ਇਕੱਲ ਤੇ ਉਦਾਸੀ ਨਾਲ ਸਵੈ-ਸੰਵਾਦ ਰਚਾਉਂਦੇ ਪਾਤਰਾਂ ਦੀਆਂ ਕਹਾਣੀਆਂ ‘ਤੁਮ ਉਦਾਸ ਕਿਉਂ ਹੋ’

ਨਿਰੰਜਣ ਬੋਹਾ
ਕੁਲਬੀਰ ਬਡੇਸਰੋਂ ਦੀ ਕਹਾਣੀ ਲਿਖਣ ਦੀ ਰਫਤਾਰ ਭਾਵੇਂ ਧੀਮੀ ਹੈ, ਪਰ ਉਸ ਦੀਆਂ ਕਹਾਣੀਆਂ ਦੀ ਸੰਵਾਦੀ ਸਮਰੱਥਾ ਬਹੁਤ ਤੇਜ ਤਰਾਰ ਹੈ। ਆਪਣੇ ਕਹਾਣੀ ਸੰਗ੍ਰਹਿ ‘ਤੁਮ ਉਦਾਸ ਕਿਉਂ ਹੋ’ ਦੇ ਪ੍ਰਕਾਸ਼ਨ ਤੋਂ ਪਹਿਲਾਂ ਉਸ ਦੇ ਤਿੰਨ ਕਹਾਣੀ ਸੰਗ੍ਰਹਿ ‘ਇੱਕ ਖਤ ਪਾਪਾ ਦੇ ਨਾਂ’, ‘ਪਲੀਜ਼ ਮੈਨੂੰ ਪਿਆਰ ਦਿਉ’ ਤੇ ‘ਕਦੋ ਆਏਂਗੀ?’ ਆਪਣੇ ਹਿੱਸੇ ਦੀ ਸਾਹਿਤਕ ਚਰਚਾ ਹਾਸਿਲ ਕਰ ਚੁਕੇ ਹਨ।

ਇਸ ਤੋਂ ਇਲਾਵਾ ਉਸ ਨੇ ਬਾਲਾਂ ਲਈ ਵੀ ਕਹਾਣੀਆਂ ਦੀਆਂ ਦੋ ਪੁਸਤਕਾਂ ਲਿਖੀਆਂ ਹਨ ਤੇ ਇੱਕ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਕਰਵਾਇਆ ਹੈ। ਮੁੰਬਈ ਦੀ ਫਿਲਮ ਨਗਰੀ ਦੇ ਬਾਹਰੀ ਜਲੌਅ ਤੇ ਗਲੈਮਰ ਦੇ ਅੰਦਰਲੇ ਕੌਝੇਪਣ ਬਾਰੇ ਗੰਭੀਰ ਅਨੁਭਵ ਰੱਖਣ ਵਾਲੀ ਉਹ ਪੰਜਾਬੀ ਭਾਸ਼ਾ ਦੀ ਇਕੋ ਇੱਕ ਕਹਾਣੀਕਾਰਾ ਹੈ। ਇਸ ਵਿਸ਼ੇ `ਤੇ ਬੇਬਾਕ ਸੁਰ ਦੀਆਂ ਕਹਾਣੀਆਂ ਲਿਖ ਕੇ ਉਸ ਨੇ ਵਿਸ਼ਿਆਂ ਦੀ ਮੌਲਿਕਤਾ ਤੇ ਵਿਭਿੰਨਤਾ ਪੱਖੋਂ ਪੰਜਾਬੀ ਕਹਾਣੀ ਨੂੰ ਨਵਾਂ ਵਿਸਥਾਰ ਦਿੱਤਾ ਹੈ ਤੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਵੀ ਬਣਾਈ ਹੈ। ਜਦੋਂ ਉਸ ਦੀਆਂ ਕਹਾਣੀਆਂ ਫਿਲਮ ਨਗਰੀ ਦੇ ਹਾਸਿਆਂ ਪਿੱਛੇ ਛੁਪੇ ਰੁਦਨ ਨੂੰ ਆਪਣੀ ਅਭਿਵਿਅਕਤੀ ਦਾ ਮਾਧਿਅਮ ਬਣਾਉਂਦੀਆਂ ਹਨ ਤਾਂ ਇਸ ਦੁਨੀਆਂ ਦੀ ਚਮਕ ਵੀ ਪਾਠਕਾਂ ਨੂੰ ਚੁਭਣ ਲੱਗ ਪੈਂਦੀ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਵੇਖਣ ਨੂੰ ਭੀੜ ਦਾ ਹਿੱਸਾ ਜਾਪਦੇ ਹਨ, ਪਰ ਅਸਲ ਵਿਚ ਉਹ ਆਪਣੇ ਇਕੱਲ ਨਾਲ ਸੰਵਾਦ ਰਚਾਉਂਦਿਆਂ ਆਪਣੀ ਬਿਖਰੀ ਮਾਨਸਿਤਾ ਨੂੰ ਪਰਤ-ਦਰ-ਪਰਤ ਉਘੇੜ ਰਹੇ ਹੁੰਦੇ ਹਨ।
ਉਸ ਦੀ ਕਹਾਣੀ ‘ਆਕ੍ਰੋਸ਼’ ਦੇ ਪਾਠ ਰਾਹੀਂ ਜਦੋਂ ਅਸੀਂ ਇਸ ਕਹਾਣੀ ਦੀ ਮੁੱਖ ਪਾਤਰ ਜਸਬੀਰ ਅੰਦਰਲੇ ਮਾਨਸਿਕ ਕੁਹਰਾਮ ਤੇ ਆਕ੍ਰੋਸ਼ ਦੇ ਜੀਵੰਤ ਵੇਗ ਨਾਲ ਜੁੜਦੇ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਇਸ ਨਗਰੀ ਦਾ ਸਾਰਾ ਸਮਾਜਿਕ-ਸਭਿਆਚਾਰ ਹੀ ਅਜਿਹੇ ਆਕ੍ਰੋਸ਼ ਤੇ ਸਦੀਵੀ ਤਣਾਓ ਵਿਚ ਜਕੜਿਆ ਹੋਇਆ ਹੈ। ਫਿਲਮੀ ਕਹਾਣੀਆਂ ਵਾਂਗ ਇਸ ਦੁਨੀਆਂ ਨਾਲ ਜੁੜੇ ਐਕਟਰਾਂ, ਡਾਇਰੈਕਟਰਾਂ ਤੇ ਨਿਰਮਾਤਾਵਾਂ ਦੀ ਨਿੱਜੀ ਜ਼ਿੰਦਗੀ ਵਿਚ ਵੀ ਫਿਲਮੀ ਤਰਜ਼ `ਤੇ ਅਜਿਹਾ ਬਹੁਤ ਕੁਝ ਵਾਪਰਦਾ ਹੈ, ਜੋ ਉਨ੍ਹਾਂ ਦੀ ਸਹਿਜ ਤੋਰ ਤੁਰਦੀ ਜ਼ਿੰਦਗੀ ਨੂੰ ਲੀਹ ਤੋਂ ਲਾਹ ਦਿੰਦਾ ਹੈ।
ਛੋਟੇ ਪਰਦੇ ਦੀ ਕਲਾਕਾਰ ਜਸਵੀਰ ਦਾ ਪਤੀ ਮਿਸ ਲਖਨਊ ਬਣੀ ਕਾਮਨਾ ਦੇ ਬਾਹਰੀ ਆਕਰਸ਼ਨ ਵੱਲ ਖਿੱਚਿਆ ਜਾਂਦਾ ਹੈ, ਜਿਸ ਕਾਰਨ ਦੋਹਾਂ ਪਤੀ-ਪਤਨੀ ਦੇ ਸਬੰਧਾਂ ਵਿਚ ਵੱਡਾ ਪਾੜਾ ਪੈ ਜਾਂਦਾ ਹੈ। ਪਤੀ ਤੋਂ ਵੱਖ ਰਹਿੰਦਿਆਂ ਬਾਰਾਂ ਸਾਲ ਬਾਅਦ ਜਦੋਂ ਇਕ ਲੰਬੇ ਟੀ. ਵੀ. ਸੀਰੀਅਲ ਵਿਚ ਉਸ ਤੇ ਕਾਮਨਾ ਦੇ ਇਕੱਠੇ ਕੰਮ ਕਰਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਉਸ ਨੂੰ ਕਾਮਨਾ ਨਾਲ ਕੰਮ ਕਰਨ ਜਾਂ ਸੀਰੀਅਲ ਛੱਡਣ ਵਿਚੋਂ ਇਕ ਦੀ ਚੋਣ ਸਬੰਧੀ ਜਿਸ ਮਾਨਸਿਕ ਪੀੜ ਵਿਚੋਂ ਲੰਘਣਾ ਪੈਂਦਾ ਹੈ, ਉਸ ਨੂੰ ਬਡੇਸਰੋਂ ਵਰਗੀ ਉਹ ਕਹਾਣੀਕਾਰਾ ਹੀ ਸਜੀਵਤਾ ਪ੍ਰਦਾਨ ਕਰ ਸਕਦੀ ਹੈ, ਜਿਸ ਨੇ ਇਸ ਦੁਨੀਆਂ ਦੀ ਅੰਤਰੀਵਤਾ ਨੂੰ ਨੇੜਿਓਂ ਜਾਣਿਆ ਹੋਵੇ।
ਉਸ ਦੀ ਕਹਾਣੀ ‘ਦੋ ਔਰਤਾਂ’ ਉਪਰਲੀ ਕਹਾਣੀ ਦੇ ਵਿਸ਼ਾ ਵਸਤੂ ਦਾ ਹੀ ਨਵਾਂ ਵਿਸਥਾਰ ਤਲਾਸ਼ਦੀ ਹੈ। ਕਹਾਣੀ ਦੀ ਮੁੱਖ ਪਾਤਰ ਸੁਖਬੀਰ ਪਹਿਲੇ ਪਤੀ ਤੋਂ ਧੋਖਾ ਖਾਣ ਬਾਅਦ ਇਕ ਫਿਲਮ ਨਿਰਦੇਸ਼ਕ ਨਾਲ ਦੂਜਾ ਵਿਆਹ ਕਰਵਾਉਂਦੀ ਹੈ, ਪਰ ਇਹ ਨਵਾਂ ਜੋੜਿਆ ਰਿਸ਼ਤਾ ਵੀ ਉਸ ਨੂੰ ਉਸ ਦੇ ਮਨੁੱਖੀ ਹੱਕਾਂ ਦਾ ਨਿੱਘ ਦੇਣ ਤੋਂ ਅਸਮਰੱਥ ਸਾਬਿਤ ਹੁੰਦਾ ਹੈ ਤਾਂ ਉਹ ਆਪਣੇ ਦਮ ‘ਤੇ ਜਿਉਣ ਅਤੇ ਆਪਣੀਆਂ ਧੀਆਂ ਦਾ ਪਾਲਣ ਪੋਸ਼ਣ ਕਰਨ ਦਾ ਫੈਸਲਾ ਕਰ ਲੈਂਦੀ ਹੈ। ਇਹ ਕਹਾਣੀ ਔਰਤ ਹੀ ਔਰਤ ਦੀ ਦੁਸ਼ਮਣ ਹੋਣ ਦੀ ਮਿਥਿਤ ਧਾਰਨਾ ਦੇ ਮੁਕਾਬਲੇ ਵਿਚ ‘ਔਰਤ ਹੀ ਔਰਤ ਦਾ ਦਰਦ ਸਮਝਦੀ ਹੈ’ ਦੀ ਧਾਰਨਾ ਨੂੰ ਸਥਾਪਿਤ ਕਰਕੇ ਭਾਰਤੀ ਔਰਤ ਦਾ ਸਾਰਥਿਕ ਬਿੰਬ ਵੀ ਉਭਰਦੀ ਹੈ ਤੇ ਉਸ ਨਾਲ ਪੂਰਾ ਨਿਆਂ ਵੀ ਕਰਦੀ ਹੈ। ਹਰਲੀਨ ਰਿਸ਼ਤੇ ਵਿਚ ਸੁਖਬੀਰ ਦੇ ਪਤੀ ਦੀ ਸ਼ੱਕੀ ਭੈਣ ਹੈ, ਇਸ ਲਈ ਸੁਭਾਵਿਕਤਾ ਦੀ ਮੰਗ ਅਨੁਸਾਰ ਤਾਂ ਉਸ ਨੂੰ ਆਪਣੇ ਭਰਾ ਦਾ ਹੀ ਪੱਖ ਪੂਰਨਾ ਚਾਹੀਦਾ ਸੀ, ਪਰ ਉਸ ਅੰਦਰਲੀ ਨਿਆਂਕਾਰੀ ਔਰਤ ਆਪਣੇ ਭਰਾ ਤੋਂ ਵੱਖ ਹੋਣ ‘ਤੇ ਵੀ ਸੁਖਬੀਰ ਦਾ ਪੱਖ ਹੀ ਨਹੀਂ ਲੈਂਦੀ, ਸਗੋਂ ਉਸ ਦੇ ਸਿਰ ਉੱਚਾ ਕਰਕੇ ਜਿਊਣ ਵਾਲੀ ਜੀਵਨ ਜਾਂਚ ਦੀ ਖੁੱਲ੍ਹੇ ਮਨ ਨਾਲ ਪ੍ਰਸੰ਼ਸਾ ਵੀ ਕਰਦੀ ਹੈ।
ਉਸ ਦੀ ਕਹਾਣੀ ‘ਮਜਬੂਰੀ’ ਫਿਲਮਾਂ ਤੇ ਸੀਰੀਅਲ ਨਿਰਦੇਸ਼ਕਾਂ ਵੱਲੋਂ ਛੋਟੇ ਜਾਂ ਵੱਡੇ ਪਰਦੇ `ਤੇ ਕੰਮ ਕਰਦੇ ਕਲਾਕਾਰਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤੇ ਜਾਣ ਦੀ ਗੱਲ ਨੂੰ ਅਸਧਾਰ ਬਣਾ ਕੇ ਆਪਣਾ ਕਥਾ ਬਿਰਤਾਂਤ ਸਿਰਜਦੀ ਹੈ। ਕਲਾਕਾਰਾਂ ਤੇ ਫਿਲਮ ਨਿਰਮਾਤਾਵਾਂ ਦੇ ਆਪਸੀ ਰਿਸ਼ਤੇ ਵਿਚਲੇ ਦਵੰਦ ਦੀਆਂ ਮਹੀਨ ਤੰਦਾਂ ਦੀ ਪੇਸ਼ਕਾਰੀ ਇਸ ਕਹਾਣੀ ਦੀ ਕਲਾਤਮਿਕ ਪੁਖਤਗੀ ਦਾ ਆਧਾਰ ਹੈ।
ਕਹਾਣੀ ‘ਤੁਮ ਉਦਾਸ ਕਿਉਂ ਹੋ?’ ਅਨੁਸਾਰ ਫਿਲਮੀ ਦੁਨੀਆਂ ਵੱਲੋਂ ਗਰੀਬਾਂ/ਮਜ਼ਦੂਰਾਂ ਦੀ ਮਜਬੂਰੀਆਂ ਤੇ ਬੇ-ਵਸੀਆਂ ਨੂੰ ਫਿਲਮਾਂ ਵਿਚ ਦਰਸਾ ਕੇ ਸਿਰਪ ਪੈਸੇ ਹੀ ਕਮਾਏ ਜਾਂਦੇ ਹਨ, ਪਰ ਇਹ ਦੁਨੀਆਂ ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਦਿਸ਼ਾ ਤੇ ਦਸ਼ਾ ਨੂੰ ਤਬਦੀਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੀ। ਧੀਕਾ ਜੀ ਮਠਿਆਈ ਫੈਕਟਰੀ ਵਿਚ ਹੋਈ ਮਜ਼ਦੂਰਾਂ ਦੀ ਜ਼ਿੰਦਗੀ `ਤੇ ਬਣ ਰਹੀ ਫਿਲਮ ਦੀ ਸ਼ੂਟਿੰਗ ਦੌਰਾਨ ਫਿਲਮੀ ਕਹਾਣੀ ਦੀ ਮੰਗ ਮੁਤਾਬਿਕ ਇੱਕ ਬਾਲ ਕਲਾਕਾਰ ਵੱਲੋਂ ਆਪਣੇ ਹਮ ਬਾਲ ਮਜ਼ਦੂਰ ਤੋਂ ਉਸ ਦੀ ਉਦਾਸੀ ਦਾ ਕਾਰਨ ਤਾਂ ਪੁੱਛਿਆਂ ਜਾਂਦਾ ਹੈ, ਪਰ ਇਸ ਉਦਾਸੀ ਨੂੰ ਦੂਰ ਕਰਨ ਵਿਚ ਕੋਈ ਵੀ ਦਿਲਚਸਪੀ ਨਹੀਂ ਲੈਂਦਾ।
ਉਸ ਦੀਆਂ ਕਹਾਣੀਆਂ ਦੇ ਪਾਤਰਾਂ ਅੰਦਰਲੇ ਇਕੱਲ ਦੇ ਅਹਿਸਾਸ ਸੂਖਮ ਭਾਵੀ ਹੋਣ ਦੇ ਨਾਲ ਸਵੈ-ਸੰਵਾਦੀ ਵੀ ਹਨ। ਉਸ ਦੀ ਕਹਾਣੀ ‘ਮਾਂ ਨੀ!’ ਵਿਚਲੀ ਵਿਧਵਾ ਮਾਂ ਦੀ ਚੁੱਪ ਤੇ ਖਾਮੋਸ਼ੀ ਵੱਲੋਂ ਆਪਣੇ ਸਵੈ ਨਾਲ ਰਚਾਇਆ ਸੰਵਾਦ ਚਾਹੇ ਉਸ ਦੇ ਦੁੱਖ-ਸੁਖ ਤੋਂ ਨਿਰਲੇਪ ਭੈਣ-ਭਰਾਵਾਂ ਨੂੰ ਸੁਣਾਈ ਨਾ ਦੇਵੇ, ਪਰ ਉਸ ਦੀ ਧੀ ਨੂੰ ਉਸ ਦੀ ਸੰਵਾਦੀ ਚੁੱਪ ਦੇ ਬੋਲ ਸੁਣਦੇ ਵੀ ਹਨ ਤੇ ਉਹ ਇਨ੍ਹਾਂ ਦਾ ਭਾਸ਼ਾਈ ਅਨੁਵਾਦ ਵੀ ਕਰਦੀ ਹੈ। ਇਸੇ ਲਈ ਆਪਣੀ ਮਾਂ ਅੰਦਰ ਦੱਬੀਆਂ ਜ਼ਿੰਦਗੀ ਨੂੰ ਮਨੁੱਖੀ ਢੰਗ ਨਾਲ ਜਿਊਣ ਦੀਆਂ ਇੱਛਾਵਾਂ ਦੀ ਤਰਜ਼ਮਾਨੀ ਕਰਦਿਆਂ ਉਹ ਆਖਦੀ ਹੈ, “ਆਪਣੇ ਤੋਂ ਪਹਿਲਾਂ ਮੈਂ ਆਪਣੀ ਮਾਂ ਦਾ ਵਿਆਹ ਕਰਨਾ ਹੈ, ਉਸ ਦਾ ਇਕਲਾਪਾ ਦੂਰ ਕਰਨਾ ਹੈ, ਉਹ ਵੀ ਇਨਸਾਨ ਹੈ ਤੇ ਜ਼ਿੰਦਗੀ ਦੀ ਹਰ ਖੁਸ਼ੀ ਅਤੇ ਸੁੱਖ `ਤੇ ਉਸ ਦਾ ਵੀ ਹੱਕ ਹੈ।”
ਕਹਾਣੀ ‘ਸਕੂਲ ਟ੍ਰਿੱਪ’ ਵਿਚਲੀ ਅੰਜਲੀ ਦੀ ਚੁੱਪ ਅਤੇ ਇਕੱਲ ਮਾਨਵੀ ਧਰਾਤਲ ‘ਤੇ ਡਾ. ਕਰਨਜੀਤ ਸਿੰਘ ਇਕ ਨਵਾਂ ਰਿਸ਼ਤਾ ਜੋੜਦੀ ਹੈ। ਉਸ ਦੀ ਸਕੂਲ ਪੜ੍ਹਦੀ ਛੋਟੀ ਬੇਟੀ ਆਪਣੀ ਗਰੀਬ ਤੇ ਲਚਾਰ ਮਾਂ ਦੀ ਮਜਬੂਰੀ ਨੂੰ ਸਮਝਦਿਆਂ ਸਕੂਲ ਟ੍ਰਿੱਪ `ਤੇ ਜਾਣ ਦੀ ਇੱਛਾ ਨੂੰ ਮਾਰ ਲੈਂਦੀ ਹੈ, ਪਰ ਜਦੋਂ ਉਸ ਦਾ ਕਰਨਜੀਤ ਅੰਕਲ ਉਸ ਦੇ ਪ੍ਰੀਖਿਆ ਵਿਚੋਂ ਪਾਸ ਹੋਣ ‘ਤੇ ਹਜ਼ਾਰ ਰੁਪਏ ਇਨਾਮ ਵਜੋਂ ਭੇਜਦਾ ਹੈ ਤਾਂ ਉਸ ਅੰਦਰ ਸਕੂਲ ਟ੍ਰਿੱਪ ‘ਤੇ ਜਾਣ ਦੀ ਇੱਛਾ ਫਿਰ ਤੋਂ ਸੁਰਜੀਤ ਹੋ ਜਾਂਦੀ ਹੈ।
ਕਹਾਣੀ ‘ਨੂੰਹ-ਸੱਸ’ ਅਮੀਰ ਪਰਿਵਾਰਾਂ ਵਿਚ ਕਾਮ ਰਿਸ਼ਤਿਆਂ ਦੇ ਅਸੰਤੁਲਿਤ ਵਿਹਾਰ ਨੂੰ ਬਿਆਨਦੀ ਵਿਅੰਗਾਤਮਕ ਕਹਾਣੀ ਹੈ। ਕਹਾਣੀ ਵਿਚਲਾ ਤਹਿਸੀਲਦਾਰ ਗੁਰਨਾਮ ਸਿੰਘ ਆਪਣੀ ਕਾਮ ਇੱਛਾਵਾਂ ਪ੍ਰਤੀ ਜਿੰਨਾ ਉਲਾਰ ਹੈ, ਉਸ ਦਾ ਨੌਜਵਾਨ ਕਾਕਾ ਉਨਾ ਹੀ ਠੰਡਾ ਤੇ ਉਦਾਸੀਨ ਹੈ। ਕਾਕਾ ਜੀ ਦੀ ਉਦਾਸੀਨਤਾ ਉਸ ਦੀ ਪਤਨੀ ਬਲਵੀਰ ਕੌਰ ਨੂੰ ਮਾਨਸਿਕ ਤੌਰ `ਤੇ ਬੇ-ਚੈਨ ਕਰਦੀ ਹੈ ਤਾਂ ਉਹ ਸੁਭਾਵਿਕ ਤੌਰ ‘ਤੇ ਹੀ ਉਲਾਰ ਬਿਰਤੀ ਵਾਲੇ ਆਪਣੇ ਸਹੁਰੇ ਵੱਲ ਖਿੱਚੀ ਜਾਂਦੀ ਹੈ। ਨੂੰਹ-ਸੱਸ ਦਾ ਇਕ ਸਮੇਂ ਗਰਭਵਤੀ ਹੋਣਾ ਆਪਣੇ ਆਪ ਵਿਚ ਧਨਾਢ ਸਮਾਜਿਕ ਰਿਸ਼ਤਿਆਂ ਦੇ ਸਰੂਪ `ਤੇ ਸੰਜੀਦਾ ਵਿਅੰਗ ਹੈ। ਕਹਾਣੀ ‘ਫੇਰ’ ਅਤੇ ‘ਤੂੰ ਵੀ ਖਾ ਲੈ’ ਵੀ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਦੀ ਉਧੇੜ-ਬੁਣ ਨੂੰ ਰੂਪਮਾਨ ਕਰਨ ਵਾਲੀਆਂ ਖੂਬਸੂਰਤ ਕਹਾਣੀਆਂ ਹਨ।
ਕਹਾਣੀ ‘ਬਕ ਬਕ’ ਇਕ ਗਰੀਬ ਬੰਦੇ ਅੰਦਰਲੀ ਮਾਨਵੀ ਸੰਵੇਦਨਾ ਬਾਰੇ ਭਾਵਪੂਰਤ ਸੰਵਾਦ ਸਿਰਜਦੀ ਹੈ। ਕਹਾਣੀ ਵਿਚਲੀ ਛੋਟੇ ਪਰਦੇ ਦੀ ਅਦਾਕਾਰ ਨੂੰ ਆਪਣੇ ਡਰਾਇਵਰ ਚੌਬੇ ਜੀ ਦੀਆਂ ਹੋਰ ਸਾਰੀਆਂ ਆਦਤਾਂ ਤਾਂ ਪਸੰਦ ਹਨ, ਪਰ ਉਸ ਦਾ ਵੱਧ ਬੋਲਣਾ ਉਸ ਨੂੰ ਬਹੁਤ ਅੱਖਰਦਾ ਹੈ। ਉਹ ਉਸ ਦੀ ਬਕ ਬਕ ਤੋਂ ਤੰਗ ਆ ਕੇ ਹੋਰ ਡਰਾਇਵਰ ਦੀ ਭਾਲ ਵਿਚ ਹੈ, ਪਰ ਜਦੋਂ ਕਰੋਨਾ ਕਰਫਿਊ ਦੌਰਾਨ ਲੱਗੇ ਲੰਬੇ ਕਰਫਿਊ ਸਮੇਂ ਇਹ ਡਰਾਇਵਰ ਉਸ ਨੂੰ ਭੈਣ ਦਾ ਦਰਜਾ ਦਿੰਦਿਆਂ ਉਸ ਤੇ ਉਸ ਦੀਆਂ ਧੀਆਂ ਨੂੰ ਸਹਾਰਾ ਦੇਣ ਦੀ ਗੱਲ ਕਰਦਾ ਹੈ, ਉਸ ਦੀ ਬਕ ਬਕ ਵੀ ਮਨ ਨੂੰ ਰਾਹਤ ਪਹੁੰਚਾਉਣ ਵਾਲਾ ਸੰਵਾਦਕ ਨਜ਼ਰੀਆ ਬਣ ਜਾਂਦੀ ਹੈ। ਇਸ ਸਮੇਂ ਉਸ ਦਾ ਮਨ ਕਰਦਾ ਹੈ ਕਿ ਉਸ ਦੇ ਕੰਨ ਇਸ ਮੋਹ ਭਰਪੂਰ ਬਕ ਬਕ ਨੂੰ ਨਿਰੰਤਰ ਸੁਣਦੇ ਰਹਿਣ।
ਕਹਾਣੀਆਂ ਦੇ ਵਿਸ਼ਿਆਂ ਵਿਚ ਵਿਭਿੰਨਤਾ ਤੇ ਤਾਜ਼ਗੀ ਹੋਣ ਦੇ ਬਾਵਜੂਦ ਜਦੋਂ ਦੋ ਧੀਆਂ ਦੀ ਮਾਂ ਵੱਲੋਂ ਇਕੱਲ ਦਾ ਸੰਤਾਪ ਭੋਗੇ ਜਾਣ ਦਾ ਬਿਰਤਾਂਤ ਵਾਰ ਵਾਰ ਸਾਹਮਣੇ ਆਉਂਦਾ ਹੈ ਤਾਂ ਪਾਠਕ ਇਹ ਅਨੁਮਾਨ ਲਾਉਣ ਲੱਗਦਾ ਹੈ ਕਿ ਲੇਖਿਕਾ ਦੀ ਇਸ ਮਾਂ ਰੂਪੀ ਪਾਤਰ ਨਾਲ ਕੋਈ ਭਾਵੁਕ ਸਾਂਝ ਜਾਂ ਰਿਸ਼ਤਾ ਜ਼ਰੂਰ ਹੈ। ਭਾਵੇਂ ਸਾਰੀਆਂ ਕਹਾਣੀਆਂ ਦੇ ਪਾਤਰਾਂ ਦੀਆਂ ਮਨੋ-ਸਮਾਜਿਕ ਸਮੱਸਿਆਵਾ ਵੱਖੋ ਵੱਖਰੀਆਂ ਹਨ ਤੇ ਇਨ੍ਹਾਂ ਦੇ ਹੱਲ ਵੀ ਉਨ੍ਹਾਂ ਆਪਣੀ ਬੁੱਧੀ ਵਿਵੇਕ ਨਾਲ ਸਫਲ ਢੰਗ ਨਾਲ ਕੀਤਾ ਹੈ, ਪਰ ਫਿਰ ਕਹਾਣੀਆਂ ਦੇ ਪਾਤਰਾਂ ਦੀ ਮਨੋ-ਵਿਸ਼ਲੇਸ਼ਣੀ ਜੁਗਤਾਂ ਕੁਝ ਦੁਹਰਾਉ ਦਾ ਪ੍ਰਭਾਵ ਸਿਰਜਣ ਵਾਲੀਆਂ ਹਨ। ਕਹਾਣੀਆਂ ਦੇ ਪਾਤਰਾਂ ਦਾ ਆਪਸੀ ਸੰਵਾਦ ਉਨ੍ਹਾਂ ਦੇ ਗਹਿਰੇ ਅਰਥਾਂ ਤੱਕ ਲੈ ਕੇ ਜਾਣ ਵਿਚ ਪਾਠਕਾਂ ਦੀ ਪੂਰੀ ਮਦਦ ਕਰਦਾ ਹੈ। ਇਨ੍ਹਾਂ ਕਹਾਣੀਆਂ ਦੇ ਪਾਠ ਰਾਹੀਂ ਨਵੀਂ ਪੰਜਾਬੀ ਕਹਾਣੀ ਦੀਆਂ ਵਿਸ਼ੇਸ਼ ਪ੍ਰਵਿਰਤੀਆਂ ਤੇ ਝੁਕਾਵਾਂ ਬਾਰੇ ਭਲੀਭਾਂਤ ਜਾਣਿਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਦੀ ਇਸ ਸਮਰੱਥ ਕਹਾਣੀਕਾਰਾ ਦੇ ਨਵੇਂ ਸੰਗ੍ਰਹਿ ਦਾ ਹਾਰਦਿਕ ਸਵਾਗਤ ਹੈ। ਆਰਸੀ ਪਬਲਿਸਰਜ਼, ਨਵੀਂ ਦਿੱਲੀ ਵਲੋਂ ਪ੍ਰਕਾਸਿ਼ਤ ਕਹਾਣੀ ਸੰਗ੍ਰਿਹਿ ‘ਤੁਮ ਉਦਾਸ ਕਿਉਂ ਹੋ’ ਦੇ ਕੁੱਲ ਪੰਨੇ 138 ਹਨ ਤੇ ਮੁੱਲ 295 ਰੁਪਏ ਹੈ।