ਚੰਡੀਗੜ੍ਹ: ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਉਥੋਂ ਦੇ ਇਕ ਰਾਜੇ ਵੱਲੋਂ ਗੁਰੂ ਨਾਨਕ ਦੇਵ ਦੇ ਨਾਂ ਕਰਾਈ ਗਈ ਜ਼ਮੀਨ ਦਾ ਕਬਜ਼ਾ ਤੇ ਮਾਲਕੀ ਗੁਰਦੁਆਰਾ ਨਾਨਕ ਮੱਠ ਦੇ ਨਾਂ ਰਹਿਣ ਦੀ ਆਸ ਬੱਝ ਗਈ ਹੈ। ਫਿਲਹਾਲ ਇਸ ਜ਼ਮੀਨ ਦੇ ਵਿਵਾਦ ‘ਤੇ ਨੇਪਾਲ ਦੀ ਸੁਪਰੀਮ ਕੋਰਟ ਵੱਲੋਂ ਸਟੇਅ ਦੇ ਹੁਕਮ ਕੀਤੇ ਹੋਏ ਹਨ। ਕਦੇ ਇਹ ਜ਼ਮੀਨ ਦੋ ਸੌ ਏਕੜ ਸੀ, ਹੁਣ ਇਹ ਪੰਜ ਏਕੜ ਹੀ ਬਚੀ ਹੈ।
ਗੁਰੂ ਨਾਨਕ ਦੇਵ ਤੀਜੀ ਉਦਾਸੀ ਦੌਰਾਨ ਜਦੋਂ ਤਿੱਬਤ ਤੋਂ ਵਾਪਸ ਪਰਤ ਰਹੇ ਸਨ ਤਾਂ ਨੇਪਾਲ ਠਹਿਰਾਓ ਦੌਰਾਨ ਉਦੋਂ ਦੇ ਰਾਜਾ ਜੈ ਪ੍ਰਕਾਸ਼ ਮੱਲਾ ਨੇ ਉਨ੍ਹਾਂ ਦੇ ਨਾਂ ਦੋ ਸੌ ਏਕੜ ਜ਼ਮੀਨ ਦਾਨ ਵਜੋਂ ਕਰਾਈ ਸੀ। ਦਰਿਆ ਬਿਸ਼ਨੂੰਮਤੀ ਦੇ ਕੰਢੇ ਪੈਂਦੀ ਇਸ ਜ਼ਮੀਨ ਵਿਚ ਪੁਰਾਤਨ ਗੁਰਦੁਆਰਾ ਨਾਨਕ ਮੱਠ ਵੀ ਮੌਜੂਦ ਹੈ ਜਿਸ ਦੀ ਸੰਭਾਲ ਮਹੰਤ ਸੰਪਰਦਾ ਦੇ ਇਕੱਤੀਵੇਂ ਮਹੰਤ ਨਿਮਮੁਨੀ ਉਦਾਸੀ ਦੇ ਹਵਾਲੇ ਹੈ। ਇਥੇ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਹਨ ਜਿਸ ਵਿਚੋਂ ਇਕ ਬੀੜ ਹੱਥ ਲਿਖਤ ਵੀ ਹੈ ਪਰ ਇਨ੍ਹਾਂ ਦਾ ਪ੍ਰਕਾਸ਼ ਨਹੀ ਹੁੰਦਾ।
ਇਸ ਇਤਿਹਾਸਕ ਅਸਥਾਨ ਪ੍ਰਤੀ ਸ਼ਰਧਾ ਵਜੋਂ ਮੋਹ ਰੱਖ ਰਹੇ ਉਘੇ ਵਪਾਰੀ ਤੇ ਪਰਵਾਸੀ ਭਾਰਤੀ ਐਸ਼ਪੀæਸਿੰਘ ਓਬਰਾਏ ਮੁਤਾਬਕ ਮਹੰਤਾਂ ਨੂੰ ਪੰਜਾਬੀ ਦਾ ਗਿਆਨ ਨਾ ਹੋਣ ਕਾਰਨ ਪਵਿੱਤਰ ਸਰੂਪ ਪ੍ਰਕਾਸ਼ ਤੋਂ ਵਿਹੂਣੇ ਹਨ। ਇਸ ਤੋਂ ਇਲਾਵਾ ਨੇਪਾਲ ਦੀ ਧਾਰਮਿਕ ਅਸਥਾਨਾਂ ਦੀ ਪੈਰਵੀ ਹਿੱਤ ਗਠਿਤ ਸੰਸਥਾ ‘ਕਾਠਮੰਡੂ ਗੁੱਠੀ’ ਨੇ ਸਾਲ 2009 ਤੋਂ ਇਸ ਗੁਰਦੁਆਰੇ ਦੀ ਬਚੀ ਪੰਜ ਏਕੜ ਜ਼ਮੀਨ ਨੂੰ 36 ਸਾਲ ਲਈ ਵਪਾਰਕ ਮਕਸਦ ਲਈ ਲੀਜ਼ ‘ਤੇ ਨਿਲਾਮ ਕਰਨ ਦਾ ਫੈਸਲਾ ਕਰ ਲਿਆ ਸੀ ਪਰ ਸ਼ ਓਬਰਾਏ ਤੇ ਨੇਪਾਲ ਦੇ ਵਸਨੀਕ ਸਿੱਖ ਆਗੂ ਪ੍ਰੀਤਮ ਸਿੰਘ ਦੀ ਦਖ਼ਲਅੰਦਾਜ਼ੀ ਸਦਕਾ ਲੀਜ਼ ਦੇ ਮਾਮਲੇ ‘ਤੇ ਨੇਪਾਲ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ ਸਟੇਅ ਦੇ ਦਿੱਤੀ ਗਈ ਸੀ।
ਸ਼ ਓਬਰਾਏ ਨੇ ਦੱਸਿਆ ਕਿ ਜਦੋਂ ਉਹ ਸੁਪਰੀਮ ਕੋਰਟ ਦੇ ਕੇਸ ਦੀ ਤਿਆਰੀ ਲਈ ਜ਼ਮੀਨ ਦੇ ਦਸਤਾਵੇਜ਼ਾਂ ਦੀ ਛਾਣਬੀਣ ਕਰਨ ਲੱਗੇ ਤਾਂ ਇਸ ਗੱਲ ਦਾ ਭੇਤ ਖੁੱਲ੍ਹਿਆ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਤਾਂ ਪੰਜ ਏਕੜ ਦੀ ਬਜਾਏ ਤਕਰੀਬਨ ਦੋ ਸੌ ਏਕੜ ਜ਼ਮੀਨ ਬੋਲ ਰਹੀ ਹੈ। ਇਸ ਵੇਲੇ ਦੋ ਸੌ ਏਕੜ ਵਿਚੋਂ 195 ਏਕੜ ਜ਼ਮੀਨ ਵਿਚ ਰਿਹਾਇਸ਼ੀ ਤੇ ਵਪਾਰਕ ਅਦਾਰੇ ਸਥਾਪਤ ਹੋਣ ਨਾਲ ਇਹ ਭੋਂਇ ਰਾਜਧਾਨੀ ਦਾ ਹਿੱਸਾ ਬਣ ਚੁੱਕੀ ਹੈ। ਰਾਜੇ ਵੱਲੋਂ ਇਹ ਜ਼ਮੀਨ ਸਤਿਸੰਗ ਤੇ ਹਰਿਆਵਲ ਦੇ ਮਕਸਦ ਵਜੋਂ ਦਾਨ ਕੀਤੀ ਦੱਸੀ ਜਾਂਦੀ ਹੈ। ਪੰਜ ਸੌ ਸਾਲ ਪਹਿਲਾਂ ਪਹਿਲੀ ਪਾਤਸ਼ਾਹੀ ਨੂੰ ਦਾਨ ਹੋਈ ਇਸ ਜ਼ਮੀਨ ਦੇ ਭਾਲੇ ਗਏ ਦਸਤਾਵੇਜ਼ਾਂ ‘ਤੇ ਰਾਜੇ ਦੇ ਪੁੱਤਰ ਦੇ ਬਕਾਇਦਾ ਗਵਾਹੀ ਵਜੋਂ ਦਸਤਖ਼ਤ ਵੀ ਦਰਜ ਹਨ।
ਸ਼ ਓਬਰਾਏ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਨੇਪਾਲ ਵਿਚ ਸਥਿਤ ਭਾਰਤੀ ਰਾਜਦੂਤ ਵੱਲੋਂ ਨੇਪਾਲ ਦਾ ਰਜਿਸਟਰਡ ਕਾਰਡ ਜਾਰੀ ਕਰ ਦਿੱਤਾ ਗਿਆ ਹੈ, ਨੇ ਦੱਸਿਆ ਕਿ ਗੁਰਦੁਆਰੇ ਦੀ ਬਚੀ ਪੰਜ ਏਕੜ ਜ਼ਮੀਨ ਸੰਭਾਲਣ ਦੀ ਚਾਰਾਜੋਈ ਵਾਸਤੇ ਨੇਪਾਲ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਭੱਟਾ ਰਾਏ ਨਾਲ ਰਾਬਤਾ ਬਣਾਇਆ ਗਿਆ ਸੀ, ਉਨ੍ਹਾਂ ਜਿੱਥੇ ਭਰੋਸਾ ਦਿੱਤਾ ਸੀ ਕਿ ਗੁਰਦੁਆਰੇ ਦੀ ਜ਼ਮੀਨ ਵਿਚੋਂ ਇਕ ਇੰਚ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ, ਉਥੇ ਗੁੱਠੀ ਸੰਸਥਾ ਨੂੰ ਜ਼ਮੀਨ ਤੇ ਸਥਾਪਤ ਗੁਰਦੁਆਰੇ ਦੇ ਇਤਿਹਾਸ ਤੇ ਧਾਰਮਿਕ ਪੱਖ ਤੋਂ ਰਿਪੋਰਟ ਵੀ ਮੰਗ ਲਈ ਸੀ।
ਇਸ ‘ਤੇ ਗੁੱਠੀ ਵੱਲੋਂ ਇਸ ਸਰਵੇ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿਚ ਤਤਕਾਲੀਨ ਪ੍ਰਧਾਨ ਮੰਤਰੀ ਭੱਟਾ ਰਾਏ ਦੀ ਪਤਨੀ ਤੇ ਨਾਨਕ ਮੱਠ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਹੀਸਿਲਾ ਯਾਮਨੀ ਵੀ ਸ਼ਾਮਲ ਹਨ। ਸ਼ ਓਬਰਾਏ ਮੁਤਾਬਕ ਗੁੱਠੀ ਵੱਲੋਂ ਸਰਵੇ ਰਿਪੋਰਟ ਕਰੀਬ ਮੁਕੰਮਲ ਕਰ ਲਈ ਹੈ ਤੇ ਜਲਦੀ ਹੀ ਇਹ ਨੇਪਾਲ ਸਰਕਾਰ ਦੇ ਸਪੁਰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਵੇ ਕਮੇਟੀ ਇਸ ਗੱਲੋਂ ਇਕਮਤ ਹੈ ਕਿ ਗੁਰਦੁਆਰੇ ਦੀ ਪੰਜ ਏਕੜ ਜ਼ਮੀਨ ਵਾਕਈ ਬਾਬੇ ਨਾਨਕ ਦੇ ਨਾਂ ਹੈ। ਗੁਰਦੁਆਰਿਆਂ ਤੇ ਜ਼ਮੀਨਾਂ ਦੀ ਸੰਭਾਲ ਤੇ ਪੰਥਕ ਮਰਿਯਾਦਾ ਲਈ ਨੇਪਾਲ ਦੇ ਸਿੱਖਾਂ ਵੱਲੋਂ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਨਾਮੀ ਸੰਸਥਾ ਰਜਿਸਟਰਡ ਕਰਵਾ ਲਈ ਗਈ ਹੈ। ਨੇਪਾਲ ਸਰਕਾਰ ਦੇ ਅਧਿਕਾਰਤ ਪੱਤਰ ਮਿਲਣ ਦੇ ਤੁਰੰਤ ਬਾਅਦ ਟਰੱਸਟ ਆਪਣੇ ਮਕਸਦ ਵਿਚ ਡਟ ਜਾਵੇਗਾ।
_____________________
ਇਤਿਹਾਸਕ ਨਿਸ਼ਾਨੀਆਂ ਲੱਭੀਆਂ
ਬਾਬੇ ਨਾਨਕ ਦੇ ਨਾਂ ਵਾਲੀ ਜ਼ਮੀਨ ਦੇ ਇਕ ਵੱਖਰੇ ਟੁੱਕੜੇ ਵਿਚ ਪੁਰਾਤਨ ਖੂਹੀ ਵੀ ਜੋ ਲੱਭੀ ਸੀ, ਉਸ ਦੇ ਦੇ ਅੰਦਰ ਗੁਰਮੁਖੀ ਲਿਪੀ ਵਿਚ ਬਾਬੇ ਨਾਨਕ ਦੀ ਬਾਣੀ ਉਕਰੀ ਹੋਈ ਹੈ। ਮਹੰਤਾਂ ਅਨੁਸਾਰ ਇਹ ਖੂਹੀ ਵੀ ਬਾਬੇ ਨਾਨਕ ਦੀ ਨੇਪਾਲ ਫੇਰੀ ਮੌਕੇ ਲੰਗਰ ਪ੍ਰਥਾ ਲਈ ਖੁਦਵਾਈ ਗਈ ਸੀ। ਉਂਜ ਖੂਹੀ ਵਿਚ ਬਾਣੀ ਵਾਲੇ ਉਕਰੇ ਪੱਥਰ ਨੂੰ ਬਾਹਰ ਫਿੱਟ ਕਰ ਦਿੱਤਾ ਗਿਆ ਹੈ ਤਾਂ ਕਿ ਸੰਗਤਾਂ ਅਸਾਨੀ ਨਾਲ ਦਰਸ਼ਨ ਕਰ ਸਕਣ।
ਇਸ ਤੋਂ ਇਲਾਵਾ ਇਥੇ ਲੰਗਰ ਦੇ ਪੁਰਾਤਨ ਭਾਂਡਿਆਂ ਦਾ ਭੰਡਾਰ ਵੀ ਮਿਲਿਆ ਹੈ ਜਿਨ੍ਹਾਂ ‘ਤੇ ਵੀ ਪੰਜਾਬੀ ਉਕਰੀ ਹੋਈ ਹੈ। ਕੁਝ ਪੁਰਾਤਨ ਟੱਲਾਂ ਤੇ ਟੱਲੀਆਂ ‘ਤੇ ਗੁਰਮੁਖੀ Ḕਚ ਬਾਣੀ ਅੰਕਿਤ ਮਿਲੀ ਹੈ। ਗੁਰਮੁਖੀ ਲਿਪੀ ਵਿਚ ਗੁਰਬਾਣੀ ਦੇ ਉਕਰੇ ਸ਼ਬਦਾਂ ਤੋਂ ਜ਼ਾਹਿਰ ਹੈ ਕਿ ਕਦੇ ਪੰਜਾਬੀ ਨੇਪਾਲ ਵਿਚ ਵੀ ਪ੍ਰਚਲਿਤ ਸੀ ਤੇ ਇਸ ਦਾ ਪਿਛੋਕੜ ਬੜਾ ਅਮੀਰ ਹੈ।
Leave a Reply