ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਗਾਮੀ ਅਸੈਂਬਲੀ ਚੋਣਾਂ ਵਿਚ ਭਾਜਪਾ ਨਾਲ ਹੱਥ ਮਿਲਾਉਣ ਦੇ ਦਿੱਤੇ ਸੰਕੇਤ ਦਾ ਭਗਵਾ ਪਾਰਟੀ ਨੇ ਵੀ ਬੜਾ ਨਿੱਘਾ ਜਵਾਬ ਦਿੱਤਾ ਹੈ। ਭਾਜਪਾ ਨੇ ਅਮਰਿੰਦਰ ਦੀ ਦੇਸ਼ ਭਗਤ ਵਜੋਂ ਤਾਰੀਫ ਕਰਦਿਆਂ ਕਿਹਾ ਕਿ ਉਹ ਕੌਮੀ ਹਿੱਤਾਂ ਨੂੰ ਮੂਹਰੇ ਰੱਖਣ ਵਾਲਿਆਂ ਨਾਲ ਹੱਥ ਮਿਲਾਉਣ ਲਈ ਤਿਆਰ ਹੈ ਤੇ ਗੱਠਜੋੜ ਲਈ ਦਰ ਹਮੇਸ਼ਾਂ ਖੁੱਲ੍ਹੇ ਹਨ।
ਭਾਜਪਾ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਵੰਸ਼ ਤੋਂ ਦੂਰ ਹੋ ਕੇ ਰਾਸ਼ਟਰਵਾਦ ਵੱਲ ਵੱਧ ਰਹੇ ਹਨ। ਭਾਜਪਾ ਆਗੂ ਨੇ ਹਾਲਾਂਕਿ ਇਸ਼ਾਰਾ ਕੀਤਾ ਕਿ ਅਜੇ ਕੁਝ ਵੀ ਫਾਈਨਲ ਨਹੀਂ ਹੈ ਕਿਉਂਕਿ ‘ਅਮਰਿੰਦਰ ਸਿੰਘ ਨੇ ਅਜੇ ਆਪਣੀ ਪਾਰਟੀ ਬਣਾਉਣੀ ਹੈ।`
ਉਧਰ, ਨਵੀਂ ਸਿਆਸੀ ਪਾਰਟੀ ਬਣਾਉਣ ਦੇ ਐਲਾਨ ਕਰਕੇ ਕਾਂਗਰਸ ਦੇ ਨਿਸ਼ਾਨੇ ‘ਤੇ ਆਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਜੇਕਰ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲੈਂਦੀ ਹੈ ਤਾਂ ਭਾਜਪਾ ਨਾਲ ਹੱਥ ਮਿਲਾਉਣ ਵਿਚ ਕੁਝ ਵੀ ਗਲਤ ਨਹੀਂ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਜਾਨਸ਼ੀਨ ਚਰਨਜੀਤ ਸਿੰਘ ਚੰਨੀ ਚੰਗਾ ਬੰਦਾ ਹੈ ਤੇ ਉਹ ਸਿਰਫ ਪੰਜਾਬ ਕਾਂਗਰਸ ਦੇ ਨਵੇਂ ਥਾਪੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਦੇ ਹਨ। 2022 ਵਿਚ ਨਵੀਂ ਪਾਰੀ ਖੇਡਣ ਬਾਰੇ ਕੈਪਟਨ ਨੇ ਕਿਹਾ, ”ਜੇਕਰ ‘ਮਹਾਗੱਠਜੋੜ‘ ਨੇ ਚਾਹਿਆ ਤਾਂ ਮੂਹਰੇ ਹੋ ਕੇ ਕਮਾਨ ਸੰਭਾਲਾਂਗਾ। ਪਹਿਲਾਂ ਮੇਰਾ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦਾ ਵਿਚਾਰ ਸੀ, ਪਰ ਹੁਣ ਨਹੀਂ।”
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੂੰ ਦਿੱਲੀ ਦੀਆਂ ਬਰੂੰਹਾਂ ‘ਤੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਦੇਸ਼ ਦੇ ਕਿਸਾਨ ਅਤਿਵਾਦੀ, ਵੱਖਵਾਦੀ ਅਤੇ ਖਾਲਿਸਤਾਨੀ ਲੱਗਦੇ ਹਨ, ਪਰ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਦੀ ਏਜੰਟ ਨੂੰ ਮਹਿਮਾਨ ਬਣਾ ਕੇ ਘਰ ‘ਚ ਰੱਖਣ ਵਾਲਾ ਕੈਪਟਨ ਅਮਰਿੰਦਰ ਸਿੰਘ ਦੇਸ਼ ਭਗਤ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਸੱਤਾ ‘ਤੇ ਕਾਬਜ਼ ਹੋਣ ਦੀ ਲਾਲਸਾ ਰੱਖਣ ਵਾਲੀ ਭਾਜਪਾ ਅਤੇ ਮੋਦੀ ਅੱਜ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਭਗਤ ਆਖ ਕੇ ਉਸ ਦੇ ਗੁਣ ਗਾਉਣ ਲੱਗੇ ਹਨ।
—————————–
‘ਆਪ` ਨੂੰ ਰੋਕਣ ਲਈ ਕੈਪਟਨ ਨੂੰ ਉਭਾਰਨ ਦੇ ਯਤਨ: ਚੱਢਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ‘ਚ ‘ਆਪ‘ ਦੀ ਸਰਕਾਰ ਬਣਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਦੋਂ ਤਿੰਨੇ ਪਾਰਟੀਆਂ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਪਾਰਟੀ ਮਿਲ ਕੇ ‘ਆਪ‘ ਨੂੰ ਰੋਕਣ ‘ਚ ਫੇਲ੍ਹ ਹੋ ਰਹੀਆਂ ਹਨ ਤਾਂ ਪ੍ਰਧਾਨ ਮੰਤਰੀ ਨੇ ਆਪਣੇ ਚਹੇਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿਚ ਚੌਥੀ ਪਾਰਟੀ ਵਜੋਂ ਉਤਾਰਨ ਦੀ ਤਿਆਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਅਕਾਲੀ ਦਲ ਬਾਦਲ ਅਤੇ ਕਾਂਗਰਸ ਸਮੇਤ ਕੈਪਟਨ ਦੀ ਪਾਰਟੀ ਦਾ ਰਿਮੋਟ ਕੰਟਰੋਲ ਨਰਿੰਦਰ ਮੋਦੀ ਦੇ ਹੱਥ ‘ਚ ਹੈ।