ਬਿਨਾਂ ਯੱਕਿਆਂ ਦੇ ਬਾਜ਼ੀ ਜਿੱਤਣ ਵਾਲਾ ਸਾਗਰ ਸਰਹੱਦੀ

ਅਜੇ ਤਨਵੀਰ
ਕੁਝ ਲੋਕ ਆਪਣੇ ਪੈਰਾਂ `ਤੇ ਤੁਰਦੇ ਹਨ ਪਰ ਕੁਝ ਲੋਕ ਆਪਣੇ ਸਿਰ `ਤੇ ਤੁਰਦੇ ਹਨ। ਆਪਣੇ ਸਿਰ `ਤੇ ਤੁਰਨ ਵਾਲੇ ਮੰਜ਼ਿਲ ਵੱਲ ਨਹੀਂ ਦੇਖਦੇ ਸਗੋਂ ਮੰੰਜ਼ਿਲ ਉਨ੍ਹਾਂ ਵੱਲ ਦੇਖਦੀ ਹੈ। ਜਿਨ੍ਹਾਂ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ, ਉਨ੍ਹਾਂ ਦੇ ਠੋਸ ਇਰਾਦੇ ਕਦੇ ਨਹੀਂ ਡੋਲਦੇ।

ਹੁਨਰਮੰਦ ਲੋਕਾਂ ਦੀ ਅੱਖ ਨੂੰ ਤਾਂ ਸੁੱਤੀ ਹੋਈ ਝੀਲ ਵਿਚ ਵੀ ਦੋ ਚੰਦ ਦਿਸਦੇ ਹਨ। ਇਹ ਹੁਨਰ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਪਰ ਇਹ ਹੁਨਰ ਸਾਗਰ ਸਰਹੱਦੀ ਦੇ ਹਿੱਸੇ ਜ਼ਰੂਰ ਆਇਆ ਸੀ।
ਸਰਦੂਲ ਸਿਕੰਦਰ ਦਾ ਗੀਤ ‘ਸੁਰਮਾ’ ਜਦ ਵੀ ਸੁਣਨਾ ਤਾਂ ਇਕ ਲਾਈਨ ਗੀਤ ਵਿਚ ਆਉਣੀ- ‘ਸਰਹੱਦੀ ਨੇ ਫਿਲਮ ਬਣਾਈ ਨਾਂ ਹੈ ਵਗਦੇ ਪਾਣੀ’। ਮਨ ਹੀ ਮਨ ਵਿਚ ਸੋਚਣਾ ਕਿ ਇਹ ਗੀਤ ਤਾਂ ਫ਼ਕੀਰ ਮੌਲੀਵਾਲੇ ਦਾ ਲਿਖਿਆ ਹੋਇਆ ਹੈ, ਫਿਰ ਇਸ ਵਿਚ ਸਰਹੱਦੀ ਦਾ ਨਾਂ ਕਿਉਂ ਆਉਂਦਾ ਹੈ। ਖੁਦ ਨੂੰ ਸਵਾਲ ਕਰ ਕੇ ਖੁਦ ਹੀ ਜਵਾਬ ਦੇਣਾ ਕਿ ਸ਼ਾਇਦ ਅੱਧਾ ਗੀਤ ਸਰਹੱਦੀ ਨੇ ਲਿਖਿਆ ਹੋਵੇ ਪਰ ਚੈਨ ਕਿੱਥੇ ਆਉਂਦੀ ਘੋਖੀ ਨਜ਼ਰ ਨੂੰ? ਹੌਲੀ-ਹੌਲੀ ਉਲਝੀ ਹੋਈ ਤਾਣੀ ਦਾ ਸਿਰਾ ਲੱਭਣ ਲੱਗਾ। ਪਤਾ ਲੱਗਾ, ਇਹ ‘ਸਾਗਰ ਸਰਹੱਦੀ’ ਹੈ। ਫਿਲਮ ਜਗਤ ਵਿਚ ਇਸ ਦਾ ਬਹੁਤ ਵੱਡਾ ਨਾਂ ਹੈ। ਇਹ ਹਿੰਦੀ ਫਿਲਮਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ `ਤੇ ਵੀ ਕੰਮ ਕਰ ਰਿਹਾ ਹੈ। ਆਪਣੀ ਪੰਜਾਬੀ ਮਾਂ ਬੋਲੀ ਨਾਲ ਇਸ ਦਾ ਗੂੜ੍ਹਾ ਰਿਸ਼ਤਾ ਹੀ ਨਹੀਂ ਅੰਤਾਂ ਦਾ ਮੋਹ ਵੀ ਹੈ ਪਰ ਜਦੋਂ ਮੁਕੱਦਰਾਂ ਨੂੰ ਗ੍ਰਹਿਣ ਲੱਗ ਜਾਵੇ, ਫਿਰ ਸ਼ਿਕੰਜਵੀ ਵੀ ਜ਼ਹਿਰ ਬਣ ਜਾਂਦੀ ਹੈ। ਪੰਜਾਬੀ ਸਿਨੇ ਜਗਤ ਦੀ ਇਹ ਬਦਕਿਸਮਤੀ ਰਹੀ ਹੈ ਕਿ ਜਦੋਂ ਵੀ ਪਤੰਗ ਸਿਖਰ `ਤੇ ਗਈ ਤਾਂ ਡੋਰ ਟੁੱਟ ਗਈ। ਇਸ ਤਰ੍ਹਾਂ ‘ਵਗਦੇ ਪਾਣੀ’ ਫਿਲਮ ਪਰਦੇ ਦਾ ਸ਼ਿੰਗਾਰ ਨਾ ਬਣ ਸਕੀ, ਸਿਰਫ਼ ਬੁੱਲ੍ਹਾਂ `ਤੇ ਚਰਚਾ ਦਾ ਵਿਸ਼ਾ ਹੀ ਬਣੀ ਰਹੀ। ਕਈ ਵਾਰ ਸਫ਼ਲਤਾ ਸਾਡੇ ਕੋਲੋਂ ਲੰਘ ਜਾਂਦੀ ਹੈ ਤੇ ਅਸੀਂ ਧਿਆਨ ਵਿਚ ਹੁੰਦੇ ਹੋਏ ਵੀ ਬੇਧਿਆਨੇ ਹੁੰਦੇ ਹਾਂ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸਾਗਰ ਸਰਹੱਦੀ ਨੇ ਨਾਟਕਕਾਰ ਗੁਰਸ਼ਰਨ ਸਿੰਘ ਨਾਲ ਮਿਲ ਕੇ ਪੰਜਾਬੀ ਫਿਲਮ ਬਣਾਉਣ ਦਾ ਖੁਆਬ ਲਿਆ ਸੀ ਜੋ ਪੂਰਾ ਨਾ ਹੋ ਸਕਿਆ। ਇਸ ਫਿਲਮ ਦਾ ਹੀਰੋ ਉਹ ਰੰਗਮੰਚ ਦੇ ਅਦਾਕਾਰ ਸੁਖਦੇਵ ਪ੍ਰੀਤ ਨੂੰ ਲੈਣਾ ਚਾਹੁੰਦੇ ਸਨ ਪਰ ਸੁਖਦੇਵ ਪ੍ਰੀਤ ਦਾ ਇਨਸਾਨੀਅਤ ਦੇ ਦੁਸ਼ਮਣਾਂ ਨੇ ਕਤਲ ਕਰ ਦਿੱਤਾ ਸੀ। ਸਰਹੱਦੀ ਸਾਹਿਬ ਕਹਿੰਦੇ ਸਨ, “ਅਜੇ ਤਾਂ ਸੰਤਾਲੀ ਦੀ ਵੰਡ ਦੇ ਜ਼ਖ਼ਮ ਨਾਸੂਰ ਬਣ ਕੇ ਰਿਸ ਰਹੇ ਸਨ ਅਤੇ ਉੱਤੋਂ ਚੁਰਾਸੀ ਦੇ ਜ਼ਖ਼ਮਾਂ ਨੇ ਸਾਰਾ ਸਰੀਰ ਹੀ ਨਾਸੂਰ ਬਣਾ ਦਿੱਤਾ।” 1947 ਦੀ ਵੰਡ ਅਤੇ 1984 ਦੇ ਦੁਖਾਂਤ ਨੇ ਸਰਹੱਦੀ ਨੂੰ ਅੰਦਰ ਤਕ ਝੰਜੋੜ ਦਿੱਤਾ ਸੀ। ਉਹ ਆਪਣੇ ਅੰਦਰ ਦੇ ਦਰਦ ਨੂੰ ਬਾਹਰ ਕੱਢਣਾ ਚਾਹੁੰਦੇ ਸਨ। ਉਹ 84 ਦੇ ਦੁਖਾਂਤ `ਤੇ ਫਿਲਮ ਬਣਾਉਣੀ ਚਾਹੁੰਦੇ ਸਨ ਪਰ ਕੋਈ ਵੀ ਪੈਸਾ ਲਾਉਣ ਨੂੰ ਤਿਆਰ ਨਹੀਂ ਸੀ ਜਦਕਿ ਅਮੀਰ ਤੋਂ ਅਮੀਰ ਬੰਦਾ ਵੀ ਇਸ ਦਰਦ ਨੂੰ ਆਪਣਾ ਦਰਦ ਸਮਝਦਾ ਸੀ, ਸਿਰਫ਼ ਉਤਲੇ ਮਨ ਤੋਂ। ਇਸ ਕੁਲਹਿਣੇ ਵਕਤ ਨੇ ਇਕ ਵਾਰ ਫਿਰ ਪੰਜਾਬੀ ਸਿਨੇਮੇ ਨੂੰ ਬਦਕਿਸਮਤੀ ਦੇ ਹਨੇਰੇ ਵੱਲ ਧੱਕ ਦਿੱਤਾ, ਜਿੱਥੋਂ ਸਰਘੀ ਵੇਲਾ ਦਿਸਣ ਦੀ ਕੋਈ ਆਸ ਨਹੀਂ ਸੀ।
ਸਾਗਰ ਸਰਹੱਦੀ ਦਾ ਅਸਲ ਨਾਂ ਗੰਗਾ ਸਾਗਰ ਤਲਵਾਰ ਸੀ। ਉਨ੍ਹਾਂ ਦਾ ਜਨਮ 11 ਮਈ, 1933 ਨੂੰ ਜ਼ਿਲ੍ਹਾ ਪਿਸ਼ਾਵਰ ਦੇ ਪਿੰਡ ਬਾਫਾ (ਹੁਣ ਪਾਕਿਸਤਾਨ ਵਿਚ) ਵਿਚ ਪਿਤਾ ਥਾਨ ਸਿੰਘ ਤਲਵਾਰ ਤੇ ਮਾਤਾ ਪ੍ਰੇਮ ਦੇਵੀ ਦੇ ਘਰ ਹੋਇਆ। ਪਿੰਡ ਦੇ ਲੋਕਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਇਹ ਪਿੰਡ ਹਰੀਆਂ-ਭਰੀਆਂ ਪਹਾੜੀਆਂ ਦੀ ਗੋਦ ਵਿਚ ਵਸਿਆ ਹੋਇਆ ਸੀ। ਸਰਹੱਦੀ ਦਰਿਆ ਕੰਢੇ ਮਿੱਤਰਾਂ ਨਾਲ ਖੂਬ ਮਸਤੀ ਕਰਦੇ। ਮੁਢਲੀ ਪੜ੍ਹਾਈ ਉਨ੍ਹਾਂ ਪਿੰਡ ਦੇ ਸਕੂਲ `ਚ ਹੀ ਕੀਤੀ। ਪਿੰਡ ਵਿਚ ਉਨ੍ਹਾਂ ਦਾ ਚੰਗਾ ਕਾਰੋਬਾਰ ਸੀ। ਭਾਰਤ ਦੀ ਆਜ਼ਾਦੀ ਦੇ ਸੁਫਨੇ ਦੇਖਣ ਵਾਲਿਆਂ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਦੇਸ਼ ਦੋ ਟੁਕੜਿਆਂ ਵਿਚ ਵੰਡਿਆ ਜਾਵੇਗਾ ਪਰ ਸਮੇਂ ਦੀ ਮਾਰ ਜਦੋਂ ਪੈਂਦੀ ਹੈ ਤਾਂ ਵੱਡੇ-ਵੱਡੇ ਤਖ਼ਤ ਹਿਲਾ ਕੇ ਰੱਖ ਦਿੰਦੀ ਹੈ। ਦੇਸ਼ ਦੀ ਆਜ਼ਾਦੀ ਦਾ ਦੇਸ਼ ਵਾਸੀਆਂ ਅੰਦਰ ਬੜਾ ਜੋਸ਼ ਸੀ ਪਰ ਦੁਸ਼ਮਣਾਂ ਨੇ ਭਾਰਤ ਦੀ ਹਿੱਕ `ਤੇ ਐਸੀ ਲੀਕ ਵਾਹ ਦਿੱਤੀ ਕਿ ਧਰਤੀ ਇਨਸਾਨੀ ਲਹੂ ਨਾਲ ਲੱਥ-ਪੱਥ ਹੋ ਗਈ। ਲੋਕ ਇਕ-ਦੂਜੇ ਦੇ ਦੁਸ਼ਮਣ ਬਣ ਗਏ ਤੇ ਰਿਸ਼ਤੇ ਤਾਰ-ਤਾਰ ਹੋ ਗਏ। ਇਸ ਅਣਮਨੁੱਖੀ ਵਰਤਾਰੇ ਨੇ ਸਰਹੱਦੀ ਦੀ ਰੂਹ ਵਲੂੰਧਰ ਕੇ ਰੱਖ ਦਿੱਤੀ। ਉਨ੍ਹਾਂ ਦੀ ਆਤਮਾ ਕੁਰਲਾ ਉੱਠੀ। ਉਨ੍ਹਾਂ ਦਾ ਸਾਰਾ ਪਰਿਵਾਰ ਰਫਿਊਜੀ ਕੈਂਪਾਂ ਵਿਚ ਥਾਂ-ਥਾਂ ਧੱਕੇ ਖਾਂਦਾ ਰਿਹਾ। ਅਖੀਰ ਉਨ੍ਹਾਂ ਦਾ ਪਰਿਵਾਰ ਦਿੱਲੀ ਪਹੁੰਚ ਗਿਆ। ਉਹ ਭਾਵੇਂ ਦਿੱਲੀ ਦੇ ਕਿੰਗਸਵੇਅ ਇਲਾਕੇ ਵਿਚ ਆ ਕੇ ਵੱਸ ਗਏ ਪਰ ਇਕ ਗੱਲ ਉਨ੍ਹਾਂ ਦੇ ਮਨ ਵਿਚ ਖੌਰੂ ਪਾਉਂਦੀ ਰਹੀ ਕਿ ਇਹ ਲੋਕ ਕੌਣ ਹਨ ਜਿਨ੍ਹਾਂ ਨੂੰ ਸਾਡੇ ਹੱਸਦੇ-ਵਸਦੇ ਘਰ ਉਜਾੜਨ ਦਾ ਅਧਿਕਾਰ ਹੈ? ਆਦਮੀ ਹੀ ਆਦਮੀ ਨੂੰ ਰਫਿਊਜੀ ਕਿਉਂ ਬਣਾ ਰਿਹਾ ਹੈ? ਇਸ ਦੁਖਾਂਤ ਨੇ ਉਨ੍ਹਾਂ ਦਾ ਸੁਭਾਅ ਬਹੁਤ ਚਿੜਚਿੜਾ ਬਣਾ ਦਿੱਤਾ।
ਜਦੋਂ ਉਹ ਦਿੱਲੀ ਰਹਿੰਦੇ ਸਨ ਤਾਂ ਦੀਵਾਲੀ ਮੌਕੇ ਸਭ ਲੋਕ ਆਪਣੇ ਘਰਾਂ `ਚ ਦੀਪ ਮਾਲਾ ਕਰ ਰਹੇ ਸਨ ਪਰ ਸਰਹੱਦੀ ਆਪਣੇ ਘਰ ਦੀ ਕੰਧ ਉੱਤੇ ਇਹ ਸ਼ੇਅਰ ਲਿਖ ਰਹੇ ਸਨ:
ਕੈਦੇ-ਹਯਾਤੋ-ਬੰਦੇ-ਗ਼ਮ ਅਸਲ ਮੇਂ ਦੋਨੋਂ ਏਕ ਹੈਂ
ਇਹ ਲਾਈਨ ਗ਼ਾਲਿਬ ਦੇ ਇਕ ਸ਼ੇਅਰ ਦੀ ਪਹਿਲੀ ਲਾਈਨ ਹੈ ਅਤੇ ਇਸ ਸ਼ੇਅਰ ਦੀ ਦੂਜੀ ਲਾਈਨ ਹੈ: ‘ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਿਜਾਤ ਪਾਯੇ ਕਯੋਂ? ਸਰਹੱਦੀ ਨੂੰ ਇਹ ਸ਼ੇਅਰ ਲਿਖਦੇ ਸਮੇਂ ਉਨ੍ਹਾਂ ਦੇ ਭਰਾ ਨੇ ਦੇਖ ਲਿਆ ਜੋ ਉਨ੍ਹਾਂ ਤੋਂ ਤਕਰੀਬਨ 15 ਸਾਲ ਵੱਡਾ ਸੀ। ਉਸ ਨੇ ਕਿਹਾ, “ਅੱਜ ਖੁਸ਼ੀ ਕਾ ਦਿਨ ਹੈ। ਆਪ ਕਿਆ ਲਿਖ ਰਹੇ ਹੋ? ਆਪ ਕਾ ਦਿਮਾਗ਼ ਠੀਕ ਹੈ ਜਾਂ ਫਿਰ?” ਸਰਹੱਦੀ ਕਹਿਣ ਲੱਗੇ, “ਪਤਾ ਨਈਂ ਯੇਹ ਮੈਂ ਕਿਉਂ ਲਿਖ ਰਹਾ ਹੂੰ।”
ਸਰਹੱਦੀ ਨੇ ਕਈ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ `ਤੇ ਰੱਜ ਕੇ ਰਾਜ ਕੀਤਾ। ਉਨ੍ਹਾਂ ਦੀ ਕਲਮ ਪੱਥਰ `ਤੇ ਫੁੱਲ ਲਿਖ ਦੇਵੇ ਤਾਂ ਪੱਥਰ ਵੀ ਮਹਿਕਣ ਲੱਗ ਪੈਂਦਾ ਸੀ। ਉਨ੍ਹਾਂ ਦੀਆਂ ਗੱਲਾਂ ਵਿਚ ਬਾਤਾਂ ਅਤੇ ਬਾਤਾਂ ਵਿਚ ਕਹਾਣੀਆਂ ਸਨ। ਇਨ੍ਹਾਂ ਕਹਾਣੀਆਂ ਵਿਚ ਲੁਕਿਆ ਆਵਾਮ ਦਾ ਦਰਦ ਅਤੇ ਹਰ ਔਰਤ ਦੀ ਪੀੜ ਸੀ ਜਿਸ ਦਾ ਜ਼ਿਕਰ ਹਰ ਫਿਲਮ ਵਿਚ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦਾ ਸੀ।
ਇਹ ਠੀਕ ਹੈ ਕਿ ਉਨ੍ਹਾਂ ਨੇ ਆਪਣੇ ਨਾਂ ਨਾਲ ਸਰਹੱਦੀ ਤਖ਼ੱਲਸ ਸਰਹੱਦ ਨਾਲ ਲੱਗਦੇ ਪਿੰਡ ਕਰਕੇ ਜਾਂ ਇਲਾਕੇ ਕਰਕੇ ਲਾਇਆ ਪਰ ਜਦੋਂ ਉਹ ਦਸਵੀਂ ਵਿਚ ਪੜ੍ਹਦੇ ਸਨ, ਉਦੋਂ ਤੋਂ ਹੀ ਉਨ੍ਹਾਂ `ਤੇ ਫਿਲਮਸਾਜ਼ ਜੀਆ ਸਰਹੱਦੀ ਦਾ ਬਹੁਤ ਪ੍ਰਭਾਵ ਸੀ। ਜੀਆ ਸਰਹੱਦੀ ਦੀ ਹਰ ਫਿਲਮ ਦਾ ਪਾਤਰ ਉਨ੍ਹਾਂ ਦੇ ਅੰਦਰ ਘਰ ਕਰ ਜਾਂਦਾ ਸੀ। ਉਹ ਆਖਦੇ, “ਮੈਂ ਸ਼ਰਾਬ ਬਹੁਤ ਪੀਂਦਾ ਸੀ। ਕਈ ਵਾਰ ਐਨੀ ਪੀ ਲੈਂਦਾ ਸੀ ਕਿ ਕਦੇ ਰਸਤੇ ‘ਚ ਡਿੱਗ ਪੈਣਾ, ਕਦੇ ਨਾਲ਼ੇ `ਚ ਡਿੱਗ ਪੈਣਾ। ਇਕ ਦਿਨ ਸ਼ਰਾਬ ਪੀਂਦੇ ਸਮੇਂ ਮੈਨੂੰ ਕੁਝ ਲਾਈਨਾਂ ਯਾਦ ਆਈਆਂ। ਜਦੋਂ ਮੈਂ ਲਿਖਣ ਲੱਗਾ ਤਾਂ ਸਭ ਕੁਝ ਭੁੱਲ ਗਿਆ। ਫਿਰ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਗੱਡੀ ਨਹੀਂ ਚੱਲਣੀ। ਜੇ ਚੱਲ ਵੀ ਪਈ ਤਾਂ ਮੰਿਜ਼ਲ `ਤੇ ਨਹੀਂ ਜਾਵੇਗੀ। ਮੇਰੇ ਵਾਂਗ ਰਸਤੇ `ਚ ਹੀ ਮੀਲ ਪੱਥਰ ਵਾਂਗ ਖੜ੍ਹੀ ਰਹੇਗੀ। ਉਸ ਦਿਨ ਤੋਂ ਬਾਅਦ ਮੈਂ ਨਾ ਸ਼ਰਾਬ ਪੀਤੀ, ਨਾ ਮੀਟ ਖਾਧਾ। ਹੁਣ ਤਾਂ ਮੈਂ ਵੱਢੇ ਹੋਏ ਬੱਕਰੇ ਨੂੰ ਦੇਖ ਕੇ ਰੋ ਪੈਂਦਾ ਹਾਂ। ਕਿਸੇ ਬਹੁਤ ਹੀ ਵੱਡੇ ਵਿਦਵਾਨ ਨੇ ਕਿਹਾ ਹੈ ਕਿ ਗ਼ਮ ਦੂਰ ਕਰਨ ਲਈ ਸ਼ਰਾਬ ਨਾ ਪੀਓ, ਚੰਗੇ ਕੰਮ ਕਰੋ। ਇਕ ਹੋਰ ਮਨੋ-ਵਿਗਿਆਨੀ ਯੁੰਗ ਨੇ ਆਖਿਆ ਹੈ ਕਿ ਹਰ ਆਦਮੀ ਦੇ ਅੰਦਰ ਤਿੰਨ ਹਜ਼ਾਰ ਸਭਿਅਤਾ ਹੁੰਦੀਆਂ ਹਨ। ਇਹ ਤੁਸੀਂ ਚੁਣਨਾ ਹੁੰਦਾ ਹੈ ਕਿ ਤੁਸੀਂ ਕੀ ਕਰਨਾ ਹੈ। ਤੁਸੀਂ ਕਿਸੇ ਵੀ ਕੰਮ ਨੂੰ ਸ਼ਿੱਦਤ ਨਾਲ ਕਰੋ, ਮਿਹਨਤ ਅਤੇ ਲਗਨ ਨਾਲ ਕਰੋ। ਇਕ ਦਿਨ ਜ਼ਰੂਰ ਕਾਮਯਾਬ ਹੋਵੋਗੇ।”
1976 ਵਿਚ ਸਰਹੱਦੀ ਨੂੰ ਯਸ਼ ਚੋਪੜਾ ਦੀ ਸੁਪਰਹਿੱਟ ਫਿਲਮ ‘ਕਭੀ ਕਭੀ’ ਲਿਖਣ ਦਾ ਸੁਭਾਗ ਪ੍ਰਾਪਤ ਹੋਇਆ। ਅਸਲ ਵਿਚ ਇਸ ਫਿਲਮ ਦੀ ਕਹਾਣੀ ਲਿਖਣ ਦਾ ਮੁੱਢ ਉਨ੍ਹਾਂ ਦੇ ਨਾਟਕ ‘ਮਿਰਜ਼ਾ ਸਾਹਿਬਾ’ ਅਤੇ ‘ਮਸੀਹਾ’ ਨੇ ਬੰਨ੍ਹਿਆ ਸੀ। ਇਸ ਫਿਲਮ ਵਿਚ ਅਹਿਮ ਰੋਲ ਸਰਹੱਦੀ ਸਾਹਿਬ ਦੇ ਭਤੀਜੇ ਰਮੇਸ਼ ਤਲਵਾਰ ਦਾ ਸੀ। ਉਹ ਯਸ਼ ਚੋਪੜਾ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਿਹਾ ਸੀ। ਇਹ ਨਾਟਕ ਬੰਬਈ ਵਿਚ ਜਦੋਂ ਯਸ਼ ਚੋਪੜਾ ਨੇ ਦੇਖਿਆ ਤਾਂ ਦੇਖਦੇ ਹੀ ਰਹਿ ਗਏ। ਉਨ੍ਹਾਂ ਨੇ ਰਮੇਸ਼ ਤਲਵਾਰ ਨੂੰ ਕਿਹਾ, “ਤੁਸੀਂ ਆਪਣੇ ਚਾਚਾ ਜੀ ਨਾਲ ਮੇਰੀ ਮੁਲਾਕਾਤ ਕਰਾਓ।” ਫਿਰ ਤਾਂ ਚੱਲ ਸੋ ਚੱਲ। ਯਸ਼ ਜੀ ਨੇ ਸਰਹੱਦੀ ਸਾਹਿਬ ਨੂੰ ‘ਕਭੀ ਕਭੀ’ ਫਿਲਮ ਲਿਖਣ ਦਾ ਸੱਦਾ ਦਿੱਤਾ।
ਸਾਗਰ ਸਰਹੱਦੀ ਨੂੰ ਜੰਮੂ ਦੇ ਜ਼ਿਆਦਾ ਲੋਕ ਉਨ੍ਹਾਂ ਦੇ ਨਾਟਕ ‘ਭੂਖੇ ਭਜਨ ਨਾ ਹੋਏ ਗੁਪਾਲਾ’ ਕਰਕੇ ਵੀ ਜਾਣਦੇ ਸਨ। ਇਹ ਨਾਟਕ ਕਲਾ ਭਵਨ ਵਿਚ ਖੇਡਿਆ ਗਿਆ ਸੀ। ਇਸ ਨਾਟਕ ਦਾ ਨਿਰਦੇਸ਼ਨ ਸੀਨੀਅਰ ਨਿਰਦੇਸ਼ਕ ਕਵੀ ਰਤਨ ਨੇ ਕੀਤਾ ਸੀ। ਅੱਜ ਵੀ ਲੋਕ ਇਸ ਨਾਟਕ ਦੇ ਦੀਵਾਨੇ ਹਨ। ਸਰਹੱਦੀ ਹਰ ਨਾਟਕ ਵਿਚ ਕਿਸੇ ਨਾ ਕਿਸੇ ਨਵੇਂ ਮੁੰਡੇ ਨੂੰ ਕੰਮ ਕਰਨ ਦਾ ਮੌਕਾ ਦਿੰਦੇ ਸਨ। ਉਨ੍ਹਾਂ ਨੇ ਆਪਣੇ ਨਾਟਕ ‘ਮੇਰੇ ਦੇਸ਼ ਕਾ ਗਾਓਂ’ ਵਿਚ ਰਾਜੇਸ਼ ਖੰਨਾ ਨੂੰ ਕੰਮ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਦਾ ਇਹ ਨਾਟਕ ਬਹੁਤ ਸਫਲ ਹੋਇਆ। ਇਸ ਨਾਟਕ ਨੇ ਸੱਤ ਐਵਾਰਡ ਜਿੱਤੇ। ਰਾਜੇਸ਼ ਖੰਨਾ ਦੇ ਘਰ ਅੱਗੇ ਡਾਇਰੈਕਟਰਾਂ ਦੀ ਲਾਈਨ ਲੱਗ ਗਈ।
ਸਾਗਰ ਸਰਹੱਦੀ ਦੇ ਪ੍ਰਸਿੱਧ ਨਾਟਕ ‘ਮੇਰੇ ਦੇਸ਼ ਕੇ ਗਾਓਂ`, ‘ਖਿ਼ਆਲ ਕੀ ਦਸਤਕ`, ‘ਮਸੀਹਾ`, ‘ਮੈਂ ਆਸ਼ਾ ਹੋਤਾ ਹੂੰ’, ‘ਮਿਰਜ਼ਾ ਸਾਹਿਬਾ`, ‘ਭਗਤ ਸਿੰਘ ਕੀ ਵਾਪਸੀ`, ‘ਭੂਖੇ ਭਜਨ ਨਾ ਹੋਏ ਗੋਪਾਲਾ`, ‘ਅਸ਼ਫਾਕ ਉੱਲਾ` ਅਤੇ ‘ਰਾਜ ਦਰਬਾਰ` ਦੇਸ਼ ਭਰ ਵਿਚ ਖੇਡੇ ਗਏ। ਜਦੋਂ ‘ਕਭੀ ਕਭੀ’ ਫਿਲਮ ਹਿੱਟ ਹੋਈ ਤਾਂ ਹਰ ਪਾਸੇ `ਸਰਹੱਦੀ ਸਰਹੱਦੀ` ਹੋਣ ਲੱਗ ਪਿਆ। ਹਰ ਵੱਡੇ ਹੀਰੋ ਅਤੇ ਨਿਰਦੇਸ਼ਕ ਦੀ ਮੰਗ ਸਰਹੱਦੀ ਹੀ ਸਨ। ਇਕ ਦਿਨ ਦਲੀਪ ਕੁਮਾਰ ਦਾ ਫੋਨ ਆਇਆ, “ਸਰਹੱਦੀ ਸਾਹਿਬ, ਆਪ ਹਮਾਰੇ ਸਾਥ ਕਾਮ ਕਰੋਗੇ? ਆਪ ਹਮਾਰੇ ਲੀਏ ਕੋਈ ਅੱਛੀ ਰੁਮਾਂਟਿਕ ਫਿਲਮ ਲਿਖੋ।” ਸਰਹੱਦੀ ਚੁੱਪ-ਚਾਪ ਸਭ ਕੁਝ ਸੁਣ ਰਹੇ ਸਨ। ਦਲੀਪ ਕੁਮਾਰ ਨੇ ਕਿਹਾ, “ਆਪ ਬੋਲਤੇ ਕਿਉਂ ਨਹੀਂ?” ਸਰਹੱਦੀ ਸਾਹਿਬ ਨੇ ਕਿਹਾ, “ਹਮ ਬੋਲੇ ਤੋ ਤੁਮ ਕਹੋਗੇ ਹਮ ਜ਼ਿਆਦਾ ਬੋਲਤੇ ਹੈਂ। ਦਲੀਪ ਕੁਮਾਰ ਸਾਹਿਬ ਹਮ ਰਿਫਿਊਜੀ ਲੋਗ ਹੈਂ। ਹਰ ਵਾਰ ਰੁਮਾਂਟਿਕ ਫਿਲਮ ਨਹੀਂ ਲਿਖ ਸਕਤੇ। ਹਮਾਰੇ ਅੰਦਰ ਉਨ ਲੋਗੋਂ ਕਾ ਦਰਦ ਹੈ ਜੋ ਅਬ ਭੀ ਦਰ-ਦਰ ਭਟਕਤੇ ਫਿਰ ਰਹੇ ਹੈਂ। ਆਪ ਲੋਗ ਉਨ ਲੋਗੋਂ ਕਾ ਦਰਦ ਨਹੀਂ ਸਮਝ ਸਕਤੇ, ਇਸ ਲੀਏ ਮੈਂ ਆਪ ਕੇ ਸਾਥ ਕਾਮ ਨਹੀਂ ਕਰ ਸਕਤਾ।”
ਇਕ ਥਾਂ ਸਰਹੱਦੀ ਜ਼ਿਕਰ ਕਰਦੇ ਹਨ ਕਿ ‘ਕਭੀ ਕਭੀ’ ਫਿਲਮ ਤੋਂ ਬਾਅਦ ਯਸ਼ ਜੀ ਸਲਮਾ ਆਗਾ ਨੂੰ ਲੈ ਕੇ ਫਿਲਮ ਬਣਾ ਰਹੇ ਸਨ। ਉਨ੍ਹਾਂ ਨੇ ਕਿਹਾ, “ਸਰਹੱਦੀ ਸਾਹਿਬ, ਆਪ ਅਬ ਇਸ ਕੀ ਆਖੋਂ ਪਰ ਕੁਛ ਲਿਖੋ।” ਸਰਹੱਦੀ ਨੇ ਲਿਖਿਆ, “ਇਸ ਕੀ ਆਖੋਂ ਮੇਂ ਹਮੇਂ ਆਸਮਾਨ ਨਜ਼ਰ ਆਤਾ ਹੈ।” ਸਲਮਾ ਆਗਾ ਦੀਆਂ ਅੱਖਾਂ ਨੀਲੀਆਂ ਸਨ। ਇਸ ਵਾਕਿਆ ਤੋਂ ਬਾਅਦ ਸਰਹੱਦੀ ਸੋਚਣ ਲੱਗੇ- ‘ਜੇ ਹੁਣ ਯਸ਼ ਜੀ ਨੇ ਕਿਸੇ ਤੀਜੀ ਲੜਕੀ ਦੀਆਂ ਅੱਖਾਂ ਬਾਰੇ ਲਿਖਣ ਨੂੰ ਕਿਹਾ ਤਾਂ ਮੈਂ ਕੀ ਲਿਖੂੰਗਾ? ਮੈਂ ਰਫਿਊਜੀ ਆਦਮੀ ਹਾਂ। ਮੇਰੇ ਅੰਦਰ ਅਵਾਮ ਦਾ ਦਰਦ ਹੈ। ਇਸ ਲਈ ਮੈਂ ਹਰ ਵਾਰ ਔਰਤ ਦੇ ਹੁਸਨ ਅਤੇ ਅੱਖਾਂ ਦੀਆਂ ਬਾਤਾਂ ਨਹੀਂ ਪਾ ਸਕਦਾ।`
ਮੈਂ ਸਰਹੱਦੀ ਨੂੰ ਮਿਲਿਆ ਨਹੀਂ ਪਰ ਲੱਗਦਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਵੀ ਨੀਲੀਆਂ ਸਨ। ਉਹ ਜਦੋਂ ਵੀ ਕਿਤੇ ਆਪਣੀ ਮੁਹੱਬਤ ਦਾ ਜ਼ਿਕਰ ਕਰਦੇ ਤਾਂ ਆਖਦੇ, “ਮੇਰੀ ਜ਼ਿੰਦਗੀ ਵਿਚ ਘੱਟੋ-ਘੱਟ ਵੀਹ ਕੁੜੀਆਂ ਆਈਆਂ। ਮੈਂ ਇਨ੍ਹਾਂ ਵੀਹ ਕੁੜੀਆਂ ਵਿਚੋਂ ਮੁਹੱਬਤ ਕਿਸੇ ਨੂੰ ਵੀ ਨਹੀਂ ਕਰ ਸਕਿਆ। ਉਹ ਮੇਰੇ ਵੱਡੇ ਨਾਂ ਅਤੇ ਤਨ ਤੱਕ ਹੀ ਸੀਮਤ ਰਹੀਆਂ। ਮੈਂ ਵੀ ਉਨ੍ਹਾਂ ਦੇ ਤਨ ਤੋਂ ਅੱਗੇ ਮਨ ਤੱਕ ਨਹੀਂ ਜਾ ਸਕਿਆ, ਪਤਾ ਨਹੀਂ ਕਿਉਂ। ਮੇਰੇ ਅਤੇ ਮੁਹੱਬਤ ਵਿਚ ਹਮੇਸ਼ਾ ਫ਼ਾਸਲਾ ਹੀ ਬਣਿਆ ਰਿਹਾ।” ਆਖ਼ਰ ਵਿਚ ਇਕ ਹੋਰ ਕੁੜੀ ਉਨ੍ਹਾਂ ਦੀ ਜ਼ਿੰਦਗੀ ਵਿਚ ਆਈ। ਉਹ ਸੋਚਣ ਲੱਗੇ- ‘ਲਗੱਦੈ ਮੁਹੱਬਤ ਨੇ ਦਿਲ ਦੇ ਦਰ `ਤੇ ਦਸਤਕ ਦਿੱਤੀ ਹੈ` ਪਰ ਧੁੰਦ ਦੇ ਬੱਦਲ ਕਦੇ ਵੀ ਵਰ੍ਹਦੇ ਨਹੀਂ। ਲੰਮੇ ਸਫ਼ਰ ਤੋਂ ਬਾਅਦ ਇਕ ਦਿਨ ਉਹ ਕੁੜੀ ਕਹਿਣ ਲੱਗੀ, “ਮੈਂ ਹੁਣ ਜ਼ਿੰਦਗੀ ਵਿਚ ਸੈੱਟ ਹੋਣਾ ਚਾਹੁੰਦੀ ਹਾਂ।”
ਸਰਹੱਦੀ ਸਾਹਿਬ ਨੇ ਕਿਹਾ, “ਆਪ ਕੋ ਜ਼ਰੂਰ ਸੈੱਟ ਹੋਨਾ ਚਾਹੀਏ, ਹਮ ਆਪ ਕੀ ਕਿਆ ਮਦਦ ਕਰ ਸਕਤੇ ਹੈਂ?” ਉਹ ਕੁੜੀ ਬੋਲੀ, “ਆਪ ਹਮਾਰੀ ਸ਼ਾਦੀ ਮੇਂ ਜ਼ਰੂਰ ਆਨਾ।” ਇਹ ਸੁਣ ਕੇ ਸਰਹੱਦੀ ਸਾਹਿਬ ਹੱਸ ਪਏ ਅਤੇ ਆਖਣ ਲੱਗੇ, “ਜ਼ਰੂਰ ਆਵਾਂਗਾ।” ਉਸ ਰਾਤ ਤੋਂ ਬਾਅਦ ਜਾਣ ਸਮੇਂ ਉਹ ਕੁੜੀ ਆਖਣ ਲੱਗੀ, “ਆਪ ਮੇਰੇ ਬਿਨਾ ਕਿਆ ਕਰੋਗੇ?” ਸਰਹੱਦੀ ਕਹਿਣ ਲੱਗੇ, “ਮੈਂ ਆਪ ਕੀ ਯਾਦ ਮੇਂ ਰੋਇਆ ਕਰੂੰਗਾ।”
ਸਰਹੱਦੀ ਨੇ ਵਿਆਹ ਨਹੀਂ ਸੀ ਕਰਾਇਆ। ਸਾਰੀ ਜ਼ਿੰਦਗੀ ਇਕੱਲਿਆਂ ਹੀ ਬਿਤਾਈ। ਉਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਸੀ। ਉਹ ਤਕਰੀਬਨ ਸਾਰੀ ਉਮਰ ਆਪਣੇ ਭਤੀਜੇ ਰਮੇਸ਼ ਤਲਵਾਰ ਦੇ ਨਾਲ ਰਹੇ। ਰਮੇਸ਼ ਤਲਵਾਰ ਭਾਵੇਂ ਯਸ਼ ਚੋਪੜਾ ਦੇ ਸਹਾਇਕ ਡਾਇਰੈਕਟਰ ਸਨ ਪਰ ਉਨ੍ਹਾਂ ਨੇ ਨਿਰਦੇਸ਼ਨ ਦੇ ਸਾਰੇ ਗੁਣ ਆਪਣੇ ਚਾਚੇ ਸਰਹੱਦੀ ਕੋਲੋਂ ਹੀ ਸਿੱਖੇ ਸਨ। ਰਮੇਸ਼ ਤਲਵਾਰ ਦੇ ਛੋਟੇ ਭਰਾ ਵਿਜੇ ਤਲਵਾਰ ਨੇ ਵੀ ਨਿਰਦੇਸ਼ਨ ਵਿਚ ਵਧੀਆ ਨਾਮ ਕਮਾਇਆ ਹੈ।
ਸਾਗਰ ਸਰਹੱਦੀ ਦੀਆਂ ਕਈ ਆਮ ਗੱਲਾਂ ਯਾਦਾਂ ਬਣ ਕੇ ਰਹਿ ਗਈਆਂ ਹਨ। ਇਕ ਵਾਰੀ ਮੀਨਾ ਕੁਮਾਰੀ ਨੇ ਉਨ੍ਹਾਂ ਦੀ ਕਿਸੇ ਲਿਖਤ ਉੱਤੇ ਟਿੱਪਣੀ ਕਰ ਦਿੱਤੀ। ਸਰਹੱਦੀ ਨੇ ਮੀਨਾ ਕੁਮਾਰੀ ਨੂੰ ਕਿਹਾ, “ਜਦ ਮੈਂ ਤੁਹਾਡੀ ਐਕਟਿੰਗ ਵਿਚ ਦਖ਼ਲ ਨਹੀਂ ਦਿੰਦਾ, ਤੁਸੀਂ ਮੇਰੀ ਲਿਖਤ ਵਿਚ ਲੱਤ ਕਿਉਂ ਅੜਾਉਂਦੇ ਹੋ। ਤੁਹਾਨੂੰ ਤਾਂ ਅਜੇ ਅਲਫ਼-ਬੇ ਦਾ ਵੀ ਨਹੀਂ ਪਤਾ।”
ਜਦੋਂ ਉਹ ‘ਸਿਲਸਿਲਾ’ ਫਿਲਮ ਦੇ ਸੈੱਟ `ਤੇ ਕੁਝ ਵੀ ਪੜ੍ਹਦੇ-ਲਿਖਦੇ ਸਨ ਤਾਂ ਅਮਿਤਾਭ ਬੱਚਨ ਉਨ੍ਹਾਂ ਦੇ ਕੋਲ ਹੀ ਬੈਠਾ ਰਹਿੰਦਾ ਸੀ। ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਕਹਿਣਾ, “ਕਿਉਂ ਮੇਰੇ ਸਿਰਹਾਣੇ ਬੈਠੇ ਹੋ? ਆਪਣੇ ਸ਼ਾਟ ਦੀ ਤਿਆਰੀ ਕਰੋ।” ਅਮਿਤਾਭ ਬੱਚਨ ਨੇ ਕਹਿਣਾ, “ਜੇ ਸਿਰਹਾਣੇ ਨਹੀਂ, ਆਪ ਦੇ ਪੈਰਾਂ ਵੱਲ ਬੈਠ ਜਾਂਦਾ ਹਾਂ।” ਉਹ ਹਮੇਸ਼ਾ ਉਨ੍ਹਾਂ ਦੇ ਪੈਰਾਂ ਵਿਚ ਬੈਠਾ ਉਨ੍ਹਾਂ ਦੀਆਂ ਲੱਤਾਂ ਘੁੱਟਣ ਲੱਗ ਜਾਂਦਾ। ਇਕ ਵਾਰ ਸਰਹੱਦੀ ਨੇ ਹੱਸਦੇ ਹੋਏ ਅਮਿਤਾਭ ਬੱਚਨ ਨੂੰ ਕਿਹਾ, “ਰੇਖਾ ਆਪ ਕੀ ਤਰਫ਼ ਨਜ਼ਰੇਂ ਟਿਕਾ ਕੇ ਦੇਖ ਰਹੀ ਹੈ। ਜਾਓ, ਉਸ ਸੇ ਬਾਤ ਕਰੋ ਔਰ ਪੂਛੋ ਕਿਆ ਚਾਹਤੀ ਹੈ।” ਅਮਿਤਾਭ ਜੀ ਮੁਸਕਰਾਏ ਤੇ ਕਹਿਣ ਲੱਗੇ, “ਦੂਸਰੀ ਤਰਫ਼ ਜਯਾ ਭਾਦੁਰੀ ਵੀ ਦੇਖ ਰਹੀ ਹੈ।” ਸਰਹੱਦੀ ਹੱਸਣ ਲੱਗ ਪਏ। ‘ਸਿਲਸਿਲਾ’ ਫਿਲਮ ਦੀ ਸ਼ੂਟਿੰਗ ਸਮੇਂ ਇਕ ਸੀਨ ਯਸ਼ ਜੀ ਵਾਰ-ਵਾਰ ਕਰ ਰਹੇ ਸਨ, ਫਿਰ ਵੀ ਠੀਕ ਨਹੀਂ ਹੋ ਰਿਹਾ ਸੀ। ਸਰਹੱਦੀ ਯਸ਼ ਜੀ ਨੂੰ ਕਹਿਣ ਲੱਗੇ, “ਅਗਰ ਆਪ ਠੀਕ ਨਹੀਂ ਕਰ ਸਕਤੇ, ਤੋ ਘਰ ਬੈਠ ਜਾਓ। ਕੋਈ ਔਰ ਧੰਦਾ ਕਰੋ। ਕਿਉਂ ਸਮਾਂ ਬਰਬਾਦ ਕਰਤੇ ਹੋ।” ਕਿਸੇ ਵੀ ਵੱਡੇ ਨਿਰਮਾਤਾ ਜਾਂ ਨਿਰਦੇਸ਼ਕ ਦਾ ਹੌਸਲਾ ਨਾ ਪੈਂਦਾ ਉਨ੍ਹਾਂ ਦੀ ਕਹੀ ਗੱਲ ਟਾਲ ਦੇਣ ਦਾ।
‘ਸਿਲਸਿਲਾ’ ਫਿਲਮ ਵਿਚ ਪਹਿਲਾਂ ਪਰਵੀਨ ਬਾਬੀ ਅਤੇ ਸਮਿਤਾ ਪਾਟਿਲ ਨੂੰ ਲਿਆ ਗਿਆ ਸੀ। ਯਸ਼ ਚੋਪੜਾ ਜੀ ਦੋ-ਤਿੰਨ ਮਹੀਨੇ ਦੀ ਸ਼ੂਟਿੰਗ ਸ੍ਰੀਨਗਰ ਵਿਚ ਕਰ ਚੁੱਕੇ ਸਨ ਪਰ ਪਤਾ ਨਹੀਂ ਕਿਉਂ ਯਸ਼ ਜੀ ਦਾ ਸ਼ੂਟਿੰਗ `ਤੇ ਮਨ ਨਹੀਂ ਜੰਮਦਾ ਸੀ। ਕੁਝ ਭਰਿਆ ਹੋਇਆ ਵੀ ਖਾਲੀ-ਖਾਲੀ ਲੱਗ ਰਿਹਾ ਸੀ। ਉਨ੍ਹਾਂ ਨੇ ਇਹ ਗੱਲ ਸਰਹੱਦੀ ਤੇ ਅਮਿਤਾਭ ਬੱਚਨ ਨਾਲ ਸਾਂਝੀ ਕੀਤੀ। ਕੁਝ ਦਿਨ ਸੋਚ-ਵਿਚਾਰ ਕਰਨ ਮਗਰੋਂ ਸਰਹੱਦੀ ਕਹਿਣ ਲੱਗੇ ਕਿ ਫਿਲਮ ਦੀਆਂ ਦੋਵੇਂ ਹੀਰੋਇਨਾਂ ਬਦਲ ਦਿਓ। ਸਭ ਹੈਰਾਨ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ।
ਯਸ਼ ਜੀ ਬੋਲੇ, “ਯੇਹ ਕਿਆ ਕਹਿ ਰਹੇ ਹੋ?”
ਸਰਹੱਦੀ ਬੋਲੇ, “ਮੈਂ ਠੀਕ ਕਹਿ ਰਹਾਂ ਹੂੰ।”
“ਫਿਰ ਫਿਲਮ ਮੇਂ ਕਿਸ ਕੋ ਲੇਨਾ ਹੈ?”
ਸਰਹੱਦੀ ਨੇ ਕਿਹਾ, “ਰੇਖਾ ਔਰ ਜਯਾ ਭਾਦੁਰੀ ਕੋ।”
ਅਮਿਤਾਭ ਬੋਲੋ, “ਯੇਹ ਕਭੀ ਨਹੀਂ ਹੋ ਸਕਤਾ।”
ਸਰਹੱਦੀ ਬੋਲੇ, “ਯੇਹ ਹੋਗਾ ਔਰ ਹੋ ਕਰ ਹੀ ਰਹੇਗਾ।”
ਆਖ਼ਰ ਉਹੀ ਹੋਇਆ ਜੋ ਸਰਹੱਦੀ ਨੇ ਕਿਹਾ ਸੀ। ਚਿੜੀ ਦੀ ਅੱਖ ਅਰਜਨ ਨੂੰ ਹੀ ਨਹੀਂ ਦਿਸਦੀ ਸੀ, ਸਰਹੱਦੀ ਹੁਰਾਂ ਨੂੰ ਵੀ ਦਿਸਦੀ ਸੀ। ‘ਸਿਲਸਿਲਾ’ ਫਿਲਮ ਸੁਪਰ ਹਿੱਟ ਰਹੀ।
ਜਦੋਂ ਸਿਨੇ ਜਗਤ ਵਿਚ ਪੂਰੀ ਧੁੰਮ ਪੈ ਚੁੱਕੀ ਸੀ, ਉਦੋਂ ਵੀ ਸਰਹੱਦੀ ਨੇ ਸਾਦਾ ਜ਼ਿੰਦਗੀ ਨੂੰ ਪਹਿਲ ਦਿੱਤੀ। ਉਹ ਹਮੇਸ਼ਾ ਰੇਲਗੱਡੀ ਵਿਚ ਸਫ਼ਰ ਕਰਦੇ। ਕਈ ਵਾਰ ਉਨ੍ਹਾਂ ਦੇ ਦੋਸਤਾਂ ਨੇ ਕਹਿਣਾ, “ਐਨੀ ਸ਼ੁਹਰਤ ਮਿਲਣ `ਤੇ ਵੀ ਸਰਹੱਦੀ ਸਾਹਿਬ ਤੁਸੀਂ ਟਰੇਨ ਵਿਚ ਹੀ ਸਫ਼ਰ ਕਿਉਂ ਕਰਦੇ ਹੋ?” ਤਾਂ ਉਨ੍ਹਾਂ ਕਹਿਣਾ, “ਜਿਨ੍ਹਾਂ ਲੋਕਾਂ `ਤੇ ਲਿਖ-ਲਿਖ ਕੇ ਐਨਾ ਰੁਪਇਆ ਕਮਾਉਂਦੇ ਹੋ, ਫਿਰ ਉਨ੍ਹਾਂ ਵਿਚ ਵਿਚਰਨ ਤੋਂ ਕਿਉਂ ਡਰਦੇ ਹੋ? ਇਹ ਲੋਕ ਤੁਹਾਡੀ ਸਫਲਤਾ ਦਾ ਜ਼ਰੀਆ ਹਨ। ਜੇ ਅਵਾਮ ਤੁਹਾਡੇ ਨਾਲ ਹੈ, ਤੁਹਾਡੀ ਪਛਾਣ ਹੈ। ਬੇ-ਪਛਾਣ ਲੋਕਾਂ ਦੀ ਭੀੜ ਤਾਂ ਬਥੇਰੀ ਤੁਰੀ ਫਿਰਦੀ ਹੈ। ਮੈਂ ਭੀੜ ਦਾ ਹਿੱਸਾ ਨਹੀਂ, ਇਨ੍ਹਾਂ ਲੋਕਾਂ ਦਾ ਹਿੱਸਾ ਹਾਂ।”
‘ਨੂਰੀ’ ਫਿਲਮ ਦੀ ਕਹਾਣੀ ਉਨ੍ਹਾਂ ਦੇ ਪਿੰਡ ਦੀ ਅਸਲੀ ਕਹਾਣੀ ਸੀ। ਬਚਪਨ ਤੋਂ ਹੀ ਇਹ ਕਹਾਣੀ ਉਨ੍ਹਾਂ ਦੇ ਨਾਲ ਤੁਰ ਰਹੀ ਸੀ। ਜਦੋਂ ਉਨ੍ਹਾਂ ਇਸ ਪਿੰਡ ਦੀ ਕਹਾਣੀ ਨੂੰ ਅਸਲੀ ਕਹਾਣੀ ਦਾ ਰੂਪ ਦਿੱਤਾ ਤਾਂ ਇਸ ਦਾ ਨਾਮ ‘ਰਾਕਾ’ ਰੱਖਿਆ ਸੀ। ਉਨ੍ਹਾਂ ਦੀ ਇਹ ਕਹਾਣੀ ਉਰਦੂ ਦੇ ਕਈ ਮਸ਼ਹੂਰ ਪੇਪਰਾਂ ਵਿਚ ਛਪੀ ਸੀ। ਅਖੀਰ ਇਹ ‘ਰਾਕਾ’ ਹੀ ਫਿਰ ‘ਨੂਰੀ’ ਵਿਚ ਤਬਦੀਲ ਹੋਈ। ਫਿਰ ਇਸ ਅਸਲੀ ਕਹਾਣੀ `ਤੇ ਆਧਾਰਤ ਹੀ ‘ਨੂਰੀ’ ਫਿਲਮ ਬਣੀ। ਸਰਹੱਦੀ ਨੇ ਆਪਣੇ ਪਿੰਡ ਵਰਗੀ ਥਾਂ ਲੱਭ ਕੇ ਉਸ ਨੂੰ ਆਪਣੇ ਪਿੰਡ ਬਾਫਾ ਦਾ ਰੂਪ ਦਿੱਤਾ। ‘ਨੂਰੀ’ ਦਾ ਸੰਗੀਤ ਖਯਾਮ ਨੇ ਤਿਆਰ ਕੀਤਾ ਸੀ। ਜਦ ‘ਨੂਰੀ’ ਫਿਲਮ ਬਣ ਰਹੀ ਸੀ ਤਾਂ ਸਰਹੱਦੀ ਇਕ ਹੋਰ ਵਾਕਿਆ ਦਾ ਵੀ ਜ਼ਿਕਰ ਕਰਦੇ ਹਨ। ਉਹ ਕਹਿੰਦੇ ਹਨ, “ਜੰਮੂ ਕਸ਼ਮੀਰ ਦੇ ਜਿਸ ਪਿੰਡ ਵਿਚ ਸ਼ੂਟਿੰਗ ਚੱਲ ਰਹੀ ਸੀ, ਉਸ ਤੋਂ ਥੋੜ੍ਹੀ ਦੂਰ ਸਰਦਾਰ ਜੀ ਦਾ ਢਾਬਾ ਸੀ। ਮੈਂ ਰੋਜ਼਼ਾਨਾ ਇਸ ਢਾਬੇ `ਤੇ ਖਾਣਾ ਖਾਣ ਜਾਣਾ। ਉਸ ਨੇ ਰੋਜ਼ ਹੀ ਮਸਰ-ਮੂੰਗੀ ਦੀ ਦਾਲ ਅਤੇ ਦੋ ਫੁਲਕੇ ਮੇਰੇ ਅੱਗੇ ਰੱਖ ਦੇਣੇ। ਮੈਂ ਕੁਝ ਨਾ ਕਹਿਣਾ। ਖਾਣਾ ਖਾ ਕੇ ਆਪਣੇ ਸੈੱਟ `ਤੇ ਆ ਜਾਣਾ। ਇਕ ਦਿਨ ਮੈਂ ਕਿਹਾ, “ਸਰਦਾਰ ਸਾਹਿਬ, ਕੱਲ੍ਹ ਨੂੰ ਮੇਰੇ ਸਾਥ ਬਹੁਤ ਵੱਡਾ ਆਦਮੀ ਆ ਰਿਹਾ ਹੈ। ਖਾਣਾ ਕੁਝ ਸਪੈਸ਼ਲ ਬਣਾ ਲੈਣਾ।” ਸਰਦਾਰ ਅੰਦਰ ਉਤਸੁਕਤਾ ਪੈਦਾ ਹੋਈ। ਉਹ ਸਰਹੱਦੀ ਨੂੰ ਪੁੱਛਣ ਲੱਗਾ, “ਐਸਾ ਕੌਣ ਸਾਬ੍ਹ ਆ ਰਿਹਾ ਹੈ?” ਸਰਹੱਦੀ ਨੇ ਕਿਹਾ, “ਯਸ਼ ਚੋਪੜਾ ਜੀ ਆ ਰਹੇ ਹਨ।” ਸਰਦਾਰ ਜੀ ਝੱਟ ਬੋਲੇ, “ਕਭੀ ਕਭੀ ਫਿਲਮ ਵਾਲੇ?” “ਹਾਂ, ‘ਕਭੀ ਕਭੀ’ ਫਿਲਮ ਵਾਲੇ।” ਪਰ ਸਰਹੱਦੀ ਨੇ ਆਪਣੇ ਬਾਰੇ ਕੁਝ ਨਾ ਦੱਸਿਆ। ਸਰਦਾਰ ਜੀ ਅੰਦਰੋ-ਅੰਦਰ ਖੁਸ਼ੀ ਮਹਿਸੂਸ ਕਰ ਰਹੇ ਸਨ, ਯਸ਼ ਜੀ ਮੇਰੇ ਛੋਟੇ ਜਿਹੇ ਢਾਬੇ `ਤੇ ਆ ਰਹੇ ਹਨ।
ਦੂਸਰੇ ਦਿਨ ਸਰਹੱਦੀ ਯਸ਼ ਜੀ ਨੂੰ ਨਾਲ ਲੈ ਕੇ ਉਸ ਢਾਬੇ `ਤੇ ਖਾਣਾ ਖਾਣ ਗਏ। ਜਦ ਸਰਦਾਰ ਜੀ ਨੇ ਖਾਣਾ ਤਿਆਰ ਕਰ ਕੇ ਟੇਬਲ `ਤੇ ਰੱਖਿਆ ਤਾਂ ਦਾਲ ਫਿਰ ਮਸਰ-ਮੂੰਗੀ ਦੀ। ਸਰਹੱਦੀ ਸਰਦਾਰ ਨੂੰ ਕਹਿਣ ਲੱਗੇ, “ਮੈਂ ਤੁਹਾਨੂੰ ਕੁਝ ਸਪੈਸ਼ਲ ਬਣਾਉਣ ਨੂੰ ਕਿਹਾ ਸੀ।” ਸਰਦਾਰ ਜੀ ਬੋਲੇ, “ਸਪੈਸ਼ਲ ਹੀ ਹੈ। ਅੱਜ ਮੈਂ ਦਾਲ ਨੂੰ ਤੜਕਾ ਲਗਾ ਦਿੱਤਾ ਹੈ।” ਸਰਹੱਦੀ ਅਤੇ ਯਸ਼ ਖਿੜਖਿੜਾ ਕੇ ਹੱਸ ਪਏ। ਸਰਹੱਦੀ ਜੀ ਨੇ ਕਿਹਾ, “ਸਰਦਾਰ ਜੀ, ਤੁਸੀਂ ਯਸ਼ ਜੀ ਨੂੰ ਮਿਲ ਸਕਦੇ ਹੋ। ਕੋਈ ਗੱਲ ਵੀ ਕਰ ਸਕਦੇ ਹੋ।” ਸਰਦਾਰ ਜੀ ਨੇ ਕਿਹਾ, “ਤੁਹਾਡੀ ਫਿਲਮ ‘ਕਭੀ ਕਭੀ’ ਮੈਂ ਕਈ ਵਾਰ ਦੇਖੀ। ਆਪਣੀ ਪਤਨੀ ਨੂੰ ਵੀ ਦਿਖਾਈ ਹੈ।” ਯਸ਼ ਨੇ ਕਿਹਾ, “ਵੋਹ ਫਿਲਮ ਮੇਰੀ ਨਹੀਂ, ਇਸ ਆਦਮੀ ਕੀ ਹੈ।” ਸਰਦਾਰ ਜੀ ਦੇਖਦੇ ਹੀ ਰਹਿ ਗਏ। ਫਿਰ ਯਸ਼ ਨੇ ਕਿਹਾ, “ਇਹ ਸਾਗਰ ਸਰਹੱਦੀ ਹੈ। ਇਸ ਨੇ ‘ਕਭੀ ਕਭੀ’ ਫਿਲਮ ਦੀ ਕਹਾਣੀ ਅਤੇ ਡਾਇਲਾਗ ਲਿਖੇ ਹਨ। ਤਕਰੀਬਨ ਸਾਰਾ ਕੰਮ ਇਸ ਨੇ ਹੀ ਕੀਤਾ ਹੈ।” ਸਰਦਾਰ ਜੀ ਹੈਰਾਨ ਹੋ ਗਏ। ਐਨੇ ਦਿਨ ਤੋਂ ਇਹ ਆਦਮੀ ਉਸ ਦੇ ਢਾਬੇ `ਤੇ ਆ ਰਿਹਾ ਸੀ ਪਰ ਦੱਸਿਆ ਕੁਝ ਨਹੀਂ ਸੀ। ਬੱਸ ਫਿਰ ਕੀ, ਸਰਦਾਰ ਜੀ ਅੰਦਰ ਪੰਜਾਬੀ ਜਾਗ ਪਿਆ। ਉਸ ਨੇ ਸਰਹੱਦੀ ਨੂੰ ਘੁੱਟ ਕੇ ਜੱਫੀ ਪਾ ਲਈ। ਖੁਸ਼ੀ ਵਿਚ ਖੀਵਾ ਹੋਇਆ ਕਹਿਣ ਲੱਗਾ, “ਸਾਬ੍ਹ ਬਹਾਦਰ, ਅੱਜ ਮੈਂ ਤੁਹਾਨੂੰ ਸਪੈਸ਼ਲ ਚਾਹ ਬਣਾ ਕੇ ਪਿਆਵਾਂਗਾ। ਦੁੱਧ ਰੋਕ ਕੇ ਅਤੇ ਪੱਤੀ ਠੋਕ ਕੇ ਪਾਵਾਂਗਾ। ਮੇਰੀ ਬਣੀ ਚਾਹ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ।” ਸਰਹੱਦੀ ਜੀ ਹਮੇਸ਼ਾ ਇਸ ਘਟਨਾ ਦਾ ਆਪਣੇ ਮਿੱਤਰਾਂ ਕੋਲ ਜ਼ਿਕਰ ਕਰਦੇ ਸਨ।
1982 ਵਿਚ ਬਣੀ ਕਲਾ ਫਿਲਮ ‘ਬਾਜ਼ਾਰ’ ਦਾ ਫਿਲਮ ਜਗਤ ਵਿਚ ਆਪਣਾ ਮੁਕਾਮ ਹੈ। ਸਰਹੱਦੀ ‘ਬਾਜ਼ਾਰ’ ਦੇ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਸਨ। ਇਸ ਫਿਲਮ ਵਿਚ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਫ਼ਾਰੂਕ ਸ਼ੇਖ਼ ਤੇ ਸੁਪ੍ਰਿਆ ਪਾਠਕ ਨੇ ਕੰਮ ਕੀਤਾ ਸੀ। ਇਸ ਫਿਲਮ ਦਾ ਸੰਗੀਤ ਖਯਾਮ ਨੇ ਤਿਆਰ ਕੀਤਾ ਸੀ। ਫਿਲਮ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਉੱਤੇ ਹਨ, ਜਿਵੇਂ ‘ਦਿਖਾਈ ਦੀਏ ਯੂੰ`, ‘ਫਿਰ ਛਿੜੀ ਰਾਤ`, ‘ਦੇਖ ਲੋ ਆਜ ਹਮ ਕੋ ਜੀ ਭਰ ਕੇ` ਆਦਿ। ਫਿਲਮ ਨੇ ਨਵੇਂ ਦਿਸਹੱਦੇ ਸਿਰਜੇ। ਸਰਹੱਦੀ ਜ਼ਿਕਰ ਕਰਦੇ ਹਨ, “ਇਹ ਫਿਲਮ ਤਿੰਨ ਵਾਰੀ ਦੂਰਦਰਸ਼ਨ `ਤੇ ਦਿਖਾਈ ਗਈ। ਹਰ ਵਾਰੀ ਮੈਨੂੰ ਢਾਈ-ਢਾਈ ਲੱਖ ਰੁਪਏ ਮਿਲੇ ਜਿਸ ਵਿਚੋਂ ਜਦੋਂ ਮੈਂ 11 ਹਜ਼ਾਰ ਸੁਪ੍ਰਿਆ ਨੂੰ ਦਿੱਤੇ, ਉਹ ਲਵੇ ਨਾ। ਉਸ ਨੇ ਕਿਹਾ- ‘ਤੁਸੀਂ ਮੈਨੂੰ ਬਰੇਕ ਦਿੱਤੀ, ਮੈਂ ਰੁਪਏ ਨਹੀਂ ਲੈਣੇ’ ਪਰ ਮੈਂ ਫਿਰ ਵੀ ਦਿੱਤੇ। ਚਾਲੀ ਹਜ਼ਾਰ ਰੁਪਏ ਸਮਿਤਾ ਪਾਟਿਲ ਨੂੰ ਦਿੱਤੇ। ਉਸ ਨੇ ਕਿਹਾ, ‘ਮੈਂ ਕੰਮ ਪੈਸੇ ਲਈ ਨਹੀਂ, ਸਰਹੱਦੀ ਸਾਹਿਬ ਜੀ ਤੁਹਾਡੇ ਲਈ ਕੀਤਾ ਹੈ’। ਬਾਕੀ ਸਾਰੀ ਟੀਮ ਨੂੰ ਮੈਂ ਜੋ ਦਿੱਤਾ, ਉਨ੍ਹਾਂ ਨੇ ਹੱਸ ਕੇ ਕਬੂਲ ਕਰ ਲਿਆ।”
ਅੱਜ ਵੀ ਜਦੋਂ ਕਲਾ ਫਿਲਮਾਂ ਦੀ ਗੱਲ ਹੁੰਦੀ ਹੈ ਤਾਂ ਇਸ ਫਿਲਮ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਜਦੋਂ ‘ਬਾਜ਼ਾਰ’ ਬਣ ਰਹੀ ਸੀ ਤਾਂ ਯਸ਼ ਚੋਪੜਾ ਨੇ ਸਰਹੱਦੀ ਨੂੰ ਫੋਨ ਕੀਤਾ, “ਸਰਹੱਦੀ ਸਾਹਿਬ, ਆਪ ਇਸ ਫਿਲਮ ਕੋ ਹਮਾਰੇ ਬੈਨਰ ਕੇ ਨੀਚੇ ਬਨਾ ਲੇਤੇ ਤੋ ਅੱਛਾ ਲਗਤਾ।” ਸਰਹੱਦੀ ਬੋਲੇ, “ਯਸ਼ ਸਾਹਿਬ, ਮੈਂ ਇਸ ਫਿਲਮ ਕੋ ਰੁਮਾਂਸ ਸੇ ਦੂਰ ਰਖਨਾ ਚਾਹਤਾ ਹੂੰ।” ਯਸ਼ ਚੋਪੜਾ ਜੀ ਹੱਸ ਪਏ ਪਰ ਯਸ਼ ਨੇ ਸਰਹੱਦੀ ਦੀ ਇਸ ਫਿਲਮ ਲਈ ਦਿਲ ਖੋਲ੍ਹ ਕੇ ਮਦਦ ਕੀਤੀ। ਅੱਜ ਵੀ ਇਸ ਫਿਲਮ ਦਾ ਹਰ ਥਾਂ ਹਵਾਲਾ ਦਿੱਤਾ ਜਾਂਦਾ ਹੈ। ਸਰਹੱਦੀ ਦਾ ਨਾਂ ਵੀ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਔਰਤ ਦਾ ਦਰਦ ਇਸ ਫਿਲਮ ਦੇ ਹਰ ਸੀਨ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਸਰਹੱਦੀ ਨੇ ਨਸੀਰੂਦੀਨ ਸ਼ਾਹ, ਸਮਿਤਾ ਪਾਟਿਲ, ਦੀਪਤੀ ਨਵਲ ਅਤੇ ਮਾਰਕ ਜ਼ੁਬੇਰ ਦੀ ਭੂਮਿਕਾ ਵਾਲੀ ‘ਤੇਰੇ ਸ਼ਹਿਰ ਮੇਂ’ ਨਾਂ ਦੀ ਫਿਲਮ ਬਣਾਉਣ ਦੀ ਯੋਜਨਾ ਬਣਾਈ ਸੀ ਪਰ ਫਿਲਮ ਬਣ ਨਹੀਂ ਸੀ ਸਕੀ। ਉਨ੍ਹਾਂ ‘ਬਾਜ਼ਾਰ’ ਦਾ ਦੂਜਾ ਭਾਗ ਬਣਾਉਣ ਬਾਰੇ ਵੀ ਸੋਚਿਆ ਸੀ ਪਰ ਉਨ੍ਹਾਂ ਦਾ ਸੁਫ਼ਨਾ ਸਾਕਾਰ ਨਹੀਂ ਹੋਇਆ।
ਸਰਹੱਦੀ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਆਪਣੀ ਇੰਟਰਵਿਊ ਵਿਚ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਨੇ ਮੁੰਬਈ ਦੇ ਖ਼ਾਲਸਾ ਕਾਲਜ ਵਿਚ ਪੜ੍ਹਾਈ ਕੀਤੀ। ਜਦੋਂ ਉਹ ਪਹਿਲੇ ਸਾਲ ਵਿਚ ਪੜ੍ਹਦੇ ਸਨ ਤਾਂ ਗੁਲਜ਼ਾਰ ਦੀਜੇ ਸਾਲ ਵਿਚ ਪੜ੍ਹਦੇ ਸੀ। ਜਦੋਂ ਵੀ ਗੁਲਜ਼ਾਰ ਅਤੇ ਬਾਕੀ ਮਿੱਤਰਾਂ ਨਾਲ ਮਿਲਣਾ ਤਾਂ ਗੁਲਜ਼ਾਰ ਨੇ ਹਮੇਸ਼ਾ ਵੱਡੇ ਲੇਖਕਾਂ ਦਾ ਜ਼ਿਕਰ ਕਰ ਕੇ ਗੱਲ ਕਰਨੀ। ਕਦੇ ਗ਼ਾਲਿਬ ਅਤੇ ਕਦੇ ਮੀਰ। ਹੋਰ ਵੀ ਬਹੁਤ। ਸਰਹੱਦੀ ਕਹਿੰਦੇ ਸਨ, “ਇਨ੍ਹਾਂ ਗੱਲਾਂ ਦਾ ਮੇਰੇ `ਤੇ ਬਹੁਤ ਅਸਰ ਹੋਇਆ। ਫਿਰ ਮੈਂ ਵੀ ਆਪਣੇ ਅੰਦਰ ਸੁੱਤੇ ਠੋਸ ਇਰਾਦੇ ਨੂੰ ਜਗਾਇਆ। ਮੈਂ ਰੋਜ਼ਾਨਾ ਅੱਠ-ਦਸ ਘੰਟੇ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿਸ ਵੀ ਵੱਡੇ ਲੇਖਕ ਦੀ ਕਿਤਾਬ ਮਿਲਦੀ, ਮੈਂ ਪੜ੍ਹ ਕੇ ਹੀ ਸਾਹ ਲੈਂਦਾ।
ਕਾਲਜ ਦੇ ਦਿਨਾਂ ਨੂੰ ਯਾਦ ਕਰਕੇ ਉਹ ਹਮੇਸ਼ਾ ਆਖਦੇ ਸਨ, “ਮੈਨੂੰ ਹਮੇਸ਼ਾ ਹੀ ਸੱਯਦ ਜ਼ਹੀਰ ਨੇ ਬਹੁਤ ਸਪੋਰਟ ਕੀਤਾ। ਉਸ ਇਨਸਾਨ ਨੇ ਮੇਰੇ ਅੰਦਰ ਦੇ ਸਾਗਰ ਨੂੰ ਦੇਖ ਲਿਆ ਸੀ। ਉਹ ਜਦ ਵੀ ਮਿਲਦੇ, ਉਨ੍ਹਾਂ ਕਹਿਣਾ- ‘ਸਾਗਰ ਕਿਆ ਲਿਖ ਰਹੇ ਹੋ? ਕਿਆ ਪੜ੍ਹ ਰਹੇ ਹੋ? ਔਰ ਕਿਆ ਕਰ ਰਹੇ ਹੋ?’ ਮੈਨੂੰ ਘੁੱਟ ਕੇ ਜੱਫੀ ਪਾ ਲੈਣੀ। ਉਨ੍ਹਾਂ ਦਾ ਮੋਹ ਅਜੇ ਵੀ ਮੇਰੇ ਰੋਮ-ਰੋਮ ਵਿਚ ਵਸਿਆ ਹੈ। ਉਹ ਹਰ ਕਦਮ `ਤੇ ਮੈਨੂੰ ਯਾਦ ਆਉਂਦੇ ਹਨ।”
ਇਕ ਵਾਰ ਉਨ੍ਹਾਂ ਦਾ ਦੋਸਤ ਸਰਹੱਦੀ ਨੂੰ ਮਿਲਣ ਆਇਆ। ਉਹ ਘਰ ਦੀ ਲਾਇਬ੍ਰੇਰੀ ‘ਚ ਲੱਗੇ ਬੈੱਡ `ਤੇ ਬੈਠੇ ਕੁਝ ਪੜ੍ਹ ਰਹੇ ਸਨ। ਉਨ੍ਹਾਂ ਦਾ ਦੋਸਤ ਆਲ਼ੇ-ਦੁਆਲ਼ੇ ਦਾ ਮਾਹੌਲ ਦੇਖ ਕੇ ਹੈਰਾਨ ਰਹਿ ਗਿਆ। ਕੁਝ ਚਿਰ ਰੁਕ ਕੇ ਪੁੱਛਣ ਲੱਗਾ, “ਸਰਹੱਦੀ ਸਾਹਿਬ, ਬੈੱਡ `ਤੇ ਚਾਕੂ ਅਤੇ ਕੈਂਚੀ ਕਿਉਂ ਰੱਖੇ ਹਨ? ਇਨ੍ਹਾਂ ਦਾ ਸਾਹਿਤ ਨਾਲ ਕੀ ਲੈਣਾ ਦੇਣਾ ਹੈ?” ਸਰਹੱਦੀ ਹੱਸ ਕੇ ਕਹਿਣ ਲੱਗੇ, “ਤੇਰੇ ਮਾਰਨ ਨੂੰ।” ਦੋਸਤ ਖਿੜ-ਖਿੜਾ ਕੇ ਹੱਸ ਪਿਆ। ਸਰਹੱਦੀ ਨੇ ਕਿਹਾ, “ਇਹ ਮੈਂ ਇਸ ਲਈ ਰੱਖੇ ਹਨ ਕਿ ਮੇਰੇ ਘਰ ਹਰ ਅਖ਼ਬਾਰ ਅਤੇ ਮੈਗਜ਼ੀਨ ਆਉਂਦਾ ਹੈ। ਉਨ੍ਹਾਂ ਵਿਚ ਲਿਖਿਆ ਜੋ ਮੈਨੂੰ ਚੰਗਾ ਲੱਗੇ, ਮੈਂ ਉਸ ਦੀ ਕਟਿੰਗ ਰੱਖ ਲੈਂਦਾ ਹਾਂ। ਸਾਡੇ ਨਾਲ਼ੋਂ ਵੀ ਚੰਗਾ ਲਿਖਣ ਵਾਲੇ ਬਹੁਤ ਹਨ। ਹਰ ਛੋਟੇ ਵੱਡੇ ਤੋਂ ਕੁਝ ਨਾ ਕੁਝ ਅਸੀਂ ਸਿੱਖਦੇ ਹਾਂ। ਚੰਗਾ ਪੜ੍ਹ ਕੇ ਖੁਸ਼ੀ ਹੁੰਦੀ ਹੈ। ਇਹ ਸਾਹਿਤ ਹੀ ਜੀਵਨ ਹੈ। ਗਿਆਨ ਹਰ ਆਦਮੀ ਦਾ ਤੀਜਾ ਨੇਤਰ ਹੈ।” ਉਨ੍ਹਾਂ ਦਾ ਦੋਸਤ ਸਾਰੀ ਵਿੱਥਿਆ ਸੁਣ ਕੇ ਹੈਰਾਨ ਰਹਿ ਗਿਆ। ਐਡੇ ਵੱਡੇ ਲੇਖਕ ਵਿਚ ਐਨੀ ਨਿਮਰਤਾ!
ਸਾਗਰ ਸਰਹੱਦੀ ਕਹਾਣੀ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਸੀ। ਉਸ ਨੇ ਉਰਦੂ ਵਿਚ ਕਹਾਣੀਆਂ ਲਿਖਣ ਤੋਂ ਸ਼ੁਰੂਆਤ ਕੀਤੀ ਅਤੇ ਫਿਰ ਉਰਦੂ ਨਾਟਕਕਾਰ ਵਜੋਂ ਲਿਖਣਾ ਜਾਰੀ ਰੱਖਿਆ। ਉਸ ਦੀਆਂ ਲਿਖੀਆਂ ਕੁਝ ਫਿਲਮਾਂ ਹਨ: ਕਭੀ ਕਭੀ (1976), ਨੂਰੀ (1979), ਸਿਲਸਿਲਾ (1981), ਚਾਂਦਨੀ (1989), ਫ਼ਾਸਲੇ, ਰੰਗ, ਜ਼ਿੰਦਗੀ (1976), ਦਿ ਅਦਰ ਮੈਨ, ਕਰਮਯੋਗੀ, ਕਹੋ ਨਾ ਪਿਆਰ ਹੈ, ਕਾਰੋਬਾਰ, ਬਾਜ਼ਾਰ, ਚੌਸਰ।
ਟੀਸੀ ਵਾਲੇ ਬੇਰ ਨੂੰ ਐਵੇਂ ਨਹੀਂ ਲੁੱਗ ਕਿਹਾ ਜਾਂਦਾ, ਕੁਝ ਤਾਂ ਖ਼ਾਸੀਅਤ ਹੁੰਦੀ ਹੈ ਪਰ ਸਾਗਰ ਸਰਹੱਦੀ ਵਿਚ ਖ਼ਾਸੀਅਤ ਨੱਕੋ-ਨੱਕ ਭਰੀ ਹੋਈ ਸੀ। ਕਦੇ ਵੀ ਉਨ੍ਹਾਂ ਨੇ ਖੁਦ ਨੂੰ ਛਲਕਣ ਨਹੀਂ ਸੀ ਦਿੱਤਾ, ਕਦੇ ਡੁੱਲ੍ਹਣ ਨਹੀਂ ਸੀ ਦਿੱਤਾ।
ਜ਼ਮਾਨੇ ਨਾਲ ਬਦਲਣ ਜੋ ਬਥੇਰੇ ਹੋਣਗੇ ਤਨਵੀਰ
ਜ਼ਮਾਨੇ ਨੂੰ ਬਦਲ ਦਈਏ ਅਸੀਂ ਉਹ ਹਸਤੀਆਂ ਯਾਰੋ।