ਨਵੀਂ ਪਾਰਟੀ ਬਾਰੇ ਐਲਾਨ ਪਿੱਛੋਂ ਕਾਂਗਰਸ ਵੱਲੋਂ ਕੈਪਟਨ ਦੀ ਘੇਰਾਬੰਦੀ

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਵਿਵਾਦ ਵਧਦਾ ਹੀ ਜਾ ਰਿਹਾ ਹੈ। ਕੈਪਟਨ ਦੇ ਕਾਂਗਰਸ ਖਿਲਾਫ ਬੋਲਣ ਤੋਂ ਬਾਅਦ ਪੰਜਾਬ ਕਾਂਗਰਸ ਕੈਪਟਨ ਖਿਲਾਫ ਲਾਮਬੰਦ ਹੋ ਗਈ ਹੈ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਚਾਰ ਸਾਲ ਮੁੱਖ ਮੰਤਰੀ ਰਹੇ ਤਾਂ ਸਭ ਕੁਝ ਠੀਕ ਰਿਹਾ ਪਰ ਜਦ ਕੁਰਸੀ ਗਈ ਤਾਂ ਪੰਜਾਬ ਨੂੰ ਪਾਕਿਸਤਾਨ ਤੋਂ ਖਤਰਾ ਖੜ੍ਹਾ ਹੋ ਗਿਆ। ਇਹ ਖਤਰਾ ਉਦੋਂ ਕਿਉਂ ਖੜ੍ਹਾ ਨਹੀਂ ਹੋਇਆ ਜਦੋਂ ਆਰੂਸਾ ਆਲਮ ਚੰਡੀਗੜ੍ਹ ਸਥਿਤ ਸਰਕਾਰੀ ਘਰ ਵਿਚ ਰਹਿੰਦੀ ਰਹੀ।
ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ‘ਮੌਕਾਪ੍ਰਸਤ` ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਨਾਲ ਧ੍ਰੋਹ ਕਮਾ ਰਹੇ ਸਨ। ਅਮਰਿੰਦਰ ਨੇ ਲੰਘੇ ਦਿਨੀਂ ਇਕ ਟਵੀਟ `ਚ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਅਮਰਿੰਦਰ ਨੇ ਸੰਕੇਤ ਦਿੱਤਾ ਸੀ ਕਿ ਉਹ ਭਾਜਪਾ ਤੇ ਅਕਾਲੀ ਦਲ ਨਾਲੋਂ ਵੱਖ ਹੋਏ ਢੀਂਡਸਾ ਤੇ ਬ੍ਰਹਮਪੁਰਾ ਧੜਿਆਂ ਨਾਲ ਹੱਥ ਮਿਲਾ ਸਕਦੇ ਹਨ। ਦੋ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਅਮਰਿੰਦਰ ਨੇ ਐਲਾਨ ਕੀਤਾ ਸੀ ਕਿ ਉਹ ‘ਆਪਣੇ ਲੋਕਾਂ ਤੇ ਆਪਣੇ ਸੂਬੇ` ਦਾ ਭਵਿੱਖ ਸੁਰੱਖਿਅਤ ਬਣਾਉਣ ਤੱਕ ਟਿਕ ਕੇ ਨਹੀਂ ਬੈਠਣਗੇ।
ਉਪ ਮੁੱਖ ਮੰਤਰੀ ਰੰਧਾਵਾ ਨੇ ਅਮਰਿੰਦਰ ਵੱਲੋਂ ਕੀਤੇ ਐਲਾਨ ਦੇ ਪ੍ਰਤੀਕਰਮ ਵਿੱਚ ਕਿਹਾ, ‘’ਕੈਪਟਨ ਅਮਰਿੰਦਰ ਸਿੰਘ ਮੌਕਾਪ੍ਰਸਤ ਆਗੂ ਹਨ, ਜੋ ਸਿਰਫ ਖੁਦ, ਆਪਣੇ ਪਰਿਵਾਰ ਤੇ ਆਪਣੇ ਦੋਸਤਾਂ ਬਾਰੇ ਹੀ ਸੋਚਦੇ ਹਨ।“ ਅਮਰਿੰਦਰ ਵੱਲੋਂ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੀਟਿੰਗ ਦੇ ਹਵਾਲੇ ਨਾਲ ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਕਿਸਾਨ ਅੰਦੋਲਨ ਨੂੰ ਹੱਲ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਬੀ.ਐਸ.ਐਫ. ਦਾ ਦਾਇਰਾ ਵਧਾਉਣ ਪਿੱਛੇ ਅਮਰਿੰਦਰ ਸਿੰਘ ਦਾ ਹੱਥ ਸੀ।
ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ‘ਘਾੜਾ` ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ `ਚ ਲਿਆਉਣ ਵਾਲਾ ਅਮਰਿੰਦਰ ਹੈ ਤੇ ਇਕ ਦੋ ਵੱਡੇ ਕਾਰਪੋਰੇਟਾਂ ਨੂੰ ਲਾਹਾ ਦੇਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਤੇ ਕਿਰਤੀਆਂ ਨੂੰ ਤਬਾਹ ਕਰਨ ਲਈ ਵੀ ਸਾਬਕਾ ਮੁੱਖ ਮੰਤਰੀ ਜ਼ਿੰਮੇਵਾਰ ਹੈ। ਚੇਤੇ ਰਹੇ ਕਿ ਸਾਬਕਾ ਮੁੱਖ ਮੰਤਰੀ ਨੇ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਨਵਜੋਤ ਸਿੰਘ ਸਿੱਧੂ `ਤੇ ਨਿਸ਼ਾਨੇ ਸੇਧੇ ਸਨ। ਕੈਪਟਨ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੀਟਾਂ ਦੀ ਵੰਡ ਲਈ ਭਾਜਪਾ ਸਮੇਤ ਨਾਰਾਜ਼ ਅਕਾਲੀ ਧੜਿਆਂ ਨਾਲ ਹੱਥ ਮਿਲਾਉਣ ਅਤੇ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਕੀਤੇ ਐਲਾਨ ਕਰਕੇ ‘ਕਾਂਗਰਸ` ਦੇ ਨਿਸ਼ਾਨੇ `ਤੇ ਆ ਗਏ ਹਨ। ਸਿੱਧੂ ਨੇ ਸਾਬਕਾ ਮੁੱਖ ਮੰਤਰੀ ਦੇ ਹਵਾਲੇ ਨਾਲ ਕੀਤੇ ਟਵੀਟ ਵਿੱਚ ਕਿਹਾ, ‘’ਤਿੰਨ ਕਾਲੇ ਕਾਨੂੰਨਾਂ ਦਾ ਨਿਰਮਾਤਾ…ਜੋ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ `ਚ ਲੈ ਕੇ ਆਇਆ…ਜਿਸ ਨੇ ਇਕ ਦੋ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਤੇ ਕਿਰਤੀਆਂ ਨੂੰ ਤਬਾਹ ਕੀਤਾ।“
ਸਿੱਧੂ ਨੇ ਟਵੀਟ ਨਾਲ ਸਿੱਧੂ ਦੀ ਇਕ ਪੁਰਾਣੀ ਵੀਡੀਓ ਵੀ ਅਪਲੋਡ ਕੀਤੀ ਹੈ, ਜਿਸ ਵਿਚ ਉਹ ‘ਫੀਲਡ ਟੂ ਫੌਰਕ` ਪ੍ਰੋਗਰਾਮ ਤਹਿਤ ਕੁਝ ਸਬਜ਼ੀਆਂ ਦੀਆਂ ਫਸਲਾਂ ਬਾਰੇ ਗੱਲ ਕਰਦੇ ਸੁਣਦੇ ਹਨ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਮਰਿੰਦਰ ਨੂੰ ‘ਮੌਕਾਪ੍ਰਸਤ` ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਅਮਰਿੰਦਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਨਾਲ ਧ੍ਰੋਹ ਕਮਾ ਰਹੇ ਸਨ। ਅਮਰਿੰਦਰ ਸਿੰਘ ਨੇ ਸਿੱਧੂ ਨਾਲ ਜਾਰੀ ਟਕਰਾਅ ਤੇ ਪਾਰਟੀ ਵਿਚਲੇ ਕਾਟੋ-ਕਲੇਸ਼ ਦੇ ਮੱਦੇਨਜਰ ਪਿਛਲੇ ਮਹੀਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਾਰਟੀ ਹਾਈ ਕਮਾਨ ਨੇ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਥਾਪ ਦਿੱਤਾ ਸੀ।