ਕੁਦਰਤ ਵੀ ਕਿਸਾਨਾਂ ‘ਤੇ ਕਹਿਰਵਾਨ; ਮੀਂਹ ਤੇ ਗੜੇਮਾਰੀ ਨੇ ਝੰਬਿਆ

ਚੰਡੀਗੜ੍ਹ: ਦਿੱਲੀ ਦੀਆਂ ਬਰੂੰਹਾਂ ਉਤੇ ਲਗਭਗ ਗਿਆਰਾਂ ਮਹੀਨਿਆਂ ਤੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜ ਰਹੇ ਕਿਸਾਨਾਂ ਲਈ ਆਏ ਦਿਨ ਨਵੀਆਂ ਮੁਸੀਬਤਾਂ ਖੜ੍ਹੀਆਂ ਹੋ ਰਹੀਆਂ ਹਨ। ਖੇਤੀ ਕਾਨੂੰਨਾਂ ਦੀਆਂ ਲੱਗੀਆਂ ਸੱਟਾਂ ਦੇ ਜ਼ਖ਼ਮ ਅਜੇ ਅੱਲ੍ਹੇ ਹੀ ਹਨ ਕਿ ਕੁਦਰਤ ਦੇ ਕਹਿਰ ਨੇ ਕਿਸਾਨਾਂ ਨੂੰ ਆਰਥਿਕ ਤੌਰ ਤਬਾਹ ਕਰਕੇ ਰੱਖ ਦਿੱਤਾ ਹੈ।

ਗੁਲਾਬੀ ਸੁੰਡੀ ਨੇ ਨਰਮਾ ਬਰਬਾਦ ਕਰ ਦਿੱਤਾ ਅਤੇ ਹੁਣ ਝੋਨੇ ਦੇ ਸੀਜ਼ਨ ਦੌਰਾਨ ਬਰਸਾਤ, ਗੜੇਮਾਰੀ ਅਤੇ ਤੇਜ ਹਵਾਵਾਂ ਕਰਕੇ ਭਾਰੀ ਨੁਕਸਾਨ ਹੋਣ ਦੀਆਂ ਸੂਚਨਾਵਾਂ ਹਨ।
ਮੀਂਹ ਤੇ ਗੜੇੇਮਾਰੀ ਨਾਲ ਕਿਸਾਨਾਂ ਵੱਲੋਂ ਮਿਹਨਤ ਨਾਲ ਪਾਲੀ ਝੋਨੇ ਦੀ ਫਸਲ ਖੇਤਾਂ ‘ਚ ਵਿਛ ਗਈ। ਮੰਡੀਆਂ ‘ਚ ਆਈ ਝੋਨੇ ਦੀ ਫਸਲ ਵੀ ਮੀਂਹ ਨਾਲ ਭਿੱਜ ਗਈ। ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਬਠਿੰਡਾ, ਸੰਗਰੂਰ, ਮੋਗਾ, ਲੁਧਿਆਣਾ, ਮੁਕਤਸਰ, ਫਤਿਹਗੜ੍ਹ ਸਾਹਿਬ ਆਦਿ ਸਮੇਤ ਲਗਭਗ ਸਾਰੇ ਪਾਸੇ ਹੀ ਵੱਡੇ ਨੁਕਸਾਨ ਦੀਆਂ ਰਿਪੋਰਟਾਂ ਹਨ। ਗੜੇਮਾਰੀ ਅਤੇ ਖੇਤਾਂ ‘ਚ ਪਾਣੀ ਭਰਨ ਕਾਰਨ ਝੋਨੇ ਦਾ ਝਾੜ ਘਟ ਸਕਦਾ ਹੈ ਤੇ ਇਸ ਦੇ ਮਿਆਰ ‘ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ।
ਪੰਜਾਬ ਦੇ ਕਿਸਾਨਾਂ ਦੀਆਂ ਸਾਉਣੀ ਦੀਆਂ ਦੋਵੇਂ ਮੁੱਖ ਫਸਲਾਂ ਉਤੇ ਆਫਤ ਨਾਲ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਣਾ ਸੁਭਾਵਿਕ ਹੈ। ਪੰਜਾਬ ਵਿਚ 185 ਲੱਖ ਟਨ ਝੋਨੇ ਦੇ ਮੰਡੀਆਂ ਵਿਚ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਅਤੇ ਅਜੇ ਤੱਕ ਕਰੀਬ 65 ਲੱਖ ਝੋਨੇ ਦੀ ਖਰੀਦ ਹੋਈ ਹੈ। ਇਸ ਦਾ ਮਤਲਬ ਹੈ ਕਿ ਦੋ ਹਿੱਸੇ ਝੋਨਾ ਖੇਤਾਂ ਵਿਚ ਖੜ੍ਹਾ ਹੈ ਜਾਂ ਅਜੇ ਤੱਕ ਵਿਕਣੋਂ ਰਹਿੰਦਾ ਹੈ। ਗੜਿਆਂ ਕਾਰਨ ਖੇਤਾਂ ਵਿਚ ਹੀ ਝੋਨਾ ਬਰਬਾਦ ਹੋ ਗਿਆ ਹੈ। ਵੱਖ-ਵੱਖ ਇਲਾਕਿਆਂ ਵਿਚ ਬਰਸਾਤ ਕਾਰਨ ਵਾਢੀ ਦਾ ਕੰਮ ਦੋ ਤੋਂ ਲੈ ਕੇ ਹਫਤੇ ਤੱਕ ਲਟਕ ਗਿਆ ਹੈ।
ਡਿੱਗੇ ਝੋਨੇ ਦੀ ਕਟਾਈ ਦੌਰਾਨ ਨਾ ਕੇਵਲ ਕੰਬਾਈਨ ਦਾ ਭਾਅ ਵਧੇਗਾ ਸਗੋਂ ਧਰਤੀ ਤੋਂ ਚੁੱਕਣ ਸਮੇਂ ਦਾਣੇ ਝੜਨ ਨਾਲ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਬਠਿੰਡਾ, ਮਾਨਸਾ ਅਤੇ ਸੰਗਰੂਰ ਦੇ ਇਕ ਹਿੱਸੇ ਵਿਚ ਨਰਮੇ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ। ਸੂਬਾ ਸਰਕਾਰ ਨੇ ਗਿਰਦਾਵਰੀ ਦਾ ਹੁਕਮ ਦਿੱਤਾ ਸੀ ਅਤੇ ਆਈ ਰਿਪੋਰਟ ਵਿਚ 3 ਲੱਖ ਏਕੜ ਤੋਂ ਵੱਧ ਨਰਮੇ ਦੇ ਨੁਕਸਾਨ ਦੇ ਅੰਕੜੇ ਸਾਹਮਣੇ ਆਏ ਤਾਂ ਸਰਕਾਰ ਨੇ ਮੁੜ ਵਿਚਾਰ ਦਾ ਫੈਸਲਾ ਕਰ ਲਿਆ।
ਪੰਜਾਬ ਸਰਕਾਰ 76 ਤੋਂ 100 ਫੀਸਦੀ ਨੁਕਸਾਨ ਹੋਣ ਉੱਤੇ ਕੁਦਰਤੀ ਆਫਤ ਪ੍ਰਬੰਧਨ ਫੰਡ ਵਿਚੋਂ 12 ਹਜ਼ਾਰ ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦਿੰਦੀ ਹੈ। ਕਿਸਾਨ ਜਥੇਬੰਦੀਆਂ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗਦੀਆਂ ਹਨ। ਪੰਜਾਬ ਵਿਚ ਜੇਕਰ ਝੋਨੇ ਦਾ ਪ੍ਰਤੀ ਏਕੜ ਉਤਪਾਦਨ 30 ਕੁਇੰਟਲ ਮੰਨੀਏ ਤਾਂ ਕਿਸਾਨ ਦੀ ਆਮਦਨ ਅਤੇ ਸਰਕਾਰ ਦੇ ਮੁਆਵਜ਼ੇ ਵਿਚ ਵੱਡਾ ਫਰਕ ਹੈ। ਮਾਹਿਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਖੇਤਾਂ ‘ਚ ਪਾਣੀ ਖੜ੍ਹਾ ਹੋਣ ਕਾਰਨ ਜਿਥੇ ਨਮੀ ਦੀ ਮਾਤਰਾ ਵਧੇਗੀ, ਉਥੇ ਦਾਣਾ ਵੀ ਗਲ ਸਕਦਾ ਹੈ ਤੇ ਅਜਿਹੇ ‘ਚ ਕਿਸਾਨਾਂ ਨੂੰ ਮੰਡੀਆਂ ‘ਚ ਫਸਲ ਵੇਚਣ ‘ਚ ਮੁਸ਼ਕਲ ਆ ਸਕਦੀ ਹੈ।
ਸਰਕਾਰ ਵਲੋਂ ਝੋਨੇ ਦੀ ਨਮੀ ਦੀ ਮਾਤਰਾ 17 ਫੀਸਦੀ ਤੈਅ ਕੀਤੀ ਗਈ ਹੈ, ਜਦਕਿ ਹੁਣ ਮੀਂਹ ਪੈਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਅੰਮ੍ਰਿਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਜਲੰਧਰ ਆਦਿ ਖੇਤਰਾਂ ‘ਚ ਵੱਧ ਨੁਕਸਾਨ ਹੋਇਆ ਹੈ। ਇਨ੍ਹਾਂ ਥਾਵਾਂ ‘ਤੇ ਬਾਸਮਤੀ ਦੀ ਫਸਲ ਦਾ ਕਾਫੀ ਨੁਕਸਾਨ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ 50 ਫੀਸਦੀ ਦੇ ਕਰੀਬ ਹੀ ਆਲੂ ਲਗਾਇਆ ਗਿਆ ਹੈ, ਜਦਕਿ ਬਾਕੀ ਦੀ ਬਿਜਾਈ ਹੁਣ ਕੁਝ ਦਿਨ ਹੋਰ ਪੱਛੜ ਸਕਦੀ ਹੈ। ਸਰਦੀਆਂ ਦੀਆਂ ਸਬਜ਼ੀਆਂ ਲਈ ਵੀ ਇਹ ਮੀਂਹ ਕਾਫੀ ਨੁਕਸਾਨਦੇਹ ਦੱਸਿਆ ਜਾ ਰਿਹਾ ਹੈ।