ਅਰਜਨਾ ਅਵਾਰਡੀ ‘ਸਿਮਰ ਚਕਰ’ ਦਾ ਬਾਬਾ ਮਹਿੰਦਰ ਸੈਕਟਰੀ

ਪ੍ਰਿੰ. ਸਰਵਣ ਸਿੰਘ
ਕਾਮਰੇਡ ਮਹਿੰਦਰ ਸਿੰਘ ਚਕਰ ਨੂੰ ਪਿੰਡ ਵਾਲੇ ‘ਮਹਿੰਦਰ ਸੈਕਟਰੀ’ ਕਹਿੰਦੇ ਸਨ। ਉਹ ਪਿੰਡ ਦੀ ਕੋਪ੍ਰੇਟਿਵ ਸੁਸਾਇਟੀ ਦਾ ਸੈਕਟਰੀ ਸੀ। ਲੋੜਵੰਦਾਂ ਦਾ ਦਰਦੀ ਤੇ ਮਦਦਗਾਰ। ਉਸ ਨੇ ਆਪਣੇ ਘਰ `ਚ ਕਿਤਾਬਾਂ ਦੀ ਲਾਇਬ੍ਰੇਰੀ ਬਣਾਈ ਹੋਈ ਸੀ।

ਉਸ ਦੇ ਆਪਣੇ ਵੀ ਦੋ ਨਾਵਲ ‘ਕੱਲਰ ਦੇ ਕੰਵਲ’ ਤੇ ‘ਸੂਰਾ ਸੋ ਪਹਿਚਾਨੀਏ’ ਛਪੇ ਸਨ। ਉਦੋਂ ਉਹ ਤੀਜਾ ਨਾਵਲ ਲਿਖ ਰਿਹਾ ਸੀ ਜਦੋਂ ਗੁਮਰਾਹ ਹੋਏ ਦੋ ਦਹਿਸ਼ਤਗਰਦਾਂ ਨੇ ਏਕੇ ਸੰਤਾਲੀ ਦੇ ਬ੍ਰੱਸਟ ਨਾਲ ਉਸ ਨੂੰ ਅਨਿਆਈ ਮੌਤੇ ਮਾਰ ਦਿੱਤਾ। ਸਕੂਲ ਵਿਚ ਅਸੀਂ `ਕੱਠੇ ਪੜ੍ਹਦੇ ਸਾਂ।
ਪੰਜਾਬ ਦੇ ਦਹਿਸ਼ਤੀ ਦੌਰ ਵਿਚ ਜੇਕਰ ਉਹਦੇ ਨਾਲ ਇਹ ਭਿਆਣਕ ਭਾਣਾ ਨਾ ਵਰਤਦਾ ਤਾਂ ਉਸ ਨੇ ਮੇਰੇ ਵਾਂਗ ਜਿਊਂਦੇ ਹੋਣਾ ਸੀ। ਫਿਰ ਉਹ ਆਪਣੀ ਪੋਤੀ ਸਿਮਰਨਜੀਤ ਕੌਰ ਬਾਠ ਉਰਫ਼ ‘ਸਿਮਰ ਚਕਰ’ ਨੂੰ ਓਲੰਪੀਅਨ ਮੁੱਕੇਬਾਜ਼ ਬਣੀ ਵੇਖਦਾ ਤੇ 13 ਨਵੰਬਰ 2021 ਨੂੰ ਅਰਜਨਾ ਅਵਾਰਡ ਲੈਣ ਲਈ ਉਹਦੇ ਨਾਲ ਰਾਸ਼ਟਰਪਤੀ ਤੋਂ ਪੁਰਸਕਾਰ ਲੈਣ ਰਾਸ਼ਟਰਪਤੀ ਭਵਨ ਵੀ ਜਾਂਦਾ। ਹੁਣ ਸਿਮਰਨ ਨਾਲ ਦਿੱਲੀ ਜਾਣ ਵਾਲਾ ਨਾ ਉਹਦਾ ਬਾਬਾ ਜੀਂਦਾ ਹੈ, ਨਾ ਬਾਪ ਤੇ ਨਾ ਚਾਚਾ। ਉਹ ਸਭ ਅਧਖੜ ਉਮਰ ਵਿਚ ਚੱਲ ਵਸੇ। ਹੁਣ ਉਹਦੀ ਮਾਂ ਹੀ ਉਹਦੇ ਸਿਰ ਦੀ ਛਾਂ ਹੈ।
‘ਸਿਮਰ ਚਕਰ’ ਆਪਣੇ ਦਾਦੇ ਦੇ ਲਿਖੇ ਨਾਵਲ ‘ਕੱਲਰ ਦੇ ਕੰਵਲ’ ਵਾਂਗ ਕੱਲਰ `ਚ ਖਿੜੀ ਖਿਡਾਰਨ ਹੈ ਜਿਸ ਨੂੰ ਚਕਰ ਦੀ ਖੇਡ ਅਕੈਡਮੀ ਨੇ ਪਾਲਿਆ-ਪਲੋਸਿਆ ਤੇ ਓਲੰਪਿਕ ਖੇਡਾਂ ਤਕ ਪੁਚਾਇਆ। ਚਕਰ ਦੀ ਖੇਡ ਅਕੈਡਮੀ ਉਸ ਦੀ ਦੂਜੀ ਮਾਂ ਹੈ ਜਿਸ ਨੇ ਉਸ ਨੂੰ ਆਪਣੀ ਗੋਦ ਵਿਚ ਖਿਡਾ ਕੇ ਪਰਵਾਨ ਚੜ੍ਹਾਇਆ। ਸਪੋਰਟਸ ਅਕੈਡਮੀ ਚਕਰ ਦੀ ਚੜ੍ਹਤ ਪਿੱਛੇ ਪਿੰਡ ਚਕਰ ਦੇ ਮਸੀਹੇ ਮਰਹੂਮ ਅਜਮੇਰ ਸਿੰਘ ਸਿੱਧੂ, ਬਲਦੇਵ ਸਿੰਘ ਸਿੱਧੂ, ਪਿੰਡ ਵਿਚ ਸਪੋਰਟਸ ਅਕੈਡਮੀ ਦਾ ਬੂਟਾ ਲਾਉਣ ਤੇ ਪਾਲਣ ਵਾਲੇ ਮੁੱਢਲੇ ਪ੍ਰਬੰਧਕ ਡਾ. ਬਲਵੰਤ ਸਿੰਘ ਸੰਧੂ ਅਤੇ ਸਮੂਹ ਚਕਰ ਵਾਸੀਆਂ ਤੇ ਪਰਵਾਸੀਆਂ ਦਾ ਯੋਗਦਾਨ ਹੈ। ਇਹ ਖੇਡ ਖੇਤਰ ਦੇ ਪਾਰਖੂਆਂ ਲਈ ਖੋਜ ਦਾ ਵਿਸ਼ਾ ਹੈ ਕਿ ਕਿਸੇ ਸਮੇਂ ਵੈਲੀਆਂ ਦਾ ਪਿੰਡ ਕਹੇ ਜਾਂਦੇ ਚਕਰ ਨੂੰ ਪਿੰਡਾਂ ਦਾ ਚਾਨਣ ਮੁਨਾਰਾ ਬਣਾਉਣ ਤੇ ਚਕਰ ਦੀਆਂ ਸੰਗਾਊ ਧੀਆਂ ਦੇ ਖੂੰਖ਼ਾਰ ਖੇਡ ਮੁੱਕੇਬਾਜ਼ੀ ਵਿਚ ਨੈਸ਼ਨਲ ਤੇ ਇੰਟਰਨੈਸ਼ਨਲ ਚੈਂਪੀਅਨ ਬਣਨ ਪਿੱਛੇ ਕਿਹੜਾ ਰਾਜ਼ ਹੈ?
ਮੈਂ ਮਹਿੰਦਰ ਸਿੰਘ ਬਾਰੇ ਲਿਖਣੋਂ ਸ਼ਾਇਦ ਭੁੱਲਿਆ ਰਹਿੰਦਾ ਜੇਕਰ ਬਾਈ ਗੁਰਬਚਨ ਸਿੰਘ ਭੁੱਲਰ ਮੈਨੂੰ ਉਹਦੀ ਛਪੀ ਹੋਈ ਇਕ ਖੇਡ ਲਿਖਤ ਨਾ ਭੇਜਦਾ। ਭੁੱਲਰ ਪੁਰਾਣੇ ਰਸਾਲੇ ਰੱਦੀ ਕੱਢਣ ਲਈ ਛਾਂਟ ਰਿਹਾ ਸੀ ਕਿ ‘ਆਰਸੀ’ ਦੇ ਨਵੰਬਰ 1982 ਅੰਕ ਵਿਚ ਉਸ ਨੂੰ ਮਹਿੰਦਰ ਸਿੰਘ ਚਕਰ ਦੀ ਇਹ ਖੇਡ ਲਿਖਤ ਨਜ਼ਰੀਂ ਪੈ ਗਈ ਜੋ ਉਸ ਨੇ ਮੈਨੂੰ ਵਟ੍ਹਸਐਪ ਕਰ ਦਿੱਤੀ। ਚਾਲੀ ਸਾਲ ਪਹਿਲਾਂ ਮੈਂ ਉਹ ਲਿਖਤ ਪੜ੍ਹੀ ਤਾਂ ਸੀ ਪਰ ਸੰਭਾਲੀ ਨਹੀਂ ਸੀ। ਪਹਿਲਾਂ ਉਹਦੀ ਖੇਡ ਲਿਖਤ ਹੀ ਪੜ੍ਹਦੇ ਹਾਂ:
ਪੁਸਤਕ ‘ਖੇਡ ਸੰਸਾਰ’ ਬਾਰੇ
ਸਰਵਣ ਸਿੰਘ ਦੀ ਰਚਨਾ ‘ਖੇਡ ਸੰਸਾਰ’ ਨੂੰ ਜਿਉਂ ਹੀ ਪਾਠਕ ਖੋਲ੍ਹ ਕੇ ਬਹਿੰਦਾ ਏ, ਤਿਉਂ ਈ ਇਸ ਦੇ ਪੰਨਿਆਂ `ਚੋਂ ਜੋਬਨ ਮੱਤੀਆਂ ਹਿਰਨਾਂ ਵਾਂਗ ਚੁੰਘੀਆਂ ਭਰਦੀਆਂ ਨੱਢੀਆਂ, ਬਿਨ-ਖੰਭਾਂ ਦੇ ਉਡਣ ਵਾਲੇ ਖਿਡਾਰੀ, ਮੁੱਕੇ ਵੱਜ ਕੇ ਉਖੜੇ ਜਬ੍ਹਾੜਿਆਂ ਨਾਲ ਲਹੂ-ਲੁਹਾਣ ਹੋਏ ਮੁੱਕੇਬਾਜ਼, ਇਕ ਦੂਜੇ ਪਾਸੋਂ ਗੇਂਦ ਲੈਂਦੇ ਤੇ ਪਾਸ ਦਿੰਦੇ ਝੱਖੜ ਬਣੇ ਹਾਕੀ ਦੇ ਖਿਡਾਰੀ, ਅੰਬਰ `ਚੋਂ ਟੁੱਟੇ ਤਾਰੇ ਦੀ ਰਫ਼ਤਾਰ ਨਾਲੋਂ ਤੇਜ਼ ਨੇਜ਼ਾ ਤੇ ਤਾਰ ਗੋਲਾ ਸੁੱਟਦੇ ਸੁਟਾਵੇ, ਲੋਹੇ ਨਾਲ ਲੋਹਾ ਹੋ ਕੇ ਗੱਡੇ ਦੇ ਲੱਦ ਨਾਲੋਂ ਵੀ ਵੱਧ ਵਜ਼ਨ ਚੁੱਕਣ ਵਾਲੇ ਲੋਹ-ਪੁਰਸ਼, ਰੇਲ ਦੇ ਕੰਨ ਵਾਂਗ ਉਠਦੇ ਡਿੱਗਦੇ ਪਹਿਲਵਾਨ, ਬਾਜ਼ੀ ਦੀਆਂ ਸ਼ਰਤਾਂ ਲੱਗੇ ਕਬੂਤਰਾਂ ਵਾਂਗ ਅੰਤਲੇ ਦਮ ਤੀਕ ਜੂਝਦੇ ਦੌੜਾਕ, ਚਲ-ਚਿੱਤਰ ਵਾਂਗ ਅੱਖਾਂ ਅੱਗੋਂ ਲੰਘਦੇ ਤੁਰੇ ਜਾਂਦੇ ਹਨ। ਕਿਤਾਬ ਦੇ ਪੰਨਿਆਂ `ਚ ਪਲਚਿਆ ਪਾਠਕ ਆਪਣੇ ਆਪ ਨੂੰ ਕਿਸੇ ਖੇਡ ਭਵਨ ਦੀ ਗੈਲਰੀ ਵਿਚ ਬੈਠਾ ਅਨੁਭਵ ਕਰਨ ਲੱਗ ਪੈਂਦਾ ਹੈ।
ਕਾਲੇ ਰੰਗ ਨੂੰ ਲਾਲ ਰੰਗ ਵਿਚ ਰੰਗਣਾ ਜਿੰਨਾ ਕਠਨ ਹੁੰਦਾ ਹੈ, ਇਸ ਨਾਲੋਂ ਵਧੇਰੇ ਔਖਾ ਕੰਮ ਪੱਤਰਕਾਰੀ ਨੂੰ ਸਾਹਿਤਕ ਰੰਗ ਦੇਣਾ ਹੁੰਦਾ ਹੈ। ਖੇਡਾਂ ਬਾਰੇ ਹੋਰ ਲੇਖਕ ਵੀ ਲਿਖ ਰਹੇ ਹਨ, ਪਰ ਹੱਥਲੀ ਪੁਸਤਕ ਨੂੰ ਜਿਹੜਾ ਸਾਹਿਤਕ ਰੰਗ ਸਰਵਣ ਸਿੰਘ ਨੇ ਚਾੜ੍ਹਿਆ ਹੈ, ਇਹ ਇਕ ਕ੍ਰਿਸ਼ਮਾ ਹੈ। ਗਿਣਤੀ ਮਿਣਤੀ ਦੇ ਅੰਕੜਿਆਂ ਨੂੰ ਸਾਹਿਤਕ ਰੰਗ ਦੇਣਾ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ। ਵੇਖੋ ਵੰਨਗੀ: ਸਵੀਡਨ ਦੇ ਬਰਟਲ ਜਾਰਲਾਕਰ ਨੇ ਇਕੋ ਸਾਹ ਲਗਾਤਾਰ 352 ਮੀਲ ਦਾ ਪੰਧ ਤੈਅ ਕੀਤਾ, ਜਿਵੇਂ ਕੋਈ ਦਿੱਲੀਓਂ ਚੱਲਿਆ ਬੰਦਾ ਲਾਹੌਰੋਂ ਪਰ੍ਹਾਂ ਜਾ ਕੇ ਦਮ ਲਵੇ! ਅਮਰੀਕਾ ਦੇ ਜਾਰਜ ਐੱਮ ਸਕਿਲਿੰਗ ਨੇ ਪੈਦਲ ਵਗ ਕੇ 1897 ਤੋਂ 1904 ਦੌਰਾਨ ਸਾਰੀ ਧਰਤੀ ਗਾਹੀ। ਸੋਵੀਅਤ ਰੂਸ ਦੇ ਵਾਸਲੀ ਅਲੇਕਸੀਏਵ ਨੇ 256 ਕਿੱਲੋਗਰਾਮ ਭਾਰ ਬਾਹਾਂ ਉਤੇ ਤੋਲ ਦਿੱਤਾ। ਕੈਸੀਅਸ ਕਲੇਅ ਦੇ ਇਕੋ ਮੁੱਕੇ ਨਾਲ ਮੁੱਕੇਬਾਜ਼ ਕੂਪਰ ਦੇ ਜਬ੍ਹਾੜੇ ਉਖੜ ਗਏ। ਜਾਫੀ ਛਾਂਗਾ ਹਠੂਰੀਆ ਲੱਗੇ ਹੱਥ ਤਿੰਨ ਤਿੰਨ ਕੈਂਚੀਆਂ ਲਾ ਕੇ ਸਾਹੀ ਨੂੰ ਅਸਲੋਂ ਰੋਲ ਦਿੰਦਾ। ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ ਦੀ ਪਹਿਨੀ ਚਿੱਟੀ ਸਾੜ੍ਹੀ ਦੇ ਵਹਿਮ ਨੂੰ ਜਿੱਤ ਦਾ ਵਿਸ਼ਵਾਸ ਬਣਾ ਕੇ ਬਲਬੀਰ ਸਿੰਘ ਦੀ ਹਾਕੀ ਟੀਮ ਨੌਂ ਨੌਂ ਗੋਲ ਕਰਦੀ ਰਹੀ!
ਖੇਡ ਮੈਦਾਨ ਅੰਦਰ ਆਮ ਤੌਰ `ਤੇ ਦਰਸ਼ਕ ਵਧਾਈ ਦੇਣ ਲਈ ਜੇਤੂ ਟੀਮ ਦੇ ਖਿਡਾਰੀਆਂ ਵੱਲ ਵਧਦੇ ਹਨ ਪਰ ਸਰਵਣ ਸਿੰਘ ਢਾਰਸ ਦੇਣ ਲਈ ਹਾਰੀ ਟੀਮ ਕੋਲ ਜਾਂਦਾ ਹੈ। ਹਾਰੀ ਟੀਮ ਦੇ ਖਿਡਾਰੀਆਂ ਨੂੰ ਉਹ ਹੌਂਸਲਾ ਬਖ਼ਸ਼ਦਾ ਹੈ। ਥਾਪੀ ਦੇ ਕੇ ਮੁੜ ਮੈਦਾਨ ਵਿਚ ਕੁੱਦਣ ਦੀ ਪ੍ਰੇਰਨਾ ਦਿੰਦਾ ਹੈ। ਧੀਮੀ ਸੁਰ ਵਿਚ ਗੰਭੀਰ ਕੋਚ ਵਾਂਗ ਹਾਰਨ ਦੇ ਕਾਰਨ ਵੀ ਦੱਸਦਾ ਹੈ। ਕਈ ਵਾਰ ਟੀਮਾਂ ਦੇ ਹਾਰਨ ਦਾ ਕਾਰਨ ਸਮੇਂ ਦੀਆਂ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਅਣਗੌਲੇ ਕਰਨਾ ਕਹਿੰਦਾ ਹੈ ਅਤੇ ਖੇਡਾਂ ਵਿਚ ਸਿਆਸਤ ਦੀ ਦਖ਼ਲ ਅੰਦਾਜ਼ੀ ਨੂੰ ਵੀ ਨਿੰਦਦਾ ਭੰਡਦਾ ਹੈ।
ਖਿਡਾਰੀਆਂ ਨੂੰ ਉਹ ਅਮਨ ਦੇ ਪ੍ਰਤੀਕ ਕਹਿੰਦਾ ਹੈ ਜਿਹੜੇ ਜਿੱਤ-ਹਾਰ ਤੋਂ ਉਪਰ ਉਠ ਕੇ ਗਲਵਕੜੀਆਂ ਪਾ ਕੇ ਮਿਲਦੇ ਹਨ। ਜਿਨ੍ਹਾਂ ਖਿਡਾਰੀਆਂ ਦੇ ਮੰਨ ਮਨੌਤੀ ਦੇ ਪੁਰਾਣੇ ਸੰਸਕਾਰ ਤੇ ਵਹਿਮ ਭਰਮ, ਬੇਲੋੜੇ ਵਿਸ਼ਵਾਸ ਬਣ ਜਾਂਦੇ ਹਨ, ਜਿਵੇਂ ਕਾਲੀ ਬਿੱਲੀ ਦੀਆਂ ਮੁੱਛਾਂ ਦੇ ਵਾਲ ਲੰਗੋਟ ਵਿਚ ਸਿਵਾ ਲੈਣ ਵਾਲਾ ਪਹਿਲਵਾਨ ਕਦੀ ਨਹੀਂ ਹਾਰਦਾ ਜਾਂ ਚੀਚੀ ਦਾ ਖੂਨ ਅਖਾੜੇ ਵਿਚ ਛਿੜਕਣ ਵਾਲੇ ਪਹਿਲਵਾਨ ਦੇ ਕਦੇ ਸੱਟ ਨਹੀਂ ਲੱਗਦੀ ਆਦਿ ਬਣੇ ਵਹਿਮਾਂ-ਭਰਮਾਂ ਨੂੰ ਉਹ ਕਾਟਵੇਂ ਵਿਅੰਗਾਂ ਰਾਹੀਂ ਰੱਦ ਕਰਦਾ ਹੈ।
ਮੁਟਾਪੇ ਦੇ ਰੋਗੀਆਂ ਨੂੰ ਸਿਹਤਯਾਬ ਰਹਿਣ ਲਈ ਉਹ ਕਸਰਤਾਂ ਦੇ ਨੁਸਖ਼ੇ ਦੱਸਦਾ ਹੈ। ਸੂਰ ਵਾਂਗ ਚੜ੍ਹੀ ਚਰਬੀ ਨੂੰ ਸੱਪ ਦੀ ਕੁੰਜ ਵਾਂਗ ਲਾਹੁਣ ਦੀਆਂ ਨਸੀਹਤਾਂ ਦਿੰਦਾ ਹੈ। ਢਿਲਕੂੰ-ਢਿਲਕੂੰ ਕਰਦੀ ਗੋਗੜ ਵਾਲੇ ਮਨੁੱਖ ਵੱਲ ਉਹ ਕੁਣੱਖਾ ਝਾਕ ਕੇ ਉਸ ਦੀ ਗਰਭਵਤੀ ਔਰਤ ਨਾਲ ਤੁਲਨਾ ਕਰਦਾ ਹੈ। ਕਸਰਤ ਕਰਦੇ ਜਿਸਮਾਂ ਦੀ ਉਹ ਵਗਦੇ ਪਾਣੀਆਂ ਦੀ ਪਵਿੱਤਰ ਰਵਾਨੀ ਤੇ ਸੱਪ ਵਾਂਗ ਮੇਲ੍ਹਦੀ ਮੁਟਿਆਰ ਨਾਲ ਉਪਮਾ ਕਰਦਾ ਹੈ। ਜਦ ਧਰਤੀ ਦੇ ਜ਼ਰਰੇ ਜ਼ਰਰੇ ਵਿਚ ਹਰਕਤ ਹੈ ਤਾਂ ਫਿਰ ਜੁੱਸਾ ਕਿਉਂ ਨਾ ਹਰਕਤ ਵਿਚ ਰਹੇ? ਕਿਉਂ ਬੇਹਰਕਤ ਹੋ ਕੇ ਮਿੱਟੀ ਦਾ ਮਾਧੋ ਬਣਿਆ ਰਹੇ? ਖਿੜਦੇਤੇ ਝੂੰਮਦੇ ਹੋਏ ਫੁੱਲ ਹੀ ਰਾਹ ਜਾਂਦੇ ਰਾਹੀ ਨੂੰ ਆਪਣੇ ਵੱਲ ਖਿੱਚਦੇ ਹਨ। ਚੰਨ-ਤਾਰੇ, ਧਰਤੀ ਤੇ ਸੂਰਜ ਇਕ ਦੂਜੇ ਦੀ ਖਿੱਚ ਕਰਕੇ ਹੀ ਕਾਇਮ ਹਨ, ਜਿਉਂਦੇ ਜਾਗਦੇ ਤੇ ਚਮਕਦੇ ਲਿਸ਼ਕਦੇ ਹਨ। ਫਿਰ ਖੇਡਦੇ ਮੱਲ੍ਹਦੇ ਸੁੰਦਰ ਸਡੌਲ ਸਰੀਰ ਵਿਚ ਆਮੁਹਾਰੀ ਖਿੱਚ ਕਿਉਂ ਨਾ ਹੋਵੇਗੀ।
ਵਰਜਿਸ਼ ਨਾਲ ਸਮੱਧਰ ਕੱਦ ਉਚੇ ਲੰਮੇ ਕੱਦਾਂ ਵਿਚ ਬਦਲਣ ਵਾਲਾ, ਸੁੰਦਰ ਨਕਸ਼ਾਂ ਨੂੰ ਹੋਰ ਨਿਖਾਰਨ ਵਾਲਾ ਲੇਖਕ ਸਰਵਣ ਸਿੰਘ ਖ਼ਾਲਸਾ ਕਾਲਜ ਦਿੱਲੀ ਵਿਚ ਪੜ੍ਹਨ ਸਮੇਂ ਖ਼ੁਦ ਖਿਡਾਰੀ ਰਹਿ ਚੁੱਕਾ ਹੈ। ਪੰਜਾਬੀ ਸਾਹਿਤਕਾਰਾਂ ਬਾਰੇ ਬਲਵੰਤ ਗਾਰਗੀ ਵੱਲੋਂ ਲਿਖੇ ਰੇਖਾ ਚਿੱਤਰਾਂ ਤੋਂ ਪ੍ਰਭਾਵਿਤ ਹੋ ਕੇ, ਉਹ ਜਿਨ੍ਹਾਂ ਖਿਡਾਰੀਆਂ ਦੇ ਅੰਗ ਸੰਗ ਖੇਡਿਆ ਜਾਂ ਵਿਚਰਿਆ ਸੀ, ਉਨ੍ਹਾਂ ਖਿਡਾਰੀਆਂ ਦੇ ਉਸ ਨੇ ਰੇਖਾ ਚਿੱਤਰ ਲਿਖੇ। ਖ਼ਾਲਸਾ ਕਾਲਜ ਦਿੱਲੀ ਵਿਚ ਲੈਕਚਰਾਰ ਲੱਗਣ ਪਿੱਛੋਂ ਉਹ ਢੇਰਾਂ ਦੇ ਢੇਰ ਲੇਖ ਲਿਖਣ ਲੱਗਾ। 1966 ਤੋਂ ‘ਆਰਸੀ’ ਰਸਾਲੇ ਵਿਚ ਉਸ ਦੇ ਰੇਖਾ ਚਿੱਤਰ ਲਗਾਤਾਰ ਛਪਣ ਲੱਗੇ। ਫਿਰ ਉਹ ‘ਸਚਿੱਤਰ ਕੌਮੀ ਏਕਤਾ’ ਦੇ ਪੰਨਿਆਂ ਦੇ ਛਾ ਗਿਆ। ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਨਿਕਲਣ ਲੱਗਾ ਤਾਂ ਉਹਦੇ ਵਿਚ ਵੀ ਛਪਣ ਲੱਗਾ। ਉਹਦੇ ਇਕ ਇਕ ਸ਼ਬਦ ਤੇ ਫਿਕਰੇ ਦੀ ਕਦਰ ਪੈਣ ਲੱਗੀ। ਸਾਹਿਤਕ ਵਾਰਤਕ ਲਿਖਦਿਆਂ ਉਹ ਇਕ ਇਕ ਸ਼ਬਦ ਤੇ ਫਿਕਰੇ ਨਾਲ ਪੂਰਾ ਘੋਲ ਕਰਦਾ ਹੈ। ਰੇਖਾ ਚਿੱਤਰ ਦਾ ਢੁੱਕਵਾਂ ਸਿਰਲੇਖ ਰੱਖਦਾ ਹੈ। ਕਿਸੇ ਦਾ ‘ਮੁੜ੍ਹਕੇ ਦਾ ਮੋਤੀ’ ਕਿਸੇ ਦਾ ‘ਧਰਤੀਧੱਕ’ ਕਿਸੇ ਦਾ ‘ਕਲਹਿਰੀ ਮੋਰ’ ਤੇ ਕਿਸੇ ਦਾ ‘ਅੱਗ ਦੀ ਨਾਲ’। ਅਜਿਹੇ ਵਕਤ ਉਹ ਜੰਗ ਵਿਚ ਕੁੱਦੇ ਜਰਨੈਲ ਵਾਂਗ ਦਿਮਾਗ ਵਰਤਦਾ ਹੈ। ਉਸ ਦੇ ਸਿਰਲੇਖ ਨਿੱਕੇ ਨਿੱਕੇ ਹੁੰਦੇ ਹਨ ਜਿਵੇਂ ‘ਚੰਦ `ਤੇ ਛਾਲ’, ‘ਉਡਣਾ ਪੰਛੀ’, ‘ਪੌਣ ਦਾ ਹਾਣੀ’, ‘ਜ਼ੋਰ ਤੇ ਜੁਗਤ’ ਤੇ ‘ਬੰਦੇ ਦਾ ਦਮ’ ਆਦਿ।
ਉਹ ਦਿਲਕਸ਼ ਫਿਕਰਾ ਸਿਰਜ ਕੇ ਪਾਠਕ ਦੇ ਦਿਲ ਵਿਚ ਪੜ੍ਹਨ ਦੀ ਉਤਸੁਕਤਾ ਪੈਦਾ ਕਰ ਦਿੰਦਾ ਹੈ। 1982 ਵਿਚ ਨਵੀਂ ਦਿੱਲੀ ਵਿਖੇ ਹੋਣ ਵਾਲੀਆਂ ਏਸਿ਼ਆਈ ਖੇਡਾਂ ਦੀ ਨਬਜ਼ `ਤੇ ਹੱਥ ਧਰ ਕੇ ਹੀ ਉਸ ਨੇ ਇਸ ਪੁਸਤਕ ਦਾ ਨਾਂ ‘ਖੇਡ ਸੰਸਾਰ’ ਰੱਖਿਆ ਹੈ ਅਤੇ ਟਾਈਟਲ `ਤੇ ਏਸਿ਼ਆਈ ਖੇਡਾਂ ਦਾ ਲੋਗੋ ਛਾਪਿਆ ਹੈ। ਪੰਜਾਬੀ ਖੇਡ ਸਾਹਿਤ ਵਿਚ ਲੇਖਕ ਨੇ ਇਹ ਇਕੱਲੀ ਖੇਡ ਪੁਸਤਕ ਹੀ ਨਹੀਂ, ਇਸ ਤੋਂ ਬਿਨਾਂ ਉਸ ਨੇ ‘ਪੰਜਾਬ ਦੇ ਉਘੇ ਖਿਡਾਰੀ’, ‘ਪੰਜਾਬੀ ਖਿਡਾਰੀ’ ਤੇ ‘ਖੇਡ ਜਗਤ ਵਿਚ ਭਾਰਤ’ ਪੁਸਤਕਾਂ ਲਿਖ ਕੇ ਵੀ ਵਾਧਾ ਕੀਤਾ ਹੈ। ਇਸ ਸੇਧ ਵਿਚ ਲੇਖਕ ਪਾਸੋਂ ਹੋਰ ਵੀ ਬੜੀਆਂ ਆਸਾਂ ਹਨ ਕਿਉਂਕਿ ਉਹਦੇ ਮੁੱਖਬੰਦ ਹੀ ‘ਪਹੁਫੁਟਾਲਾ’ ਤੇ ‘ਪਹੁਫੁਟਾਲੇ ਪਿੱਛੋਂ’ ਦੇ ਸਿਰਲੇਖਾਂ ਨਾਲ ਸ਼ੁਰੂ ਹੁੰਦੇ ਹਨ।
ਮਹਿੰਦਰ ਸਿੰਘ ਦਾ ਕਾਮਰੇਡ ਬਣਨਾ
ਮਹਿੰਦਰ ਤੇ ਮੈਂ ਪਿੰਡ ਪ੍ਰਾਇਮਰੀ ਸਕੂਲ ਵਿਚ `ਕੱਠੇ ਪੜ੍ਹੇ ਸਾਂ। `ਕੱਠੇ ਕੌਡੀ ਖੇਡਦੇ ਤੇ ਤਖਤੂਪੁਰੇ ਦਾ ਮੇਲਾ ਵੇਖਦੇ। ਉਹ ਮੈਥੋਂ ਇਕ ਜਮਾਤ ਮੂਹਰੇ ਸੀ। ਹੁਸਿ਼ਆਰ ਏਨਾ ਸੀ ਕਿ ਉਸ ਨੂੰ ਚੌਥੀ ਜਮਾਤ ਦੇ ਇਮਤਿਹਾਨ ਵਿਚੋਂ ਵਜ਼ੀਫਾ ਮਿਲ ਗਿਆ ਸੀ। ਵਜ਼ੀਫ਼ੇ ਦਾ ਇਮਤਿਹਾਨ ਜਗਰਾਓਂ ਹੋਣਾ ਸੀ ਜਿਥੇ ਉਸ ਨੂੰ ਰੇਲ ਦਾ ਇੰਜਣ ਵਿਖਾਉਣ ਦੇ ਬਹਾਨੇ ਲਿਜਾਇਆ ਗਿਆ ਸੀ। ਮੱਲ੍ਹੇ ਦੇ ਸਕੂਲ `ਚੋਂ ਉਸ ਨੇ ਦਸ ਜਮਾਤਾਂ ਪੜ੍ਹੀਆਂ। ਉਸ ਦਾ ਬਾਪ ਬਚਨ ਸਿੰਘ ਨਿਮਨ ਕਿਸਾਨ ਸੀ ਜੋ ਕਿਰਸਾਨੀ ਨਾਲ ਦਿਹਾੜੀ ਦੱਪਾ ਕਰ ਕੇ ਪਰਿਵਾਰ ਪਾਲ ਰਿਹਾ ਸੀ। ਉਹ ਆਪਣੇ ਇਕਲੌਤੇ ਪੁੱਤਰ ਨੂੰ ਕਿਸੇ ਕਾਲਜ ਵਿਚ ਨਹੀਂ ਸੀ ਪੜ੍ਹਾ ਸਕਦਾ ਜਦ ਕਿ ਮਹਿੰਦਰ ਉਚੇਰੀ ਪੜ੍ਹਾਈ ਕਰਨ ਵਾਲਾ ਹੁਸਿ਼ਆਰ ਵਿਦਿਆਰਥੀ ਸੀ। ਮੈਟ੍ਰਿਕ ਪਾਸ ਕਰ ਕੇ ਰੁਜ਼ਗਾਰ ਲੱਭਦਾ ਲੱਭਦਾ ਉਹ ਅਗਾਂਹ ਵਧੂ ਸਾਹਿਤ ਵੱਲ ਖਿੱਚਿਆ ਗਿਆ। ਪਹਿਲਾਂ ਸੀਪੀਆਈ ਦਾ ਮੈਂਬਰ ਤੇ ਫਿਰ ਸੀਪੀਐਮ ਦਾ ਮੈਂਬਰ ਬਣ ਗਿਆ। ਫਿਰ ਉਹ ਕਈ ਸਾਲ ਚਕਰ ਦੀ ਕੋਪ੍ਰੇਟਿਵ ਸੁਸਾਇਟੀ ਦਾ ਸੈਕਟਰੀ ਰਿਹਾ ਜਿਸ ਕਰਕੇ ਉਹਦਾ ਨਾਂ ਹੀ ‘ਮਹਿੰਦਰ ਸੈਕਟਰੀ’ ਪੱਕ ਗਿਆ।
ਮੈਂ ਕਾਲਜਾਂ ਵਿਚ ਪੜ੍ਹਦਾ-ਪੜਾਉਂਦਾ ਛੁੱਟੀਆਂ ਵਿਚ ਪਿੰਡ ਮੁੜਦਾ ਤਾਂ ਅਸੀ `ਕੱਠੇ ਬਹਿੰਦੇ-ਉਠਦੇ ਤੇ ਸਾਹਿਤਕ ਵਿਚਾਰ-ਵਟਾਂਦਰਾ ਕਰਦੇ। ਉਹ ਗੁਰਬਖ਼ਸ਼ ਸਿੰਘ ਦੇ ਰਸਾਲੇ ‘ਪ੍ਰੀਤਲੜੀ’ ਤੇ ਭਾਪਾ ਪ੍ਰੀਤਮ ਸਿੰਘ ਦੇ ਪਰਚੇ ‘ਆਰਸੀ’ ਸੰਭਾਲ ਸੰਭਾਲ ਰੱਖਦਾ। ਉਸ ਨੇ ਘਰ ਵਿਚ ਲਾਇਬ੍ਰੇਰੀ ਬਣਾ ਰੱਖੀ ਸੀ ਜਿਸ ਵਿਚ ਪ੍ਰਗਤੀ ਪ੍ਰਕਾਸ਼ਨ ਦੀਆਂ ਪੁਸਤਕਾਂ ਵਧੇਰੇ ਸਨ। ਪੰਜਾਬੀ ਵਿਚ ਅਨੁਵਾਦਿਤ ਵਿਸ਼ਵ ਪ੍ਰਸਿੱਧ ਨਾਵਲ ਤੇ ਮਾਰਕਸੀ ਵਿਚਾਰਧਾਰਾ ਦੀਆਂ ਕਿਤਾਬਾਂ ਉਹ ਮੇਰੇ ਰਾਹੀਂ ਦੱਲੀਓਂ ਵੀ ਮੰਗਵਾਉਂਦਾ ਰਹਿੰਦਾ। ਆਪ ਪੜ੍ਹ ਕੇ ਕਿਤਾਬਾਂ ਉਹ ਪਿੰਡ ਦੇ ਪਾਠਕਾਂ ਨੂੰ ਪੜ੍ਹਨ ਲਈ ਦੇ ਦਿੰਦਾ। ਇਸ ਤਰ੍ਹਾਂ ਉਸਨੇ ਪਿੰਡ ਵਿਚ ਸਾਹਿਤ ਪੜ੍ਹਨ ਦੀ ਚੇਟਕ ਵੀ ਲਾਈ।
ਉਹ ਮੇਰੇ ਵਾਂਗ ਖਿਡਾਰੀ ਤਾਂ ਨਹੀਂ ਸੀ ਪਰ ਖੇਡਾਂ ਵੇਖਣ ਦਾ ਸ਼ੌਂਕੀ ਜ਼ਰੂਰ ਸੀ। ਅਸੀਂ ਰਲ ਕੇ ਮੇਲੇ-ਮੁਸਾਹਬੇ ਤੇ ਖੇਡ ਮੇਲੇ ਵੇਖਦੇ। ਕਦੇ ਕਦੇ ਸਾਈਕਲ `ਤੇ ਜਸਵੰਤ ਸਿੰਘ ਕੰਵਲ ਨੂੰ ਮਿਲਣ ਢੁੱਡੀਕੇ ਚਲੇ ਜਾਂਦੇ ਜਿਥੇ ਉਹ ਆਪਣੀ ਕੋਈ ਨਾ ਕੋਈ ਲਿਖਤ ਕੰਵਲ ਨੂੰ ਪੜ੍ਹ ਕੇ ਸੁਣਾਉਂਦਾ ਤੇ ਸਲਾਹ ਲੈਂਦਾ। ਪਹਿਲਾਂ-ਪਹਿਲ ਉਸ ਨੇ ਕਹਾਣੀਆਂ ਲਿਖੀਆਂ ਪਰ ਕੋਈ ਕਹਾਣੀ ਸੰਗ੍ਰਹਿ ਨਾ ਛਪਵਾਇਆ। ਫਿਰ ਦੋ ਨਾਵਲ ‘ਕੱਲਰ ਦੇ ਕੰਵਲ’ ਤੇ ‘ਸੂਰਾ ਸੋ ਪਹਿਚਾਨੀਏ’ ਲਾਹੌਰ ਬੁੱਕ ਸ਼ਾਪ ਤੋਂ ਪ੍ਰਕਾਸ਼ਤ ਕਰਵਾਏ। ਉਹਦਾ ਤੀਜਾ ਨਾਵਲ ਅੱਧ ਵਿਚਾਲੇ ਸੀ ਜਦੋਂ ਉਹਦਾ ਬਿਨਾਂ ਕਿਸੇ ਦੁਸ਼ਮਣੀ ਦੇ ਬੇਦੋਸ਼ੇ ਦਾ ਕਤਲ ਕਰ ਦਿੱਤਾ ਗਿਆ, ਜਿਸ ਦਾ ਜਿ਼ਕਰ ਮੈਂ ਆਪਣੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਵਿਚ ਵੀ ਕੀਤਾ।
ਉਸ ਦੀ ਸ਼ਹੀਦੀ ਤੋਂ ਤੀਹ ਸਾਲਾਂ ਬਾਅਦ ਕੱਲਰ ਦੇ ਕੰਵਲ ਤੇ ਸੂਰਾ ਸੋਈ ਵਾਂਗ ਉਹਦੀ ਪੋਤੀ ਸਿਮਰਨਜੀਤ ਕੌਰ ਉਡਾਰ ਹੋਈ ਤੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸਿ਼ਪ ਵਿਚੋਂ ਬਰੌਂਜ਼ ਮੈਡਲ ਜਿੱਤੀ। ਇਕ ਕਿਰਤੀ ਕਿਸਾਨ ਘਰ ਦੀ ਜਾਈ ਨੇ ਅਮੀਰ ਮੁਲਕਾਂ ਦੀਆਂ ਅਮੀਰਜ਼ਾਦੀਆਂ ਨੂੰ ਪਛਾੜ ਦਿੱਤਾ। ਏਸ਼ੀਆ `ਚੋਂ ਸਿਲਵਰ ਮੈਡਲ ਤੇ ਹੋਰ ਕਈ ਮੁਕਾਬਲਿਆਂ ਵਿਚੋਂ ਮੈਡਲ ਜਿੱਤਦੀ ਉਹ ਟੋਕੀਓ-2021 ਦੀਆਂ ਓਲੰਪਿਕ ਖੇਡਾਂ ਦੀ ਸ਼ਾਨ ਬਣੀ। ਹੁਣ ਉਸ ਨੂੰ ਭਾਰਤ ਦਾ ਸ਼ਾਨਾਂਮੱਤਾ ਖੇਡ ਪੁਰਸਕਾਰ ਅਰਜਨਾ ਅਵਾਰਡ ਮਿਲਿਆ ਹੈ।

ਇੰਜ ਵਾਪਰਿਆ ਸੀ ਭਾਣਾ
ਮਹਿੰਦਰ ਸੈਕਟਰੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਮਿਊਨਿਸਟਾਂ ਦੀਆਂ ਕਾਨਫਰੰਸਾਂ ਵਿਚ ਬੜੇ ਚਾਅ ਉਤਸ਼ਾਹ ਨਾਲ ਕਰਿਆ ਕਰਦਾ ਸੀ। ਗੱਜ ਵੱਜ ਕੇ ਇਨਕਲਾਬ ਜਿ਼ੰਦਾਬਾਦ ਦੇ ਨਾਹਰੇ ਲਾਉਂਦਾ ਤੇ ਲੋੜ ਪੈਣ `ਤੇ ਗ੍ਰਿਫਤਾਰੀ ਵੀ ਦਿੰਦਾ। ਹਰ ਥਾਂ ਕਿਰਤੀ ਕਿਸਾਨਾਂ ਦਾ ਪੱਖ ਪੂਰਦਾ। ਜਰਵਾਣਿਆਂ ਨਾਲ ਮੱਥਾ ਲਾਉਂਦਾ, ਗਰੀਬ ਗੁਰਬੇ ਨਾਲ ਖੜ੍ਹਾ ਹੁੰਦਾ ਤੇ ਬਣਦੀ-ਸਰਦੀ ਮਦਦ ਕਰਦਾ। ਅਗਾਂਹਵਧੂ ਵਿਚਾਰਾਂ ਕਰਕੇ ਪਿੰਡ `ਚ ਉਹ ਮੇਰਾ ਸਾਹਿਤਕ ਦੋਸਤ ਸੀ। ਫਿਰ ਹਾਲਾਤ ਐਸੇ ਬਣੇ ਕਿ ਦਹਿਸ਼ਤੀ ਦੌਰ ਵਿਚ ਉਸ ਨੂੰ ਰਿਵਾਲਵਰ ਦਾ ਲਸੰਸ ਬਣਵਾਉਣਾ ਪਿਆ ਤੇ ਬੁਲਿਟ ਮੋਟਰ ਸਾਈਕਲ ਖਰੀਦਣਾ ਪਿਆ। ਜਦੋਂ ਕਦੇ ਮੈਂ ਉਹਦੇ ਮੋਟਰ ਸਾਈਕਲ ਪਿੱਛੇ ਬਹਿਣਾ ਤਾਂ ਉਸ ਕਹਿਣਾ, ‘ਜ਼ਮੀਨ ਦਾ ਇਕ ਕਿੱਲਾ ਮੇਰੇ ਹੇਠਾਂ ਐ ਤੇ ਇਕ ਕਿੱਲਾ ਲੱਕ ਨਾਲ ਲਟਕਾਇਆ ਹੋਇਐ!’ ਵਿਚਲੀ ਗੱਲ ਇਹ ਦੱਸਦਾ ਕਿ ਉਸ ਨੇ ਜ਼ਮੀਨ ਦੇ ਦੋ ਕਿੱਲੇ ਵੇਚ ਕੇ ਰਿਵਾਲਵਰ ਤੇ ਮੋਟਰ ਸਾਈਕਲ ਖਰੀਦੇ ਹਨ। ਜ਼ਮੀਨ ਬਾਰੇ ਉਹ ਕਹਿੰਦਾ ਕਿ ਇਨਕਲਾਬ ਆਉਣ ਪਿੱਛੋਂ ਸਭ ਦੀ ਸਾਂਝੀ ਹੋ ਜਾਣੀ ਐਂ!
ਮੈਂ ਉਦੋਂ ਢੁੱਡੀਕੇ ਪੜ੍ਹਾਉਂਦਾ ਸਾਂ। ਇਕ ਸ਼ਾਮ ਮੈਂ ਪਿੰਡ ਗਿਆ। ਢੁੱਡੀਕੇ ਤੋਂ ਚਕਰ ਜਾਣ ਨੂੰ ਮਸਾਂ ਅੱਧਾ ਪੌਣਾ ਘੰਟਾ ਲੱਗਦਾ ਸੀ। ਜਦੋਂ ਦਾ ਸਕੂਟਰ ਲਿਆ ਸੀ ਬੜੀ ਮੌਜ ਹੋ ਗਈ ਸੀ। ਜਿੱਦਣ ਮੇਰਾ ਮੂਡ ਬਣਦਾ ਮੈਂ ਚਾਰ ਕੁ ਵਜੇ ਚੱਲਦਾ, ਘਰਦਿਆਂ ਨੂੰ ਮਿਲਦਾ-ਗਿਲਦਾ ਤੇ ਚਾਹ-ਪਾਣੀ ਪੀ ਕੇ ਕਾਮਰੇਡ ਮਹਿੰਦਰ ਸੈਕਟਰੀ ਕੋਲ ਗੱਪ ਸ਼ੱਪ ਮਾਰਨ ਚਲਾ ਜਾਂਦਾ। ਉਹ ਪੀਣ-ਖਾਣ ਦਾ ਜੁਗਾੜ ਕਰ ਲੈਂਦਾ ਤੇ ਅਸੀਂ ਗੱਲੀਂ-ਬਾਤੀਂ ਇਨਕਲਾਬ ਲਿਆਉਣ ਲੱਗਦੇ। ਉਹਦੇ ਚੁਬਾਰੇ `ਚ ਲੈਨਿਨ ਦੀ ਆਦਮਕੱਦ ਤਸਵੀਰ ਲੱਗੀ ਹੁੰਦੀ ਤੇ ਪੜ੍ਹਨਯੋਗ ਪੁਸਤਕਾਂ ਹੁੰਦੀਆਂ। ਮਾਓ ਤੇ ਸਟਾਲਿਨ ਦੇ ਫੋਟੋ ਵੀ ਲੱਗੇ ਹੋਏ ਸਨ। ਮਾਰਕਸੀ ਪਾਰਟੀ ਦੇ ਲੀਡਰ ਉਹਦੇ ਘਰ ਆਮ ਆਉਂਦੇ ਜਾਂਦੇ। ਰੰਗ ਭਾਵੇਂ ਤਵੇ ਵਰਗਾ ਸੀ ਪਰ ਦੰਦ ਬੈਟਰੀ ਵਾਂਗ ਲਿਸ਼ਕਦੇ ਤੇ ਗੱਲਾਂ ਬੜੀਆਂ ਦਿਲਚਸਪ ਕਰਦਾ ਸੀ। ਦਿਲ ਦਾ ਏਡਾ ਦਿਲਦਾਰ, ਭਾਵੇਂ ਗੱਡੇ ਲੰਘ ਜਾਣ, ਪਰਵਾਹ ਨਹੀਂ ਸੀ ਕਰਦਾ।
ਇਕ ਸ਼ਾਮ ਮੈਂ ਢੁੱਡੀਕੇ ਤੋਂ ਪਿੰਡ ਪਹੁੰਚਿਆ ਤਾਂ ਅਮਰੀਕਾ ਤੋਂ ਮੇਰਾ ਭਰਾ ਭਜਨ ਸਿੰਘ ਘੰਟਾ ਕੁ ਪਹਿਲਾਂ ਹੀ ਘਰੇ ਅੱਪੜਿਆ ਸੀ। ਅਸੀਂ ਦੋ ਢਾਈ ਸਾਲਾਂ ਬਾਅਦ ਮਿਲ ਰਹੇ ਸਾਂ। ਸਾਰੇ ਭਰਾ ਖਾਣ-ਪੀਣ ਲੱਗ ਪਏ। ਆਮ ਤੌਰ `ਤੇ ਮੈਂ ਅੱਧਾ ਪੌਣਾ ਘੰਟਾ ਘਰ ਬੈਠ ਕੇ ਮਹਿੰਦਰ ਸੈਕਟਰੀ ਵੱਲ ਚਲਾ ਜਾਂਦਾ। ਉਦਣ ਮੈਨੂੰ ਉਹਦਾ ਚੇਤਾ ਹੀ ਨਾ ਰਿਹਾ। ਅਮਰੀਕਾ ਤੋਂ ਭਰਾ ਆਇਆ ਹੋਣ ਕਰਕੇ ਮੈਂ ਉਹਦੇ ਨਾਲ ਹੀ ਗੱਲਾਂ ਕਰਦਾ ਰਿਹਾ ਤੇ ਢੁੱਡੀਕੇ ਮੁੜਨਾ ਵੀ ਸਵੇਰ ਉਤੇ ਪਾ ਦਿੱਤਾ।
ਅਜੇ ਦਿਨ ਛਿਪਿਆ ਈ ਸੀ ਕਿ ਏਕੇ ਸੰਤਾਲੀ ਦੇ ਕੰਨ ਪਾੜਵੇਂ ਫਾਇਰ ਗੂੰਜੇ। ਇਓਂ ਲੱਗਾ ਜਿਵੇਂ ਬਾਹਰ ਬੀਹੀ ਵਿਚ ਈ ਗੋਲੀਆਂ ਚੱਲੀਆਂ ਹੋਣ। ਦਬਾਦੱਬ ਕੁੰਡੇ ਜਿੰਦੇ ਲੱਗ ਗਏ। ਸਾਨੂੰ ਸ਼ੱਕ ਪਿਆ ਕਿ ਅਮਰੀਕਾ ਤੋਂ ਆਏ ਭਜਨ ਦੀ ਕਿਸੇ ਨੇ ਲੁੱਟ-ਖੋਹ ਨਾ ਕਰਨੀ ਹੋਵੇ। ਸਾਰਾ ਪਿੰਡ ਡਰਦਾ ਮਾਰਾ ਜਾਗਦਾ ਹੋਇਆ ਹੀ ਛਾਪਲ ਗਿਆ। ਕਿਤੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਕੁੱਤੇ ਵੀ ਨਹੀਂ ਸਨ ਭੌਂਕ ਰਹੇ। ਭਜਨ ਵੀ ਭੈਭੀਤ ਸੀ ਕਿ ਉਹਦੇ ਆਉਣ ਸਾਰ ਹੀ ਇਹ ਕੀ ਹੋ ਗਿਆ? ਮੇਰੇ ਮਨ `ਚ ਫਿਰੌਤੀ ਵਾਲੀ ਦਹਿਸ਼ਤੀ ਚਿੱਠੀ ਵਾਲਾ ਉਹੀ ਪੁਰਾਣਾ ਡਰ ਜਾਗ ਪਿਆ। ਮਨਾਂ ਕੀ ਪਤਾ ਉਹ ਚਿੱਠੀ ਜਾਅ੍ਹਲੀ ਨਾ ਹੀ ਹੋਵੇ! ਕੀ ਪਤਾ ਉਹਦੇ `ਤੇ ਅਮਲ ਅੱਜ ਭਜਨ ਦੇ ਆਏ ਤੋਂ ਹੀ ਹੋਣਾ ਹੋਵੇ? ਸਾਰੇ ਪਰਿਵਾਰ ਨੂੰ ਜੁ ਸੋਧਣਾ ਸੀ। ਰਾਤ ਅਸੀਂ ਡਾਢੇ ਫਿਕਰਾਂ ਵਿਚ ਕੱਟੀ।
ਸਵੇਰੇ ਸਵੱਖਤੇ ਹੀ ਮਹਿੰਦਰ ਸੈਕਟਰੀ ਦਾ ਲੜਕਾ, 1995 `ਚ ਪੈਦਾ ਹੋਣ ਵਾਲੀ ਸਿਮਰਨਜੀਤ ਦਾ ਚਾਚਾ ਸਾਡੇ ਘਰ ਆਇਆ। ਉਸ ਨੇ ਡੁਸਕਦਿਆਂ ਦੱਸਿਆ ਕਿ ਅੱਤਵਾਦੀ ਉਹਦੇ ਪਾਪੇ ਨੂੰ ਮਾਰ ਗਏ ਹਨ। ਦਿਨ ਛਿਪੇ ਜਿਹੜੀਆਂ ਗੋਲੀਆਂ ਚੱਲੀਆਂ ਸੀ ਉਹ ਉਹਦੇ `ਤੇ ਈ ਚੱਲੀਆਂ ਸਨ। ਘਰ ਦੇ ਜੀਆਂ ਨੇ ਡਰ ਦੇ ਮਾਰੇ ਰਾਤ ਘਰੋਂ ਬਾਹਰ ਕੱਟੀ ਸੀ। ਉਹ ਉਹਦਾ ਰਿਵਾਲਵਰ ਲੈਣ ਆਏ ਸੀ ਜੋ ਉਸ ਨੇ ਠਾਣੇ ਜਮ੍ਹਾਂ ਕਰਾਇਆ ਕਹਿ ਦਿੱਤਾ ਸੀ ਅਤੇ ਜਾਨ ਬਚਾਉਣ ਲਈ ਭੱਜ ਕੇ ਕੰਧ ਟੱਪਣ ਲੱਗਾ ਸੀ। ਭੱਜਦੇ ਦੇ ਉਹ ਏਕੇ ਸੰਤਾਲੀ ਦਾ ਬ੍ਰੱਸਟ ਮਾਰ ਗਏ ਸਨ। ਲਾਸ਼ ਓਥੇ ਈ ਪਈ ਸੀ। ਮੁੰਡੇ ਨੇ ਪੁੱਛਿਆ, ‘ਚਾਚਾ ਜੀ, ਹੁਣ ਲਾਸ਼ ਦਾ ਕੀ ਕਰੀਏ?’
ਮੇਰੀਆਂ ਅੱਖਾਂ ਭਰ ਆਈਆਂ। ਬੰਦੇ ਮਰਨ ਦੀਆਂ ਖ਼ਬਰਾਂ ਹਰ ਰੋਜ਼ ਹੀ ਪੜ੍ਹਦੇ ਸੁਣਦੇ ਹੋਣ ਕਰਕੇ ਇਹ ਖ਼ਬਰ ਕੋਈ ਅਸਚਰਜ ਤਾਂ ਨਹੀਂ ਸੀ ਪਰ ਮੇਰੇ ਲਈ ਇਸ ਦੇ ਕੁਝ ਹੋਰ ਅਰਥ ਵੀ ਸਨ। ਮੈਂ ਸੋਚਣ ਲੱਗਾ, ‘ਜੇ ਅਮਰੀਕਾ ਤੋਂ ਭਰਾ ਨਾ ਆਇਆ ਹੁੰਦਾ ਤਾਂ ਮੈਂ ਘਰਦਿਆਂ ਨੂੰ ਮਿਲ ਕੇ ਮਹਿੰਦਰ ਵੱਲ ਚਲੇ ਜਾਣਾ ਸੀ। ਉਸ ਨੇ ਕੁਝ ਖਾਣ-ਪੀਣ ਨੂੰ ਮੰਗਾ ਲੈਣਾ ਸੀ। ਉਹ ਜਿਹੜੇ ਉਹਨੂੰ ਮਾਰਨ ਆਏ ਸਨ ਉਨ੍ਹਾਂ ਨੇ ਮੈਨੂੰ ਕਿਹੜਾ ਬਖਸ਼ਣਾ ਸੀ? ਅੱਜ ਕੱਲ੍ਹ ਜਿ਼ੰਦਗੀ ਦਾ ਕੀ ਵਿਸਾਹ ਐ? ਆਹ ਵੇਖ ਲਓ, ਮਹਿੰਦਰ ਕੱਲ੍ਹ ਚੰਗਾ ਭਲਾ ਸੀ, ਰਾਤੀਂ ਮਰ ਮੁੱਕ ਗਿਐ! ਇਹੋ ਕੁਝ ਮੇਰੇ ਨਾਲ ਹੋਣਾ ਸੀ।’
ਮੈਂ ਮੁੰਡੇ ਨੂੰ ਦਿਲਾਸਾ ਦਿੱਤਾ ਤੇ ਸਕੂਟਰ ਉਤੇ ਬਿਠਾ ਕੇ ਮਹਿੰਦਰ ਸੈਕਟਰੀ ਦੇ ਘਰ ਵੱਲ ਚੱਲ ਪਿਆ। ਉਨ੍ਹਾਂ ਦਾ ਘਰ ਦੂਜੇ ਅਗਵਾੜ ਵਿਚ ਸੀ। ਪਿੰਡ ਦਾ ਕੋਈ ਬੰਦਾ ਅਜੇ ਬਾਹਰ ਨਹੀਂ ਸੀ ਨਿਕਲਿਆ। ਬਹੁਤਿਆਂ ਦੇ ਬੂਹੇ ਭੇੜੇ ਹੋਏ ਸਨ। ਉਂਜ ਅੰਦਰੋ-ਅੰਦਰੀ ਖ਼ਬਰ ਹੋ ਗਈ ਸੀ ਕਿ ਮਹਿੰਦਰ ਸੈਕਟਰੀ ਮਾਰਿਆ ਗਿਆ। ਸਿਆਲੂ ਰਾਤ `ਚ ਠੰਢ ਨਾਲ ਆਕੜੀ ਹੋਈ ਉਹਦੀ ਲਾਸ਼ ਚਾਰ ਫੁੱਟੀ ਕੰਧ ਕੋਲ ਕੁੰਗੜੀ ਪਈ ਸੀ। ਉਹ ਕੰਧ ਟੱਪਣ ਲੱਗਾ ਗੋਲੀਆਂ ਖਾ ਕੇ ਡਿੱਗਾ ਸੀ। ਜਿਥੇ ਗੋਲੀਆਂ ਵੱਜੀਆਂ ਸਨ ਉਥੇ ਖੂਨ ਜੰਮਿਆ ਹੋਇਆ ਸੀ। ਉਹ ਟੇਢਾ ਪਿਆ ਝਾਕ ਰਿਹਾ ਸੀ। ਮੈਂ ਨੇੜਿਓਂ ਵੇਖਿਆ ਉਹਦੀਆਂ ਮੋਟੀਆਂ ਬੱਗੀਆਂ ਅੱਖਾਂ ਖੁੱਲ੍ਹੀਆਂ ਸਨ ਜਿਵੇਂ ਸੁਆਲ ਪੁੱਛਦੀਆਂ ਹੋਣ, ਕਦ ਆਵੇਗਾ ਇਨਕਲਾਬ? ਉਹਦੇ ਬੂਟ ਜ਼ੁਰਾਬਾਂ ਤੇ ਗਰਮ ਕਪੜੇ ਪਾਏ ਹੋਏ ਸਨ ਜੋ ਖੂਨ ਨਾਲ ਰੰਗੇ ਗਏ ਸਨ। ਸਿਰ `ਤੇ ਅੱਧ-ਢੱਠੀ ਪੋਚਵੀਂ ਪੱਗ ਸੀ। ਕੱਲ੍ਹ ਸ਼ਾਮ ਸਜ-ਧਜ ਕੇ ਉਹ ਪਿੰਡ ਦੀਆਂ ਪੈੜਾਂ (ਵੱਡੀ ਸੱਥ) `ਚ ਗਿਆ ਸੀ। ਹੱਸ ਹੱਸ ਗੱਲਾਂ ਕਰਦਾ ਰਿਹਾ ਸੀ।
ਦਹਿਸ਼ਤਗਰਦਾਂ ਦੀ ਏਨੀ ਦਹਿਸ਼ਤ ਸੀ ਕਿ ਸੂਰਜ ਦੀ ਧੁੱਪ ਚੜ੍ਹਨ ਤਕ ਵੀ ਆਂਢੀਆਂ-ਗੁਆਂਢੀਆਂ ਨੇ ਮਹਿੰਦਰ ਦੇ ਘਰ ਜਾਣ ਦਾ ਹੀਆ ਨਹੀਂ ਸੀ ਕੀਤਾ। ਆਪਣੇ ਹੀ ਪਿੰਡ ਤੇ ਆਪਣੇ ਘਰ ਦੀ ਕੰਧ ਨਾਲ, ਲੋਕਾਂ ਦੇ ਕੰਮ ਆਉਣ ਵਾਲੇ ਇਸ ਇਨਸਾਨ ਦਾ ਇਹ ਕੈਸਾ ਮਰਨ ਸੀ! ਬਹਾਦਰ ਸਦਾਉਣ ਵਾਲੇ ਪੰਜਾਬੀ ਕਿੰਨੇ ਡਰਪੋਕ ਹੋ ਗਏ ਸਨ?
ਮੈਂ ਅਗਵਾੜ ਦੇ ਪੰਚ ਦਲਜੀਤ ਸਿੰਘ ਕੋਲ ਗਿਆ ਕਿ ਚਲੋ ਪੁਲਿਸ ਚੌਕੀ ਚੱਲ ਕੇ ਇਤਲਾਹ ਦੇਈਏ। ਨੰਬਰਦਾਰ ਮੇਜਰ ਸਿੰਘ ਕਿੰਗਰੇ ਨੂੰ ਨਾਲ ਲੈ ਲਿਆ ਤੇ ਬਾਹਰ ਖੇਤਾਂ `ਚ ਰਹਿੰਦੇ ਸਰਪੰਚ ਸੁਰਜੀਤ ਸਿੰਘ ਨੂੰ ਵੀ ਉਠਾਲ ਲਿਆ। ਹਠੂਰ ਚੌਕੀ ਵਿਚ ਇਤਲਾਹ ਦਿੱਤੀ ਤਾਂ ਉਨ੍ਹਾਂ ਨੇ ਤੁਰਦਿਆਂ-ਕਰਦਿਆਂ ਘੰਟਾ ਲਾ ਦਿੱਤਾ। ਪੁਲਿਸ ਪਿੰਡ ਆਈ ਤਾਂ ਕਾਫੀ ਲੋਕ `ਕੱਠੇ ਹੋ ਗਏ। ਮਹਿੰਦਰ ਦੇ ਮੁੰਡੇ ਨੇ ਦੱਸਿਆ ਕਿ ਜਦੋਂ ਉਸ ਦਾ ਪਾਪਾ ਪੈੜਾਂ ਤੋਂ ਘਰ ਆਇਆ ਸੀ ਤਾਂ ਮਗਰੇ ਈ ਦੋ ਬੰਦੇ ਆ ਗਏ ਸਨ। ਬਰਾਂਡੇ `ਚ ਖੜ੍ਹ ਕੇ ਉਨ੍ਹਾਂ ਨੇ ਪਾਪੇ ਤੋਂ ਪਿਸਤੌਲ ਮੰਗਿਆ ਸੀ। ਉਹਨੇ ਕਹਿ-`ਤਾ ਮੈਂ ਠਾਣੇ ਜਮ੍ਹਾਂ ਕਰਾ ਆਇਆਂ। ਜਦੋਂ ਉਹ ਝੋਲੇ `ਚੋਂ ਆਪਣੇ ਹਥਿਆਰ ਕੱਢਣ ਲੱਗੇ ਤਾਂ ਮੈਂ ਪੁੱਛਿਆ, ‘ਇਹ ਕੀ ਕਰਦੇ ਓਂ?’ ਏਨੇ `ਚ ਪਾਪਾ ਬਾਹਰ ਨੂੰ ਭੱਜਿਆ ਬਈ ਕੰਧ ਟੱਪ-ਜੂੰ। ਉਹ ਮਗਰੇ ਭੱਜੇ ਤੇ ਬ੍ਰੱਸਟ ਮਾਰ ਕੇ ਕੰਧ ਟੱਪਣ ਲੱਗੇ ਨੂੰ ਸਿੱਟ ਲਿਆ। ਅਸੀਂ ਪਿਛਲੇ ਬਾਰ ਥਾਣੀ ਨਿਕਲ ਗਏ ਜਿਸ ਨਾਲ ਸਾਡਾ ਬਚਾਅ ਹੋ ਗਿਆ।
ਪੁਲਿਸ ਨੇ ਮਾੜੀ ਮੋਟੀ ਲਿਖਾ-ਪੜ੍ਹੀ ਕੀਤੀ ਤੇ ਲਾਸ਼ ਪੋਸਟ ਮਾਰਟਮ ਲਈ ਜਗਰਾਓਂ ਭੇਜ ਦਿੱਤੀ। ਜਿੱਦਣ ਭੋਗ ਪਿਆ ਅਸੀਂ ਚਾਰ ਪੰਜ ਜਣਿਆਂ ਨੇ ਬਣਦੀ ਸਰਦੀ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਸਮਾਗਮ ਉਤੇ ਵੀ ਲੋਕ ਡਰ ਦੇ ਮਾਰੇ ਲੁਕ ਛਿਪ ਕੇ ਪੁੱਜੇ ਪਰ ਕੋਈ ਵੱਡਾ ਲੀਡਰ ਨਾ ਪੁੱਜਾ। ਮਗਰੋਂ ਭੇਤੀਆਂ ਨੇ ਭੇਤ ਖੋਲ੍ਹਿਆ ਕਿ ਸਾਧਾਰਨ ਪੱਧਰ ਦੇ ਕਾਮਰੇਡ ਮਹਿੰਦਰ ਸੈਕਟਰੀ ਨੂੰ ਮਾਰਨ ਦਾ ਤਾਂ ਮਕਸਦ ਹੀ ਹੋਰ ਸੀ। ਰਿਵਾਲਵਰ ਲੈਣ ਦਾ ਤਾਂ ਬਹਾਨਾ ਬਣਾਇਆ ਗਿਆ ਸੀ। ਉਨ੍ਹਾਂ ਨੇ ਆਪਣੇ ਹੀ ਲਹੂ-ਮਾਸ ਪੰਜਾਬੀ ਭਰਾ ਨੂੰ ਇਸ ਲਈ ਮਾਰ ਦਿੱਤਾ ਸੀ ਕਿ ਉਸ ਦੇ ਭੋਗ ਸਮਾਗਮ `ਤੇ ਸ਼ਰਧਾਂਜਲੀਆਂ ਦੇਣ ਲਈ ਪਾਰਟੀ ਦੇ ਵੱਡੇ ਲੀਡਰ ਆਉਣਗੇ ਤੇ ਉਹ ਉਨ੍ਹਾਂ ਦਾ ਸਿ਼ਕਾਰ ਕਰ ਕੇ ਵੱਡੀਆਂ ਸੁਰਖ਼ੀਆਂ ਲੁਆਉਣਗੇ!

ਲਿਖਾਰੀ ਅਤੇ ਫਿਲਮਸਾਜ਼ ਸਾਗਰ ਸਰਹੱਦੀ (11 ਮਈ 1933-22 ਮਾਰਚ 2021) ਨੇ ਕਹਾਣੀ ਲਿਖੀਆਂ, ਨਾਟਕ ਲਿਖੇ, ਫਿਲਮਾਂ ਲਿਖੀਆਂ ਤੇ ਬਣਾਈਆਂ ਵੀ। ਉਨ੍ਹਾਂ ਜੋ ਕੁਝ ਵੀ ਲਿਖਿਆ, ਉਸ ਵਿਚ ਉਨ੍ਹਾਂ ਦੀ ਆਪਣੀ ਜ਼ਿੰਦਗੀ ਦਾ ਦਰਦ ਪਰੋ ਕੇ ਰੱਖ ਦਿੱਤਾ। ਫਿਲਮ ‘ਕਭੀ ਕਭੀ’ ਦੀ ਪਟਕਥਾ ਤੇ ਡਾਇਲਾਗ ਲਿਖ ਕੇ ਉਹ ਮਸ਼ਹੂਰ ਅਤੇ 1982 ਵਿਚ ਬਣਾਈ ਆਪਣੀ ਫਿਲਮ ‘ਬਾਜ਼ਾਰ’ ਨਾਲ ਉਨ੍ਹਾਂ ਦਾ ਨਾਂ ਸਦਾ ਸਦਾ ਲਈ ਫਿਲਮ ਇਤਿਹਾਸ ਵਿਚ ਲਿਖਿਆ ਗਿਆ। ਪੰਜਾਬੀ ਸ਼ਾਇਰ ਅਜੇ ਤਨਵੀਰ ਨੇ ਇਸ ਪਹੁੰਚੇ ਹੋਏ ਪੰਜਾਬੀ ਸ਼ਖਸ ਦੀ ਕਲਾ ਅਤੇ ਸ਼ਖਸੀਅਤ ਬਾਰੇ ਵਿਸਥਾਰ ਸਹਿਤ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।