ਪੰਜਾਬੀ ਨੂੰ ਮਾਈਨਰ ਵਿਸ਼ੇ ਤਹਿਤ ਰੱਖਣ ਖਿਲਾਫ ਰੋਹ ਭਖਿਆ

ਚੰਡੀਗੜ੍ਹ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਵੱਲੋਂ ਪੰਜਾਬੀ ਭਾਸ਼ਾ ਨੂੰ ਮਾਈਨਰ ਵਿਸ਼ੇ ਵਿਚ ਰੱਖਣ ਦਾ ਮਾਮਲਾ ਭਖ ਗਿਆ ਹੈ। ਪੰਜਾਬ ਦੀਆਂ ਸਿਆਸੀ ਧਿਰਾਂ ਸਮੇਤ ਪੰਜਾਬੀ ਚਿੰਤਕਾਂ ਨੇ ਕੇਂਦਰ ਸਰਕਾਰ ਦੀ ਪੰਜਾਬ ਤੇ ਪੰਜਾਬੀ ਭਾਸ਼ਾ ਨਾਲ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਨੌਜਵਾਨ ਪੀੜ੍ਹੀ ਦੇ ਪੰਜਾਬੀ ਪੜ੍ਹਨ ਦੇ ਅਧਿਕਾਰਾਂ ਦੇ ਉਲਟ ਦੱਸਿਆ ਹੈ। ਮੁੱ

ਖ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਸੀ.ਬੀ.ਐਸ.ਈ. ਦਾ ਫੈਸਲਾ ਸੰਵਿਧਾਨ ਦੀ ਸੰਘੀ ਭਾਵਨਾ ਦੀ ਉਲੰਘਣਾ ਹੈ, ਜਿਸ ਵਿਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਤ ਭਾਸ਼ਾ ਪੜ੍ਹਨ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਤੇ ਉਹ ਇਸ ਦੀ ਨਿਖੇਧੀ ਕਰਦੇ ਹਨ। ਇਹ ਪਹਿਲੀ ਵਾਰ ਹੈ ਕਿ ਸੀ.ਬੀ.ਐਸ.ਈ. ਨੇ ਪ੍ਰੀਖਿਆਵਾਂ ਵੇਲੇ ਵਿਸ਼ਿਆਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ। ਇਸ ਵਾਰ ਹਿੰਦੀ ਨੂੰ ਛੱਡ ਕੇ ਬਾਕੀ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ਵਿਚ ਰੱਖਿਆ ਗਿਆ ਹੈ। ਇਸ ਸਬੰਧੀ ਬੋਰਡ ਨੇ ਕਿਹਾ ਕਿ ਜੇ ਵਿਸ਼ਿਆਂ ਨੂੰ ਦੋ ਵਰਗਾਂ ਵਿਚ ਨਾ ਵੰਡਿਆ ਜਾਂਦਾ ਤਾਂ ਪ੍ਰੀਖਿਆਵਾਂ ਸਮਾਪਤ ਹੋਣ ਨੂੰ ਲੰਬਾ ਸਮਾਂ ਲੱਗਣਾ ਸੀ। ਇਸ ਦੇ ਜਵਾਬ ਵਿਚ ਪੰਜਾਬੀ ਦੇ ਅਧਿਆਪਕਾਂ ਨੇ ਕਿਹਾ ਕਿ ਜੇ ਵਿਦਿਆਰਥੀ ਨੇ ਪੰਜ ਵਿਸ਼ਿਆਂ ਦੀ ਪ੍ਰੀਖਿਆ ਦੇਣੀ ਹੈ ਤਾਂ ਉਹ ਛੇਵੇਂ ਵਿਸ਼ੇ ਦੀ ਪ੍ਰੀਖਿਆ ਵੀ ਦੇ ਸਕਦੇ ਹਨ ਤੇ ਦੋਹਾਂ ਹਾਲਾਤ ਵਿਚ ਪੇਪਰ ਸੀ.ਬੀ.ਐਸ.ਈ. ਨੇ ਹੀ ਭੇਜਣਾ ਹੈ। ਇਸ ਨਾਲ ਸਮਾਂ ਕਿਵੇਂ ਬਚੇਗਾ।
ਪੰਜਾਬੀ ਦੇ ਉਘੇ ਪੱਤਰਕਾਰ ਗੁਰਬਚਨ ਸਿੰਘ ਭੁੱਲਰ ਨੇ ਦੱਸਿਆ ਕਿ ਭਾਰਤ ਦੀ ਤ੍ਰਾਸਦੀ ਹੈ ਕਿ ਇਥੇ ਭਾਸ਼ਾ ਬਾਰੇ ਫੈਸਲੇ ਭਾਸ਼ਾ ਵਿਗਿਆਨੀ ਨਹੀਂ ਕਰਦੇ ਸਗੋਂ ਸਿਆਸਤਦਾਨ ਕਰਦੇ ਹਨ। ਪੰਜਾਬੀ ਨਾਲ ਤਾਂ ਸ਼ੁਰੂ ਤੋਂ ਹੀ ਅਨਿਆਂ ਹੁੰਦਾ ਆਇਆ ਹੈ। ਪੰਜਾਬ ਦੇ ਸਕੂਲਾਂ ਵਿਚ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ ਤੇ ਹੁਣ ਸੀ.ਬੀ.ਐਸ.ਈ. ਨੇ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ੇ ਵਿਚ ਰੱਖ ਕੇ ਮਾਤ ਭਾਸ਼ਾ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬੀ ਦੇ ਉਘੇ ਕਵੀ ਸੁਰਜੀਤ ਪਾਤਰ ਨੇ ਸੀ.ਬੀ.ਐਸ.ਈ. ਵੱਲੋਂ ਪੰਜਾਬੀ ਵਿਸ਼ੇ ਨੂੰ ਮਾਈਨਰ ਵਿਸ਼ੇ ਵਿਚ ਰੱਖਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੀ.ਬੀ.ਐਸ.ਈ. ਦੇ ਇਸ ਫੈਸਲੇ ਨਾਲ ਪੰਜਾਬੀ ਪੜ੍ਹਨ ਵਾਲੇ ਬੱਚੇ ਹੀਣ ਭਾਵਨਾ ਦੇ ਸ਼ਿਕਾਰ ਹੋਣਗੇ। ਉਨ੍ਹਾਂ ਕਿਹਾ ਕਿ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ੇ ਵਿਚ ਰੱਖਣਾ ਗਲਤ ਹੈ ਅਤੇ ਦੇਸ਼ ਭਰ ਦੀਆਂ ਖੇਤਰੀ ਭਾਸ਼ਾਵਾਂ ਦੀ ਹੋਂਦ ਬਚਾਉਣ ਲਈ ਕੌਮੀ ਨੀਤੀ ਬਣਨੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਪੰਜਾਬੀ ਨੂੰ ਮਾਈਨਰ ਵਿਸ਼ਾ ਬਣਾਉਣ ਬਾਰੇ ਆਪਣਾ ਫੈਸਲਾ ਵਾਪਸ ਲਵੇ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਸਲਾ ਸੰਵਿਧਾਨ ਦੀ ਉਸ ਭਾਵਨਾ ਦੇ ਖਿਲਾਫ ਹੈ, ਜਿਸ ਸਦਕਾ ਸੂਬਾਈ ਭਾਸ਼ਾਵਾਂ ਨੂੰ ਉਨ੍ਹਾਂ ਦੇ ਸਬੰਧਤ ਸੂਬਿਆਂ ਵਿਚ ਤਰਜੀਹ ਦਿੰਦੇ ਸੰਘੀ ਸਿਧਾਤਾਂ ਨੂੰ ਮਹੱਤਵ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਮਾਈਨਰ ਵਿਸ਼ਾ ਬਣਾ ਕੇ ਬੋਰਡ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੌਕੇ ਤੋਂ ਵਾਂਝਾ ਕਰ ਦਿੱਤਾ ਹੈ, ਜੋ ਪੰਜਾਬੀ ਨੂੰ ਪ੍ਰਮੁੱਖ ਵਿਸ਼ਾ ਬਣਾਉਣਾ ਚਾਹੁੰਦੇ ਸਨ। ਡਾ. ਚੀਮਾ ਨੇ ਕਿਹਾ ਕਿ ਸੀ.ਬੀ.ਐਸ.ਈ. ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ, ਜਿਸ ਨਾਲ ਪੰਜਾਬੀ ਦੇ ਪੰਜਾਬ ਵਿਚ ਸਰਕਾਰੀ ਭਾਸ਼ਾ ਦੇ ਰੁਤਬੇ ਨੂੰ ਖੋਰਾ ਲੱਗਦਾ ਹੋਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੀ.ਬੀ.ਐਸ.ਈ. ਬੋਰਡ ਵੱਲੋਂ ਪੰਜਾਬੀ ਨੂੰ ਮਾਈਨਰ ਭਾਸ਼ਾ ਦਾ ਦਰਜਾ ਦੇ ਕੇ ਸਾਈਡ ਲਾਈਨ ਕਰਨਾ, ਪੰਜਾਬ ‘ਤੇ ਦੂਸਰਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ ਬੀ.ਐਸ.ਐਫ. ਨੂੰ ਪੰਜਾਬ ‘ਚ 50 ਕਿਲੋਮੀਟਰ ਤੱਕ ਕਾਰਵਾਈ ਕਰਨ ਦੇ ਅਧਿਕਾਰ ਦੇ ਕੇ ਪਹਿਲਾ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਦੀ ਚੁੱਪੀ ਹਜ਼ਮ ਨਹੀਂ ਹੋ ਰਹੀ। ਸਿਰਫ ਕੁਰਸੀ ਦੇ ਲਾਲਚ ‘ਚ ਉਹ ਪੰਜਾਬ ਨੂੰ ਕੇਂਦਰ ਹੱਥੀ ਸੌਂਪ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੁਬਾਰਾ ਪੰਜਾਬ ਦੀ ਸੱਤਾ ‘ਚ ਨਹੀਂ ਆਵੇਗੀ।
ਸੀ.ਬੀ.ਐਸ.ਈ. ਨੇ 10ਵੀਂ ਤੇ 12ਵੀਂ ਦੀਆਂ ਟਰਮ-1 ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਸੀ। ਡੇਟਸ਼ੀਟ ਮੁਤਾਬਕ 10ਵੀਂ ਜਮਾਤ ਦੇ ਮਾਈਨਰ ਵਿਸ਼ਿਆਂ ਦੀਆਂ ਪ੍ਰੀਖਿਆਵਾਂ 17 ਨਵੰਬਰ ਤੋਂ 7 ਦਸੰਬਰ ਜਦੋਂਕਿ 12ਵੀਂ ਜਮਾਤ ਦੀਆਂ 16 ਨਵੰਬਰ ਤੋਂ 30 ਦਸੰਬਰ ਤੱਕ ਹੋਣਗੀਆਂ। ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਲਈ ਕੁੱਲ ਮਿਲਾ ਕੇ ਕ੍ਰਮਵਾਰ 114 ਤੇ 75 ਵਿਸ਼ਿਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਨ੍ਹਾਂ ਵਿਚੋਂ 19 ਵਿਸ਼ੇ 12ਵੀਂ ਜਮਾਤ ਲਈ ਤੇ 9 ਵਿਸ਼ੇ ਦਸਵੀਂ ਜਮਾਤ ਲਈ ਪ੍ਰਮੁੱਖ ਵਿਸੇ ਹਨ। ਮਾਈਨਰ ਵਿਸ਼ਿਆਂ ਲਈ ਪ੍ਰੀਖਿਆ ਸਕੂਲਾਂ ਵੱਲੋਂ ਲਈ ਜਾਵੇਗੀ, ਪ੍ਰਸ਼ਨ ਪੱਤਰ ਬੋਰਡ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ।