ਪਰਵਾਸ ਅਤੇ ਪਰਵਾਸੀ ਪੰਜਾਬੀ ਸਾਹਿਤ

ਪਰਵਾਸੀ ਪੰਜਾਬੀ ਸਾਹਿਤ ਕੇਂਦਰ ਦੀਆਂ ਪ੍ਰਾਪਤੀਆਂ
ਰਵਿੰਦਰ ਸਿੰਘ ਸੋਢੀ
‘ਪਰਵਾਸ’ ਸ਼ਬਦ ਆਪਣੇ ਆਪ ਵਿਚ ਡੂੰਘੇ ਅਰਥ ਸਮੋਈ ਬੈਠਾ ਹੈ। ਇਸ ਦੇ ਸਤਹੀ ਭਾਵ ਭਾਵੇਂ ਆਪਣੇ ‘ਜੱਦੀ’ ਸਥਾਨ ਨੂੰ ਛੱਡ ਕੇ ਕਿਤੇ ‘ਪਰਾਈ’ ਥਾਂ `ਤੇ ਜਾ ਕੇ ਵਾਸ ਕਰਨ ਦੇ ਹਨ, ਪਰ ਇਸ ਪਿੱਛੇ ਲੁਕੀ ਹੋਈ ਪੀੜ ਨੂੰ ਪਛਾਣਨਾ ਬਹੁਤ ਮੁਸ਼ਕਿਲ ਹੈ। ਇਹ ਸਿਰਫ ਸਥਾਨ ਬਦਲੀ ਨਾ ਹੋ ਕੇ ਆਪਣੇ ਪਰਿਵਾਰ, ਸਭਿਆਚਾਰ, ਆਲੇ-ਦੁਆਲੇ ਤੋਂ ਟੁੱਟਣ ਦੀ ਪੀੜ ਜਰਨਾ ਵੀ ਹੈ।

ਨਵੇਂ ਧਰਾਤਲ, ਓਪਰੇ ਮਾਹੌਲ, ਅਣਜਾਣ ਲੋਕਾਂ ਵਿਚ ਵਿਚਰਨਾ ਆਪਣੇ-ਆਪ ਵਿਚ ਵੱਡਾ ਦੁਖਾਂਤ ਹੈ। ਇਹ ਦੁਖਾਂਤ ਹੋਰ ਵੀ ਪੀੜਦਾਇਕ ਹੁੰਦਾ ਹੈ, ਜਦੋਂ ਸਥਾਨਕ ਲੋਕਾਂ ਦੀਆਂ ਨਫਰਤ ਭਰੀਆਂ ਨਿਗਾਹਾਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਨਸਲੀ ਵਿਤਕਰੇ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਖੈਰ, ਇਹ ਸਾਡੇ ਚਰਚਾ ਅਧੀਨ ਵਿਸ਼ੇ ਤੋਂ ਬਾਹਰਲੀ ਗੱਲ ਹੈ।
ਪੰਜਾਬੀ ਖੁੱਲ੍ਹੇ ਸੁਭਾਅ ਅਤੇ ਨਵੀਆਂ ਮੁਸ਼ਕਿਲਾਂ ਨਾਲ ਹੱਸ ਕੇ ਟਾਕਰਾ ਕਰਨ ਲਈ ਪ੍ਰਸਿੱਧ ਹਨ, ਇਸੇ ਲਈ ਉਨ੍ਹਾਂ ਨੇ ਪਰਵਾਸ ਵਰਗੇ ਦੁਖਦ ਵਰਤਾਰੇ ਦਾ ਸਾਹਮਣਾ ਹੀ ਨਹੀਂ ਕੀਤਾ, ਸਗੋਂ ਨਵੀਆਂ ਧਰਤੀਆਂ `ਤੇ ਜਾ ਕੇ ਆਪਣੀ ਪੈਂਠ ਵੀ ਬਣਾਈ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਹੀ ਪੰਜਾਬੀਆਂ ਨੇ ਬਰਤਾਨੀਆ ਵੱਲ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਸਨ। ਉਥੇ ਜਾ ਕੇ ਹੱਡ-ਭੰਨਵੀਂ ਮਿਹਨਤ ਕਰਕੇ ਪੰਜਾਬ ਰਹਿੰਦੇ ਆਪਣੇ ਪਰਿਵਾਰਾਂ ਦੀ ਗਰੀਬੀ ਹੀ ਦੂਰ ਨਹੀਂ ਕੀਤੀ, ਸਗੋਂ ਗੋਰਿਆਂ ਦੇ ਬਰਾਬਰ ਦੇ ਮਹਿਲਾਂ ਵਰਗੇ ਘਰ ਵੀ ਖੜ੍ਹੇ ਕਰ ਲਏ। ਰੋਜ਼ੀ-ਰੋਟੀ ਦੇ ਫਿਕਰ ਤੋਂ ਦੂਰ ਹੋ ਕੇ ਉਨ੍ਹਾਂ ਵਿਚ ‘ਹੀਰ ਦੀਆਂ ਕਲੀਆਂ’ ਲਾਉਣ ਦੀ ਬਿਰਤੀ ਨੇ ਮੁੜ ਅੰਗੜਾਈ ਹੀ ਨਹੀਂ ਲਈ, ਸਗੋਂ ਦਿਲ ਦੇ ਵਲਵਲਿਆਂ ਨੂੰ ਆਪਣੀ ਮਾਂ ਬੋਲੀ ਵਿਚ ਪ੍ਰਗਟਾਉਣ ਦਾ ਹੇਜ ਵੀ ਜਾਗਿਆ ਅਤੇ ਇਸੇ ਹੇਜ ਨੇ ‘ਪਰਵਾਸੀ ਸਾਹਿਤਕ’ ਵਿਧਾ ਨੂੰ ਜਨਮ ਦਿੱਤਾ।
ਪੰਜਾਬੀਆਂ ਦੇ ਪਰਵਾਸ ਦੇ ਮੁਢਲੇ ਦੌਰ ਵਿਚ ਅਨਪੜ੍ਹ ਜਾਂ ਬਹੁਤ ਘੱਟ ਪੜ੍ਹੇ-ਲਿਖੇ ਲੋਕ ਸਨ। ਲੇਖਕ ਬਿਰਤੀ ਵਾਲੇ ਤਾਂ ਆਟੇ ਵਿਚ ਲੂਣ ਸਮਾਨ ਹੀ ਸਨ, ਪਰ ਹਾਲਾਤ ਅਨਪੜ੍ਹਾਂ ਵਿਚ ਵੀ ਲੇਖਣੀ ਦੀ ਰੁਚੀ ਪੈਦਾ ਕਰ ਦਿੰਦੇ ਹਨ। ਸੋ ਨਵੇਂ ਹਾਲਾਤ ਨੇ ਕਈ ਪਰਵਾਸੀਆਂ ਨੂੰ ਲੇਖਕ ਬਣਾ ਦਿਤਾ। ਹਰ ਲੇਖਕ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਸ ਨੇ ਆਪਣੇ ਵਿਚਾਰਾਂ ਨੂੰ ਜੋ ਸ਼ਬਦੀ ਜਾਮਾ ਦਿੱਤਾ ਹੈ, ਉਹ ਦੂਸਰੇ ਵੀ ਪੜ੍ਹਨ। ਇਸ ਲਈ ਜਾਂ ਤਾਂ ਉਹ ਆਪਣੇ ਕੁਝ ਮਿੱਤਰਾਂ ਨੂੰ ਆਪਣੇ ਸਰੋਤੇ ਬਣਾਉਂਦਾ ਹੈ ਜਾਂ ਆਪਣੇ ਵਰਗੀਆਂ ਰੁਚੀਆਂ ਰੱਖਣ ਵਾਲਿਆਂ ਦੀ ਸਭਾ ਵਿਚ ਆਪਣੀਆਂ ਰਚਨਾਵਾਂ ਸਾਂਝੀਆਂ ਕਰਦਾ ਹੈ ਅਤੇ ਅਖਬਾਰਾਂ ਜਾਂ ਪੁਸਤਕਾਂ ਦਾ ਸਹਾਰਾ ਲੈਂਦਾ ਹੈ। ਅਖਬਾਰੀ ਸਾਹਿਤ ਦੀ ਉਮਰ ਬਹੁਤੀ ਲੰਬੀ ਨਹੀਂ ਹੁੰਦੀ, ਇਸ ਲਈ ਪੁਸਤਕ ਰੂਪ ਵਿਚ ਛਪਣ ਦੀ ਇੱਛਾ ਜਿ਼ਆਦਾ ਪ੍ਰਬਲ ਹੁੰਦੀ ਹੈ, ਪਰ ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੈ ਕਿ ਪੰਜਾਬੀਆਂ ਵਿਚ ਆਪਣੀ ਮਾਤ ਭਾਸ਼ਾ ਦੀਆਂ ਪੁਸਤਕਾਂ ਪ੍ਰਤੀ ਪਿਆਰ ਬਹੁਤ ਘੱਟ ਹੈ। ਪੰਜਾਬੀ ਪ੍ਰਕਾਸ਼ਕ ਪੱਲਿਉਂ ਪੈਸੇ ਲਾ ਕੇ ਕਿਤਾਬਾਂ ਛਾਪਣ ਤੋਂ ਕੰਨੀ ਕਤਰਾਉਂਦੇ ਹਨ।
ਸ਼ੁਰੂ-ਸ਼ੁਰੂ ਵਿਚ ਪਰਵਾਸੀ ਲੇਖਕਾਂ ਦੀਆਂ ਰਚਨਾਵਾਂ ਆਮ ਤੌਰ `ਤੇ ਸਾਹਿਤਕ ਮਿਆਰ ਤੋਂ ਊਣੀਆਂ ਹੁੰਦੀਆਂ ਸਨ, ਇਸ ਕਰਕੇ ਵੀ ਪ੍ਰਕਾਸ਼ਕ ਅਜਿਹੇ ਲੇਖਕਾਂ ਦੀਆਂ ਪੁਸਤਕਾਂ ਤੋਂ ਦੂਰ ਹੀ ਰਹਿੰਦੇ, ਪਰ ਉਸ ਸਮੇਂ ਵੀ ਕਈ ਪਰਵਾਸੀ ਲੇਖਕਾਂ ਨੇ ਮਿਆਰੀ ਸਾਹਿਤਕ ਕਿਰਤਾਂ ਦੀ ਰਚਨਾ ਕੀਤੀ। ਉਨ੍ਹਾਂ ਵਿਚੋਂ ਕੁਝ ਪ੍ਰਮੁੱਖ ਨਾਂ ਹਨ-ਸ੍ਰੀਮਤੀ ਕੈਲਾਸ਼ ਪੁਰੀ (ਜਿਨ੍ਹਾਂ ਨੇ ਪਹਿਲੀ ਵਾਰ ਪੰਜਾਬੀ ਭਾਸ਼ਾ ਵਿਚ ਔਰਤਾਂ ਦੀਆਂ ਕਾਮ-ਸਮੱਸਿਆਵਾਂ ਸੰਬੰਧੀ ਖੁੱਲ੍ਹ ਕੇ ਲਿਖਿਆ), ਅਵਤਾਰ ਜੰਡਿਆਲਵੀ, ਅਮਰਜੀਤ ਚੰਦਨ, ਹਰਜੀਤ ਅਟਵਾਲ, ਦਰਸ਼ਨ ਧੀਰ, ਸੁਰਜੀਤ ਸਿੰਘ ਕਾਲੜਾ, ਕਹਾਣੀਕਾਰ ਵਿਰਦੀ ਅਤੇ ਕੁਝ ਹੋਰ, ਜਿੰਨਾਂ ਨੇ ਉੱਚ ਪਾਏ ਦੇ ਸਾਹਿਤ ਦੀ ਰਚਨਾ ਕੀਤੀ। ਜਿੱਥੋਂ ਤੱਕ ਮੈਨੂੰ ਯਾਦ ਹੈ, ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੌਰਾਨ ਕੁਝ ਪਰਵਾਸੀ ਲੇਖਕਾਂ ਨੇ ਪ੍ਰਕਾਸ਼ਕਾਂ ਨੂੰ ਆਪ ਪੈਸੇ ਦੇ ਕੇ ਆਪਣੀਆਂ ਕਿਤਾਬਾਂ ਛਪਵਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੌਰ ਵਿਚ ਬਹੁਤਾ ਪਰਵਾਸ ਬਰਤਾਨੀਆ ਵਿਚ ਹੀ ਹੁੰਦਾ ਸੀ, ਇਸ ਲਈ ਉੱਥੋਂ ਦੇ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਸਾਹਮਣੇ ਆਉਣ ਲੱਗੀਆਂ ਅਤੇ ਅਜਿਹੇ ਲੇਖਕਾਂ ਨੂੰ ‘ਪੌਂਡਾ ਵਾਲੇ ਲੇਖਕ’ ਕਿਹਾ ਜਾਂਦਾ ਸੀ।
20ਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਮੁੱਢ ਵਿਚ ਹੀ ਜਾਂ ਉਸ ਤੋਂ ਇਕ-ਦੋ ਸਾਲ ਪਹਿਲਾਂ ਡਾ. ਐਸ. ਪੀ. ਸਿੰਘ (ਜੋ ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਸਨ) ਦੀ ਪਹਿਲ ਕਦਮੀ ਤੇ ਬਰਤਾਨੀਆ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਵੱਖੋ-ਵੱਖ ਰੂਪਾਂ `ਤੇ ਐਮ.ਫਿਲ ਪੱਧਰ ਦੇ ਵਿਦਿਆਰਥੀਆਂ ਤੋਂ ਸ਼ੋਧ ਪ੍ਰਬੰਧ ਲਿਖਾਉਣ ਦਾ ਸਿਲਸਲਾ ਸ਼ੁਰੂ ਹੋਇਆ। ਮੈਨੂੰ ਇਸ ਦਾ ਜਾਤੀ ਤਜ਼ਰਬਾ ਹੈ, ਕਿਉਂਕਿ ਜਦੋਂ ਮੈਂ 1980 ਵਿਚ ਐਮ.ਫਿਲ ਵਿਚ ਦਾਖਲਾ ਲਿਆ ਤਾਂ ਮੈਨੂੰ ‘ਬਰਤਾਨਵੀ ਪੰਜਾਬੀ ਕਹਾਣੀ’ ਦੇ ਵਿਸ਼ੇ `ਤੇ ਸ਼ੋਧ ਪ੍ਰਬੰਧ ਲਿਖਣ ਦਾ ਵਿਸ਼ਾ ਮਿਲਿਆ ਸੀ ਅਤੇ ਮੇਰੇ ਤੋਂ ਪਹਿਲਾ ਇਕ ਵਿਦਿਆਰਥੀ ‘ਬਰਤਾਨਵੀ ਪੰਜਾਬੀ ਨਾਵਲ’ ਦੇ ਵਿਸ਼ੇ `ਤੇ ਆਪਣਾ ਸ਼ੋਧ ਪ੍ਰਬੰਧ ਲਿਖ ਰਿਹਾ ਸੀ। 1981 ਵਿਚ ਵੀ ਇਕ ਵਿਦਿਆਰਥੀ ਨੂੰ ‘ਬਰਤਾਨਵੀ ਪੰਜਾਬੀ ਕਵਿਤਾ’ ਦਾ ਵਿਸ਼ਾ ਮਿਲਿਆ ਸੀ। ਉਸ ਤੋਂ ਬਾਅਦ ਡਾ. ਐਸ. ਪੀ. ਸਿੰਘ ਦੇ ਉੱਦਮ ਸਦਕਾ ਇਕ ਖੋਜਾਰਥੀ ਨੇ ਬਰਤਾਨਵੀ ਪੰਜਾਬੀ ਸਾਹਿਤ ਸੰਬੰਧੀ ਵਿਸ਼ੇ `ਤੇ ਪੀਐਚ. ਡੀ. ਕੀਤੀ ਸੀ।
ਜਦੋਂ ਬਰਤਾਨੀਆ ਨੇ ਇੰਮੀਗ੍ਰੇਸ਼ਨ ਸੰਬੰਧੀ ਕਾਨੂੰਨ ਕੁਝ ਸਖਤ ਕਰ ਦਿੱਤੇ ਤਾਂ ਪੰਜਾਬੀਆਂ ਨੇ ਅਮਰੀਕਾ ਅਤੇ ਕੁਝ ਹੋਰ ਮੁਲਕਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ, ਪਰ ਇਨ੍ਹਾਂ ਮੁਲਕਾਂ ਵਿਚ ਨਿਰੋਲ ਮਜਦੂਰੀ ਕਰਨ ਵਾਲਿਆਂ ਦੀ ਲੋੜ ਨਹੀਂ ਸੀ। ਇਸ ਕਰਕੇ ਪੜ੍ਹੇ-ਲਿਖੇ ਅਤੇ ਤਕਨੀਕੀ ਮਾਹਿਰਾਂ ਵਿਚ ਵੀ ਬਾਹਰਲੇ ਮੁਲਕਾਂ ਵੱਲ ਜਾਣ ਦਾ ਰੁਝਾਨ ਵਧਿਆ। ਕਈ ਸਾਹਿਤਕ ਮੱਸ ਰੱਖਣ ਵਾਲੇ ਵੀ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਲੱਗੇ। ਜਦ ਤੋਂ ਕੈਨੇਡਾ ਨੇ ਆਪਣੇ ਮੁਲਕ ਦੇ ਦਰਵਾਜੇ ਦੂਜੇ ਦੇਸ਼ਾਂ ਦੇ ਹੁਨਰਮੰਦ ਅਤੇ ਗੈਰ-ਹੁਨਰਮੰਦਾਂ ਲਈ ਖੋਲ੍ਹੇ ਹਨ, ਪੰਜਾਬੀਆਂ ਦੀਆਂ ਮੌਜਾਂ ਹੀ ਲੱਗ ਗਈਆਂ। ਕਦੇ ਬਰਤਾਨੀਆ ਪਰਵਾਸੀ ਪੰਜਾਬੀ ਸਾਹਿਤਕਾਰਾਂ ਦਾ ਕੇਂਦਰ ਹੁੰਦਾ ਸੀ, ਪਰ ਹੁਣ ਇਹ ਮਾਣ ਕੈਨੇਡਾ ਦੀ ਝੋਲੀ ਆ ਪਿਆ ਹੈ।
ਕੈਨੇਡਾ ਦੇ ਨਾਲ-ਨਾਲ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਪਾਨ… ਯਾਨਿ ਕਰੀਬ ਹਰ ਦੇਸ਼ ਵਿਚ ਹੀ ਪੰਜਾਬੀ ਸਾਹਿਤਕਾਰ ਮਿਲ ਜਾਂਦੇ ਹਨ। ਇਨ੍ਹਾਂ ਸਾਹਿਤਕਾਰਾਂ ਦੁਆਰਾ ਰਚਿਤ ਪੰਜਾਬੀ ਸਾਹਿਤ, ਮੁੱਖ ਧਾਰਾ ਭਾਵ ਪੰਜਾਬ, ਦਿੱਲੀ, ਹਰਿਆਣਾ ਅਤੇ ਭਾਰਤ ਦੇ ਹੋਰ ਸੂਬਿਆਂ ਵਿਚ ਵਸੇ ਪੰਜਾਬੀ ਸਾਹਿਤਕਾਰਾਂ ਦੇ ਸਾਹਿਤ ਨਾਲ ਮੋਢੇ ਨਾਲ ਮੋਢਾ ਮੇਚ ਕੇ ਚੱਲਣ ਵਾਲਾ ਹੈ ਅਤੇ ਕਈ ਵਾਰੀ ਉਨ੍ਹਾਂ ਨਾਲੋਂ ਵੀ ਦੋ ਗਿੱਠ ਉੱਚਾ। ਇਹ ਗੱਲ ਸਾਹਿਤ ਦੀ ਕਿਸੇ ਇਕ ਵਿਧਾ ਦੀ ਨਹੀਂ ਸਗੋਂ ਕਵਿਤਾ, ਕਹਾਣੀ, ਨਾਟਕ, ਕਾਵਿ-ਨਾਟਕ, ਆਲੋਚਨਾ, ਗੁਰਬਾਣੀ ਅਧਿਐਨ, ਰੰਗ-ਮੰਚ, ਕਵਿਸ਼ਰੀ ਆਦਿ ਸਾਰੇ ਖੇਤਰਾਂ `ਤੇ ਢੁਕਦੀ ਹੈ। ਪੱਤਰਕਾਰੀ ਦੇ ਖੇਤਰ ਵਿਚ ਵੀ ਭਰਪੂਰ ਵਾਧਾ ਹੋਇਆ ਹੈ। ਇਸ ਗੱਲ ਦਾ ਪੰਜਾਬੀ ਸਾਹਿਤ ਪ੍ਰਤੀ ਰੁਚੀ ਰੱਖਣ ਵਾਲਿਆਂ ਨੂੰ ਉਦੋਂ ਪਤਾ ਲੱਗਿਆ, ਜਦੋਂ ਮਾਰਚ 2020 ਵਿਚ ਕਰੋਨਾ ਮਹਾਂਮਾਰੀ ਦੇ ਫੈਲਾਅ ਕਾਰਨ ਸਾਰੀ ਦੁਨੀਆਂ ਵਿਚ ਹੀ ਲਾਕਡਾਊਨ ਸ਼ੁਰੂ ਹੋਣ ਕਰਕੇ ਸਾਹਿਤਕ ਵੈਬੀਨਾਰਾਂ ਦਾ ਚਲਨ ਪ੍ਰਚਲਿਤ ਹੋਇਆ ਅਤੇ ਦੂਰ-ਦੁਰਾਡੇ ਬੈਠੇ ਸਾਹਿਤਕਾਰਾਂ, ਰੰਗ ਕਰਮੀਆਂ ਨੇ ‘ਜ਼ੂਮ ਕਲਾਊਡ’ ਤਕਨੀਕ ਰਾਹੀਂ ਆਪਣੇ-ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕਰਨੇ ਸ਼ੁਰੂ ਕੀਤੇ।
ਇਸ ਤੋਂ ਪਹਿਲਾਂ ਹੀ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਸਾਹਿਤਕਾਰਾਂ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਦੇਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ. ਪੀ. ਸਿੰਘ ਦੇ ਉੱਦਮ ਸਦਕਾ 2011 ਵਿਚ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵਿਖੇ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਕਿਸੇ ਸੰਸਥਾ ਲਈ ਦਸ ਸਾਲ ਦਾ ਸਮਾਂ ਕੋਈ ਜਿ਼ਆਦਾ ਨਹੀਂ ਹੁੰਦਾ। ਪਿਛਲੇ ਇਕ ਦਹਾਕੇ ਦੌਰਾਨ ਇਸ ਕੇਂਦਰ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਬਹੁਤ ਹੀ ਸਲਾਹੁਣਯੋਗ ਹਨ। ਕੇਂਦਰ ਵੱਲੋਂ ਵੱਖ-ਵੱਖ ਵਿਦਵਾਨਾਂ ਨਾਲ ਰੂਬਰੂ ਕਰਵਾਏ ਗਏ ਹਨ, ਪਰਵਾਸੀ ਸਾਹਿਤ ਸੰਬੰਧੀ ਉੱਚ ਪਾਏ ਦੀਆਂ ਆਲੋਚਨਾਤਮਕ ਪੁਸਤਕਾਂ ਪ੍ਰਕਾਸਿ਼ਤ ਕੀਤੀਆਂ, ਵਿਸ਼ਵ ਪੱਧਰ ਦੀਆਂ ਕਾਨਫਰੰਸਾਂ ਦਾ ਆਯੋਜਨ ਕੀਤਾ, ਤਿਮਾਹੀ ਸਾਹਿਤਕ ਮੈਗਜ਼ੀਨ ਪ੍ਰਕਾਸਿ਼ਤ ਕੀਤਾ ਜਾ ਰਿਹਾ ਹੈ, ਕੋਵਿਡ ਮਹਾਂਮਾਰੀ ਦੌਰਾਨ ਆਨ ਲਾਈਨ ਕਵੀ ਸੰਮੇਲਨ ਕਰਵਾਏ ਗਏ ਹਨ।
ਕੇਂਦਰ ਦੇ ਆਯੋਜਕਾਂ ਨੂੰ ਪਤਾ ਹੈ ਕਿ ਮੌਜੂਦਾ ਸਮੇਂ ਵਿਚ ਪਰਵਾਸੀ ਪੰਜਾਬੀ ਸਾਹਿਤ ਦਾ ਮੁੱਖ ਧੁਰਾ ਕੈਨੇਡਾ ਬਣ ਚੁਕਾ ਹੈ ਅਤੇ ਇਸ ਮੁਲਕ ਦੇ ਬੀ. ਸੀ. ਪ੍ਰਾਂਤ ਦਾ ਸ਼ਹਿਰ ਸਰੀ ਮਿੰਨੀ ਪੰਜਾਬ ਵਜੋਂ ਪ੍ਰਸਿੱਧ ਹੈ। ਸਰੀ ਦੀ ਮੰਨੀ-ਪ੍ਰਮੰਨੀ ਸ਼ਖਸੀਅਤ ਸੁੱਖੀ ਬਾਠ ਵੱਲੋਂ ਪੰਜਾਬੀ ਲੇਖਕਾਂ ਅਤੇ ਕਲਾਕਾਰਾਂ ਨੂੰ ਇਕ ਮੰਚ ਪ੍ਰਦਾਨ ਕਰਨ ਲਈ ‘ਪੰਜਾਬੀ ਭਵਨ’ ਦੀ ਉਸਾਰੀ ਹੀ ਨਹੀਂ ਕੀਤੀ ਗਈ, ਸਗੋਂ ਉਹ ਪੰਜਾਬੀਅਤ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਨਾਲ ਵੀ ਮਿਲ ਕੇ ਚੱਲਣ ਦਾ ਇਕਰਾਰ ਕੀਤਾ, ਤਾਂ ਜੋ ਇਹ ਦੋਵੇਂ ਸੰਸਥਾਵਾਂ ਆਪਸੀ ਸਹਿਯੋਗ ਅਤੇ ਮਿਲਵਰਤਣ ਨਾਲ ਸਾਂਝੇ ਮਕਸਦ ਵਿਚ ਕਾਮਯਾਬ ਹੋਣ।
ਰੂ-ਬ-ਰੂ ਪ੍ਰੋਗਰਾਮ: ਇਸ ਪ੍ਰੋਗਰਾਮ ਅਧੀਨ ਹੁਣ ਤੱਕ ਸੁੱਖੀ ਬਾਠ, ਨਕਸ਼ਦੀਪ ਪੰਜਕੋਹਾ, ਜਸਤੇਜ ਸਿੱਧੂ, ਪਰਵੇਜ ਸੰਧੂ ਆਦਿ ਨਾਲ ਰੂ-ਬ-ਰੂ ਕਰਵਾਏ ਗਏ।
ਪੁਸਤਕ ਪ੍ਰਕਾਸ਼ਨ: ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਦੀ ਇਹ ਵਿਸ਼ੇਸ਼ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਵੱਲੋਂ ਦਸ ਸਾਲਾਂ ਦੌਰਾਨ ਸੱਤ ਉੱਚ ਕੋਟੀ ਦੀਆਂ ਪਰਵਾਸੀ ਸਾਹਿਤ ਸੰਬੰਧੀ ਆਲੋਚਨਾਤਮਕ ਪੁਸਤਕਾਂ ਲਿਖਵਾ ਕੇ ਪ੍ਰਕਾਸਿ਼ਤ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਹਨ: ਯੁੱਗ ਬੋਧਪਰਵਾਸੀ ਪੰਜਾਬੀ ਸਾਹਿਤ (ਸਰਬਜੀਤ ਸਿੰਘ), ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਸੰਦਰਭ ਵਿਚ (ਹਰਪ੍ਰੀਤ ਸਿੰਘ ਦੂਆ), ਪਰਵਾਸੀ ਪੰਜਾਬੀ ਗਲਪ ਸਾਹਿਤ ਬਦਲਦੇ ਪਰਿਪੇਖ (ਡਾ. ਗੁਰਪ੍ਰੀਤ ਸਿੰਘ, ਡਾ. ਤੇਜਿੰਦਰ ਕੌਰ), ਪਰਵਾਸੀ ਪੰਜਾਬੀ ਸਾਹਿਤ: ਸਿਧਾਂਤਕ ਪਰਿਪੇਖ (ਡਾ. ਭੁਪਿੰਦਰ, ਡਾ. ਮੁਨੀਸ਼ ਕੁਮਾਰ), ਪਰਵਾਸੀ ਪੰਜਾਬੀ ਸਾਹਿਤ: ਵਿਭਿੰਨ ਸਰੋਕਾਰ ਕਾਵਿ-ਨਾਟਕ ਦੇ ਵਿਸ਼ੇਸ਼ ਸੰਦਰਭ ਵਿਚ (ਪ੍ਰੋ. ਸ਼ਰਨਜੀਤ ਕੌਰ ਅਤੇ ਪ੍ਰੋ. ਹਰਪ੍ਰੀਤ ਸਿੰਘ ਦੂਆ), ੀਮਮਗਿਰਅਨਟ ਼ਟਿੲਰਅਟੁਰੲ ਭੇ ਠਹੲ ੱਰਟਿੲਰਸ ੋਾ ਫੁਨਜਅਬ ਿੌਰਗਿਨਿ (ਧਰ। ੰੁਸਹਮਨਿਦੲਰਜੲੲਟ ਖਅੁਰ ਅਨਦ ਧਰ। ੍ਹਅਰਗੁਨਜੋਟ ਖਅੁਰ) ਅਤੇ ਹਿੰਦੀ ਵਿਚ ਪਰਵਾਸੀ ਪੰਜਾਬੀ ਸਾਹਿਤ-ਏਕ ਨਜ਼ਰ (ਪ੍ਰੋ. ਰਾਜਿੰਦਰ ਕੌਰ, ਡਾ. ਦਲੀਪ ਸਿੰਘ)।
ਇਨ੍ਹਾਂ ਆਲੋਚਨਾਤਮਕ ਪੁਸਤਕਾਂ ਦੀ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕਿ ਇਸ ਆਲੋਚਨਾਤਮਕ ਕਾਰਜ ਲਈ ਪੰਜਾਬੀ ਦੇ ਕੁਝ ਸਿਰਕੱਢ ਆਲੋਚਕਾਂ ਦੇ ਆਪਣੇ ਸਥਾਪਿਤ ਕੀਤੇ ਮਿਆਰਾਂ ਨੂੰ ਹੀ ਦੁਹਰਾਉਣ ਲਈ ਇਹ ਕਾਰਜ ਉਨ੍ਹਾਂ ਨੂੰ ਸੌਂਪਣ ਨਾਲੋਂ, ਨਵੇਂ ਉਭਰ ਰਹੇ ਪੰਜਾਬੀ ਆਲੋਚਕਾਂ ਦੇ ਸਪੁਰਦ ਕੀਤੇ ਗਏ। ਇਸ ਦਾ ਫਾਇਦਾ ਇਹ ਹੋਇਆ ਕਿ ਇੱਕ ਤਾਂ ਪੰਜਾਬੀ ਆਲੋਚਨਾ ਪੁਰਾਣੇ ਮਾਪਦੰਡ ਦੀ ਕੈਦ ਵਿਚੋਂ ਆਜ਼ਾਦ ਹੋਈ ਅਤੇ ਦੂਜਾ ਨਵੇਂ ਆਲੋਚਕਾਂ ਨੇ ਪੰਜਾਬੀ ਆਲੋਚਨਾ ਦਾ ਪਿੜ ਮੋਕਲਾ ਕੀਤਾ। ਇਸ ਦਾ ਪ੍ਰਮਾਣ ਇਨ੍ਹਾਂ ਪੁਸਤਕਾਂ ਵਿਚ ਪ੍ਰਕਾਸ਼ਿਤ ਕੁਝ ਆਲੋਚਨਾਤਮਕ ਲੇਖਾਂ ਦੇ ਸਿਰਲੇਖਾਂ ਤੋਂ ਹੀ ਪਤਾ ਲੱਗ ਜਾਂਦਾ ਹੈ:
ਪਰਵਾਸੀ ਪੰਜਾਬੀ ਸਾਹਿਤ ਆਲੋਚਨਾਪੁਨਰ ਸੰਵਾਦ (ਪ੍ਰੋ. ਹਰਭਜਨ ਸਿੰਘ ਭਾਟੀਆ), ਪਰਵਾਸੀ ਪੰਜਾਬੀ ਸਾਹਿਤ ਵਿਚ ਪੇਸ਼ ਔਰਤ ਦੀ ਮਨੋਦਸ਼ਾ (ਡਾ. ਹਰਬਿੰਦਰ ਕੌਰ), ਪਰਵਾਸੀ ਪੰਜਾਬੀ ਸਾਹਿਤ ਵਿਚ ਜਿ਼ਕਰਯੋਗ ਮੁੱਦੇ ਤੇ ਮਸਲੇ (ਪ੍ਰੋ. ਅਮਨਦੀਪ ਕੌਰ), ਪਰਵਾਸੀ ਪੰਜਾਬੀ ਨਾਵਲ ਵਿਚ ਪੀੜ੍ਹੀ-ਦਰ-ਪੀੜ੍ਹੀ ਰਿਸ਼ਤਿਆਂ ਦਾ ਯਥਾਰਥ (ਡਾ. ਰਵਿੰਦਰ ਕੌਰ), ਪਰਵਾਸੀ ਪੰਜਾਬੀ ਗਲਪ ਤੇ ਨਸਲੀ ਵਿਤਕਰਾ (ਡਾ. ਹਰਚੰਦ ਸਿੰਘ ਬੇਦੀ), ਬਰੇਨ ਡਰੇਨ ਅਤੇ ਪੰਜਾਬੀ ਮੀਡੀਆ (ਡਾ. ਨਰਿੰਦਰ ਪਾਲ ਸਿੰਘ), ਪਰਵਾਸੀ ਰੰਗਮੰਚ ਦੀ ਪਛਾਣ ਕੈਨੇਡਾ ਦੇ ਸੰਦਰਭ ਵਿਚ (ਪ੍ਰੋ . ਬਲਜਿੰਦਰ ਕੌਰ), ਪਰਵਾਸੀ ਪੰਜਾਬੀ ਕਾਵਿ: ਔਰਤ ਦਾ ਪਰਦੇਸ਼ ਪ੍ਰਤੀ ਨਜ਼ਰੀਆ/ਦ੍ਰਿਸ਼ਟੀਕੋਣ (ਪ੍ਰੋ. ਸ਼ਰਨਜੀਤ ਕੌਰ) ਆਦਿ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਆਲੋਚਕਾਂ ਨੇ ਪਰਵਾਸੀ ਸਾਹਿਤ ਦੇ ਵਿਸਤ੍ਰਿਤ ਵਰਤਾਰਿਆਂ `ਤੇ ਚਰਚਾ ਕੀਤੀ ਹੈ। ਕੁਝ ਆਲੋਚਕਾਂ ਨੇ ਪਰਵਾਸੀ ਲੇਖਕਾਂ ਦੀਆਂ ਕੁਝ ਚਰਚਿਤ ਪੁਸਤਕਾਂ ਸੰਬੰਧੀ ਵੀ ਵਿਸਥਾਰ ਵਿਚ ਲਿਖਿਆ ਹੈ। ਅੰਗਰੇਜ਼ੀ ਭਾਸ਼ਾ ਦੀਆਂ ਕਿਤਾਬਾਂ ਵਿਚ ਵੀ ਬਹੁਤ ਹੀ ਵਧੀਆ ਵਿਸ਼ਿਆਂ `ਤੇ ਚਰਚਾ ਕੀਤੀ ਗਈ ਹੈ, ਜਿਵੇਂ: ਠਹੲ ੀਮਮਗਿਰਅਨਟ’ਸ ਭੁਦਸ: ੳ ੰਟੁਦੇ ੋਾ ਧਇਟਅਰੇ ੍ਹਅਬਟਿਸ ੋਾ ਫੁਨਜਅਬ ਿੀਮਮਗਿਰਅਨਟਸ (ਝਅਸਪਰੲੲਟ ਖਅੁਰ), ੳ ੰਅਰਗਨਿਅਲਸਿੲਦ ੀਦੲਨਟਟਿੇ ੰਟਰੁਗਗਲਨਿਗ ਾਂੋਰ ੰੁਰਵਵਿਅਲ: ੳ ੍ਰੲਾੁਗੲੲ ਟਿ ਅਨ ੳਮਬਅਸਸਅਦੋਰ (੍ਰੁਪਨਿਦੲਰ ਖਅੁਰ ਭਹੁਲਲਅਰ), ਥੁੲਸਟੋਿਨ ੋਾ ੀਮਮਗਿਰਅਨਟ’ਸ ਉਟਹੲਨਟਚਿਟਿੇ ਨਿ ਟਹੲ ੱੋਰਕਸ ੋਾ ਫੁਨਜਅਬ ੌਰਗਿਨਿ ਾਂੲਮਅਲੲ ੱਰਟਿੲਰਸ(ੰੁਚਹਟਿਰਅ) ੲਟਚ।
‘ਪਰਵਾਸ’ ਮੈਗਜ਼ੀਨ: ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਵੱਲੋਂ ਤਿਮਾਹੀ ਮੈਗਜ਼ੀਨ ‘ਪਰਵਾਸ’ ਜੁਲਾਈ 2019 ਵਿਚ ਸ਼ੁਰੂ ਕੀਤਾ ਗਿਆ ਅਤੇ ਹੁਣ ਤੱਕ ਇਸ ਦੇ 12 ਅੰਕ ਪ੍ਰਕਾਸਿ਼ਤ ਹੋ ਚੁਕੇ ਹਨ। ਇਨ੍ਹਾਂ ਵਿਚੋਂ ਕੁਝ ਵਿਸ਼ੇਸ਼ ਅੰਕ ਵੀ ਹਨ: ਗੁਰੂ ਨਾਨਕ ਵਿਸ਼ੇਸ਼ ਅੰਕ, ਕਰੋਨਾ ਵਿਸ਼ੇਸ਼ ਅੰਕ, ਕਿਸਾਨੀ ਸੰਘਰਸ਼ ਵਿਸ਼ੇਸ਼ ਅੰਕ, ਕਿਸਾਨੀ ਸੰਘਰਸ਼ ਕਾਵਿ ਵਿਸ਼ੇਸ਼ ਅੰਕ। ਇਸ ਮੈਗਜ਼ੀਨ ਦੀ ਰੂਪ-ਰੇਖਾ ਬੜੇ ਸੁਚੱਜੇ ਢੰਗ ਨਾਲ ਉਲੀਕੀ ਗਈ ਹੈ। ਪਰਵਾਸੀ ਸਾਹਿਤਕਾਰਾਂ ਦੀਆਂ ਰਚਨਾਵਾਂ ਦੇ ਨਾਲ ਨਾਲ ਪੁਸਤਕ ਚਰਚਾ ਵੀ ਹੁੰਦੀ ਹੈ। ਇਹ ਮੈਗਜ਼ੀਨ ਪੰਜਾਬੀ ਦੇ ਮੋਹਰੀ ਮੈਗਜ਼ੀਨਾਂ ਵਿਚ ਸ਼ੁਮਾਰ ਹੁੰਦਾ ਹੈ।
ਇਸ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰਾਂ ਵੱਲੋਂ ਐਕਸਟੈਂਸ਼ਨ ਲੈਕਚਰਾਂ ਦਾ ਆਯੋਜਨ ਵੀ ਕਰਵਾਇਆ ਜਾਂਦਾ ਹੈ। ਇਸ ਲੜੀ ਵਿਚ ਮਿੱਤਰ ਸੈਨ ਮੀਤ, ਡਾ. ਸੁਰਜੀਤ ਸਿੰਘ ਭੱਟੀ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਗੁਰਇਕਬਾਲ ਸਿੰਘ ਦੀਆਂ ਸੇਵਾਵਾਂ ਲਈਆਂ ਗਈਆਂ।
ਅੰਤਰਰਾਸ਼ਟਰੀ ਕਾਨਫਰੰਸਾਂ ਦਾ ਆਯੋਜਨ: ਇਸ ਕੇਂਦਰ ਵੱਲੋਂ ਵਿਸ਼ਵ ਭਰ ਵਿਚ ਸਰਗਰਮ ਪੰਜਾਬੀ ਸਾਹਿਤਕਾਰਾਂ ਨੂੰ ਨੇੜੇ ਲਿਆਉਣ ਲਈ ਅਤੇ ਉਨ੍ਹਾਂ ਦੁਆਰਾ ਰਚਿਤ ਸਾਹਿਤ ਨੂੰ ਨਵੀਂ ਸੇਧ ਦੇਣ ਲਈ ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। 18-19 ਫਰਵਰੀ 2014 ਨੂੰ ਪਰਵਾਸੀ ਪੰਜਾਬੀ ਸਾਹਿਤ-ਅਜੋਕੇ ਸੰਦਰਭ ਵਿਸ਼ੇ `ਤੇ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਅਧੀਨ ਤਿੰਨ ਅਕਾਦਮਿਕ ਸ਼ੈਸ਼ਨ ਕਰਵਾਏ ਗਏ। ਇਸ ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੇ. ਐਸ. ਪੁਆਰ ਨੇ ਕੀਤੀ ਅਤੇ ਕੂੰਜੀਵਤ ਭਾਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡਾ. ਹਰਚੰਦ ਸਿੰਘ ਬੇਦੀ ਨੇ ਦਿੱਤਾ।
ਇਸ ਕੇਂਦਰ ਵੱਲੋਂ 16-17 ਜਨਵਰੀ 2018 ਵਿਚ ਪਹਿਲੀ ਅੰਤਰਰਾਸ਼ਟਰੀ ਸਾਲਾਨਾ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜ ਅਕਾਦਮਿਕ ਸ਼ੈਸ਼ਨ ਕਰਵਾਏ ਗਏ। ਇਸ ਕਾਨਫਰੰਸ ਵਿਚ ਕਈ ਮੁਲਕਾਂ ਦੇ ਪੰਜਾਬੀ ਸਾਹਿਤਕਾਰਾਂ ਨੇ ਸਿ਼ਰਕਤ ਕੀਤੀ।
ਦੂਜੀ ਅੰਤਰਰਾਸ਼ਟਰੀ ਸਾਲਾਨਾ ਕਾਨਫਰੰਸ 21-22 ਜਨਵਰੀ 2019 ਨੂੰ ਕਰਵਾਈ ਗਈ। ਇਹ ਕਾਨਫਰੰਸ ਪੰਜਾਬ ਭਵਨ ਸਰੀ (ਕੈਨੇਡਾ), ਸ਼ਾਸ਼ਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ ਦਿੱਲੀ, ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ, ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪ੍ਰਾਈਮ ਏਸ਼ੀਆ ਮੀਡੀਆ ਕੈਨੇਡਾ ਦੇ ਸਹਿਯੋਗ ਨਾਲ ਪਰਵਾਸੀ ਪੰਜਾਬੀ ਸਾਹਿਤ: ਗਲੋਬਲੀ ਪਰਿਪੇਖ ਵਿਸ਼ੇ `ਤੇ ਕਰਵਾਈ ਗਈ। ਇਸ ਕਾਨਫਰੰਸ ਵਿਚ ਚਾਰ ਅਕਾਦਮਿਕ ਸ਼ੈਸ਼ਨ ਕਰਵਾਏ ਗਏ। ਵੱਖ-ਵੱਖ ਮੁਲਕਾਂ ਦੇ ਪੰਜਾਬੀ ਸਾਹਿਤਕਾਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
ਤੀਸਰੀ ਅੰਤਰਰਾਸ਼ਟਰੀ ਸਾਲਾਨਾ ਕਾਨਫਰੰਸ 23-24 ਜਨਵਰੀ 2020 ਨੂੰ ਕਰਵਾਈ ਗਈ। ਇਸ ਕਾਨਫਰੰਸ ਦਾ ਮੁੱਖ ਵਿਸ਼ਾ ‘ਪਰਵਾਸੀ ਪੰਜਾਬੀ ਸਾਹਿਤ: ਅਜੋਕੇ ਪਰਿਪੇਖ’ ਸੀ। ਇਸ ਕਾਨਫਰੰਸ ਵਿਚ ਵੀ ਚਾਰ ਅਕਾਦਮਿਕ ਸ਼ੈਸ਼ਨ ਕਰਵਾਏ ਗਏ।
ਇਸ ਤੋਂ ਇਲਾਵਾ ਇਹ ਕੇਂਦਰ ਲਗਾਤਾਰ ਸਾਹਿਤਕ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ, ਜਿਵੇਂ: ਮਾਤ ਭਾਸ਼ਾ ਦਿਵਸ (ਵਿਸ਼ਵ ਪੰਜਾਬੀ ਲੋਕ ਵਿਰਾਸਤ ਦੇ ਸਹਿਯੋਗ ਨਾਲ), ਸੰਤ ਸਿੰਘ ਸੇਖੋਂ ਅਤੇ ਭਾਈ ਵੀਰ ਸਿੰਘ ਦੇ ਜਨਮ ਦਿਵਸ ਦੇ ਸੰਬੰਧ ਵਿਚ ਦੋ ਸਮਾਗਮ, ਗਿਆਨੀ ਲਾਲ ਸਿੰਘ ਇੰਟਰ ਕਾਲਜ ਕਾਵਿ ਉਚਾਰਨ ਮੁਕਾਬਲਾ, ਕਰੋਨਾ ਸੰਕਟ: ਸੰਵਾਦ ਤੇ ਕਵੀ ਦਰਬਾਰ (ਅੰਤਰਰਾਸ਼ਟਰੀ), ਪੰਜ ਰੋਜ਼ਾ ਕਵੀ ਦਰਬਾਰ ਸਿਰਜਣ ਪ੍ਰਕਿਰਿਆ ਤੇ ਕਵੀ ਦਰਬਾਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ, ਸ੍ਰੀ ਗੁਰੂ ਤੇਗ ਬਹਾਦਰ ਜੀ: ਜੀਵਨ ਤੇ ਸਿਖਿਆਵਾਂ ਅੰਤਰਰਾਸ਼ਟਰੀ ਵੈਬੀਨਾਰ ਆਦਿ। ਇਸ ਕੇਂਦਰ ਨੇ ਇਕ ਹੋਰ ਸਲਾਹੁਣਯੋਗ ਕਾਰਜ ਕੀਤਾ ਹੈ ਕਿ ਵੱਖ-ਵੱਖ ਦੁਨਿਆਵੀ ਖਿੱਤਿਆਂ (ਛੋਨਟਨਿੲਨਟਸ) ਦੇ ਕਵੀ ਦਰਬਾਰ ਕਰਵਾਏ ਹਨ, ਜਿਸ ਸਦਕਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਆਪਣੀ ਹੋਂਦ ਨੂੰ ਗਲੋਬਲੀ ਪੱਧਰ `ਤੇ ਸਥਾਪਿਤ ਕਰ ਲਿਆ ਹੈ।
ਡਾ. ਐਸ. ਪੀ. ਸਿੰਘ ਦਾ ਵਿਚਾਰ ਹੈ ਕਿ ਜੇ ਪਰਵਾਸੀ ਪੰਜਾਬੀ ਸਾਹਿਤ ਨੂੰ ਸਮਝਣਾ ਹੈ ਤਾਂ ਉਸ ਨੂੰ ਵੱਖ ਵੱਖ ਭੂਗੋਲਿਕ ਖੰਡਾਂ ਵਿਚ ਰੱਖ ਕੇ ਵਿਚਾਰਨਾ ਪਵੇਗਾ, ਕਿਉਂਕਿ ਹਰ ਖਿੱਤੇ ਦੀਆਂ ਆਪਣੀਆਂ ਭੂਗੋਲਿਕ, ਸਮਾਜਿਕ, ਸੱਭਿਆਚਾਰਕ ਬਣਤਰਾਂ ਹਨ। ਡਾ. ਲਖਵਿੰਦਰ ਸਿੰਘ ਜੌਹਲ ਅਨੁਸਾਰ ਪਰਵਾਸ ਅਤੇ ਪੰਜਾਬੀ ਸਾਹਿਤ ਵਿਚ ਵਿਸ਼ਵ ਪੱਧਰ `ਤੇ ਬਦਲਾਅ ਹੋ ਰਹੇ ਹਨ ਤੇ ਪਰਵਾਸੀ ਪੰਜਾਬੀ ਸਾਹਿਤ ਨੂੰ ਵੀ ਇਨ੍ਹਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਅਨੁਸਾਰ ਹੀ ਸਮਝਣਾ ਪਵੇਗਾ।
ਇਹ ਕੇਂਦਰ ਦੁਨੀਆਂ ਦੇ ਹੋਰ ਮੁਲਕਾਂ ਵਿਚ ਸਰਗਰਮ ਪੰਜਾਬੀ ਸਾਹਿਤਕ ਸੰਸਥਾਵਾਂ ਨਾਲ ਮਿਲ ਕੇ ਸਾਂਝੇ ਪ੍ਰੋਗਰਾਮ ਉਲੀਕ ਰਿਹਾ ਹੈ। ਜੁਲਾਈ-ਅਗਸਤ 2021 ਵਿਚ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਸਾਹਿਤ ਦੇ ਸਹਿਯੋਗ ਨਾਲ ਦੋ ਕੈਨੇਡੀਅਨ ਅਮਰੀਕਨ ਕਵੀ ਦਰਬਾਰਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇਨ੍ਹਾਂ ਦੋਹਾਂ ਮੁਲਕਾਂ ਵਿਚ ਰਹਿੰਦੇ ਸਥਾਪਿਤ ਅਤੇ ਨਵੇਂ ਕਵੀਆਂ ਨੇ ਸ਼ਿਰਕਤ ਕੀਤੀ। ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਨਾਲ ਮਿਲਵਰਤਣ ਕਰਕੇ ਮਹਿੰਦਰ ਪਾਲ ਸਿੰਘ (ਬਰਤਾਨੀਆ) ਦੇ ਨਾਵਲ ‘ਸੋਫੀਆ’ ਅਤੇ ਪ੍ਰਕਾਸ਼ ਮੋਹਲ (ਬਰਤਾਨੀਆ) ਦੇ ਨਾਵਲ ‘ਚਹੁੰ ਪੈਰਾਂ ਦਾ ਸਫਰ’ ਉਤੇ ਚਰਚਾ ਕੀਤੀ ਗਈ।
ਇਸ ਦੇ ਸੰਸਥਾਪਕ ਡਾ. ਐਸ. ਪੀ. ਸਿੰਘ ਕੋਲ ਅਧਿਆਪਨ ਅਤੇ ਬਤੌਰ ਵਾਈਸ ਚਾਂਸਲਰ ਲੰਬਾ ਪ੍ਰਸ਼ਾਸਕੀ ਤਜ਼ਰਬਾ ਹੈ। ਉਨ੍ਹਾਂ ਦੀ ਜਾਣ-ਪਛਾਣ ਦਾ ਘੇਰਾ ਵਿਸ਼ਾਲ ਹੈ, ਉਨ੍ਹਾਂ ਨੇ ਆਪਣੇ ਨਾਲ ਸੁਹਿਰਦ ਸਾਹਿਤਕਾਰਾਂ ਦੀ ਟੀਮ ਨੂੰ ਜੋੜਿਆ ਹੈ, ਜੋ ਨਿਰਸਵਾਰਥ ਸਾਹਿਤ ਪ੍ਰਤੀ ਆਪਣੀਆਂ ਜਿ਼ੰਮੇਦਾਰੀਆਂ ਨਿਭਾਅ ਰਹੇ ਹਨ। ਇਸ ਸਮੇਂ ਸ੍ਰੀ ਸੁੱਖੀ ਬਾਠ (ਕੈਨੇਡਾ), ਪ੍ਰੋ. ਸਰਬਜੀਤ ਸਿੰਘ (ਕੈਨੇਡਾ), ਸਰਬਜੀਤ ਸਿੰਘ ਸੋਹੀ (ਆਸਟਰੇਲੀਆ), ਕੁਲਵਿੰਦਰ ਸਿੰਘ (ਅਮਰੀਕਾ), ਮੋਹਨ ਗਿੱਲ (ਕੈਨੇਡਾ), ਨਕਸ਼ਦੀਪ ਪੰਜਕੋਹਾ (ਅਮਰੀਕਾ) ਤੇ ਬਲਵਿੰਦਰ ਸਿੰਘ ਚਾਹਲ (ਯੂ. ਕੇ.) ਅਤੇ ਭਾਰਤ ਤੋਂ ਪ੍ਰੋ. ਗੁਰਭਜਨ ਗਿੱਲ, ਪ੍ਰੋ. ਮਨਜੀਤ ਸਿੰਘ ਛਾਬੜਾ, ਡਾ. ਅੰਮ੍ਰਿਤਪਾਲ ਕੌਰ, ਡਾ. ਲਖਵਿੰਦਰ ਜੋਹਲ ਤੇ ਮੁਨੀਸ਼ ਕੁਮਾਰ ਵਰਗੇ ਸੁਚੱਜੇ ਅਤੇ ਪੰਜਾਬੀ ਸਾਹਿਤ, ਸੱਭਿਆਚਾਰ ਲਈ ਹੱਸ ਕੇ ਆਪਣਾ ਯੋਗਦਾਨ ਪਾਉਣ ਵਾਲੇ ਸੁਹਿਰਦ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਨਾਲ ਜੁੜੇ ਹੋਏ ਹਨ। ਵਿਦੇਸ਼ਾਂ ਵਿਚ ਸਰਗਰਮ ਕੁਝ ਸਾਹਿਤਕ ਸੰਸਥਾਵਾਂ-ਪੰਜਾਬੀ ਭਵਨ ਕੈਨੇਡਾ, ਸਾਹਿਤ ਸੁਰ ਸੰਗਮ ਸਭਾ ਇਟਲੀ, ਇੰਡੋਜ਼ ਪੰਜਾਬੀ ਸਾਹਿਤ ਸਭਾ ਅਕਾਦਮੀ ਆਸਟਰੇਲੀਆ ਵੀ ਇਸ ਕੇਂਦਰ ਨਾਲ ਜੁੜੀਆਂ ਹੋਈਆਂ ਹਨ। ਇਸੇ ਲਈ ਸਿਰਮੌਰ ਪੰਜਾਬੀ ਸਾਹਿਤਕਾਰ ਡਾ. ਸੁਰਜੀਤ ਪਾਤਰ (ਪਦਮ ਸ਼੍ਰੀ) ਨੇ ਕੈਨੇਡੀਅਨ ਅਮਰੀਕਨ ਪੰਜਾਬੀ ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਸੀ, “ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ, ਪੰਜਾਬੀ ਵਿਸ਼ਵ ਸਾਹਿਤ ਦਾ ਧੁਰਾ ਬਣ ਗਿਆ ਹੈ।”

(ਵਿਸ਼ੇਸ਼ ਨੋਟ: ਇਸ ਲੇਖ ਲਈ ਜਰੂਰੀ ਜਾਣਕਾਰੀ ਪ੍ਰੋ. ਸ਼ਰਨਜੀਤ ਕੌਰ, ਗੁਜਰਾਂਵਾਲਾ ਗੁਰੂ ਨਾਨਕ ਕਾਲਜ, ਲੁਧਿਆਣਾ ਵੱਲੋਂ ਮੁਹੱਈਆ ਕਰਵਾਈ ਗਈ।)