-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਲੁਧਿਆਣਾ ਸ਼ਹਿਰ ਵਿਚ ਚੋਰੀ-ਛੁਪੇ ਚੱਲ ਰਹੀਆਂ ਕਈ ਹੁੱਕਾ ਬਾਰਾਂ ‘ਤੇ ਪੁਲਿਸ ਨੇ ਛਾਪੇ ਮਾਰੇ ਅਤੇ ਉਥੇ ਚੱਲ ਰਹੇ ਨਸ਼ੀਲੇ ਤੇ ਜ਼ਹਿਰੀਲੇ ਪਦਾਰਥਾਂ ਦੇ ਧੰਦਿਆਂ ਸਮੇਤ ਕਾਲੀਆਂ ਕਰਤੂਤਾਂ ਕਰਦੇ ਕਈ ਲੋਕਾਂ ਨੂੰ ਫੜ ਲਿਆ। ਖ਼ਬਰਾਂ ਸਨ ਕਿ ਹੁੱਕਾ ਬਾਰਾਂ ਦੇ ਮਾਲਕ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਦੀਆਂ ਕਈ ਫੋਟੋਆਂ ਵੀ ਉਥੋਂ ਦੀ ਸੋਭਾ ਵਧਾ ਰਹੀਆਂ ਸਨ। ਮੀਡੀਆ ਵਿਚ ਦੋ-ਚਾਰ ਦਿਨ ਰੌਲਾ ਪਿਆ, ਤੇ ਫਿਰ ਇਹ ਮਾਮਲਾ ਵੀ ਖੂਹ ਵਿਚ ਪੈ ਗਿਆ; ਮੁੜ ਕੇ ਕੋਈ ਉਘ-ਸੁਘ ਨਹੀਂ ਨਿਕਲੀ। ਫਿਰ ਖ਼ਬਰ ਆਈ ਕਿ ਗੁੜਗਾਉਂ ਸ਼ਹਿਰ ਦੀ ਇਕ ਹੁੱਕਾ ਬਾਰ ਵਿਚੋਂ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਮੁੰਡੇ ਤੇ ਕੁੜੀਆਂ ਜੋ ਸਕੂਲਾਂ ਦੇ ਵਿਦਿਆਰਥੀ ਹਨ, ਪੁਲਿਸ ਨੇ ਫੜੇ ਹਨ। ਇਨ੍ਹਾਂ ਦੀ ਗਿਣਤੀ ਦਸ, ਵੀਹ ਜਾਂ ਤੀਹ ਨਹੀਂ, ਪੂਰੀ ਸੌ ਹੈ। ਜਿਸ ਪਾਰਟੀ ਵਿਚ ਇਹ ਬੱਚੇ ਮੌਜਾਂ ਕਰ ਰਹੇ ਸਨ, ਉਸ ਪਾਰਟੀ ਦਾ ਨਾਮ ਸੀ ‘ਸੈਕਸ ਤੇ ਸਮੈਕ’ ਅਤੇ ਹੁੱਕਾ ਬਾਰ ਦੀ ਇਸ ਪਾਰਟੀ ਵਿਚ ਸ਼ਾਮਲ ਹੋਣ ਲਈ ਹਰ ਵਿਦਿਆਰਥੀ ਵੱਲੋਂ 600 ਰੁਪਏ ਅਦਾ ਕੀਤੇ ਗਏ ਸਨ।
ਆਓ, ਜ਼ਰਾ ਅਸੀਂ ਵੀ ਫਿਕਰਮੰਦ ਹੋਈਏ ਕਿ ਸਾਡੀ ਆਉਣ ਵਾਲੀ ਪੀੜ੍ਹੀ ਦੀ ਮੰਜ਼ਿਲ ਕੀ ਹੈ? ਇਹ ਵੀ ਸੋਚੀਏ ਕਿ ਸਾਡਾ ਸਮਾਜ, ਸਾਡੀਆਂ ਸਰਕਾਰਾਂ ਅਤੇ ਸਾਡੇ ਅਰਬਾਂਪਤੀ ਬਿਜਨਸ ਕਰਨ ਵਾਲੇ ਲੋਕ, ਆਮ ਗਰੀਬ ਜਨਤਾ ਲਈ ਕੀ ਕੀ ਸੁਗਾਤਾਂ ਲੈ ਕੇ ਬਾਜ਼ਾਰਾਂ ਵਿਚ ਉਤਰ ਰਹੇ ਹਨ। ਇਹ ਲੋਕ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੋਨੇ ਚਾਂਦੀ ਦੇ ਬਰਤਨਾਂ ਵਿਚ ਰੱਖ ਕੇ ਨਸ਼ੀਲੀ, ਅੱਧ-ਮੋਈ ਤੇ ਬਰਬਾਦੀ ਵਾਲੀ ਜ਼ਿੰਦਗੀ ਪਰੋਸ ਰਹੇ ਹਨ। ਬਰਬਾਦੀ ਦੇ ਇਸ ਵਧ ਰਹੇ ਸੈਲਾਬ ਨੂੰ ਠੱਲ੍ਹ ਕੌਣ ਪਾਏਗਾ? ਇਸ ਦਾ ਜਵਾਬ ਅਜੇ ਕਿਸੇ ਕੋਲ ਵੀ ਨਹੀਂ ਹੈ। ਪਹਿਲੀ ਉਂਗਲ ਤਾਂ ਮਾਂ ਬਾਪ ਵੱਲ ਹੀ ਉਠਦੀ ਹੈ। ਅੱਜ ਦਾ ਮਹਿੰਗਾ ਰਹਿਣ-ਸਹਿਣ ਜਿਸ ਨੂੰ ਰੀਸੋ-ਰੀਸੀ ਲੋਕਾਂ ਆਪਣੇ ਗਲ ਫਾਹੇ ਵਾਂਗ ਪਾ ਲਿਆ ਹੈ, ਉਸ ਲਈ ਪੈਸੇ ਦੀ ਲੋੜ ਪੈਂਦੀ ਹੈ। ਮਾਂ ਬਾਪ ਦਿਨ ਰਾਤ ਕਮਾਈਆਂ ਕਰ ਕੇ ਆਪਣੇ ਆਪ ਨੂੰ ਅਮੀਰਾਂ ਦੀ ਗਿਣਤੀ ਵਿਚ ਸ਼ਾਮਲ ਕਰਨ ਦੀ ਦੌੜ ਵਿਚ ਭੱਜੇ ਫਿਰਦੇ ਹਨ। ਮਹਿੰਗੇ ਘਰ, ਮਹਿੰਗੀਆਂ ਕਾਰਾਂ, ਹਰ ਚੀਜ਼ ਦਾ ਦਿਖਾਵਾ; ਬਸ ਇਸੇ ਦਾ ਹੀ ਇਹ ਹਸ਼ਰ ਹੈ। ਸਕੂਲ ਜਾਂਦੇ ਬੱਚਿਆਂ ਕੋਲ ਮਹਿੰਗੀਆਂ ਤੇ ਨਵੇਂ ਜ਼ਮਾਨੇ ਦੀਆਂ ਚੀਜ਼ਾਂ ਹਨ ਜੋ ਖੁਦ ਮਾਂ ਬਾਪ ਮੁਹੱਈਆ ਕਰਵਾ ਰਹੇ ਹਨ। ਜਿਨ੍ਹਾਂ ਦੇ ਮਾਂ ਬਾਪ ਉਹ ਚੀਜ਼ਾਂ ਜਾਂ ਸਹੂਲਤਾਂ ਨਹੀਂ ਦੇਣਾ ਚਾਹੁੰਦੇ, ਉਹ ਬੱਚੇ ਘਰੋਂ ਦੌੜਨ ਜਾਂ ਮਰਨ-ਮਾਰਨ ਦੇ ਡਰਾਵਿਆਂ ਤੋਂ ਵੀ ਪਿੱਛੇ ਨਹੀਂ ਹਟਦੇ। ਬਹੁਤ ਵਾਰ ਮਾਪੇ ਵੀ ਬੇਵੱਸੀ ਤੇ ਮਜਬੂਰੀ ਦੀ ਮਾਰ ਖਾਣ ਲਈ ਮਜਬੂਰ ਹੁੰਦੇ ਹਨ।
ਅੱਜ ਸਕੂਲੀ ਬੱਚਿਆਂ ਕੋਲ ਉਹ ਸਾਰੀਆਂ ਸੁੱਖ-ਸਹੂਲਤਾਂ ਹਨ ਜੋ ਉਨ੍ਹਾਂ ਨੂੰ ਹਰਗਿਜ਼ ਨਹੀਂ ਚਾਹੀਦੀਆਂ। ਹਰ ਬੱਚੇ ਦੇ ਹੱਥ ਵਿਚ ਫੋਨ ਅਤੇ ਕਮਰੇ ਵਿਚ ਕੰਪਿਊਟਰ ਹੈ। ਹਰ ਮੁੰਡੇ-ਕੁੜੀ ਦੇ ਪਰਸਾਂ ਵਿਚ ਨੋਟ ਹਨ ਤੇ ਉਹ ਆਜ਼ਾਦ ਵੀ ਹਨ। ਫਿਰ ਭਲਾ ਬੱਚੇ ਮਨਭਾਉਂਦੀ ਐਸ਼ਪ੍ਰਸਤ ਜ਼ਿੰਦਗੀ ਤੋਂ ਪਿੱਛੇ ਕਿਵੇਂ ਰਹਿ ਸਕਦੇ ਹਨ? ਅੱਜ ਦਾ ਬੱਚਾ ਸਕੂਲ ਤੋਂ ਆ ਕੇ ਸਿੱਧਾ ਆਪਣੇ ਕਮਰੇ ਵਿਚ ਜਾ ਵੜਦਾ ਹੈ ਤੇ ਬੂਹਾ ਬੰਦ ਕਰ ਕੇ ਇੰਟਰਨੈਟ ਦੀ ਦੁਨੀਆਂ ਵਿਚ ਗਵਾਚ ਜਾਂਦਾ ਹੈ ਅਤੇ ਘੰਟਿਆਂ ਬੱਧੀ ਚੈਟ ਕਰਦਾ ਹੈ। ਫਿਰ ਉਥੋਂ ਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਸਾਡੀ ਬਰਬਾਦੀ ਦਾ।
ਅਜਿਹਾ ਮਾਹੌਲ ਬੱਚਿਆਂ ਨੂੰ ਗੁਰਦੁਆਰੇ ਜਾਂ ਮੰਦਰਾਂ ਵੱਲ ਜਾਣ ਨੂੰ ਪ੍ਰੇਰਤ ਨਹੀਂ ਕਰੇਗਾ, ਇਨ੍ਹਾਂ ਦਾ ਰੁਖ ਆਪਣੇ ਆਪ ਹੀ ਹੁੱਕਾ ਬਾਰਾਂ, ਚਰਸਾਂ, ਭੁੱਕੀਆਂ ਤੇ ਠੇਕਿਆਂ ਦੇ ਟਿਕਾਣਿਆਂ ਵੱਲ ਹੋ ਜਾਂਦਾ ਹੈ। ਫਿਰ ਇਕ ਵਾਰੀ ਜੋ ਇਸ ਦਲ ਦਲ ਵਿਚ ਡਿੱਗ ਪਿਆ, ਉਸ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਸਭ ਤੋਂ ਮਾੜੀ ਗੱਲ ਇਹ ਕਿ ਜਿਹੜਾ ਵੀ ਮੁੰਡਾ ਜਾਂ ਕੁੜੀ ਇਸ ਨਰਕ ਦੇ ਬੂਹੇ ਅੰਦਰ ਜਾ ਵੜਦਾ ਹੈ, ਉਹ ਦੋ-ਚਾਰ ਹੋਰਾਂ ਨੂੰ ਵੀ ਨਾਲ ਲੈ ਕੇ ਆਉਂਦਾ ਹੈ। ਇਉਂ ਗਿਣਤੀ ਘਟਦੀ ਨਹੀਂ, ਵਧਦੀ ਜਾਂਦੀ ਹੈ। ਪੈਸੇ ਮੁੱਕਦੇ ਹਨ ਤਾਂ ਘਰੋਂ ਚੋਰੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਬਾਹਰ ਚੋਰੀਆਂ ਹੁੰਦੀਆਂ ਹਨ ਅਤੇ ਕੁੜੀਆਂ ਆਪਣੀ ਇਹ ਭੁੱਖ ਪੂਰੀ ਕਰਨ ਲਈ ਬਰਬਾਦੀ ਦੇ ਰਾਹੇ ਤੁਰ ਪੈਂਦੀਆਂ ਹਨ। ਫਿਰ ਅੱਗੇ ਜੋ ਹੁੰਦਾ ਹੈ, ਉਸ ਨੂੰ ਲਿਖਣ ਲਈ ਨਾ ਕਲਮ ਤੁਰਦੀ ਹੈ ਅਤੇ ਨਾ ਹੀ ਜ਼ੁਬਾਨ ਬੋਲ ਸਕਦੀ ਹੈ।
ਸਭ ਤੋਂ ਪਹਿਲਾਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਜਾਗ੍ਰਿਤ ਹੋਈਏ। ਪਹਿਲਾਂ ਤਾਂ ਮਾਂ ਬਾਪ ਥੋੜ੍ਹੇ ਵਿਚ ਗੁਜ਼ਾਰਾ ਕਰਨਾ ਸਿੱਖਣ ਅਤੇ ਬੱਚਿਆਂ ਦੇ ਪਹਿਰੇਦਾਰ ਤੇ ਦੋਸਤ ਬਣ ਕੇ ਉਨ੍ਹਾਂ ਨਾਲ ਸਮਾਂ ਬਿਤਾਉਣ। ਅੱਗੇ ਹੈ ਸਰਕਾਰ ਦੀ ਵਾਰੀ, ਜਿਥੇ ਪਹੁੰਚ ਕੇ ਸਾਨੂੰ ਸ਼ਰਮ ਵੀ ਬਹੁਤ ਆਉਂਦੀ ਹੈ। ਸਰਕਾਰ ਹੋਵੇ ਧਾਰਮਿਕ ਲੋਕਾਂ ਦੀ; ਗੱਲਾਂ ਹੋਣ ‘ਰਾਜ ਨਹੀਂ ਸੇਵਾ’ ਦੀਆਂ; ਇਹ ਸਰਕਾਰ ਸਿੱਖਾਂ ਦੇ ਸਾਰੇ ਧਾਰਮਿਕ ਸਥਾਨਾਂ ਤੇ ਸੰਸਥਾਵਾਂ ਉਤੇ ਵੀ ਕਾਬਜ਼ ਹੋਵੇ, ਪਰ ਹਰ ਸਾਲ ਪੰਜਾਬ ਵਿਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਲਗਾਤਾਰ ਵਧਦੀ ਜਾਵੇ, ਲਾਹਣਤ ਹੈ। ਹੁਣ ਤਾਂ ਸਰਕਾਰ ਇਹ ਐਲਾਨ ਵੀ ਕਰ ਸਕਦੀ ਹੈ ਕਿ ਪੰਜਾਬ ਦੀਆਂ ਧੀਆਂ ਤੇ ਨੂੰਹਾਂ ਸ਼ਰਾਬ ਘਰਾਂ ਜਾਂ ਅਹਾਤਿਆਂ ਵਿਚੋਂ ਸ਼ਰਾਬ ਖਰੀਦ ਕੇ ਉਥੇ ਬੈਠ ਕੇ ਪੀ ਵੀ ਸਕਦੀਆਂ ਹਨ। ਪੰਜਾਬ ਵਿਚ ਜੂਏ ਦੇ ਸਰਕਾਰੀ ਅੱਡੇ, ਘੋੜਿਆਂ ਦੇ ਰੇਸ ਕਲੱਬ, ਜਿਨ੍ਹਾਂ ਪਿੰਡਾਂ ਵਿਚ ਇਕ ਠੇਕਾ ਹੁੰਦਾ ਸੀ, ਉਥੇ ਹੁਣ ਚਾਰ-ਚਾਰ ਠੇਕੇ ਖੁੱਲ੍ਹ ਜਾਣੇæææ ਬਰਬਾਦੀ ਦੇ ਇਨ੍ਹਾਂ ਸਭ ਅੱਡਿਆਂ ਲਈ ਜ਼ਿੰਮੇਵਾਰ ਕੌਣ ਹੈ? ਸਿਰਫ਼ ਸਾਡੀ ਸਰਕਾਰ! ਸਰਕਾਰ ਇਨ੍ਹਾਂ ਸਾਰੇ ਕੰਮਾਂ ਵਿਚ ਖੁਦ ਵੀ ਭਾਈਵਾਲ ਹੈ। ਤਖ਼ਤ ‘ਤੇ ਬੈਠੇ ਲੋਕਾਂ ਦੀ ਪੈਸੇ ਦੀ ਭੁੱਖ ਇੰਨੀ ਵਧ ਚੁੱਕੀ ਹੈ ਕਿ ਉਨ੍ਹਾਂ ਨੂੰ ਪੈਸੇ ਤੋਂ ਬਿਨਾਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਸਾਡੀ ਧਾਰਮਿਕ ਲੌਬੀ ਵੀ ਕੌਮ ਨੂੰ ਅਤੇ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਲੋਕ ਧਾਰਮਿਕ ਅਦਾਰੇ ਬਣਾ ਕੇ ਚੌਧਰ ਤੇ ਗੋਲਕ ਲਈ ਛਿੱਤਰ ਪਤਾਣ ਹੋ ਰਹੇ ਹਨ। ਜੇ ਕਿਤੇ ਸਹੀ ਮਾਇਨਿਆਂ ਵਿਚ ਧਾਰਮਿਕ ਲੋਕ ਅਤੇ ਧਾਰਮਿਕ ਅਦਾਰੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ, ਤਾਂ ਅੱਜ ਕੌਮ ਦਾ ਅਤੇ ਪੰਜਾਬ ਦਾ ਇੰਨਾ ਮਾੜਾ ਹਾਲ ਨਾ ਹੁੰਦਾ। ਅੱਜ ਧਾਰਮਿਕ ਲਾਬੀ ਅਤੇ ਪੰਜਾਬ ਸਰਕਾਰ, ਇਕੋ ਸਿੱਕੇ ਦੇ ਪਾਸਿਆਂ ਵਿਚ ਰਲਗਡ ਹੋ ਕੇ ਰਹਿ ਗਏ ਹਨ। ਰੱਬ ਮਿਹਰ ਕਰੇ ਕਿ ਸਾਡੇ ਨੌਜਵਾਨ ਧਾਰਮਿਕ ਤੇ ਰਾਜਨੀਤਕ ਨੇਤਾ ਜੇ ਕਿਤੇ ਥੋੜ੍ਹੀ ਜਿਹੀ ਮੁਹਾਰ ਮੋੜ ਲੈਣ ਕਿ ਹੁਣ ਪੰਜਾਬ ਦਾ ਕੁਝ ਚੰਗਾ ਵੀ ਕਰ ਜਾਈਏ, ਤਾਂ ਸਾਨੂੰ ਪਤਾ ਹੈ ਉਹ ਇਕੋ ਦਿਨ ਵਿਚ ਹੀ ਇਨ੍ਹਾਂ ਸਭ ਬੁਰਾਈਆਂ ਦਾ ਅੰਤ ਕਰ ਕੇ ਉਹ ਪੰਜਾਬ ਫਿਰ ਵਾਪਸ ਲਿਆ ਸਕਦੇ ਹਨ ਜਿਥੇ ਕਦੀ ਗੁਰੂ ਨਾਨਕ ਜੀ ਅਤੇ ਦਸਮੇਸ਼ ਪਿਤਾ ਜੀ ਨੇ ਸਮੁੱਚੀ ਮਾਨਵਤਾ ਨੂੰ ਨਸ਼ਿਆਂ ਨਾਲੋਂ ਤੋੜ ਕੇ ਨਾਮ ਦੀ ਖੁਮਾਰੀ ਨਾਲ ਜੋੜਿਆ ਸੀ।
Leave a Reply