ਗੁਲਜ਼ਾਰ ਸਿੰਘ ਸੰਧੂ
ਹਾਲ ਵਿਚ ਨਾਰਵੇ ਵਿਖੇ ਹਜ਼ੂਰ ਸਾਹਿਬ ਦੇ ਪ੍ਰਤੀਨਿਧ ਡੀ ਪੀ ਸਿੰਘ ਚਾਵਲਾ ਨੇ ਜਗਤ ਹਰਿਆਵਲ ਲਹਿਰ (ਗਰੀਨ ਪਿਲਗਰੀ ਮੇਜ਼ ਨੈਟਵਰਕ) ਦੀ ਬੈਠਕ ਵਿਚ ਸ਼ਿਰਕਤ ਕਰਕੇ ਨਾਂਦੇੜ ਸਾਹਿਬ ਨੂੰ ਵੀ ਅੰਮ੍ਰਿਤਸਰ ਵਾਂਗ ਇਸ ਕਲੱਬ ਦਾ ਮੈਂਬਰ ਬਣਾ ਲਿਆ ਹੈ। ਨਵੰਬਰ 2011 ਨੂੰ ਇਟਲੀ ਦੇ ਅੱਸੀਸੀ ਸ਼ਹਿਰ ਤੋਂ ਸਥਾਪਤ ਹੋਏ ਇਸ ਧਾਰਮਕ ਹਰਿਆਵਲ ਹੱਜ ਦਾ ਉਦੇਸ਼ ਵਾਤਾਵਰਨ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਕਰਨਾ ਹੈ। ਹੁਣ ਨਾਂਦੇੜ ਵਾਲਿਆਂ ਗੋਦਾਵਰੀ ਨਦੀ ਦੀ ਸਾਂਭ ਸੰਭਾਲ, ਸਜੀਵ ਖੇਤੀ ਦੇ ਵਿਕਾਸ ਤੇ ਰੁੱਖ ਬੂਟੇ ਲਾਉਣ ਦਾ ਵਚਨ ਲਿਆ ਹੈ। ਜਗਤ ਹਰਿਆਵਲ ਲਹਿਰ ਦੇ ਸਕੱਤਰ ਜਨਰਲ ਮਾਰਟਿਨ ਪਾਮੇਰ ਨੇ ਸਿੱਖ ਧਰਮ ਤੇ ਸਿੱਖ ਸੰਗਤਾਂ ਦੇ ਇਸ ਉਤਸ਼ਾਹ ਦਾ ਸਵਾਗਤ ਕੀਤਾ ਹੈ।
ਚੇਤੇ ਰਹੇ ਕਿ ਗੁਰਦੁਵਾਰਾ ਖਡੂਰ ਸਾਹਿਬ (ਤਰਨਤਾਰਨ) ਵਾਲਿਆਂ ਨੇ ਤਾਂ ਇਸ ਤਰ੍ਹਾਂ ਦੀ ਮਿੰਨੀ ਮੁਹਿਮ ਜਗਤ ਲਹਿਰ ਤੋਂ ਬਹੁਤ ਪਹਿਲਾਂ ਦੀ ਸ਼ੁਰੂ ਕੀਤੀ ਹੋਈ ਹੈ। ਹੁਣ ਪੰਜਾਬ ਸਰਕਾਰ ਦੀ ਗਰੀਨ ਪੰਜਾਬ ਲਹਿਰ ਤੇ ਅਜੀਤ ਪਤ੍ਰਿਕਾ ਸਮੂਹ ਦੀ ਅਜੀਤ ਹਰਿਆਵਲ ਲਹਿਰ ਤਾਂ ਘਰ ਘਰ ਦਸਤਕ ਦੇ ਰਹੀ ਹੈ। ਇਸ ਲਹਿਰ ਨੇ ਪੰਜਾਬ ਦੇ ਇਕ ਇਕ ਪਿੰਡ ਦਾ ਕੁੰਡਾ ਖੜਕਾਇਆ ਹੈ। ਮੇਰਾ ਨਾਨਕਾ, ਦਾਦਕਾ ਤੇ ਸਹੁਰਾ ਪਿੰਡ ਕ੍ਰਮਵਾਰ ਮਾਲਵੇ, ਦੁਆਬੇ ਤੇ ਮਾਝੇ ਵਿਚ ਪੈਂਦੇ ਹਨ। ਹਰ ਪਾਸੇ ਤੋਂ ਇਹੀਓ ਸਮਾਚਾਰ ਆ ਰਹੇ ਹਨ ਕਿ ਰੁਖ ਬੂਟੇ ਲਾ ਕੇ ਪੰਜਾਬ ਨੂੰ ਹਰਾ-ਭਰਾ ਕਰਨ ਦਾ ਕਾਰਜ ਪਿੰਡ-ਪਿੰਡ ਪਰਵੇਸ਼ ਕਰ ਚੁੱਕਿਆ ਹੈ।
ਉਤਰਾਖੰਡ ਦੀ ਹਿਮਾਲੀਅਨ ਸੁਨਾਮੀ ਦੇ ਦੁਖਦਾਈ ਸਮਾਚਾਰਾਂ ਨੇ ਬਨਸਪਤਿ ਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਸਮੂਹਕ ਜਾਗ੍ਰਤੀ ਪੈਦਾ ਕੀਤੀ ਹੈ। ਸਮਾਚਾਰ ਪੱਤਰ ਤੇ ਵਿਦਿਅਕ ਸੰਸਥਾਵਾਂ ਪੌਣ ਪਾਣੀ ਦਾ ਮਹੱਤਵ ਦੱਸ ਰਹੀਆਂ ਹਨ। ਇਹ ਵੀ ਕਿ ਦਿਨੇ ਦੁੱਗਣੇ ਤੇ ਰਾਤ ਚੌਗੁਣੇ ਵਾਧੇ ਵਾਲੀ ਵਸੋਂ ਦੇ ਦੇਸ਼ ਵਿਚ ਇਸ ਦਾ ਮਹੱਤਵ ਕਿੰਨਾ ਵੱਧ ਹੈ। ਲੋਕਾਈ ਦਾ ਫਰਜ਼ ਬਣਦਾ ਹੈ ਕਿ ਇਸ ਲਹਿਰ ਦੇ ਅਧੀਨ ਲਾਏ ਗਏ ਇੱਕ ਇੱਕ ਪੌਦੇ ਦੀ ਦੇਖਭਾਲ ਕਰੇ। ਨਵੇਂ ਪੌਦੇ ਲਈ ਪਾਣੀ ਦੀ ਲੋੜ ਛੋਟੇ ਬੱਚੇ ਨਾਲੋਂ ਵੀ ਵੱਧ ਹੁੰਦੀ ਹੈ। ਬੱਚਾ ਤਾਂ ਆਪਣੀ ਲੋੜ ਰੋ ਕੇ ਦੱਸ ਦਿੰਦਾ ਹੈ, ਪੌਦੇ ਦੀਆਂ ਲੋੜਾਂ ਤਾਂ ਲੋਕਾਈ ਨੇ ਪੂਰੀਆਂ ਕਰਨੀਆਂ ਹਨ।
ਅੰਮ੍ਰਿਤਸਰ ਵਾਂਗ ਨਾਂਦੇੜ ਸਾਹਿਬ ਨੇ ਇਹ ਬੀੜਾ ਚੁਕਿਆ ਹੈ, ਬਹੁਤ ਚੰਗੀ ਗੱਲ ਹੈ। ਪੰਜਾਬੀਆਂ ਦੇ ਮਨਾਂ ਵਿਚ ਵਸਿਆ ਧਰਮ ਅਸਥਾਨਾਂ ਦਾ ਆਦਰ ਰੁਖ ਲਾਉਣ ਦੇ ਕਾਰਜ ਵਿਚ ਵਾਧਾ ਕਰੇਗਾ, ਸਾਡਾ ਵਿਸ਼ਵਾਸ ਹੈ। ਇਸ ਨਾਲ ਸਮੁੱਚੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਲਹਿਰ ਹੋਰ ਵੀ ਜ਼ੋਰ ਫੜੇਗੀ।
ਰਿਆਸਤੀ ਰਾਜਿਆਂ ਦੀ ਅਮੀਰੀ ਦੇ ਅੰਕੜੇ: ਜਦੋਂ ਦੀਵਾਨ ਜਰਮਨੀ ਦਾਸ ਨੇ ‘ਮਹਾਰਾਜਾ’ ਨਾਂ ਦੀ ਪੁਸਤਕ ਵਿਚ ਰਿਆਸਤੀ ਰਾਜਿਆਂ ਦੀ ਅਮੀਰੀ, ਚਤੁਰਾਈਆਂ ਤੇ ਚੋਹਲਾਂ ਬਾਰੇ ਲਿਖਿਆ ਸੀ ਤਾਂ ਪਾਠਕ ਨੂੰ ਅਤਿਕਥਨੀ ਦਾ ਪ੍ਰਭਾਵ ਦਿੰਦਾ ਸੀ। ਹੁਣ ਮਹਾਰਾਜਾ ਫਰੀਦਕੋਟ ਦੀਆਂ ਬੇਟੀਆਂ ਅੰਮ੍ਰਿਤ ਕੌਰ ਤੇ ਦੀਪਿੰਦਰ ਕੌਰ ਨੇ ਆਪਣੇ ਪਿਤਾ ਦੀ ਜ਼ਮੀਨ ਤੇ ਜਾਇਦਾਦ ਦਾ ਕਬਜ਼ਾ ਮਹਾਰਾਵਲ ਖੇਵਾ ਜੀ ਟਰੱਸਟ ਕੋਲੋਂ ਵਾਪਸ ਲੈਣ ਦਾ ਕੇਸ ਜਿੱਤ ਲਿਆ ਹੈ ਤਾਂ ਮਹਾਰਾਜਾ ਦੀ ਨਿੱਜੀ ਅਮੀਰੀ ਦਾ ਵੇਰਵਾ ਸਾਹਮਣੇ ਆਇਆ ਹੈ। ਮੀਡੀਆ ਵਿਚ ਛਪੀਆਂ ਤਸਵੀਰਾਂ ਤੇ ਹੋਰ ਵੇਰਵੇ ਦੱਸਦੇ ਹਨ ਕਿ ਇਸ ਵਿਚ ਹੈਦਰਾਬਾਦ, ਦਿੱਲੀ, ਮਸ਼ੋਬਰਾ (ਹਿਮਾਚਲ), ਟੋਹਾਣਾ (ਹਰਿਆਣਾ) ਵਿਚ ਮਹਿਲ, ਮੁਨਾਰੇ ਤੇ ਜ਼ਮੀਨ ਹੀ ਨਹੀਂ ਮਨੀਮਾਜਰਾ ਤੇ ਫਰੀਦਕੋਟ ਦੇ ਕਿਲੇ ਅਤੇ ਹਵਾਈ ਅੱਡਾ ਵੀ ਸ਼ਾਮਲ ਹਨ। ਮਹਾਰਾਜੇ ਦੇ ਪੁਰਾਣੇ ਜਹਾਜ਼ ਤੇ ਡੇਢ ਦਰਜਨ ਲਗਜ਼ਰੀ ਕਾਰਾਂ ਤੋਂ ਬਿਨਾਂ ਮੁੰਬਈ ਦੇ ਸਟੈਂਡਰਡ ਚਾਰਟਰਡ ਬੈਂਕ ਵਿਚ ਇਕ ਹਜ਼ਾਰ ਕਰੋੜ ਰੁਪਏ ਦੇ ਜ਼ੇਵਰਾਤ ਇਨ੍ਹਾਂ ਤੋਂ ਵੱਖਰੇ ਹਨ। ਇਹ ਪੂੰਜੀ ਅੱਜ ਵੀਹ ਹਜ਼ਾਰ ਕਰੋੜ ਰੁਪਏ ਦੀ ਬਣਦੀ ਹੈ। ਦੱਸਣ ਵਾਲੇ ਦੱਸਦੇ ਹਨ ਕਿ ਸਿਆਣੇ ਮਹਾਰਾਜੇ ਨੇ ਮਾਊਂਟਬੈਟਨ ਨੂੰ ਮਿਲ ਕੇ ਸੁਤੰਤਰਤਾ ਪ੍ਰਾਪਤੀ ਤੋਂ ਛੇਤੀ ਹੀ ਪਿੱਛੋਂ ਇਸ ਸਾਰੇ ਕੁੱਝ ਨੂੰ ਆਪਣੀ ਰਿਆਸਤੀ ਜਾਇਦਾਦ ਨਾਲੋਂ ਨਿਖੇੜ ਕੇ ਨਿੱਜੀ ਖਾਤੇ ਵਿਚ ਪੁਆ ਲਿਆ ਸੀ। ਮਹਾਰਾਜਾ ਦੀ ਸ਼ਕਲ, ਸੂਰਤ ਦੇਖਿਆਂ ਜਾਪਦਾ ਹੈ ਕਿ ਉਹ ਕਿਸੇ ਤੋਂ ਕੁਝ ਵੀ ਪ੍ਰਾਪਤ ਕਰ ਸਕਦਾ ਸੀ। ਲਾਰਡ ਜਾਂ ਲੇਡੀ ਮਾਊਂਟਬੈਟਨ ਤਾਂ ਕਿਸ ਦੇ ਪਾਣੀਹਾਰ ਸਨ। ਇਸ ਕਾਰਵਾਈ ਤੋਂ ਪਿੱਛੋਂ ਤਾਂ ਸੁਤੰਤਰ ਭਾਰਤ ਦਾ ਸ਼ਕਤੀਸ਼ਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਵੀ ਬੇਬਸ ਹੋ ਗਿਆ ਹੋਵੇਗਾ। ਮਹਾਰਾਜੇ ਦੇ ਅਹਿਲਕਾਰ ਉਹਦੇ ਵੀ ਗੁਰੂ ਨਿਕਲੇ ਜਾਪਦੇ ਹਨ ਜਿਨ੍ਹਾਂ ਨੇ ਉਸ ਨੂੰ ਢਹਿੰਦੀ ਕਲਾ ਵਿਚ ਵੇਖ ਇਸ ਸਾਰੀ ਪੂੰਜੀ ਉਤੇ ਕਬਜ਼ਾ ਕਰਨ ਲਈ ਚੁੱਪ ਚੁਪੀਤੇ ਹੀ ਅਜਿਹਾ ਟਰੱਸਟ ਸਥਾਪਤ ਕਰ ਲਿਆ ਜਿਸ ਵਿਚੋਂ ਮਹਾਰਾਜੇ ਦੀ ਮਾਂ ਤੇ ਉਸ ਦੀ ਸਭ ਤੋਂ ਵੱਡੀ ਸਪੁਤਰੀ ਤੱਕ ਨੂੰ ਇਸ ਦੀ ਸੂਹ ਵੀ ਨਹੀਂ ਪਹੁੰਚਣ ਦਿੱਤੀ। ਇਥੋਂ ਤੱਕ ਕਿ ਮਹਾਰਾਜਾ ਦੇ ਵੱਡੇ ਵਡੇਰਿਆਂ ਵੱਲੋਂ ਜ਼ੌਕ ਤੇ ਸ਼ੌਕ ਨਾਲ ਲਾਏ ਉਹ ਜੰਗਲ ਵੀ ਬਾਹਰ ਹੀ ਰੱਖੇ ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੀ ਮਨ ਪਸੰਦ ਦੇ ਰੁੱਖ ਬੂਟੇ ਤੇ ਮਨਮੋਹਣੇ ਪੰਛੀ ਪਾਲ ਰੱਖੇ ਸਨ। ਘੁੱਗਿਆਣਾ, ਚਾਹਲ ਤੇ ਸਿਖਾਂਵਾਲੀ ਦੇ 1500 ਏਕੜ ਦੀਆਂ ਇਨ੍ਹਾਂ ਬੀੜ੍ਹਾਂ ਦੀ ਬਨਸਪਤੀ ਤੇ ਜੀਵ ਜਾਨਵਰ ਹੁਣ ਉਜੜ ਗਏ ਦੱਸੇ ਜਾਂਦੇ ਹਨ। ਕਹਿੰਦੇ ਹਨ ਕਿ ਇੱਕ ਪੜਾਅ ਉਤੇ ਮਹਾਰਾਜਾ ਨਵੀਂ ਜ਼ਮੀਨ ਜਾਇਦਾਦ ਇਥੋਪੀਆ ਵਿਚ ਵੀ ਖਰੀਦਣ ਗਿਆ ਸੀ ਪਰ ਉਥੇ ਤੁਰੰਤ ਕ੍ਰਾਂਤੀ ਆਉਣ ਕਾਰਨ ਉਸ ਨੂੰ ਪਰਤਣਾ ਪੈ ਗਿਆ ਸੀ।
ਬੀਬੀ ਅੰਮ੍ਰਿਤ ਕੌਰ ਵਲੋਂ ਦਿੱਤੀਆਂ ਦਲੀਲਾਂ ਵਿਚ ਵਜ਼ਨ ਹੈ। ਅੱਜ ਨਹੀਂ ਤਾਂ ਕੱਲ੍ਹ ਮਹਾਰਾਜੇ ਦੀਆਂ ਸਿਰੜੀ ਬੇਟੀਆਂ ਨੂੰ ਇਸ ਦੀ ਮਾਲਕੀ ਮਿਲਣ ਦੀ ਆਸ ਹੈ। ਦੀਵਾਨ ਜਰਮਨੀ ਦਾਸ ਦੇ ਕਿਸੇ ਚੇਲੇ ਲਈ ਇਹ ਕਥਾ ਵੀ ਰੌਚਕ ਪੁਸਤਕ ਦਾ ਮਸਲਾ ਹੈ। ਜੇ ਕੋਈ ਯੂਨੀਵਰਸਿਟੀ, ਅਕਾਦਮੀ ਜਾਂ ਸੰਸਥਾ ਕਹੇ ਤਾਂ ਮੈਂ ਵੀ ਇਸ ਨੂੰ ਇਤਿਹਾਸ, ਮਿਥਿਹਾਸ ਜਾਂ ਉਪਨਿਆਸ ਦਾ ਰੂਪ ਦੇਣ ਲਈ ਤਿਆਰ ਹਾਂ। ਭਾਵੇਂ ਮੈਨੂੰ ਇਸ ਕੰਮ ਲਈ ਸਿਰੜੀ ਬੀਬੀਆਂ ਦਾ ਕੁੰਡਾ ਹੀ ਖੜਕਾਉਣਾ ਪਵੇ। ਇਸ ਵਿਚ ਮੇਰੇ ਸੀਨੀਅਰ ਮਿੱਤਰ ਤੇ ਐਡਵੋਕੇਟ ਕਰਨੈਲ ਸਿੰਘ ਡੋਡ ਤੇ ਰਿਆਸਤੀ ਪਰਿਵਾਰਾਂ ਨਾਲ ਨੇੜਲਾ ਸੰਪਰਕ ਰਖਣ ਵਾਲੇ ਭਾਈ ਅਸ਼ੋਕ ਸਿੰਘ ਬਾਗੜੀਆਂ ਵੀ ਮੇਰੀ ਸਹਾਇਤਾ ਕਰ ਸਕਦੇ ਹਨ। ਉਹ ਰਿਆਸਤੀ ਗਤੀਵਿਧੀਆਂ ਦੇ ਪੁਰਾਣੇ ਭੇਤੀ ਹਨ। ਮਹਾਰਾਜਾ ਦੀ ਖੂਬਸੂਰਤ ਤੇ ਪ੍ਰਭਾਵੀ ਤਸਵੀਰ ਮੈਂ ਇਸ ਤੋਂ ਪਹਿਲਾਂ ਬਾਗੜੀਆਂ ਦੇ ਘਰ ਹੀ ਤੱਕੀ ਸੀ। ਵਕਤ ਬੜਾ ਬਲਵਾਨ ਹੈ, ਸਿਆਣਿਆਂ ਦਾ ਕਥਨ ਹੈ। ਧਰਤੀ ਹੋਰ ਪਰੇ, ਹੋਰ ਹੋਰ।
ਅੰਤਿਕਾ:
ਉਮਰ ਖਯਾਮ (ਅਨੁਵਾਦਕ: ਐਸ ਐਸ ਜੋਗੀ)
ਤਾਂ ਜੋ ਮੇਰੀ ਮਿੱਟੀ ‘ਚੋਂ ਵੀ ਲਪਟ ਅਜਿਹੀ ਆਵੇ,
ਉਸ ਥਾਂ ਕੋਲੋਂ ਲੰਘਦਾ ਜਾਂਦਾ ਹਰ ਰਾਹੀ ਨਸ਼ਿਆਵੇ,
ਫੇਰ ਕੋਈ ਪੱਕਾ ਮੋਮਨ ਵੀ ਜੇ ਓਥੋਂ ਦੀ ਲੰਘੇ,
ਪੈਰ ਨਾ ਅੱਗੇ ਪੁੱਟ ਸਕੇ, ਉਹ ਧੂਹ ਖਾ ਕੇ ਮੁੜ ਆਵੇ।
Leave a Reply