ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਕੋਲ ਇਸ ਵੇਲੇ ਦੇਸ਼ ਭਰ ਵਿਚੋਂ ਵੀਹ ਤੋਂ ਵੱਧ ਨਵੇਂ ਰਾਜ ਬਣਾਉਣ ਲਈ ਮੰਗਾਂ ਪੁੱਜੀਆਂ ਹੋਈਆਂ ਹਨ ਤੇ ਜੇਕਰ ਇਹ ਸਾਰੀਆਂ ਮੰਗਾਂ ਮੰਨ ਲਈਆਂ ਜਾਣ ਤਾਂ ਭਾਰਤ ਦੇ ਸੂਬਿਆਂ ਦੀ ਗਿਣਤੀ 50 ਤੋਂ ਵੱਧ ਹੋ ਜਾਵੇਗੀ। ਜੇਕਰ ਮਨੀਪੁਰ ਵਿਚ ਕੁਕੀਲੈਂਡ ਲਈ ਆਵਾਜ਼ ਉੱਠ ਰਹੀ ਹੈ ਤਾਂ ਤਾਮਿਲਨਾਡੂ ਵਿਚ ਕੋਂਗੂ ਨਾਇਡੂ ਲਈ ਸੰਘਰਸ਼ ਜਾਰੀ ਹੈ। ਇਸੇ ਤਰ੍ਹਾਂ ਬੰਗਾਲ ਵਿਚੋਂ ਕਮਾਤਾਪੁਰ ਤੇ ਕਰਨਾਟਕ ਵਿਚੋਂ ਟੁਲੂ ਨਾਇਡੂ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਵਿਚ ਜਦੋਂ ਮਾਇਆਵਤੀ ਦੀ ਅਗਵਾਈ ਵਿਚ ਬਸਪਾ ਦੀ ਹਕੂਮਤ ਸੀ, ਉਦੋਂ ਇਸ ਰਾਜ ਵਿਚੋਂ ਚਾਰ ਨਵੇਂ ਸੂਬੇ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਹੋਰ ਕਿਸੇ ਵੀ ਸੂਬੇ ਨੇ ਆਪਣੇ ਵਿਚੋਂ ਕੋਈ ਹੋਰ ਸੂਬਾ ਬਣਾਉਣ ਲਈ ਤਜਵੀਜ਼ ਜਾਂ ਸਿਫਾਰਸ਼ ਨਹੀਂ ਕੀਤੀ। ਅਜਿਹਾ ਨਾ ਕਰਨ ਦੇ ਬਾਵਜੂਦ ਵੱਖਰੇ ਰਾਜਾਂ ਦੀ ਮੰਗ ਜ਼ੋਰਾਂ ‘ਤੇ ਹੈ।
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਕੋਲ ਵੱਖ-ਵੱਖ ਸੰਗਠਨਾਂ ਜਾਂ ਵਿਅਕਤੀਗਤ ਤੌਰ ‘ਤੇ ਕਈ ਸਾਲਾਂ ਤੋਂ ਵੱਖਰੇ ਰਾਜ ਬਣਾਉਣ ਦੀਆਂ ਮੰਗਾਂ ਪੁੱਜ ਰਹੀਆਂ ਹਨ। ਉੱਤਰ ਪ੍ਰਦੇਸ਼ ਨੂੰ ਤੋੜ ਕੇ ਉਸ ਵਿਚੋਂ ਅਵਧ ਪ੍ਰਦੇਸ਼, ਪੂਰਵਾਂਚਲ, ਬੁੰਦੇਲਖੰਡ ਤੇ ਪੱਛਮੀਆਂਚਲ ਜਾਂ ਹਰਿਤ ਪ੍ਰਦੇਸ਼ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ ਆਗਰਾ ਤੇ ਅਲੀਗੜ੍ਹ ਡਿਵੀਜ਼ਨਾਂ, ਰਾਜਸਥਾਨ ਦੇ ਭਰਤਪੁਰ ਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹਿਆਂ ਨੂੰ ਮਿਲਾ ਕੇ ਬਰਜ ਪ੍ਰਦੇਸ਼ ਬਣਾਉਣ ਦੀ ਵੀ ਮੰਗ ਹੈ।
ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਤੇ ਛੱਤੀਸਗੜ੍ਹ ਦੇ ਇਲਾਕਿਆਂ ਵਿਚੋਂ ਭੋਜਪੁਰ ਨਾਮਕ ਸੂਬਾ ਬਣਾਉਣ ਦਾ ਮੁੱਦਾ ਗ੍ਰਹਿ ਮੰਤਰਾਲੇ ਕੋਲ ਹੈ। ਇਸ ਤੋਂ ਇਲਾਵਾ ਮਹਾਂਰਾਸ਼ਟਰ ਦੇ ਵਿਦਰਭ ਨੂੰ ਵੀ ਵੱਖਰਾ ਰਾਜ ਬਣਾਉਣ ਦੀ ਮੰਗ ਕਾਫੀ ਪੁਰਾਣੀ ਹੈ। ਪੱਛਮੀ ਬੰਗਾਲ ਵਿਚੋਂ ਗੋਰਖਾਲੈਂਡ ਬਣਾਉਣ ਦੀ ਮੰਗ ਕਾਫੀ ਪੁਰਾਣੀ ਹੈ ਤੇ ਜ਼ੋਰਦਾਰ ਢੰਗ ਨਾਲ ਉਠਾਈ ਜਾ ਰਹੀ ਹੈ। ਪੱਛਮੀ ਅਸਾਮ ਵਿਚੋਂ ਬੋਡੋ ਬਹੁਤਾਤ ਵਾਲੇ ਇਲਾਕੇ ਨੂੰ ਤੋੜ ਕੇ ਬੋਡੋਲੈਂਡ ਤੇ ਕਰਬੀ ਅੰਗਲੌਂਗ ਸੂਬਾ ਬਣਾਉਣ ਦੀ ਮੰਗ ਕੇਂਦਰ ਕੋਲ ਹੈ।
ਬਿਹਾਰ ਤੇ ਝਾਰਖੰਡ ਦੇ ਮੈਥਿਲੀ ਭਾਸ਼ਾਈ ਇਲਾਕਿਆਂ ਵਿਚੋਂ ਮਿਥਲਾਂਚਲ ਤੇ ਗੁਜਰਾਤ ਵਿਚੋਂ ਸੌਰਾਸ਼ਟਰ ਬਣਾਉਣ ਦੀ ਮੰਗ ਵੀ ਅਰਸੇ ਤੋਂ ਉੱਠ ਰਹੀ ਹੈ। ਅਸਾਮ ਤੇ ਨਾਗਾਲੈਂਡ ਦੇ ਇਲਾਕਿਆਂ ਵਿਚੋਂ ਦੀਮਾਲੈਂਡ ਬਣਾਉਣ ਦੀ ਮੰਗ ਵੀ ਇਸ ਵੇਲੇ ਜ਼ੋਰ ‘ਤੇ ਹੈ। ਦੱਖਣ ਪੱਛਮੀ ਤਾਮਿਲਨਾਡੂ, ਦੱਖਣ ਪੂਰਬੀ ਕਰਨਾਟਕ ਤੇ ਪੂਰਬੀ ਕੇਰਲਾ ਵਿਚੋਂ ਕੁਝ ਇਲਾਕੇ ਤੋੜ ਕੇ ਕੋਂਗੂ ਨਾਇਡੂ ਬਣਾਉਣ ਦੀ ਮੰਗ ਵੀ ਕੇਂਦਰ ਕੋਲ ਪੁੱਜੀ ਹੋਈ ਹੈ। ਕਰਨਾਟਕ ਦੇ ਕੂਰਗ ਖੇਤਰ ਨੂੰ ਵੀ ਵੱਖਰਾ ਰਾਜ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਉੜੀਸਾ ਦੇ ਕੁਝ ਜ਼ਿਲ੍ਹਿਆਂ, ਝਾਰਖੰਡ ਤੇ ਛੱਤੀਸਗੜ੍ਹ ਦੇ ਲੈ ਕੇ ਕੋਸਲਰਾਜ ਬਾਰੇ ਮੰਗ ਵੀ ਹੈ। ਕਰਨਾਟਕ ਤੇ ਕੇਰਲ ਦੀ ਸਰਹੱਦ ਵਿਚਾਲੇ ਟੁਲੂਨਾਇਡੂ ਬਣਾਉਣ ਬਾਰੇ ਵੀ ਅਰਜ਼ੀ ਗ੍ਰਹਿ ਮੰਤਰਾਲੇ ਕੋਲ ਹੈ। ਮਨੀਪੁਰ ਵਿਚ ਕੁਕੀਲੈਂਡ ਤੇ ਕੌਂਕਣ ਸੂਬਿਆਂ ਤੋਂ ਇਲਾਵਾ ਪੱਛਮੀ ਬੰਗਾਲ ਵਿਚੋਂ ਕਾਮਤਪੁਰ ਸੂਬਾ ਬਣਾਉਣ ਦੀ ਮੰਗ ਵੀ ਕਤਾਰ ਵਿਚ ਹੈ। ਮੇਘਾਲਿਆ ਦੇ ਗਾਰੋ ਇਲਾਕੇ ਦੇ ਲੋਕ ਨਵਾਂ ਸੂਬਾ ਗਾਰੋਲੈਂਡ ਤੇ ਪੂਰਬੀ ਨਾਗਾਲੈਂਡ ਬਣਾਉਣ ਦੀ ਮੰਗ ਹੈ। ਲੱਦਾਖ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਤੱਕ ਭਾਰਤ ਦੇ 28 ਰਾਜ ਤੇ ਸੱਤ ਕੇਂਦਰੀ ਸ਼ਾਸਤ ਪ੍ਰਦੇਸ਼ ਹਨ। ਤਿਲੰਗਾਨਾ 29ਵਾਂ ਰਾਜ ਹੋਵੇਗਾ।
Leave a Reply