ਅਮਨ ਅਤੇ ਮੁਹੱਬਤ ਵਾਲਾ ਰਾਹ

ਵੀਹ ਮਹੀਨਿਆਂ ਦੇ ਵਕਫੇ ਪਿੱਛੋਂ ਕਰਤਾਰਪੁਰ ਲਾਂਘਾ ਮੁੜ ਖੁੱਲ੍ਹ ਗਿਆ ਹੈ। ਇਹ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਵੰਬਰ 2019 ਨੂੰ ਖੋਲ੍ਹਿਆ ਗਿਆ ਸੀ। ਕਰਤਾਰਪੁਰ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਨੇ ਆਪਣੇ ਜੀਵਨ ਦੇ ਆਖਰੀ 18 ਵਰ੍ਹੇ ਕਿਰਤ ਕਰਦਿਆਂ ਬਿਤਾਏ ਸਨ ਅਤੇ 1947 ਵਿਚ ਭਾਰਤ ਦੀ ਵੰਡ ਤੋਂ ਬਾਅਦ ਇਹ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਸੀ।

ਇਹ ਭਾਰਤ-ਪਾਕਿਸਤਾਨ ਸਰਹੱਦ ਤੋਂ ਚਾਰ ਕੁ ਕਿਲੋਮੀਟਰ ਦੂਰ ਪੈਂਦਾ ਹੈ ਪਰ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵਿਚ ਲਗਾਤਾਰ ਰਹਿੰਦੇ ਤਣਾਅ ਕਾਰਨ ਸ਼ਰਧਾਲੂ ਇਸ ਪਵਿੱਤਰ ਸਥਾਨ ਦੀ ਯਾਤਰਾ ਤੋਂ ਵਾਂਝੇ ਹੀ ਰਹੇ। ਇਹ ਲਾਂਘਾ ਖੁੱਲਣ ਦਾ ਅਮਲ 2018 ਵਿਚ ਉਸ ਵਕਤ ਸ਼ੁਰੂ ਹੋਇਆ ਜਦੋਂ ਪੰਜਾਬ ਦੇ ਤਤਕਾਲੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਮਿੱਤਰ ਇਮਰਾਨ ਖਾਨ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਾਕਿਸਤਾਨ ਗਏ ਸਨ। ਉਦੋਂ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਵਿਚ ਘੁੱਟਦਿਆਂ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਸਰਕਾਰ ਦੀ ਇੱਛਾ ਦੱਸੀ ਸੀ। ਇਸ ਤੋਂ ਬਾਅਦ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵਿਚਕਾਰ ਸਹਿਮਤੀ ਬਣ ਗਈ ਅਤੇ ਸ਼ਰਧਾਲੂਆਂ ਲਈ ਇਹ ਲਾਂਘਾ ਖੋਲ੍ਹ ਦਿੱਤਾ ਗਿਆ ਪਰ ਭਾਰਤ ਸਰਕਾਰ ਨੇ ਮਾਰਚ 2020 ਵਿਚ ਕੋਵਿਡ-19 ਦੇ ਮੱਦੇਨਜ਼ਰ ਇਸ ਲਾਂਘੇ ਰਾਹੀਂ ਯਾਤਰਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ।
ਉਂਜ ਦੇਖਿਆ ਜਾਵੇ ਤਾਂ ਇਸ ਲਾਂਘੇ ਦੇ ਖੁੱਲ੍ਹਣ ਅਤੇ ਬੰਦ ਹੋਣ ਦੀ ਆਪਣੀ ਸਿਆਸਤ ਹੈ। ਹਕੀਕਤ ਇਹ ਹੈ ਕਿ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵਿਚਕਾਰ ਸਬੰਧ ਕਦੇ ਵੀ ਸੁਖਾਵੇਂ ਨਹੀਂ ਰਹੇ; ਭਾਵੇਂ ਦੋਹਾਂ ਮੁਲਕਾਂ ਦੇ ਲੋਕ, ਖਾਸ ਕਰਕੇ ਪੰਜਾਬ ਦੇ ਲੋਕ ਚਾਹੁੰਦੇ ਰਹੇ ਹਨ ਕਿ ਦੋਹਾਂ ਮੁਲਕਾਂ ਵਿਚਕਾਰ ਅਮਨ-ਅਮਾਨ ਰਹੇ ਅਤੇ ਆਪਸੀ ਤਾਲਮੇਲ ਵਧੇ। 2018 ਵਿਚ ਜਦੋਂ ਜਨਰਲ ਬਾਜਵਾ ਨੇ ਲਾਂਘੇ ਬਾਰੇ ਆਪਣੇ ਵਿਚਾਰ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਸਨ ਤਾਂ ਉਸ ਵਕਤ ਪਾਕਿਸਤਾਨ ਦਾ ਅਰਥਚਾਰਾ ਨਿਵਾਣਾਂ ਛੋਹ ਰਿਹਾ ਸੀ ਅਤੇ ਪਾਕਿਸਤਾਨ ਦੀ ਸਿਆਸਤ ਜਿਸ ਉਤੇ ਪਾਕਿਸਤਾਨੀ ਫੌਜ ਦਾ ਬਹੁਤ ਮਜ਼ਬੂਤ ਕਬਜ਼ਾ ਚਲਿਆ ਆ ਰਿਹਾ ਹੈ, ਦੀ ਇਹ ਲੋੜ ਸੀ ਕਿ ਭਾਰਤ ਨਾਲ ਸੁਖਾਵੇਂ ਸਬੰਧ ਬਣਾਏ ਜਾਣ। ਤੱਥ ਇਹੀ ਹਨ ਕਿ ਪਾਕਿਸਤਾਨੀ ਫੌਜ ਦੀ ਮਦਦ ਨਾਲ ਹੀ ਸਾਬਕਾ ਕ੍ਰਿਕਟਰ ਇਮਰਾਨ ਖਾਨ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਅੱਪੜਿਆ ਸੀ। ਦੂਜੇ ਬੰਨੇ, ਭਾਰਤ ਸਰਕਾਰ ਨੇ ਇਹ ਲਾਂਘਾ ਬੰਦ ਕਰਨ ਲਈ ਕੋਵਿਡ-19 ਦਾ ਸਿਰਫ ਬਹਾਨਾ ਹੀ ਬਣਾਇਆ, ਕਿਉਂਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤੀ ਜਨਤਾ ਪਾਰਟੀ ਦੀ ਬਹੁਤੀ ਸਿਆਸਤ ਪਾਕਿਸਤਾਨ ਖਿਲਾਫ ਪ੍ਰਚਾਰ ਨਾਲ ਚੱਲਦੀ ਹੈ। ਹੁਣ ਲਾਂਘਾ ਖੋਲ੍ਹਣ ਦੇ ਮਾਮਲੇ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਹੀ ਕੰਮ ਕਰ ਰਹੀ ਹੈ। ਅਗਲੇ ਸਾਲ ਦੇ ਸ਼ੁਰੂ ਵਿਚ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਉਠੇ ਕਿਸਾਨ ਅੰਦੋਲਨ ਕਾਰਨ ਪੰਜਾਬ ਦੇ ਸਿਆਸੀ ਪਿੜ ਵਿਚ ਇਸ ਦਾ ਹਾਲ ਮਾੜਾ ਹੋਇਆ ਪਿਆ ਹੈ। ਆਪਣਾ ਸਿਆਸੀ ਵੱਕਾਰ ਵਧਾਉਣ ਖਾਤਰ ਮੋਦੀ ਸਰਕਾਰ ਨੂੰ ਅਣਸਰਦੇ ਨੂੰ ਲਾਂਘਾ ਖੋਲ੍ਹਣ ਦਾ ਇਹ ਫੈਸਲਾ ਕਰਨਾ ਪਿਆ ਹੈ।
ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਇਹ ਮਾਮਲਾ ਬੜੇ ਚਿਰਾਂ ਤੋਂ ਚੱਲ ਰਿਹਾ ਹੈ। ਜਦੋਂ 1969 ਵਿਚ ਗੁਰੂ ਨਾਨਕ ਦਾ 500 ਪ੍ਰਕਾਸ਼ ਪੁਰਬ ਆਇਆ ਸੀ ਤਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਉਹ ਪਾਕਿਸਤਾਨ ਨਾਲ ਇਹ ਗੱਲ ਚਲਾਉਣਗੇ ਕਿ ਜ਼ਮੀਨ ਦੀ ਅਦਲਾ-ਬਦਲੀ ਕਰਕੇ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਸ਼ਾਮਿਲ ਕਰ ਲਿਆ ਜਾਵੇ ਪਰ ਇਸ ਬਾਰੇ ਗੱਲ ਅਗਾਂਹ ਤੁਰ ਨਹੀਂ ਸਕੀ। ਤੱਥਾਂ ਮੁਤਾਬਿਕ 1947 ਤੋਂ ਲੈ ਕੇ ਸਾਲ 2000 ਤੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਇਕ ਤਰ੍ਹਾਂ ਨਾਲ ਬੰਦ ਹੀ ਰਿਹਾ ਅਤੇ 2004 ਵਿਚ ਹੀ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। 1998 ਵਿਚ ਤਤਕਾਲੀ ਪ੍ਰਧਾਨ ਮੰਤਰੀਆਂ ਅਟਲ ਬਿਹਾਰੀ ਵਾਜਪਈ ਅਤੇ ਨਵਾਜ਼ ਸ਼ਰੀਫ ਨੇ ਲਾਂਘਾ ਖੋਲ੍ਹਣ ਬਾਰੇ ਵਿਚਾਰਾਂ ਕੀਤੀਆਂ ਸਨ, ਉਦੋਂ ਗੁਰਦੁਆਰੇ ਦੀ ਮੁਰੰਮਤ ਵੀ ਹੋਈ ਪਰ 1999 ਵਿਚ ਕਾਰਗਿਲ ਜੰਗ ਛਿੜਨ ਕਾਰਨ ਤਾਲਮੇਲ ਟੁੱਟ ਗਿਆ। ਇਸ ਤੋਂ ਬਾਅਦ ਸਰਕਾਰਾਂ ਦੇ ਪੱਧਰ ‘ਤੇ ਇਸ ਬਾਰੇ ਕਈ ਵਾਰ ਗੱਲ ਚੱਲੀ ਅਤੇ ਗੈਰ ਸਰਕਾਰੀ ਪੱਧਰ ‘ਤੇ ਵੀ ਯਤਨ ਹੁੰਦੇ ਰਹੇ। 2008 ਵਿਚ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਅਤੇ ਅਮਰੀਕੀ ਸਫੀਰ ਜੌਹਨ ਡਬਲਿਊ ਮੈਨਡੋਨਲਡ ਨੇ ਡੇਰਾ ਬਾਬਾ ਨਾਨਕ ਵਿਚ ਪ੍ਰੈੱਸ ਕਾਨਫਰੰਸ ਕੀਤੀ ਸੀ ਅਤੇ ਇਸ ਲਾਂਘੇ ਨੂੰ ‘ਅਮਨ ਲਾਂਘੇ’ ਤੇ ਸਮੁੱਚੇ ਖਿੱਤੇ ਨੂੰ ‘ਅਮਨ ਜ਼ੋਨ’ ਦਾ ਨਾਂ ਦਿੱਤਾ ਸੀ।
1947 ਦੀ ਵੰਡ ਬਾਰੇ ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ ਇਹ ਵੰਡ ਅਸਲ ਵਿਚ ਪੰਜਾਬ ਅਤੇ ਬੰਗਾਲ ਦੀ ਵੰਡ ਸੀ। ਉਸ ਵਕਤ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਢਾਇਆ। ਉਂਜ, ਦੋਹਾਂ ਪਾਸਿਆਂ ਦੀ ਅਵਾਮ ਇਕ-ਦੂਜੇ ਦੀ ਮੁਹੱਬਤ ਲਈ ਸਦਾ ਤਾਂਘਦੀ ਰਹੀ ਹੈ ਪਰ ਭਾਰਤੀ ਅਤੇ ਪਾਕਿਸਤਾਨੀ ਹਾਕਮਾਂ ਦੀ ਸਿਆਸਤ ਕਾਰਨ ਇਹ ਮੁਹੱਬਤ ਮੌਲ ਨਹੀਂ ਸਕੀ। ਲੋਕ ਅੱਜ ਵੀ ਵਧੇਰੇ ਮੇਲ-ਮਿਲਾਪ ਚਾਹੁੰਦੇ ਹਨ। ਮਾਹਿਰ ਤਾਂ ਸਗੋਂ ਇਹ ਵੀ ਕਹਿੰਦੇ ਹਨ ਕਿ ਦੋਹਾਂ ਮੁਲਕਾਂ ਵਿਚਕਾਰ ਜਿੰਨਾ ਤਾਲਮੇਲ ਵਧੇਗਾ, ਵਪਾਰ ਪੱਖੋਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਮਸਲੇ ‘ਤੇ ਸਭ ਦੀਆਂ ਨਜ਼ਰਾਂ ਹੁਣ ਨਵੀਆਂ ਪੀੜ੍ਹੀ ‘ਤੇ ਹਨ ਕਿਉਂਕਿ ਕਰੋਨਾ ਵਾਲੇ ਦੌਰ ਵਿਚ ਜਦੋਂ ਸਾਰੀ ਦੁਨੀਆ ਹੀ ਘਰਾਂ ਅੰਦਰ ਡੱਕੀ ਗਈ ਸੀ ਤਾਂ ਘਰੇ ਬੈਠੇ ਲੋਕ ਇੰਟਰਨੈੱਟ ਰਾਹੀ ਇਕ ਦੂਜੇ ਦੇ ਨੇੜੇ ਆ ਗਏ ਸਨ। ਇਸ ਦੌਰ ਵਿਚ ਦੋਹਾਂ ਪੰਜਾਬਾਂ ਦੇ ਲੋਕ ਵੀ ਨੇੜੇ ਆਏ। ਇਸ ਬਾਰੇ ਪਤਾ ਦੋਹਾਂ ਪਾਸਿਆਂ ਦੇ ਸੰਜੀਦਾ ਲੋਕਾਂ ਵੱਲੋਂ ਵੰਡ ਦੇ ਦਰਦ ਬਾਰੇ ਅੱਪਲੋਡ ਹੁੰਦੀਆਂ ਵੀਡੀਓਜ਼ ਤੋਂ ਲਗਦਾ ਹੈ। ਇਸ ਲਈ ਹੁਣ ਲੋਕਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ। ਕਿਸਾਨ ਅੰਦੋਲਨ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਰੋਹ ਨਾਲ ਜ਼ਹਿਰੀਲੀ ਸਿਆਸਤ ਨੂੰ ਮਾਤ ਪਾਈ ਜਾ ਸਕਦੀ ਹੈ। ਅਜਿਹਾ ਅੰਦੋਲਨ ਦੋਹਾਂ ਪੰਜਾਬਾਂ ਵਿਚਕਾਰ ਤਾਲਮੇਲ ਵਧਾਉਣ ਬਾਰੇ ਵੀ ਉਠਣਾ ਚਾਹੀਦਾ ਹੈ।