ ਪਤਾ ਲੱਗਦਾ ਕਿ ਮਾਂ ਕੀ ਹੁੰਦੀ ਅਤੇ ਮਾਂ ਨੂੰ ਰੱਬ ਤੋਂ ਉਚਾ ਦਰਜਾ ਕਿਉਂ ਦਿੱਤਾ ਜਾਂਦਾ ਕਿਉਂਕਿ ਮਾਂ ਬੱਚੇ ਲਈ ਰੱਬ ਤੋਂ ਬਹੁਤ ਜ਼ਿਆਦਾ ਨੇੜੇ ਹੁੰਦੀ।
ਬਾਪ ਬਣਨਾ ਆਸਾਨ ਨਹੀਂ ਹੁੰਦਾ ਪਰ ਬਾਪ ਬਣ ਕੇ ਹੀ ਬਾਪ ਦੀਆਂ ਜ਼ਿੰਮੇਵਾਰੀਆਂ, ਧੀ ਦੇ ਸਿਰ ‘ਤੇ ਅਸੀਸ ਅਤੇ ਪੁੱਤ ਨੂੰ ਬੁੱਕਲ ਵਿਚ ਲੈ ਕੇ ਆਪਣੀ ਛਾਂ ਵਿਚ ਤੁਰਨ ਦਾ ਵਿਸਮਾਦ ਮਾਣਿਆ ਜਾ ਸਕਦਾ। ਬਾਪ ਬਣ ਕੇ ਬਾਪ-ਰੂਪੀ ਛਾਂ ਨੂੰ ਪਰਿਵਾਰ ਦੇ ਨਾਵੇਂ ਕਰ ਕੇ ਜੀਵਨ ਦੀਆਂ ਸਭ ਨਿਆਮਤਾਂ ਆਪਣੇ ਬੱਚਿਆਂ ਦੇ ਨਾਵੇਂ ਕਰਨ ਦਾ ਸੁਖ਼ਦ ਅਹਿਸਾਸ ਮਨ ਵਿਚ ਉਪਜਾਇਆ ਜਾ ਸਕਦਾ।
ਬੱਚੇ ਤਾਂ ਸਾਰੇ ਹੀ ਹੁੰਦੇ ਪਰ ਅਸਲ ਵਿਚ ਬੱਚੇ ਬਣਨਾ ਆਸਾਨ ਨਹੀਂ ਹੁੰਦਾ ਕਿਉਂਕਿ ਸਹੀ ਮਾਅਨਿਆਂ ਵਿਚ ਬੱਚੇ ਬਣ ਕੇ ਮਾਂ ਦੀਆਂ ਰੀਝਾਂ ਦੀ ਪੂਰਤੀ ਕਰਨੀ ਹੁੰਦੀ। ਬਾਪ ਦਾ ਸ਼ਮਲਾ ਉੱਚਾ ਕਰਨਾ ਹੁੰਦਾ। ਬੱਚੇ ਚੁਬਾਰੇ ਦੀ ਭੁਰਦੀ ਇੱਟ ਨਹੀਂ ਬਣਦੇ ਸਗੋਂ ਮਜ਼ਬੂਤ ਨੀਂਹਾਂ ਬਣ ਕੇ ਘਰ ਦੀ ਸਲਾਮਤੀ ਦਾ ਸੁੱਚਾ ਸ਼ਰਫ਼ ਬਣਦੇ।
ਕਦੇ ਵੀ ਆਸਾਨ ਨਹੀਂ ਹੁੰਦਾ ਆਪਣੇ ਅੰਤਰੀਵ ਵਿਚ ਉਤਰਨਾ, ਅੰਦਰ ਨੂੰ ਪੜ੍ਹਨਾ, ਅੰਦਰ ਨੂੰ ਬਾਹਰ ਨਾਲ ਇਕਸੁਰ ਕਰਨਾ ਕਿਉਂਕਿ ਤੁਹਾਡਾ ਅੰਦਰ ਤੁਹਾਡਾ ਸਭ ਤੋਂ ਅਹਿਮ ਸੱਚ ਹੁੰਦਾ ਹੈ। ਇਸ ਸੱਚ ਵਿਚ ਜਿਊਣਾ ਹੀ ਅਸਲ ਵਿਚ ਜਿਊਣਾ ਅਤੇ ਜ਼ਿੰਦਗੀ ਨੂੰ ਅਰਥਮਈ ਬਣਾਉਣਾ ਹੁੰਦਾ ਹੈ। ਇਸ ਲਈ ਬਹੁਤ ਜ਼ਰੂਰੀ ਹੁੰਦਾ ਏ ਕਦੇ ਕਦਾਈਂ ਆਪਣੇ ਅੰਤਰੀਵ ਵਿਚ ਉਤਰਨਾ ਅਤੇ ਆਪਣੇ ਅੰਦਰ ਨੂੰ ਬਾਹਰੀ ਰੂਪ ਵਿਚ ਪ੍ਰਗਟ ਕਰਨਾ। ਇਹੀ ਸਭ ਤੋਂ ੳੱੁਤਮ ਕੀਰਤੀ, ਕਰਮਯੋਗਤਾ ਤੇ ਕਰਮ-ਧਰਮ ਹੈ ਅਤੇ ਇਸ ਨੂੰ ਨਿਭਾਉਣ ਵਿਚ ਕਦੇ ਵੀ ਕੁਤਾਹੀ ਜਾਂ ਦੇਰੀ ਨਾ ਕਰੋ।