ਸੁਰਿੰਦਰ ਗੀਤ
ਕੈਲਗਰੀ ਦੇ ਨਵੇਂ ਸਿਟੀ ਹਾਲ ਨੂੰ ਬਣੇ ਬਹੁਤਾ ਚਿਰ ਨਹੀਂ ਸੀ ਹੋਇਆ। ਕਹਿੰਦੇ ਨੇ ਅਲਬਰਟਾ ਸਰਕਾਰ ਤੇ ਸਿਟੀ ਕੌਂਸਲ ਨੇ ਬਹੁਤ ਖਰਚ ਕੀਤਾ ਇਸ ਮਿਆਰੀ ਇਮਾਰਤ `ਤੇ। ਮੇਰੀ ਚੰਗੀ ਕਿਸਮਤ ਕਿ ਮੈਂ ਇਸ ਖੂਬਸੂਰਤ ਇਮਾਰਤ ਵਿਚ ਇਕ ਦਿਲਕਸ਼ ਦਫਤਰ ਵਿਚ ਕੰਮ ਕਰਦੀ ਸਾਂ। ਸੱਚ ਜਾਣੋ ਤਾਂ ਕੰਮ `ਤੇ ਜਾਣ ਦਾ ਚਾਅ ਚੜ੍ਹਿਆ ਰਹਿੰਦਾ ਸੀ।
ਪਹਿਲੀ ਮੰਜ਼ਿਲ ਯਾਨਿ ਮੇਨ ਲਾਬੀ ਦੀ ਖੂਬਸੂਰਤੀ ਦੇਖਣ ਵਾਲੀ ਸੀ। ਚਮਕਦੀ ਲਿਸ਼ਕਦੀ ਫਰਸ਼ ਤੇ ਆਰਟ ਵਰਕ ਹਰ ਇਕ ਨੂੰ ਆਪਣੇ ਵੱਲ ਖਿੱਚਦਾ ਸੀ। ਬਹੁਤ ਹੀ ਸੋਹਣੀਆਂ ਸੋਹਣੀਆਂ ਮਹਿੰਗੇ ਭਾਅ ਦੀਆਂ ਕੁਰਸੀਆਂ ਮੇਨ ਲਾਬੀ ਦੀ ਸੁੰਦਰਤਾ ਵਿਚ ਵਾਧਾ ਕਰ ਰਹੀਆਂ ਸਨ। ਸਿਟੀ ਹਾਲ ਦੇਖਣ ਵਾਲੇ ਲੋਕਾਂ ਦੀ ਆਵਾਜਾਈ ਬਹੁਤ ਰਹਿੰਦੀ ਸੀ। ਵੈਸੇ ਵੀ ਲੋਕ ਸਿਟੀ ਨਾਲ ਸੰਬੰਧਤ ਆਪਣੇ ਕੰਮ-ਧੰਦਿਆਂ ਲਈ ਸਿਟੀ ਹਾਲ ਆਉਂਦੇ-ਜਾਂਦੇ ਰਹਿੰਦੇ ਹਨ। ਭਾਵ ਬਹੁਤ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਲਾਬੀ ਵਿਚ ਪਈਆਂ ਕੁਰਸੀਆਂ ਕਰੀਬ ਕਰੀਬ ਭਰੀਆਂ ਹੀ ਰਹਿੰਦੀਆਂ। ਕਈ ਲੋਕ ਤਾਂ ਬਿੰਦ ਦਾ ਬਿੰਦ ਆਰਾਮ ਕਰਨ ਉਥੇ ਬੈਠ ਜਾਂਦੇ ਤੇ ਆਉਂਦੇ-ਜਾਂਦੇ ਲੋਕਾਂ ਨੂੰ ਵੇਖਦੇ ਰਹਿੰਦੇ।
ਸੋਮਵਾਰ ਦਾ ਦਿਨ ਸੀ। ਆਦਤ ਅਨੁਸਾਰ ਮੈਂ ਦਫਤਰ ਦੇ ਟਾਈਮ ਤੋਂ 15-20 ਮਿੰਟ ਪਹਿਲਾਂ ਸਿਟੀ ਹਾਲ ਪੁੱਜ ਗਈ। ਮੈਂ ਆਪਣਾ ਪਰਸ ਆਪਣੇ ਡੈਸਕ `ਤੇ ਰੱਖ ਮੇਨ ਲਾਬੀ ਵਿਚ ਘੁੰਮਣ ਫਿਰਨ ਆ ਗਈ।
ਆਪਣੇ ਧਿਆਨ ਮੈਂ ਏਧਰ ਓਧਰ ਸਿਟੀ ਹਾਲ ਦੀ ਸੁੰਦਰਤਾ ਅਤੇ ਬਣਤਰ ਦੇਖ ਹੀ ਰਹੀ ਸਾਂ ਕਿ ਇਕ ਆਵਾਜ਼ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ।
“ਮੈਨੂੰ ਭੁੱਖ ਲੱਗੀ ਹੈ। ਕੀ ਤੁਸੀਂ ਮੇਰੇ ਲਈ ਬਰੇਕਫਾਸਟ ਖਰੀਦ ਸਕਦੇ ਹੋ?”
ਮੈਂ ਉਸ ਨੂੰ ਗਹੁ ਨਾਲ ਦੇਖਿਆ। ਕਾਫੀ ਵੱਡੀ ਉਮਰ ਦਾ ਬਜ਼ੁਰਗ ਸੀ ਉਹ। ਮੋਟਾ ਵੱਡਾ ਚਿਹਰਾ, ਜੋ ਬੁਢਾਪੇ ਕਾਰਨ ਸੁੰਗੜ ਗਿਆ ਜਾਪਦਾ ਸੀ। ਮੈਲੇ ਕੁਚੈਲੇ ਕੱਪੜੇ, ਖਿਲਰੇ ਹੋਏ ਮੈਲੇ ਮਿੱਟੀ ਨਾਲ ਭਰੇ ਹੋਏ ਵਾਲਾਂ ਦੀਆਂ ਦੋ ਗੁੱਤਾਂ, ਲੰਬੀ ਉਲਝੀ ਹੋਈ ਚਿੱਟੀ ਦਾੜ੍ਹੀ ਤੇ ਗਿੱਡ ਨਾਲ ਭਰੀਆਂ ਕੋਇਆਂ ਵਿਚ ਧਸੀਆਂ ਅੱਖਾਂ। ਉਸ ਦੇ ਚਿਹਰੇ `ਤੇ ਇਕ ਵੱਡਾ ਸਾਰਾ ਪੁਰਾਣੇ ਜ਼ਖਮ ਦਾ ਨਿਸ਼ਾਨ ਵੀ ਸੀ। ਉਸ ਕੋਲ ਇਕ ਸੋਟੀ ਵੀ ਪਈ ਸੀ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਇਹ ਸੋਟੀ ਦੇ ਸਹਾਰੇ ਤੁਰਦਾ ਹੈ ਅਤੇ ਇਸ ਦੀ ਲੱਤ ਵਿਚ ਨੁਕਸ ਸੀ। ਆਮ ਲੋਕਾਂ ਦੀ ਤਰ੍ਹਾਂ ਤੁਰ ਫਿਰ ਨਹੀਂ ਸੀ ਸਕਦਾ ਤੇ ਉਹ ਸਿਟੀ ਹਾਲ ਦੀ ਬੜੀ ਸੋਹਣੀ ਮਹਿੰਗੀ ਨਵੀਂ ਨਕੋਰ ਕੁਰਸੀ `ਤੇ ਬੈਠਾ ਸੀ।
ਪਹਿਲੀ ਹੀ ਨਜ਼ਰੇ ਮੈਂ ਸਮਝ ਗਈ ਕਿ ਇਹ ‘ਤਾਏ ਕਾ’ ਹੈ। ‘ਤਾਏ ਕਾ’ ਇਉਂ ਕਿ ਏਥੋਂ ਦੇ ਮੂਲ ਨਿਵਾਸੀਆਂ ਨੂੰ ਸਾਡੇ ਭਾਰਤੀ ਪੰਜਾਬੀ ਲੋਕ ‘ਤਾਏ ਕੇ’ ਕਹਿੰਦੇ ਹਨ। ‘ਤਾਏ ਕੇ’ ਕਹਿਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੈਕਸੀਕਨ ਲੋਕਾਂ ਦੀ ਤਰ੍ਹਾਂ ਇਨ੍ਹਾਂ ਦੇ ਨੈਣ ਨਕਸ਼ ਵੀ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਦੇ-ਜੁਲਦੇ ਹਨ ਤੇ ਇਨ੍ਹਾਂ ਨੂੰ ਵੀ ਇੰਡੀਅਨ ਕਿਹਾ ਜਾਂਦਾ ਹੈ। ਮੈਂ ਇਸ ਬਾਰੇ ਕੁਝ ਕਹਿਣ ਤੋਂ ਸੰਕੋਚ ਹੀ ਕਰਾਂਗੀ ਕਿਉਂਕਿ ਮੈਂ ਇਤਿਹਾਸ ਤੋਂ ਜਾਣੂੰ ਨਹੀਂ ਹਾਂ।
ਇਤਿਹਾਸਕਾਰ ਦੱਸਦੇ ਹਨ ਕਿ ਚਾਰ ਪੰਜ ਹਜ਼ਾਰ ਸਾਲ ਪਹਿਲਾਂ ਇਹ ਲੋਕ ਸਾਇਬੇਰੀਆ ਤੋਂ ਬੈਰਿੰਗ ਸਟੇਟ ਰਾਹੀਂ ਜੰਮੀ ਹੋਈ ਬਰਫ `ਤੇ ਚੱਲ ਕੇ ਅਲਾਸਕਾ ਆਏ ਤੇ ਅੱਗੋਂ ਸਾਰੇ ਕੈਨੇਡਾ ਦੀ ਧਰਤੀ `ਤੇ ਫੈਲ ਗਏ। ਇਹ ਮੂਲ ਨਿਵਾਸੀ ਇਹ ਵੀ ਕਹਿੰਦੇ ਹਨ ਕਿ ਉਹ ਤਾਂ ਉਦੋਂ ਦੇ ਏਥੇ ਰਹਿ ਰਹੇ ਹਨ, ਜਦੋਂ ਦੀ ਧਰਤੀ ਬਣੀ ਹੈ। ਸਾਡੇ ਵਾਂਗ ਇਨ੍ਹਾਂ ਵਿਚ ਵੀ ਮਿਥਿਹਾਸਕ ਕਹਾਣੀਆਂ ਪ੍ਰਚੱਲਤ ਹਨ।
ਜਿਉਂ ਹੀ ਮੈਂ ਉਸ ਨੂੰ ਤੱਕਿਆ ਤਾਂ ਮੇਰਾ ਮਨ ਭਰ ਆਇਆ। ਇਸ ਦੇਸ਼ ਵਿਚ ਵੀ ਭੁੱਖੇ ਲੋਕ ਹਨ? ਆਪਣੇ ਆਪ `ਤੇ ਕੀਤੇ ਇਸ ਸਵਾਲ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ।
“ਮੇਰਾ ਪਰਸ ਮੇਰੇ ਦਫਤਰ ’ਚ ਹੈ। ਮੈਂ ਲਿਆ ਕੇ ਦਿੰਦੀ ਹਾਂ।” ਮੈਂ ਕਿਹਾ।
ਉਹ ਕੁਝ ਨਾ ਬੋਲਿਆ। ਮੈਂ ਚੁੱਪ ਚੁਪੀਤੀ ਐਲੀਵੇਟਰ ਰਾਹੀਂ ਛੇਵੀਂ ਮੰਜ਼ਿਲ `ਤੇ ਪੁੱਜ ਗਈ। ਆਪਣਾ ਪਰਸ ਦੇਖਿਆ। ਮੇਰੇ ਕੋਲ ਪੰਜ ਪੰਜ ਦੇ ਕੇਵਲ ਦੋ ਨੋਟ ਹੀ ਸਨ। ਸੋਚਿਆ, ਦਸ ਡਾਲਰ ਦੇ ਦਿੰਦੀ ਹਾਂ। ਫਿਰ ਸੋਚਿਆ ਕਿ ਮੈਨੂੰ ਵੀ ਲੋੜ ਪੈ ਸਕਦੀ ਹੈ। ਚਲੋ ਪੰਜ ਡਾਲਰ ਦੇ ਦਿੰਦੀ ਹਾਂ। ਆਪਣੇ ਆਪ ਨਾਲ ਫੈਸਲਾ ਕਰਕੇ ਮੈਂ ਪੰਜ ਡਾਲਰ ਉਸ ਦੇ ਹੱਥ ਫੜਾ ਦਿੱਤਾ। ਉਸ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਨੂੰ ਦੇਖਿਆ, ਧੰਨਵਾਦ ਕੀਤਾ ਤੇ ਸੋਟੀ ਨੂੰ ਹੱਥ ਪਾਇਆ। ਸ਼ਾਇਦ ਉਹ ਕੁਝ ਖਾਣ ਵਾਸਤੇ ਕੋਈ ਚੀਜ਼ ਖਰੀਦਣ ਜਾ ਰਿਹਾ ਸੀ। ਮੇਰੇ ਦਫਤਰ ਦਾ ਸਮਾਂ ਹੋ ਰਿਹਾ ਸੀ। ਇਸ ਲਈ ਮੈਂ ਬਿਨਾਂ ਉਸ ਵੱਲ ਦੇਖੇ ਕਾਹਲੀ ਨਾਲ ਆਪਣੇ ਡੈਸਕ `ਤੇ ਆ ਬੈਠੀ।
ਉਸ ਦਿਨ ਮੈਂ ਸਾਰਾ ਦਿਨ ਉਸ ਬਜ਼ੁਰਗ ਬਾਰੇ ਸੋਚਦੀ ਰਹੀ। ਤਰ੍ਹਾਂ ਤਰ੍ਹਾਂ ਦੇ ਖਿਆਲ ਮਨ ਨੂੰ ਘੇਰ ਰਹੇ ਸਨ। ਖੈਰ! ਉਸ ਨੂੰ ਪੰਜ ਡਾਲਰ ਦੇ ਕੇ ਮੈਨੂੰ ਆਪਣਾ ਆਪ ਚੰਗਾ ਚੰਗਾ ਲੱਗ ਰਿਹਾ ਸੀ।
ਦੂਸਰੇ ਦਿਨ ਉਥੇ ਹੋਰ ਇੱਕਾ ਦੁੱਕਾ ਤਾਏ ਕੇ ਬੈਠੇ ਸਨ, ਪਰ ਉਹ ਨਹੀਂ ਸੀ। ਹਫਤੇ ਦੇ ਪੰਜ ਦਿਨ ਬੀਤ ਗਏ, ਪਰ ਉਹ ਨਾ ਦਿਸਿਆ। ਇੱਕ ਦਿਨ ਸਿਕਿਉਰਿਟੀ ਗਾਰਡ ਉਨ੍ਹਾਂ ਨੂੰ ਉਥੇ ਬੈਠਣ ਤੋਂ ਰੋਕ ਰਿਹਾ ਸੀ। ਮੈਨੂੰ ਤਰਸ ਵੀ ਆਇਆ ਕਿ ਇਹ ਵਿਚਾਰੇ ਮੀਂਹ ਵਿਚ ਕਿੱਥੇ ਬੈਠਣਗੇ ਤੇ ਨਾਲ ਹੀ ਮੈਨੂੰ ਉਸ ਦਾ ਖਿਆਲ ਆਇਆ, ਜਿਸ ਨੂੰ ਮੈਂ ਇਕ ਦਿਨ ਪੰਜ ਡਾਲਰ ਦਿੱਤੇ ਸਨ। ਸੋਚਿਆ ਕਿਤੇ ਚਲਾ ਗਿਆ ਹੋਣਾ ਹੈ। ਉਸ ਦਾ ਕਿਹੜਾ ਕੋਈ ਘਰ ਘਾਟ ਹੋਣਾ ਹੈ।
ਤੀਸਰੇ ਹਫਤੇ ਇਕ ਦਿਨ ਦੁਪਹਿਰ ਵੇਲੇ ਮੈਂ ਉਸ ਨੂੰ ਸਿਟੀ ਹਾਲ ਦੇ ਬਾਹਰ ਬਣੇ ਉੱਚੇ ਥੜ੍ਹੇ `ਤੇ ਬੈਠਾ ਵੇਖਿਆ। ਉਹ ਕੁਝ ਖਾ ਰਿਹਾ ਸੀ। ਮੈਂ ਆਪਣੀ ਗੋਰੀ ਸਹੇਲੀ ਨਾਲ ਲੰਚ `ਤੇ ਜਾ ਰਹੀ ਸਾਂ। ਉਸ ਨੇ ਮੈਨੂੰ ਦੇਖ ਲਿਆ ਸੀ, ਪਰ ਮੇਰੇ ਨਾਲ ਮੇਰੀ ਸਹੇਲੀ ਹੋਣ ਕਰਕੇ ਮੈਂ ਉਸ ਨੂੰ ਨਹੀਂ ਬੁਲਾਇਆ। ਸੋਚਿਆ ਇਹ ਕੀ ਸੋਚੇਗੀ ਜੇ ਮੈਂ ਇਸ ਦੇ ਕੋਲ ਖੜ੍ਹ ਗਈ ਤਾਂ।
ਉਸ ਤੋਂ ਬਾਅਦ ਮੈਂ ਕਦੇ ਉਸ ਨੂੰ ਸਿਟੀ ਹਾਲ ਦੀਆਂ ਕੁਰਸੀਆਂ, ਕਦੇ ਸਿਟੀ ਹਾਲ ਦੇ ਬਾਹਰ ਤੇ ਕਦੇ ਲਾਇਬ੍ਰੇਰੀ ਕੋਲ ਵੇਖਦੀ। ਅਜੇ ਤੱਕ ਮੈਂ ਉਸ ਨੂੰ ਤੁਰਦਿਆਂ ਨਹੀਂ ਸੀ ਵੇਖਿਆ, ਪਰ ਜਦ ਮੈਂ ਉਸ ਨੂੰ ਤੁਰਦਿਆਂ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਬਹੁਤ ਮੁਸ਼ਕਿਲ ਵਿਚ ਸੀ। ਮਸਾਂ ਹੀ ਪੈਰ ਪੁਟਦਾ ਸੀ।
ਦਿਨ ਬੀਤਦੇ ਗਏ। ਮੇਰੀ ਉਸ ਨਾਲ ਕਦੇ ਕਦਾਈਂ ਹੈਲੋ ਸ਼ੈਲੋ ਹੁੰਦੀ ਰਹਿੰਦੀ। ਆਮ ਕਰਕੇ ਉਹ ਇਕੱਲਾ ਹੀ ਹੁੰਦਾ ਸੀ, ਪਰ ਕਦੇ ਕਦੇ ਉਸ ਕੋਲ ਲਗਭਗ ਉਸ ਦੀ ਹੀ ਉਮਰ ਦਾ ਸਾਥੀ ਬੈਠਾ ਹੁੰਦਾ। ਦੇਖਣ ਨੂੰ ਉਹ ਉਸ ਤੋਂ ਕੁਝ ਚੰਗੀ ਹਾਲਤ ਵਿਚ ਸੀ। ਉਸ ਤੋਂ ਬਿਨਾ ਮੈਂ ਕਦੇ ਵੀ ਕਿਸੇ ਹੋਰ ਨੂੰ ਉਸ ਨਾਲ ਨਹੀਂ ਸੀ ਦੇਖਿਆ।
ਮੇਰੀ ਇਕ ਸਹੇਲੀ ਦੂਸਰੇ ਡਿਪਾਰਟਮੈਂਟ ਵਿਚ ਸੀ, ਪਰ ਕਾਫੀ ਜਾਂ ਲੰਚ ਬਰੇਕ `ਤੇ ਮੇਰਾ ਉਸ ਨਾਲ ਮੇਲ ਹੋ ਜਾਂਦਾ ਸੀ। ਉਹ ਅਕਸਰ ਹੀ ਮੇਰਾ ਇਹ ਕਹਿ ਕੇ ਮਜ਼ਾਕ ਉਡਾਉਂਦੀ ਕਿ ਤੇਰਾ ਦੋਸਤ ਬੈਠਾ ਹੈ। ਜਦੋਂ ਅਜਿਹਾ ਆਖਦੀ ਤਾਂ ਸੱਚ ਮੁੱਚ ਹੀ ਉਹ ਮੈਨੂੰ ਮੇਰਾ ਦੋਸਤ ਜਾਪਦਾ; ਪਰ ਇਕ ਦਿਨ ਉਸ ਨੇ ਮੈਨੂੰ ਆਖ ਹੀ ਦਿੱਤਾ, “ਇਹ ਲੋਕ ਚੋਰ ਹੁੰਦੇ ਹਨ। ਨਸ਼ੇ-ਪੱਤੇ ਵੀ ਕਰਦੇ ਹਨ। ਕੰਮ ਕਾਰ ਕਰਦੇ ਨਹੀਂ। ਵਿਹਲੇ ਸਰਕਾਰਾਂ `ਤੇ ਭਾਰ ਹਨ। ਇਉਂ ਹੀ ਤੁਰੇ ਫਿਰਦੇ ਰਹਿੰਦੇ ਹਨ। ਸਟੋਰਾਂ `ਚੋਂ ਵੀ ਚੋਰੀ ਚੁੱਕ ਕੇ ਖਾ ਪੀ ਜਾਂਦੇ ਹਨ।”
ਮੈਂ ਉਸ ਦੀ ਗੱਲ ਤਾਂ ਸੁਣੀ, ਪਰ ਕੋਈ ਖਾਸ ਹੁੰਗਾਰਾ ਨਾ ਭਰਿਆ। ਪਤਾ ਨਹੀਂ ਕਿਉਂ!
ਸਰਦੀਆਂ ਦੀ ਰੁੱਤ ਆ ਗਈ। ਠੰਡ ਵੱਧਣ ਲੱਗੀ। ਕਦੇ ਕਦੇ ਬਰਫ ਵੀ ਪੈ ਜਾਂਦੀ। ਉਸ ਦੇ ਪੈਰਾਂ ਵਿਚ ਤਾਂ ਕੁਝ ਚੰਗੇ ਬੂਟ ਸਨ, ਪਰ ਉਸ ਦੀ ਜੈਕਟ ਬਹੁਤ ਹੀ ਫਟੀ ਪੁਰਾਣੀ ਸੀ ਤੇ ਉਸ ਵਿਚ ਇਕ ਦੋ ਵੱਡੀਆਂ ਵੱਡੀਆਂ ਮੋਰੀਆਂ ਵੀ ਸਨ।
ਉਸ ਦਿਨ ਬਹੁਤ ਠੰਡ ਸੀ। ਦਫਤਰ ਵਿਚ ਬੈਠੀ ਨੂੰ ਵਾਰ ਵਾਰ ਉਸ ਦਾ ਖਿਆਲ ਆ ਰਿਹਾ ਸੀ। ਇਕ ਦਮ ਖਿਆਲ ਆਇਆ ਕਿ ਘਰੇ ਇਕ ਜੈਕਟ ਪਈ ਹੈ। ਚੰਗੀ ਭਾਰੀ ਜੈਕਟ ਹੈ। ਮੇਰੇ ਹਸਬੈਂਡ ਦੀ ਪੁਰਾਣੀ ਜੈਕਟ। ਉਹ ਤਾਂ ਇਸ ਨੂੰ ਵਰਤਦਾ ਨਹੀਂ, ਕਿਉਂ ਨਾ ਇਸ ਨੂੰ ਦੇ ਦੇਵਾਂ! ਫਿਰ ਖਿਆਲ ਆਇਆ ਕਿ ਉਸ ਨੇ ਕਿਹੜਾ ਮੇਰੇ ਤੋਂ ਮੰਗੀ ਹੈ। ਲਿਆ ਕੇ ਦੇਵਾਂ ਜਾਂ ਨਾ। ਸਹੇਲੀ ਦੀ ਕਹੀ ਗੱਲ ‘ਇਹ ਲੋਕ ਚੋਰ ਹੁੰਦੇ ਹਨ’ ਤੰਗ ਕਰ ਰਹੀ ਸੀ। ਮੇਰਾ ਕੰਮ ਵਿਚ ਧਿਆਨ ਨਹੀਂ ਸੀ ਲੱਗ ਰਿਹਾ।
ਇਨ੍ਹਾਂ ਸਾਰੇ ਚੰਗੇ-ਮਾੜੇ ਖਿਆਲਾਂ ਦੇ ਬਾਵਜੂਦ ਦੂਸਰੇ ਦਿਨ ਮੈਂ ਆਪਣੇ ਹਸਬੈਂਡ ਦੇ ਪੁਰਾਣੇ ਦਸਤਾਨੇ, ਇਕ ਪੁਰਾਣਾ ਗਰਮ ਸਕਾਰਫ, ਗਰਮ ਟੋਪੀ ਤੇ ਪੁਰਾਣੀ ਜੈਕਟ ਪਲਾਸਟਿਕ ਦੇ ਬੈਗ ਵਿਚ ਪਾ ਕੇ ਕੰਮ `ਤੇ ਜਾਣ ਲੱਗਿਆਂ ਆਪਣੇ ਨਾਲ ਲੈ ਗਈ। ਸੋਚਿਆ ਉਹ ਮੈਨੂੰ ਸਿਟੀ ਹਾਲ ਦੇ ਅੰਦਰ ਜਾਂ ਬਾਹਰ ਕਿਤੇ ਮਿਲ ਜਾਵੇਗਾ, ਪਰ ਉਸ ਦਿਨ ਉਹ ਮੈਨੂੰ ਦਿਖਾਈ ਨਾ ਦਿੱਤਾ। ਮੈਂ ਸਾਰਾ ਸਮਾਨ ਆਪਣੇ ਲਾਕਰ ਵਿਚ ਰੱਖ ਲਿਆ, ਇਹ ਸੋਚ ਕੇ ਕਿ ਜਦੋਂ ਮਿਲੇਗਾ, ਦੇ ਦੇਵਾਂਗੀ।
ਤੇ ਇਕ ਦਿਨ ਉਹ ਮੈਨੂੰ ਮਿਲ ਹੀ ਗਿਆ, ਓਸੇ ਕੁਰਸੀ `ਤੇ ਬੈਠਾ, ਜਿਸ ਦਿਨ ਉਸ ਨੇ ਮੈਥੋਂ ਬਰੇਕਫਾਸਟ ਲਈ ਪੈਸੇ ਮੰਗੇ ਸਨ। ਮੈਂ ਦੌੜ ਕੇ ਸਾਰਾ ਸਮਾਨ ਉਸ ਨੂੰ ਲਿਆ ਕੇ ਦਿੱਤਾ। ਉਸ ਦੀਆਂ ਅੱਖਾਂ ਵਿਚ ਚਮਕ ਫੈਲਣ ਲੱਗੀ ਤੇ ਉਹ ਲਗਾਤਾਰ ਮੇਰੇ ਵੱਲ ਦੇਖ ਰਿਹਾ ਸੀ ਤੇ ਵਾਰ ਵਾਰ ਧੰਨਵਾਦ ਕਰ ਰਿਹਾ ਸੀ।
ਮੇਰਾ ਵੀ ਜੀਅ ਕਰਦਾ ਸੀ ਉਸ ਨਾਲ ਗੱਲਬਾਤ ਕਰਨ ਨੂੰ। ਸੋ ਮੈਂ ਕੁਝ ਸਮਾਂ ਉਸ ਕੋਲ ਖਲੋ ਗਈ।
ਮੈਂ ਉਸ ਦੇ ਚਿਹਰੇ `ਤੇ ਪਏ ਵੱਡੇ ਸਾਰੇ ਨਿਸ਼ਾਨ ਬਾਰੇ ਪੁਛਿਆ ਤਾਂ ਉਸ ਨੇ ਹਉਕਾ ਲੈ ਕੇ ਦੱਸਿਆ ਕਿ ਜਦੋਂ ਉਹ ਛੇ ਸਾਲ ਦਾ ਸੀ ਤਾਂ ਗੋਰੇ ਲੋਕ ਉਸ ਨੂੰ ਤੇ ਉਸ ਦੀ ਭੈਣ ਨੂੰ ਉਸ ਦੇ ਮਾਂ-ਬਾਪ ਤੋਂ ਖੋਹ ਕੇ ਲੈ ਗਏ ਤੇ ਅਲੱਗ ਅਲੱਗ ਸਕੂਲਾਂ ਵਿਚ ਭੇਜ ਦਿੱਤਾ।
ਉਸ ਦੀਆਂ ਅੱਖਾਂ `ਚੋਂ ਪਾਣੀ ਵਹਿ ਤੁਰਿਆ।
“ਕਿਸੇ ਰੇਜ਼ਿਡੈਨੀਸ਼ੀਅਲ ਸਕੂਲ ‘ਚ”, ਮੈਂ ਕਿਹਾ।
ਉਸ ਨੇ ਹਾਂ ਵਿਚ ਸਿਰ ਹਿਲਾਇਆ। ਇਸ ਤੋਂ ਪਹਿਲਾਂ ਕਿ ਉਹ ਚਿਹਰੇ ਦੇ ਨਿਸ਼ਾਨ ਬਾਰੇ ਦੱਸਦਾ, ਉਸ ਨੇ ਪੈਂਟ ਉਤਾਂਹ ਚੁੱਕ ਕੇ ਲੱਤਾਂ ਦੀ ਹਾਲਤ ਦਿਖਾਈ।
“ਇਹ ਕੀ!” ਮੈਂ ਹੈਰਾਨੀ ਨਾਲ ਪੁੱਛਿਆ।
“ਓਥੇ ਸਕੂਲ ਵਿਚ ਸਾਨੂੰ ਬਹੁਤ ਕੁੱਟਿਆ ਮਾਰਿਆ ਜਾਂਦਾ ਸੀ। ਮੈਂ ਕੁਝ ਤਕੜਾ ਸਾਂ। ਮੈਂ ਤੰਗ ਆ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਪਤਾ ਲੱਗ ਗਿਆ ਤੇ ਮੇਰੀਆਂ ਲੱਤਾਂ ਦਾ ਆਹ ਹਾਲ ਕਰ ਦਿੱਤਾ। ਉਹ ਲਗਾਤਾਰ ਮੇਰੀਆਂ ਲੱਤਾਂ `ਤੇ ਡੰਡੇ ਮਾਰ ਰਿਹਾ ਸੀ। ਮੇਰੀ ਇਕ ਹੱਡੀ ਵੀ ਟੁੱਟ ਗਈ ਸੀ, ਪਰ ਕਿਸੇ ਨੇ ਕੋਈ ਦਵਾ-ਦਾਰੂ ਨਾ ਕੀਤੀ। ਮੈਂ ਆਪੇ ਹੀ ਇੱਕ ਕੱਪੜੇ ਨਾਲ ਘੁੱਟ ਕੇ ਬੰਨ੍ਹ ਲਈ। ਮੈਂ ਉਦੋਂ ਤੋਂ ਹੀ ਲੰਗੜਾਅ ਕੇ ਤੁਰਦਾ ਹਾਂ। ਹੁਣ ਤਕਲੀਫ ਵਧ ਗਈ ਹੈ ਉਮਰ ਨਾਲ।” ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਭਰ ਆਈਆਂ।
ਮੇਰਾ ਮਨ ਵੀ ਅੰਦਰੋਂ ਅੰਦਰੀਂ ਰੋ ਰਿਹਾ ਸੀ।
ਮੈਂ ਹੌਸਲਾ ਕਰਕੇ ਪੁੱਛਿਆ, “…ਤੇ ਆਹ ਚਿਹਰੇ ਦਾ ਨਿਸ਼ਾਨ?”
ਉਸ ਨੇ ਆਪਣੇ ਮੱਥੇ `ਤੇ ਪਏ ਨਿਸ਼ਾਨ ਨੂੰ ਪਲੋਸਿਆ ਤੇ ਦੱਸਿਆ, “ਇਕ ਦਿਨ ਜਦੋਂ ਮੈਂ ਖਾਣ ਨੂੰ ਜਿ਼ਆਦਾ ਭੋਜਨ ਮੰਗਿਆ ਤਾਂ ਮੇਰੇ ਬਹੁਤ ਕੁੱਟ ਪਈ। ਮੈਨੂੰ ਭੁੱਖ ਬਹੁਤ ਲੱਗਦੀ ਸੀ। ਉਥੇ ਕਿਸੇ ਨੇ (ਉਸ ਦਾ ਭਾਵ ਕਿਸੇ ਟੀਚਰ ਜਾਂ ਪ੍ਰਬੰਧਕ ਤੋਂ ਸੀ) ਮੇਰੇ ਇੰਨੀ ਜ਼ੋਰ ਦੀ ਥੱਪੜ ਮਾਰਿਆ ਕਿ ਮੇਰਾ ਮੱਥਾ ਕਿਚਨ ’ਚ ਪਏ ਤਿੱਖੇ ਕੰਢੇ ਵਾਲੇ ਪਤੀਲੇ `ਤੇ ਜਾ ਵੱਜਿਆ। ਬਹੁਤ ਲਹੂ ਨਿਕਲਿਆ ਸੀ। ਇਹ ਜ਼ੁਲਮ ਦੀ ਕਹਾਣੀ ਦੀ ਨਿਸ਼ਾਨੀ ਹੈ।”
ਏਨਾ ਜ਼ੁਲਮ…ਕਿਹੜੀ ਗੱਲ ਤੋਂ। ਮੈਂ ਆਪਣੀਆਂ ਅੱਖਾਂ ’ਚ ਭਰੇ ਹੰਝੂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸਾਂ।
ਮੈਂ ਘੜੀ ਵੱਲ ਦੇਖਿਆ। ਲੰਚ ਟਾਈਮ ਦਾ ਅਜੇ ਅੱਧਾ ਘੰਟਾ ਬਾਕੀ ਸੀ।
ਉਸ ਨੇ ਮੇਰਾ ਨਾਮ ਪੁੱਛਿਆ ਤੇ ਬਦਲੇ ਵਿਚ ਆਪਣਾ ਨਾਮ ਦੱਸਿਆ। ਉਸ ਦੇ ਕਹਿਣ ਮੁਤਾਬਕ ਉਸ ਦਾ ਨਾਮ ਮਾਈਕਲ ਫੋਨਟੈਨ ਸੀ।
ਮੈਂ ਚਾਹੁੰਦੀ ਸਾਂ ਕਿ ਉਸ ਦੇ ਪਰਿਵਾਰ ਬਾਰੇ ਗੱਲਬਾਤ ਕਰਾਂ।
ਮੈਂ ਹੌਸਲਾ ਕਰਕੇ ਪੁੱਛ ਹੀ ਲਿਆ, “ਮਾਈਕਲ, ਤੁਸੀਂ ਆਪਣੇ ਮਾਂ-ਬਾਪ ਨੂੰ ਦੋਬਾਰਾ ਕਦੇ ਮਿਲੇ ਹੋ?”
ਉਸ ਨੇ ਡੂੰਘਾ ਸਾਹ ਲਿਆ, ਅੱਖਾਂ `ਤੇ ਹੱਥ ਫੇਰਿਆ ਤੇ ਬੋਲਿਆ, “ਜਦੋਂ ਮੈਂ ਸਕੂਲ `ਚੋਂ ਬਾਹਰ ਆਇਆ ਤਾਂ ਮੈਂ ਮਾਂ ਬਾਪ ਤੇ ਭੈਣ ਨੂੰ ਲੱਭਣਾ ਸ਼ੁਰੂ ਕੀਤਾ, ਪਰ ਉਨ੍ਹਾਂ ਦੀ ਕੋਈ ਉੱਘ-ਸੁੱਘ ਨਾ ਮਿਲੀ। ਮਾਂ-ਬਾਪ ਹੁਣ ਤੱਕ ਮਰ ਮੁੱਕ ਗਏ ਹੋਣਗੇ।”
ਉਸ ਦਾ ਗੱਚ ਭਰ ਆਇਆ।
“ਉਸ ਨੇ ਆਪਣੇ ਦੁਖਦਾਈ ਜੀਵਨ ਕਹਾਣੀ ਨੂੰ ਅੱਗੇ ਤੋਰਦਿਆਂ ਕਿਹਾ, “ਮੈਂ ਤਾਂ ਵਿਨੀਪੈਗ ਰਹਿੰਦਾ ਸੀ। ਮੈਨੂੰ ਕਿਸੇ ਨੇ ਦੱਸਿਆ ਕਿ ਤੇਰੀ ਭੈਣ ਕੈਲਗਰੀ ਸਿਟੀ ਹਾਲ ਦੇ ਆਲੇ-ਦੁਆਲੇ ਘੁੰਮਦੀ ਫਿਰਦੀ ਰਹਿੰਦੀ ਹੈ। ਉਹ ਕੁਝ ਕੁਝ ਪਾਗਲ ਜਿਹੀ ਹੋ ਗਈ ਹੈ। ਇਸੇ ਲਈ ਮੈਂ ਏਥੇ ਕੈਲਗਰੀ ਆ ਗਿਆ ਹਾਂ, ਆਪਣੀ ਭੈਣ ਨੂੰ ਲੱਭਣ। ਮੈਂ ਹਰ ਔਰਤ `ਤੇ ਨਿਗਾਹ ਰੱਖਦਾ ਹਾਂ ਕਿ ਸ਼ਾਇਦ ਇਨ੍ਹਾਂ `ਚੋਂ ਕੋਈ ਮੇਰੀ ਭੈਣ ਹੋਵੇ।”
ਮੈਂ ਸੋਚ ਰਹੀ ਸਾਂ ਕਿ ਸ਼ਾਇਦ ਉਸ ਦੀ ਭੈਣ ਉਨ੍ਹਾਂ ਹਜ਼ਾਰਾਂ ਬਦਨਸੀਬ ਕੁੜੀਆਂ, ਔਰਤਾਂ `ਚੋਂ ਇਕ ਹੋਵੇ, ਜਿਨ੍ਹਾਂ ਨੂੰ ਗੁੰਮ ਹੋਈਆਂ ਜਾਂ ਮਰ ਗਈਆਂ ਕਹਿ ਕੇ ਇਕ ਕਮਿਸ਼ਨ ਬਣਿਆ ਸੀ ਤੇ ਜਿਸ ਦੀਆਂ ਸਿਫਾਰਿਸ਼ਾਂ `ਤੇ ਅਜੇ ਤੱਕ ਕੋਈ ਅਮਲ ਨਹੀਂ ਹੋਇਆ।
“ਹੋਰ ਕੋਈ ਹੈ ਤੇਰੇ ਪਰਿਵਾਰ ਵਿਚ?” ਮੈਂ ਕਿਹਾ।
ਉਹ ਹੋਰ ਭਾਵੁਕ ਹੋ ਗਿਆ। ਨਿਕਲਦੀ ਭੁੱਬ ਨੂੰ ਰੋਕ ਕੇ ਬੋਲਿਆ, “ਮੇਰੀ ਗਰਲ ਫਰੈਂਡ ਗਰਮੀਆਂ ’ਚ ਮੈਮੋਰੀਅਲ ਡਰਾਈਵ ਵਾਲੇ ਪੁਲ ਹੇਠ ਰਾਤ ਨੂੰ ਸੁੱਤੀ ਪਈ ਮਰ ਗਈ।”
ਉਹ ਸਿਸਕੀਆਂ ਭਰਨ ਲੱਗਾ ਪਰ ਆਸਾ-ਪਾਸਾ ਦੇਖ ਸੰਭਲ ਗਿਆ।
ਦਿਨ ਬੀਤਦੇ ਗਏ। ਉਸ ਦਾ ਸਿਟੀ ਹਾਲ ਆਉਣਾ-ਜਾਣਾ ਘਟ ਗਿਆ। ਮੈਂ ਅਕਸਰ ਹੀ ਉਸ ਬਾਰੇ ਸੋਚਦੀ ਰਹਿੰਦੀ। ਮੈਨੂੰ ਇਸ ਗੱਲ ਦਾ ਧਰਵਾਸ ਸੀ ਕਿ ਉਸ ਕੋਲ ਗਰਮ ਜੈਕਟ, ਦਸਤਾਨੇ, ਗਰਮ ਸਕਾਰਫ ਤੇ ਟੋਪੀ ਹੈ। ਜੇ ਕਿਤੇ ਬਾਹਰ ਪੁਲ ਹੇਠਾਂ ਵੀ ਸੌਵੇਂਗਾ ਤਾਂ ਠੰਡ ਤੋਂ ਸਾਰਾ ਨਹੀਂ ਤਾਂ ਕੁਝ ਤਾਂ ਬਚਾ ਹੋਵੇਗਾ ਹੀ ਹੋਵੇਗਾ।
ਇਕ ਦਿਨ ਉਹ ਫਿਰ ਦਿਖਾਈ ਦਿੱਤਾ। ਸਿਕਿਉਰਿਟੀ ਗਾਰਡ ਉਸ ਨੂੰ ਦਬਕੇ ਮਾਰ ਰਿਹਾ ਸੀ ਕਿ ਬਾਹਰ ਜਾ ਕੇ ਬੈਠੇ ਤੇ ਉਹ ਆਪਣੀ ਸੋਟੀ ਦੇ ਸਹਾਰੇ ਬਾਹਰ ਵੱਲ ਜਾ ਰਿਹਾ ਸੀ। ਉਸ ਨੇ ਮੇਰੀ ਦਿੱਤੀ ਜੈਕਟ ਪਾਈ ਹੋਈ ਸੀ। ਗਲੇ ਦੁਆਲੇ ਸਕਾਰਫ ਵੀ ਲਪੇਟਿਆ ਹੋਇਆ ਸੀ, ਹੱਥਾਂ `ਤੇ ਦਸਤਾਨੇ ਅਤੇ ਸਿਰ ਉਪਰ ਟੋਪੀ ਵੀ ਲਈ ਹੋਈ ਸੀ। ਇਹ ਸਭ ਦੇਖ ਕੇ ਮੇਰਾ ਮਨ ਬਾਗੋ ਬਾਗ ਹੋ ਗਿਆ ਕਿ ਮੇਰੀ ਮਾੜੀ ਮੋਟੀ ਸਹਾਇਤਾ ਉਸ ਦੇ ਕਿੰਨਾ ਕੰਮ ਆ ਰਹੀ ਹੈ।
ਜਦੋਂ ਕਿਤੇ ਲੰਚ ਵੇਲੇ ਉਹ ਮੈਨੂੰ ਦਿਖਾਈ ਦੇ ਦਿੰਦਾ ਤਾਂ ਮੈਂ ਛੋਟੀ ਜਿਹੀ ਸੈਂਡਵਿਚ ਉਸ ਲਈ ਖਰੀਦ ਲੈਂਦੀ ਤੇ ਚੁੱਪ-ਚੁਪੀਤੇ ਛੇਤੀ ਨਾਲ ਉਸ ਨੂੰ ਫੜਾ ਦਿੰਦੀ। ਮੇਰੀਆਂ ਇਕ-ਦੋ ਸਹੇਲੀਆਂ, ਜੋ ਮੈਨੂੰ ਪਹਿਲਾਂ ਪਹਿਲ ਮਖੌਲ ਕਰਿਆ ਕਰਦੀਆਂ ਸਨ, ਹੁਣ ਚੁੱਪ ਹੀ ਰਹਿੰਦੀਆਂ। ਮੇਰੇ ਤੋਂ ਉਸ ਦੀ ਕਹਾਣੀ ਸੁਣ ਕੇ ਉਨ੍ਹਾਂ ਦੇ ਦਿਲ ਵਿਚ ਵੀ ਉਸ ਲਈ ਹਮਦਰਦੀ ਜਾਗ ਪਈ ਸੀ।
ਮੈਨੂੰ ਆਦਤ ਹੈ ਕਿ ਮੈਂ ਜਦੋਂ ਵੀ ਕਿਸੇ ਦੁਕਾਨ ਤੋਂ ਕੁਝ ਖਰੀਦਦੀ ਹਾਂ, ਕੈਸ਼ੀਅਰ ਵਲੋਂ ਬਾਕੀ ਦੇ ਮੋੜੇ ਪੈਸੇ ਪਰਸ ਵਿਚ ਪਾਉਣ ਦੀ ਥਾਂ ਕਾਹਲੀ ਨਾਲ ਆਪਣੇ ਕੋਟ ਦੀ ਜੇਬ ਵਿਚ ਹੀ ਪਾ ਲੈਂਦੀ ਹਾਂ।
ਤੇ ਹਾਂ ਇਕ ਦਿਨ ਮੈਨੂੰ ਛੇਵੀਂ ਮੰਜ਼ਿਲ ਤੋਂ ਕਿਸੇ ਕੰਮ ਹੇਠਾਂ ਲਾਬੀ ਵਿਚ ਜਾਣਾ ਪਿਆ। ਸ਼ਾਇਦ ਮੇਲ ਰੂਮ ’ਚ ਮੇਲ ਚੈਕ ਕਰਨ ਗਈ ਸਾਂ। ਜਦੋਂ ਮੈਂ ਗਈ ਸਾਂ ਤਾਂ ਉਹ ਮੈਨੂੰ ਕਿਤੇ ਵੀ ਨਹੀਂ ਦਿਸਿਆ। ਪਰ ਜਦੋਂ ਮੇਲ ਰੂਮ `ਚੋਂ ਵਾਪਿਸ ਆ ਰਹੀ ਸਾਂ ਤਾਂ ਮੈਂ ਦੇਖਿਆ ਕਿ ਉਹ ਇਕ ਕੁਰਸੀ `ਤੇ ਬੈਠਾ ਸੀ। ਪਹਿਲਾਂ ਨਾਲੋਂ ਕਾਫੀ ਕਮਜ਼ੋਰ ਲੱਗਦਾ ਸੀ। ਕਾਹਲੀ ਵਿਚ ਹੋਣ ਕਰਕੇ ਹੈਲੋ ਕਹਿ ਕੇ ਉਸ ਕੋਲੋਂ ਲੰਘ ਗਈ।
ਥੋੜ੍ਹੇ ਹੀ ਕਦਮ ਅੱਗੇ ਗਈ ਤਾਂ ਇਕ ਆਵਾਜ਼ ਸੁਣਾਈ ਦਿੱਤੀ।
“ਡਾਟਰ ਠਹਿਰੋ!”
ਤੇ ਮੈਂ ਖਲੋ ਗਈ, ਪਿਛਾਂਹ ਮੁੜ ਕੇ ਤੱਕਿਆ ਤਾਂ ਦੇਖਦੀ ਹਾਂ ਕਿ ਉਹ ਮੈਨੂੰ ਬੁਲਾ ਰਿਹਾ ਸੀ।
ਮੈਂ ਉਸ ਵੱਲ ਵੱਧੀ ਤਾਂ ਉਸ ਨੇ ਇਹ ਕਹਿ ਕੇ ਕਿ ਇਹ ਦਸ ਦਾ ਨੋਟ ਤੇਰੀ ਜੇਬ `ਚੋਂ ਡਿੱਗਿਆ ਹੈ, ਮੈਨੂੰ ਫੜਾ ਦਿੱਤਾ।
ਮੈਂ ਆਪਣੀ ਜੇਬ ਵਿਚ ਹੱਥ ਮਾਰਿਆ ਤਾਂ ਦੇਖਿਆ ਕਿ ਸੱਚਮੁੱਚ ਹੀ ਇਹ ਦਸ ਡਾਲਰ ਦਾ ਨੋਟ ਮੇਰੇ ਹੱਥ ਨਾਲ ਮੇਰੀ ਜੇਬ `ਚੋਂ ਬਾਹਰ ਨਿਕਲ ਫਰਸ਼ `ਤੇ ਡਿੱਗ ਪਿਆ ਸੀ।
ਉਸ ਦਾ ‘ਡਾਟਰ’ ਕਹਿ ਕੇ ਸੰਬੋਧਨ ਕਰਨਾ ਮੇਰੇ ਲਈ ਬੇਹੱਦ ਅਚੰਭੇ ਵਾਲੀ ਗੱਲ ਸੀ। ਮੇਰੀਆਂ ਅੱਖਾਂ ਭਰ ਆਈਆਂ। ਮੈਂ ਉਹ ਦਸ ਦਾ ਨੋਟ ਉਸ ਨੂੰ ਦੇਣਾ ਚਾਹਿਆ, ਪਰ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕਿਸੇ ਦਿਨ ਬਰੇਕਫਾਸਟ ਖਰੀਦ ਦੇਣਾ, ਜਿਸ ਦਿਨ ਮੈਨੂੰ ਭੁੱਖ ਹੋਈ; ਤੇ ਇਕ ਮੁਸਕਾਨ ਉਸ ਦੇ ਚਿਹਰੇ `ਤੇ ਫੈਲ ਗਈ।
ਮੈਂ ਉਹ ਦਸ ਡਾਲਰ ਦਾ ਨੋਟ ਪਰਸ ਦੀ ਇਕ ਡੂੰਘੀ ਜੇਬ ਵਿਚ ਸਾਂਭ ਲਿਆ ਤਾਂ ਜੋ ਕਿਸੇ ਦਿਨ ਉਸ ਨੂੰ ਬਰੇਕਫਾਸਟ ਖਵਾ ਸਕਾਂ।
ਉਸ ਤੋਂ ਬਾਅਦ ਮੈਂ ਉਸ ਨੂੰ ਕਦੇ ਨਹੀਂ ਦੇਖਿਆ। ਇਕ ਦਿਨ ਮੈਂ ਉਸ ਦੇ ਇਕ ਸਾਥੀ ਤੋਂ ਪੁੱਛ ਹੀ ਲਿਆ ਕਿ ਕੀ ਉਹ ਕਿਤੇ ਚਲਾ ਗਿਆ ਹੈ?
ਉਸ ਨੇ ਦੱਸਿਆ ਕਿ ਉਹ ਮਹੀਨਾ ਕੁ ਪਹਿਲਾਂ ਮਰ ਗਿਆ ਹੈ। ਹੋਮਲੈਸ ਸ਼ੈਲਟਰ ਵਿਚ ਰਾਤ ਨੂੰ ਸੁੱਤਾ ਤੇ ਸਵੇਰੇ ਨਹੀਂ ਜਾਗਿਆ। ਕੁਝ ਦਿਨਾਂ ਤੋਂ ਬੀਮਾਰ ਜਿਹਾ ਰਹਿੰਦਾ ਸੀ। ਉਹ ਏਧਰ ਸਿਟੀ ਹਾਲ ਵੱਲ ਘੱਟ ਹੀ ਆਉਂਦਾ ਸੀ। ਤੁਰਨਾ ਫਿਰਨਾ ਮੁਸ਼ਕਿਲ ਸੀ।
ਮੇਰੀਆਂ ਅੱਖਾਂ ਨਮ ਹੋ ਗਈਆਂ।
“ਕੀ ਉਸ ਦੀ ਭੈਣ, ਜਿਸ ਨੂੰ ਉਹ ਲੱਭ ਰਿਹਾ ਸੀ, ਮਿਲ ਗਈ ਸੀ ਕਿ ਨਹੀਂ?” ਮੈਂ ਪੁੱਛਿਆ।
ਉਸ ਨੇ ਭਰੀਆਂ ਅੱਖਾਂ ਤੇ ਭਾਰੀ ਆਵਾਜ਼ ਵਿਚ ਕਿਹਾ, “ਹਾਂ! ਹਾਂ! ਉਸ ਦੇ ਮਰਨ ਤੋਂ ਕੁਝ ਦਿਨ ਪਹਿਲਾਂ ਹੀ ਮਿਲੀ ਸੀ। ਦੋਨੋਂ ਭੈਣ-ਭਰਾ ਬਹੁਤ ਖੁਸ਼ ਸਨ।
ਚਲੋ ਕੁਝ ਖੁਸ਼ੀ ਤਾਂ ਮਿਲੀ ਭਾਵੇਂ ਥੋੜ੍ਹੇ ਚਿਰ ਲਈ ਹੀ ਸਹੀ।
ਉਹ ਦਸ ਦਾ ਨੋਟ ਮੈਨੂੰ ਟਿਕਣ ਨਹੀਂ ਸੀ ਦਿੰਦਾ। ਮੈਂ ਰੋਜ਼ ਉਸ ਨੋਟ ਨੂੰ ਦੇਖ ਲੈਂਦੀ ਤੇ ਵਾਪਿਸ ਪਰਸ ਵਿਚ ਪਾ ਲੈਂਦੀ।
ਇਕ ਦਿਨ ਸਵੇਰੇ ਹੀ ਜਦੋਂ ਮੈਂ ਕੈਫੇਟੇਰੀਏ `ਚੋਂ ਕਾਫੀ ਲੈ ਕੇ ਨਿਕਲੀ ਤਾਂ ਉਸ ਦਾ ਸਾਥੀ ਮੈਨੂੰ ਤੁਰਿਆ ਆਉਂਦਾ ਦਿਖਾਈ ਦਿੱਤਾ।
ਮੈਂ ਉਸ ਕੋਲ ਰੁਕ ਗਈ ਤੇ ਕਿਹਾ, “ਬਰੇਕਫਾਸਟ ਲੈਣਾ ਹੈ!”
ਉਸ ਨੇ ਹਾਂ ਵਿਚ ਸਿਰ ਹਿਲਾਇਆ ਤੇ ਮੈਂ ਉਨ੍ਹਾਂ ਦਸਾਂ ਡਾਲਰਾਂ ਦਾ ਸਿਟੀ ਹਾਲ ਦੇ ਕੈਫੇ `ਚੋਂ ਬਰੇਕਫਾਸਟ ਖਰੀਦ ਕੇ ਉਸ ਨੂੰ ਫੜਾ ਦਿੱਤਾ। ਮੈਨੂੰ ਮਹਿਸੂਸ ਹੋਇਆ ਜਿਵੇਂ ਮਾਈਕਲ ਫੋਨਟੈਨ ਦਾ ਕਰਜ਼ ਚੁਕਾ ਦਿੱਤਾ ਹੋਵੇ।
ਮੈਂ ਅੱਜ ਵੀ ਜਦੋਂ ਕਿਸੇ ਨੇਟਿਵ ਇੰਡੀਅਨ ਨੂੰ ਦੇਖਦੀ ਹਾਂ ਤਾਂ ਮਨ ਹੀ ਮਨ ਆਖਦੀ ਹਾਂ ਕਿ ਇਹ ‘ਤਾਏ ਕੇ’ ਚੋਰ-ਉਚੱਕੇ ਨਹੀਂ ਹਨ। ਇਹ ਹਾਲਾਤ ਦੇ ਝੰਬੇ, ਤੋੜੇ-ਕੁੱਟੇ ਤੇ ਮਾਰੇ ਇਨਸਾਨ ਹਨ। ਇਹ ਸਾਡੇ ਪਿਆਰ ਅਤੇ ਹਮਦਰਦੀ ਦੇ ਪਾਤਰ ਹਨ।