ਹੱਥੀਂ ਦਿੱਤੀਆਂ ਗੰਢਾਂ ਕਿਹਨੇ ਫਿਰ ਖੋਲ੍ਹਣੀਆਂ…

ਮੇਜਰ ਕੁਲਾਰ ਬੋਪਾਰਾਏ
ਫੋਨ: 916-273-2856
ਦੋ ਹਫ਼ਤੇ ਪਹਿਲਾਂ ਮੈਨੂੰ ਨਾਨੀ ਦੀ ਘੜਾਨੀ ਵਾਲੀ ਰਿਸ਼ਤੇਦਾਰੀ ਵਿਚ ਰਾਤ ਰੁਕਣਾ ਪੈ ਗਿਆ। ਸੋਚਿਆ, ਨਾਲੇ ਤਾਂ ਸਾਰਿਆਂ ਨੂੰ ਬਹਾਨੇ ਨਾਲ ਮਿਲ ਜਾਵਾਂਗਾ, ਨਾਲੇ ਹੋਟਲ ਦਾ ਕਮਰਾ ਵੀ ਨਹੀਂ ਲੈਣਾ ਪੈਣਾ। ‘ਇਕ ਪੰਥ ਦੋ ਕਾਜ’ ਸੰਵਾਰੇ ਜਾਣਗੇ। ਸਾਰਿਆਂ ਨੂੰ ਅੰਦਰੋਂ ਮਿਲਣ ਦਾ ਪਖੰਡੀ ਜਿਹਾ ਚਿਹਰਾ ਬਣਾਉਂਦਿਆਂ ਜਾ ਫਤਿਹ ਬੁਲਾਈ। ਮੈਂ ਗੱਲੀਂ-ਬਾਤੀਂ ਉਨ੍ਹਾਂ ਦੇ ਦਿਲ ਵਾਲੇ ਕਮਰੇ ਵਿਚ ਵੜਨ ਲਈ, ਉਨ੍ਹਾਂ ਦੀ ਵਡਿਆਈ ਦੇ ਪੁਲ ਉਸਾਰਨ ਲੱਗ ਪਿਆ। ਰਸੋਈ ਵਿਚ ਭਾਂਡਿਆਂ ਦੀ ਹਿੱਲਜੁਲ ਹੋਣ ਲੱਗੀ। ਕੜਾਹੀ ਵਿਚ ਘੁੰਮਦੀ ਕੜਛੀ ਦੇ ਮਿੱਠੇ ਸੰਗੀਤ ਨੇ ਮਿੱਠੀ ਮਹਿਕ ਖਿਲਾਰਦਿਆਂ ਦੱਸਿਆ ਕਿ ਸੂਜੀ ਦਾ ਕੜਾਹ ਬਣ ਰਿਹਾ ਹੈ। ਸਾਰੇ ਜਣਿਆਂ ਮੈਨੂੰ ਸੋਫੇ ਉਪਰ ਮਿਲਾਪੜਾ ਘੇਰਾ ਪਾ ਲਿਆ ਸੀ। ਮੈਂ ਵੀ ਉਨ੍ਹਾਂ ਵਿਚਕਾਰ ਇੰਜ ਬੈਠਾ ਸਾਂ, ਜਿਵੇਂ ਬੜਾ ਸੂਝਵਾਨ ਤੇ ਸਿਆਣਾ ਹੋਵਾਂ। ਮੈਂ ਨੂੰਹ ਸੱਸ ਦੇ ਰਿਸ਼ਤੇ ਨੂੰ ਮਾਂ ਤੇ ਧੀ ਦੇ ਰਿਸ਼ਤੇ ਬਰਾਬਰ ਮੰਨਣ ਵਾਲੀਆਂ ਸਿਆਣੀਆਂ ਗੱਲਾਂ ਕਰਨ ਲੱਗਿਆ। ਫਿਰ ਕੀ ਸੀ, ਨੂੰਹ ਬੀਜੀ ਬੀਜੀ ਕਰੀ ਜਾਵੇ ਤੇ ਸੱਸ ਮੁੜ ਮੁੜ ਕਹੇ, ਸਾਡੀ ਪਰੀਤ, ਮੇਰੀ ਪਰੀਤ। ਦੋਵਾਂ ਦੇ ਵਡਿਆਈ ਵਾਲੇ ਉਸਾਰੇ ਪੁਲਾਂ ‘ਤੇ ਮੈਂ ਮਿਸਤਰੀਆਂ ਵਾਲਾ ਲੋਹੇ ਦਾ ਗੁਰਮਾਲਾ ਮਾਰ ਕੇ ਨੂੰਹ ਸੱਸ ਦੇ ਰਿਸ਼ਤੇ ਵਿਚ ਹੋਰ ਚਮਕ ਲਿਆ ਦਿੱਤੀ। ਪਰੀਤ ਨੇ ਸੂਜੀ ਦਾ ਕੜਾਹ ਤੇ ਗਰਮਾ ਗਰਮ ਚਾਹ ਮੇਜ਼ ‘ਤੇ ਲਿਆ ਕੇ ਰੱਖ ਦਿੱਤੀ। ਖ਼ੈਰ! ਚਾਹ-ਪਾਣੀ ਪੀਣ ਤੋਂ ਬਾਅਦ ਗੱਲਾਂ ਰਾਹੀਂ ਝੂਠ ਸੱਚ ਦੀ ਖੇਡ ਖੇਡਦੇ ਰਹੇ। ਹੁਣ ਰਹਿਰਾਸ ਦਾ ਸਮਾਂ ਹੋ ਗਿਆ ਸੀ। ਮੈਂ ਮੂੰਹ-ਹੱਥ ਧੋ ਕੇ ਗੁਟਕਾ ਲੈ ਆਇਆ ਤੇ ਥੱਲੇ ਬੈਠਦਿਆਂ ਉਨ੍ਹਾਂ ਸਾਰਿਆਂ ਨੂੰ ਬੈਠ ਕੇ ਪਾਠ ਸੁਣਨ ਲਈ ਕਿਹਾ।
“ਛੋਟੇ ਵੀਰ, ਜੇ ਪਾਠ ਕਰਨਾ ਹੈ ਤਾਂ ਉਪਰ ਬਾਬਾ ਜੀ ਵਾਲੇ ਕਮਰੇ ਵਿਚ ਕਰ ਲਵੋ।” ਭਾਈ ਸਾਬ੍ਹ ਨੇ ਦੋਵੇਂ ਹੱਥ ਮੂੰਹ ‘ਤੇ ਫੇਰਦਿਆਂ ਦਾੜ੍ਹੀ ਇਕੱਠੀ ਕਰ ਲਈ।
“ਆਪਾਂ ਸਾਰੇ ਚੱਲਦੇ ਆਂ। ਮੈਂ ਪਾਠ ਕਰਾਂਗਾ ਤੇ ਤੁਸੀਂ ਸੁਣਦੇ ਰਹਿਣਾ।” ਮੈਂ ਨਿਮਰਤਾ ਸਹਿਤ ਕਿਹਾ।
ਮੈਂ ਅਤੇ ਭਾਈ ਸਾਬ੍ਹ ਦੋਵੇਂ ਉਪਰ ਵਾਲੇ ਕਮਰੇ ਵਿਚ ਚਲੇ ਗਏ। ਸਾਡੇ ਨਾਲ ਭਾਈ ਸਾਬ੍ਹ ਦੇ ਦੋ ਜੁੜਵੇਂ ਭੁਜੰਗੀ ਵੀ ਜਾਣਾ ਚਾਹੁੰਦੇ ਸਨ, ਪਰ ਭਾਈ ਸਾਬ੍ਹ ਨੇ ਅੰਦਰ ਵੜ ਕੇ ਕੁੰਡੀ ਲਾ ਦਿੱਤੀ। ਦੋਵੇਂ ਬੱਚੇ ਰੋ ਰਹੇ ਸਨ ਕਿ ਸਾਨੂੰ ਵੀ ਅੰਦਰ ਆਉਣ ਦਿਓ ਤੇ ਕੋਲ ਬਿਠਾ ਲਵੋ। ਅੰਦਰ ਵਾਲਾ ਸੀਨ ਦੇਖ ਕੇ ਮੈਂ ਹੈਰਾਨ ਹੀ ਹੋ ਗਿਆ ਤੇ ਬੋਲਿਆ, “ਭਾਈ ਸਾਬ੍ਹ! ਇਹ ਸੱਚ-ਮੁੱਚ ਹੀ ਬਾਬਾ ਜੀ ਦਾ ਕਮਰਾ ਹੈ?” ਵੱਡੇ ਸਾਰੇ ਪਲੰਘ ਉਤੇ ਇਕ ਦੇਹਧਾਰੀ ਪਖੰਡੀ ਸਾਧ ਦੀਆਂ ਦੋ ਵੱਡੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ। ਤਸਵੀਰਾਂ ਨੂੰ ਬਿਜਲੀ ਦੀਆਂ ਲੜੀਆਂ ਨੇ ਘੇਰਾ ਪਾਇਆ ਹੋਇਆ ਸੀ ਜਿਹੜੀਆਂ ਕਦੇ ਜਗਦੀਆਂ ਤੇ ਕਦੇ ਬੁਝਦੀਆਂ ਸਨ। ਚਾਰੇ ਕੰਧਾਂ ਉਪਰ ਛੋਟੇ ਵੱਡੇ ਫਰੇਮਾਂ ਵਿਚ ਬਾਬਾ ਜੀ ਆਪਣੇ ਵੱਖਰੇ ਵੱਖਰੇ ਪੋਜ਼ਾਂ (ਦ੍ਰਿਸ਼ਾਂ) ਵਿਚ ਖੱਚਰਾ ਹਾਸਾ ਹੱਸ ਰਿਹਾ ਸੀ।
ਪਹਿਲਾਂ ਮੈਂ ਸੋਚਿਆ, ਉਥੇ ਬੈਠ ਕੇ ਪਾਠ ਨਹੀਂ ਕਰਨਾ। ਫਿਰ ਸੋਚਿਆ ਕਿ ਇਹ ਪਖੰਡੀ ਬਾਬਾ ਸੋਚੇਗਾ ਕਿ ਮੈਂ ਇਸ ਕੋਲੋਂ ਡਰ ਗਿਆ ਹਾਂ। ਮੈਂ ਆਪਣੀ ਪੂਰੀ ਸ਼ਰਧਾ ਨਾਲ ਪਾਠ ਸੰਪੂਰਨ ਕੀਤਾ। ਬੱਚਿਆਂ ਨੇ ਕਈ ਵਾਰ ਅੰਦਰ ਆਉਣ ਦੀ ਜ਼ਿਦ ਕੀਤੀ, ਪਰ ਭਾਈ ਸਾਬ੍ਹ ਉਨ੍ਹਾਂ ਨੂੰ ਘੂਰ ਦਿੰਦੇ ਰਹੇ। ਸਾਰਾ ਪਰਿਵਾਰ ਖੁਸ਼ ਸੀ ਕਿ ਮੈਂ ਬਾਬਾ ਜੀ ਵਾਲੇ ਕਮਰੇ ਵਿਚ ਪਾਠ ਕੀਤਾ ਹੈ। ਉਸ ਕਮਰੇ ਵਾਲੇ ਬਾਬਾ ਜੀ ਨੇ ਮੇਰੇ ਅੰਦਰ ਇਸ ਪਰਿਵਾਰ ਲਈ ਕਈ ਸਵਾਲ ਖੜ੍ਹੇ ਕਰ ਦਿੱਤੇ ਜਿਨ੍ਹਾਂ ਦਾ ਉਤਰ ਮੈਨੂੰ ਅੱਜ ਤੱਕ ਨਹੀਂ ਮਿਲਿਆ। ਖੈਰ! ਹੁਣ ਮੈਂ ਨੂੰਹ ਸੱਸ ਦੀ ਵਡਿਆਈ ਵਾਲਾ ਵਰਕਾ ਪਾੜ੍ਹ ਦਿੱਤਾ ਤੇ ਉਥੋਂ ਖਿਸਕਣ ਲਈ ਕੋਈ ਬਹਾਨਾ ਘੜਨ ਲੱਗਿਆ। ਰਸੋਈ ਵਿਚਲੀ ਮਹਿਕ ਮਿਠਾਸ ਬੇਸਵਾਦੀ ਹੋਣ ਲੱਗੀ। ਬਾਬਾ ਜੀ ਦੇ ਢੋਲਕੀਆਂ ਤੇ ਚਿਪਟੇ ਕੰਨ ਪਾੜਨ ਲੱਗ ਗਏ। ਮੇਰੇ ਅੰਦਰ ਅਜੇ ਗੁੱਸੇ ਦਾ ਉਬਾਲ ਠੰਢਾ ਨਹੀਂ ਸੀ ਹੋਇਆ, ਕਿ ਭਾਈ ਸਾਬ੍ਹ ਨੇ ਬਲਦੀ ‘ਤੇ ਤੇਲ ਪਾ ਦਿੱਤਾæææਉਨ੍ਹਾਂ ਅੰਗਰੇਜ਼ੀ ਸ਼ਰਾਬ ਦੀ ਬੋਤਲ ਖੋਲ੍ਹ ਲਈ। ਚਾਰ ਗਲਾਸਾਂ ਵਿਚ ਪੈਗ ਬਣਾ ਕੇ ਬੋਲਿਆ, “ਛੋਟੇ ਵੀਰ, ਕਰੋ ਫਿਰ ਮੂੰਹ ਕੌੜਾ। ਦੂਰ ਦੀ ਡਰਾਈਵ ਨੇ ਥਕਾ ਦਿੱਤਾ ਹੋਵੇਗਾ।”
“ਭਾਈ ਸਾਬ੍ਹ, ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿਚ ਸ਼ਰਾਬ ਦੀ ਇਕ ਘੁੱਟ ਵੀ ਨਹੀਂ ਪੀਤੀ। ਫਿਰ ਮੇਰੀ ਬੇਇੱਜ਼ਤੀ ਕਿਉਂ ਕਰ ਰਹੇ ਹੋ?” ਮੈਂ ਗੁੱਸੇ ਵਿਚ ਕਹਿ ਗਿਆ। ਉਸ ਦੀ ਮੂਰਖਤਾਈ ‘ਤੇ ਤਰਸ ਵੀ ਆ ਗਿਆ। ਫਿਰ ਉਸ ਨੇ ਦੋ ਗਲਾਸਾਂ ਵਾਲਾ ਪੈਗ ਇਕ ਕਰ ਲਿਆ, ਤੇ ਦੋ ਗਲਾਸ ਆਪਣੇ ਪੁੱਤਰਾਂ ਦੇ ਮੂੰਹ ਲਾ ਦਿੱਤੇ। ਦੋਵਾਂ ਪੁੱਤਰਾਂ ਨੇ ਇਕੋ ਸਾਹ ਪੀ ਕੇ ਲਲਕਾਰੇ ਮਾਰੇ। ਮੈਨੂੰ ਧਰਤੀ ਵਿਹਲ ਨਾ ਦੇਵੇ ਜਿਥੇ ਮੈਂ ਧਸ ਜਾਵਾਂ। ਮੈਂ ਹੈਰਾਨ ਪ੍ਰੇਸ਼ਾਨ ਹੋ ਗਿਆ ਕਿ ਇਸ ਸੰਸਾਰ ‘ਤੇ ਐਡੇ ਮੂਰਖਾਂ ਦਾ ਵੀ ਭਾਰ ਹੈ! ਰੋਟੀ ਦੀਆਂ ਚਾਰ ਬੁਰਕੀਆਂ ਮੈਂ ਇੰਜ ਲੰਘਾਈਆਂ, ਜਿਵੇਂ ਕਿਸੇ ਨੌਜਵਾਨ ਦੀ ਮੌਤ ‘ਤੇ ਮਕਾਣ ਗਿਆ ਬੰਦਾ ਲੰਘਾਉਂਦਾ ਹੈ।
ਉਠਣ ਲੱਗਿਆਂ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਭਾਈ ਸਾਬ੍ਹ ਨੂੰ ਕਿਹਾ ਕਿ ਜਦੋਂ ਬੱਚਿਆਂ ਨੂੰ ਕੋਲ ਬਿਠਾ ਕੇ ਪਾਠ ਸੁਣਾਉਣ ਦਾ ਸਮਾਂ ਸੀ, ਤੁਸੀਂ ਉਨ੍ਹਾਂ ਨੂੰ ਬਾਹਰ ਕੱਢ ਕੇ ਬੂਹਾ ਬੰਦ ਕਰ ਲਿਆ ਸੀ; ਜਦੋਂ ਤੁਸੀਂ ਇਸ ਭੈੜੇ ਕੰਮ ਤੋਂ ਬੱØਚਿਆਂ ਨੂੰ ਦੂਰ ਰੱਖਣਾ ਸੀ, ਉਸ ਸਮੇਂ ਤੁਸੀਂ ਉਨ੍ਹਾਂ ਨੂੰ ਆਪਣੇ ਹਾਣੀ ਬਣਾ ਲਿਆ। ਅੰਗੂਰਾਂ ਦੀ ਵੇਲ ਨੂੰ ਜ਼ਹਿਰ ਦੀ ਖਾਦ ਪਾ ਕੇ ਕੀ ਤੁਸੀਂ ਫਲ ਖਾਣ ਦੀ ਉਮੀਦ ਰੱਖ ਰਹੇ ਹੋ? ਇਨ੍ਹਾਂ ਬੱਚਿਆਂ ਨੇ ਵੱਡੇ ਹੋ ਕੇ ਤੁਹਾਡੀ ਜੁੱਤੀ ਨਹੀਂ ਝਾੜਨੀ, ਸਗੋਂ ਤੁਹਾਡੀ ਪੱਗ ਉਤਾਰਨੀ ਹੈ। ਬੱਚੇ ਦੀ ਅੱਖ ਮਾਪੇ ਦੀ ਭੈੜੀ ਆਦਤ ਨੂੰ ਬਿਨਾਂ ਫਾਰਮੂਲਾ ਵਰਤਿਆਂ ਆਪਣੇ ਕੋਰੇ ਦਿਮਾਗ ਦੀ ਹਿੱਕ ਉਤੇ ਦਰਜ ਕਰ ਲੈਂਦੀ ਹੈ, ਫਿਰ ਉਹ ਬੱਚੇ ਵੱਡੇ ਹੋ ਕੇ ਆਪਣੇ ਢੰਗ ਦੇ ਫਾਰਮੂਲੇ ਵਰਤ ਕੇ ਉਸ ਆਦਤ ਦਾ ਪ੍ਰਯੋਗ ਕਰਦੇ ਹਨ ਤੇ ਅਸੀਂ ਸਾਰੇ ਇਲਜ਼ਾਮ ਆਪਣੇ ਬੱਚਿਆਂ ਸਿਰ ਮੜ੍ਹ ਦਿੰਦੇ ਹਾਂ। ਫਿਰ ਤੁਸੀਂ ਬੱਚਿਆਂ ਦਾ ਭਵਿੱਖ ਸਾਧਾਂ ਦੇ ਡੇਰਿਆਂ ਕੋਲੋਂ ਪੁੱਛਦੇ ਫਿਰਦੇ ਹੋ। ਕਰੇਲਿਆਂ ਦੇ ਬੀਜ ਬੀਜ ਕੇ ਸੌਗੀ ਦੀ ਉਮੀਦ ਰੱਖਣੀ ਤੁਹਾਡੀ ਵੱਡੀ ਭੁੱਲ ਹੀ ਨਹੀਂ, ਮੂਰਖਤਾਈ ਵੀ ਹੈ।” ਮੈਂ ਆਪਣੇ ਮਨ ਦੀ ਭੜਾਸ ਕੱਢ ਕੇ ਫਤਿਹ ਬੁਲਾ ਦਿੱਤੀ। ਕਾਰ ਸਟਾਰਟ ਕੀਤੀ, ਕਾਰ ਦੀ ਸੂਈ ਚਾਲੀ ਦੀ ਸਪੀਡ ਟੱਪ ਗਈ, ਤੇ ਮੇਰੀਆਂ ਯਾਦਾਂ ਦੀ ਸੂਈ ਤੀਹ ਸਾਲ ਪਿੱਛੇ ਮੁੜ ਗਈ।
ਮੈਨੂੰ ਇਹ ਲਿਖਣ ਲੱਗਿਆਂ ਕੋਈ ਝਿਜਕ ਤੇ ਸ਼ਰਮ ਨਹੀਂ ਕਿ ਸਾਡੇ ਕੰਜੂਸ ਅਤੇ ਵਹਿਮੀ ਪਰਿਵਾਰ ਨੇ ਹਮੇਸ਼ਾ ਆਲੂਆਂ ਅਤੇ ਮੂੰਗੀ ਨਾਲ ਪੱਕੀ ਯਾਰੀ ਰੱਖੀ ਹੈ। ਸਬਜ਼ੀ ਨੂੰ ਤੜਕਾ ਤਾਂ ਕਦੇ ਪ੍ਰਾਹੁਣੇ ਆਏ ਤੋਂ ਹੀ ਲੱਗਦਾ ਸੀ। ਚੁੱਲ੍ਹੇ ‘ਤੇ ਰੱਖੇ ਤਵੇ ਨੇ ਹਮੇਸ਼ਾ ਰੋਟੀਆਂ ਨੂੰ ਹੀ ਸੇਕ ਦਿੱਤਾ। ਆਪਣੀ ਹਿੱਕ ਦੇ ਸੇਕ ਨਾਲ ਕਦੇ ਆਂਡੇ ਦਾ ਪੂੜਾ ਨਹੀਂ ਬਣਾਇਆ। ਦਸਮੀ ਵਾਲੇ ਦਿਨ ਬਣਨ ਵਾਲੀ ਖੀਰ ਹੀ ਸਾਡੀ ਸਵੀਟ ਡਿੱਸ਼ ਹੁੰਦੀ ਸੀ। ਚਾਚਿਆਂ ਅਤੇ ਮਾਮਿਆਂ ਵਿਚ ਕਈ ਵਾਰ ਇਸ ਗੱਲੋਂ ਲੜਾਈ ਹੋ ਜਾਂਦੀ ਕਿ ਮਾਮੇ, ਚਾਚਿਆਂ ਨੂੰ ‘ਮੂੰਗੀ ਖਾਣੇ’ ਆਖ ਦਿੰਦੇ ਤੇ ਚਾਚੇ, ਮਾਮਿਆਂ ਨੂੰ ‘ਮਿਰਚਾਂ ਖਾਣੇ’ ਆਖਦੇ। ਚਾਚਿਆਂ ਦਾ ਮਤਲਬ ਤੜਕਾ ਲਾਉਣਾ ਦਾਲ, ਸਬਜ਼ੀ ਵਿਚ ਚਾਰ ਮਿਰਚਾਂ ਵੱਧ ਪਾ ਦੇਣਾ ਹੀ ਹੁੰਦਾ ਸੀ। ਖ਼ੈਰ! ਇਸ ਦੇਸੀ ਜਿਹੇ ਮਾਹੌਲ ਵਿਚ ਸ਼ਰਾਬ ਤਾਂ ਆ ਨਹੀਂ ਸਕਦੀ ਸੀ। ਅੱਜ ਤੱਕ ਘਰ ਵਿਚ ਮੀਟ ਬਣਦਾ ਮੈਂ ਨਹੀਂ ਦੇਖਿਆ।
ਚੌਥੀ ਜਮਾਤ ਵਿਚ ਪੜ੍ਹਦੇ ਸਮੇਂ ਦੀ ਇਕ ਘਟਨਾ ਸਾਂਝੀ ਕਰਨ ਲੱਗਿਆ ਹਾਂ। ਮੇਰੇ ਇਕ ਮਿੱਤਰ ਦਾ ਪਿਤਾ ਰੋਜ਼ ਸ਼ਰਾਬ ਪੀਂਦਾ ਸੀ। ਸ਼ਹਿਰ ਗਿਆ ਫਲ ਤੇ ਸਬਜ਼ੀਆਂ ਵੀ ਖਰੀਦ ਲਿਆਉਂਦਾ। ਉਹ ਸ਼ਰਾਬ ਪੀ ਕੇ ਮੇਰੇ ਮਿੱਤਰ ਤੇ ਦੂਜੇ ਬੱਚਿਆਂ ਨੂੰ ਪਿਆਰ ਵੀ ਬਹੁਤ ਕਰਦਾ ਸੀ। ਮੈਂ ਉਸ ਸਮੇਂ ਇਸ ਗੱਲੋਂ ਵੀ ਅਣਜਾਣ ਹੀ ਸੀ ਕਿ ਸ਼ਰਾਬ ਪੀਣੀ ਚੰਗੀ ਹੁੰਦੀ ਹੈ ਜਾਂ ਮਾੜੀ, ਪਰ ਮਿੱਤਰ ਦੇ ਪਿਤਾ ਵੱਲ ਦੇਖ ਕੇ ਲੱਗਦਾ ਸੀ ਕਿ ਸ਼ਰਾਬ ਪੀਣੀ ਚੰਗੀ ਹੁੰਦੀ ਹੈ; ਕਿਉਂਕਿ ਸ਼ਰਾਬ ਪੀਣ ਨਾਲ ਹੀ ਘਰ ਵਿਚ ਤੜਕੇ ਦੀ ਮਹਿਕ ਘੁੰਮਦੀ ਸੀ ਤੇ ਬਦਲਵਾਂ ਫਲ ਆਉਂਦਾ ਸੀ। ਸ਼ਰਾਬ ਲਈ ਰੁਪਏ ਕਿਥੋਂ ਆਉਂਦੇ ਹਨ, ਇਸ ਦਾ ਵੀ ਮੈਨੂੰ ਪਤਾ ਨਹੀਂ ਸੀ। ਕਈ ਵਾਰ ਉਨ੍ਹਾਂ ਦੇ ਘਰ ਗਿਆ ਤੜਕੇ ਵਾਲੀ ਦਾਲ ਤੇ ਫਲ ਖਾਣ ਦਾ ਮੌਕਾ ਮਿਲ ਜਾਂਦਾ ਸੀ। ਮਿੱਤਰ ਦੇ ਪਿਤਾ ਵੱਲ ਦੇਖ ਕੇ ਮੈਂ ਆਪਣੇ ਮਨ ਵਿਚ ਸੋਚਦਾ ਕਿ ਜੇ ਮੇਰਾ ਪਿਤਾ ਸ਼ਰਾਬ ਪੀਣ ਲੱਗ ਜਾਵੇ ਤਾਂ ਗੱਲ ਹੀ ਬਣ ਜਾਵੇ, ਜਾਂ ਇਹ ਸ਼ੌਕ ਕੋਈ ਚਾਚਾ ਵੀ ਪੂਰਾ ਕਰਨ ਲੱਗ ਜਾਵੇ! ਸ਼ਰਾਬ ਪੀਣ ਨਾਲ ਕੁਝ ਦਿਨ ਆਲੂਆਂ ਤੇ ਮੂੰਗੀ ਤੋਂ ਤਾਂ ਛੁਟਕਾਰਾ ਮਿਲੇਗਾ, ਪਰ ਨਹੀਂæææ ਗੱਲ ਬਣੀ ਨਾ।
ਫਿਰ ਮੈਨੂੰ ਇਕ ਦਿਨ ਸ਼ਰਾਬੀ ਬਣਨ ਦਾ ਸ਼ੌਕ ਜਾਗਿਆ। ਮਿੱਤਰ ਦੇ ਬਾਹਰਲੇ ਘਰ ਖਾਲੀ ਬੋਤਲ ਵਿਚ ਪਾਣੀ ਭਰ ਕੇ ਥੋੜ੍ਹਾ ਜਿਹਾ ਲੱਡੂਆਂ ਦਾ ਰੰਗ ਪਾ ਕੇ ਸੰਤਰਾ ਮਾਰਕਾ ਬਣਾ ਲਈ। ਚਾਰ ਹੋਰ ਮਿੱਤਰ ਸੱਦ ਲਏ। ਖਾਲੀ ਪੀਪਾ ਮੂਧਾ ਮਾਰ ਕੇ ਮੇਜ਼ ਬਣਾ ਲਿਆ। ਗਲਾਸ ਤੇ ਬੋਤਲ ਰੱਖ ਕੇ ਮਿੱਤਰ ਦੇ ਪਿਤਾ ਵਾਂਗ ਪੈਗ ਬਣਾ ਲਏ ਤੇ ਪੀਣ ਲੱਗੇ। ਅਸੀਂ ਝੱਟ ਪਹਿਲੀ ਬੋਤਲ ਖਾਲੀ ਕਰ ਦਿੱਤੀ। ਫਿਰ ਅਸੀਂ ਦੂਜੀ ਬੋਤਲ ਬਣਾ ਲਈ। ਦੂਜੀ ਬੋਤਲ ਨਾਲ ਅਸੀਂ ਸ਼ਰਾਬੀ ਹੋਣ ਲੱਗ ਪਏ। ਗੱਲ ਉਥੇ ਪਹੁੰਚ ਗਈ, ‘ਤੂੰ ਮੇਰਾ ਬਾਈ, ਮੈਂ ਤੇਰਾ ਬਾਈ’। ਇਕ ਮਿੱਤਰ ਨੂੰ ਮੈਂ ਆਪਣੀ ਘਰਵਾਲੀ ਸਮਝ ਕੇ ਉਸ ਨਾਲ ਹਲਕੀ ਹਲਕੀ ਛੇੜ-ਛਾੜ ਕਰਨ ਲੱਗ ਪਿਆ। ਫਿਰ ਤੀਜੀ ਬੋਤਲ ਚੌੜੇ ਮੂੰਹ ਵਾਲੇ ਨਲਕੇ ਤੋਂ ਭਰ ਲਿਆਂਦੀ। ਜਦੋਂ ਸਾਡੀ ਮਹਿਫਲ ਨੇ ਜਵਾਨੀ ਵਿਚ ਪੈਰ ਰੱਖਿਆ, ਤਾਂ ਉਸੇ ਵਕਤ ਮੇਰੇ ਮੂੰਹ ‘ਤੇ ਬੜਾ ਜ਼ੋਰਦਾਰ ਥੱਪੜ ਵੱਜਿਆ। ਮੂੰਹੋਂ ਗਾਲ੍ਹ ਨਿਕਲਦੀ ਮਸਾਂ ਬਚੀ। ਸਾਹਮਣੇ ਮੇਰੀ ਬੀਬੀ ‘ਦੁਰਗਾ ਮਾਂ’ ਬਣੀ ਖੜ੍ਹੀ ਸੀ। ਬੀਬੀ ਦੇ ਹੱਥ ਵਿਚ ਬੀਬੀ ਨਾਲੋਂ ਉਚੀ ਡਾਂਗ ਸੀ। ਸਾਨੂੰ ਸਾਰਿਆਂ ਨੂੰ ਹਿੱਲਣ ਨਾ ਦਿੱਤਾ। ਪਹਿਲਾਂ ਮੇਰੀ ਪਿੱਠ ‘ਤੇ ਡਾਂਗਾਂ ਮਾਰ ਕੇ ਪਿਛਿਉਂ ਸ਼ਰਾਬੀ ਕੱਢਿਆ। ਫਿਰ ਦੂਜਿਆਂ ਨੂੰ ਡਾਂਗਾਂ ਵਾਲੀਆਂ ਹੱਡੀਆਂ ਖਵਾਈਆਂ। ਬੀਬੀ ਦੀਆਂ ਗਾਲ੍ਹਾਂ ਉਸ ਦੀ ਕੁੱਟ ਤੋਂ ਵੀ ਜ਼ਿਆਦਾ ਘਾਤਕ ਸਨ।
ਸਾਡੇ ਗਲਾਸ ਤੇ ਬੋਤਲਾਂ ਇੰਜ ਖਿੱਲਰ ਗਏ ਜਿਵੇਂ ਠੇਕੇ ‘ਤੇ ਲੜਾਈ ਤੋਂ ਬਾਅਦ ਖਿੱਲਰੇ ਹੁੰਦੇ ਹਨ। ਬੀਬੀ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਅਸੀਂ ਸੱਚੀਂ ਦੀ ਸ਼ਰਾਬ ਪੀਤੀ ਹੈ। ਮੈਂ ਰੋਂਦੇ ਰੋਂਦੇ ਨੇ ਪਤਾ ਨਹੀਂ ਕਿਹੜੇ ਕਿਹੜੇ ਪੀਰਾਂ ਫਕੀਰਾਂ ਤੇ ਸ਼ਹੀਦਾਂ ਦੀਆਂ ਸਹੁੰਆਂ ਖਾਧੀਆਂ ਕਿ ਬੀਬੀ ਕੁੱਟਣੋਂ ਹਟ ਜਾਵੇ। ਬੀਬੀ ਕੁਟਣੋਂ ਉਦੋਂ ਹੱਟੀ ਜਦੋਂ ਉਹ ਆਪ ਥੱਕ ਗਈ।
ਉਸ ਦਿਨ ਤੋਂ ਬਾਅਦ ਮੈਂ ਉਸ ਮਿੱਤਰ ਦੇ ਘਰ ਜਾਣਾ ਹੀ ਛੱਡ ਦਿੱਤਾ। ਸ਼ਰਾਬੀ ਦੀ ਐਕਟਿੰਗ ਦੁਬਾਰਾ ਜ਼ਿੰਦਗੀ ਵਿਚ ਨਹੀਂ ਆਉਣ ਦਿੱਤੀ। ਅਮਰੀਕਾ ਵਿਚ ਆ ਕੇ ਵੀ ਕਈ ਸਾਲ ਲਿਕਰ ਸਟੋਰ ‘ਤੇ ਕੰਮ ਕੀਤਾ, ਪਰ ਨਕਲੀ ਜਾਂ ਅਸਲੀ ਕਦੇ ਪੀਤੀ ਨਹੀਂ। ਬੀਬੀ ਦੀ ਉਹ ਕੁੱਟ ਅੱਜ ਵੀ ਕੱਲ੍ਹ ਵਾਂਗ ਹੀ ਲੱਗਦੀ ਹੈ।
ਜਦੋਂ ਮੈਂ ਅੱਠਵੀਂ ਵਿਚ ਪੜ੍ਹਦਾ ਸਾਂ ਤਾਂ ਉਦੋਂ ਤਕ ਉਸ ਮਿੱਤਰ ਦਾ ਸ਼ਰਾਬੀ ਪਿਤਾ ਪੰਜ ਕਿੱਲੇ ਜ਼ਮੀਨ ਦੇ, ਸ਼ਰਾਬ ਦੇ ਗਲਾਸ ਰਾਹੀਂ ਪੀ ਕੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਚੁੱਕਿਆ ਸੀ। ਫਿਰ ਮੈਨੂੰ ਸਮਝ ਆ ਗਈ ਸੀ ਕਿ ਸ਼ਰਾਬ ਪੀਣੀ ਸਿਹਤ ਲਈ ਮਾੜੀ ਹੀ ਨਹੀਂ, ਹਾਨੀਕਾਰਕ ਵੀ ਹੁੰਦੀ ਹੈ। ਮੂੰਗੀ ਖਾਣੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਤੇ ਦਾਦਾ ਜੀ ਨੇ ਉਦੋਂ ਤੱਕ ਦਸ ਕਿੱਲੇ ਜ਼ਮੀਨ ਬੈਅ ਕਰਵਾ ਲਈ ਸੀ। ਬੀਬੀ ਵੱਲੋਂ ਬਚਪਨ ਵਿਚ ਦਿੱਤੀ ਡਾਂਗ ਦੀ ਧੂਫ ਨਕਲੀ ਤੇ ਅਸਲੀ ਸ਼ਰਾਬੀ ਬਣਨ ਤੋਂ ਰੋਕਦੀ ਰਹੀ ਤੇ ਅਜ ਵੀ ਰੋਕ ਰਹੀ ਹੈ, ਪਰ ਇਸ ਰਿਸ਼ਤੇਦਾਰ ਭਾਈ ਸਾਬ੍ਹ ਨੇ ਤਾਂ ਪਨੀਰੀ ਨੂੰ ਜ਼ਹਿਰ ਦੀਆਂ ਘੁੱਟਾਂ ਪਿਲਾ ਦਿੱਤੀਆਂ ਤੇ ਆਪ ਉਨ੍ਹਾਂ ਤੋਂ ਲਲਕਾਰੇ ਮਰਵਾਏ ਹਨ।
ਆਓ! ਕਮਰੇ ਵਿਚ ਬਾਬੇ ਦੀਆਂ ਫੋਟੋਆਂ ਲਾਉਣ ਨਾਲੋਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਈਏ। ਆਪ ਉਹ ਕੰਮ ਨਾ ਕਰੀਏ ਜਿਹੜੇ ਕੰਮਾਂ ਤੋਂ ਆਪਾਂ ਆਪਣੀ ਔਲਾਦ ਨੂੰ ਕੱਲ੍ਹ ਨੂੰ ਰੋਕਣਾ ਹੈ। ਇੰਜ ਨਾ ਹੋਵੇ ਕਿ ਕੋਈ ਗੰਗਾ ਫੁੱਲ ਪਾਉਣ ਵਾਲਾ ਵੀ ਨਾ ਬਚੇ।

Be the first to comment

Leave a Reply

Your email address will not be published.