ਸੁਰਜੀਤ ਪਾਤਰ ਦੀ ਰਚਨਾ ਵਿਚ ਦਸਤਾਰ-ਚੇਤਨਾ

ਦੇਸ਼ ਦੇਸ਼ਾਂਤਰ ਜਿੱਥੇ ਜਾਵੋ, ਦਿਸ ਹੀ ਪੈਂਦੀਆਂ ਨੇ ਦਸਤਾਰਾਂ
ਡਾ. ਆਸਾ ਸਿੰਘ ਘੁੰਮਣ, ਨਡਾਲਾ
ਫੋਨ: 91-97798-53245
ਸਾਹਿਤਕਾਰ ਸਾਡੇ ਸਮਾਜ ਦੇ ਉਹ ਵਿਅਕਤੀ ਹੁੰਦੇ ਹਨ, ਜੋ ਬਹੁਤ ਸੰਵੇਦਨਸ਼ੀਲ ਸੁਪਨਸਾਜ਼ ਹੋਣ ਦੇ ਨਾਲ ਨਾਲ ਬੜੇ ਸੁਹਜ, ਸਹਿਜ ਅਤੇ ਸੂਝ-ਬੂਝ ਦੇ ਮਾਲਕ ਹੁੰਦੇ ਹਨ। ਉਨ੍ਹਾਂ ਅੰਦਰ ਇੱਕ ਐਸਾ ਸਮਾਜ ਸਿਰਜਣ ਦੀ ਤਮੰਨਾ ਹੁੰਦੀ ਹੈ, ਜਿੱਥੇ ਹਰ ਵਿਅਕਤੀ ਆਪਣੀਆਂ ਭਰਪੂਰ ਸੰਭਾਵਨਾਵਾਂ ਦੀ ਪ੍ਰਾਪਤੀ ਕਰ ਸਕੇ ਅਤੇ ਖੁਦ ਦੂਜਿਆਂ ਦੇ ਖੁਸ਼ਹਾਲੀ ਮਾਰਗ ਵਿਚ ਕੋਈ ਅੜਿਕਾ ਨਾ ਬਣੇ।

ਅਜਿਹਾ ਸਮਾਜ, ਜਿਸ ਵਿਚ ਨਾ ਸਿਰਫ ਆਰਥਿਕ ਬਰਾਬਰੀ ਹੀ ਹੋਵੇ, ਸਗੋਂ ਹਰ ਵਿਅਕਤੀ ਨੂੰ ਸਵੈ-ਮਾਨ ਭਰਪੂਰ ਸਮਾਜਿਕ ਅਤੇ ਸਭਿਆਚਾਰਕ ਜੀਵਨ ਬਤੀਤ ਕਰਨ ਦਾ ਸੰਪੂਰਨ ਹੱਕ-ਹਕੂਕ ਹੋਵੇ। ਜਿੱਥੇ ਆਪਣੇ ਅਕੀਦਿਆਂ ਨੂੰ ਨਿਭਾਉਣ ਵਿਚ ਅਹਿਸਾਸ-ਏ-ਕਮਤਰੀ ਨਾ ਹੋਵੇ; ਜਿੱਥੇ ਸੱਤਾ ਆਪਣੀ ਧੌਂਸ ਦਾ ਰੋਹਬ ਨਾ ਦਿਖਾਵੇ ਅਤੇ ਹਰੇਕ ਵਿਅਕਤੀ ਨੂੰ ਆਪਣੀ ਸ਼ਖਸੀ ਪ੍ਰਫੁੱਲਤਾ ਦੇ ਨਾਲ ਨਾਲ ਆਪਣੇ ਪਰਿਵਾਰ, ਕੁਨਬੇ, ਆਪਣੀ ਜਮਾਤ, ਆਪਣੇ ਧਰਮ ਦੀ ਅੰਤਰਗਤ ਸ਼ਕਤੀ ਪ੍ਰਾਪਤ ਕਰਨ ਵਿਚ ਕੋਈ ਬੇ-ਵਜ੍ਹਾ ਦੀ ਬਹਿਰੂਨੀ ਸ਼ਕਤੀ ਰੁਕਾਵਟ ਨਾ ਬਣੇ।
ਆਹਲਾ ਸਾਹਿਤਕਾਰ ਸੰਵੇਦਨਸ਼ੀਲ ਹੁੰਦਿਆਂ ਆਪਣੇ ਸਮਾਜ ਵਰਗਾ ਵੀ ਹੁੰਦਾ ਹੈ, ਪਰ ਸਮਾਜ ਵਿਚਲੇ ਬਦ ਅਨਸਰਾਂ ਨਾਲ ਹਰ ਵਕਤ ਜੰਗੀ ਅਵਸਥਾ ਵਿਚ ਵੀ ਰਹਿੰਦਾ ਹੈ। ਇਹ ਵੀ ਬਹੁਤ ਮਹੱਤਵਪੂਰਨ ਹੋ ਨਿਬੜਦਾ ਹੈ ਕਿ ਕੋਈ ਵਿਅਕਤੀ-ਵਿਸ਼ੇਸ਼ ਕਿਸ ਯੁੱਗ ਵਿਚ ਜੀਵਿਆ ਹੈ, ਕਿਉਂਕਿ ਬਾਹਰਲੇ ਹਾਲਾਤ ਦੇ ਘੜਨ-ਉਸਰਨ ਵਿਚ ਬਾਹਰੀ ਤਾਕਤਾਂ ਦਾ ਬਹੁਤ ਯੋਗਦਾਨ ਹੁੰਦਾ ਹੈ। ਸੰਜੀਦਾ ਸਾਹਿਤਕਾਰ ਇੱਕੋ ਸਮੇਂ ਕਈ ਜੰਗਾਂ ਲੜ ਰਿਹਾ ਹੁੰਦਾ ਹੈ। ਜੰਗ ਸਵੈ ਨੂੰ ਆਦਰਸ਼ਕ ਬਣਾਉਣ ਲਈ ਵੀ ਲੜੀ ਜਾ ਰਹੀ ਹੁੰਦੀ ਹੈ ਅਤੇ ਬਾਹਰੀ ਤਾਕਤਾਂ ਨੂੰ ਭਾਂਜ ਦੇਣ ਲਈ ਵੀ। ਇਹ ਜੰਗ “ਇੱਕ ਇੱਕ ਕਤਰੇ ਵਿਚ ਸਨ ਸੌ ਬਦੀਆਂ ਸੌ ਨੇਕੀਆਂ” ਦੇ ਖਿਲਾਫ ਕਤੱਈ ਅਤੇ ਕਦੀਮੀ ਕਸ਼ਮਕਸ਼ ਵੀ ਹੋ ਸਕਦੀ ਹੈ ਅਤੇ ਉਸ ਅਦਲੀ ਰਾਜੇ ਦੇ ਨਿਜ਼ਾਮ ਦੇ ਖਿਲਾਫ ਵੀ, ਜਿਸ ਦੇ ਦਰਵਾਜ਼ੇ ਤੱਕ ਪਹੁੰਚਣਾ ਹੀ ਨਾਮੁਮਕਿਨ ਬਣਿਆ ਹੋਵੇੇ। ਸਾਹਿਤਕਾਰ ਕੋਲ ਤੇਗ-ਤਲਵਾਰ ਦੇ ਰੂਪ ਵਿਚ ਸ਼ਸਤਰ ਨਹੀਂ ਹੁੰਦੇ, ਪਰ ਉਸ ਕੋਲ ਲਫਜ਼ਾਂ ਦੀ ਸੁਲਘਦੀ ਵਰਣਮਾਲਾ ਤਾਂ ਹੁੰਦੀ ਹੀ ਹੈ, ਜਿਸ ਦੇ ਤੀਰ ਉਹ ਆਪਣੇ ਤਰਕਸ਼ ਵਿਚੋਂ ਕੱਢ ਕੱਸ ਕੱਸ ਚਲਾਈ ਜਾਂਦਾ ਹੈ।
ਸੁਰਜੀਤ ਪਾਤਰ ਪੰਜਾਬ ਦਾ ਹਮੇਸ਼ ਸੁਰਜੀਤ ਰਹਿਣ ਵਾਲਾ ਉਹ ਕਵੀ ਹੈ, ਜਿਸ ਨੇ ਪੰਜਾਬੀ ਸਾਹਿਤ ਅਤੇ ਸਮਾਜ ਵਿਚ ਸਿਰਨਾਂਵੇਂ ਵਾਲਾ ਸਥਾਨ ਪ੍ਰਾਪਤ ਕੀਤਾ ਹੈ। ਉਹ “ਸਵੈ” ਤੋਂ ਉੱਠ ਕੇ “ਸਰਵ” ਤੱਕ ਪਹੁੰਚਦਾ ਹੈ। ਉਹ ਗੀਤ ਤੋਂ ਗਜ਼ਲ ਤੱਕ ਪਹੁੰਚਣ ਦੇ ਸਫਰ ਵਿਚ ਗਜ਼ਲ ਨੂੰ “ਮਹਿਬੂਬ ਨਾਲ ਗੁਫਤਗੂ” ਤੋਂ ਕਿਤੇ ਉੱਪਰਲੇ ਮੁਕਾਮ `ਤੇ ਲੈ ਜਾਂਦਾ ਹੈ। ਜਿੱਥੇ ਸਾਡਾ ਇਹ ਹਰਦਿਲ ਅਜੀਜ਼ ਸ਼ਾਇਰ ਗੀਤ/ਗਜ਼ਲ/ਕਵਿਤਾ ਨੂੰ ਮਰਦ-ਔਰਤ ਦੇ ਸਦੀਵੀ ਅਤੇ ਸੂਖਮ-ਭਾਵੀ ਸਬੰਧਾਂ ਲਈ ਵਰਤਦਾ ਹੈ, ਉਥੇ ਉਹ ਇਹ ਵਾਹਨ ਸਮ-ਕਾਲੀਨ ਸੰਕਟ ਅਤੇ ਗਮਗੀਨ ਗਹਿਗੱਚਤਾ ਲਈ ਏਨੀ ਖੂਬੀ ਨਾਲ ਵਰਤਦਾ ਹੈ ਕਿ ਪੰਜਾਬੀ ਗਜ਼ਲ ਨੂੰ ਉਹ ਇੱਕ ਵਿਸ਼ੇਸ਼ ਮੁਕਾਮ `ਤੇ ਪਹੁੰਚਾ ਦਿੰਦਾ ਹੈ। ਮਾਨਵ-ਵਾਦੀ ਸੋਚ ਅਖਤਿਆਰ ਕਰਨ ਦੇ ਨਾਲ ਨਾਲ ਉਸ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਉਹ ਪੰਜਾਬ ਦਾ ਸਪੂਤ ਬਣ ਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਫਲਸਫੇ ਵਿਚੋਂ ਮਾਰਕਸਵਾਦ ਵਿਚਾਰਧਾਰਾ ਦੇ ਅੰਸ਼ ਲੱਭਦਾ ਹੈ। ਉਹ ਮਾਰਕਸਵਾਦੀ ਅਤੇ ਅਗਾਂਹ-ਵਧੂ ਹੋਣ ਦੇ ਅਰਥ ਆਪਣੇ ਸਭਿਆਚਾਰਕ ਪ੍ਰਤੀਕਾਂ ਨੂੰ ਨਸ਼ਟ ਕਰਨ ਵਿਚ ਨਹੀਂ ਸਮਝਦਾ।
ਸੁਰਜੀਤ ਪਾਤਰ ਹੋਰ ਚੇਤੰਨ ਕਵੀਆਂ ਦੀ ਤਰ੍ਹਾਂ ਜਿੱਥੇ ਮਾਨਵਵਾਦੀ ਬੇਇਨਸਾਫੀਆਂ ਅਤੇ ਸਮਾਜਿਕ ਜਟਿਲ ਸਮੱਸਿਆਵਾਂ ਸਬੰਧੀ ਬੁਲੰਦ ਸ਼ਾਇਰੀ ਕਰਦਾ ਹੈ, ਉਥੇ ਉਸ ਅੰਦਰ ਪੰਜਾਬੀ ਪ੍ਰਵਿਰਤੀ ਅਤੇ ਪ੍ਰਕਿਰਤੀ ਪ੍ਰਤੀ ਸੰਜੀਵ ਚੇਤਨਾ ਹੈ। ਉਸ ਅੰਦਰ ਇਹ ਅਹਿਸਾਸ ਕਾਫੀ ਭਾਰੂ ਹੈ ਕਿ ਮਨੁੱਖ ਭਾਵੇਂ ਲੱਖ ਖੁਸ਼ਹਾਲ ਜੀਵਨ ਪਿਆ ਜੀਵੇ ਅਤੇ ਬੇ-ਪਨਾਹ ਪਦਾਰਥ ਪਿਆ ਭੋਗੇ, ਪਰ ਉਸ ਦਾ ਜੀਵਨ ਸੰਪੂਰਨ ਨਹੀਂ-ਜੇ ਧਰਤ ਬਿਗਾਨੀ ਹੈ, ਜ਼ੁਬਾਨ ਓਪਰੀ ਹੈ। ਜੇ ਕਾਰਵਾਂ ਨਿਰਮੋਹਿਆਂ ਦਾ ਹੈ ਅਤੇ ਰਹਿਣੀ ਸਹਿਣੀ ਵਿਚ ਵਡਿੱਕਿਆਂ ਦੇ ਸੰਸਕਾਰਾਂ ਦੀ ਰੰਗਤ ਨਹੀਂ।
ਸੁਰਜੀਤ ਪਾਤਰ ਭਾਵੇਂ ਸਾਹਿਤਕ ਹਲਕਿਆਂ ਵਿਚ ਪਹਿਲਾਂ ਹੀ ਮਕਬੂਲ ਸੀ, ਪਰ ਉਹ ਆਮ ਧਰਾਤਲ `ਤੇ ਉਦੋਂ ਹੀ ਬੁਲੰਦੀ ਪ੍ਰਾਪਤ ਕਰਦਾ ਹੈ, ਜਦੋਂ 1984 ਦੇ ਦੌਰ ਵਿਚ ਉਸ ਅੰਦਰ ਮਜ਼ਮੂਈ ਚੇਤਨਾ ਦਾ ਹੜ੍ਹ ਤੂਫਾਨ ਬਣ ਕੇ ਉੱਠਦਾ ਹੈ ਅਤੇ ਉਸ ਦੀ ਆਵਾਜ਼ ਵਿਸ਼ੇਸ਼ ਤੌਰ `ਤੇ ਸਿੱਖ ਪੰਜਾਬੀਆਂ ਦੇ ਘਰ-ਘਰ ਵਿਚ ਗੂੰਜਦੀ ਹੈ:
ਲੱਗੀ ਨਜ਼ਰ ਪੰਜਾਬ ਨੂੰ
ਏਦ੍ਹੀ ਨਜ਼ਰ ਉਤਾਰੋ
ਲੈ ਕੇ ਮਿਰਚਾਂ ਕੌੜੀਆਂ
ਏਦ੍ਹੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ
ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ
ਏਦ੍ਹੀ ਨਜ਼ਰ ਉਤਾਰੋ।
ਪੰਜਾਬ ਵਿਚ 1980ਵੇਂ ਦੇ ਦਹਾਕੇ ਵਿਚ ਵਾਪਰੀਆਂ ਖੂਨੀ ਘਟਨਾਵਾਂ ਸਦਕਾ ਉਸ ਦਹਾਕੇ ਨੂੰ ਖੂਨੀ ਦਹਾਕਾ ਕਿਹਾ ਜਾ ਸਕਦਾ ਹੈ। ਇਸ ਦਹਾਕੇ ਵਿਚ ਵਾਪਰੀਆਂ ਦਰਦਨਾਕ ਘਟਨਾਵਾਂ ਪੰਜਾਬ ਲਈ ਅਤੇ ਵਿਸ਼ੇਸ਼ ਤੌਰ `ਤੇ ਸਿੱਖਾਂ ਲਈ ਬਹੁਤ ਮਾਰੂ ਪ੍ਰਭਾਵ ਵਾਲੀਆਂ ਸਨ। ਧਰਮ-ਕੇਂਦਰਿਤ ਮਸਲਾ ਹੋਣ ਕਰਕੇ ਬਹੁਤ ਸਾਰੇ ਸਾਹਿਤਕਾਰ ਤਾਂ ਘੇਸਲ-ਵੱਟੀ ਬੈਠੇ ਰਹੇ ਅਤੇ ਕਈਆਂ ਨੇ ਰਾਸ਼ਟਰਵਾਦੀ ਤੇ ਵਿਸ਼ਾਲ-ਦ੍ਰਿਸ਼ਟੀ ਦੇ ਦੰਭ ਥੱਲੇ ਸਿੱਖ ਸੰਘਰਸ਼ ਦੀਆਂ ਹੱਕੀ ਮੰਗਾਂ ਅਤੇ ਦਾਅਵਿਆਂ ਪ੍ਰਤੀ ਵੀ ਲੂੰਬੜ-ਅੰਦਾਜ਼ ਅਪਨਾਇਆ, ਪਰ ਸੁਰਜੀਤ ਪਾਤਰ ਦੀ ਵਿਚਾਰ ਚੇਤਨਾ ਵਿਅਕਤੀਗਤ ਤੋਂ ਉੱਪਰ ਉੱਠ ਕੇ ਧਾਰਮਿਕ-ਸਮੂਹਿਕ ਚੇਤਨਾ ਤੱਕ ਜਾ ਪਹੁੰਚੀ। ਅਸਲ ਵਿਚ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਇਹ ਮਹੱਤਵਪੂਰਨ ਦੌਰ ਸੀ। ਇਹ ਉਹ ਸਮਾਂ ਸੀ, ਜਦੋਂ ਉਹ ਸ਼ਬਦ-ਕਲਾ ਦੀ ਤੇਗ ਉਠਾਉਂਦਾ ਹੋਇਆ ਪੰਜਾਬ ਸੰਕਟ ਦੀ ਅਤੇ ਇੱਕ ਵਿਲੱਖਣ ਕੌਮੀ ਕੰਨਸੈਪਟ ਦੀ ਸਮੀਖਿਆ ਛੋਟੀ ਜਿਹੀ ਕਵਿਤਾ ਵਿਚ ਬਾਖੂਬੀ ਕਰ ਦਿੰਦਾ ਹੈ। ਮਿਰਚਾਂ ਦਾ ਮੈਟਾਫਰ ਉਸ ਦਾ ਕਾਰਗਰ ਹਥਿਆਰ ਬਣ ਜਾਂਦਾ ਹੈ:
ਪਹਿਲੀ ਭਰਵੀਂ ਫਸਲ ਇਨ੍ਹਾਂ ਦੀ ਉਦੋਂ ਲੱਗੀ
ਜਦ ਅੱਧੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ ਬੀ ਗਏ ਖਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਢਣ ਵਾਲੇ ਕੌਣ ਸਨ, ਇਹ ਭੇਤ ਨਾ ਲੱਗਾ
ਪਰ ਬੇਦੋਸ਼ਾ ਖੂਨ ਤਾਂ ਪੱਗਾਂ ਸਿਰ ਲੱਗਾ।
ਇਨ੍ਹਾਂ ਕਾਵਿ-ਸਤਰਾਂ ਵਿਚ ਸੁਰਜੀਤ ਪਾਤਰ ਦੀ ਉਦੋਂ ਤੱਕ ਕੀਤੀ ਰਚਨਾ ਵਿਚ “ਪੱਗ” ਲਫਜ਼ ਪਹਿਲੀ ਵਾਰ ਆਉਂਦਾ ਹੈ। ਹਾਲਾਤ ਉਸ ਨੂੰ ਚੇਤੰਨ ਕਰਾ ਦਿੰਦੇ ਹਨ ਕਿ ਆਪਣੇ ਹੀ ਪੰਜਾਬ ਵਿਚ ਬੇਗਾਨਾ ਹੈ। “ਪੱਗ” ਵੱਖਰੀ ਕੌਮ ਦਾ ਪਛਾਣ-ਚਿੰਨ ਬਣ ਕੇ ਉੱਭਰਦਾ ਹੈ, ਇੱਕ ਵਿਸ਼ੇਸ਼ ਗੌਰਵਮਈ ਇਤਿਹਾਸ ਸਿਰਜਣਹਾਰੀ ਕੌਮ ਦਾ ਪਰਚਮ ਬਣ ਲਹਿਰਾਉਂਦਾ ਹੈ। ਕਵਿਤਾ ਅੱਗੇ ਤੁਰਦੀ ਹੈ:
ਵੱਢਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ।
ਇਸ ਧਰਮ-ਯੁੱਧ ਵਿਚ ਪੱਗਾਂ ਦਾ ਕਤਲ ਪੰਜਾਬ ਤੱਕ ਸੀਮਤ ਨਾ ਰਹਿ ਕੇ ਵਿਰਾਟ ਰੂਪ ਅਖਤਿਆਰ ਕਰ ਲੈਂਦਾ ਹੈ ਅਤੇ ਇਹ ਫਸਾਦ ਪੱਗੜੀਧਾਰੀ ਬਨਾਮ ਗੈਰ-ਪਗੜੀਧਾਰੀ ਬਣ ਜਾਂਦਾ ਹੈ। ਪੱਗ/ਪਗੜੀ/ਦਸਤਾਰ ਇੱਕ ਪ੍ਰਤੀਕ ਬਣ ਜਾਂਦੀ ਹੈ, ਜਿਸ ਨੂੰ ਮਧੋਲਣ ਲਈ ਬਹੁ-ਗਿਣਤੀ ਸਮਾਜ ਅਤੇ ਸਮੇਂ ਦੀ ਸਰਕਾਰ ਸਾਜਿਸ਼ਮਈ ਮਾਹੌਲ ਵਿਚ ਇੱਕ ਮੁੱਠ ਹੋ ਜਾਂਦੇ ਹਨ:
ਜਿੱਥੇ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਂਕ ਚੁਰਾਹੇ ਰੁਲਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ, ਮਿਰਚਾਂ ਨਾ ਸੜੀਆਂ।
ਕਿਸੇ ਵੀ ਸਮਾਜਕ ਪ੍ਰਾਣੀ ਦੀ ਰਹਿਣੀ-ਬਹਿਣੀ ਦੀ ਅਨਿੱਖੜਵੀਂ ਸੂਖਮ ਜਾਂ ਸਥੂਲ ਵਸਤ ਉਸ ਦੇ ਵਿਅਕਤਿਤਵ ਦਾ ਅਹਿਮ ਹਿੱਸਾ ਬਣ ਜਾਂਦੀ ਹੈ, ਚਾਹੇ ਉਹ ਬਾਣਾ ਹੋਵੇ ਜਾਂ ਅਕੀਦਤ ਦਸਤੂਰ। ਸਿੱਖ ਭਾਈਚਾਰੇ ਕੋਲ ਪੱਗ ਜਾਂ ਪਗੜੀ ਲਈ ਸ਼ਬਦ ਦਸਤਾਰ ਹੈ। ਸੁਰਜੀਤ ਪਾਤਰ ਖੁਦ ਸਿੱਖ ਪਰਿਵਾਰ ਵਿਚੋਂ ਹੈ, ਦਸਤਾਰ ਧਾਰੀ ਹੈ, ਇਸ ਲਈ ਉਹ ਜਦੋਂ ਚੇਤਨਾ ਵਜੋਂ ਸਿਰ-ਵਸਤਰ ਦੀ ਗੱਲ ਕਰਦਾ ਹੈ ਤਾਂ ਪੱਗ ਲਈ ਸ਼ਬਦ ਦਸਤਾਰ ਵਰਤਦਾ ਹੈ। ਇਸੇ ਪੁਸਤਕ “ਬਿਰਖ ਅਰਜ਼ ਕਰੇ” ਵਿਚ ਉਹ ਪੰਜਾਬ-ਦੁਖਾਂਤ ਦੇ ਦੌਰ ਵਿਚ ਦਸਤਾਰ-ਧਾਰੀਆਂ ਨਾਲ ਹੋ ਰਹੇ ਅਤਿਆਚਾਰ ਬਾਰੇ ਲਿਖਦਾ ਹੈ:
ਕੋਈ ਦਸਤਾਰ ਰੱਤ ਲਿਬੜੀ
ਕੋਈ ਤਲਵਾਰ ਆਈ ਹੈ,
ਲਿਆਓ ਸਰਦਲਾਂ ਤੋਂ ਚੁੱਕ ਕੇ
ਅਖਬਾਰ ਆਈ ਹੈ।
ਸੁਰਜੀਤ ਪਾਤਰ ਦੀ ਕਵਿਤਾ ਉੱਪਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਹਿਰਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ। ਉਸ ਦੇ ਚਿੰਤਨ ਦੀਆਂ ਗਹਿਰਾਈਆਂ ਵਿਚ ਰਬਾਬ ਟੁਣਕਦੀ ਹੈ, ਬਾਣੀਆਂ ਦਾ ਪਾਣੀਆਂ ਉੱਪਰ ਛਲਕਦਾ ਅਹਿਸਾਸ ਤਰੰਗਾਂ ਛੇੜਦਾ ਹੈ। ਉਸ ਨੂੰ ਅਰਦਾਸਾਂ ਦੇ ਸਮਰੱਥ ਹੋਣ ਦਾ ਵੀ ਇਲਮ ਹੈ ਅਤੇ ਸਾਜ਼ਾਂ ਦੇ ਇਲਾਹੀ ਰਾਜ਼ਾਂ ਦਾ ਵੀ। ਉਹ ਦਸਤਾਰ ਅਤੇ ਕਲਗੀ ਦੇ ਗਹਿਰੇ ਰਿਸ਼ਤੇ ਤੋਂ ਵੀ ਵਾਕਫ ਹੈ ਅਤੇ ਰਬਾਬ ਤੋਂ ਤਲਵਾਰ ਤੱਕ ਦੇ ਸਫਰ ਦਾ ਵੀ। ਇਸੇ ਕਾਵਿ-ਸੰਗ੍ਰਹਿ ਵਿਚਲੀ “ਚਾਂਦਨੀ ਚੌਂਕ” ਨਾਮੀ ਕਵਿਤਾ ਵਿਚ ਉਹ ਲਿਖਦਾ ਹੈ:
ਜਿਸ ਤੇਗ ਦੇ ਘਾਟ ਉਤਰੇ
ਉਸ ਤੇਗ ਤੋਂ ਖੂਨ ਨਹੀਂ ਸੁਕਦਾ
ਦਸਤਾਰ ਸਜਾ ਕੇ ਆ ਜਾਵੇ
ਭਾਵੇਂ ਤਿਲਕ ਲਗਾ ਕੇ ਆ ਜਾਵੇ
ਸਾਥੋਂ ਔਰੰਗਜ਼ੇਬ ਨਹੀਂ ਲੁਕਦਾ।
ਸ਼ਾਇਰੀ ਦੇ ਮਾਮਲੇ ਵਿਚ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਾਹਿਤਕਾਰ ਅਤੇ ਖਾਸ ਤੌਰ `ਤੇ ਕਵੀ ਆਪਣੇ ਨਿੱਜੀ ਹਾਵਾਂ-ਭਾਵਾਂ-ਚਾਵਾਂ ਅਤੇ ਜਜ਼ਬਾਤ ਦੀ ਤਰਜਮਾਨੀ ਤੋਂ ਉਤਾਂਹ ਨਹੀਂ ਉੱਠਦਾ, ਪਰ ਸੁਰਜੀਤ ਪਾਤਰ ਨੂੰ ਅਹਿਸਾਸ ਹੈ ਕਿ ਜਮਾਤ-ਚੇਤਨਾ ਅਤੇ ਜਗਤ-ਚੇਤਨਾ ਤੋਂ ਬਿਨਾ ਪੂਰਨ ਸਾਹਿਤਕਾਰ ਨਹੀਂ ਅਖਵਾਇਆ ਜਾ ਸਕਦਾ। ਉਹ ਲਿਖਦਾ ਹੈ:
“ਮੇਰੀ ਕਵਿਤਾ ਮੇਰੇ ਮਨ ਦੇ
ਹਰ ਮੌਸਮ ਦੀ ਵਿਥਿਆ ਹੈ,
ਬਹੁਤ ਮੇਰਾ,
ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ।”
ਇਹੀ ਵਜ੍ਹਾ ਹੈ ਕਿ ਪ੍ਰਿੰ. ਅਮਰਜੀਤ ਸਿੰਘ ਪਰਾਗ ਕਹਿੰਦਾ ਹੈ, “ਬਿਰਖ ਅਰਜ਼ ਕਰੇ” ਨੂੰ ਹਿੰਦ-ਪੰਜਾਬ ਦੀ ਦੂਜੀ ਜੰਗ ਦੇ ਜੰਗਨਾਮੇ ਵਾਂਗ ਪੜ੍ਹਿਆ ਜਾ ਸਕਦਾ ਹੈ।”
ਅੰਮ੍ਰਿਤਾ ਪ੍ਰੀਤਮ ਨੇ ਸਹੀ ਲਿਖਿਆ ਹੈ, “ਕੋਈ ਕੌਮ ਕਬੀਲਾ ਜਦੋਂ ਕਿਸੇ ਔਖੇ ਵੇਲੇ ਵਿਚੋਂ ਲੰਘ ਰਿਹਾ ਹੁੰਦਾ ਹੈ, ਉਸ ਵੇਲੇ ਖਾਸ ਤੌਰ ‘ਤੇ, ਮਜਮੂਈ ਚੇਤਨਾ ਦਾ ਸੰਸਥਾਈ ਪਹਿਲੂ ਕਈ ਰੰਗਾਂ ਵਿਚ ਸਾਹਮਣੇ ਆਉਂਦਾ ਹੈ। ਉਹਦੇ ਵਿਚ ਦੁੱਖ ਦਾ ਰੰਗ ਵੀ ਹੁੰਦਾ ਹੈ, ਹੋਣਾ ਹੁੰਦਾ ਹੈ, ਪਰ ਨਾਲ ਨਫਰਤ ਤੇ ਬਦਲੇ ਖੋਰੀ ਦੇ ਉਹ ਰੰਗ ਵੀ ਹੁੰਦੇ ਹਨ, ਜਿਨ੍ਹਾਂ ਦੇ ਮੇਚੇ ਔਣ ਵਾਲੀ ਤਖਲੀਕ ਵਿਚ ਇਹ ਸਾਰੇ ਘੁਲ ਜਾਂਦੇ ਹਨ… ਤੇ ਅਜਿਹੇ ਵੇਲੇ ਕਿਸੇ ਕੌਮ ਕਬੀਲੇ ਦਾ ਇਤਿਹਾਸ ਵੀ ਕਈ ਛਾਨਣੀਆਂ ਵਿਚ ਛਣਦਾ ਹੈ, ਜਿਹਦਾ ਕੁਝ ਹਿੱਸਾ ਨਕਾਰ ਕੇ ਕੁਝ ਉਹ ਹਿੱਸਾ ਸਵੀਕਾਰ ਲਿਆ ਜਾਂਦਾ ਹੈ, ਜੋ ਵੇਲੇ ਦੀ ਲੋੜ ਨੂੰ ਸਾਰ ਸਕਦਾ ਹੈ।”
ਕੌਮ ਕਬੀਲੇ ਦੀ ਤਾਕਤ ਦਾ ਇਤਿਹਾਸ ਸੁਰਜੀਤ ਪਾਤਰ ਦੀ ਜ਼ਿਹਨੀਅਤ ਵਿਚ ਅਚੇਤ ਅਤੇ ਸੁਚੇਤ ਰੂਪ ਵਿਚ ਟਿਕਿਆ ਪਿਆ ਸੀ। ਕਬੀਲਾਈ, ਇਲਾਕਾਈ ਅਤੇ ਇਖਲਾਕਾਈ ਗੌਰਵਮਈ ਚੇਤਨਾ ਉਸ ਨੂੰ ਹਾਕਮੀ ਬੇ-ਇਨਸਾਫੀ ਵਿਰੁੱਧ ਪੱਗ-ਪਰਚਮ ਉੱਠਾ ਕੇ ਗਲਤ ਨੂੰ ਸਪਸ਼ਟ ਸ਼ਬਦਾਂ ਵਿਚ ਗਲਤ ਕਰਾਰ ਦੇਣ ਲਈ ਮਜਬੂਰ ਕਰਦੀ ਹੈ। ਉਹਨੂੰ ਪਤਾ ਹੈ, ਹਨੇਰਾ ਨਹੀਂ ਜਰੇਗਾ ਪਰ ਸ਼ਾਇਰ ਲਈ ਚੁੱਪ ਵੱਟ ਜਾਣੀ ਵੀ ਮਰਨ ਬਰਾਬਰ ਹੈ, “ਚੁੱਪ ਰਿਹਾ ਤਾਂ ਸ਼ਮ੍ਹਾਂਦਾਨ ਕੀ ਕਹਿਣਗੇ?”
ਪੱਗ, ਪਗੜੀ, ਦਸਤਾਰ ਅਸਲ ਵਿਚ ਇੱਕ ਪਹਿਨਣ ਹੀ ਨਹੀਂ, ਇਸ ਦੇ ਪੇਚਾਂ ਅੰਦਰ ਬਹੁਤ ਕੁਝ ਇਤਿਹਾਸਕ, ਮਿਥਿਹਾਸਕ ਅਤੇ ਚਿੰਨ੍ਹਾਤਮਿਕ ਹੈ। ਹਿੰਦੁਸਤਾਨ ਦੇ ਇਸ ਖਿੱਤੇ ਵਿਚ ਪੱਗ ਇੱਕ ਵਿਸ਼ੇਸ਼ ਕੌਮੀਅਤ ਦੀ ਪ੍ਰਤੀਕ ਰਹੀ ਹੈ। ਪੱਗ ਗਰੀਬ ਮਜ਼ਦੂਰ ਦਾ ਮੜਾਸਾ ਵੀ ਬਣਦੀ ਰਹੀ ਹੈ ਅਤੇ ਬਾਦਸ਼ਾਹਾਂ ਦੇ ਸਿਰਾਂ ਦਾ ਤਾਜ ਵੀ। ਇਹ ਅਧਿਆਤਮਕ ਉਚਾਈਆਂ-ਸੁਚਾਈਆਂ ਦਾ ਪ੍ਰਤੀਕ ਵੀ ਬਣਦੀ ਰਹੀ ਹੈ ਅਤੇ ਤਾਜਾਂ ਦੇ ਹੰਕਾਰ-ਹਉਮੈ ਦੇ ਅਰਥ ਵੀ ਗ੍ਰਹਿਣ ਕਰਦੀ ਆਈ ਹੈ। ਸਿੱਖ ਜ਼ਹਿਨੀਅਤ ਵਿਚ ਔਰੰਗਜ਼ੇਬ ਦੀ ਪੱਗ ਜ਼ੁਲਮ ਦਾ ਇਤਿਹਾਸਕ ਬਿੰਬ ਬਣ ਜਾਂਦੀ ਹੈ:
ਜੇ ਸੁਣਤੇ ਹੋਣ ਪੁਨੀਤ
ਫੇਰ ਤਾਂ ਪੱਥਰਾਂ ਦਾ ਵੀ ਜੀ ਕਰਦਾ ਕੁਝ ਕਹੀਏ
ਤੇ ਕੰਧਾਂ ਦੇ ਵੀ ਕੰਨ ਚਾਹੁੰਦੇ
ਅਸੀਂ ਜੀਭ ਦੀ ਜੂਨੇ ਆਈਏ
ਪਰ ਕੰਧਾਂ ਨੂੰ ਕੰਨ ਰਹਿਣ
ਤੇ ਜੀਭਾਂ ਨਾ ਹੀ ਲੱਗਣ ਚੰਗਾ
ਜੇ ਕੰਧ ਲਿਖੇ ਇਤਿਹਾਸ
ਫੇਰ ਤਾਂ ਬਹੁਤ ਸਿਆਪੇ ਕਰਨੇ ਪੈਣੇ
ਕਰਨੀ ਪੈਣੀ ਅਦਲਾ-ਬਦਲੀ
ਸ਼ਰਮਸਾਰ ਸਿਰ ਝੁਕੇ ਕਟਹਿਰੇ ਚੜ੍ਹਨ
ਸ਼ਹਿਨਸ਼ਾਹ ਰਾਜੇ ਅਦਲੀ
ਤੇ ਪ੍ਰੇਤ-ਜੂਨ ਵਿਚ ਪੈ ਕੇ ਭਟਕਣ
ਸੁਰਗ-ਨਿਵਾਸੀ
ਹਰ ਸ਼ਾਹੀ ਦਸਤਾਰ `ਤੇ ਲੱਗਿਆ
ਖੂਨ ਦਿਸੇਗਾ ਰੰਗ ਬਰੰਗਾ
ਕੰਧਾਂ ਨੂੰ ਕੰਨ ਰਹਿਣ
ਤੇ ਜੀਭਾਂ ਨਾ ਹੀ ਲੱਗਣ ਚੰਗਾ।
ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ-ਨਿਵਾਜੇ ਖਾਲਸੇ ਦੀ ਮੰਜ਼ਲ ਬਹੁਤ ਵਚਿੱਤਰ ਅਤੇ ਕਠਿਨ ਹੈ: ਸੰਤ ਵੀ ਬਣਨਾ ਹੈ ਅਤੇ ਸਿਪਾਹੀ ਵੀ। ਤਲਵਾਰ ਦੇ ਧਨੀ ਵੀ ਬਣਨਾ ਹੈ ਅਤੇ ਕਲਮ ਦੇ ਵੀ। ਜਾਤ-ਪਾਤ ਦਾ ਵਖਰੇਵਾਂ ਖਤਮ ਵੀ ਕਰਨਾ ਹੈ ਅਤੇ ਆਪਣੀ ਵੱਖਰੀ ਪਛਾਣ ਵੀ ਸਥਾਪਤ ਕਰਨੀ ਹੈ। ਨਵੀਂਆਂ ਸਿਰਜੀਆਂ-ਉੱਭਰੀਆਂ ਕੌਮਾਂ ਹਮੇਸ਼ਾਂ ਹੀ ਆਪਣੇ ਪਛਾਣ-ਚਿੰਨ੍ਹਾਂ ਨੂੰ ਬਹੁਤ ਸਤਿਕਾਰ ਅਤੇ ਵਡਿਆਈ ਦੇ ਕੇ ਗਲੋਰੀਫਾਈ ਕਰਦੀਆਂ ਹਨ। ਸਿੱਖ-ਧਰਮ ਵਿਚ ਵੀ ਅਜਿਹਾ ਹੀ ਵਰਤਾਰਾ ਵਿਦਮਾਨ ਰਿਹਾ ਹੈ। ਨਵੀਆਂ ਉਭਰੀਆਂ ਕੌਮਾਂ ਨੂੰ ਵੱਡੇ ਚੈਲੰਜ ਦਰਪੇਸ਼ ਹੁੰਦੇ ਹਨ। ਨਿਵੇਕਲੀ ਪਛਾਣ ਜਿੱਥੇ ਇੱਕ ਵੱਖਰੀ ਕਿਸਮ ਦਾ ਸਰੂਰ ਬਖਸ਼ਦੀ ਹੈ, ਉਥੇ ਸਥਾਪਤ ਸੰਸਕਾਰਾਂ ਵੱਲੋਂ ਵੰਗਾਰ ਵੀ ਸਮਝੀ ਜਾਂਦੀ ਹੈ।
ਲੇਖਕ ਵਿਸ਼ਵ ਪੱਧਰ `ਤੇ ਵਿਚਰਦਿਆਂ ਵੀ ਵੱਖਰੀ ਪਛਾਣ ਦੇ ਰਸਤੇ ਵਿਚ ਆਉਂਦੀਆਂ ਮਨੋਵਿਗਿਆਨਕ ਰੁਕਾਵਟਾਂ ਪ੍ਰਤੀ ਸੰਵੇਦਨਸ਼ੀਲ ਵਿਅਕਤੀਆਂ ਵਾਂਗ ਪੇਸ਼ ਆਉਂਦਾ ਹੈ। ਜਿੱਥੇ ਹਿੰਦੁਸਤਾਨ ਵਿਚ ਪੱਗ ਵੱਖਰੀ ਪਛਾਣ ਦੇ ਸੰਘਰਸ਼ ਵਿਚ ਵੱਖਵਾਦੀ ਅਤੇ ਸਦੀਆਂ ਤੋਂ ਸਥਾਪਤ ਧਰਮ ਨੂੰ ਵੰਗਾਰ ਦੇ ਰੂਪ ਵਿਚ ਸਮਝੀ ਜਾਂਦੀ ਹੈ, ਉਥੇ ਵਿਦੇਸ਼ਾਂ ਵਿਚ ਇਸ ਦੀ ਪਛਾਣ ਮਿਸਟੇਕਨ ਆਈਡੈਂਟਿਟੀ ਦਾ ਸ਼ਿਕਾਰ ਹੋ ਜਾਂਦੀ ਹੈ। ਉਥੇ ਵੀ ਆਪਣੀ ਨਿਵੇਕਲੀ ਸਭਿਆਚਾਰਕ ਰਹਿਤਲ ਕਾਇਮ ਰੱਖਣੀ ਵੱਡਾ ਚੈਲੰਜ ਬਣ ਜਾਂਦੀ ਹੈ:
ਬੜਾ ਚਿਰ ਹੱਸਿਆ ਸੋਨੇ ਦਾ ਜੰਗਲ
ਜਦੋਂ ਇਹ ਆਖ ਕੇ ਲੱਗਿਆ ਮੈਂ ਪਰਤਣ
ਕਿ ਤੇਰੇ ਚਾਂਦੀ ਰੰਗੇ ਕੰਡਿਆਂ ਵਿਚ
ਮੇਰੀ ਪਗੜੀ ਦਾ ਸ਼ਮਲਾ ਅੜਕਦਾ ਹੈ।
ਜਿੱਥੇ ਪਗੜੀ ਪਛਾਣ-ਪਹਿਰਾਵਾ ਹੈ, ਉਥੇ ਪਗੜੀ ਦਾ ਸ਼ਮਲਾ ਚੌਧਰਪਣ ਦਾ ਪਰਚਮ ਹੈ। ਇਸ ਦੇ ਅਰਥ ਸਿਰਫ ਆਪਣੇ ਸਭਿਆਚਾਰ ਵਿਚ ਸੰਚਾਰੇ/ਸੰਦੇਸ਼ੇ/ਸਮਝੇ ਜਾ ਸਕਦੇ ਹਨ। ਸ਼ਮਲੇ ਦਾ ਬਿੰਬ ਸ਼ਾਇਰ ਦੀਵਾਲੀ ਦੇ ਦੀਵਿਆਂ ਲਈ ਵੀ ਬਾਖੂਬੀ ਵਰਤਦਾ ਹੈ:
ਹਾਏ ਉਹ ਕਿੱਧਰ ਉੱਡ ਗਏ ਦੀਵੇ
ਦੀਵਾਲੀ ਦੀ ਰਾਤ ਨੂੰ ਜਿਹੜੇ,
ਨਿੱਕੇ ਨਿੱਕੇ ਪੰਛੀਆਂ ਵਾਂਗੂੰ
ਲੰਮੀਆਂ ਲੰਮੀਆਂ ਡਾਰਾਂ ਦੇ ਵਿਚ
ਹਰ ਇੱਕ ਘਰ ਦੇ ਕੰਧ ਬਨੇਰੇ,
ਸੋਨ-ਸੁਨਹਿਰੀ ਜੋੜ ਕੇ ਚੁੰਝਾਂ,
ਕੇਸਰ-ਰੰਗੀ ਬੋਲੀ ਦੇ ਵਿਚ
ਇੱਕ ਦੂਜੇ ਸੰਗ
ਨਿੱਘੀਆਂ ਨਿੱਘੀਆਂ ਗੱਲਾਂ ਕਰਦੇ ਹੁੰਦੇ,
ਨਿੱਕੇ ਨਿੱਕੇ ਪੀਲੇ ਸ਼ਮਲੇ
ਜਿਉਂ ਮੱਸਿਆ ਦੇ ਪਿੰਡ ‘ਚ
ਇਹ ਪਰਭਾਤ ਵਿਆਹੁਣ ਆਏ
ਬਾਂਕੇ ਜਿਹੇ ਬਰਾਤੀ।
ਸ਼ਾਇਰ ਦੀ ਦਿਲੀ ਤਮੰਨਾ ਹੈ ਕਿ ਉਸ ਦਾ ਪੰਜਾਬ, ਪੰਜਾਬ ਦੀ ਮਾਂ ਬੋਲੀ ਗੁਰਮੁਖੀ ਅਤੇ ਪੰਜਾਬੀਅਤ ਦਾ ਪਰਚਮ ਪੱਗ-ਪਗੜੀ-ਦਸਤਾਰ ਬੁਲੰਦ ਰਹੇ। ਉਸ ਦੀਆਂ ਵੇਗਮਈ ਰਚਨਾਵਾਂ ਵਿਚ ਬਹੁਤ ਸਾਰੀਆਂ ਸਥਿਤੀਆਂ ਵਿਚ ਪੱਗ, ਪਗੜੀ, ਦਸਤਾਰ ਦਾ ਸ਼ਮਲਾ ਪੰਜਾਬੀਅਤ ਦਾ ਜਾਂ ਖਾਲਸੀਅਤ ਦਾ ਪ੍ਰਤੀਕ ਬਣ ਜਾਂਦਾ ਹੈ। 1984 ਦੀਆਂ ਦਸਤਾਰ ਚੇਤਨਾ ਵਾਲੀਆਂ ਕਵਿਤਾਵਾਂ ਤੋਂ ਬਾਅਦ “ਲਫਜ਼ਾਂ ਦੀ ਦਰਗਾਹ” (1999) ਅਤੇ “ਪਤਝੜ ਦੀ ਪਾਜ਼ੇਬ”(2004) ਵਿਚ “ਬੜਾ ਚਿਰ ਹੱਸਿਆ ਸੋਨੇ ਦਾ ਜੰਗਲ…” ਵਾਲੀ ਕਵਿਤਾ ਤੋਂ ਬਿਨਾ ਦਸਤਾਰ ਚੇਤਨਾ ਜਾਂ ਦਸਤਾਰ ਮਸਲੇ ਦੇ ਕਿਸੇ ਪਹਿਲੂ `ਤੇ ਕੋਈ ਰਚਨਾ ਨਜ਼ਰ ਨਹੀਂ ਆਉਂਦੀ।
2008 ਵਿਚ ਛਪੀ ਉਸ ਦੀ ਕਿਤਾਬ “ਸਰ ਜ਼ਮੀਨ” ਗਜ਼ਲ-ਸੰਗ੍ਰਹਿ ਵਿਚ ਵੀ ਪੱਗ, ਪਗੜੀ, ਦਸਤਾਰ ਦਾ ਕੋਈ ਜ਼ਿਕਰ ਨਹੀਂ। ਹਾਂ, 2015 ਵਿਚ ਛਪੀ “ਚੰਨ ਸੂਰਜ ਦੀ ਵਹਿੰਗੀ” ਵਿਚ ਫਿਰ ਪੰਜਾਬ ਪ੍ਰਤੀ ਉਦਾਸੀ ਅਤੇ ਬੇ-ਉਮੀਦੀ ਵਾਲੀਆਂ ਕਵਿਤਾਵਾਂ ਮਿਲਦੀਆਂ ਹਨ। ਭਾਵੇਂ ਕਿ “ਬਿਰਖ ਅਰਜ਼ ਕਰੇ” ਵਿਚ ਅਦਲੀ ਰਾਜੇ ਦੀ ਅਤੇ ਕੁਝ ਹੋਰ ਪਾਤਰਾਂ ਦੀ ਨਿਸ਼ਾਨ-ਦੇਹੀ ਹੋ ਚੁਕੀ ਸੀ, ਪਰ “ਚੰਨ ਸੂਰਜ ਦੀ ਵਹਿੰਗੀ” ਵਿਚਲੀਆਂ ਕਵਿਤਾਵਾਂ ਵਿਚ ਦੋਸ਼ੀ ਮਾਹੌਲ ਹੈ, ਜਿਸ ਨੂੰ ਕਚਹਿਰੀ ਚਾੜ੍ਹਨਾ ਔਖਾ ਹੈ। ਇਨ੍ਹਾਂ ਹਾਲਾਤਾਂ ਲਈ ਵਿਸ਼ਵੀਕਰਨ ਵੀ ਜਿੰ਼ਮੇਵਾਰ ਹੈ ਅਤੇ ਹਰ ਪੱਧਰ ਉੱਤੇ ਨਜ਼ਰ ਆਉਂਦੀ ਬਦ-ਇੰਤਜ਼ਾਮੀ ਵੀ।
ਸੁਰਜੀਤ ਪਾਤਰ ਨੂੰ ਇਨ੍ਹਾਂ ਨਾਸਾਜ਼ ਹਾਲਾਤਾਂ ਵਿਚ ਆਪਣੇ ਵਿਰਾਸਤੀ ਪੰਜਾਬ ਦੀ ਬੇਹੱਦ ਚਿੰਤਾ ਅਤੇ ਫਿਕਰ ਹੈ। ਉਹ ਲੋਕ ਜੋ ਮਾਨਵਤਾ ਦੀ ਗੱਲ ਕਰਦੇ ਹਨ, ਸਮੂਹਿਕ ਦੇ ਨਾਂ `ਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਚਿੰਤਨ ਦੀ ਗੱਲ ਕਰਦੇ ਹਨ, ਉਹ ਇਹ ਭੁੱਲ ਜਾਂਦੇ ਹਨ ਕਿ ਮਾਨਵੀ-ਫਿਕਰ ਵੀ “ਮੈਂ” ਤੋਂ ਹੀ ਸ਼ੁਰੂ ਹੁੰਦਾ ਹੈ: ਵਿਅਕਤੀਗਤ ਹੋਂਦ ਸ਼ੂਨਯ ਵਿਚ ਨਹੀਂ ਪਨਪਦੀ, ਇਹ ਹਰ ਖਿੱਤੇ ਦੀ ਆਪਣੀ ਵਿਲੱਖਣ ਹੁੰਦੀ ਹੈ। ਉਹ ਖਿੱਤਾ ਘਰ-ਕਬੀਲਾ ਵੀ ਹੁੰਦਾ ਹੈ, ਮਜ਼ਹਬ ਵੀ ਹੁੰਦਾ ਹੈ, ਅਦਬ ਵੀ ਹੁੰਦਾ ਹੈ। ਉਹ ਚੇਤਨਾ ਇਲਾਕਾਈ ਵੀ ਹੁੰਦੀ ਹੈ, ਭਾਸ਼ਾਈ ਵੀ। ਉਹ ਸੰਸਾਰੀ ਵੀ ਹੁੰਦੀ ਹੈ, ਸੰਸਕਾਰੀ ਵੀ; ਪਰ ਜਦੋਂ ਆਪਣੀ ਇਲਾਕਾਈ, ਭਾਸ਼ਾਈ, ਸਦਾਚਾਰਕ, ਸਭਿਆਚਾਰਕ ਵਿਰਾਸਤ ਨਿਰੰਤਰ ਖੁਰਦੀ ਮਹਿਸੂਸ ਹੋਵੇ, ਕੋਈ ਵੱਸ ਨਾ ਚੱਲੇ ਤਾਂ ਫਿਰ ਅੰਦਰੋਂ ਆਪ-ਮੁਹਾਰੇ ਅਕੀਦਤ ਭਰੀ ਅਰਦਾਸ ਹੀ ਕੁਝ ਆਸਰਾ ਦਿੰਦੀ ਹੈ। “ਅਰਦਾਸ” ਇਕਾਈ-ਇਲਾਕਾਈ-ਭਾਸ਼ਾਈ-ਮਜ਼ਹਬੀ-ਅਦਬੀ ਅਤੇ ਫਿਰ ਮਾਨਵੀ ਅਤੇ ਮਜ਼ਮੂਈ ਮੰਜ਼ਲਾਂ ਤੱਕ ਦਾ ਸਫਰ ਤੈਅ ਕਰਦੀ ਹੈ:
ਰਾਜ ਕੁਮਾਰੀ ਸਾਡੇ ਘਰ ਵਿਚ ਝਾੜੂ ਪੋਚਾ ਲਾਵੇ
ਊਸ਼ਾ ਰਾਣੀ ਸਾਡੇ ਮੈਲੇ ਕੱਪੜੇ ਧੋਵਣ ਆਵੇ
ਰਾਜ ਕੁਮਾਰੀ ਸਦਾਨੰਦ ਦੀ ਬੇਟੀ
ਊਸ਼ਾ ਰਾਣੀ ਰਾਮ ਲਖਨ ਦੀ ਬੀਵੀ
ਸਦਾਨੰਦ ਨੇ ਸਾਡੇ ਘਰ ਦੀਆਂ ਕੰਧਾਂ ਚਿਣੀਆਂ
ਲੈਂਟਰ ਪਾਇਆ
ਰਾਮ ਲਖਨ ਨੇ ਫਰਸ਼ਾਂ ਪਾਈਆਂ
ਬਿਰਜੂ, ਰਾਮ ਖਿਲਾਵਨ, ਅੰਗਨੂੰ, ਦੇਵਕੀਨੰਦਨ
ਇੱਟਾਂ ਢੋਈਆਂ
ਰੇਤਾ ਤੇ ਸੀਮਿੰਟ ਰਲਾਇਆ
ਇਹ ਸੀਮਿੰਟ ਜੋ ਛੋਟੇ ਭਾਈ ਦੇਸਾ ਸਿੰਘ ਦੇ
ਕੈਨੇਡਾ ਤੋਂ ਘੱਲੇ ਪੈਸਿਆਂ ਨਾਲ ਸੀ ਬੁੱਕ ਕਰਾਇਆ
ਪਿਆ ਪਿਆ ਹੀ ਪੱਥਰ ਹੋ ਜਾਣਾ ਸੀ
ਰਾਜ ਮਿਸਤਰੀ ਤੇਸਾ ਸਿੰਘ ਤਾਂ
ਬੱਸ ਡੀ.ਪੀ.ਸੀ. ਪਾ ਕੇ ਮਸਕਟ ਚਲਾ ਗਿਆ ਸੀ
ਰੁਲੀਆ ਸਿੰਘ ਮਜ਼ਦੂਰ ਵੀ ਇੱਕ ਦਿਨ ਆਇਆ
ਫਿਰ ਨਾ ਆਇਆ
ਕਹਿੰਦੇ ਉਸ ਨੇ ਆਟੋ ਪਾਇਆ

ਸੋਨੂੰ ਤੇ ਮੋਨੂੰ ਨੂੰ ਰਿਕਸ਼ੇ ਵਿਚ ਬਿਠਾ ਕੇ
ਰਾਮ ਭਰੋਸੇ ਰੋਜ਼ ਸਕੂਲ ਲਿਜਾਂਦਾ
ਅਤੇ ਬਥੇਰੇ ਹੋਰ
ਜਿਨ੍ਹਾਂ ਦੇ ਨਾਮ ਨਾ ਜਾਣਾਂ
ਫੈਕਟਰੀਆਂ ਵਿਚ ਕੰਮ ਕਰਦੇ ਨੇ
ਪੈਲੀਆਂ ਵਿਚ ਪਨੀਰੀ ਲਾਉਂਦੇ
ਜੀਰੀ ਲਾਉਂਦੇ
ਫਸਲਾਂ ਵੱਢਦੇ
ਇਹ ਡਾਰਾਂ ਦੀਆਂ ਡਾਰਾਂ
ਕਦੀ ਕਦੀ ਤਾਂ ਡਰ ਲੱਗਦਾ ਹੈ
ਕਿੱਧਰ ਉਡਦੀਆਂ ਜਾਂਦੀਆਂ ਨੇ ਦਸਤਾਰਾਂ

ਕਦੀ ਕਦੀ ਚੰਗਾ ਵੀ ਲੱਗਦਾ
ਦੇਸ਼ ਦੇਸ਼ਾਂਤਰ ਜਿੱਥੇ ਜਾਵੋ
ਦਿਸ ਹੀ ਪੈਂਦੀਆਂ ਨੇ ਦਸਤਾਰਾਂ
ਸੱਤ ਸਮੁੰਦਰ ਪਾਰ ਵੀ ਝੂਲਣ ਝੰਡੇ
ਲਿਸ਼ਕਣ ਖੰਡੇ
ਰਿੱਝਣ ਦੇਗਾਂ
ਪੱਕਣ ਮੰਡੇ

ਸੱਤ ਸਮੁੰਦਰੋਂ ਏਧਰ
ਸਾਡੀ ਨਵੀਂ ਵਸੀ ਆਬਾਦੀ
ਸ਼ਾਮ ਪਈ ਭਈਆਂ ਦੇ ਬੱਚੇ
ਸਿਰ `ਤੇ ਫਟੇ ਪਰੋਲੇ ਧਰ ਕੇ
ਗੁਰੂ ਦੁਆਰੇ ਆ ਬਹਿੰਦੇ ਨੇ
ਨਾਲ ਨਾਲ ਪੜ੍ਹਦੇ ਨੇ ਬਾਣੀ
ਸਤਿਗੁਰ ਸੱਜਣ ਮਿਲਿਆ
ਨਾਨਕ ਨਾਮ ਮਿਲੈ ਤਾਂ ਜੀਵਾਂ
ਤਨ ਮਨ ਥੀਵੇ ਹਰਿਆ

ਬੱਸ ਹੁਣ ਹੋਣੀ ਏਂ ਅਰਦਾਸ
ਨਵੇਂ ਆਏ ਨੂੰ ਕਹਿੰਦਾ
ਇਕ ਪਹਿਲਾਂ ਦਾ ਆਇਆ ਬੱਚਾ
ਪਿੱਛੇ ਪਿੱਛੇ ਆਖੀਂ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਫਿਰ ਮਿਲਣਾ ਪਰਸ਼ਾਦ

ਆਉਂਦੀ ਏ ਖੁਸ਼ਬੋ
ਹੁੰਦੀ ਏ ਅਰਦਾਸ
ਖੁਆਰ ਹੋਏ ਸਭ ਮਿਲਹਿੰਗੇ
ਬਚੇ ਸ਼ਰਨ ਜੋ ਹੋਇ

ਖੁਆਰ ਹੋਇਆਂ ਤੇ ਸ਼ਰਨ ਪਿਆਂ ਦੇ ਬੱਚੇ
ਕਰਦੇ ਨੇ ਅਰਦਾਸ

ਫਿਰ ਵੀ ਮੈਨੂੰ ਡਰ ਲੱਗਦਾ ਹੈ
ਪਤਾ ਨਹੀਂ ਇਹ ਕਿਹੋ ਜਿਹੇ ਨਿਕਲਣਗੇ
ਵੱਡੇ ਹੋ ਕੇ, ਬਹੁਤੇ ਹੋ ਕੇ

ਆਪਣੇ ਡਰ ਤੋਂ ਡਰ ਕੇ
ਸ਼ਰਮਸਾਰ ਹੋ
ਕਰਦਾ ਹਾਂ ਅਰਦਾਸ:

ਜੋ ਜਿਸ ਧਰਤੀ ਜੰਮੇ ਜਾਏ
ਉਸ ਨੂੰ ਉਥੇ ਈ ਰਿਜ਼ਕ ਥਿਆਏ
ਇਹ ਕਿਉਂ ਕਿਸੇ ਦੇ ਹਿੱਸੇ ਆਏ
ਬੈਸਣ ਬਾਰ ਪਰਾਏ
ਜਿੱਥੇ ਲੋਕੀਂ ਆਖਣ ਸਾਨੂੰ
ਇਹ ਕਿੱਥੋਂ ਦੇ ਜੰਮੇ ਜਾਏ
ਮੈਲ ਕੁਚੈਲੇ ਕਾਲੇ ਪੀਲੇ ਭੂਰੇ ਪਾਕੀ
ਏਥੇ ਆਏ

ਜਾਂ ਫਿਰ ਸਾਰੀ ਧਰਤੀ ਇੱਕ ਹੋ ਜਾਏ
ਕੋਈ ਨ ਕਹੇ ਪਰਾਏ
ਇਹ ਮੇਰੀ ਅਰਦਾਸ

ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ।
ਬਾਹਰਲੀਆਂ ਧਰਤੀਆਂ `ਤੇ ਫਿਰਦਿਆਂ ਖਾਸ ਤੌਰ `ਤੇ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਦਸਤਾਰਧਾਰੀ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ, ਵੇਖਣ ਵਾਲਿਆਂ ਨੂੰ ਸਿਰ ਲਵੇਟੀ/ਬੱਝੀ/ਸਜਾਈ ਦਸਤਾਰ ਬੜਾ ਅਜੀਬ ਵਰਤਾਰਾ ਲੱਗਦਾ ਹੈ। ਭਾਵੇਂ ਕਿ ਦੂਜਿਆਂ ਵੱਲ ਟਕਾ-ਟੱਕ, ਕੈਰੀ ਅੱਖੇ ਵੇਖਣਾ ਉਨ੍ਹਾਂ ਦੇਸ਼ਾਂ ਵਿਚ ਆਮ ਚਲਨ ਨਹੀਂ, ਪਰ ਦਸਤਾਰ ਸਬੰਧੀ ਅਸਚਰਜਤਾ ਅਤੇ ਅਸਹਿਣਸ਼ੀਲਤਾ ਅਕਸਰ ਵੇਖਣ ਨੂੰ ਮਿਲਦੀ ਹੈ। ਅਜਿਹੇ ਹੀ ਇੱਕ ਵਾਕਿਆ ਦਾ ਜ਼ਿਕਰ ਸੁਰਜੀਤ ਪਾਤਰ ਆਪਣੀ ਇੱਕ ਰਚਨਾ ਵਿਚ ਕਰਦਾ ਹੈ:
ਲਾਤੀਨੀ ਅਮਰੀਕਾ ਦੇ
ਕੋਲੰਬੀਆ ਦੇਸ਼ ਵਿਚ
ਮੈਦੇਯਿਨ ਸ਼ਹਿਰ ਦੀ
ਓਬਰੇਰੋ ਪਾਰਕ ਵਿਚ ਕਵਿਤਾ ਉਤਸਵ ਦੇ ਦਿਨੀਂ
ਇੱਕ ਬੱਚਾ ਸਾਈਕਲ ਚਲਾਉਂਦਾ
ਮੇਰੇ ਕੋਲ ਆਇਆ
ਮੇਰੀ ਪਗੜੀ ਤੇ ਦਾੜ੍ਹੀ ਦੇਖ ਕੇ
ਪੁੱਛਣ ਲੱਗਾ-
ਤੂੰ ਜਾਦੂਗਰ ਏਂ?
ਕਹਿਣ ਲੱਗਾ ਸਾਂ “ਨਹੀਂ”
ਪਰ ਉਸ ਚਾਅ-ਭਰੇ ਬੱਚੇ ਨੂੰ
“ਨਹੀਂ’ ਕਹਿਣਾ ਮੈਨੂੰ ਚੰਗਾ ਨਾ ਲੱਗਾ
ਮੈਂ ਕਿਹਾ: ਹਾਂ
ਮੈਂ ਅਸਮਾਨ ਤੋਂ ਤਾਰੇ ਤੋੜ ਕੇ
ਕੁੜੀਆਂ ਲਈ ਹਾਰ ਬਣਾ ਸਕਦਾ ਹਾਂ
ਪੱਤਿਆਂ ਨੂੰ ਸੁਰਾਂ ਬਣਾ ਸਕਦਾਂ
ਤੇ ਹਵਾ ਨੂੰ ਸਾਜ਼ਿੰਦੇ ਦੇ ਪੋਟੇ
ਮੈਂ ਜ਼ਖਮਾਂ ਨੂੰ ਫੁੱਲਾਂ ਵਿਚ ਬਦਲ ਸਕਦਾਂ
ਹਾਂ, ਮੈਂ ਜਾਦੂਗਰ ਹਾਂ।

ਬੱਚੇ ਨੇ ਹੈਰਾਨ ਹੋ ਕੇ ਪੁਛਿਆ-ਅੱਛਾ?
ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਬਣਾ ਦੇ

ਮੈਂ ਇੱਕ ਪਲ ਸੋਚ ਕੇ ਕਿਹਾ
ਮੈਂ ਬੱਚਿਆਂ ਦਾ ਜਾਦੂਗਰ ਨਹੀਂ
ਵੱਡਿਆਂ ਦਾ ਜਾਦੂਗਰ ਹਾਂ
ਅੱਛਾ, ਤਾਂ ਫਿਰ ਤੂੰ ਮੇਰੇ ਮਾਂ ਬਾਪ ਦੇ
ਘਰ ਨੂੰ ਮਹਿਲ ਵਿਚ ਬਦਲ ਦੇ।
ਮੈਂ ਛਿੱਥਾ ਜਿਹਾ ਪੈ ਕੇ ਆਖਿਆ
ਅਸਲ ਵਿਚ ਮੈਂ ਚੀਜ਼ਾਂ ਦਾ ਜਾਦੂਗਰ ਨਹੀਂ
ਲਫਜ਼ਾਂ ਦਾ ਜਾਦੂਗਰ ਆਂ

ਅੱਛਾ ਸਮਝ ਗਿਆ
ਤੂੰ ਪੋਇਟਾ ਏਂ ਪੋਇਟਾ

ਤੇ ਉਹ ਬੱਚਾ ਹੱਸਦਾ ਮੁਸਕਰਾਉਂਦਾ
ਹੱਥ ਹਿਲਾਉਂਦਾ
ਸਾਈਕਲ ਚਲਾਉਂਦਾ
ਪਾਰਕ ਤੋਂ ਬਾਹਰ ਚਲਾ ਗਿਆ
ਤੇ ਦਾਖਲ ਹੋ ਗਿਆ
ਮੇਰੀ ਕਵਿਤਾ ਵਿਚ।
ਹਰ ਸੂਬੇ, ਇਲਾਕੇ ਜਾਂ ਖਿੱਤੇ ਦੀ ਆਬੋ-ਹਵਾ, ਉਹਦੀ ਬੰਜਰਤਾ ਜਾਂ ਜ਼ਰਖੇਜ਼ਤਾ, ਰਹਿਣ-ਸਹਿਣ ਅਤੇ ਪਹਿਨਣ-ਪਚਰਣ ਦੀਆਂ ਜਿਨ੍ਹਾਂ ਜ਼ਰੂਰਤਾਂ ਨੂੰ ਜਨਮ ਦਿੰਦੀ ਹੈ, ਉਹੀ ਜ਼ਰੂਰਤਾਂ ਉਹਦੀਆਂ ਬੁਨਿਆਦੀ ਹਦਾਇਤਾਂ ਬਣ ਜਾਂਦੀਆਂ ਹਨ, ਜੋ ਸਥਾਨਕ ਜਾਂ ਇਲਾਕਾਈ ਤਹਿਜ਼ੀਬ ਨੂੰ ਜਨਮ ਦਿੰਦੀਆਂ ਹਨ। ਵਿਅਕਤੀ ਦੀ ਮੁਢਲੀ ਮਾਨਸਿਕਤਾ ਵਿਚੋਂ ਉਪਜੀ ਇਲਾਕਾਈ ਚੇਤਨਾ ਹੀ ਵਿਸ਼ਾਲ ਹਿਰਦੇ ਵਾਲਿਆਂ ਦੇ ਮਨਾਂ ਅੰਦਰ ਬ੍ਰਹਿਮੰਡੀ ਚੇਤਨਾ ਪੈਦਾ ਕਰਦੀ ਹੈ। ਇਸੇ ਤੱਥ ਨੂੰ ਫਰਾਂਸੀਸੀ ਫਿਲਾਸਫਰ ਮਿਸ਼ੇਲ ਫੂਕੋ ਸਮਾਜ ਵੰਡਣ ਦੇ ਅਭਿਆਸ ਕਹਿੰਦਾ ਹੈ। ਉਸ ਅਨੁਸਾਰ ਮਨੁੱਖੀ ਜੀਵਨ ਦੀਆਂ ਭਰਪੂਰ ਸੰਭਾਵਨਾਵਾਂ ਦੀ ਪ੍ਰਾਪਤੀ ਲਈ ਵਿਸ਼ਵੀ ਪੱਧਰ ਤੇ ਵਿਚਰਦਿਆਂ ਸਥਾਨਕ ਸੰਸਕਾਰਾਂ ਦੀ ਮਹਾਨਤਾ ਨੂੰ ਘਟਾਇਆ ਨਹੀਂ ਜਾ ਸਕਦਾ। ਇਹੀ ਵਜ੍ਹਾ ਹੈ ਕਿ ਹਰ ਚੇਤੰਨ ਪਰਵਾਸੀ ਆਪਣੀ ਪ੍ਰੋੜ ਅਵਸਥਾ `ਤੇ ਪਹੁੰਚ ਕੇ ਆਪਣੇ ਪਿਤਰੀ ਸਰੋਤਾਂ ਅਤੇ ਸੋਮਿਆਂ ਵੱਲ ਮੁੜਨਾ ਲੋਚਦੈ। ਆਪਣੀ ਮਾਤਰ-ਭੂਮੀ ਦੀਆਂ ਜੂਹਾਂ ਲਈ ਓਦਰਦੈ, ਜੰਡਾਂ ਲਈ ਓਦਰਦੈ, ਹੀਰ ਵਾਰਸ ਦੇ ਬੈਂਤ ਗਾਉਣੇ ਲੋਚਦੈ, ਮਿਰਜ਼ੇ ਦੀਆਂ ਸੱਦਾਂ ਲਾਉਣੀਆਂ ਚਾਹੁੰਦੈ। ਆਪਣਿਆਂ ਦੀਆਂ ਬਾਹਵਾਂ ਵਿਚ ਅੰਤਿਮ ਸਵਾਸ ਲੈਣਾ ਲੋਚਦੈ ਅਤੇ ਆਪਣੀ ਜਨਮ ਭੂਮੀ ਵਿਚ ਸਪੁਰਦ-ਏ-ਖਾਕ ਹੋਣ ਲਈ ਤਰਸਦੈ।
ਸੁਰਜੀਤ ਪਾਤਰ ਦੀ ਲੇਖਣੀ ਵਿਚ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਸੰਦਰਭ ਵਿਚ, ਇਹ ਦਸਤਾਰ-ਚੇਤਨਾ ਪ੍ਰਵਾਹ ਚੱਲਦਾ ਨਜ਼ਰ ਆ ਜਾਂਦਾ ਹੈ। 6-8-2017 ਦੀ ਪੰਜਾਬੀ ਟ੍ਰਿਬਿਊਨ ਦੇ ਸੰਡੇ ਮੈਗਜ਼ੀਨ ਵਿਚ “ਸੂਰਜ ਦੀ ਅੱਖ” ਨਾਵਲ ਬਾਰੇ ਲਿਖਦਿਆਂ ਉਹ ਤਾਜਪੋਸ਼ੀ ਦੇ ਮੌਕੇ ਨੂੰ ਇਉਂ ਸਿਰਜਦਾ ਹੈ:
ਰਹੀ ਮਸ਼ਹੂਰ ਜੱਗ ਉੱਤੇ ਜਿਨ੍ਹਾਂ ਦੀ ਸਰਫਰੋਸ਼ੀ
ਜਿਨ੍ਹਾਂ ਦੇ ਸੀਸ `ਤੇ ਚੱਲਦੇ ਰਹੇ ਆਰੇ
ਜਿਨ੍ਹਾਂ ਨੇ ਸੀ ਨਾ ਕੀਤੀ ਦਰਦ ਦੇ ਮਾਰੇ
ਜੋ ਸੁੱਤੇ ਜੰਗਲਾਂ ਵਿਚ ਘੋੜਿਆਂ ਦੀ ਪਿੱਠ ਉੱਤੇ
ਜਿਨ੍ਹਾਂ ਦੇ ਸਿਰਾਂ `ਤੇ ਦਸਤਾਰਾਂ ਸਨ
ਜਿਉਂ ਫੁੱਲ ਹੋਵਣ ਔੜ ਦੀ ਰੁੱਤੇ
ਉਨ੍ਹਾਂ ਹੀ ਸਰਫਰੋਸ਼ਾਂ `ਚੋਂ ਕਿਸੇ ਜਾਏ ਦੀ
ਅੱਜ ਹੈ ਤਾਜਪੋਸ਼ੀ
ਰਹੀ ਜੱਗ ਉੱਤੇ ਜਿਨ੍ਹਾਂ ਦੀ ਸਰਫਰੋਸ਼ੀ।
ਮਹਿੰਦਰ ਸਿੰਘ ਰੰਧਾਵਾ ਦਾ ਰੇਖਾ-ਚਿੱਤਰ ਖਿੱਚਦਿਆਂ ਸਭ ਤੋਂ ਪਹਿਲਾਂ ਉਸ ਦੇ ਸਿਰ `ਤੇ ਸ਼ਾਨ ਨਾਲ ਟਿਕੇ ਸਿਰ-ਵਸਤਰ ਦਸਤਾਰ ਦੀ ਗੱਲ ਕਰਦੇ ਹਨ। ਸਿਰ `ਤੇ ਸਜੇ ਇਸ ਸਿਰ-ਵਸਤਰ ਨੂੰ “ਸਤਰੰਗੀ ਸੂਰਜੀ ਦਸਤਾਰ” ਕਹਿ ਕੇ ਉਹ ਇਸ ਸਿਰ-ਵਸਤਰ ਦੇ ਅਰਥਾਂ ਦਾ ਵਿਸਥਾਰ ਤੇ ਪਾਸਾਰ ਕਰ ਦਿੰਦਾ ਹੈ, ਜੋ ਸ਼ਾਇਦ ਸੁਰਜੀਤ ਪਾਤਰ ਦੇ ਹਿੱਸੇ ਹੀ ਆਇਆ ਹੈ:
ਉਸ ਦੇ ਸਿਰ ਤੇ ਸਤਰੰਗੀ ਸੂਰਜੀ ਦਸਤਾਰ ਸੀ
ਕਿਰਨਾਂ ਉਹਦੇ ਕੇਸ
ਉਸ ਦੀ ਆਵਾਜ਼ ਵਿਚ ਦਰਿਆਵਾਂ ਦੀਆਂ ਛੱਲਾਂ ਸਨ
ਉਹ ਬੋਦਲਾਂ ਦਾ ਸੋਹਣਾ ਮੁੰਡਾ
ਆਪਣੀ ਤਰ੍ਹਾਂ ਦਾ ਸ਼ਹਿਨਸ਼ਾਹ ਸੀ
ਸਾਹਿਤਕਾਰ, ਸੰਗੀਤਕਾਰ, ਚਿੱਤਰਕਾਰ
ਫੋਟੋਗ੍ਰਾਫਰ, ਬੁੱਤ-ਘਾੜੇ, ਇੰਜੀਨੀਅਰ,
ਇਮਾਰਤਸਾਜ਼, ਖੇਤੀ ਖੋਜੀ, ਰੰਗ-ਕਰਮੀ
ਉਸ ਦੇ ਨੌਂ ਰਤਨ ਸਨ।
ਸੁਰਜੀਤ ਪਾਤਰ ਸ਼ਬਦ “ਦਸਤਾਰ” ਦੇ ਮੂਲ ਸ੍ਰੋਤ ਬਾਰੇ ਵੀ ਸਾਨੂੰ ਜਾਣਕਾਰੀ ਪ੍ਰਦਾਨ ਕਰਦੇ ਹਨ। ਫਾਰਸੀ ਤੋਂ ਆਏ ਇਸ ਸ਼ਬਦ ਬਾਰੇ ਬਹੁਤੇ ਇਨਸਾਈਕਲੋਪੀਡੀਆ ਅਤੇ ਡਿਕਸ਼ਨਰੀਆਂ ਇਸ ਦੇ ਮੁੱਢਲੇ ਅਰਥਾਂ ਨੂੰ ਸਪਸ਼ਟ ਨਹੀਂ ਕਰਦੇ। ਕੁਝ ਦਾ ਖਿਆਲ ਹੈ ਕਿ ਦਸਤਾਰ ਤੋਂ ਭਾਵ ਹੈ, ਉਹ ਵਸਤਰ ਜੋ ਦਸਤੀਂ ਬੰਨਿਆ ਜਾਂਦਾ ਹੈ। ਕੁਝ ਹੋਰ ਦਾ ਖਿਆਲ ਹੈ ਕਿ ਇਹ ਦੁਲਬੰਦ ਦਾ ਵਿਗੜਿਆ ਰੂਪ ਹੈ। ਸੁਰਜੀਤ ਪਾਤਰ ਅਨੁਸਾਰ:
ਬੋਲੇ ਸੰਤ ਕਬੀਰ
ਸੰਸਕ੍ਰਿਤ ਹੈ ਕੂਪ ਜਲ
ਭਾਸ਼ਾ ਬਹਤਾ ਨੀਰ
ਗੱਲ ਕਿੰਨੀ ਸਹੀ ਹੈ
ਜੋ ਸੰਤ ਕਬੀਰ ਨੇ ਕਹੀ ਹੈ
ਸੰਸਕ੍ਰਿਤ ਦੇ ਖੂਹ ਦੇ ਜਲ ਜਿਹੀ ਹੈ
ਮੇਰੀ ਭਾਸ਼ਾ ਦਾ ਵਗਦਾ ਦਰਿਆ ਹੈ
ਜੋ ਪਤਾ ਨਹੀਂ ਆਪਣੇ ‘ਚ
ਕੀ ਕੁਝ ਸਮੋ ਕੇ ਵਹਿ ਰਿਹਾ ਹੈ
….
ਪੱਗ ਦੇ ਹੁੰਦਿਆਂ ਸੁੰਦਿਆਂ,
ਫਾਰਸੀ ਤੋਂ ਦਸਤਾਰ ਆਈ
ਨਾ ਸਿਰਫ ਆਈ
ਪੱਗ ਤੋਂ ਜ਼ਿਆਦਾ ਸ਼ਾਨਾਂ ਮੱਤੀ ਬਣ ਗਈ
ਤੇ ਸਿੰਘਾਂ ਨੇ ਉਸ ਵਿਚ
ਆਪਣੀ ਸਿਰਜਣਾ ਵੀ ਰਲਾਈ
ਤੇ ਦਸ ਪੇਚਾਂ ਦੀ ਪੱਗ ਦਸ-ਤਾਰ ਬਣ ਗਈ।
ਆਪਣੀ ਵਾਰਤਕ ਦੀ ਪੁਸਤਕ “ਸੂਰਜ ਮੰਦਰ ਦੀਆਂ ਪੌੜੀਆਂ” (2011) ਵਿਚ ਸਾਡਾ ਇਹ ਹਰਮਨ ਪਿਆਰਾ ਸ਼ਾਇਰ ਦਸਤਾਰ ਦੀ ਬਹੁ-ਪ੍ਰਤੀਕਤਾ ਬਾਰੇ ਲਿਖਦਾ ਹੈ:
“ਵੱਖ ਵੱਖ ਦੇਸ਼ਾਂ ਵਿਚੋਂ ਲੰਘਦਿਆਂ ਪਗੜੀ ਵੱਖ-ਵੱਖ ਅਰਥ ਧਾਰਨ ਕਰਦੀ ਹੈ। ਕਿਤੇ ਇਹ ਤੁਹਾਨੂੰ ਅਰਬ ਦਾ ਮੁਸਲਮਾਨ ਤੇ ਕਿਤੇ ਮਾਗੋ (ਲਫਜ਼ਾਂ ਦਾ ਜਾਦੂਗਰ) ਬਣਾ ਦਿੰਦੀ ਹੈ। ਕਿਤੇ ਕਿਤੇ ਤੁਹਾਨੂੰ ਕੋਈ ਰਾਜਾ ਜਾਂ ਸ਼ਹਿਜ਼ਾਦਾ ਵੀ ਸਮਝ ਲਿਆ ਜਾਂਦਾ ਹੈ। ਮੈਨੂੰ 1986-87 ਵਿਚ ਲਿਖੀ ਇੱਕ ਲੰਬੀ ਕਵਿਤਾ ਦਾ ਹਿੱਸਾ ਯਾਦ ਆਉਂਦਾ ਹੈ:
ਪਤਾ ਨਹੀਂ ਕਿਹੋ ਜਿਹੀ ਲੱਗ ਰਹੀ ਹੋਵੇਗੀ
ਤੁਹਾਨੂੰ ਮੇਰੀ ਪਗੜੀ
ਪਰ ਮਾਂ ਦੀਆਂ ਅੱਖਾਂ ਨੇ ਮੇਰੇ ਵੱਲ ਦੇਖਦਿਆਂ
ਇਸ ਬਾਰੇ
ਕੁਝ ਇਹੋ ਜਿਹਾ ਇਕ ਖਾਮੋਸ਼ ਗੀਤ ਗਾਇਆ ਸੀ
ਰਿਸ਼ਮਾਂ ਦਾ ਤਾਣਾ
ਕਿਰਨਾਂ ਦਾ ਬਾਣਾ
ਰਬਾਬ ਦੀ ਰੰਗਤ
ਸ਼ਮਸ਼ੀਰ ਦਾ ਅਬਰਕ
ਮਮਤਾ ਦੀ ਮਾਇਆ
ਅਸੀਸ ਦੀ ਖੁਸ਼ਬੂ
ਇਹ ਸਭ ਕੁਝ ਸਮੋ ਕੇ
ਮੈਂ ਤੇਰੀ ਦਸਤਾਰ ਬਣਾਈ
ਪਿਤਾ ਨੇ ਤੇਰੇ ਸਿਰ `ਤੇ ਸਜਾਈ
ਪਿੰਡ ਵਿਚ ਬੈਠੀ ਮਾਂ ਨੂੰ ਕੀ ਪਤਾ
ਦੇਸ਼ ਦੇਸ਼ `ਚੋਂ, ਕਾਲ ਕਾਲ ਚੋਂ
ਸ਼ਹਿਰ ਸ਼ਹਿਰ `ਚੋਂ ਲੰਘਦਿਆਂ
ਕੀ ਕੀ ਕੁਝ ਬਣਦੀ ਰਹਿੰਦੀ ਹੈ ਇਹ
ਕਿਤਿਓਂ ਲੰਘਦਿਆਂ ਬਣ ਜਾਂਦੀ ਹੈ
ਮੇਰੇ ਸਿਰ ਮੇਰੀ ਬਹਾਦਰੀ ਦਾ ਤਾਜ ਮੇਰੀ ਪਗੜੀ
ਤੇ ਕਿਤਿਓਂ ਲੰਘਦਿਆਂ
ਇਹ ਬਣ ਜਾਂਦੀ ਹੈ
ਮੇਰੇ ਸਿਰ ਗੁਨਾਹਾਂ ਦੀ ਗਠੜੀ

ਇਕ ਵਾਰ ਭੋਪਾਲ ਵਿਚ
ਮੈਂ ਪੂਰਨ ਸਿੰਘ ਦੇ ਰੰਗ ਵਿਚ ਕਿਹਾ ਸੀ:
ਇਹ ਜੋ ਮੇਰੀ ਦਸਤਾਰ ਹੈ
ਮੇਰੇ ਸਿਰ `ਤੇ ਮੇਰੇ ਗੁਰੂ ਦਾ ਪਿਆਰ ਹੈ
ਮੇਰੀ ਗੱਲ ਸੁਣ ਕੇ ਰਘੁਵੀਰ ਸਹਾਏ
ਆਪਣੀ ਵਿਅੰਗ ਭਰੀ ਕਵਿਤਾ ਦੇ ਅੰਦਾਜ਼ ਵਿਚ ਮੁਸਕਰਾਏ
ਉਨ੍ਹਾਂ ਨੇ ਕੁਝ ਨਹੀਂ ਕਿਹਾ, ਪਰ ਮੈਨੂੰ ਲੱਗਾ
ਉਹ ਕਹਿ ਰਹੇ ਹਨ:
ਜੇ ਨਹੀਂ ਤੇਰੇ ਮਸਤਕ ਵਿਚ
ਨਿਰਭਇਤਾ, ਸੱਚਾਈ, ਕੁਰਬਾਨੀ ਅਤੇ ਪਿਆਰ
ਤੇਰੇ ਗੁਰੂ ਜਿਹਾ ਬੇਕਿਨਾਰ
ਤਾਂ ਕਿਉਂ ਹੈ ਤੇਰੇ ਸਿਰ `ਤੇ
ਤੇਰੇ ਗੁਰੂ ਦੀ ਨਿਸ਼ਾਨੀ
ਤੇਰੀ ਦਸਤਾਰ

ਕੁਝ ਇਸ ਤਰ੍ਹਾਂ ਮੁਸਕਰਾਏ
ਰਘੁਵੀਰ ਸਹਾਏ
ਕਿ ਮੇਰੀਆਂ ਅੱਖਾਂ `ਚੋਂ ਅੱਥਰੂ ਨਿਕਲ ਆਏ
ਉਹ ਹੰਝੂ ਸਿਰਫ ਦੁੱਖ ਦੇ ਹੀ ਨਹੀਂ ਸਨ
ਖੁਸ਼ੀ ਦੇ ਵੀ ਸਨ
ਕਿ ਮੇਰਾ ਪ੍ਰਿਅ ਕਵੀ ਜਾਣਦਾ ਹੈ
ਮੇਰੀ ਦਸਤਾਰ ਤੇ ਮੇਰੇ ਗੁਰੂ ਦਾ ਕੀ ਰਿਸ਼ਤਾ ਹੈ
ਜਦ ਕਿ ਉਹ ਸਾਰੇ ਰਿਸ਼ਤੇ ਭੁੱਲਣ ਦੇ ਦਿਨ ਸਨ
ਜਾਣ ਕੇ ਵੀ ਅਣਜਾਣ ਬਣਨ ਦੇ ਦਿਨ ਸਨ।
“ਜਾਣ ਕੇ ਵੀ ਅਣਜਾਣ ਬਣਨ ਦੇ ਦਿਨ…” 1984 ਦੇ ਦੌਰ ਦੇ ਦੁਖਦਾਈ ਦਿਨਾਂ ਵੱਲ ਇਸ਼ਾਰਾ ਹੈ। ਸ਼ਾਇਰ ਨੂੰ ਉਨ੍ਹਾਂ ਦਿਨਾਂ ਵਿਚ ਦਸਤਾਰ ਨਾਲ ਹੋਈ ਬੇਇਨਸਾਫੀ ਨਿਰੰਤਰ ਪ੍ਰੇਸ਼ਾਨ ਕਰਦੀ ਰਹਿੰਦੀ ਹੈ, ਇਹ ਚੇਤਨਾ ਵਾਰ ਵਾਰ ਉੱਭਰਦੀ ਹੈ। ਉਨ੍ਹਾਂ ਦਿਨਾਂ ਵਿਚ ਕਰਬਾਨੀਆਂ ਕਰਕੇ ਆਜ਼ਾਦੀ ਪ੍ਰਾਪਤ ਕਰਨ ਵਾਲੀ ਕੌਮ ਨੂੰ ਬਿਗਾਨਗੀ ਦੇ ਅਹਿਸਾਸ ਕਰਾ ਦੇਣ ਵਾਲਾ ਉਹ ਦੌਰ ਵਾਰ ਵਾਰ ਰੜਕਦਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਵਿਅਕਤੀਗਤ ਆਸਥਾ ਦੀ ਇਲਾਕਾਈ/ਸੂਬਾਈ/ਵਿਰਾਸਤੀ ਚੇਤਨਾ 1984 ਵਾਲੇ ਦਿਨਾਂ ਵਿਚ ਹੀ ਕਿਉਂ ਬੁਲੰਦੀ `ਤੇ ਪਹੁੰਚਦੀ ਹੈ? ਉਸ ਦਾ ਉੱਤਰ ਸ਼ਾਇਦ ਇਹੀ ਬਣਦਾ ਹੈ ਕਿ ਸਭਿਆਚਾਰਕ/ਸਮਾਜਿਕ/ਸਾਹਿਤਕ ਚੇਤਨਾ ਨਾਲੋਂ ਮਜ਼ਹਬੀ ਅਤੇ ਧਾਰਮਿਕ ਚੇਤਨਾ ਕਿਤੇ ਵੱਧ ਭਾਰੂ ਤੇ ਸ਼ਕਤੀਵਾਨ ਹੁੰਦੀ ਹੈ।
ਸੁਰਜੀਤ ਪਾਤਰ ਦੀ ਮਾਨਸਿਕਤਾ ਵਿਚ ਦਸਤਾਰ ਸਿੱਖੀ ਅਦਬ ਦੀ ਵਿਲੱਖਣਤਾ ਦਾ ਪਛਾਣ ਚਿੰਨ੍ਹ ਹੈ ਤੇ ਜਦੋਂ ਜਦੋਂ ਵੀ ਦਸਤਾਰ ਨਾਲ ਅਨਿਆਂ ਹੁੰਦਾ ਹੈ, ਉਦੋਂ ਉਦੋਂ ਹੀ ਉਸ ਦੀ ਸ਼ਖਸੀ ਮਾਨਸਿਕਤਾ ਵਲੂੰਧਰੀ ਜਾਂਦੀ ਹੈ। ਮਾਂ-ਪਿਉ ਵੱਲੋਂ ਉਸ ਦੀ ਜ਼ਿਹਨੀਅਤ ਵਿਚ ਭਰੀ ਇਹ ਗੌਰਵਮਈ ਚੇਤਨਾ ਪ੍ਰੇਰਨਾ ਦਾ ਸਰੋਤ ਬਣਦੀ ਹੈ। ਦਸਤਾਰ ਨੂੰ ਚੜ੍ਹਦੀ ਕਲਾ ਵਿਚ ਵੇਖਣ ਦੀ ਚਾਹਨਾ ਪਿਛੇ ਪਿਤਰੀ ਅਤੇ ਮਾਤਰੀ ਕਰਜ਼ ਉਤਾਰਨ ਦੀ ਕਦੀਮੀ ਭਾਵਨਾ ਨਿਰੰਤਰ ਸਜੀਵ ਰਹਿੰਦੀ ਹੈ। ਇਹ ਚੇਤਨਾ ਇਲਾਕਾਈ ਪਛਾਣ ਚਿੰਨ੍ਹ ਪੱਗ ਜਾਂ ਪਗੜੀ ਤੋਂ ਤੁਰ ਕੇ ਸਿੱਖੀ-ਚੇਤਨਾ ਦੀ ਪ੍ਰਤੀਕ ਬਣ ਕੇ ਦਸਤਾਰ ਤੱਕ ਜਾ ਪਹੁੰਚਦੀ ਹੈ, ਜੋ ਆਪਣੀ ਤੰਦ ਤੰਦ ਵਿਚ ਵਿਲੱਖਣ ਕੁਰਬਾਨੀਆਂ ਦੀ ਦਾਸਤਾਂ ਦਾ ਮੁਜੱਸਮਾ ਹੈ, ਜਿਸ ਵਿਚ ਉਸ ਦੀ ਮਾਂ ਦੇ ਕਹਿਣ ਮੁਤਾਬਕ ਨੂਰੀ ਰਿਸ਼ਮਾਂ ਦਾ ਤਾਣਾ ਵੀ ਹੈ, ਇਲਾਹੀ ਕਿਰਨਾਂ ਦਾ ਬਾਣਾ ਵੀ ਹੈ, ਗੁਰੂ ਨਾਨਕ ਦੀ ਰਬਾਬ ਦੀ ਰੰਗਤ ਵੀ ਹੈ ਅਤੇ ਗੁਰੂ ਗੋਬਿੰਦ ਸਿੰਘ ਦੀ ਸ਼ਮਸ਼ੀਰ ਦੀ ਸੰਗਤ ਵੀ ਹੈ। ਇਸ ਦੇ ਤਾਣੇ-ਬਾਣੇ ਵਿਚ ਸੌ ਵਾਰ ਸਦਕੜੇ ਜਾਣ ਤੇ ਦੂਰ ਬਲਾਈਂ ਦੀਆਂ ਸੁੱਖਣਾਂ ਸੁੱਖਣ ਵਾਲੀ ਮਾਂ ਦੀ ਮਮਤਾ ਵੀ ਸ਼ਾਮਲ ਹੈ ਅਤੇ ਦਸਤਾਰ ਦਾ ਸ਼ਮਲਾ ਹਰ ਹਾਲ ਵਿਚ ਬੁਲੰਦ ਰੱਖਣ ਦੀ ਪਿਉ ਦੀ ਕਾਮਨਾ, ਚਾਹਨਾ ਤੇ ਗੁੜਤੀ ਵੀ ਹੈ।
ਆਖਰੀ ਗੱਲ, ਸੁਰਜੀਤ ਪਾਤਰ ਦੀ ਰਚਨਾ ਵਿਚ ਇਹ ਦਸਤਾਰ ਚੇਤਨਾ ਵਿਲੱਖਣ ਵੀ ਹੈ, ਕਿਉਂਕਿ ਪੰਜਾਬੀ ਦੇ ਕਿਸੇ ਵੀ ਹੋਰ ਸ਼ਾਇਰ ਦੀ ਕਾਵਿਕ ਚੇਤਨਾ ਵਿਚ ਦਸਤਾਰ ਇਹ ਮੁਕਾਮ ਹਾਸਲ ਨਹੀਂ ਕਰਦੀ।