ਖੋਹ-ਕਾਫ ਦੀ ਧਰਤੀ ਦੀਆਂ ਬਾਤਾਂ

ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
ਫੋਨ: 0044-7404468510
ਕੋਹ ਕਾਫ ਰਹੱਸਮਈ ਜਿਹੀ ਧਰਤੀ ਹੈ। ਬਰਫਾਂ ਵਾਲੀਆਂ ਟੀਸੀਆਂ ਨਾਲ ਸ਼ਿੰਗਾਰੇ ਹੋਏ ਪਹਾੜਾਂ ਨਾਲ ਲੱਦੀ ਹੋਈ ਕੋਈ ਭੇਦ ਭਰੀ ਜਗ੍ਹਾ। ਇਥੋਂ ਦੀਆਂ ਲੋਕ ਕਹਾਣੀਆਂ ਵਿਚ ਪਰੀਆਂ ਰਹਿੰਦੀਆਂ ਹਨ, ਜਿੰਨ ਮੰਡਰਾਉਂਦੇ ਹਨ ਅਤੇ ਸ਼ਹਿਜ਼ਾਦੇ ਇਨ੍ਹਾਂ ਜਿੰਨਾਂ ਵੱਲੋਂ ਕੈਦ ਕੀਤੀਆਂ ਸ਼ਹਿਜ਼ਾਦੀਆਂ ਦੀ ਭਾਲ ਵਿਚ ਘੁੰਮਦੇ ਹਨ ਅਤੇ ਆਖਰ ਉਨ੍ਹਾਂ ਨੂੰ ਕੈਦ `ਚੋਂ ਕੱਢ ਕੇ ਵਾਪਸ ਆਪਣੇ ਵਤਨ ਮੁੜ ਜਾਂਦੇ ਹਨ।

ਅਰਬੀ ਅਤੇ ਯੂਰਪੀ ਸਾਹਿਤ ਤੋਂ ਲੈ ਕੇ ਪੰਜਾਬੀ ਵਿਚ ਸੈਫ ਮਲੂਕ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਤਕ ਇਸ ਦਾ ਖੂਬਸੂਰਤ ਜ਼ਿਕਰ ਪੜ੍ਹਨ-ਸੁਣਨ ਨੂੰ ਮਿਲਦਾ ਹੈ। ਦੁਨੀਆਂ ਵਿਚ ਸਦੀਆਂ ਤੋਂ ਗੈਬੀ ਕਹਾਣੀਆਂ ਦੇ ਵਿਹੜੇ ਵਜੋਂ ਜਾਣੇ ਜਾਂਦੇ ਇਨ੍ਹਾਂ ਪਰਬਤਾਂ ਬਾਰੇ ਸਂੈਕੜੇ ਮਿੱਥਾਂ ਅਤੇ ਕਲਪਿਤ ਕਹਾਣੀਆਂ ਮਸ਼ਹੂਰ ਹਨ। ਕਈ ਤਾਂ ਇਸ ਨੂੰ ਪਰੀਆਂ ਅਤੇ ਦੈਂਤਾਂ ਦੇ ਬਸੇਰੇ ਵਾਲੀ ਗੈਬੀ ਜਿਹੀ ਕਲਪਿਤ ਥਾਂ ਹੀ ਸਮਝਦੇ ਹਨ, ਪਰ ਅਸਲ ਵਿਚ ਏਦਾਂ ਨਹੀਂ ਹੈ। ਕੋਹ-ਏ-ਕਫਕਾਜ਼, ਪਰੀਸਤਾਨ ਅਤੇ ਇਸ ਤਰ੍ਹਾਂ ਦੇ ਹੋਰ ਕਈ ਰੋਮਾਂਚਕ ਨਾਂਵਾਂ ਨਾਲ ਜਾਣਿਆਂ ਜਾਂਦਾ ਕੋਹ ਕਾਫ ਦਾ ਇਲਾਕਾ ਲੇਖਕਾਂ ਦੀ ਕਲਪਨਾ ਦੀ ਉਪਜ ਨਹੀਂ, ਸਗੋਂ ਸੱਚਮੁੱਚ ਹੀ ਧਰਤੀ `ਤੇ ਮੌਜੂਦ ਹੈ, ਕਈ ਸੱਭਿਆਤਾਵਾਂ ਦੇ ਰਹਿਣ ਦੀ ਥਾਂ ਹੈ।
ਦਰਅਸਲ ‘ਕੋਹ-ਏ-ਕਾਫ’ ਇਰਾਨੀ ਬੋਲੀ ਦਾ ਸ਼ਬਦ ਹੈ। ਇਸ ਦਾ ਅਰਥ ਹੈ, ‘ਪਰੀਆਂ ਦਾ ਦੇਸ਼।’ ਇਹ ਨਾਂ ਬਹੁਤ ਪੁਰਾਣੀਆਂ ਮਿੱਥਾਂ ਅਤੇ ਵਿਸ਼ਵਾਸਾਂ ਦੇ ਅਸਰ ਹੇਠ ਤਾਮੀਰ ਹੋਇਆ ਹੈ। ਜ਼ਮੀਨੀ ਤੌਰ `ਤੇ ਇਹ ਕਰੀਬ ਇਕ ਹਜ਼ਾਰ ਮੀਲ ਤੋਂ ਵੀ ਲੰਮੇਰੀ ਅਤੇ ਸੈਂਕੜੇ ਕਿਲੋਮੀਟਰ ਚੌੜੀ ਵਿਸ਼ਾਲ ਪਰਬਤ ਲੜੀ ਹੈ, ਜੋ ਪੂਰਬੀ ਯੂਰਪ ਅਤੇ ਮੱਧ ਏਸ਼ੀਆ ਦੀ ਸਰਹੱਦ ਉਤੇ ਫੈਲੀ ਹੈ। ਇਸ ਤਰ੍ਹਾਂ ਇਹ ਪਰਬਤ ਲੜੀ ਯੂਰਪ ਅਤੇ ਏਸ਼ੀਆ ਨੂੰ ਖੇਤਰੀ ਤੌਰ `ਤੇ ਵੱਖ ਕਰਦੀ ਹੈ। ਇਸ ਦਾ ਜਿ਼ਆਦਾ ਹਿੱਸਾ ਚੇਚਨੀਆਂ ਦੇਸ਼ ਅੰਦਰ ਮੌਜੂਦ ਹੈ, ਪਰ ਵਿਸਥਾਰ ਕਰਦਾ ਹੋਇਆ ਇਹ ਖਿੱਤਾ ਰੂਸ, ਜਾਰਜੀਆ, ਅਜ਼ਰਬਾਈਜ਼ਨ ਅਤੇ ਅਰਮੀਨੀਆਂ ਵਗੈਰਾ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰ ਜਾਂਦਾ ਹੈ। ਬਰਫਾਂ ਲੱਦੇ ਵਿਸ਼ਾਲ ਪਰਬਤਾਂ ਦੀਆਂ ਚੋਟੀਆਂ ਅਸਮਾਨ ਛੂੰਹਦੀਆਂ ਹਨ ਅਤੇ ਇਨ੍ਹਾਂ ਸਿਖਰਾਂ ਤੋਂ ਵਹਿੰਦੇ ਹੋਏ ਖੂਬਸੂਰਤ ਝਰਨੇ ਪਹਾੜੀ ਖੂਬਸੂਰਤੀ ਨੂੰ ਹੋਰ ਨਿਖਾਰ ਦਿੰਦੇ ਹਨ। ਨਾਜ਼ਾਨ, ਲਾਜ਼ਾਨਤੁਕੀ ਅਤੇ ਬਰਸੂਮੀ ਆਦਿ ਇੱਥੋਂ ਦੇ ਮਸ਼ਹੂਰ ਝਰਨੇ ਹਨ। ਇਸ ਪਹਾੜੀ ਸਿਲਸਿਲੇ ਦੀ ਸਭ ਤੋਂ ਉਚੀ ਚੋਟੀ ਦਾ ਨਾਂ ਮਾਊਂਟ ਅਲਬਰੂਸ ਹੈ, ਜਿਸ ਦੀ ਉਚਾਈ ਕਰੀਬ ਸਾਢੇ ਪੰਜ ਹਜ਼ਾਰ ਮੀਟਰ ਹੈ। ਕੋਸ਼ਤਾਨ ਅਤੇ ਕਜ਼ਬਕ ਵੀ ਬਹੁਤ ਉਚੇ ਪਹਾੜ ਮੰਨੇ ਜਾਂਦੇ ਹਨ। ਰੂਸੀ ਜ਼ਮੀਨ `ਤੇ ਵਿਛੇ ਕਾਫ ਪਹਾੜੀ ਇਲਾਕੇ ਨੂੰ ਸ਼ੋਮਾਲੀ ਕਾਫ ਅਤੇ ਬਾਕੀ ਛੋਟੇ-ਛੋਟੇ ਦੇਸ਼ਾਂ ਵਿਚਲੇ ਇਲਾਕੇ ਨੂੰ ਮਾਰਵਾ ਕਾਫ ਕਿਹਾ ਜਾਂਦਾ ਹੈ। ਅੰਗਰੇਜ਼ੀ ਬੋਲੀ ਵਿਚ ਕਾਫ ਪਰਬਤਾਂ ਨੂੰ ‘ਕਾਕਾਸਿਸ ਮਾਊਂਟੇਨਸ’ ਨਾਂ ਦਿੱਤਾ ਗਿਆ ਹੈ।
ਕੋਹ ਕਾਫ ਦਾ ਮੌਸਮ ਬਹੁਤ ਢੁਕਵਾਂ ਅਤੇ ਖੁਸ਼ਗਵਾਰ ਹੈ। ਨਾ ਤਾਂ ਇਥੇ ਯੂਰਪ ਦੀ ਤਰ੍ਹਾਂ ਭਾਰੀ ਠੰਢ ਪੈਂਦੀ ਹੈ ਅਤੇ ਨਾ ਹੀ ਅਰਬ ਦੇਸ਼ਾਂ ਵਰਗੀ ਸਖਤ ਗਰਮੀ। ਕੁਦਰਤ ਨੇ ਇਨ੍ਹਾਂ ਪਰਬਤਾਂ ਦੀ ਵਿਉਂਤਬੰਦੀ ਹੀ ਕੁਝ ਏਦਾਂ ਕੀਤੀ ਹੈ ਕਿ ਇਹ ਸਰਦ ਰੁੱਤ ਵਿਚ ਪੱਛਮ ਵੱਲੋਂ ਆਉਂਦੀਆਂ ਠੰਢੀਆਂ ਪੌਣਾਂ ਨੂੰ ਵੀ ਰੋਕ ਲੈਂਦੇ ਹਨ ਤੇ ਗਰਮ ਰੁੱਤ ‘ਚ ਏਸ਼ੀਆ ਵੱਲੋਂ ਆਉਂਦੀ ਗਰਮ ਹਵਾ ਵੀ ਇਥੇ ਖਾਸ ਅਸਰ ਨਹੀਂ ਕਰਦੀ। ਇਨ੍ਹਾਂ ਪਰਬਤਾਂ `ਤੇ ਸੈਂਕੜੇ ਗਲੇਸ਼ੀਅਰ ਮੌਜੂਦ ਹਨ। ਗਰਮ ਰੁੱਤ ਵਿਚ ਜਦ ਬਰਫ ਪਿਘਲਦੀ ਹੈ ਤਾਂ ਪਹਾੜੀ ਨਦੀਆਂ ਅਤੇ ਦਰਿਆ ਪਾਣੀ ਨਾਲ ਲਬਾਲਬ ਭਰ ਜਾਂਦੇ ਨੇ, ਜਿਸ ਸਦਕਾ ਇਸ ਇਲਾਕੇ ਵਿਚ ਪਾਣੀ ਦੀ ਦਿੱਕਤ ਨਹੀਂ ਆਉਂਦੀ। ਕੋਬਾਨ ਅਤੇ ਤੇਰਬਿਕ ਮਸ਼ਹੂਰ ਦਰਿਆ ਹਨ, ਜੋ ਪਰਬਤਾਂ ਤੋਂ ਉਤਰਦੇ ਚਾਂਦੀ ਰੰਗੇ ਪਾਣੀ ਨੂੰ ਮਨੁੱਖੀ ਆਬਾਦੀਆਂ ਤੀਕ ਪਹੁੰਚਾਉਂਦੇ ਹਨ। ਛੋਟੀ ਜਿਹੀ ਆਬਾਦੀ ਵਾਲੇ ਦੇਸ਼ ਚੇਚਨੀਆਂ ਦੇ ਲੋਕ ਪਾਣੀ ਦੇ ਇਨ੍ਹਾਂ ਭਰਪੂਰ ਸਰੋਤਾਂ ਨਾਲ ਪੌੜੀਦਾਰ ਖੇਤਾਂ ਵਿਚ ਚੌਲਾਂ ਅਤੇ ਹੋਰ ਫਸਲਾਂ ਦੀ ਕਾਸ਼ਤ ਕਰਦੇ ਹਨ। ਇਸ ਤੋਂ ਇਲਾਵਾ ਢਲਾਣਾਂ `ਤੇ ਚਾਹ ਦੇ ਬਾਗ, ਮੱਕੀ ਅਤੇ ਅੰਗੂਰ ਵਗੈਰਾ ਦੀ ਖੇਤੀ ਹੁੰਦੀ ਹੈ।
ਇਹ ਵਿਸ਼ਾਲ ਅਤੇ ਖੂਬਸੂਰਤ ਪਹਾੜੀ ਇਲਾਕਾ ਸਦੀਆਂ ਤੋਂ ਰੂਸ, ਇਰਾਨ ਅਤੇ ਉਸਮਾਨੀਆ ਦਰਮਿਆਨ ਚਲਦੀ ਕਬਜ਼ੇ ਦੀ ਕਸ਼ਮਕਸ਼ ਦਾ ਕੇਂਦਰ ਬਣਿਆ ਰਿਹਾ ਅਤੇ ਇਥੇ ਵੱਸਦੀਆਂ ਪਹਾੜੀ ਸੱਭਿਅਤਾਵਾਂ ਦੇ ਜੀਵਨ ਵਿਚ ਖਲਲ ਪੈਂਦਾ ਰਿਹਾ। ਸਭ ਤੋਂ ਪਹਿਲਾਂ ਅਠਾਰਵੀਂ ਸਦੀ ਵਿਚ ਚੇਚਨੀਆ ਦੇ ਲੋਕਾਂ ਨੇ ਰੂਸ ਖਿਲਾਫ ਆਪਣੀ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ, ਜੋ ਕਈ ਪੀੜ੍ਹੀਆਂ ਤੱਕ ਚੱਲਦੀ ਰਹੀ। ਦੂਸਰੇ ਵਿਸ਼ਵ ਯੁੱਧ ਦੌਰਾਨ ਰੂਸ ਨਾਲ ਲੜਦੀਆਂ ਹੋਈਆਂ ਨਾਜ਼ੀ ਫੌਜਾਂ ਵੀ ਇਥੇ ਤੀਕ ਆਣ ਪਹੁੰਚੀਆਂ ਸਨ ਅਤੇ ਸਭ ਤੋਂ ਉਚੇ ਪਹਾੜ ਅਲਬਰੂਜ਼ ਦੇ ਸਿਖਰ `ਤੇ ਨਾਜ਼ੀ ਝੰਡਾ ਝੁਲਾ ਦਿੱਤਾ। ਆਖਰਕਾਰ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਚੇਚਨੀਆ ਅਤੇ ਕਈ ਹੋਰ ਦੇਸ਼ਾਂ ਦੀ ਸੁਤੰਤਰ ਹੋਂਦ ਸਾਹਮਣੇ ਆਈ। ਇਸ ਤਰ੍ਹਾਂ ਗੈਬੀ ਅਤੇ ਪਰੀ ਕਹਾਣੀਆਂ ਵਾਲੇ ਇਸ ਇਲਾਕੇ ਨੇ ਸਦੀਆਂ ਤੀਕ ਕਰੜੇ ਰਾਜਨੀਤਕ ਅਤੇ ਜੰਗੀ ਮਾਹੌਲ ਨੂੰ ਆਪਣੇ ਸੀਨੇ `ਤੇ ਹੰਢਾਇਆ ਹੈ।
ਕੋਹ ਕਾਫ ਦੇ ਪਰਬਤ ਪਹਾੜਾਂ ਨੂੰ ਗਾਹੁਣ ਵਾਲੇ ਸਨਕੀਆਂ ਦੀ ਪਸੰਦ ਹਨ। ਰੂਸੀ ਇਲਾਕੇ ਵਿਚ ਦਰਜਨਾਂ ਹੀ ਐਸੇ ਸਿਖਲਾਈ ਕੈਂਪ ਹਨ, ਜਿੱਥੇ ਪਰਬਤ-ਆਰੋਹ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਗਰਮੀਆਂ ਦੇ ਮੌਸਮ ਵਿਚ ਪਰਬਤ ਆਰੋਹੀਆਂ ਦੀਆਂ ਟੁਕੜੀਆਂ ਵਿਸ਼ਾਲ ਪਹਾੜਾਂ ਨੂੰ ਸਰ ਕਰਨ ਲਈ ਪੈਦਲ ਨਿਕਲ ਜਾਂਦੀਆਂ ਹਨ। ਇਥੋਂ ਦਾ ਪੌਣ-ਪਾਣੀ ਅਤੇ ਖੁਰਾਕੀ ਵਸੀਲੇ ਬਹੁਤ ਸਿਹਤਮੰਦ ਮੰਨੇ ਜਾਂਦੇ ਹਨ। ਇਸ ਮਾਮਲੇ ਵਿਚ ਇਸ ਇਲਾਕੇ ਦੀ ਤੁਲਨਾ ਯੂਰਪ ਦੇ ਬੇਹੱਦ ਖੁਸ਼ਗਵਾਰ ਮੰਨੇ ਜਾਂਦੇ ਐਲਪਸ ਪਰਬਤਾਂ ਨਾਲ ਕੀਤੀ ਜਾਂਦੀ ਹੈ। ਕੋਹ ਕਾਫ ਦੀਆਂ ਉਚੀਆਂ ਪਹਾੜੀ ਚੋਟੀਆਂ ਨੂੰ ਬੁਝ ਚੁੱਕੇ ਜਵਾਲਾਮੁਖੀ ਵੀ ਕਿਹਾ ਜਾਂਦਾ ਹੈ, ਭਾਵ ਸਦੀਆਂ ਪਹਿਲਾਂ ਕਦੇ ਇਥੇ ਜਵਾਲਾਮੁਖੀ ਅੱਗ ਉਗਲਦੇ ਸਨ, ਫਿਰ ਹੌਲੀ ਹੌਲੀ ਸਮੇਂ ਦੀ ਅਨੰਤ ਧਾਰਾ ਰਾਹੀਂ ਗੁਜ਼ਰਦਿਆਂ ਪਰਬਤਾਂ ਦੇ ਰੂਪ ਵਿਚ ਠੰਢੇ ਹੁੰਦੇ ਗਏ। ਅਪਸੈਰਾਨ ਖੇਤਰ ਵਿਚ ਤਾਂ ਅੱਧੀ ਕੁ ਦਰਜਨ ਜਵਾਲਾਮੁਖੀ ਅਜੇ ਵੀ ਧੁਖਦੇ ਰਹਿੰਦੇ ਹਨ।
ਕੋਹ ਕਾਫ ਪਰਬਤਾਂ ਵਿਚ ਵੱਸਦੀਆਂ ਸੱਭਿਆਤਾਵਾਂ ਅਤੇ ਕਬੀਲਿਆਂ ਵਿਚ ਬੋਲੀ ਤੇ ਰਹਿਣ-ਸਹਿਣ ਦੇ ਤੌਰ ਤਰੀਕੇ ਵਖਰੇਵੇਂ ਵਾਲੇ ਹਨ। ਕਿਹਾ ਜਾਂਦਾ ਹੈ ਕਿ ਇਹੀ ਧਰਤੀ ਅਸਲੀ ਕਾਕੇਸ਼ੀਅਨ ਨਸਲ ਦੀ ਜਨਮ ਭੂਮੀ ਹੈ, ਪਰ ਫਿਰ ਵੀ ਇੱਥੋਂ ਦੇ ਲੋਕਾਂ ਦਾ ਨਸਲੀ ਇਤਿਹਾਸ ਹੇਠ ਵਰਗੀਕਰਣ ਕਰਨਾਂ ਇਤਿਹਾਸਕਾਰਾਂ ਲਈ ਔਖਾ ਕੰਮ ਰਿਹਾ ਹੈ। ਸਦੀਆਂ ਤੋਂ ਅਰਬੀ, ਏਸ਼ੀਅਨ ਅਤੇ ਯੂਰਪੀਨ ਯਾਤਰੀ ਦਲਾਂ ਦੀਆਂ ਕਈ ਟੁਕੜੀਆਂ ਇਥੇ ਆ ਕੇ ਵੱਸਦੀਆਂ ਰਹੀਆਂ। ਜੰਗਾਂ ਦੌਰਾਨ ਆਲੇ-ਦੁਆਲੇ ਦੇ ਦੇਸ਼ਾਂ ਦੀਆਂ ਹਾਰੀਆਂ ਅਤੇ ਭਗੌੜੀਆਂ ਹੋ ਕੇ ਭੱਜੀਆਂ ਫੌਜੀ ਟੁਕੜੀਆਂ ਵੀ ਇਨ੍ਹਾਂ ਅਪਹੁੰਚ ਪਹਾੜਾਂ ਵਿਚ ਆਣ ਲੁਕਦੀਆਂ ਸਨ। ਕਈ ਪਿੰਡਾਂ ਵਿਚ ਅਜੇ ਵੀ ਐਸੀਆਂ ਬੋਲੀਆਂ ਵਰਤੋਂ ਵਿਚ ਆਉਂਦੀਆਂ ਹਨ, ਜਿਨ੍ਹਾਂ ਦਾ ਬਾਹਰੀ ਸੰਸਾਰ ਨਾਲ ਕੋਈ ਤਾਲਮੇਲ ਨਹੀਂ ਬਣਦਾ। ਮਾਕਾਚਕਾਲਾ, ਬਾਕੂ, ਬਾਟੁਮੀ, ਯੈਰੇਵਾਨ ਅਤੇ ਤਬਿਲੀਅਸੀ ਆਦਿ ਕੋਹ ਕਾਫ ਪਰਬਤਾਂ ਵਿਚ ਵੱਸਦੇ ਵੱਡੇ ਸ਼ਹਿਰ ਹਨ।
ਕੋਹ ਕਾਫ ਦੇ ਪਰਬਤ ਅੱਜ ਵੀ ਉਨੇ ਹੀ ਰੋਮਾਂਚਿਕ ਅਤੇ ਰਹੱਸਮਈ ਹਨ, ਜਿੰਨੇ ਸਦੀਆਂ ਪਹਿਲਾਂ ਸਨ। ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਇਨ੍ਹਾਂ ਨਾਲ ਸਬੰਧਿਤ ਮਿੱਥਾਂ, ਪਰੀ ਕਹਾਣੀਆਂ ਅਤੇ ਗਾਥਾਵਾਂ ਨੂੰ ਲੋਕ ਉਤਸੁਕਤਾ ਨਾਲ ਪੜ੍ਹਦੇ ਤੇ ਸੁਣਦੇ ਹਨ। ਬਰਫਾਂ ਲੱਦੇ ਪਹਾੜ, ਢਲਾਣਾਂ ਵਾਲੀਆਂ ਵਾਦੀਆਂ ਅਤੇ ਖੁਬਸੂਰਤ ਝਰਨੇ ਯਾਤਰੀਆਂ ਨੂੰ ਜੀ ਆਇਆਂ ਨੂੰ ਕਹਿੰਦੇ ਮਹਿਸੂਸ ਹੁੰਦੇ ਹਨ। ਜੇ ਕਿਸੇ ਨੇ ਯੂਰਪ, ਅਰਬ ਅਤੇ ਏਸ਼ੀਆ ਦੀਆਂ ਸਾਂਝੀਆਂ ਸੱਭਿਆਤਾਵਾਂ ਨੂੰ ਜਾਣਨਾ ਤੇ ਕੁਦਰਤ ਦੀ ਦਿਲਕਸ਼ ਸ਼ਾਂਤੀ ਨੂੰ ਮਾਣਨਾ ਹੋਵੇ ਤਾਂ ਕੋਹ ਕਾਫ ਦੀ ਧਰਤੀ ਤੋਂ ਬਿਹਤਰ ਖਿੱਤਾ ਕੋਈ ਹੋਰ ਨਹੀਂ ਹੋ ਸਕਦਾ।