ਗੁਲਜ਼ਾਰ ਸਿੰਘ ਸੰਧੂ
ਕਾਂਗਰਸ ਵਰਕਿੰਗ ਕਮੇਟੀ ਦੀ ਤਾਜਾ ਬੈਠਕ ਨੇ ਸਿੱਧ ਕਰ ਦਿੱਤਾ ਹੈ ਕਿ ਬਾਹਰਲੇ ਦੇਸ਼ ਦੀ ਜੰਮਪਲ ਸੋਨੀਆਂ ਗਾਂਧੀ ਜਾਣਦੀ ਹੈ ਕਿ ਅਤਿਅੰਤ ਮਾੜੇ ਪੱਤਿਆਂ ਨਾਲ ਬਾਜ਼ੀ ਕਿਵੇਂ ਜਿੱਤਣੀ ਹੈ। ਸਨਿਚਰਵਾਰ ਵਾਲੀ ਬੈਠਕ ਤੋਂ ਪਤਾ ਲਗਦਾ ਹੈ ਕਿ ਉਸ ਦਾ ਵਿਰੋਧ ਕਰਨ ਵਾਲੇ ਜੀ-23 ਵਾਲੇ ਆਗੂਆਂ ਵਿਚ ਵੀ ਦਮਖਮ ਨਹੀਂ।
ਮਾੜੀ ਸਿਹਤ ਦੇ ਬਾਵਜੂਦ ਸੋਨੀਆਂ ਗਾਂਧੀ ਦਾ ਹਿੱਕ ਥਾਪੜ ਕੇ ਇਹ ਕਹਿਣਾ ਕਿ ਇਸ ਵੇਲੇ ਉਸ ਤੋਂ ਬਿਨਾ ਪਾਰਟੀ ਦੀ ਕਮਾਂਡ ਹੋਰ ਕਿਸੇ ਦੇ ਹੱਥ ਨਹੀਂ ਤੇ ਉਹ ਅਗਲੇ ਸਾਲ ਵਰਕਿੰਗ ਕਮੇਟੀ ਦੀਆਂ ਚੋਣਾਂ ਪਿਛੋਂ ਇਹ ਵਾਗਡੋਰ ਚੁਣੇ ਗਏ ਪ੍ਰਧਾਨ ਨੂੰ ਖੁਸ਼ੀ ਖੁਸ਼ੀ ਸੌਂਪ ਦੇਵੇਗੀ। ਉਹ ਜਾਣਦੀ ਹੈ ਕਿ ਉਸ ਦਾ ਬੇਟਾ ਰਾਹੁਲ ਗਾਂਧੀ ਇਹ ਜ਼ਿੰਮੇਵਾਰੀ ਲੈਣ ਤੋਂ ਹਿਚਕਿਚਾ ਰਿਹਾ ਹੈ ਤੇ ਪੰਜਾਬ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਿਰ ਉਤੇ ਹਨ। ਹੋ ਸਕਦਾ ਹੈ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਮੇਂ ਕਾਂਗਰਸ ਦੀ ਕਾਰਗੁਜ਼ਾਰੀ ਕੋਈ ਨਵਾਂ ਚਿਹਰਾ ਸਾਹਮਣੇ ਲੈ ਆਵੇ, ਜੋ ਬਾਗੀ ਸੁਰਾਂ ਨੂੰ ਪ੍ਰਵਾਨ ਹੋਵੇ। ਸੋਨੀਆਂ ਗਾਂਧੀ ਦਾ ਇਹ ਪੈਂਤੜਾ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬਿਠਾ ਕੇ ਖੁਦ ਰਾਜ ਕਰਨ ਤੋਂ ਘਟ ਨਹੀਂ। ਉਸ ਹਸਤੀ ਨੂੰ ਕੁਰਸੀ ਸੌਂਪੀ, ਜਿਸ ਨੇ ਦੇਸ਼ ਦੀ ਆਰਥਕਤਾ ਸੰਭਾਲੀ ਰੱਖੀ। ਜੇ ਕੱਲ ਨੂੰ ਉੱਤਰ ਪ੍ਰਦੇਸ਼ ਵਿਚ ਕਾਂਗਰਸ ਬਾਜ਼ੀ ਮਾਰ ਜਾਂਦੀ ਹੈ, ਜਿਵੇਂ ਕਿਸਾਨ ਅੰਦੋਲਨ ਦੀ ਦ੍ਰਿੜਤਾ ਹੈ, ਲਖੀਮਪੁਰ ਖੀਰੀ ਦੇ ਘਟਨਕ੍ਰਮ ਤੋਂ ਜਾਪਦਾ ਹੈ, ਤਾਂ ਪਾਰਟੀ ਦੀਆਂ ਚਾਬੀਆਂ ਨਵੇਂ ਚਿਹਰੇ ਦੇ ਹੱਥ ਆ ਸਕਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਿਅੰਕਾ ਵਾਡਰਾ ਗਾਂਧੀ ਦੀ ਸੰਭਾਵਨਾ ਨੱਕਾਰੀ ਨਹੀਂ ਜਾ ਸਕਦੀ। ਇਹ ਪੈਂਤੜਾ ਕਿੰਨਾ ਕੁ ਸਫਲ ਹੰੁਦਾ ਹੈ, ਸਮੇਂ ਦੇ ਹੱਥ ਹੈ।
ਭਾਰਤ ਦਾ ਭੁਖਮਰੀ ਸੂਚਕ ਅੰਕ ਚਿੰਤਾਜਨਕ: ਆਪਣੇ ਚਹੇਤੇ ਇਮਾਰਤਕਾਰਾਂ ਨੂੰ ਲਾਭ ਪਹੰੁਚਾਉਣ ਲਈ ਜਲਿਆਂਵਾਲਾ ਬਾਗ ਦੀ ਦਿੱਖ ਸੰਵਾਰਨ ਤੇ ਨਵੀਂ ਦਿੱਲੀ ਦੇ ਸੈਂਟਰਲ ਵਿਸਟਾ ਵਿਖੇ ਨਵੀਨਤਮ ਸਕੱਤਰੇਤ ਦੀ ਸਿਰਜਣਾ ਕਰਵਾਉਣ ਵਾਲੀ ਕੇਂਦਰ ਸਰਕਾਰ ਇਹ ਭੁੱਲੀ ਬੈਠੀ ਹੈ ਕਿ ਦੇਸ਼ ਦੇ ਭੁਖਮਰੀ ਸੂਚਕ ਵਿਚ ਉੱਕਾ ਹੀ ਕੋਈ ਬਿਹਤਰੀ ਨਹੀਂ ਹੋਈ। ਜੇ ਪਿਛਲੇ ਸਾਲ ਦੇ ਸਰਵੇ ਅਨੁਸਾਰ 107 ਦੇਸ਼ਾਂ ਵਿਚੋਂ ਭਾਰਤ ਦਾ ਨੰਬਰ 94 ਸੀ ਤਾਂ ਇਸ ਸਾਲ 116 ਦੇਸ਼ਾਂ ਵਿਚੋਂ 101ਵੇਂ ਥਾਂ ਉੱਤੇ ਹੈ।
ਭਾਰਤ ਤੋਂ ਥੱਲੇ ਗਿਣੇ ਗਏ ਦੇਸ਼ ਕਾਂਗੋ, ਮੋਜ਼ਾਮਬੀਕ, ਨਾਈਜ਼ੀਰੀਆ, ਹੋਤੀ, ਬਮਨ ਤੇ ਸੋਮਾਲੀਆ ਵਰਗੇ ਸਿਰਫ 15 ਹੀ ਹਨ, ਜਦ ਕਿ ਇਸ ਦੇ ਗੁਵਾਂਢੀ ਦੇਸ਼ ਪਾਕਿਸਤਾਨ, ਨੇਪਾਲ ਤੇ ਬੰਗਲਾਦੇਸ਼ ਇਸ ਨਾਲੋਂ ਉੱਤੇ ਹਨ। ਭਾਰਤ ਉਨ੍ਹਾਂ ਦੇਸ਼ਾਂ ਵਿਚ ਗਿਣਿਆ ਗਿਆ ਹੈ, ਜੋ ਵਰਤਮਾਨ ਸਥਿਤੀਆਂ ਵਿਚ 2030 ਤੱਕ ਵੀ ਭੁਖਮਰੀ ਦੇ ਅਜੋਕੇ ਪੱਧਰ ਨੂੰ ਘਟਾ ਨਹੀਂ ਸਕੇਗਾ। ਚੰਗੀ ਪੌਸ਼ਟਿਕ ਖੁਰਾਕ ਦੀ ਅਣਹੋਂਦ ਕਾਰਨ ਭਾਰਤੀ ਬੱਚਿਆਂ ਦੀ ਹਾਲਤ ਤਰਸਯੋਗ ਹੈ ਤੇ ਅਨੇਕਾਂ ਬੱਚੇ 5 ਸਾਲ ਦੀ ਉਮਰ ਤੱਕ ਪਹੰੁਚਣ ਤੋਂ ਪਹਿਲਾਂ ਹੀ ਚੱਲ ਵਸਦੇ ਹਨ। ਕੀ ਸਾਡੇ ਹਾਕਮਾਂ ਨੂੰ ਇਸ ਪਾਸੇ ਧਿਆਨ ਦੇਣਾ ਨਹੀਂ ਬਣਦਾ?
ਢਾਹਾਂ ਪੁਰਸਕਾਰ 2021 ਬਨਾਮ ‘ਸਿਰਜਣਾ-200’: ਪੰਜਾਬੀ ਗਲਪਕਾਰੀ ਦੇ ਵਿਸ਼ਵ ਪੱਧਰੀ ਪੁਰਸਕਾਰਾਂ ਦਾ ਐਲਾਨ ਹੋ ਚੁਕਾ ਹੈ। ਫਗਵਾੜਾ-ਬੰਗਾ ਮਾਰਗ ਉੱਤੇ ਪੈਂਦੇ ਵੱਡੇ ਪਿੰਡ ਢਾਹਾਂ ਕਲੇਰਾਂ ਦੇ ਜੰਮਪਲ ਤੇ ਕੈਨੇਡਾ ਨਿਵਾਸੀ ਬਰਜਿੰਦਰ ਢਾਹਾਂ ਨੇ ਇਹ ਪੁਰਸਕਾਰ ਇੱਕ ਦਹਾਕਾ ਪਹਿਲਾਂ ਸਥਾਪਤ ਕੀਤੇ ਸਨ। ਇਸ ਵਾਰ ਦੇ ਇਨਾਮ ਉਸ ਲੜੀ ਵਿਚ ਅੱਠਵੇਂ ਹਨ। ਪਹਿਲੇ ਇਨਾਮ ਦੀ ਰਕਮ ਪੱਚੀ ਹਜ਼ਾਰ ਡਾਲਰ ਹੈ ਤੇ ਦੂਜੇ ਦੋਹਾਂ ਦੀ ਦਸ-ਦਸ ਹਜ਼ਾਰ ਡਾਲਰ। ਇਨਾਮ ਵੰਡ ਸਮਾਗਮ ਕੈਨੇਡਾ ਦੀ ਧਰਤੀ ਉੱਤੇ ਰਚਾਇਆ ਜਾਂਦਾ ਹੈ ਅਤੇ ਜੇਤੂਆਂ ਨੂੰ ਉੱਥੇ ਪਹੰੁਚਣ ਦਾ ਮਾਣ ਭੱਤਾ ਵੀ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹਰ ਵਰ੍ਹੇ 30-35 ਲੱਖ ਰੁਪਏ ਦਾ ਇਹ ਦਾਨ ਬਰਜਿੰਦਰ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਕਰਦਾ ਹੈ।
ਇਸ ਵਾਰ ਦਾ ਪਹਿਲਾ ਇਨਾਮ ਸ਼ਾਹਮੁਖੀ ਵਿਚ ਲਿਖੇ ਗਏ ਪੰਜਾਬੀ ਕਹਾਣੀ ਸੰਗ੍ਰਹਿ ‘ਜੋਗੀ ਸੱਪ ਤ੍ਰਾਹ’ ਨੂੰ ਦਿੱਤਾ ਜਾ ਰਿਹਾ ਹੈ, ਜਿਸ ਦਾ ਰਚਨਹਾਰਾ ਨੈਨ ਸੁੱਖ ਹੈ। ਦੂਜੇ ਇਨਾਮਾਂ ਦੇ ਜੇਤੂ ਬਲਬੀਰ ਮਾਧੋਪੁਰੀ ਕਰਤਾ ‘ਮਿੱਟੀ ਬੋਲ ਪਈ’ ਤੇ ਸਰਘੀ ਕਰਤਾ ‘ਆਪੋ ਆਪਣੇ ਮਰਸੀਏ’ ਹਨ।
ਇਹ ਸਬੱਬ ਦੀ ਗੱਲ ਹੈ ਕਿ ਇਨਾਮ ਜੇਤੂ ਤਿੰਨ ਪੁਸਤਕਾਂ ਵਿਚੋਂ ਦੋ ਪੁਸਤਕਾਂ ਦੇ ਰੀਵੀਊ ਚੰਡੀਗੜ੍ਹ ਤੋਂ ਛਪ ਰਹੇ ਪ੍ਰਸਿਧ ਸਾਹਿਤਕ ਰਸਾਲੇ ਦੇ 200ਵੇਂ ਅੰਕ ਵਿਚ ਛਪੇ ਸਨ। ਰੀਵੀਊਕਾਰ ‘ਮਿੱਟੀ ਬੋਲ ਪਈ’ ਦੇ ਪ੍ਰਮੁੱਖ ਪਾਤਰਾਂ ਦੇ ਜੀਵਨ ਸੰਘਰਸ਼ ਨੂੰ ਮਾਣ-ਸਨਮਾਨ ਲਈ ਜੂਝਦੇ ਮਰਜੀਵੜਿਆਂ ਦੀ ਦਾਸਤਾਨ ਦਸਦਾ ਹੈ। ਇਸ ਦੇ ਮੁੱਖ ਪਾਤਰ ਬਾਬਾ ਤੇ ਉਸ ਦਾ ਗੋਰਾ ਨਾਂ ਦਾ ਪੋਤਾ ਗਦਰ ਲਹਿਰ ਨੂੰ ਪਰਨਾਏ ਹੋਏ ਹਨ। ਇਸ ਲਹਿਰ ਨੂੰ ਉਨ੍ਹਾਂ ਦੋਹਾਂ ਦੇ ਤਨ-ਮਨ ਵਿਚ ਵਸਾਉਣ ਵਾਲਾ ਪਿੰਡ ਮੁੱਗੋਵਾਲ ਦੇ ਰਹਿਣ ਵਾਲਾ ਮੰਗੂ ਰਾਮ ਹੈ। ਬਾਬੇ ਦੀ ਖੂਬਸੂਰਤੀ ਇਸ ਵਿਚ ਹੈ ਕਿ ਉਹ ਨਿੱਜੀ ਮਜਬੂਰੀਆਂ ਦੇ ਬਾਵਜੂਦ ਆਪਣੇ ਪੋਤੇ ਨੂੰ ਵਿਦਿਆ ਦੇ ਰਾਹ ਤੋਂ ਭਟਕਣ ਨਹੀਂ ਦਿੰਦਾ। ਉਸ ਦਾ ਮੱਤ ਹੈ ਕਿ ਪੜ੍ਹਾਈ ਨਾਲ ਬੰਦੇ ਦੀ ਬਿਰਤੀ ਤੇ ਪ੍ਰਵਿਰਤੀ ਦਾ ਵਿਕਾਸ ਹੰੁਦਾ ਹੈ।
ਰੀਵੀਊਕਾਰ ‘ਮਿੱਟੀ ਬੋਲ ਪਈ’ ਨੂੰ ਮਾਧੋਪੁਰੀ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਦਾ ਅਗਲਾ ਹਿੱਸਾ ਦਸਦਾ ਹੈ। ਚੇਤੇ ਰਹੇ, ‘ਛਾਂਗਿਆ ਰੁੱਖ’ ਦੇ ਹੁਣ ਤੱਕ 15 ਐਡੀਸ਼ਨ ਛਪ ਚੁਕੇ ਹਨ ਤੇ ਇਹ ਪੁਸਤਕ ਕਈ ਦੇਸੀ-ਪਰਦੇਸੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਕੇ ਲੱਖਾਂ ਪਾਠਕਾਂ ਤੱਕ ਪਹੰੁਚ ਚੁਕੀ ਹੈ ਤੇ ਹੁਣ ਇਸ ਦਾ ਅੰਗਰੇਜ਼ੀ ਉਲਥਾ ਵੀ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਪ੍ਰਕਾਸ਼ਿਤ ਕੀਤਾ ਹੈ। ਆਕਸਫੋਰਡ ਵਲੋਂ ਚੁਣੇ ਜਾਣਾ ਆਪਣੇ ਆਪ ਵਿਚ ਇੱਕ ਵੱਡਾ ਸਨਮਾਨ ਹੈ।
‘ਮਿੱਟੀ ਬੋਲ ਪਈ’ ਵਾਂਗ ‘ਆਪੋ ਆਪਣੇ ਮਰਸੀਏ’ (ਕਹਾਣੀ ਸੰਗ੍ਰਹਿ) ਦੀ ਰੀਵੀਊਕਾਰ ਨੇ ਵੀ ਇਨ੍ਹਾਂ ਕਹਾਣੀਆਂ ਦੀਆਂ ਨਾਇਕਾਵਾਂ ਦੇ ਮਨ ਵਿਚ ਵੱਸੀਆਂ ਔਰਤ ਵਡਿੱਤਣ ਦੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਹੈ। ਲੇਖਿਕਾ ਖੁਦ ਔਰਤ ਹੈ ਤੇ ਔਰਤਾਂ ਦਾ ਮਨ ਜਾਣਦੀ ਹੈ। ਰੀਵੀਊ ਕਰਤਾ ਅਨੁਸਾਰ ਇਸ ਪੁਸਤਕ ਦੀ ਹਰ ਕਹਾਣੀ ਇੱਕ ਰਿਸ਼ਤੇ ਦਾ ਮਰਸੀਆ ਹੈ, ਚਾਹੇ ਉਹ ਰਿਸ਼ਤਾ ਪਤੀ-ਪਤਨੀ ਦਾ ਹੈ, ਪਿਉ-ਧੀ, ਮਾਂ-ਪੁੱਤ ਜਾਂ ਕੋਈ ਹੋਰ। ਇਨ੍ਹਾਂ ਕਹਾਣੀਆਂ ਵਿਚ ਜਿਊਣ ਦਾ ਵੱਲ ਸਿੱਖ ਰਹੀ ਨਵੀਂ ਔਰਤ ਦਾ ਚਿਤਰਨ ਹੈ। ਇਨ੍ਹਾਂ ਕਹਾਣੀਆਂ ਵਿਚ ‘ਮਿੱਟੀ ਬੋਲ ਪਈ’ ਦੇ ਬਾਬੇ-ਪੋਤੇ ਵਰਗੀ ਭਾਵਨਾ ਵਾਲੀਆਂ ਨਾਇਕਾਵਾਂ ਹਨ। ਢਾਹਾਂ ਪੁਰਸਕਾਰ ਦੀ ਚੋਣ ਕਮੇਟੀ ਨੇ ‘ਸਿਰਜਣਾ 200’ ਵਿਚ ਛਪੇ ਇਹ ਰੀਵੀਊ ਪੜ੍ਹੇ ਹੋਣ ਜਾਂ ਨਹੀਂ, ਪਰ ਇਹ ਦੋਵੇਂ ਰੀਵੀਊ ਜੇਤੂ ਪੁਸਤਕਾਂ ਦੀ ਉੱਤਮਤਾ `ਤੇ ਮੋਹਰ ਲਾਉਂਦੇ ਹਨ। ਢਾਹਾਂ ਪੁਰਸਕਾਰ ਸਥਾਪਤ ਕਰਨ ਵਾਲਾ ਬਰਜ ਢਾਹਾਂ ਤੇ ਪੁਰਸਕਾਰ ਜੇਤੂ ਨੈਨ ਸੁੱਖ, ਬਲਬੀਰ ਮਾਧੋਪੁਰੀ ਤੇ ਸਰਘੀ ਮੁਬਾਰਕਾਂ ਦੇ ਹਕਦਾਰ ਹਨ।
ਵਾਹਗਿਓਂ ਪਾਰ ਦੇ ਇੱਕ ਸਤਰੇ ਸਮਾਚਾਰ: ਪਾਕਿਸਤਾਨ ਵਿਚ ਸ਼ਹਿਰ ਲਾਹੌਰ ਦੇ ਇਕ ਸੈਮੀਨਾਰ ਵਿਖੇ ਨਰਸਰੀ ਤੋਂ ਗ੍ਰੈਜੂਏਸ਼ਨ ਤੱਕ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦੀ ਮੰਗ ਦਾ ਉਭਰਨਾ ਅਤੇ ਜਲੰਧਰ ਦੀ ਪ੍ਰੈਸ ਕਲਬ ਵਲੋਂ ਜਾਣੇ-ਪਛਾਣੇ ਪੱਤਰਕਾਰ ਸਤਿਨਾਮ ਸਿੰਘ ਮਾਣਕ ਦਾ ਪ੍ਰਧਾਨ ਚੁਣੇ ਜਾਣ ਦੀਆਂ ਖਬਰਾਂ ਭਾਵੇਂ ਇਕ ਸਤਰੀਆਂ ਹਨ, ਪਰ ਇਨ੍ਹਾਂ ਦਾ ਮਹੱਤਵ ਛੋਟਾ ਨਹੀਂ। ਸਵਾਗਤ ਹੈ।
ਅੰਤਿਕਾ: ਮੁਹਤਰਿਮਾ ਖਾਵਰ ਰਾਜ ਲਾਹੌਰ
ਤੇਰੀਆਂ ਸੱਭੇ ਗੱਲਾਂ ਬਾਤਾਂ ਹੁਣ ਮੈਂ ਖੂਬ ਪਛਾਣ ਗਈ
ਗਿਰਗਟ ਨੇ ਕੀ ਰੰਗ ਬਦਲਣੇ ਤੇਰੇ ਰੰਗ ਵਧੇਰੇ ਨੇ।
ਇੰਝ ਤੇ ਆਸਮਾਨ ਇਹ ਸਾਰਾ ਭਰਿਆ ਹੋਇਆ ਤਾਰਿਆਂ ਦਾ
ਆਪਣੀ ਕਿਸਮਤ ਉੱਤੇ ਫਿਰ ਵੀ ਛਾਏ ਘੁੱਪ ਹਨੇਰੇ ਨੇ।