ਗੁਰਪ੍ਰੀਤ ਸਿੰਘ
ਅਨੁਵਾਦ: ਬੂਟਾ ਸਿੰਘ
ਅਸੀਂ ਨਵੰਬਰ ਦੇ ਪਹਿਲੇ ਹਫਤੇ ਵੱਲ ਵਧ ਰਹੇ ਹਾਂ, ਜਦੋਂ ਸਿੱਖ ਕਤਲੇਆਮ ਹੋਏ ਨੂੰ 37 ਸਾਲ ਹੋ ਜਾਣਗੇ, ਤਾਂ ਜਿਨ੍ਹਾਂ ਵਿਦਵਾਨਾਂ ਨੇ ਇਸ ਦੁਖਾਂਤ ਦੀ ਤਸਵੀਰ ਦਸਤਾਵੇਜ਼ੀ ਰੂਪ ਵਿਚ ਪੇਸ਼ ਕੀਤੀ, ਉਹ ਭਾਰਤੀ ਜੇਲ੍ਹ ਵਿਚੋਂ ਆਪਣੀ ਰਿਹਾਈ ਲਈ ਸੰਘਰਸ਼ ਕਰ ਰਿਹਾ ਹੈ।
ਗੌਤਮ ਨਵਲਖਾ ਜਿਸ ਨੂੰ ਅਪਰੈਲ 2020 ਵਿਚ ਹੋਰ ਮੁੱਖ ਵਿਦਵਾਨਾਂ ਅਤੇ ਸਮਾਜਕ ਨਿਆਂ ਨੂੰ ਸਮਰਪਿਤ ਕਾਰਕੁਨਾਂ ਨਾਲ ਝੂਠੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਇਸ ਵਕਤ ਮੁੰਬਈ ਨੇੜੇ ਤਲੋਜਾ ਜੇਲ੍ਹ ਵਿਚ ਬੰਦ ਹੈ। ਉਸ ਦਾ ਗੁਨਾਹ ਸਿਰਫ ਇਹ ਹੈ ਕਿ ਉਸ ਨੇ ਸੱਤਾ ‘ਤੇ ਸਵਾਲ ਉਠਾਉਣ ਦੀ ਹਿੰਮਤ ਕੀਤੀ ਸੀ ਅਤੇ ਉਹ ਹਮੇਸ਼ਾ ਘੱਟ ਗਿਣਤੀਆਂ ਤੇ ਮਜ਼ਲੂਮਾਂ ਲਈ ਖੜ੍ਹਦਾ ਸੀ।
ਸਿਹਤ ਸਮੱਸਿਆਵਾਂ ਅਤੇ ਜੇਲ੍ਹਾਂ ਵਿਚ ਮਹਾਮਾਰੀ ਦੇ ਖਤਰੇ ਦੇ ਬਾਵਜੂਦ, ਉਸ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਸ ਨੂੰ ਅਦਾਲਤਾਂ ਤੋਂ ਵੀ ਕੋਈ ਰਾਹਤ ਨਹੀਂ ਮਿਲੀ ਹੈ।
ਗੌਤਮ ਨਵਲਖਾ ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ (ਪੀ.ਯੂ.ਡੀ.ਆਰ.) ਨਾਲ ਜੁੜੇ ਹੋਏ ਹਨ ਜਿਸ ਨੇ 1984 ਵਿਚ ਸਿੱਖਾਂ ਦੇ ਕਤਲੇਆਮ ਤੋਂ ਤੁਰੰਤ ਬਾਅਦ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀ.ਯੂ.ਸੀ.ਐਲ.) ਨਾਲ ਮਿਲ ਕੇ ਸਿੱਖ ਕਤਲੇਆਮ ਬਾਰੇ ਬਹੁਤ ਅਹਿਮ ਰਿਪੋਰਟ ਪ੍ਰਕਾਸ਼ਤ ਕੀਤੀ ਸੀ।
31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਗ ਰੱਖਿਅਕਾਂ ਵੱਲੋਂ ਕਤਲ ਤੋਂ ਬਾਅਦ ਸਿਆਸੀ ਗੁੰਡਿਆਂ ਨੇ ਪੂਰੇ ਭਾਰਤ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ। ‘ਹੂ ਆਰ ਦਿ ਗਿਲਟੀ’ (ਦੋਸ਼ੀ ਕੌਣ?) ਸ਼ਾਇਦ ਪਹਿਲੀ ਪ੍ਰਮਾਣਿਕ ਫੀਲਡ ਰਿਪੋਰਟ ਸੀ ਜਿਸ ਵਿਚ ਸਿੱਖ ਵਿਰੋਧੀ ਹਿੰਸਾ ਵਿਚ ਭਾਰਤੀ ਸਟੇਟ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ।
ਗੌਤਮ ਨਵਲਖਾ ਜੋ ਪੱਤਰਕਾਰ ਅਤੇ ਲੇਖਕ ਹਨ, ਸਿੱਖ ਕਤਲੇਆਮ `ਚ ਸ਼ਾਮਿਲ ਬਾਰਸੂਖ ਸਿਆਸੀ ਹਸਤੀਆਂ ਦੇ ਨਾਮ ਸਾਹਮਣੇ ਲਿਆਉਣ ਦੀ ਆਪਣੀ ਪੁਜ਼ੀਸ਼ਨ `ਤੇ ਸਦਾ ਅਡੋਲ ਰਹੇ, ਭਾਵੇਂ ਦੂਜਿਆਂ ਨੇ ਇਸ ਬਾਰੇ ਸੰਕੋਚ ਦਾ ਪ੍ਰਗਟਾਵਾ ਕੀਤਾ ਸੀ। ਉਹ ਹਮੇਸ਼ਾ ਇਹ ਕਹਿੰਦੇ ਰਹੇ ਹਨ ਕਿ ਹਾਲਾਂਕਿ ਇਹ ਉਸ ਵਕਤ ਦੀ ਖੁਦ ਨੂੰ ਧਰਮ ਨਿਰਪੱਖ ਕਾਂਗਰਸ ਸਰਕਾਰ ਸੀ ਜੋ ਕਤਲੇਆਮ ਲਈ ਸਿੱਧੇ ਤੌਰ `ਤੇ ਜ਼ਿੰਮੇਵਾਰ ਸੀ ਪਰ ਮੌਜੂਦਾ ਸੱਤਾਧਾਰੀ ਹਿੰਦੂ ਰਾਸ਼ਟਰਵਾਦੀ ਭਾਜਪਾ ਦੇ ਮੈਂਬਰਾਂ ਨੇ ਇਕ ਖਾਸ ਘੱਟਗਿਣਤੀ ਸਮੂਹ ਨੂੰ ਹਿੰਸਾ ਦਾ ਨਿਸ਼ਾਨਾ ਬਣਾਏ ਜਾਣ ਸਮੇਂ ਜੋ ਚੁੱਪ ਵੱਟੀ ਜਾਂ ਸਿੱਧੀ ਹਮਾਇਤ ਕੀਤੀ, ਉਸ ਕਾਰਨ ਉਨ੍ਹਾਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।
ਜ਼ਿਕਰਯੋਗ ਹੈ ਕਿ ਇਸ ਕਤਲੇਆਮ ਤੋਂ ਬਾਅਦ ਕਾਂਗਰਸ ਨੇ ਹਿੰਦੂ ਬਹੁਗਿਣਤੀ ਦੀ ਪਾਲਾਬੰਦੀ ਅਤੇ ਸਿੱਖ ਵਿਰੋਧੀ ਲਹਿਰ `ਤੇ ਸਵਾਰ ਹੋ ਕੇ ਭਾਰੀ ਬਹੁਮਤ ਨਾਲ ਆਮ ਚੋਣਾਂ ਜਿੱਤੀਆਂ ਸਨ। ਭਾਜਪਾ ਦਾ ਉਦੋਂ ਚੋਣ ਹਾਰਨਾ ਦੱਸਦਾ ਹੈ ਕਿ ਕਿਵੇਂ ਇਸ ਦਾ ਵੋਟ ਸ਼ੇਅਰ ਲਹੂ ਨਾਲ ਲਿੱਬੜੇ ਹੱਥਾਂ ਵਾਲੀ ਕਾਂਗਰਸ ਦੇ ਹੱਕ `ਚ ਭੁਗਤ ਗਿਆ ਸੀ। ਇਸ ਤਰ੍ਹਾਂ ਕਤਲੇਆਮਾਂ ਲਈ ਸਜ਼ਾ ਤੋਂ ਛੋਟ ਦਾ ਦੌਰ ਸ਼ੁਰੂ ਹੋ ਗਿਆ ਸੀ।
ਗੱਲ ਉਥੇ ਹੀ ਖਤਮ ਨਹੀਂ ਹੋਈ। ਗੌਤਮ ਨਵਲਖਾ ਕਈ ਸਾਲਾਂ ਤੋਂ ਇਕ ਖਾਸ ਤਰ੍ਹਾਂ ਦੇ ਨਮੂਨੇ ਦਾ ਪਰਦਾਫਾਸ਼ ਕਰਦੇ ਆ ਰਹੇ ਹਨ ਜੋ ਭਾਰਤ ਵਿਚ ਬਿਗਾਨੇਪਣ `ਚ ਧੱਕੀਆਂ ਘੱਟਗਿਣਤੀਆਂ ਦੇ ਵਰਤਾਰੇ ਪਿੱਛੇ ਕੰਮ ਕਰਦਾ ਹੈ ਅਤੇ ਉਹ ਆਪਣੀਆਂ ਲਿਖਤਾਂ ਰਾਹੀਂ ਲੋਕਾਂ ਨੂੰ ਇਹ ਯਾਦ ਦਿਵਾਉਣ ਵਿਚ ਕਦੇ ਅਸਫਲ ਨਹੀਂ ਹੋਏ ਕਿ ਕਿਵੇਂ ਕਤਲੇਆਮ 1984 ਨੇ ਇਸ ਦੀ ਲੀਹ ਪਾਈ ਸੀ। 2002 ਵਿਚ ਗੁਜਰਾਤ ਵਿਚ ਭਾਜਪਾ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਨਿਗਰਾਨੀ ਹੇਠ ਮੁਸਲਮਾਨਾਂ ਵਿਰੁੱਧ ਐਸੀ ਹੀ ਹਿੰਸਾ ਦੇਖੀ ਗਈ ਜਿਸ ਦੇ 2014 `ਚ ਪ੍ਰਧਾਨ ਮੰਤਰੀ ਵਜੋਂ ਸੱਤਾ ਵਿਚ ਆਉਣ ਨੂੰ ਸਿੱਖ ਕਤਲੇਆਮ ਦੇ ਵਿਸ਼ਲੇਸ਼ਣ ਦੁਆਰਾ ਹੀ ਸਮਝਿਆ ਜਾ ਸਕਦਾ ਹੈ। ਨਵਲਖਾ ਲਗਾਤਾਰ ਛਪਦੇ ਰਹਿਣ ਵਾਲੇ ਲੇਖਕ ਹਨ ਅਤੇ ਉਹ ‘ਨਿਊਜ਼ਕਲਿਕ’ ਅਤੇ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ ਲਈ ਨਿਸ਼ਾਨੇ `ਤੇ ਚੋਟ ਲਾਉਣ ਵਾਲੇ ਪ੍ਰਭਾਵਸ਼ਾਲੀ ਕਾਲਮਾਂ ਲਿਖਦੇ ਰਹੇ ਹਨ। ਹਿੰਦੂ ਸਰਬੋਤਮ ਹੋਣ ਦੇ ਹੰਕਾਰ ਵਿਚ ਗ੍ਰਸੀ ਸਰਕਾਰ ਦੇ ਅਧੀਨ ਹੁਣ ਧਾਰਮਿਕ ਘੱਟਗਿਣਤੀਆਂ ਅਤੇ ਰਾਜਨੀਤਿਕ ਤੌਰ `ਤੇ ਅਸੰਤੁਸ਼ਟ ਲੋਕਾਂ ਉੱਪਰ ਹਮਲੇ ਵਧੇ ਹਨ।
ਨਵਲਖਾ ਮੁਸਲਮਾਨਾਂ ਅਤੇ ਦਲਿਤਾਂ ਅਤੇ ਆਦਿਵਾਸੀਆਂ ਵਰਗੇ ਹਾਸ਼ੀਏ `ਤੇ ਧੱਕੇ ਸਮੂਹ ਨੂੰ ਦਬਾਏ ਜਾਣ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹੋਣ ਕਾਰਨ ਉਨ੍ਹਾਂ ਨੂੰ ਭਾਜਪਾ ਹਮਾਇਤੀਆਂ ਦੇ ਹਮਲਿਆਂ ਅਤੇ ਹਮਲਾਵਰ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਮੀਦ ਹੈ ਕਿ ਕੈਨੇਡੀਅਨ ਸਿਆਸਤਦਾਨ, ਖਾਸ ਕਰਕੇ ਸਿੱਖ ਵਿਰਸੇ ਵਾਲੇ ਲੋਕ ਜੋ 1984 ਨੂੰ ਯਾਦ ਕਰਨਾ ਨਹੀਂ ਭੁੱਲਦੇ, ਇਸ ਮਾਮਲੇ ਵੱਲ ਧਿਆਨ ਦੇਣਗੇ ਅਤੇ ਦੁਨੀਆ ਦੇ ਅਖੌਤੀ ਸਭ ਤੋਂ ਵੱਡੇ ਲੋਕਤੰਤਰ ਵੱਲੋਂ ਜੇਲ੍ਹਾਂ `ਚ ਡੱਕੇ ਗਏ ਗੌਤਮ ਨਵਲਖਾ ਅਤੇ ਹੋਰ ਵਿਦਵਾਨਾਂ ਦੀ ਰਿਹਾਈ ਲਈ ਆਵਾਜ਼ ਉਠਾਉਣਗੇ।