ਸ਼ਮਾਦਾਨ

ਅਵਤਾਰ ਸਿੰਘ
ਸ਼ਮਾਦਾਨ ਜਿਸ ਅੱਗੇ ਵੀ ਰੱਖਿਆ ਜਾਵੇ, ਉਹੀ ਕਾਵਿ ਗਾਇਨ ਪ੍ਰਸਤੁਤ ਕਰਦਾ ਹੈ। ਸ਼ਮਾਦਾਨ ਕਵੀ ਅਤੇ ਕਵਿਤਾ ਦੇ ਸੁਮੇਲ ਦਾ ਅਲੰਕਾਰ ਹੈ। ਫਿਰ ਅਜੀਬ ਦੌਰ ਆਇਆ, ਖ਼ਿਆਲੀ ਝੱਖੜ ਝੁੱਲੇ, ਚਿਰਾਗ਼ ਬੁਝ ਗਏ ਤੇ ਕਵਿਤਾ ਰੂਪੋਸ਼ ਹੋ ਗਈ। ਸਮੇਂ ਦੀ ਮੂਕ ਵੇਦਨਾ ਨੇ ਚੁੱਪ ਕਵੀ ਅੱਗੇ ਅਛੋਪਲੇ ਜਿਹੇ ਸ਼ਮਾਦਾਨ ਲਿਆ ਧਰਿਆ। ਉਹ ਕਿਤੋਂ ‘ਕਲਮਾਂ’ ਲੱਭ ਲਿਆਇਆ, ਚੁੱਪ ਨੇ ਬੋਲ ਸਿਰਜੇ, ਸੁਰ ਹਰਕਤ ਵਿਚ ਆਏ ਤੇ ਕਵਿਤਾ ਦਾ ਅਲਾਪ ਹੋਇਆ। ਪਾਤਰ ਦੀ ਚੁੱਪ ਦੇ ਕਿਸੇ ਗੋਸ਼ੇ ਵਿਚ ਸਾਂਭੀ ‘ਫੁੱਲਾਂ ਜੋਗੀ ਜ਼ਮੀਨ’ ਵਿਚ ਬਹਾਰ ਪਰਤ ਆਈ।
ਪਿੰਡ ਪੱਤੜ ਨੂੰ ਅੰਗਰੇਜ਼ੀ ਵਿਚ ਲਿਖਿਆਂ ਪਾਤਰ ਪੜ੍ਹਿਆ ਜਾਂਦਾ। ਲਿੱਪੀਅੰਤਰ ਦੇ ਇਸ ਮੁਗ਼ਾਲਬੇ ਨੂੰ ਕਵਿਤਾ ਨੇ ਆਪਣੇ ਸਾਹਾਂ ਨਾਲ ਸਿੰਜਿਆ ਤਾਂ ਸੁਰਜੀਤ ਪਾਤਰ ਦਾ ਜਨਮ ਹੋਇਆ। ਪਾਤਰ ਕਵਿਤਾ ਰਚਦਾ, ਗਾਉਂਦਾ, ਸੁਣਾਉਂਦਾ ਅਤੇ ਨਿਭਾਉਂਦਾ ਹੈ। ਉਹ ਖ਼ਿਆਲ ਦਾ ਨਹੀਂ, ਅਹਿਸਾਸ ਦਾ ਕਵੀ ਹੈ। ਉਸ ਦੀ ਕਵਿਤਾ ਸਮਝੀ ਨਹੀਂ, ਮਹਿਸੂਸ ਕੀਤੀ ਜਾਂਦੀ ਹੈ। ਜੇ ਉਸੇ ਦੀ ਆਵਾਜ਼ ‘ਚ, ਉਸ ਦੇ ਸਾਹਮਣੇ ਬੈਠ ਕੇ ਸੁਣੀ ਜਾਵੇ ਤਾਂ ਉਸ ਦੀ ਕਵਿਤਾ ਖਿੜਦੀ ਹੈ ਤੇ ਕੋਸਾ ਕੋਸਾ ਸੇਕ ਮਹਿਸੂਸ ਹੁੰਦਾ ਹੈ, ਜਿਵੇਂ ਸਰਦੀਆਂ ‘ਚ ਪੂਰਨਮਾਸ਼ੀ ਦੇ ਚੰਨ ਦਾ ਮੱਠਾ ਮੱਠਾ ਨਿੱਘ।
ਯੱਕ ਦਰੀਦਾ ਨੇ ਸਾਨੂੰ ਦੱਸਿਆ ਕਿ ਸ਼ਬਦ ਦੇ ਅਰਥ ਕਰਦਿਆਂ ਅਸੀਂ ਹੋਰ ਸ਼ਬਦਾਂ ਦੀ ਟੇਕ ਲੈਂਦੇ ਹਾਂ ਤੇ ਅਰਥ ਨੂੰ ਟਾਲ ਦਿੰਦੇ ਹਾਂ। ਸ਼ਬਦ ਦੇ ਅਰਥ ਕਰਦਿਆਂ, ਸ਼ਬਦ ਦਰ ਸ਼ਬਦ, ਅਨੰਤ ਲੜੀ ਤੁਰ ਪੈਂਦੀ ਹੈ, ਜਿਸ ਨਾਲ ਅਰਥ ਟਲ਼ ਜਾਂਦਾ ਹੈ। ਅਰਥ ਦੀ ਇਸ ਸਮੱਸਿਆ ਤੋਂ ਕਵਿਤਾ ਬਰੀ ਹੈ। ਕਵਿਤਾ ਪੜ੍ਹੀ ਅਤੇ ਸਮਝੀ ਨਹੀਂ ਜਾਂਦੀ, ਗਾਈ ਅਤੇ ਮਾਣੀ ਜਾਂਦੀ ਹੈ। ਸ਼ਾਇਦ ਇਸੇ ਲਈ, ਪਾਤਰ ਦੀ ਕਵਿਤਾ ਅਰਥ ਨਹੀਂ, ਦ੍ਰਿਸ਼ ਸਿਰਜਦੀ ਹੈ। ਜੇ ਸਾਡੀਆਂ ਅੱਖਾਂ ਸੁਣ ਸਕਦੀਆਂ ਹੋਣ, ਕੰਨ ਦੇਖ ਸਕਦੇ ਹੋਣ ਤੇ ਅਕਲ ਚੁੱਪ ਰਹਿ ਸਕਦੀ ਹੋਵੇ ਤਾਂ ਉਸ ਦੀ ਕਵਿਤਾ ਦਾ ਅਨੰਦ ਮਾਣਿਆ ਜਾ ਸਕਦਾ ਹੈ। ਪਿੰਡ ਵਿਚ ਅੱਧੀ ਰਾਤ ਵੇਲੇ, ਸੁੱਤੇ ਪੁੱਤਰਾਂ ਲਾਗੇ ਜਾਗਦੀਆਂ ਮਾਂਵਾਂ ਦਾ ਦ੍ਰਿਸ਼ ਪਾਤਰ ਹੀ ਖਿੱਚ ਸਕਦਾ ਹੈ। ਚਿਰਾਂ ਤੋਂ ਬੰਦ ਪਏ ਕਿਸੇ ਬੋੜੇ ਜਿਹੇ ਦਰ ਅੱਗੇ ਪਈਆਂ ਚਿੱਠੀਆਂ ‘ਤੇ ਲਿਖੇ ਸਿਰਨਾਵੇਂ ਦਾ ਉਦਾਸ ਮੰਜ਼ਰ ਪਾਤਰ ਦਾ ਹੀ ਕਮਾਲ ਹੈ।
ਕਵੀ ਦੇ ਸ਼ਬਦਾਂ ਵਿਚ ਨਿਰੇ ਅਰਥ ਹੀ ਨਹੀਂ ਹੁੰਦੇ ਤੇ ਨਾ ਹੀ ਇਹ ਸੱਖਣੇ ਢੋਲ ਹੁੰਦੇ ਹਨ। ਇਨ੍ਹਾਂ ‘ਚ ਅਰਥ ਤੋਂ ਇਲਾਵਾ ਨਿੱਘ ਹੁੰਦਾ ਹੈ, ਤਪਸ਼ ਹੁੰਦੀ ਹੈ ਤੇ ਫ਼ੂਕ ਦੇਣ ਦੀ ਸਮਰੱਥਾ। ਇਹ ਸ਼ੀਤਲ ਹੁੰਦੇ ਹਨ, ਠਰੇ ਹੋਏ ਤੇ ਨਿਰੇ ਬਰਫ਼ ਵੀ। ਇਨ੍ਹਾਂ ‘ਚ ਖੜੋਤ ਹੁੰਦੀ ਹੈ, ਸਹਿਜ ਵੀ ਤੇ ਰਫ਼ਤਾਰ ਵੀ। ਪਾਤਰ ਦੇ ਬੋਲ ਕਿਸੇ ਬਰਫ਼ ‘ਚ ਲੱਗੇ ਹੋਏ ਲਈ ਕੋਸੀ ਕੋਸੀ ਧੁੱਪ ਬਣਦੇ ਹਨ, ਤਪ ਰਹੇ ਲਈ ਰੁਮਕਦੀ ਪੌਣ, ਧੁਖ ਰਹੇ ਲਈ ਮੱਠੀ ਮੱਠੀ ਕਿਣ ਮਿਣ ਤੇ ਬਲ਼ ਰਹੇ ਲਈ ਮਿਠੜੇ ਬੋਲ। ਉਸ ਦੀ ਕਵਿਤਾ ਨਾ ਪਟਾਕੇ ਵਾਂਗ ਚੱਲਦੀ ਹੈ, ਨਾ ਬੰਬ ਵਾਂਗ ਫਟਦੀ ਹੈ ਤੇ ਨਾ ਹੀ ਤੀਰ ਵਾਂਗ ਛੁੱਟਦੀ ਹੈ। ਉਹ ਕਦੀ ਆਪਣੇ ਸਹਿਜ ਅਤੇ ਸੰਵੇਦਨਾ ਤੋਂ ਦੂਰ ਨਹੀਂ ਹੁੰਦੀ। ਉਸ ਦੇ ਬੋਲ ਵੱਜਦੇ ਜਾਂ ਧਸਦੇ ਨਹੀਂ, ਜਿਸਮ ਨੂੰ ਛੋਂਹਦੇ ਹਨ, ਜਿਵੇਂ ਕੋਈ ਪਿਆਰੇ ਦੇ ਦੁਖਦੇ ਅੰਗਾਂ ‘ਤੇ ਟਕੋਰ ਕਰੇ ਤੇ ਜਿਸ ਤੋਂ ਟਕੋਰ ਕਰਨ ਵਾਲੇ ਅਤੇ ਕਰਾਉਣ ਵਾਲੇ ਦੋਹਾਂ ਨੂੰ ਅਰਾਮ ਮਿਲੇ। ਉਸ ਦੀ ਭਾਸ਼ਾ ਫ਼ਲਸਫ਼ੇ ਨੂੰ ਦਰਸ਼ਨ ਵਿਚ ਤਬਦੀਲ ਕਰ ਕੇ ਮਸਤਕ ਤੋਂ ਹਿਰਦੇ ਵਿਚ ਲੈ ਜਾਂਦੀ ਹੈ ਤੇ ਹਿਰਦਾ ਹਰਕਤ ਵਿਚ ਆਉਂਦਾ ਹੈ।
ਉਸ ਦੀ ਕਵਿਤਾ ਮੈਲ਼ੀਆਂ ਰੀਝਾਂ ‘ਤੇ ਵੀ ਪਰਦੇ ਨਹੀਂ ਪਾਉਂਦੀ ਤੇ ਨਾ ਹੀ ਫ਼ਕੀਰਾਂ ਦੇ ਸੁਖ਼ਨ ਤੋਂ ਨਾ-ਫ਼ਰਮਾਨ ਹੈ। ਇਹ ਹਰ ਰੀਝ ਨੂੰ ਸੁੱਚੀ ਨਜ਼ਰ ਨਾਲ ਦੇਖਦੀ ਹੈ ਤੇ ਸੁਖ਼ਨ ਦਾ ਅਦਬ ਬਰਕਰਾਰ ਰੱਖਦੀ ਹੈ। ਇਹ ਦੋਹਾਂ ਦੇ ਸਨਮਾਨ ਦੀ ਸਮਾਨ ਚਾਹਤ ਦੀ ਕਵਿਤਾ ਹੈ। ਉਸ ਦੀ ਕਵਿਤਾ ਦਾ ਨਾਇਕ ਨਾ ਹੀ ਉਡਦਿਆਂ ਬਾਜ਼ਾਂ ਮਗਰ ਭਟਕਦਾ ਹੈ ਤੇ ਨਾ ਹੀ ਧਰਤੀ ‘ਤੇ ਰੀਂਘਦੇ ਸੱਪ ਦੀ ਖੁੱਡ ‘ਚ ਹੱਥ ਪਾਉਂਦਾ ਹੈ। ਉਹ ਧਰਤੀ ‘ਤੇ ਤੁਰਿਆ ਫਿਰਦਾ ਨਿਮਰ ਫ਼ਰਿਸ਼ਤਾ ਹੈ ਜਿਸ ਦੀ ਕਵਿਤਾ ਵਿਚ ਬੰਦਿਸ਼ ਤੇ ਖੁੱਲ੍ਹ ਦੀ ਕਸ਼ਮਕਸ਼ ਦੀ ਯਾਤਨਾ ਹੈ, ਜੋ ਹੋਠਾਂ ਦੀ ਸੁੱਚ ਅਤੇ ਪਿਆਸ ਦੀ ਤੀਬਰਤਾ ਵਿਚ ਘਿਰੀ ਰੂਹ ਹੈ, ਜੋ ਵਰਜਿਤ ਅਤੇ ਇਜਾਜ਼ਤ ਦੇ ਚੱਕਰਵਿਊ ‘ਚੋਂ ਨਿਕਲਣ ਦਾ ਰਾਹ ਭਾਲ਼ਦੀ ਹੈ। ਉਹ ਆਪਣੇ ਨਿਮਰ ਸੱਚ ਪ੍ਰਤੀ ਹਠੀਲਾ, ਬੇਬਾਕ, ਬੇਲਿਹਾਜ਼ ਤੇ ਅਹੰਕਾਰੀ ਰੁਖ ਨਹੀਂ ਅਪਨਾਉਂਦਾ। ਉਹ ਰਬਾਬ ਤੇ ਕਿਤਾਬ ਦੇ ਸੁਖਨ ਸਾਹਮਣੇ ਬੇਅਦਬ ਨਹੀਂ ਹੁੰਦਾ। ਚਾਹੇ ਕੁਫ਼ਰ ਹੋਵੇ, ਉਹ ਸਿਰਫ਼ ਆਪਣਾ ਸੱਚ ਸੁਣਾਉਣ ਦੀ ਚਾਹਤ ਪਾਲ਼ਦਾ ਹੈ ਤੇ ਕਾਫ਼ਰ ਨੂੰ ਉਸੇ ਦੀ ਖ਼ਲਕਤ ਮੰਨਦਾ ਹੈ।
ਨਿਊਟਨ ਨੇ ਦੱਸਿਆ ਕਿ ਬਿਰਖ ਨੂੰ ਲੱਗਿਆ ਸੇਬ ਧਰਤੀ ਨੇ ਆਪਣੀ ਕਸ਼ਿਸ਼ ਨਾਲ ਹੇਠਾਂ ਸੁੱਟ ਲਿਆ ਹੈ, ਕਿ ਧਰਤੀ ਹਰ ਚੀਜ਼ ਨੂੰ ਆਪਣੀ ਗੋਦ ‘ਚ ਸਮਾ ਲੈਣ ਲਈ ਉਤਾਵਲੀ ਰਹਿੰਦੀ ਹੈ; ਪਰ ਉਸ ਨੂੰ ਇਹ ਨਾ ਦਿਸਿਆ ਕਿ ਹਰ ਜ਼ਿੰਦਾ ਚੀਜ਼ ਧਰਤੀ ਦੀ ਇਸ ਕਸ਼ਿਸ਼ ਦੀ ਕੋਸ਼ਿਸ਼ ਦੇ ਉਲਟ ਅਕਾਸ਼ ਵੱਲ ਵਧਦੀ ਹੈ। ਬਿਰਖ ਇਸ ਦੀ ਬੇਮਿਸਾਲ ਮਿਸਾਲ ਹੈ। ਧਰਤੀ ‘ਤੇ ਡਿਗਣਾ ਬਿਰਖ ਦੀ ਮੌਤ ਹੈ ਤੇ ਅਕਾਸ਼ ਵੱਲ ਵਧਣਾ ਉਸ ਦੀ ਜ਼ਿੰਦਗੀ। ਪਾਤਰ ਦਾ ਮਨ ਪਸੰਦ ਚਿਹਨ ਬਿਰਖ ਹੈ ਜੋ ਉਸ ਦੀ ਕਵਿਤਾ ਵਿਚ ਬਾਰੰਬਾਰ ਆਉਂਦਾ ਹੈ। ਬਿਰਖ ਧਰਤੀ ਮਾਂ ਦਾ ਜਾਇਆ, ਅਕਾਸ਼ ਨਾਲ਼ ਇਸ਼ਕ ਪਾਲਦਾ ਤੇ ਉਸ ਵੱਲ ਬਾਹਾਂ ਫ਼ੈਲਾਉਂਦਾ ਹੈ। ਅਕਾਸ਼ ਤੇ ਇਸ਼ਕ ਦੀ ਕੋਈ ਸੀਮਾ ਨਹੀਂ। ਬਿਰਖ ਦੀਆਂ ਚਿਹਨੀ ਦਿਸ਼ਾਵਾਂ ਤੇ ਸੰਭਾਵਨਾਵਾਂ ਵੀ ਅਸੀਮ ਹਨ।
ਪਾਤਰ ਦੀ ਕਵਿਤਾ ਬਿਰਖ ਦੀ ਆਤਮਾ ਹੈ ਜਿਸ ਵਿਚ ਧਰਤੀ ਦਾ ਤ੍ਰਾਹ, ਅਕਾਸ਼ ਦੀ ਚਾਹ ਤੇ ਕੋਮਲ ਪੱਤੀਆਂ ਦਾ ਕੰਪਨ ਹੈ, ਜੋ ਉਸ ਦੀ ਕਵਿਤਾ ਦਾ ਸਾਰ ਵੀ ਹੈ ਅਤੇ ਤੱਤ ਵੀ ਜਿਸ ਨੂੰ ਤੱਕਿਆਂ ਕਹਿ ਸਕਦੇ ਹਾਂ, ਪਾਤਰ ਅਤੇ ਬਿਰਖ ਕਿਸੇ ਇੱਕ ਸ਼ੈਅ ਦੇ ਦੋ ਪਰਿਆਏ ਹਨ। ਉਸ ਦੀ ਕਵਿਤਾ ਦਾ ਤਰਜਮਾ ਉਹ ਖ਼ੁਦ ਹੈ ਜਾਂ ਉਸ ਦਾ ਤਰਜਮਾ ਉਸ ਦੀ ਕਵਿਤਾ! ਅਸਲ ਵਿਚ, ਉਸ ਦੀ ਕਵਿਤਾ ਪਾਤਰ ਹੈ ਤੇ ਪਾਤਰ ਕਵਿਤਾ। ਉਸ ਦੇ ਬੋਲ, ਉਸ ਦੀ ਆਵਾਜ਼ ਤੇ ਉਸ ਦੀ ਧੁਨ ਮਿਲ ਕੇ ਇਕ ਤ੍ਰਿਵੈਣੀ ਸਿਰਜਦੇ ਹਨ ਜਿਸ ਨੂੰ ਸਹਿਜ, ਸੰਜ਼ੀਦਗੀ ਅਤੇ ਸੁਘੜਤਾ ਦਾ ਨਾਮ ਦਿੱਤਾ ਜਾ ਸਕਦਾ ਹੈ। ਇਹ ਤ੍ਰਿਵੈਣੀ ਉਸ ਦੀ ਕਵਿਤਾ ਅਤੇ ਹਸਤੀ ਦੋਹਾਂ ‘ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ।
ਉਸ ਦੀ ਕਵਿਤਾ ਦਾ ਜਨਮ ਜਿਸ ਦੌਰ ਵਿਚ ਹੋਇਆ, ਉਸ ਵਿਚ ਕਵਿਤਾ ਵਿਚਾਰਧਾਰਾਈ ਸਥੂਲਤਾ ਅਤੇ ਸਥਿਰਤਾ ਵੱਲ ਲੁੜਕੀ ਹੋਈ ਸੀ, ਜਿਵੇਂ ਕੋਈ ਪਰਾਂਦੀ ਕੰਡਿਆਂ ‘ਤੇ ਸੁੱਕਣੀ ਪਾਈ ਹੋਵੇ ਜਾਂ ਕੋਈ ਮਿਰਗ ਕਿੱਲੇ ਨਾਲ ਬੱਧਾ ਹੋਵੇ। ਕਵਿਤਾ ਵਿਚੋਂ ਲਰਜ਼ਿਸ਼ ਗ਼ਾਇਬ ਹੋ ਗਈ ਸੀ। ਜਿਵੇਂ ਕਵਿਤਾ ਲਿਖੀ ਨਹੀਂ, ਬਲਕਿ ਹਥੌੜੇ ਨਾਲ ਠੋਕੀ ਜਾਂਦੀ ਹੋਵੇ। ਪਾਤਰ ਦੀ ਕਵਿਤਾ ਕੰਡਿਆਂ ‘ਤੇ ਪਈ ਪਰਾਂਦੀ ਨੂੰ ਕਿਸੇ ਦੀਆਂ ਮੀਢੀਆਂ ਵਿਚ ਗੁੰਦ ਦੇਣ ਦੀ ਚਾਹਤ ਹੈ ਅਤੇ ਕਿਸੇ ਮਿਰਗ ਨੂੰ ਕਿੱਲੇ ਤੋਂ ਆਜ਼ਾਦ ਕਰਨ ਦਾ ਸੁਪਨਾ। ਉਹ ਟਕੂਏ ਤੇ ਗੰਡਾਸਿਆਂ ਦੇ ਗੀਤ ਨਹੀਂ ਗਾਉਂਦਾ, ਬਲਕਿ ਰੌਸ਼ਨੀ ਲਈ, ਅੰਗਿਆਰਾਂ ਤੋਂ ਨਹੀਂ, ਕਿਰਨਾਂ ਦੇ ਕਬੀਲੇ ਤੋਂ ਪ੍ਰੇਰਨਾ ਲੈਂਦਾ ਹੈ। ਉਸ ਦੀ ਕਵਿਤਾ ਝੱਖੜ ਨਹੀਂ, ਸਮੀਰ ਹੈ ਜੋ ਮਿਰਜ਼ੇ ਦੇ ਤੀਰ ਤੋੜਦੀ ਸਾਹਿਬਾਂ ਜਾਂ ਸੁੱਤੀ ਪਈ ਸੱਸੀ ਨਹੀਂ, ਜਾਗਦੀ ਹੀਰ ਹੈ। ਇਸੇ ਲਈ ‘ਸਾਹਿਬਾਂ ਨੂੰ ਆਪਣੀ’ ਆਖਣ ਲਈ ਪਾਤਰ ਸ਼ਸ਼ੋਪੰਜ ਵਿਚ ਹੈ।
ਕਵਿਤਾ ਤੋਂ ਵਿਚਾਰਧਾਰਾ ਦਾ ਕੰਮ ਲੈਣਾ ਇਵੇਂ ਹੈ ਜਿਵੇਂ ਗਊ ਨੂੰ ਗੱਡੇ ਅੱਗੇ ਜੋੜਨਾ। ਪਾਤਰ ਨੇ ਕਵਿਤਾ ਨੂੰ ਭਾਰ ਮੁਕਤ ਜਾਂ ਹੌਲ਼ੀ ਫੁੱਲ ਕੀਤਾ, ਜਿਵੇਂ ਕਿਸੇ ਰਿਸ਼ੀ ਦੇ ਆਸ਼ਰਮ ਦੀ ਪੁਸ਼ਪ ਵਾਟਿਕਾ ਵਿਚ ਕੋਈ ਹਰਨੋਟੜੀ ਚੁੰਗੀਆਂ ਭਰਦੀ ਹੋਵੇ। ਪਾਤਰ ਭੂਤਵਾੜੇ ਦਾ ਸਮਕਾਲੀ ਹੈ, ਪਰ ਉਸ ਦੀ ਕਵਿਤਾ ਭੂਤਕਾਲੀ ਨਹੀਂ। ਭੂਤ ਪਿਛਲ ਖੁਰੀਂ ਤੁਰਦੇ ਹਨ ਤੇ ਪਛਤਾਵੇ, ਹੇਰਵੇ ਜਾਂ ਉਦਰੇਵੇਂ ਦਾ ਮਾਤਮਨੁਮਾ ਗਾਇਨ ਕਰਦੇ ਹਨ। ਭੂਤਕਾਲ ਵਿਚ ਗੁਆਚ ਜਾਣਾ ਕਵਿਤਾ ਨਹੀਂ। ਉਹ ਸੁਚੇਤ ਹੈ। ਉਸ ਦੀ ਕਵਿਤਾ ਪ੍ਰਛਾਵਿਆਂ ਪਿੱਛੇ ਨਹੀਂ ਦੌੜਦੀ, ਸੜਕਾਂ ‘ਤੇ ਵਿਛੀ ਬਿਰਖ ਦੀ ਛਾਂ ਬਣਦੀ ਹੈ। ਉਸ ਦੀ ਚਾਹਤ ਭੂਤ ਨਹੀਂ, ਭਵਿਖਮੁਖੀ ਹੈ। ਉਹ ਆਪਣੇ ਵਰਤਮਾਨ ਨੂੰ ਭੂਤਕਾਲ ਵੱਲ ਨਹੀਂ ਮੋੜਦਾ, ਭੂਤਕਾਲ ਨੂੰ ਵਰਤਮਾਨ ਦੀ ਦਿਸ਼ਾ ਵਿਚ ਤੋਰਦਾ ਹੈ। ਉਹ ਭੂਤਕਾਲ ਵਿਚ ਗੁਆਚਦਾ ਨਹੀਂ, ਉਥੋਂ ਕੁਝ ਢੂੰਡਣ ਜਾਂਦਾ ਹੈ। ਉਸ ਲਈ ਭੂਤਕਾਲ ਭਵਿਖ ਦੀ ਪ੍ਰੇਰਨਾ ਹੈ। ਭਵਿਖ, ਚਾਹਤ ਅਤੇ ਪਾਤਰ ਇਕ ਹੀ ਗੱਲ ਹੈ।
ਕਿਸੇ ਨੇ ਬਿਰਹਾ ਦਾ ਜ਼ਿਕਰ ਛੇੜਿਆ ਜੋ ਕਵਿਤਾ ਘੱਟ, ਪੂਜਾ ਵਧੇਰੇ ਸੀ। ਪਾਤਰ ਦੀ ਕਵਿਤਾ ਬਿਰਹਾ ਦੀ ਗ਼ੈਰਹਾਜ਼ਰੀ ਦੀ ਕਵਿਤਾ ਹੈ। ਇਸ ਵਿਚ ਬਿਰਹਾ ਦੀ ਪੂਜਾ ਨਹੀਂ, ਚਾਹਤ ਹੈ। ਪੂਜਾ ਵਿਚ ਪ੍ਰਾਪਤੀ ਹੈ, ਚਾਹਤ ਵਿਚ ਗ਼ੈਰਹਾਜ਼ਰੀ। ਉਸ ਦੀ ਕਵਿਤਾ ਨਾ ਹੀ ਤ੍ਰਿਪਤੀ ਦੀ ਕਵਿਤਾ ਹੈ ਤੇ ਨਾ ਹੀ ਅਤ੍ਰਿਪਤੀ ਦੀ। ਤ੍ਰਿਪਤੀ ਦੀ ਕਵਿਤਾ ਹੁੰਦੀ ਹੀ ਨਹੀਂ ਤੇ ਅਤ੍ਰਿਪਤੀ ਦੀ ਕਵਿਤਾ ਕਵਿਤਾ ਨਹੀਂ ਹੁੰਦੀ। ਅਤ੍ਰਿਪਤੀ ਅਸਲ ਵਿਚ ਤ੍ਰਿਪਤੀ ਦੀ ਕਮੀ ਹੈ, ਜੋ ਥੁੜ ਜਾਂ ਘਾਟੇ ਦੇ ਅਹਿਸਾਸ ‘ਚੋਂ ਜਨਮਦੀ ਹੈ। ਇਸ ਵਿਚ ਘਬਰਾਹਟ ਦੀ ਮਿਲਤਰ ਹੁੰਦੀ ਹੈ। ਪਛਤਾਵੇ ਨੂੰ ਵੀ ਕਵਿਤਾ ਨਹੀਂ ਕਹਿੰਦੇ। ਕਵਿਤਾ ਚਾਹਤ ਵਿਚ ਹੁੰਦੀ ਹੈ, ਜਿੱਥੇ ਆਸ਼ਾ ਤੇ ਨਿਰਾਸ਼ਾ ਦੀ ਪਰਸਪਰ ਅਤੇ ਨਿਰੰਤਰ ਖੇਡ ਵਾਪਰਦੀ ਹੈ। ਇਹੀ ਖੇਡ ਪਾਤਰ ਦੀ ਕਵਿਤਾ ਦੀ ਪ੍ਰਧਾਨ ਸੁਰ ਹੈ। ਇਥੇ ਕੋਈ ਬੰਸਰੀ ਦੀ ਹੂਕ ਨਦੀਆਂ ਨੂੰ ਰੋਕਣ ਦੀ ਚਾਹਤ ਪਾਲ਼ਦੀ ਹੈ ਤੇ ਪੂਰਨ ਨੂੰ ਕਿਸੇ ਨੂਰ, ਨਾਰ ਤੇ ਕਟਾਰ ਦੇ ਨੇੜੇ ਰਹਿਣ ਲਈ ਪ੍ਰੇਰਦੀ ਹੈ।
ਪਾਤਰ ਸਰਜ਼ਮੀਨ ਦਾ ਨਹੀਂ, ਸੁਰਜ਼ਮੀਨ ਦਾ ਸ਼ਾਇਰ ਹੈ। ਸਰਜ਼ਮੀਨ ‘ਚ ਜ਼ਿਮੀਦਾਰੀ ਦਾ ਪਰਤੌਅ ਹੈ ਜਿਸ ਵਿਚ ਜਾਗੀਰਦਾਰੀ ਦੀ ਬੂ ਹੈ, ਜੋ ਬੁਰੀਆਂ ਅਲਾਮਤਾਂ ਦੀ ਮਾਂ ਹੈ। ਉਸ ਦੀ ਕਵਿਤਾ ਸਰ (ਸਿਰ) ਨੂੰ ਸੁਰ ‘ਚ ਕਰਦੀ ਹੈ। ਇਸੇ ਕਰ ਕੇ ਇਹ ਖੇਤਾਂ ਦੇ ਪੁੱਤ ਦੀ ਕਵਿਤਾ ਵੀ ਨਹੀਂ ਹੈ। ਕਿਰਤਗਾਹਾਂ ਨੂੰ ਬੰਬੀਆਂ ‘ਚ ਤਬਦੀਲ ਕਰ ਕੇ, ‘ਲੀੜੇ ਧੋਣ ਦੇ ਬਹਾਨੇ’ ਕੰਮੀਆਂ ਦੀਆਂ ਇੱਜ਼ਤਾਂ ਨੂੰ ‘ਵਾਜ਼ਾਂ ਮਾਰਦੇ ਖੇਤਾਂ ਦੇ ਵੈਲੀ ਪੁੱਤ, ਪਾਤਰ ਦੀ ਕਵਿਤਾ ਦੇ ਨਾਇਕ ਨਹੀਂ। ਉਸ ਨੇ ਖੇਤਾਂ ਦੇ ਪੁੱਤ ਦੀ ਨਹੀਂ, ਧਰਤੀ ਦੇ ਜਾਏ ਦੀ ਕਵਿਤਾ ਰਚੀ ਜਿਸ ਵਿਚ ਨਾ ਵੈਲੀ ਹੈ ਨਾ ਖੇਤ ਦਾ ਉਲਾਰ। ਉਸ ਲਈ ਸਿਰਫ਼ ਖੇਤ ਹੀ ਧਰਤੀ ਨਹੀਂ ਹਨ ਅਤੇ ਨਾ ਇਕੱਲੇ ਕਿਸਾਨ ਹੀ ਮਨੁੱਖ। ਸਾਰੀ ਧਰਤੀ ਉਸ ਦਾ ਖੇਤ ਹੈ ਤੇ ਹਰ ਮਨੁੱਖ ਕਿਸਾਨ। ਜ਼ਿੰਦਗੀ ਉਸ ਦਾ ਖੇਤ ਹੈ ਜਿੱਥੇ ਫ਼ੈਲਸੂਫ਼ੀਆਂ ਨਹੀਂ, ਮੁਹੱਬਤਾਂ ਦੀ ਫ਼ਸਲ ਉਗਦੀ ਹੈ ਜਿਸ ਦੀ ਰਾਖੀ ਉਸ ਦੀ ਕਵਿਤਾ ਦਾ ਧਰਮ ਹੈ। ਉਸ ਦੀ ਕਵਿਤਾ ਵਿਚ ਨਾ ਧਰਤੀ ਦਾ ਅਕੇਵਾਂ ਹੈ ਤੇ ਨਾ ਖੇਤਾਂ ਦਾ ਉਦਰੇਵਾਂ। ਇਹ ਧਰਤੀ ਤੇ ਅਕਾਸ਼ ਦੇ ਦੂਰ ਦਿਸਹੱਦੇ ਜਾਂ ਦੁਮੇਲ ਦੀ ਕਵਿਤਾ ਹੈ ਜਿੱਥੇ ਸੂਰਜ ਦੇ ਨੈਣਾਂ ‘ਚ ਧਰਤੀ ਸੁਰਮਾ ਪਾਉਂਦੀ ਹੈ, ਜਿੱਥੇ ਲਾਲੀ ਸੁਰਮਈ, ਤੇ ਫਿਰ, ਸੁਰ ਮਈ ਹੁੰਦੀ ਹੈ।
ਉਸ ਦੀ ਕਵਿਤਾ ਵਿਚ ਹਥਿਆਰ ਨਹੀਂ ਖੜਕਦੇ। ਕਿਉਂਕਿ ਕੋਲਿਆਂ ਦੀ ਭਖ਼ ਵਿਚ ਤਪੇ ਹਥਿਆਰ ਕਦੀ ਇਨਕਲਾਬ ਨਹੀਂ ਲਿਆਉਂਦੇ, ਜਦ ਤੱਕ ਉਨ੍ਹਾਂ ਨੂੰ ਹੰਝੂਆਂ ਨਾਲ ਨੁਹਾਇਆ ਨਾ ਜਾਵੇ। ਅੰਗਿਆਰਾਂ ‘ਤੇ ਪਿਆ ਹਥਿਆਰ ਸ਼ੁਅਲਾ ਹੈ ਜੋ ਨਿਆਂ ਦਾ ਪ੍ਰਤੀਕ ਨਹੀਂ, ਜਿਸ ਨਾਲ ਜ਼ੁਲਮ ਮਿਟਾਇਆ ਨਹੀਂ, ਵਧਾਇਆ ਜਾ ਸਕਦਾ ਹੈ। ਪਾਤਰ ਦੀ ਕਵਿਤਾ ਨਾ ਫੱਟ ਮਾਰਨ ਦੀ ਤੇ ਨਾ ਫੱਟ ਖਾਣ ਦੀ ਕਵਿਤਾ ਹੈ। ਇਹ ਤਾਂ ਆਪਣੀ ਸੰਥਾ ਦੀ ਗੂੰਜ ਆਪਣੇ ਪੁੱਤਰਾਂ ਨੂੰ ਮੁਰਸ਼ਦਾਂ ਦੇ ਕਤਲ ਮੁਆਫ਼ ਕਰਦੀ ਹੈ। ਜੇ ਕਿਤੇ ਇਹ ਤੀਰ ਦੀ ਗਤੀ ਵਿਚ ਆਉਂਦੀ ਵੀ ਹੈ ਤਾਂ ਇਹ ਕਿਸੇ ਦੀ ਹਿੱਕ ਵਿਚ ਲੱਗਣ ਤੋਂ ਬਚਣ ਦੀ ਚਾਹਤ ਵਿਚ ਹੁੰਦੀ ਹੈ। ਇਹੀ ਚਾਹਤ ਉਸ ਦੀ ਕਵਿਤਾ ਨੂੰ ਲਰਜ਼ਿਸ਼ ਜਾਂ ਕੰਪਨ ਬਖ਼ਸ਼ਦੀ ਹੈ। ਇਸ ਲਰਜ਼ਿਸ਼ ਵਿਚ ਕਿਸੇ ਨੂੰ ਰੋਹ ਨਹੀਂ ਚੜ੍ਹਦਾ ਤੇ ਨਾ ਹੀ ਕੋਈ ਭੈਅ ਹੁੰਦਾ ਹੈ। ਇਹ ਲਰਜ਼ਿਸ਼ ਨੀਰ ਬਣ ਨੈਣਾਂ ‘ਚੋਂ ਵਗਦੀ ਹੈ। ਗ਼ਾਲਿਬ ਨੇ ਠੀਕ ਕਿਹਾ, “ਜਬ ਆਂਖ ਸੇ ਹੀ ਨਾ ਟਪਕਾ ਤੋ ਫਿਰ ਲਹੂ ਕਿਆ ਹੈ!”  ਪਾਤਰ ਨੇ ਐਲਾਨ ਕੀਤਾ, “ਸਾਡੀ ਅੱਖ ‘ਚੋਂ ਡਿਗਦਾ ਹੰਝੂ ਸਾਡਾ ਚੋਣ ਨਿਸ਼ਾਨ।”
ਪਾਤਰ ਬਿਰਖ ਹੈ, ਬਿਰਖ ਨੂੰ ਦਰਵੇਸ਼ ਮੰਨਿਆ ਗਿਆ ਹੈ, ਦਰਵੇਸ਼ ਦਰਦ ਦਾ ਮੁਜੱਸਮਾ ਹੈ, ਦਰਦ ਦੀ ਹੋਣੀ ਹੰਝੂ ਹੈ, ਹੰਝੂ ਨੀਰ ਹੈ ਤੇ ਨੀਰ ਦੀ ਫ਼ਿਤਰਤ ਹੈ ਵਗਣਾ। ਇਹ ਵਹਾ ਹੀ ਉਸ ਦੀ ਕਵਿਤਾ ਹੈ। ਇਹੀ ਗ਼ਜ਼ਲ ਦੀ ਪਰਿਭਾਸ਼ਾ ਹੈ। ਪਾਤਰ ਖ਼ੁਦ ਇੱਕ ਗ਼ਜ਼ਲ ਹੈ। ਅਜਿਹੀ ਗ਼ਜ਼ਲ ਜੋ ਮਚਦੇ ਅੰਗਿਆਰਾਂ ‘ਤੇ ਨੱਚ ਸਕਦੀ ਹੈ, ਪਰ ਉਨ੍ਹਾਂ ਨੂੰ ਹਥਿਆਰ ਨਹੀਂ ਬਣਾਉਂਦੀ।
ਚਿਸ਼ਤੀ ਸਿਲਸਿਲੇ ਦੀਆਂ ਮਲਫ਼ੂਜ਼ਾਤ ਵਿਚ ਆਉਂਦਾ ਹੈ ਕਿ ਫ਼ਕੀਰ ਲੋਕ ਜਦ ਕਿਸੇ ਪਿਆਰੇ ‘ਤੇ ਮਿਹਰਬਾਨ ਹੁੰਦੇ ਤਾਂ ਦੁਆ ਕਰਦੇ ਕਿ “ਅੱਲਾ ਤੁਹਾਨੂੰ ਦਰਦ ਦੇਵੇ।” ਪਾਤਰ ਦੀ ਰੂਹ ਵਿਚ ਦਰਦ ਦੀ ਮੌਜੂਦਗੀ ਉਸ ‘ਤੇ ਕਿਸੇ ਫ਼ਕੀਰ ਦੀ ਰਹਿਮਤ ਹੈ। ਦਰਅਸਲ ਇਹ ਮੁਹੱਬਤ ਦਾ ਦਰਦ ਹੈ ਜੋ ਕਿਸੇ ਕੰਬਦੀ ਤਰੰਗ ਵਜੋਂ ਉਸ ਦੀ ਕਵਿਤਾ ਵਿਚ ਡੁੱਲ੍ਹਿਆ ਹੈ।
ਖ਼ਲੀਲ ਜਿਬਰਾਨ ਦਾ ਖ਼ਿਆਲ ਹੈ ਕਿ ਮੁਹੱਬਤ ਗਾਹੁੰਦੀ ਹੈ ਤਾਂ ਜੋ ਤੂੜੀ ਤੋਂ ਦਾਣਾ ਅਲਹਿਦਾ ਹੋਵੇ। ਛੱਟਦੀ ਹੈ ਤਾਂ ਜੋ ਕੂੜੇ ਤੋਂ ਮੁਕਤ ਹੋਇਆ ਜਾਵੇ। ਪਾਰਦਰਸ਼ਤਾ ਲਈ ਪੀਸਦੀ ਹੈ ਤੇ ਹਲੀਮੀ ਲਈ ਗੁੰਨ੍ਹਦੀ ਹੈ। ਤਵੇ ‘ਤੇ ਪਕਾਉਂਦੀ ਹੈ ਜੋ ਕਿਸੇ ਪਿਆਰੇ ਅੱਗੇ ਪ੍ਰਸ਼ਾਦ ਬਣ ਪੇਸ਼ ਹੋਇਆ ਜਾ ਸਕੇ। ਪਾਤਰ ਦੀ ਕਵਿਤਾ ਨਿਮਰ ਚਾਹਤ ‘ਚੋਂ ਉਪਜੇ ਦਰਦ ਦਾ ਪ੍ਰਸ਼ਾਦ ਹੈ।
ਤੱਤੀ ਤਵੀ ‘ਤੇ ਆਸਣ ਲਾ ਖ਼ਲਕਤ ਦੀ ਤਪਸ਼ ਹਰਨ ਵਾਲੇ ਪੰਚਮ ਪਾਤਸ਼ਾਹ ਆਖਦੇ ਹਨ, “ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ॥ ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ॥” ਪਿਆਰੇ ਦੀ ਭੁੱਖ ਦੀ ਨਵਿਰਤੀ ਲਈ ਉਸ ਅੱਗੇ ਸਲੂਣਾ ਬਣ ਪੇਸ਼ ਹੋਣ ਦੀ ਚਾਹਤ ਅਤੇ ਉਸ ਦੀ ਪਿਆਸ ਲਈ ਕਮਾਦ ਬਣ ਮੁੜ ਮੁੜ ਪੀੜੇ ਜਾਣ ਦੀ ਤਮੰਨਾ ਪਿਆਰ ਦਾ ਪੰਜਾਬੀ ਆਦਰਸ਼ ਹੈ। ਪਾਤਰ ਦੀ ਚਾਹਤ ਦੀ ਦਿਸ਼ਾ ਇਹੀ ਆਦਰਸ਼ ਹੈ। ਉਸੇ ਤੋਂ ਖ਼ਿਆਲ ਉਧਾਰਾ ਮੰਗ ਕੇ ਕਹਿ ਸਕਦੇ ਹਾਂ ਕਿ ਪਾਤਰ ਦੀ ਕਵਿਤਾ ਕਿਸੇ ਮਾਂ ਦਾ ਖ਼ਾਬ ਹੈ ਜਿਸ ਦੀ ਗੋਦ ‘ਚ ਗੁਲਾਬ ਖਿੜਿਆ ਹੈ, ਜੋ ਬੰਦਗੀ ਹੈ, ਸ਼ਾਇਰੀ ਹੈ ਜਾਂ ਇਸ ਤੋਂ ਵੀ ਵਧੀਕ ਹੈ।
ਗ਼ਾਲਿਬ ਨੇ ‘ਮਰੀਜ਼-ਇ-ਇਸ਼ਕ’ ਦੀ ਤੀਮਾਰਦਾਰੀ ਦਾ ਦਾਅਵਾ ਕੀਤਾ। ਪਾਤਰ ਦੀ ਕਵਿਤਾ ਵੱਡੇ ਦਾਅਵਿਆਂ ‘ਚ ਯਕੀਨ ਨਹੀਂ ਕਰਦੀ। ਇਹ ਆਧੁਨਿਕ ਨੇਅਮਤਾਂ ਦੇ ਬਹੁਪਰਤੀ ਮਾਇਆ ਜਾਲ ਵਿਚ ਉਲਝੇ ਸੂਖਮ ਅਤੇ ਸੰਵੇਦਨਸ਼ੀਲ ਮਨੁੱਖ ਦੀਆਂ ਅਨੇਕ ਮਹੀਨ ਮਰਜ਼ਾਂ ਵਿਚ ਉਸ ਦਾ ਹਾਲ ਪੁੱਛਦੀ ਹੈ ਤੇ ਨਾਲ ਧਰਵਾਸ ਦਿੰਦੀ ਹੈ। ਇਹ ਪਾਠਕ ਨੂੰ ਕਿਧਰੇ ਉੜਾ ਕੇ ਨਹੀਂ ਲੈ ਜਾਂਦੀ, ਬਲਕਿ ‘ਠੁਮਕ ਠੁਮਕ’ ਉਸ ਦੇ ਨਾਲ ਤੁਰਦਿਆਂ ਸੁਚੇਤ ਕਰਦੀ ਹੋਈ ਮਿਜ਼ਾਜਪੁਰਸ਼ੀ ਕਰਦੀ ਹੈ। ਦੁੱਖ ਵਿਚ ਬਗਲਗ਼ੀਰ ਹੋਣਾ, ਸੁੱਖ ਵਿਚ ਹਮਸਫ਼ਰ ਹੋਣਾ ਤੇ ਉਤਸ਼ਾਹੀ ਘੜੀਆਂ ਵਿਚ ਹਮਰਕਾਬ ਹੋਣਾ ਇਸ ਦਾ ਸੁਭਾ ਹੈ।
ਗ਼ਾਲਿਬ ਨੇ ਕਿਹਾ ਕਿ “ਗ਼ਮ-ਏ-ਇਸ਼ਕ ਗਰ ਨਾ ਹੋਤਾ ਤੋ ਗ਼ਮ-ਏ-ਰੋਜ਼ਗਾਰ ਹੋਤਾ।” ਪਾਤਰ ਦੀ ਕਵਿਤਾ ‘ਗ਼ਮ-ਏ-ਰੋਜ਼ਗ਼ਾਰ’ ਨੂੰ ‘ਗ਼ਮ-ਏ-ਰੋਜ਼ਮਰਹ’ ਤੱਕ ਫੈਲਾ ਲੈਂਦੀ ਹੈ ਤੇ ਰੋਜ਼ਮਰਹ ਦੇ ਅਣਦਿਸਦੇ ਜ਼ਖ਼ਮਾਂ ‘ਤੇ ਮਰਹਮ ਵਜੋਂ ਪੂਣੀਆਂ ਦੇ ਫ਼ਹੇ ਧਰਦੀ ਹੈ।
ਪੰਜਾਬ ਪਾਤਰ ਅਤੇ ਉਸ ਦੀ ਕਵਿਤਾ ਦੀ ਕਦਰ ਕਰਦਾ ਹੈ ਅਤੇ ਉਸ ਨੂੰ ਪਿਆਰ ਵੀ ਕਰਦਾ ਹੈ। ਪਾਤਰ ਨੇ ਇਹ ਪਿਆਰ ਲੁੱਟਿਆ ਵੀ ਹੈ। ਇਹ ਲੁੱਟ ਉਹ ਪੰਜਾਬੀ ਅਦਬ ਦੀ ਭੇਟ ਚੜ੍ਹਾ ਰਿਹਾ ਹੈ। ਭੇਟ ਦਰ ਭੇਟ, ਇਹ ਨਿਰੰਤਰ ਸਿਲਸਿਲਾ ਏਦਾਂ ਹੀ ਜਾਰੀ ਰਹੇ। ਸ਼ਮਾਦਾਨ ਮਚਦਾ ਰਹੇ, ਕਵਿਤਾ ਭਖ਼ਦੀ ਰਹੇ, ਪਾਤਰ ਸੁਰਜੀਤ ਰਹੇ ਤੇ ਉਸ ਨੂੰ ਅਦਬ ਦੀ ਅਸੀਸ ਰਹੇ।

Be the first to comment

Leave a Reply

Your email address will not be published.