ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਵਿਲ੍ਹੋ (ੱਲਿਲੋੱ) ਦਾ ਬੋਟੈਨੀਕਲ ਨਾਂ ਸੈਲਿਕਸ ਵੀਟਿਊਨਾ (ੰਅਲਣਿ ੜੲਟਿੲੁਨਿਅ) ਹੈ। ਇਹ ਬੈਚ ਫੁੱਲ ਦਵਾਈ ਪ੍ਰਣਾਲੀ ਦੀ 38ਵੀਂ ਤੇ ਆਖਰੀ ਦਵਾਈ ਹੈ। ਉਂਜ ਇਸ ਦੀ ਇਕ 39ਵੀਂ ਦਵਾਈ ਵੀ ਹੈ, ਪਰ ਉਹ ਕਿਸੇ ਵੱਖਰੇ ਫੁੱਲ ਤੋਂ ਨਹੀਂ ਬਣਾਈ ਗਈ। ਇਸ ਤਰ੍ਹਾਂ ਵੱਖ ਵੱਖ ਫੁੱਲਾਂ ਤੋਂ ਤਿਆਰ ਕੀਤੀਆਂ ਦਵਾਈਆਂ ਦੀ ਗਿਣਤੀ ਸੈਂਤੀ ਹੀ ਹੈ, ਕਿਉਂਕਿ ਰੌਕ ਵਾਟਰ ਪੌਦੇ ਦੇ ਫੁੱਲ ਤੋਂ ਨਹੀਂ, ਪਾਣੀ ਤੋਂ ਬਣੀ ਹੋਈ ਹੈ।
ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਦਵਾਈਆਂ ਬਸ ਇੰਨੇ ਹੀ ਫੁੱਲਾਂ ਤੋਂ ਬਣ ਸਕਦੀਆਂ ਹਨ, ਹੋਰਾਂ ਤੋਂ ਨਹੀਂ, ਕਿਉਂਕਿ ਡਾ. ਐਡਵਰਡ ਬੈਚ ਨੇ ਹੋਰ ਨਹੀਂ ਬਣਾਈਆਂ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇੰਗਲੈਂਡ ਦੇ ਮਾਊਂਟ ਵਰਨਨ ਵਿਚ ਜਿੱਥੇ ਰਹਿ ਕੇ ਉਸ ਨੇ ਖੋਜ ਕੀਤੀ, ਸਿਰਫ 37 ਪੌਦੇ ਹੀ ਪੈਦਾ ਹੁੰਦੇ ਸਨ, ਜਿਨ੍ਹਾਂ ਨੂੰ ਫੁੱਲ ਲੱਗਦੇ ਸਨ। ਅਜਿਹਾ ਵੀ ਕਿਤੇ ਲਿਖਿਆ ਨਹੀਂ ਮਿਲਦਾ ਕਿ ਉਨ੍ਹਾਂ ਨੇ ਕੁਝ ਅਜਿਹੇ ਫੁੱਲਾਂ ਤੋਂ ਦਵਾਈਆਂ ਬਣਾਉਣ ਵਿਚ ਸਮਾਂ ਖਰਾਬ ਕੀਤਾ ਹੋਵੇ, ਜੋ ਕਿਸੇ ਕੰਮ ਦੀਆਂ ਨਾ ਨਿਕਲੀਆਂ ਹੋਣ ਤੇ ਉਹ ਛੱਡ ਦਿੱਤੀਆਂ ਗਈਆਂ ਹੋਣ। ਇੱਦਾਂ ਵੀ ਨਹੀਂ ਸੀ ਕਿ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਮਨੁੱਖ ਦੇ ਸੁਭਾਅ ਵਿਚ ਕਿਹੜੇ ਕਿਹੜੇ ਦੋਸ਼ ਹਨ ਤੇ ਉਨ੍ਹਾਂ ਮੁੱਖ ਦੋਸ਼ਾਂ ਨੂੰ ਠੀਕ ਕਰਨ ਲਈ ਹੀ ਦਵਾਈਆਂ ਬਣਾਈਆਂ ਹੋਣ ਤੇ ਫਿਰ ਕੰਮ ਬੰਦ ਕਰ ਦਿੱਤਾ ਹੋਵੇ।
ਇਸ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਡਾ. ਬੈਚ ਪੰਜਾਹ ਸਾਲ ਦੀ ਉਮਰ ਵਿਚ ਹੀ ਸਵਰਗਵਾਸ ਹੋ ਗਏ। ਇਸ ਵਿਚ ਉਨ੍ਹਾਂ ਨੇ ਫੁੱਲ ਦਵਾਈਆਂ ਨੂੰ ਲੱਭਣ ਦਾ ਕੰਮ ਸਿਰਫ ਪਿਛਲੇ ਛੇ-ਸੱਤ ਸਾਲ ਹੀ ਕੀਤਾ, ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਮਨੁੱਖਤਾ ਨੂੰ ਕਿਸੇ ਅਜਿਹੀ ਦਵਾਈ ਦੀ ਲੋੜ ਹੈ, ਜੋ ਆਮ ਮਰੀਜ਼ਾਂ ਨੂੰ ਫੌਰੀ ਤੌਰ `ਤੇ ਦਿੱਤੀ ਜਾ ਸਕੇ ਤੇ ਉਨ੍ਹਾਂ ਦੇ ਵਿਅਕਤੀਤਵ ਦੇ ਰਿਣਾਤਮਿਕ ਤੱਤਾਂ ਤੋਂ ਮੁਕਤ ਕਰ ਕੇ ਤੰਦਰੁਸਤੀ ਨਾਲ ਭਰ ਦੇਵੇ। ਖੋਜ ਦਾ ਇਹ ਕਾਰਜ ਸਾਲ ਵਿਚ ਦੋ ਵਾਰ ਹੀ ਹੋ ਸਕਦਾ ਸੀ, ਜਦੋਂ ਪੌਦਿਆਂ `ਤੇ ਫੁੱਲ ਲੱਗਦੇ ਸਨ। ਇਸ ਲਈ ਉਸ ਕੋਲ ਫੁੱਲ ਦਵਾਈਆਂ ਨੂੰ ਲੱਭਣ ਤੇ ਪਰਖਣ ਲਈ ਬਹੁਤ ਘੱਟ ਸਮਾਂ ਸੀ। ਜੇ ਉਸ ਦੀ ਉਮਰ ਲੰਮੀ ਹੁੰਦੀ ਤਾਂ ਹੋ ਸਕਦਾ ਹੈ ਕਿ ਇਨ੍ਹਾਂ ਦਵਾਈਆਂ ਦੀ ਗਿਣਤੀ ਹੋਰ ਵਧੇਰੇ ਹੁੰਦੀ। ਇਸ ਤੋਂ ਇਹ ਅਨੁਮਾਨ ਨਾ ਲਾਇਆ ਜਾਵੇ ਕਿ ਇਹ ਪ੍ਰਣਾਲੀ ਅਧੂਰੀ ਹੈ। ਇਨ੍ਹਾਂ ਦਵਾਈਆਂ ਨੂੰ ਵਰਤਦਿਆਂ ਕਦੇ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕਿ ਮਨੁੱਖੀ ਸੁਭਾਅ ਦਾ ਕੋਈ ਪੱਖ ਰਹਿ ਗਿਆ ਹੈ, ਜਿਸ ਨੂੰ ਕੋਈ ਵੀ ਦਵਾਈ ਨਹੀਂ ਲਗਦੀ। ਇਸ ਲਈ ਜਨ ਸਾਧਾਰਨ ਇਨ੍ਹਾਂ 39 ਦਵਾਈਆਂ ਨਾਲ ਹੀ ਉੱਤਮ ਮਾਨਸਿਕ ਤੇ ਸਰੀਰਕ ਸਿਹਤ ਪ੍ਰਾਪਤ ਕਰ ਸਕਦੇ ਹਨ।
ਵਿਲ੍ਹੋ ਬੈਚ ਫੁੱਲ ਪ੍ਰਣਾਲੀ ਦੀ ਆਖਰੀ ਦਵਾਈ ਇਸ ਲਈ ਨਹੀਂ ਕਿ ਡਾ. ਬੈਚ ਨੇ ਇਸ ਨੂੰ ਸਭ ਤੋਂ ਬਾਅਦ ਵਿਚ ਈਜ਼ਾਦ ਕੀਤਾ ਸੀ। ਇਹ ਸਗੋਂ ਇਸ ਲਈ ਹੈ ਕਿ ਇਸ ਦਾ ਨਾਂ ਅੰਗਰੇਜ਼ੀ ਦੇ ਛੱਬੀ ਅੱਖਰਾਂ ਵਿਚੋਂ ਸਭ ਤੋਂ ਅਖੀਰਲੇ ਅੱਖਰ ਨਾਲ ਸ਼ੁਰੂ ਹੁੰਦਾ ਹੈ। ਇਹ ਦਵਾਈ ਮਨੁੱਖੀ ਸੁਭਾਅ ਦੀ ਇਕ ਬਦਨੁਮਾ ਕਮਜ਼ੋਰੀ ਨੂੰ ਠੀਕ ਕਰਦੀ ਹੈ, ਜੋ ਗੈਰ-ਕੁਦਰਤੀ, ਅਨੈਤਿਕ ਤੇ ਅਵਿਗਿਆਨਕ ਹੈ। ਜੇ ਡਾ. ਬੈਚ ਨੇ ਇਸ ਦਵਾਈ ਨੂੰ ਨਾ ਬਣਾਇਆ ਹੁੰਦਾ ਤਾਂ ਉਸ ਪ੍ਰਤੀ ਮਰੀਜ਼ਾਂ ਨਾਲੋਂ ਹੋਮਿਓਪੈਥਾਂ ਨੂੰ ਵਧੇਰੇ ਰੰਜਿਸ਼ ਰਹਿਣੀ ਸੀ। ਵਿਲ੍ਹੋ ਦਾ ਸੁਭਾਅ ਹੀ ਐਸਾ ਹੈ ਕਿ ਇਸ ਦੇ ਅੰਸ਼ ਵਧੇਰੇ ਲੋਕਾਂ ਵਿਚ ਪਾਏ ਜਾਂਦੇ ਹਨ।
ਪਦਾਰਥੀ ਦੌੜ ਦੇ ਅਜੋਕੇ ਕਾਲ ਵਿਚ ਤਾਂ ਕੋਈ ਵਿਰਲਾ ਹੀ ਅਜਿਹਾ ਹੋਵੇਗਾ, ਜਿਸ ਨੂੰ ਇਸ ਦੀ ਲੋੜ ਨਾ ਹੋਵੇ। ਇਸ ਦਾ ਮਰੀਜ਼ ਹਮੇਸ਼ਾ ਦੂਜਿਆਂ ਤੋਂ ਸੜਦਾ ਰਹਿੰਦਾ ਹੈ। ਉਹ ਨਹੀਂ ਚਾਹੁੰਦਾ ਕਿ ਦੂਜੇ ਤਰੱਕੀ ਕਰਨ। ਸਾੜਾ ਤੇ ਈਰਖਾ ਤਾਂ ਹਾਉਲੀ ਵਿਚ ਵੀ ਹੈ, ਪਰ ਵਿਲ੍ਹੋ ਦਾ ਸਾੜਾ ਗਿਲੇ ਸ਼ਿਕਵੇ ਵਾਲਾ ਹੁੰਦਾ ਹੈ। ਇਸ ਦੇ ਮਰੀਜ਼ ਨੂੰ ਆਪਣੇ ਤੋਂ ਸਿਵਾਏ ਸਭ ਚੀਜ਼ਾਂ ਤੇ ਸਭ ਵਿਅਕਤੀਆਂ ਪ੍ਰਤੀ ਰੋਸ ਰਹਿੰਦਾ ਹੈ, ਜੋ ਉਸ ਦੇ ਆਪਣੇ ਜੀਵਨ ਲਈ ਵੀ ਰਿਣਾਤਮਿਕ ਤੇ ਘਾਤਕ ਸਾਬਤ ਹੁੰਦਾ ਹੈ। ਉਹ ਆਪਣੇ ਮਨ ਵਿਚ ਦੂਜਿਆਂ ਪ੍ਰਤੀ ਇਸ ਲਈ ਕੁੜੱਤਣ ਪਾਲਦੇ ਹਨ ਕਿ ਉਹ ਉਨ੍ਹਾਂ ਨਾਲੋਂ ਵਧੇਰੇ ਖੁਸ਼ ਤੇ ਖੁਸ਼ਹਾਲ ਹਨ। ਇਹ ਵਿਅਕਤੀ ਵਾਈਲਡ ਰੋਜ਼ ਦੇ ਸੰਤੋਖੀ ਮਰੀਜ਼ਾਂ ਨਾਲੋਂ ਵੀ ਭਿੰਨ ਹੁੰਦੇ ਹਨ ਭਾਵ ਉਨ੍ਹਾਂ ਦੇ ਉਲਟ ਸੁਭਾਵੀ ਹੁੰਦੇ ਹਨ। ਵਾਈਲਡ ਰੋਜ਼ੀ ਕੁਦਰਤ ਦਾ ਦਿੱਤਾ ਧੰਨਵਾਦ ਸਹਿਤ ਸਵੀਕਾਰ ਕਰਦੇ ਹਨ, ਪਰ ਵਿਲ੍ਹੋ ਵਾਲੇ ਕੁਦਰਤ ਨੂੰ ਬਹੁਤਾ ਨਾ ਦੇਣ ਦਾ ਉਲਾਂਭਾ ਦਿੰਦੇ ਰਹਿੰਦੇ ਹਨ।
ਇਸ ਫੁੱਲ ਦਵਾਈ ਦੀਆਂ ਵਿਸ਼ੇਸ਼ਤਾਈਆਂ ਨੂੰ ਵਿਸਥਾਰ ਵਿਚ ਦੱਸਦਿਆਂ ਡਾ. ਬੈਚ ਲਿਖਦੇ ਹਨ, “ਇਹ ਉਨ੍ਹਾਂ ਲਈ ਹੈ, ਜਿਨ੍ਹਾਂ ਦਾ ਆਪਣਾ ਜੀਵਨ ਅਸਫਲ ਤੇ ਅਭਾਗਾ ਰਿਹਾ ਹੁੰਦਾ ਹੈ ਤੇ ਜਿਨ੍ਹਾਂ ਨੂੰ ਆਪਣੀ ਤੰਗੀ ਤੁਰਸ਼ੀ ਨੂੰ ਬਿਨਾ ਸ਼ਿਕਾਇਤ ਤੇ ਬਿਨਾ ਕੁੜੱਤਣ ਦੇ ਸਵੀਕਾਰ ਕਰਨਾ ਔਖਾ ਹੈ, ਕਿਉਂਕਿ ਉਹ ਜਿ਼ੰਦਗੀ ਨੂੰ ਦੁਨਿਆਵੀ ਸਫਲਤਾ ਦੇ ਮਿਆਰ ਤੋਂ ਮਾਪਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਕੁਦਰਤ ਨੇ ਉਨ੍ਹਾਂ ਨੂੰ ਇੰਨੀ ਪ੍ਰੀਖਿਆ ਵਿਚ ਪਾ ਕੇ, ਜਿੰਨੀ ਦੇ ਉਹ ਹੱਕਦਾਰ ਨਹੀਂ ਸਨ, ਉਨ੍ਹਾਂ ਨਾਲ ਬੇਇਨਸਾਫੀ ਕੀਤੀ ਹੈ, ਜਿਸ ਕਾਰਨ ਉਹ ਵਟੇ ਰਹਿੰਦੇ ਹਨ। ਰੋਸੇ ਕਾਰਨ ਉਹ ਜੀਵਨ ਤੇ ਜੀਵਨ ਦੀਆਂ ਗੱਲਾਂ ਵਿਚ ਓਨੀ ਦਿਲਚਸਪੀ ਨਹੀਂ ਰੱਖਦੇ, ਜਿੰਨੀ ਉਨ੍ਹਾਂ ਨੂੰ ਹੋਣੀ ਚਾਹੀਦੀ ਹੈ।” ਡਾ. ਬੈਚ ਦੀ ਇਹ ਵਿਆਖਿਆ ਵਿਲ੍ਹੋ ਪ੍ਰਸਨੈਲਿਟੀ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ।
ਇਸ ਵਿਆਖਿਆ ਦੇ ਮੁੱਖ ਪਹਿਲੂ ਇਸ ਤਰ੍ਹਾਂ ਹਨ: ਪਹਿਲਾ, ਵਿਲ੍ਹੋ ਦੇ ਮਰੀਜ਼ ਦੁਨਿਆਵੀ ਦ੍ਰਿਸ਼ਟੀਕੋਣ ਵਾਲੇ ਹੁੰਦੇ ਹਨ। ਉਨ੍ਹਾਂ ਅਨੁਸਾਰ ਸਫਲ ਮਨੁੱਖ ਉਹ ਹੈ, ਜਿਸ ਨੇ ਧਨ, ਪਦਾਰਥ ਤੇ ਸ਼ੋਹਰਤ ਹਾਸਲ ਕੀਤੀ ਹੋਵੇ। ਜੀਵਨ ਭਰ ਉਹ ਇਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਵਿਚ ਹੀ ਲੱਗੇ ਰਹਿੰਦੇ ਹਨ। ਉਨ੍ਹਾਂ ਵਿਚ ਸਬਰ, ਸੰਤੋਖ, ਸੁਹਜ ਸਵਾਦ ਤੇ ਸਮਾਜ ਸੇਵਾ ਜਿਹੇ ਵਲਵਲੇ ਨਹੀਂ ਹੁੰਦੇ। ਉਹ ਸਿਰਫ ਆਪਣੇ ਪ੍ਰਤੀ ਸੋਚਦੇ ਹਨ ਤੇ ਸਵਾਰਥੀ ਕਿਸਮ ਦੇ ਇਨਸਾਨ ਹੁੰਦੇ ਹਨ। ਦੂਜਾ, ਉਨ੍ਹਾਂ ਦਾ ਮੁਢਲਾ ਜੀਵਨ ਮੁੱਖ ਤੌਰ `ਤੇ ਸੁਖਾਲਾ ਨਹੀਂ ਰਿਹਾ ਹੁੰਦਾ। ਉਨ੍ਹਾਂ ਨੇ ਖੁਸ਼ਹਾਲੀ ਨਹੀਂ ਦੇਖੀ ਹੁੰਦੀ। ਜਿਨ੍ਹਾਂ ਨੇ ਦੇਖੀ ਵੀ ਹੁੰਦੀ ਹੈ, ਉਨ੍ਹਾਂ ਨੇ ਉਸ ਲਈ ਕਾਫੀ ਸੰਘਰਸ਼ ਕੀਤਾ ਹੁੰਦਾ ਹੈ। ਉਨ੍ਹਾਂ ਦੇ ਇਸ ਸੰਘਰਸ਼ ਨੇ ਉਨ੍ਹਾਂ ਦੇ ਮਨ ਵਿਚ ਆਤਮ ਵਿਸ਼ਵਾਸ ਤੇ ਪ੍ਰਾਪਤੀ ਦਾ ਅਹਿਸਾਸ ਪੈਦਾ ਨਹੀਂ ਕੀਤਾ ਹੁੰਦਾ, ਸਗੋਂ ਉਸ ਉੱਤੇ ਪੀੜਾ ਦਾ ਪ੍ਰਭਾਵ ਛੱਡਿਆ ਹੋਇਆ ਹੁੰਦਾ ਹੈ। ਉਨ੍ਹਾਂ ਦਾ ਮੌਜੂਦਾ ਜੀਵਨ ਵੀ ਧਨ ਪਦਾਰਥ ਦੀ ਦੌੜ ਵਿਚ ਪਿੱਛੇ ਰਿਹਾ ਹੁੰਦਾ ਹੈ ਜਾਂ ਉਨ੍ਹਾਂ ਨੂੰ ਇੱਦਾਂ ਰਿਹਾ ਮਹਿਸੂਸ ਹੁੰਦਾ ਹੈ। ਉਹ ਅੱਗੇ ਵਧਣ ਦੀ ਕੋਸਿ਼ਸ਼ ਜਰੂਰ ਕਰਦੇ ਹਨ, ਪਰ ਉਨ੍ਹਾਂ ਨੂੰ ਸਫਲਤਾ ਉਨ੍ਹਾਂ ਦੀ ਉਮੀਦ ਨਾਲੋਂ ਘੱਟ ਹੁੰਦੀ ਹੈ ਜਾਂ ਘੱਟ ਹੁੰਦੀ ਪ੍ਰਤੀਤ ਹੁੰਦੀ ਹੈ।
ਤੀਜਾ, ਉਨ੍ਹਾਂ ਦੇ ਉਮਰ ਭਰ ਦੇ ਜਦੋ-ਜਹਿਦ ਦੇ ਤਜਰਬੇ ਨੇ ਉਨ੍ਹਾਂ ਦੇ ਸੁਭਾਅ ਵਿਚ ਰੋਸਾ ਭਰ ਦਿੱਤਾ ਹੁੰਦਾ ਹੈ। ਉਹ ਹਰ ਗੱਲ ਨੂੰ ਕੁੜੱਤਣ ਨਾਲ ਸਵੀਕਾਰ ਕਰਦੇ ਹਨ। ਉਨ੍ਹਾਂ ਦੇ ਮਨ ਵਿਚ ਪੀੜਿਤ ਹੋਣ ਦਾ ਅਹਿਸਾਸ ਭਰਿਆ ਹੁੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਭਾਰੀ ਬੇਇਨਸਾਫੀ ਹੋਈ ਹੈ। ਉਹ ਸਮਝਦੇ ਹਨ ਕਿ ਕੁਦਰਤ ਜਾਂ ਸਮਾਜ ਨੇ ਮਿਹਨਤ ਦੇ ਲੇਖੇ ਉਨ੍ਹਾਂ ਨੂੰ ਦੂਜਿਆਂ ਦੇ ਮੁਕਾਬਲੇ ਬਹੁਤ ਜਿ਼ਆਦਾ ਰਗੜਿਆ ਹੈ, ਭਾਵ ਉਹ ਇੰਨੇ ਧੱਕੇ ਦੇ ਹੱਕਦਾਰ ਨਹੀਂ ਸਨ, ਜਿੰਨਾ ਉਨ੍ਹਾਂ ਨਾਲ ਹੋਇਆ ਹੈ। ਉਨ੍ਹਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਮਿਹਨਤ ਉਨ੍ਹਾਂ ਨੇ ਦੂਜਿਆਂ ਨਾਲੋਂ ਕਿਤੇ ਵੱਧ ਕੀਤੀ ਹੈ, ਪਰ ਇਸ ਦਾ ਫਲ ਦੂਜਿਆਂ ਨਾਲੋਂ ਘੱਟ ਹੋਇਆ ਹੈ। ਸਫਲ ਹੋ ਕੇ ਵੀ ਉਹ ਸਫਲਤਾ ਨੂੰ ਨਹੀਂ ਮਾਣ ਸਕਦੇ, ਕਿਉਂਕਿ ਉਹ ਸਮਝਦੇ ਹਨ ਕਿ ਉਨ੍ਹਾਂ ਮੁਤਾਬਿਕ ਇਹ ਬਹੁਤ ਘੱਟ ਹੈ।
ਜੇ ਵਿਲ੍ਹੋ ਦੇ ਵਿਦਿਆਰਥੀ ਨੂੰ ਉਸ ਦੇ ਫਸਟ ਡਿਵੀਜ਼ਨ ਵਿਚ ਪਾਸ ਹੋਣ ਦੀ ਵਧਾਈ ਦਿਓ ਤਾਂ ਉਹ ਕਹੇਗਾ, “ਪੜ੍ਹਾਈ ਦੇ ਲੇਖੇ ਤਾਂ ਅੰਕਲ ਮੈਂ ਪੂਰੇ ਪੰਜਾਬ ਵਿਚ ਅੱਵਲ ਆਉਣਾ ਸੀ, ਪਰ ਸਿਫਾਰਸ਼ਾਂ ਵਾਲੇ ਮਿਹਨਤ ਵਾਲਿਆਂ ਨੂੰ ਅੱਗੇ ਨਹੀਂ ਵਧਣ ਦਿੰਦੇ।” ਕਈਆਂ ਵਿਚ ਆਪਣੇ ਪੁਰਾਣੇ ਤਜਰਬੇ ਦੀ ਇੰਨੀ ਕੁੜੱਤਣ ਭਰੀ ਹੁੰਦੀ ਹੈ ਕਿ ਉਹ ਇਹ ਵੀ ਕਹਿੰਦੇ ਹਨ, “ਅੰਕਲ ਜੀ, ਦੇਖ ਲਿਆ ਮਿਹਨਤ ਕਰ ਕੇ ਵੀ, ਇਸ ਨਾਲ ਵੀ ਕੁਝ ਪੱਲੇ ਨਹੀਂ ਪੈਂਦਾ। ਮਲਾਈ ਤਾਂ ਇਹ ਅਪਰੋਚਾਂ ਵਾਲੇ ਛਕ ਜਾਂਦੇ ਹਨ। ਢਾਂਚਾ ਹੀ ਉਖੜਿਆ ਹੋਇਆ ਹੈ।” ਆਪਣੇ ਮਨ ਦੇ ਰੋਸੇ ਕਾਰਨ ਉਹ ਜੀਵਨ ਦੇ ਚਾਅਵਾਂ ਤੋਂ ਬੇਮੁਖ ਹੋ ਜਾਂਦੇ ਹਨ।
ਪੰਜ ਕੁ ਹਫਤੇ ਪਹਿਲਾਂ ਮਾਡੈਸਟੋ ਸ਼ਹਿਰ ਤੋਂ ਮੇਰੇ ਕੋਲ ਅਚਾਨਕ ਇਕ ਪੰਜਾਹ ਕੁ ਸਾਲਾਂ ਦੀ ਬੀਬੀ ਦਾ ਫੋਨ ਆਇਆ। ਉਹ ਦਸ ਸਾਲ ਪਹਿਲਾਂ ਮੇਰੀ ਮਰੀਜ਼ ਹੁੰਦੀ ਸੀ ਤੇ ਉਦੋਂ ਤੋਂ ਹੀ ਮੈਨੂੰ ਅੰਕਲ ਜੀ ਕਹਿੰਦੀ ਹੈ। ਉਸ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ ਤੇ ਉਹ ਪੰਜਾਬ ਤੋਂ ਇਕ ਪ੍ਰਸਿੱਧ ਸਾਹਿਤਕ ਘਰਾਣੇ ਨਾਲ ਸਬੰਧ ਰੱਖਦੀ ਹੈ। ਉਹ ਆਪਣੀ ਸਿਹਤ ਸਬੰਧੀ ਗੱਲ ਕਰਦਿਆਂ ਦੂਜਿਆਂ ਪ੍ਰਤੀ ਇੰਨੇ ਗਿਲੇ-ਸ਼ਿਕਵੇ ਕਰਨ ਲਗਦੀ ਹੈ ਕਿ ਸੁਣਨ ਵਾਲੇ ਨੂੰ ਲਗਦਾ ਹੈ ਕਿ ਜੋ ਬੇਇਨਸਾਫੀ ਇਸ ਨਾਲ ਹੋਈ ਹੈ, ਉਹ ਕਿਸੇ ਹੋਰ ਨਾਲ ਨਹੀਂ ਹੋਈ ਹੋਣੀ। ਇਸ ਵਾਰ ਕਹਿੰਦੀ, “ਅੰਕਲ ਜੀ, ਕਿੱਥੇ ਰਹਿਨੇ ਓਂ? ਫੋਨ ਈ ਨ੍ਹੀਂ ਚੁਕਦੇ, ਮੈਂ ਸੋਚਿਆ ਇੰਡੀਆ ਗਏ ਹੋਏ ਹੋਵੋਂਗੇ।”
ਮੈਂ ਉਸ ਨੂੰ ਕਿਹਾ, “ਇੱਥੇ ਈ ਆਂ ਬੀਬੀ, ਇੰਡੀਆ ਜਾ ਕੇ ਕੀ ਕਰੋਨਾ ਕਰਵਾਉਣਾ ਸੀ?”
ਉਹ ਬੋਲੀ, “ਲੈ ਕਿੱਥੇ ਆਉਂਦਾ ਐ ਕਰੋਨਾ ਉੱਥੇ ਅੰਕਲ ਜੀ, ਜੇ ਇੱਦਾਂ ਆਵੇ ਮੈਂ ਤਾਂ ਅੱਜ ਚਲੀ ਜਾਵਾਂ।”
“ਤੂੰ ਕਿਉਂ ਜਾਵੇਂਗੀ ਕਰੋਨਾ ਕਰਵਾਉਣ, ਇੱਥੇ ਈ ਬਚ ਕੇ ਰਹਿ।”
“ਮੇਰੇ ਵਰਗੀ ਨੂੰ ਨਹੀਂ ਕਰੋਨਾ ਹੁੰਦਾ ਅੰਕਲ ਜੀ, ਇਹ ਵੀ ਮੈਨੂੰ ਦੁਨੀਆਂ ਨਾਲ ਰਲ ਕੇ ਸਤਾਉਣਾ ਚਾਹੁੰਦਾ ਹੈ।”
ਮੈਂ ਉਸ ਨੂੰ ਸਮਝਾਉਂਦਿਆਂ ਕਿਹਾ, “ਕੀ ਕਹਿੰਦੀ ਐ ਦੁਨੀਆਂ ਤੈਨੂੰ ਬੀਬੀ, ਆਪਣਾ ਕਮਾਉਨੀ ਐਂ, ਆਪਣਾ ਖਾਨੀ ਐਂ। ਖੁਸ਼ੀ ਨਾਲ ਰਿਹਾ ਕਰ।”
“ਤੁਸੀਂ ਵੀ ਅੰਕਲ ਜੀ ਓਦਾਂ ਦੀਆਂ ਈ ਗੱਲਾਂ ਕਰਨ ਲੱਗ ਪਏ। ਪੰਦਰਾਂ ਸਾਲ ਹੋ ਗਏ ਇੱਥੇ ਆਈ ਨੂੰ, ਮੁੜ ਕੇ ਵਾਪਸ ਵਤਨ ਨ੍ਹੀਂ ਗਈ। ਜਾਂਦੀ ਵੀ ਕਿਵੇਂ, ਕਦੇ ਜਾਣ ਜੋਗਾ ਕਿਰਾਇਆ ਹੀ ਨਹੀਂ ਜੁੜਿਆ। ਪਹਿਲਾਂ ਵਿਆਹੀ ਅਜਿਹੇ ਬੰਦੇ ਨਾਲ ਗਈ, ਜਿਸ ਨੂੰ ਸ਼ਰਾਬ ਪੀਣ ਤੋਂ ਹੀ ਵਿਹਲ ਨਹੀਂ ਸੀ। ਉਸ ਨੇ ਸਿਰ `ਤੇ ਛੱਤ ਵੀ ਨਾ ਬਣਾ ਕੇ ਦਿੱਤੀ। ਕਿਰਾਏ ਦੇ ਅਪਾਰਟਮੈਂਟ ਵਿਚ ਈ ਛੱਡ ਕੇ ਰੱਬ ਨੂੰ ਪਿਆਰਾ ਹੋ ਗਿਆ। ਇੰਡੀਆ ਜਾਂਦੀ ਤਾਂ ਉਥੋਂ ਦਾ ਘਰ ਤੇ ਦੁਕਾਨਾਂ ਰਿਸ਼ਤੇਦਾਰ ਦੱਬ ਕੇ ਬੈਠੇ ਹੋਏ ਹਨ। ਇਕੱਲੀ ਹੁੰਦੀ ਤਾਂ ਹੋਰ ਗੱਲ ਸੀ, ਨਾਲ ਦਸਾਂ ਸਾਲਾਂ ਦੀ ਬੇਟੀ ਸੀ। ਪਹਿਲਾਂ ਰੁਲ-ਖੁਲ ਕੇ ਗੱਡੀ ਸਿੱਖੀ, ਫਿਰ ਸਟੋਰ ਦੀ ਨੌਕਰੀ ਕਰਨੀ ਸ਼ੁਰੂ ਕੀਤੀ। ਸਿੰਗਲ ਪੇਰੈਂਟ ਰਹਿ ਕੇ ਬੇਟੀ ਨੂੰ ਪੜ੍ਹਾਇਆ-ਲਿਖਾਇਆ। ਹੁਣ ਜਦੋਂ ਉਹ ਟ੍ਰੇਨਿੰਗ ਕਰ ਚੁਕੀ ਐ ਤਾਂ ਉਸ ਨੂੰ ਚੰਗੀ ਜਾਬ ਨਹੀਂ ਮਿਲਦੀ। ਉਸ ਦਾ ਵਿਆਹ ਕਰ ਦਿੰਦੀ, ਛੋਟੀ ਜਾਬ `ਤੇ ਕੰਮ ਕਰਦੀ ਨੂੰ ਕੋਈ ਢੰਗ ਦਾ ਮੁੰਡਾ ਨਹੀਂ ਲੱਭਦਾ। ਮੈਂ ਖੁਸ਼ ਕਿਵੇਂ ਰਹਾਂ?” ਉਹ ਕਈ ਕੁਝ ਇਕੋ ਸਾਹੇ ਗਿਣਾ ਗਈ, ਜਿਵੇਂ ਉਸ ਨੇ ਇਹੀ ਦੱਸਣ ਲਈ ਮੈਨੂੰ ਫੋਨ ਕੀਤਾ ਹੋਵੇ।
ਮੈਂ ਉਸ ਨੂੰ ਕਿਹਾ, “ਬੀਬਾ ਹੌਸਲਾ ਰੱਖ ਤੇ ਚਲੀ ਚੱਲ, ਮਿਹਨਤ ਨਾਲ ਸਭ ਕੁਝ ਠੀਕ ਹੋ ਜਾਂਦਾ ਐ।”
ਉਹ ਬੋਲੀ, “ਹੋ ਤਾਂ ਜਾਂਦਾ ਐ, ਪਰ ਮੇਰੇ ਕੇਸ ਵਿਚ ਕਦੇ ਕੁਝ ਇੰਨਾ ਸੁਖਾਲਾ ਨਹੀਂ ਹੋਇਆ। ਮੇਰੇ ਨਾਲ ਤਾਂ ਰੱਬ ਨੂੰ ਪਤਾ ਨ੍ਹੀਂ ਕੀ ਵੈਰ ਐ, ਹਰ ਕੰਮ ਨੱਕ ਨੂੰ ਜੀਭ ਲਵਾ ਕੇ ਕਰਦਾ ਐ। ਦੁਨੀਆਂ ਰੰਗਾਂ ਵਿਚ ਐ, ਬਸ ਮੈਂ ਈ ਪਤਾ ਨ੍ਹੀਂ ਉਸੇ ਦੇ ਕੀ ਮਾਂਹ ਮਾਰੇ ਨੇ।” ਬੜੇ ਦੁਖ ਸਾਂਝੇ ਕਰਨ ਤੋਂ ਬਾਅਦ ਉਹ ਬੋਲੀ, “ਅੰਕਲ ਜੀ ਮੈਂ ਦਵਾਈ ਲੈਣੀ ਐ। ਮੈਨੂੰ ਕਮਜੋਰੀ ਬਹੁਤ ਰਹਿੰਦੀ ਹੈ, ਕੰਨ ਭਾਂ ਭਾਂ ਕਰਦੇ ਰਹਿੰਦੇ ਨੇ, ਸਿਰ ਨੂੰ ਘੁਮੇਰ ਆਉਂਦੀ ਹੈ ਤੇ ਰਾਤ ਨੂੰ ਜਾਗ ਖੁਲ੍ਹ ਜਾਵੇ ਤਾਂ ਮੁੜ ਨੀਂਦ ਨਹੀਂ ਆਉਂਦੀ।”
ਉਸ ਦੇ ਸਿੰਪਟਮਸ ਬੜੇ ਸਾਫ ਸਨ। ਮੈਂ ਉਸ ਨੂੰ ਬਿਨਾ ਦੇਰੀ ਕੀਤੇ ਫੁੱਲ ਦਵਾਈ ਵਿਲ੍ਹੋ ਦੋ ਮਹੀਨੇ ਭਰ ਦਿਨ ਵਿਚ ਦੋ ਵਾਰ ਖਾਣ ਦਾ ਸੁਝਾਅ ਦਿੱਤਾ। ਇਕ ਮਹੀਨੇ ਬਾਅਦ ਯਾਨਿ ਹਫਤਾ ਕੁ ਪਹਿਲਾਂ ਹੀ ਉਸ ਦਾ ਫੋਨ ਆਇਆ। ਕਹਿਣ ਲੱਗੀ, “ਅੰਕਲ ਜੀ, ਧੰਨਵਾਦ। ਹੁਣ ਮੈਂ ਪਹਿਲਾਂ ਨਾਲੋਂ ਕਾਫੀ ਠੀਕ ਆਂ। ਨਾਲੇ ਬੇਟੀ ਦਾ ਸਾਕ ਪੱਕਾ ਕਰ ਦਿੱਤਾ ਐ। ਲੜਕਾ ਉਸ ਦੇ ਨਾਲ ਹੀ ਕੰਮ ਕਰਦਾ ਹੈ। ਵਿਆਹ ਅਗਲੇ ਸਾਲ ਛੱਬੀ ਜਨਵਰੀ ਦਾ ਐ। ਪਹਿਲਾਂ ਕਹਿ ਦਿੰਨੀ ਆਂ, ਆਉਣਾ ਜਰੂਰ। ਆਂਟੀ ਜੀ ਨੂੰ ਵੀ ਨਾਲ ਲੈ ਕੇ ਆਉਣਾ।” ਮੈਨੂੰ ਪਤਾ ਸੀ ਕਿ ਇਹ ਦਵਾਈ ਉਸ ਉੱਤੇ ਜਰੂਰ ਅਸਰ ਕਰੇਗੀ, ਕਿਉਂਕਿ ਕੋਈ ਫੁੱਲ ਦਵਾਈ ਧੋਖਾ ਨਹੀਂ ਦਿੰਦੀ।
ਵਿਲ੍ਹੋ ਦੇ ਮਰੀਜ਼ ਭੁੱਖੀ ਨੀਅਤ ਦੇ ਤੇ ਨਾਸ਼ੁਕਰੇ ਹੁੰਦੇ ਹਨ। ਉਨ੍ਹਾਂ ਕੋਲ ਭਾਵੇਂ ਸਭ ਕੁਝ ਹੋਵੇ, ਪਰ ਫਿਰ ਵੀ ਉਹ ਆਪਣੀ ਪੂੰਜੀ ਨੂੰ ਦੂਜਿਆਂ ਨਾਲ ਜਰੂਰ ਤੋਲਣਗੇ। ਉਨ੍ਹਾਂ ਦੀ ਨਜ਼ਰ ਆਪਣੇ ਤੋਂ ਛੋਟਿਆਂ ਵਲ ਨਹੀਂ ਜਾਂਦੀ। ਉਹ ਆਪਣੇ ਤੋਂ ਉੱਚਿਆਂ ਵਲ ਦੇਖ ਕੇ ਹਉਕਾ ਭਰਨਗੇ ਤੇ ਕਹਿਣਗੇ ਕਿ ਉਨ੍ਹਾਂ ਕੋਲ ਓਨਾ ਕੁਝ ਕਿਉਂ ਨਹੀਂ ਹੈ। ਇਹ ਵਿਤਕਰਾ ਉਹ ਕੁਦਰਤ ਤੇ ਸਮਾਜ ਦੇ ਸਿਰ ਮੜ੍ਹਦੇ ਹਨ। ਉਹ ਇਹ ਨਹੀਂ ਸੋਚਦੇ ਕਿ ਦੂਜਿਆਂ ਨੇ ਵੀ ਮਿਹਨਤ ਕੀਤੀ ਹੈ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਦੇ ਕੰਮਾਂ ਦਾ ਫਲ ਹਨ। ਉਨ੍ਹਾਂ ਦੇ ਇਸ ਸੁਭਾਅ ਦਾ ਅਸਰ ਸਿਰਫ ਉਨ੍ਹਾਂ ਤੀਕ ਹੀ ਮਹਿਦੂਦ ਨਹੀਂ ਰਹਿੰਦਾ, ਸਗੋਂ ਸਾਰਾ ਪਰਿਵਾਰ ਤੇ ਸਾਰਾ ਸਮਾਜ ਇਸ ਦੇ ਪ੍ਰਭਾਵ ਹੇਠ ਆ ਜਾਂਦਾ ਹੈ। ਮਿਸਾਲ ਵਜੋਂ ਭਾਰਤ ਵਿਚ ਜਨਸੰਖਿਆ ਦਾ ਭੰਡਾਰ ਹੈ ਤੇ ਲੋੜ ਤੋਂ ਜਿ਼ਆਦਾ ਉਤਪਾਦੀ ਸਾਧਨ ਹਨ, ਪਰ ਫਿਰ ਵੀ ਉੱਥੋਂ ਦਾ ਉਤਪਾਦਨ ਅੰਕ ਬੜਾ ਨੀਵਾਂ ਹੈ। ਇਸ ਕਾਰਨ ਉੱਥੋਂ ਦੇ ਆਮ ਲੋਕਾਂ ਦਾ ਜੀਵਨ ਖੁਸ਼ਹਾਲ ਤੇ ਸੁਖੀ ਨਹੀਂ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਉਨ੍ਹਾਂ ਦਾ ਧਿਆਨ ਕੰਮ ਵੱਲ ਘੱਟ ਤੇ ਫਲ ਦੀ ਵੰਡ ਵਲ ਵਧੇਰੇ ਹੈ। ਉਹ ਆਪਣੇ ਆਪ ਨੂੰ ਕਈ ਜਾਤਾਂ ਸ਼੍ਰੇਣੀਆਂ ਵਿਚ ਵੰਡ ਕੇ ਇਕ ਦੂਜੀ ਵਲ ਵਿਤਕਰੇ ਦੀ ਉਂਗਲ ਚੁੱਕਦੇ ਹਨ। ਉਹ ਸਾਧਨਾਂ ਤੇ ਸਿੱਟਿਆਂ ਵਿਚ ਦੂਜਿਆਂ ਦੇ ਬਰਾਬਰ ਦਾ ਹਿੱਸਾ ਮੰਗਦੇ ਹਨ। ਉੱਥੇ ਬਹੁਤੀ ਰਾਜਨੀਤੀ ਰਾਖਵੇਂਕਰਣ ਉੱਤੇ ਹੁੰਦੀ ਹੈ। ਕੋਈ ਭਰਤੀ ਕਰਨੀ ਹੋਵੇ ਜਾਂ ਪ੍ਰੋਮੋਸ਼ਨ ਕਰਨੀ ਹੋਵੇ, ਕੰਮ ਤੇ ਕਾਬਲੀਅਤ ਦੇ ਸਿਰ `ਤੇ ਨਹੀਂ, ਰਾਖਵੇਂਕਰਣ ਦੇ ਹਿਸਾਬ ਕੀਤੀ ਜਾਂਦੀ ਹੈ। ਲੋਕ ਬਿਨਾ ਕੰਮ ਤੋਂ ਲੜਦੇ ਰਹਿੰਦੇ ਹਨ ਤੇ ਜਾਤ-ਪਾਤ ਦੇ ਆਧਾਰ `ਤੇ ਸਮਾਨਤਾ ਦੀ ਰਟ ਲਾਈ ਰੱਖਦੇ ਹਨ। ਉਸ ਸਾਰੇ ਸਮਾਜਿਕ ਤੇ ਰਾਜਨੀਤਕ ਢਾਂਚੇ ਦੀਆਂ ਜੜ੍ਹਾਂ ਵਿਚ ਫੁੱਲ ਦਵਾਈ ਵਿਲ੍ਹੋ ਪਾਉਣ ਵਾਲੀ ਹੈ।
ਵਿਲ੍ਹੋ ਦੇ ਮਰੀਜ਼ ਆਤਮ-ਤਰਸ ਦੇ ਸ਼ਿਕਾਰ ਹੋਏ ਹੁੰਦੇ ਹਨ। ਉਹ ਆਪਣੇ ਆਪ ਨੂੰ ਬੇਸਹਾਰਾ ਸਮਝਦੇ ਹਨ ਤੇ ਕੋਈ ਢਾਰਸ ਭਾਲਦੇ ਰਹਿੰਦੇ ਹਨ। ਉਹ ਹਰ ਵੇਲੇ ਆਪਣੀ ਕਿਸਮਤ ਨੂੰ ਕੋਸਦੇ ਹੋਏ ਆਪਣੀਆਂ ਨਾ-ਕਾਮਯਾਬੀਆਂ ਦੂਜਿਆਂ ਦੇ ਗਲ ਮੜ੍ਹਦੇ ਹਨ। ਉਨ੍ਹਾਂ ਦੀ ਅਜਿਹੀ ਹਾਲਤ ਆਮ ਤੌਰ `ਤੇ ਅੱਧੀ ਉਮਰ ਤੋਂ ਬਾਅਦ ਹੋਣੀ ਸ਼ੁਰੂ ਹੁੰਦੀ ਹੈ, ਜਦੋਂ ਉਹ ਕਾਫੀ ਸੰਘਰਸ਼ ਕਰ ਚੁਕੇ ਹੁੰਦੇ ਹਨ ਤੇ ਉਨ੍ਹਾਂ ਦੀ ਅਸਫਲਤਾ ਮੂੰਹ ਚੜ੍ਹ ਕੇ ਬੋਲਣ ਲੱਗ ਜਾਂਦੀ ਹੈ। ਉਦੋਂ ਉਨ੍ਹਾਂ ਨੂੰ ਅਫਸੋਸ ਹੁੰਦਾ ਹੈ ਕਿ ਉਹ ਜੀਵਨ ਵਿਚ ਕੁਝ ਵੀ ਨਹੀਂ ਕਰ ਸਕੇ। ਆਪ ਤਾਂ ਆਪਣਾ ਜੀਵਨ ਵਿਹਲੀਆਂ ਖਾ ਕੇ ਬਰਬਾਦ ਕਰ ਹੀ ਚੁਕੇ, ਆਪਣੇ ਧੀਆਂ-ਪੁਤਰਾਂ ਨੂੰ ਵੀ ਚੰਗੀ ਤਰ੍ਹਾਂ ਪੜ੍ਹਾ-ਲਿਖਾ ਕੇ ਸਹੀ ਨੌਕਰੀਆਂ `ਤੇ ਨਾ ਲਾ ਸਕੇ। ਜਦੋਂ ਉਹ ਦੂਜਿਆਂ ਦੀ ਸਫਲਤਾ ਵਲ ਦੇਖਦੇ ਹਨ ਤਾਂ ਉਨ੍ਹਾਂ ਤੋਂ ਜਰ ਨਹੀਂ ਹੁੰਦਾ। ਫਿਰ ਉਹ ਸਾਰੀ ਗੱਲ ਦਾ ਦੋਸ਼ ਆਪਣੇ ਸਿਰ ਲੈਣ ਦੀ ਥਾਂ ਕਿਸੇ ਦੂਜੇ ਦੇ ਸਿਰ ਲਾਉਂਦੇ ਹਨ। ਬਹੁਤ ਵਾਰ ਉਹ ਆਪਣੀ ਕਿਸਮਤ ਦਾ ਕਸੂਰ ਦੱਸਦੇ ਹਨ ਜਾਂ ਵਿਧਾਤਾ ਨੂੰ ਜਿ਼ੰਮੇਵਾਰ ਦੱਸਦੇ ਹਨ। ਉਹ ਆਪਣੀ ਸੋਚ ਦੀ ਰਿਣਾਤਮਿਕਤਾ ਨਾ ਪਛਾਣਦਿਆਂ ਇਹ ਨਹੀਂ ਵਿਚਾਰਦੇ ਕਿ ਸਫਲਤਾ ਕੰਮ `ਤੇ ਨਿਰਭਰ ਕਰਦੀ ਹੈ। ਉਨ੍ਹਾਂ ਲਈ ਇਹ ਸਮਝਣਾ ਔਖਾ ਹੁੰਦਾ ਹੈ ਕਿ ਜਿਹੜੇ ਸਫਲ ਹੋਏ ਹਨ, ਉਨ੍ਹਾਂ ਨੇ ਕੰਮ ਜਰੂਰ ਕੀਤਾ ਹੋਵੇਗਾ। ਅਜਿਹੇ ਲੋਕਾਂ ਨੂੰ ਫੁੱਲ ਦਵਾਈ ਵਿਲ੍ਹੋ ਦੇ ਕੇ ਉਨ੍ਹਾਂ ਦਾ ਨਜ਼ਰੀਆ ਬਦਲਿਆ ਜਾ ਸਕਦਾ ਹੈ। ਇਸ ਤਰ੍ਹਾਂ ਉਹ ਆਪਣੀ ਮਿਹਨਤ ਦੇ ਬਲਬੂਤੇ ਜੀਵਨ ਵਿਚ ਅੱਗੇ ਵਧ ਸਕਣਗੇ।
ਡਾ. ਸੋਹਨਰਾਜ ਟੇਟਰ ਤੇ ਮੋਹਨ ਲਾਲ ਜੈਨ ਲਿਖਦੇ ਹਨ ਕਿ ਵਿਲ੍ਹੋ ਸੁਭਾਅ ਦੇ ਵਿਅਕਤੀਆਂ ਵਿਚ ਨਫਰਤ ਤੇ ਕੁੜੱਤਣ ਦੀਆਂ ਭਾਵਨਾਵਾਂ ਸਾਲਾਂ-ਬੱਧੀ ਦਬੀਆਂ ਪਈਆਂ ਰਹਿੰਦੀਆਂ ਹਨ। ਇਕ ਸੱਸ ਅਜਿਹੀਆਂ ਭਾਵਨਾਵਾਂ ਨੂੰ ਆਪਣੀ ਨੂੰਹ ਵਿਰੁਧ ਪਾਲਦੀ ਰਹਿੰਦੀ ਹੈ, ਕਿਉਂਕਿ ਉਹ ਸਮਝਦੀ ਹੈ ਕਿ ਨੂੰਹ ਨੇ ਉਸ ਦਾ ਲਾਡਾਂ ਨਾਲ ਪਾਲਿਆ ਪੁੱਤਰ ਖੋਹ ਲਿਆ ਹੈ। ਉਹ ਨਹੀਂ ਜਰਦੀ ਕਿ ਉਹ ਉਸ ਨੂੰ ਲੈ ਕੇ ਵੱਖਰੇ ਘਰ ਵਿਚ ਰਹਿਣ ਲੱਗ ਪਵੇ। ਸੱਸ ਆਪਣੀ ਈਰਖਾ ਦਾ ਇਜ਼ਹਾਰ ਆਪਣੇ ਪੁੱਤਰ ਕੋਲ ਸ਼ਿਕਾਇਤ ਕਰ ਕੇ ਤੇ ਸਮੇਂ ਸਮੇਂ `ਤੇ ਨੂੰਹ ਦਾ ਨਿਰਾਦਰ ਕਰ ਕੇ ਕਰਦੀ ਹੈ। ਉਸ ਦੀਆਂ ਦਬੀਆਂ ਭਾਵਨਾਵਾਂ ਇਕ ਜਵਾਲਾਮੁਖੀ ਵਾਂਗ ਹੁੰਦੀਆਂ ਹਨ, ਜੋ ਅੰਦਰੋ ਧੁਖਦੀਆਂ ਹੁੰਦੀਆਂ ਹਨ, ਪਰ ਬਾਹਰ ਧੂੰਆਂ ਨਹੀਂ ਨਿਕਲਦਾ।
ਵਿਲ੍ਹੋ ਕਿਸਮ ਦੇ ਲੋਕਾਂ ਨੂੰ ਦੁਨੀਆਂ ਪਸੰਦ ਨਹੀਂ ਕਰਦੀ, ਕਿਉਂਕਿ ਉਹ ਦੂਜਿਆਂ ਦੀ ਤਰੱਕੀ `ਤੇ ਸੜਦੇ ਹਨ। ਜੇ ਅਜਿਹੇ ਲੋਕਾਂ ਪ੍ਰਤੀ ਕੋਈ ਉਪਕਾਰ ਕਰਦਾ ਹੈ ਜਾਂ ਉਨ੍ਹਾਂ ਦੀ ਮਦਦ ਕਰਦਾ ਹੈ ਤਾਂ ਉਹ ਉਸ ਦਾ ਵੀ ਧੰਨਵਾਦ ਨਹੀਂ ਕਰਦੇ, ਸਗੋਂ ਕਹਿੰਦੇ ਹਨ ਕਿ ਇੰਨਾ ਕੁ ਕਰਨਾ ਤਾਂ ਉਨ੍ਹਾਂ ਦਾ ਕਰਤਵ ਬਣਦਾ ਸੀ। ਉਨ੍ਹਾਂ ਦੀ ਜਿੰਨੀ ਮਰਜੀ ਮਦਦ ਕਰੋ, ਫਿਰ ਵੀ ਇਹੀ ਕਹਿੰਦੇ ਹਨ ਕਿ ਇਸ ਨਾਲ ਕਿਹੜਾ ਉਨ੍ਹਾਂ ਦੀ ਕਿਸਮਤ ਪਲਟ ਗਈ। ਉਨ੍ਹਾਂ ਦੇ ਗਿਲੇ-ਸ਼ਿਕਵੇ ਕਦੇ ਨਹੀਂ ਰੁਕਦੇ। ਉਹ ਲੈਣਾ ਹੀ ਜਾਣਦੇ ਹਨ, ਦੇਣਾ ਨਹੀਂ। ਉਹ ਦੂਜਿਆਂ ਨਾਲ ਵਟੇ ਹੀ ਰਹਿੰਦੇ ਹਨ। ਫੁੱਲ ਦਵਾਈ ਵਿਲ੍ਹੋ ਉਨ੍ਹਾਂ ਨੂੰ ਦੂਜਿਆਂ ਪ੍ਰਤੀ ਸੁਹਿਰਦ ਬਣਾ ਕੇ ਉਨ੍ਹਾਂ ਨੂੰ ਮਿਲਣਸਾਰ ਬਣਾ ਦਿੰਦੀ ਹੈ। ਸੱਸ ਨਾਂ ਦੇ ਵਿਅਕਤੀ ਨੂੰ ਤਾਂ ਇਹ ਲਗਾਤਾਰ ਦੇਣੀ ਚਾਹੀਦੀ ਹੈ ਤੇ ਇਸ ਨੂੰ ਦੇਣ ਦੀ ਜਿ਼ੰਮੇਵਾਰੀ ਵੀ ਉਸ ਦੀ ਨੂੰਹ ਦੀ ਹੋਣੀ ਚਾਹੀਦੀ ਹੈ।
ਵਿਲ੍ਹੋ ਸੁਭਾਅ ਦੇ ਵਿਅਕਤੀ ਜੇ ਬੀਮਾਰ ਹੋ ਜਾਣ ਤਾਂ ਵੀ ਉਨ੍ਹਾਂ ਦੀ ਆਦਤ ਬਦਲਦੀ ਨਹੀਂ। ਉਹ ਦਵਾਈ ਤੇ ਡਾਕਟਰ ਦੋਹਾਂ ਨੂੰ ਕੋਸਦੇ ਰਹਿੰਦੇ ਹਨ। ਭਾਵੇਂ ਉਨ੍ਹਾਂ ਨੂੰ ਦਿੱਤੀ ਦਵਾਈ ਸਹੀ ਵੀ ਹੋਵੇ, ਉਨ੍ਹਾਂ ਨੇ ਉਸ ਨੂੰ ਬੇਕਾਰ ਹੀ ਕਹਿਣਾ ਹੈ। ਜੇ ਉਨ੍ਹਾਂ ਦੀ ਬੀਮਾਰੀ ਨੂੰ ਮੋੜਾ ਵੀ ਪੈ ਰਿਹਾ ਹੋਵੇ, ਉਨ੍ਹਾਂ ਨੇ ਉਸ ਨੂੰ ਸਵੀਕਾਰ ਨਹੀਂ ਕਰਨਾ। ਉਹ ਕਦੇ ਆਪਣੇ ਡਾਕਟਰ ਦਾ ਧੰਨਵਾਦ ਨਹੀਂ ਕਰਦੇ। ਉਹ ਦੱਸਦੇ ਹਨ ਕਿ ਡਾਕਟਰ ਲੁਟੇਰਾ ਹੈ। ਇੰਨੀ ਫੀਸ ਲੈ ਗਿਆ, ਆਰਾਮ ਰਤਾ ਭਰ ਵੀ ਨਹੀਂ ਆਇਆ। ਠੀਕ ਹੋ ਕੇ ਵੀ ਉਹ ਉਸ ਪ੍ਰਤੀ ਰੰਜਿਸ਼ ਰੱਖਦੇ ਹਨ ਤੇ ਉਸ ਨਾਲ ਸਿੱਧੇ ਮੂੰਹ ਨਹੀਂ ਬੋਲਦੇ। ਉਹ ਆਪਣੀ ਦੇਖ-ਭਾਲ ਕਰਦੇ ਵਿਅਕਤੀਆਂ ਪ੍ਰਤੀ ਵੀ ਨਾਸ਼ੁਕਰੇ ਬਣੇ ਰਹਿੰਦੇ ਹਨ। ਉਨ੍ਹਾਂ ਦੇ ਸੁਭਾਅ ਦੀ ਇਹ ਉਣਤਾਈ ਉਨ੍ਹਾਂ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਸੋਚਣ ਨਹੀਂ ਦਿੰਦੀ। ਇਸ ਲਈ ਉਹ ਚੰਗੀ-ਮਾੜੀ ਹਰ ਗੱਲ ਬਾਰੇ ਬੁੜਬੁੜ ਕਰਦੇ ਰਹਿੰਦੇ ਹਨ। ਫੁੱਲ ਦਵਾਈ ਵਿਲ੍ਹੋ ਉਨ੍ਹਾਂ ਦੇ ਮਨ ਦੀਆਂ ਅੱਖਾਂ ਖੋਲ੍ਹ ਦਿੰਦੀ ਹੈ। ਇਸ ਨਾਲ ਉਹ ਦੂਜਿਆਂ ਦੇ ਕੰਮਾਂ ਨੂੰ ਅਪਣੱਤ ਨਾਲ ਵਿਚਾਰਨਾ ਸ਼ੁਰੂ ਕਰ ਦੇਣਗੇ ਤੇ ਉਨ੍ਹਾਂ ਦੀ ਮਿਹਨਤ ਦੀ ਕਦਰ ਪਾਉਣ ਲੱਗ ਪੈਣਗੇ। ਉਹ ਆਪਣਾ ਸਵਾਰਥ ਛੱਡ ਕੇ ਯਥਾਰਥ ਨਾਲ ਜੁੜਨਾ ਪਸੰਦ ਕਰਨ ਲੱਗ ਜਾਣਗੇ। ਵੱਡੀ ਗੱਲ ਇਹ ਕਿ ਉਹ ਆਪਣੀਆਂ ਤਕਲੀਫਾਂ ਤੇ ਬਦਕਿਸਮਤੀਆਂ ਲਈ ਆਪਣੇ ਆਪ ਨੂੰ ਜਿ਼ੰਮੇਵਾਰ ਸਮਝਣ ਲੱਗ ਜਾਣਗੇ। ਫਿਰ ਉਹ ਦੂਜਿਆਂ ਦੀ ਬਖੀਲੀ ਤੇ ਨੁਕਤਾਚੀਨੀ ਛੱਡ ਕੇ ਆਪਣੀਆਂ ਸਮੱਸਿਆਵਾਂ ਨੂੰ ਆਪ ਨਜਿੱਠਣ ਵਿਚ ਜੁਟ ਜਾਣਗੇ।
ਜੇ ਉਨ੍ਹਾਂ ਨੂੰ ਇਹ ਫੁੱਲ ਦਵਾਈ ਦੇ ਕੇ ਠੀਕ ਨਾ ਕੀਤਾ ਜਾਵੇ ਤਾਂ ਉਹ ਹੋਰ ਨਿਵਾਣ ਵੱਲ ਤਿਲ੍ਹਕ ਜਾਣਗੇ। ਉਹ ਗੱਲ ਗੱਲ `ਤੇ ਦੂਜਿਆਂ ਵਿਚ ਨਘੋਚਾਂ ਕੱਢ ਕੇ ਉਨ੍ਹਾਂ ਨੂੰ ਦੁਤਕਾਰਦੇ ਰਹਿਣਗੇ। ਅੰਤ ਉਨ੍ਹਾਂ ਦੇ ਦੁਆਲੇ ਦੇ ਲੋਕ ਹੀ ਉਨ੍ਹਾਂ ਨੂੰ ਮੂੰਹ ਲਾਉਣਾ ਬੰਦ ਕਰ ਦੇਣਗੇ। ਉਹ ਇਕੱਲੇ ਪੈ ਜਾਣਗੇ ਤੇ ਉਨ੍ਹਾਂ ਦਾ ਜਿਊਣਾ ਔਖਾ ਹੋ ਜਾਵੇਗਾ। ਇਹ ਹਵਾਈ ਗੱਲਾਂ ਨਹੀਂ, ਸਾਡੇ ਸਾਹਮਣੇ ਦੀਆਂ ਗੱਲਾਂ ਹਨ। ਇਕ ਬਜ਼ੁਰਗ ਬੀਬੀ ਨੇ ਮੈਨੂੰ ਕਾਲ ਕਰ ਕੇ ਕਿਹਾ, “ਭਰਾ ਜੀ, ਮੈਂ ਤੁਹਾਡੀ ਪਾਠਕ ਹਾਂ, ਤੁਹਾਡੀ ਕਿਤਾਬ ਤੋਂ ਫੋਨ ਲੱਭ ਕੇ ਗੱਲ ਕਰ ਰਹੀ ਹਾਂ। ਤੁਹਾਡੇ ਨਾਲ ਵਿਸ਼ੇਸ਼ ਗੱਲ ਕਰਨੀ ਹੈ ਤੇ ਕਰਨੀ ਵੀ ਮਿਲ ਕੇ ਹੈ, ਫੋਨ `ਤੇ ਨਹੀਂ ਕਰ ਸਕਦੀ। ਸ਼ਾਮ ਨੂੰ ਪੰਜ ਵਜੇ ਮੈਂ ਫਲਾਂ ਗੁਰੂ ਘਰ ਵਿਚ ਤੁਹਾਡਾ ਇੰਤਜ਼ਾਰ ਕਰਾਂਗੀ। ਪਹੁੰਚ ਜਾਣਾ। ਜੇ ਨਹੀਂ ਪਹੁੰਚ ਸਕਦੇ ਤਾਂ ਮੈਨੂੰ ਹੁਣੇ ਦੱਸ ਦਿਓ, ਕਿਉਂਕਿ ਉੱਥੇ ਮੇਰੇ ਕੋਲ ਫੋਨ ਨਹੀਂ ਹੋਵੇਗਾ। ਐਵੇਂ ਬੈਠੀ ਉਡੀਕ ਕਰਦੀ ਰਹਾਂਗੀ।” ਮੈਂ ਉਸ ਨੂੰ ਹਾਂ ਕਰ ਕੇ ਨਿਯਤ ਸਮੇਂ `ਤੇ ਉੱਥੇ ਪਹੁੰਚ ਗਿਆ।
ਮੈਨੂੰ ਮਿਲਦਿਆਂ ਸਾਰ ਉਹ ਬੀਬੀ ਬੋਲੀ, “ਮੈਂ ਤਾਂ ਪੰਦਰਾਂ ਮਿੰਟ ਪਹਿਲਾਂ ਹੀ ਪਹੁੰਚ ਗਈ ਸੀ। ਉਡੀਕ ਕਰਦਿਆਂ ਸੋਚ ਰਹੀ ਸੀ ਕਿ ਪਤਾ ਨਹੀਂ ਆਉਣਗੇ ਕਿ ਨਹੀਂ। ਤੁਹਾਡੀ ਕਿਤਾਬ ਤੋਂ ਤੁਹਾਡੀ ਫੋਟੋ ਦੇਖੀ ਹੋਈ ਸੀ, ਦੂਰੋਂ ਦੇਖ ਕੇ ਹੀ ਪਛਾਣ ਗਈ ਕਿ ਆ ਤਾਂ ਗਏ। ਭਰਾ ਜੀ, ਮੈਂ ਬਹੁਤ ਦੁਖੀ ਹਾਂ ਮੈਨੂੰ ਸਲਾਹ ਦਿਓ, ਮੈਂ ਕੀ ਕਰਾਂ?”
ਮੈਂ ਬੀਬੀ ਨੂੰ ਉਸ ਦੀ ਤਕਲੀਫ ਬਾਰੇ ਪੁੱਛਿਆ। ਉਹ ਕਹਿਣ ਲੱਗੀ, “ਮੇਰਾ ਮਨ ਕਿਤੇ ਭੱਜ ਜਾਣ ਨੂੰ ਕਰਦਾ ਹੈ, ਮੈਨੂੰ ਦੱਸੋ ਮੈਂ ਕਿੱਥੇ ਜਾਵਾਂ?” ਮੈਂ ਉਸ ਨੂੰ ਇਸ ਦਾ ਕਾਰਨ ਪੁੱਛਿਆ। ਕਹਿਣ ਲੱਗੀ, “ਮੈਨੂੰ ਤਾਂ ਆਪ ਨ੍ਹੀਂ ਪਤਾ। ਮੇਰੇ ਘਰ ਦਾ ਬੱਚਾ ਬੱਚਾ ਮੇਰਾ ਦੁਸ਼ਮਣ ਹੈ। ਸਾਰੇ ਇੰਨੇ ਮਾੜੇ ਹਨ ਕਿ ਕੋਈ ਵੀ ਮੇਰੇ ਨਾਲ ਨਹੀਂ ਬੋਲਦਾ। ਤਿੰਨ ਨੂੰਹਾਂ ਹਨ, ਤਿੰਨੇ ਨੱਕ ਵੱਟ ਕੇ ਰੱਖਦੀਆਂ ਹਨ। ਆਉਂਦੀਆਂ ਨੇ ਹੀ ਮੇਰੇ ਲੜਕਿਆਂ ਦੇ ਸਿਰ ਵਿਚ ਪਤਾ ਨਹੀਂ ਕੀ ਪਾ ਦਿੱਤਾ, ਉਨ੍ਹਾਂ ਨੂੰ ਮੇਰੇ ਤੋਂ ਦੂਰ ਕਰ ਦਿੱਤਾ। ਨਾ ਮੇਰੇ ਨਾਲ ਬੋਲਦੀਆਂ ਹਨ, ਨਾ ਮੇਰੀ ਗੱਲ ਦਾ ਜਵਾਬ ਦਿੰਦੀਆਂ ਹਨ। ਸੁਣੀ ਗੱਲ ਨੂੰ ਅਣਸੁਣੀ ਕਰ ਦਿੰਦੀਆਂ ਹਨ। ਉਨ੍ਹਾਂ ਦੇ ਘਰ ਵਾਲੇ ਤਾਂ ਮੈਨੂੰ ਘੂਰਨ ਤੀਕ ਜਾਂਦੇ ਹਨ। ਪੋਤੇ-ਪੋਤੀਆਂ ਨੇ ਕਦੇ ਮੇਰਾ ਹਾਲ ਨਹੀਂ ਪੁੱਛਿਆ। ਇਕ ਪੁੱਤਰ ਥੋੜ੍ਹਾ ਬੋਲਦਾ ਹੈ, ਉਸੇ ਨਾਲ ਰਹਿੰਦੀ ਹਾਂ। ਉਸ ਦੀ ਘਰ ਵਾਲੀ ਬਿਨਾ ਬੋਲਿਆਂ ਮੇਰੀਆਂ ਦੋ ਮੰਨੀਆਂ ਪਕਾ ਕੇ ਰੱਖ ਦਿੰਦੀ ਹੈ ਤੇ ਮੈਂ ਖਾ ਲੈਂਦੀ ਹਾਂ। ਇਕ ਕਮਰਾ ਦੇ ਰੱਖਿਆ ਹੈ, ਉਸੇ ਵਿਚ ਸਵੇਰ ਤੋਂ ਸ਼ਾਮ ਤੀਕ ਰਹਿੰਦੀ ਹਾਂ। ਕਿਤਾਬਾਂ ਪੜ੍ਹਨ ਦਾ ਸ਼ੌਕ ਹੈ, ਪਰ ਲਿਆ ਕੇ ਕੌਣ ਦੇਵੇ? ਅਖਬਾਰ ਪੜ੍ਹ ਲੈਂਦੀ ਸੀ, ਹੁਣ ਉਹ ਵੀ ਗੁਰਦੁਆਰੇ ਆਉਣੇ ਬੰਦ ਹਨ। ਕੰਪਿਊਟਰ ਤੇ ਆਈ ਪੈਡ ਦੀ ਸਮਝ ਨਾ ਹੋਣ ਕਰਕੇ ਉਹ ਵੀ ਨਹੀਂ ਵਰਤ ਸਕਦੀ। ਰੇਡੀਓ ਤੋਂ ਸ਼ਬਦ ਸੁਣਦੀ ਸੀ, ਹੁਣ ਉਹ ਵੀ ਛੱਡ ਦਿੱਤੇ ਹਨ। ਜਿਸ ਪਰਮਾਤਮਗ ਦੇ ਸ਼ਬਦ ਹਨ, ਉਹੀ ਤਾਂ ਮੇਰੀ ਦੁਰਦਸ਼ਾ ਕਰਵਾ ਰਿਹਾ ਹੈ। ਸੋਚਦੀ ਹਾਂ, ਮੈਂ ਸੁਣ ਕੇ ਕੀ ਲੈਣਾ? ਮੈਨੂੰ ਸਲਾਹ ਦਿਓ, ਮੈਂ ਕਿਸ ਪਾਸੇ ਜਾਵਾਂ, ਇੰਡੀਆ ਚਲੀ ਜਾਵਾਂ?”
ਮੈਨੂੰ ਬੀਬੀ ਦੀ ਹਾਲਤ `ਤੇ ਦੁਖ ਹੋ ਰਿਹਾ ਸੀ, ਇਸ ਲਈ ਮੈਂ ਉਸ ਦੀਆਂ ਗੱਲਾਂ ਨੂੰ ਗਹਿਰਾਈ ਵਿਚ ਸਮਝਣ ਦੀ ਕੋਸਿ਼ਸ਼ ਕੀਤੀ। ਉਸ ਨੇ ਮੇਰੇ ਆਏ ਦਾ ਧੰਨਵਾਦ ਨਹੀਂ ਕੀਤਾ, ਸਗੋਂ ਆਪਣਾ ਹੱਕ ਜਤਾਇਆ, ਉਸ ਨੇ ਆਪਣੇ ਪਰਿਵਾਰ ਦੇ ਸਭ ਜੀਆਂ ਨੂੰ ਮਾੜਾ ਕਿਹਾ, ਉਸ ਦੀ ਕੋਈ ਗੱਲ ਨਹੀਂ ਸੁਣਦਾ, ਉਸ ਦੇ ਕੋਈ ਸੁਝਾਅ ਨਹੀਂ ਮੰਨਦਾ, ਉਸ ਨੂੰ ਨੂੰਹਾਂ ਨਾਲ ਰੰਜਿਸ਼ ਹੈ ਤੇ ਪਰਮਾਤਮਾ ਪ੍ਰਤੀ ਉਸ ਦਾ ਰਵੱਈਆ ਉਲਾਂਭੇ ਭਰਿਆ ਹੈ, ਉਹ ਇੱਕਲੀ ਪੈ ਗਈ ਹੈ ਤੇ ਉਸ ਦਾ ਮਨ ਕਿਤੇ ਭੱਜ ਜਾਣ ਨੂੰ ਕਾਹਲਾ ਪੈ ਰਿਹਾ ਹੈ। ਇਹ ਸਭ ਪੱਖ ਵਿਚਾਰ ਕੇ ਮੈਂ ਉਸ ਨੂੰ ਫੁੱਲ ਦਵਾਈ ਵਿਲ੍ਹੋ ਦੇਣ ਦਾ ਫੈਸਲਾ ਕੀਤਾ।
ਮੈਂ ਉਸ ਨੂੰ ਕਿਹਾ, “ਕੋਈ ਨਾ ਬੀਬੀ, ਦਵਾਈ ਦੱਸਦਾ ਹਾਂ, ਇਸ ਨਾਲ ਸਭ ਠੀਕ ਹੋ ਜਾਏਗਾ।”
ਉਹ ਉਤਸੁਕਤਾ ਨਾਲ ਬੋਲੀ, “ਦਵਾਈ ਮੇਰੀਆਂ ਨੂੰਹਾਂ ਨੂੰ ਦਿਓਗੇ? ਮੈਂ ਉਨ੍ਹਾਂ ਨੂੰ ਖਲਾਊਂਗੀ ਕਿਵੇਂ?”
ਮੈਂ ਉਸ ਨੂੰ ਕਿਹਾ, “ਦਵਾਈ ਤਾਂ ਬੀਬਾ ਜੀ ਤੁਹਾਡੇ ਲਈ ਹੈ।”
ਉਹ ਤ੍ਰਭਕ ਕੇ ਬੋਲੀ, “ਭਰਾ ਜੀ ਤੁਸੀਂ ਵੀ ਉਹੀ ਗੱਲ ਕਰਦੇ ਹੋ। ਧੱਕਾ ਵੀ ਮੇਰੇ ਨਾਲ ਹੋ ਰਿਹਾ ਹੈ ਤੇ ਦਵਾਈ ਵੀ ਮੈਨੂੰ ਹੀ ਦਿਉਗੇ।” ਉਸ ਦੇ ਇਸ ਵਾਕ ਨੇ ਵਿਲ੍ਹੋ ਦੀ ਚੋਣ ਪ੍ਰਤੀ ਮੇਰਾ ਵਿਸ਼ਵਾਸ ਹੋਰ ਵੀ ਪੱਕਾ ਕਰ ਦਿੱਤਾ। ਉਸ ਨੇ ਦੋ ਮਹੀਨੇ ਦਵਾਈ ਖਾਧੀ। ਇਸ ਉਪਰੰਤ ਉਸ ਨੇ ਮੈਨੂੰ ਫਿਰ ਗੁਰੂ ਘਰ ਬੁਲਾਇਆ ਤੇ ਧੰਨਵਾਦ ਕਰਨ ਲਈ ਆਪਣੇ ਪੁੱਤਰ ਦੇ ਖੇਤ `ਚੋਂ ਚੈਰੀਆਂ ਦਾ ਬੈਗ ਭਰ ਕੇ ਲਿਆਈ। ਹੈਰਾਨੀ ਦੀ ਗੱਲ ਇਹ ਕਿ ਉਸ ਨੂੰ ਗੁਰੂ ਘਰ ਉਸ ਦੀ ਵੱਡੀ ਨੂੰਹ ਲੈ ਕੇ ਆਈ ਸੀ!