‘ਪੰਜਾਬ ਟਾਈਮਜ਼’ ਦੇ 20 ਜੁਲਾਈ ਦੇ ਅੰਕ ਵਿਚ ਕਮਿੱਕਰ ਸਿੰਘ (ਹੇਵਰਡ) ਦੀ ਚਿੱਠੀ ਅਤੇ ਫਿਰ 3 ਅਗਸਤ ਵਾਲੇ ਅੰਕ ਵਿਚ ਭੁਪਿੰਦਰ ਪੰਧੇਰ (ਫਰਿਜ਼ਨੋ) ਦੀ ਚਿੱਠੀ ਵਿਚ ਪ੍ਰਗਟ ਕੀਤੇ ਵਿਚਾਰ ਸੱਚਮੁੱਚ ਵਿਚਾਰਨ ਵਾਲੇ ਹਨ। ਮੈਂ ਆਪ ਪੰਜਾਬ ਵਿਚ ਤਕਰੀਬਨ 30 ਸਾਲ ਪੱਤਰਕਾਰੀ ਕੀਤੀ ਹੈ ਅਤੇ ਹੁਣ 2 ਸਾਲ ਤੋਂ ਇੱਥੇ ਅਮਰੀਕਾ ਵਿਚ ਹਾਂ। ਮੈਂ ਹੈਰਾਨ ਹਾਂ ਅਤੇ ਪ੍ਰੇਸ਼ਾਨ ਵੀ, ਕਿ ਵਿਹੰਦਿਆਂ-ਵਿਹੰਦਿਆਂ ਪੱਤਰਕਾਰੀ ਅਸਲ ਮਕਸਦ ਦਾ ਪੱਲਾ ਛੱਡ ਕੇ ਹੋਰ ਹੀ ਪਟੜੀ ਉਤੇ ਜਾ ਚੜ੍ਹੀ ਹੈ। ਅਖਬਾਰੀ ਕਾਰੋਬਾਰੀਆਂ ਦੀਆਂ ਤਰਜੀਹਾਂ ਐਨੀ ਛੇਤੀ ਬਦਲ ਰਹੀਆਂ ਹਨ ਕਿ ਸਮਝ ਕੁਝ ਨਹੀਂ ਪੈ ਰਹੀ। ਜੀਹਦੇ ਨਾਲ ਵੀ ਦੁੱਖ ਫਰੋਲੋ, ਉਹ ਦਿਲ ‘ਤੇ ਨਾ ਲਾਉਣ ਦੀ ਨਸੀਹਤ ਦੇ ਦਿੰਦਾ ਹੈ। ਇਨ੍ਹਾਂ ਦੋ ਚਿੱਠੀਆਂ ਵਿਚ ਤਾਂ ਸਿਰਫ ਸਾਧਾਂ-ਸੰਤਾਂ ਜਾਂ ਸਿਆਸੀ ਲੀਡਰਾਂ ਦੇ ਅਖਬਾਰਾਂ ਦੇ ਦਫਤਰਾਂ ਵਿਚ ਆਉਣ ਅਤੇ ਮਸ਼ਹੂਰੀ ਕਰਨ/ਕਰਵਾਉਣ ਦੀ ਹੀ ਗੱਲ ਹੋਈ ਹੈ, ਹੁਣ ਤਾਂ ਪੱਤਰਕਾਰਾਂ ਅਤੇ ਪੱਤਰਕਾਰੀ ਦਾ ਮੂੰਹ ਇੰਨਾ ਖੁੱਲ੍ਹ ਗਿਆ ਹੈ ਕਿ ਫਿਲਮਾਂ ਜਾਂ ਹੋਰ ਚੀਜ਼ਾਂ-ਵਸਤਾਂ ਦੀ ਮਸ਼ਹੂਰੀ ਲਈ ਉਚੇਚੇ ਤੌਰ ‘ਤੇ ਅਖਬਾਰਾਂ ਦੇ ਦਫਤਰਾਂ ਦੇ ਗੇੜੇ ਪਲੈਨ ਕੀਤੇ ਜਾ ਰਹੇ ਹਨ। ਇਸ ਕੰਮ ਲਈ ਤਾਂ ਕੰਪਨੀਆਂ ਵੀ ਖੁੱਲ੍ਹ ਚੁੱਕੀਆਂ ਹਨ ਜੋ ਪੈਸੇ ਲੈ ਕੇ ਤੁਹਾਡਾ ਕੰਮ ਸੌਖਾ ਕਰ ਰਹੀਆਂ ਹਨ।
ਇਕੱਲੇ ਅਮਰੀਕਾ ਦੀ ਗੱਲ ਨਹੀਂ, ਪੰਜਾਬ ਦੀਆਂ ਕਹਿੰਦੀਆਂ-ਕਹਾਉਂਦੀਆਂ ਅਖਬਾਰਾਂ ਦੇ ਬੁੱਢੇ-ਠੇਰੇ ਮਾਲਕ, ਮੂੰਹਾਂ ਉਤੇ ਪੌਡਰ ਧੂੜ ਕੇ ਨਵੀਂ ਉਮਰ ਦੇ ਫਿਲਮੀ ਹੀਰੋ-ਹੀਰੋਇਨਾਂ ਨਾਲ ਫੋਟੋਆਂ ਖਿਚਵਾਉਂਦੇ ਹਨ। ਇਨ੍ਹਾਂ ਮਾਲਕਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਫਿਲਮ ਕੋਈ ਸੁਨੇਹਾ ਵੀ ਦੇ ਰਹੀ ਜਾਂ ਕਿ ਲੋਕਾਂ ਨੂੰ ਨਿਘਾਰ ਵੱਲ ਧੱਕ ਰਹੀ ਹੈ। ਦੂਜੇ ਦਿਨ ਇਨ੍ਹਾਂ ਫਿਲਮੀ ਫੁਕਰਿਆਂ ਦੀਆਂ ਰੰਗਦਾਰ ਫੋਟੋਆਂ, ਖਬਰਾਂ ਸਮੇਤ ਅਖਬਾਰ ਦੇ ਪਹਿਲੇ ਸਫੇ ‘ਤੇ ਛਪਦੀਆਂ ਹਨ। ਜਾਪਦਾ ਹੈ, ਇਹੀ ਕਸਰ ਬਾਕੀ ਰਹਿੰਦੀ ਸੀ। ਅਖੌਤੀ ਬਾਬੇ ਪੈਸੇ ਦੇ ਕੇ ਆਪਣੀਆਂ ਖਬਰਾਂ ਤਾਂ ਪਹਿਲਾਂ ਹੀ ਪਹਿਲੇ ਸਫਿਆਂ ਉਤੇ ਲਗਵਾ ਹੀ ਰਹੇ ਹਨ। ਜੇ ਤੁਸੀਂ ਅਜਿਹੇ ਕੰਮਾਂ ਤੋਂ ਪਰਹੇਜ ਰੱਖਿਆ ਹੈ ਤਾਂ ਤੁਸੀਂ ਸ਼ਾਬਾਸ਼ ਦੇ ਹੱਕਦਾਰ ਹੋ। ਮੈਂ ਤੁਹਾਡੀ ਅਖਬਾਰ ਜੋ ਮੈਨੂੰ ਹੁਣ ਆਪਣੀ ਲੱਗਦੀ ਹੈ, ਲਗਾਤਾਰ ਦੇਖ ਰਿਹਾ ਹਾਂ। ਅਖਬਾਰ ਪੜ੍ਹ ਕੇ ਤਸੱਲੀ ਹੁੰਦੀ ਹੈ ਕਿ ਨਿਘਾਰ ਦੇ ਝੁੱਲ ਰਹੇ ਝੱਖੜ ਵਿਚ ਅਜੇ ਕੁਝ ਕੁ ਜਿੰਦੜੀਆਂ ਹੈਣ, ਜਿਹੜੀਆਂ ਮਿਸ਼ਨ ਵਾਲਾ ਚਿਰਾਗ ਬਾਲੀ ਰੱਖ ਰਹੀਆਂ ਹਨ। ਮੈਂ ਤਾਂ ਕਮਿੱਕਰ ਸਿੰਘ ਅਤੇ ਭੁਪਿੰਦਰ ਪੰਧੇਰ ਨੂੰ ਵੀ ਵਧਾਈ ਦਿੰਦਾ ਹਾਂ ਜਿਹੜੇ ਅਜਿਹੇ ਮੁੱਦਿਆਂ ਬਾਰੇ ਸਾਨੂੰ ਸਭ ਨੂੰ ਚੇਤਾ ਕਰਵਾ ਰਹੇ ਹਨ। ਅਜੇ ਮੈਂ ਸੰਕਟ ਜਿਹੇ ਵਿਚੋਂ ਲੰਘ ਰਿਹਾ ਹਾਂ। ਜੇ ਮਾੜਾ-ਮੋਟਾ ਸਾਹ ਆਇਆ ਤਾਂ ਮੈਂ ਵੀ ਕੁਝ ਲਿਖ ਕੇ ਛਪਣ ਲਈ ਭੇਜਾਂਗਾ।
-ਸੁਰਿੰਦਰ ਸਿੰਘ, ਨਿਊ ਯਾਰਕ
————————-
ਪੰਜਾਬ ਟਾਈਮਜ਼ ਦਾ ਦਫਤਰ ਅਤੇ ਵੱਡੀਆਂ ਸ਼ਖਸੀਅਤਾਂ
ਸਾਡੇ ਪਾਠਕ ਕਮਿੱਕਰ ਸਿੰਘ ਅਤੇ ਭੁਪਿੰਦਰ ਪੰਧੇਰ ਦਾ ਸਵਾਲ ਆਪਣੇ-ਆਪ ਵਿਚ ਬੜਾ ਵਜ਼ਨ ਰੱਖਦਾ ਹੈ ਕਿ ‘ਪੰਜਾਬ ਟਾਈਮਜ਼’ ਦੇ ਦਫਤਰ ਵਿਚ ਕੋਈ ਵੱਡੀ ਸ਼ਖਸੀਅਤ ਕਿਉਂ ਨਹੀਂ ਪਹੁੰਚਦੀ। ਜੇ ਪਹੁੰਚਦੀ ਹੈ ਤਾਂ ਉਸ ਦੀਆਂ ਤਸਵੀਰਾਂ ਅਖਬਾਰ ਵਿਚ ਕਦੀ ਕਿਉਂ ਨਹੀਂ ਛਾਪੀਆਂ? ਇਸ ਸਵਾਲ ਦੇ ਉਤਰ ਵਿਚ ਅਸੀਂ ਕਹਿਣਾ ਚਾਹਾਂਗੇ ਕਿ ‘ਪੰਜਾਬ ਟਾਈਮਜ਼’ ਦੇ ਦਫਤਰ ਵਿਚ ਸੱਚਮੁੱਚ ਹੀ, ਘੱਟ ਹੀ ਕਦੀ ਕੋਈ ਵਡੀ ਸ਼ਖਸੀਅਤ ਪਹੁੰਚੀ ਹੈ ਅਤੇ ਸਾਨੂੰ ਕਦੀ ਇਸ ਦੀ ਲੋੜ ਵੀ ਨਹੀਂ ਭਾਸੀ। ਜੇ ਕਦੀ ਕੋਈ ਸ਼ਖਸੀਅਤ ਪਹੁੰਚੀ ਵੀ ਹੈ ਤਾਂ ਪੱਤਰਕਾਰੀ ਦੇ ਕਾਇਦੇ ਨੂੰ ਮੁੱਖ ਰੱਖ ਕੇ ਅਸੀਂ ਅਜਿਹੀਆਂ ਤਸਵੀਰਾਂ ਛਾਪਣ ਤੋਂ ਸੰਕੋਚ ਹੀ ਕੀਤਾ ਹੈ। ਅਦਾਰਾ ਸਿਰਫ਼ ਤੇ ਸਿਰਫ਼ ਆਪਣੇ ਪਾਠਕਾਂ ਪ੍ਰਤੀ ਜਵਾਬਦੇਹ ਹੈ ਅਤੇ ਪਾਠਕ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹਨ। ਇਸ ਰੋਸ਼ਨੀ ਵਿਚ ਸਾਨੂੰ ਇਸ ਗੱਲ ਦੀ ਕਦੀ ਲੋੜ ਹੀ ਨਹੀਂ ਭਾਸੀ ਕਿ ਕਿਸੇ ਸਿਆਸਤਦਾਨ, ਸੰਤ ਜਾਂ ਕਿਸੇ ਹੋਰ ਵੱਡੀ ਸ਼ਖਸੀਅਤ ਦੇ ਹੱਥਾਂ ਵਿਚ ਫੜੀ ਅਖਬਾਰ ਦੀਆਂ ਤਸਵੀਰਾਂ ਛਾਪੀਆਂ ਜਾਣ। ਸਾਨੂੰ ਇਹ ਵੀ ਭਰੋਸਾ ਹੈ ਕਿ ‘ਪੰਜਾਬ ਟਾਈਮਜ਼’ ਦੇ ਪਾਠਕ ਅਜਿਹੇ ਕਿਸੇ ਯਤਨ ਨੂੰ ਪਸੰਦ ਵੀ ਨਹੀਂ ਕਰਨਗੇ। ਉਮੀਦ ਹੈ, ਕਮਿੱਕਰ ਸਿੰਘ ਅਤੇ ਭੁਪਿੰਦਰ ਪੰਧੇਰ ਹੁਰਾਂ ਦੀ ਸ਼ੰਕਾ ਦੀ ਨਵਿਰਤੀ ਹੋ ਗਈ ਹੋਵੇਗੀ। -ਸੰਪਾਦਕ
Leave a Reply