ਟਰਾਂਸਪੋਰਟ ਮਾਫੀਆ ਖਿਲਾਫ ਸਖਤੀ ਨੇ ਪੰਜਾਬ ਰੋਡਵੇਜ਼ ਦੇ ਕੀਤੇ ਵਾਰੇ ਨਿਆਰੇ

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇਕ ਮਹੀਨੇ ਦੇ ਸਮੇਂ ਦੌਰਾਨ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੀ ਆਮਦਨ ਵਿਚ ਕੁੱਲ ਮਿਲਾ ਕੇ 17.24 ਫੀਸਦੀ ਵਾਧਾ ਹੋਇਆ ਹੈ। ਇਕ ਮਹੀਨੇ ਦੀ ਕਾਰਗੁਜ਼ਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਵਾਧਾ 15 ਅਕਤੂਬਰ ਤੱਕ 7.98 ਕਰੋੜ ਰੁਪਏ ਬਣਦਾ ਹੈ ਅਤੇ ਵਿਭਾਗ ਦੀ ਰੋਜ਼ਾਨਾ ਆਮਦਨ ਵਿਚ ਕਰੀਬ 53 ਲੱਖ ਰੁਪਏ ਦਾ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ 15 ਤੋਂ 30 ਸਤੰਬਰ ਤੱਕ ਵਿਭਾਗ ਨੂੰ 46.28 ਕਰੋੜ ਰੁਪਏ ਆਮਦਨ ਹੋਈ ਹੈ ਜਦਕਿ ਪਹਿਲੀ ਤੋਂ ਲੈ ਕੇ 15 ਅਕਤੂਬਰ ਤੱਕ ਕੁੱਲ 54.26 ਕਰੋੜ ਰੁਪਏ ਰੋਜ਼ਾਨਾ ਆਮਦਨ ਦਰਜ ਕੀਤੀ ਗਈ। ਸ੍ਰੀ ਵੜਿੰਗ ਨੇ ਕਿਹਾ ਕਿ ਲੋਕਾਂ ਦੇ ਭਰੋਸੇ ਦੀ ਬਹਾਲੀ ਲਈ ਦਾਲ ਵਿਚੋਂ ਕੋਕੜੂਆਂ ਦੀ ਛਾਂਟੀ ਜ਼ਰੂਰੀ ਸੀ, ਕਿਉਂਕਿ ਡਿਫਾਲਟਰ ਬੱਸ ਅਪਰੇਟਰ ਪਿਛਲੇ 10 ਮਹੀਨਿਆਂ ਤੋਂ ਟੈਕਸ ਦੇਣ ਤੋਂ ਟਾਲਾ ਵੱਟ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਿ ਟੈਕਸ ਨਾ ਭਰਨ, ਗੈਰਕਾਨੂੰਨੀ ਪਰਮਿਟ ਹੋਣ ਅਤੇ ਦਸਤਾਵੇਜ਼ਾਂ ਆਦਿ ਦੀ ਘਾਟ ਕਾਰਨ ਹੁਣ ਤੱਕ ਲਗਭਗ 258 ਬੱਸਾਂ ਜ਼ਬਤ ਕੀਤੀਆਂ ਗਈਆਂ ਜਾਂ ਚਲਾਨ ਕੀਤਾ ਗਿਆ ਹੈ। ਡਿਫਾਲਟਰਾਂ ਵਿਰੁੱਧ ਸਖਤੀ ਪਿੱਛੋਂ ਵਿਭਾਗ ਨੇ ਲੰਬਤ ਸਰਕਾਰੀ ਟੈਕਸ ਦੇ 3.29 ਕਰੋੜ ਰੁਪਏ ਵਸੂਲੇ ਹਨ ਅਤੇ ਇਸ ਵਿਚ ਵੱਡੀ ਰਕਮ ਵੱਡੀਆਂ ਕੰਪਨੀਆਂ/ਅਪਰੇਟਰਾਂ ਵੱਲੋਂ ਜਮ੍ਹਾਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਡਰਾਈਵਿੰਗ ਲਾਇਸੈਂਸਾਂ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਦੇ ਲੰਬਿਤ ਮਾਮਲਿਆਂ ਨਿਬੇੜਨ ਲਈ ਸਾਰੇ 32 ਡਰਾਈਵਿੰਗ ਤੇ ਟੈਸਟਿੰਗ ਟਰੈਕ ਸ਼ਨਿਚਰਵਾਰ ਨੂੰ ਵੀ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਇਸ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ‘ਵਿਸ਼ੇਸ਼ ਪੈਂਡੈਂਸੀ ਮੇਲੇ` ਵੀ ਲਾਏ ਜਾਣਗੇ। ਉਧਰ, ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਬਕਾਇਆ ਟੈਕਸ ਤੇ ਦੋ ਨੰਬਰ ਵਿਚ ਚੱਲ ਰਹੀਆਂ ਬੱਸਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ `ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਕਾਰਵਾਈ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜਾ ਵੜਿੰਗ ਵੱਲੋਂ ਸਿਆਸੀ ਬਦਲੇਖੋਰੀ ਦੀ ਰਾਜਨੀਤੀ ਤਹਿਤ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਸਬੰਧਤ ਟਰਾਂਸਪੋਰਟਰਾਂ ਨੂੰ ਹੀ ਨਿਸ਼ਾਨੇ `ਤੇ ਲਿਆ ਜਾ ਰਿਹਾ ਹੈ ਅਤੇ ਕਾਂਗਰਸੀਆਂ ਦੇ ਵੱਡੇ ਟਰਾਂਸਪੋਰਟਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਬਕਾਇਆ ਟੈਕਸ ਨੂੰ ਆਧਾਰ ਬਣਾ ਕੇ ਬੱਸਾਂ ਬੰਦ ਕਰ ਰਹੀ ਹੈ ਤਾਂ ਸਿਰਫ ਅਕਾਲੀ ਆਗੂਆਂ ਦੀ ਮਾਲਕੀ ਵਾਲੀਆਂ ਜਾਂ ਕੁਝ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਖਿਲਾਫ ਹੀ ਕਾਰਵਾਈ ਕਿਉਂ ਹੋਈ ਹੈ।
ਇਸੇ ਦੌਰਾਨ ਆਵਾਜਾਈ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿਚ ਮਾਫੀਆ ਰਾਜ ਦੀ ਚੜ੍ਹਾਈ ਪਿੱਛੇ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀਆਂ ਦੀ ਮਿਲੀਭੁਗਤ ਸੀ। ਵੜਿੰਗ ਨੇ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਟਰਾਂਸਪੋਰਟ ਮਾਫੀਆ ਦਾ ਮੁੱਖ ਧੁਰਾ ਸੀ। ਨਾਲ ਹੀ ਮੰਤਰੀ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਲੋਕਾਂ ਨਾਲ ਸਮਝੌਤਾ ਕੀਤਾ ਜਿਨ੍ਹਾਂ ਦੇ ਕਾਰਜਕਾਲ ਵਿਚ ਕਈ ਮਾਫੀਆ ਪੈਦਾ ਹੋਏ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਮਾਫੀਆ ਨੇ ਸਿਰ ਚੁੱਕਣਾ ਸ਼ੁਰੂ ਕੀਤਾ ਅਤੇ ਸਾਡੇ ਅਮਰਿੰਦਰ ਸਿੰਘ ਦੀ ਮਿਲੀਭੁਗਤ ਨਾਲ ਇਹ ਕਾਰੋਬਾਰ ਚੱਲਦਾ ਰਿਹਾ। ਇਹੀ ਵਜ੍ਹਾ ਹੈ ਕਿ ਮੈਂ ਅਮਰਿੰਦਰ ਸਿੰਘ ਨੂੰ ਸਮਝੌਤਾ ਕਰਨ ਵਾਲਾ ਮੁੱਖ ਮੰਤਰੀ ਆਖ ਰਿਹਾਂ।”ੇ