ਕਬਰਾਂ ਕਿਸ ਕੋਲ ਰੋਣ?

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ।

ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਸੀ ਕਿ ਕੋਈ ਵੀ ਜਿ਼ੰਦਗੀ ਕਦੇ ਵੀ ਸੰਪੂਰਨ ਨਹੀਂ ਹੁੰਦੀ। ਜਿ਼ੰਦਗੀ ਵਿਚ ਕਸ਼ਟਾਂ, ਕਠਿਨਾਈਆਂ ਅਤੇ ਵਿਰਲਾਂ ਨੇ ਤਾਂ ਜਰੂਰ ਆਉਣਾ। ਇਨ੍ਹਾਂ ਦੀ ਭਰਪਾਈ ਕਰਨਾ, ਮਨੁੱਖ ਦਾ ਕੰਮ। ਇਸ ਨੂੰ ਪਿੱਠ ਦਿਖਾਉਣ ਵਾਲੇ ਕਦੇ ਵੀ ਗੈਰਤਮੰਦ ਨਹੀਂ ਹੁੰਦੇ। ਨਾਬਰੀ ਵਿਚੋਂ ਹੀ ਜਿ਼ੰਦਗੀ ਦੀ ਨਿਸ਼ਾਨਦੇਹੀ ਹੁੰਦੀ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਬਰਾਂ ਦਾ ਕਿੱਸਾ ਛੋਹਿਆ ਹੈ ਅਤੇ ਵੱਡਾ ਸੱਚ ਬਿਆਨਿਆ ਹੈ, “ਆਪਣੇ ਅਸਤਿਤਵ ਤੋਂ ਅਣਜਾਣ ਲੋਕ ਕਿਵੇਂ ਜਾਣ ਸਕਦੇ ਨੇ ਕਬਰਾਂ ਦਾ ਦਰਦ ਕਿ ਉਹ ਕਿਵੇਂ ਲਾਸ਼ਾਂ ਨੂੰ ਆਪਣੇ ਵਿਚ ਸਮਾਉਣ ਤੋਂ ਬਾਅਦ ਵੀ ਹਰ ਇਕ ਨਵੀਂ ਲੋਥ ਲਈ ਨਵੀਂ ਥਾਂ ਪੈਦਾ ਕਰ ਲੈਂਦੀਆਂ?” ਉਹ ਆਖਦੇ ਹਨ, “ਕਬਰਾਂ ਵਿਚ ਹੀ ਦਫਨ ਨੇ ਦੁਨੀਆਂ ਨੂੰ ਸਰ ਕਰਨ ਵਾਲੇ ਯੋਧੇ। ਪੀਰ-ਪੈਗੰਬਰ, ਗੁਰੂ, ਔਲੀਏ, ਸ਼ਹਿਨਸ਼ਾਹ, ਦੁਨੀਆਂ ਤੇ ਰਾਜ ਕਰਨ ਵਾਲੇ ਸ਼ਾਸ਼ਕ, ਜੁਲਮ ਕਮਾਉਣ ਵਾਲੇ ਜਾਬਰ ਅਤੇ ਸਿਰਾਂ ਦੀ ਗਿਣਤੀ ਕਰਨ ਵਾਲੇ ਅਧਰਮੀ। ਲੋਕ ਸਿਰਫ ਉਨ੍ਹਾਂ ਨੂੰ ਹੀ ਯਾਦ ਕਰਦੇ, ਜਿਨ੍ਹਾਂ ਨੇ ਇਨਸਾਨੀਅਤ ਨੂੰ ਜਿਉਂਦਾ ਰੱਖਣ ਅਤੇ ਆਦਮੀਅਤ ਦੀ ਬੁਲੰਦਗੀ ਲਈ ਪ੍ਰਮੁੱਖ ਯੋਗਦਾਨ ਪਾਇਆ ਹੁੰਦਾ। ਕਬਰ ਨਾਲੋਂ ਕਬਰ ਵਿਚ ਪਿਆ ਇਨਸਾਨ ਮਹਾਨ ਹੋਣਾ ਚਾਹੀਦਾ।”

ਡਾ. ਗੁਰਬਖਸ਼ ਸਿੰਘ ਭੰਡਾਲ

ਕਬਰਾਂ, ਸਿਵੇ, ਮੜੀਆਂ, ਮਸਾਣਾਂ, ਮਕਬਰੇ, ਮਜ਼ਾਰ ਆਦਿ ਸਮ-ਅਰਥੀ। ਮੌਤ ਦਾ ਘਰ, ਬੰਦੇ ਦੀ ਆਖਰੀ ਠਹਿਰ। ਮ੍ਰਿਤਕ ਦਾ ਅਸਲੀ ਟਿਕਾਣਾ, ਜਿਥੇ ਹਰੇਕ ਨੇ ਜਾਣਾ। ਪਰ ਹਰ ਕੋਈ ਜਿਉਂਦੇ ਜੀਅ ਇਸ ਤੋਂ ਨਾਬਰ।
ਬੰਦਾ ਕਿਸੇ ਦੀ ਅਰਥੀ ਵਿਚ ਸ਼ਾਮਲ ਹੁੰਦਿਆਂ ਵੀ ਖੁਦ ਨੂੰ ਸਦਾ ਲਈ ਜਿਉਂਦੇ ਰਹਿਣ ਦਾ ਭਰਮ ਪਾਲਦਾ ਅਤੇ ਇਸ ਅਖੌਤੀ ਭਰਮ ਵਿਚ ਹੀ ਉਹ ਹੌਲੀ ਹੌਲੀ ਸਿਵਿਆਂ ਦਾ ਸਫਰ ਤੈਅ ਕਰਦਾ।
ਕਬਰਾਂ ਸਭ ਦੀਆਂ ਸਾਂਝੀਆਂ। ਹਰੇਕ ਨੂੰ ਆਪਣੀ ਕੁੱਖ ਵਿਚ ਸਮਾਉਂਦੀਆਂ ਅਤੇ ਮ੍ਰਿਤਕਾਂ ਦੀ ਰਸਾਤਲੀ ਸੋਚ ਜਾਂ ਅੰਬਰੀ ਉਚਾਣ ਨੂੰ ਵਕਤ ਦੇ ਵਰਕਿਆਂ ਦੇ ਨਾਮ ਲਾਉਂਦੀਆਂ।
ਕਬਰਾਂ ਸਿਰਫ ਧਰਤੀ `ਤੇ ਹੀ ਨਹੀਂ ਹੁੰਦੀਆਂ। ਕਈ ਵਾਰ ਇਹ ਕਬਰਾਂ ਧਰਤੀ ਤੋਂ ਮਨੁੱਖ ਵੱਲ ਅਹੁਲਦੀਆਂ ਅਤੇ ਅੰਤਰੀਵ ਵਿਚ ਘਰ ਪਾ ਬਹਿੰਦੀਆਂ। ਇਨ੍ਹਾਂ ਹੀ ਕਬਰਾਂ ਵਿਚ ਦਫਨ ਹੁੰਦੀ ਹੈ ਮਰ-ਮਿਟੀਆਂ ਆਸਾਂ ਦੀ ਰਾਖ ਤੇ ਆਪਣਿਆਂ ਵਲੋਂ ਕੀਤੀ ਬੇਇਜ਼ਤੀ, ਬੇਈਮਾਨੀ ਤੇ ਧੋਖਾਧੜੀ। ਇਨ੍ਹਾਂ ਹੀ ਕਬਰਾਂ ਵਿਚ ਜੀਂਦੇ ਜੀਅ ਦਫਨ ਹੁੰਦੇ ਨੇ ਬਹੁਤ ਲੋਕ। ਕੁਝ ਤਾਂ ਬਾਹਰੋਂ ਜਿਉਂਦਿਆਂ ਵੀ ਅੰਦਰੋਂ ਆਪਣੀ ਅਰਥੀ ਨੂੰ ਕਬਰਾਂ ਵਿਚ ਦੱਬ ਰਹੇ ਹੁੰਦੇ।
ਕਬਰਾਂ ਕਦੇ ਭੁੱਖ ਲਈ ਠਾਹਰ, ਕਦੇ ਬੇਰੁਜ਼ਗਾਰੀ ਦੀ ਮਾਰ, ਕਦੇ ਆਪਣਿਆਂ ਦੀ ਦੁਰਕਾਰ, ਕਦੇ ਬਜੁਰਗਾਂ ਦੀ ਦੁਰਗਤ ਅਤੇ ਕਦੇ ਆਪਣਿਆਂ ਵਲੋਂ ਲੁੱਟੀ ਪੱਤ ਬਣ ਕੇ ਵੀ ਮਨ ਵਿਚ ਆਪਣੀ ਥਾਂ ਬਣਾਉਂਦੀਆਂ।
ਪਰ ਸਭ ਤੋਂ ਖਤਰਨਾਕ ਉਹ ਕਬਰਾਂ ਹੁੰਦੀਆਂ, ਜਿਨ੍ਹਾਂ ਵਿਚ ਦਫਨਾਏ ਜਾਂਦੇ ਨੇ ਬਚਪਨੇ ਦੇ ਉਹ ਸੁਪਨੇ, ਜਿਨ੍ਹਾਂ ਨੇ ਦੁਨੀਆਂ ਵਿਚ ਕੀਰਤੀਮਾਨ ਸਥਾਪਤ ਕਰਨੇ ਹੁੰਦੇ। ਇਨ੍ਹਾਂ ਸੁਪਨਿਆਂ ਦੀ ਚੀਸ ਕਬਰਾਂ ਨੂੰ ਵੀ ਸਿਸਕਣ ਲਾਉਂਦੀ।
ਕਬਰਾਂ ਨੂੰ ਧਰਮ, ਜਾਤ, ਨਸਲਾਂ, ਫਿਰਕੇ ਜਾਂ ਖਿੱਤਿਆਂ ਵਿਚ ਨਹੀਂ ਵੰਡਿਆ ਜਾ ਸਕਦਾ, ਕਿਉਂਕਿ ਇਹ ਹਰ ਮਨੁੱਖ ਦਾ ਆਖਰੀ ਠਿਕਾਣਾ; ਪਰ ਸਮੇਂ ਦੀ ਕੇਹੀ ਤ੍ਰਾਸਦੀ ਹੈ ਕਿ ਅਸੀਂ ਇਨ੍ਹਾਂ ਨੂੰ ਕਬਰਾਂ, ਸਿਵਿਆਂ, ਮੜੀਆਂ, ਮਸਾਣਾਂ, ਮਕਬਰਿਆਂ ਆਦਿ ਵਿਚ ਵੰਡ ਕੇ ਮੌਤ ਦੀ ਹੀ ਤੌਹੀਨ ਕਰਨ ਲੱਗੇ ਹਾਂ। ਆਪਣੇ ਅਸਤਿਤਵ ਤੋਂ ਅਣਜਾਣ ਲੋਕ ਕਿਵੇਂ ਜਾਣ ਸਕਦੇ ਨੇ ਕਬਰਾਂ ਦਾ ਦਰਦ ਕਿ ਉਹ ਕਿਵੇਂ ਲਾਸ਼ਾਂ ਨੂੰ ਆਪਣੇ ਵਿਚ ਸਮਾਉਣ ਤੋਂ ਬਾਅਦ ਵੀ ਹਰ ਇਕ ਨਵੀਂ ਲੋਥ ਲਈ ਨਵੀਂ ਥਾਂ ਪੈਦਾ ਕਰ ਲੈਂਦੀਆਂ?
ਕਬਰਾਂ ਦਾ ਸਫਰ ਵੀ ਅਨੋਖਾ, ਡਰਾਉਣਾ ਅਤੇ ਘਿਨਾਉਣਾ। ਇਨ੍ਹਾਂ ਦੀ ਅਉਧ ਅਤੇ ਔਕਾਤ ਦੇ ਰੂਬਰੂ ਹੋਣਾ, ਅਸਾਨ ਨਹੀਂ; ਪਰ ਇਨ੍ਹਾਂ ਦੀ ਦਿੱਖ ਨੂੰ ਸੰਵਾਰਨ ਅਤੇ ਮ੍ਰਿਤਕ ਲਈ ਜੀ-ਆਇਆਂ ਦਾ ਸੁਨੇਹਾ ਉਪਜਾਉਣ ਵੱਲ ਜਦ ਕੁਝ ਦੇਵਤਾ-ਨੁਮਾ ਲੋਕ ਪ੍ਰੇਰਤ ਹੁੰਦੇ ਤਾਂ ਚੰਗਾ ਲੱਗਦਾ ਹੈ ਇਨ੍ਹਾਂ ਨੂੰ ਕਿ ਕੁਝ ਲੋਕ ਤਾਂ ਇੰਨੇ ਸੰਵੇਦਨਸ਼ੀਲ ਨੇ ਜੋ ਕਬਰਾਂ ਦੇ ਬਹਾਨੇ ਤੁਰ ਗਏ ਪਿਆਰਿਆਂ ਨੂੰ ਅਕਸਰ ਹੀ ਆ ਕੇ ਮਿਲਦੇ ਨੇ। ਜਦ ਅਸੀਂ ਆਪਣੇ ਬਜੁਰਗਾਂ ਦੀਆਂ ਮੜੀਆਂ, ਮੱਟੀਆਂ, ਮਕਬਰਿਆਂ ਜਾਂ ਸਿਵਿਆਂ ‘ਤੇ ਕਿਸੇ ਤਿੱਥ, ਤਿਓਹਾਰ `ਤੇ ਦੀਵਾ ਜਗਾਉਂਦੇ, ਫੁੱਲ ਭੇਟ ਕਰਦੇ ਅਤੇ ਮਨ ਵਿਚ ਉਮੜੀ ਉਦਾਸੀ ਨੂੰ ਘਟਾਉਣ ਲਈ ਨਤਮਸਤਕ ਹੁੰਦੇ ਤਾਂ ਅਸੀਂ ਇਨ੍ਹਾਂ ਪਲਾਂ ਵਿਚ ਕਬਰਾਂ ਰਾਹੀਂ ਹੀ ਆਪਣੇ ਪਿਆਰਿਆਂ ਦੇ ਦੀਦਾਰ ਕਰਦੇ। ਤਾਂ ਹੀ ਅੰਗਰੇਜ਼ਾਂ ਦੀਆਂ ਕਬਰਾਂ ਸਦਾ ਫੁੱਲਾਂ ਅਤੇ ਗੁਲਦਸਤਿਆਂ ਨਾਲ ਸਜੀਆਂ ਹੁੰਦੀਆਂ। ਮਜ਼ਾਰਾਂ `ਤੇ ਅਕਸਰ ਹੀ ਦੀਵਾ ਜਗਦਾ ਤੇ ਸੱਜਦਾ ਕਰਦਿਆਂ ਨੂੰ ਦੇਖਦੇ ਹਾਂ। ਹੁਣ ਤਾਂ ਪੰਜਾਬ ਵਿਚ ਵੀ ਸਿਵਿਆਂ ਦੀ ਸੁੰਦਰਤਾ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ, ਜੋ ਮਨੁੱਖ ਵਲੋਂ ਮੌਤ ਦੀ ਸੱਚਾਈ ਨੂੰ ਕਬੂਲ ਕਰਨਾ ਅਤੇ ਇਸ ਨੂੰ ਖੁਸ਼-ਆਮਦੀਦ ਕਹਿਣ ਦਾ ਸ਼ੁਭ ਸੰਕੇਤ ਹੈ।
ਕਬਰਾਂ ਨੂੰ ਕਮਾਈ ਦਾ ਸਾਧਨ ਬਣਾਉਣ ਵਾਲੇ ਕੁਕਰਮੀ ਲੋਕ। ਉਨ੍ਹਾਂ ਦੀ ਹੈਵਾਨੀਅਤ, ਉਨ੍ਹਾਂ ਦਾ ਹਾਸਲ। ਉਨ੍ਹਾਂ ਦੇ ਕੁਕਰਮਾਂ, ਕੁਹਜਾਂ ਅਤੇ ਖੁਨਾਮੀਆਂ ਦਾ ਖਮਿਆਜ਼ਾ ਭੁਗਤਣ ਲਈ ਕਈ ਵਾਰ ਜਨਮ ਲੈਣਾ ਪੈਣਾ। ਦਰਅਸਲ ਜਦ ਬੰਦੇ ਨੂੰ ਆਪਣੀ ਮੌਤ ਯਾਦ ਨਾ ਰਹੇ ਤਾਂ ਉਹ ਕਬਰਾਂ ਵਿਚੋਂ ਕਮਾਈ ਦੇ ਰਾਹ ਤੁਰਦਾ।
ਜਦ ਕਬਰਾਂ ਦੇ ਰਾਹਾਂ ਨੂੰ ਲਾਮਡੋਰੀਆਂ ਦਾ ਸਰਾਪ ਮਿਲਦਾ, ਸਿਵੇ ਨੂੰ ਠੰਢਾ ਹੋਣ ਦਾ ਵਕਤ ਵੀ ਨਾ ਮਿਲੇ ਅਤੇ ਜਿੰਦ ਤੋਂ ਵੀ ਪਿਆਰਿਆਂ ਨੂੰ ਸਦੀਵੀ ਅਲਵਿਦਾ ਕਹਿਣ ਲਈ ਇੰਤਜ਼ਾਰ ਕਰਨਾ ਪਵੇ ਤਾਂ ਕਬਰਾਂ, ਪੀੜਾ ਵਿਚ ਪਸੀਜ ਜਾਂਦੀਆਂ। ਇਹ ਕੇਹੀ ਤ੍ਰਾਸਦੀ ਕਿ ਕਬਰਾਂ ਵੀ ਫੈਲਣ ਦੇ ਰਾਹ ਤੁਰ ਪੈਣ, ਸਿਵਿਆਂ ਦੀ ਥਾਂ ਛੋਟੀ ਪੈ ਜਾਵੇ ਅਤੇ ਖਾਰੇ ਹੰਝੂਆਂ ਨੂੰ ਸੁਕਾਉਣ ਲਈ ਵੀ ਉਡੀਕ ਕਰਨੀ ਪਵੇ।
ਜਦ ਇਕ ਸਿਵੇ ਦੇ ਠੰਢਾ ਹੋਣ ਦੀ ਝਾਕ ਵਿਚ ਬਹੁਤ ਸਾਰੀਆਂ ਅਰਥੀਆਂ ਸਿਵੇ ਵਿਚ ਜਾਣ ਲਈ ਕਾਹਲੀਆਂ ਪੈ ਜਾਣ ਅਤੇ ਬੰਦੇ ਦੀ ਵਪਾਰਕ ਬਿਰਤੀ ਕੁਝ ਲਾਭ ਖੱਟਣ ਦੀ ਝਾਕ ਰੱਖੇ ਤਾਂ ਕਦੇ ਬਲਦੇ ਸਿਵੇ ਕੋਲ ਬੈਠੈ ਕੇ ਤੁਰ ਗਿਆਂ ਨੂੰ ਚਿੱਤਵਣਾ, ਸ਼ਾਇਦ ਮਨ ਵਿਚ ਤਰਸ ਤੇ ਰਹਿਮ ਦੀ ਭਾਵਨਾ ਪੈਦਾ ਹੋਵੇ। ਫਿਰ ਬੰਦਾ ਉਹ ਕੁਝ ਕਰੇ, ਜੋ ਕੁਝ ਕੁ ਧਰਮੀ ਲੋਕ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਨ ਜਾਂ ਕਰੋਨਾ ਤੋਂ ਪੀੜਤ ਮ੍ਰਿਤਕਾਂ ਨੂੰ ਦਫਨਾਉਣ ਜਾਂ ਜਲਾਉਣ ਲਈ ਅੱਗੇ ਆਉਂਦੇ, ਜਦ ਕਿ ਉਨ੍ਹਾਂ ਦੇ ਆਪਣੇ, ਉਨ੍ਹਾਂ ਨੂੰ ਨਕਾਰ, ਉਨ੍ਹਾਂ ਦੀ ਮੌਤ ਨੂੰ ਜਲੀਲ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ।
ਕਦੇ ਉਸ ਕਬਰ ਦੇ ਦੁੱਖ ਨੂੰ ਮਹਿਸੂਸਣਾ, ਜਿਸ ਨੂੰ ਆਪਣੀ ਹੋਂਦ ਲਈ ਕੋਈ ਥਾਂ ਦੇਣ ਨੂੰ ਵੀ ਤਿਆਰ ਨਹੀਂ। ਕਿੰਨੀ ਬੇਕਦਰੀ, ਬੇਕਿਰਕੀ, ਬੇਅਦਬੀ ਅਤੇ ਬੇਹੁਰਮਤੀ ਹੁੰਦੀ ਏ ਲਾਸ਼ ਦੀ, ਜਦ ਉਸ ਦੇ ਸਸਕਾਰ ਲਈ ਦਰ-ਬ-ਦਰ ਭਟਕਣ ਦੀ ਨੌਬਤ ਆ ਜਾਵੇ।
ਕਦੇ ਪਥਰਾਈਆਂ ਅੱਖਾਂ ਵਿਚ ਉਗ ਰਹੀਆਂ ਕਬਰਾਂ ਅਤੇ ਇਨ੍ਹਾਂ ਵਿਚੋਂ ਪੈਦਾ ਹੋ ਰਹੇ ਮੂਕ ਵਿਰਲਾਪ ਨੂੰ ਸੁਣਨ ਦੀ ਹਿੰਮਤ ਪੈਦਾ ਕਰੋ ਤਾਂ ਪਤਾ ਲਗੇਗਾ ਕਿੰਝ ਦੀਦੇ ਸਿਰਫ ਕਬਰਾਂ ਬਣ ਕੇ ਹੀ ਸਦਾ ਲਈ ਬੰਦ ਹੋ ਜਾਂਦੇ ਨੇ।
ਘਰ ਜਦ ਕਬਰ ਬਣਨ ਦੇ ਰਾਹ ਪੈ ਜਾਵੇ ਤਾਂ ਇਸ ਵਿਚੋਂ ਵੱਸਦੇ ਘਰਾਂ ਨੂੰ ਕਿਵੇਂ ਕਿਆਸ ਸਕੋਗੇ? ਅਜਿਹੀ ਮਾਨਸਿਕਤਾ ਨੂੰ ਕਿੰਨਾ ਔਖਾ ਹੈ ਸਮਝਣਾ ਜਦ ਕੋਈ ਘਰ ਨੂੰ ਅੱਗ ਲਾ, ਇਸ ਨੂੰ ਬਲਦਾ ਸਿਵਾ ਬਣਾ, ਆਪਣਿਆਂ ਨੂੰ ਸਦਾ ਦੀ ਨੀਂਦ ਸੁਆ ਦਿੰਦਾ। ਅਜਿਹੀ ਖੌਫਨਾਕ ਮਾਨਸਿਕਤਾ ਸਿਰਫ ਮਰਨ-ਮਿੱਟੀ ਢੋਣ ਜੋਗੀ ਹੀ ਹੁੰਦੀ।
ਕਬਰਾਂ ਦੀ ਤਵਾਰੀਖ, ਬੰਦੇ ਦੇ ਜਨਮ ਤੋਂ ਸ਼ੁਰੂ ਅਤੇ ਬੰਦੇ ਦੇ ਤੁਰ ਜਾਣ ਤੀਕ ਜਾਰੀ ਰਹਿਣੀ। ਕਬਰਾਂ ਦੀ ਤਾਸੀਰ ਤੇ ਤਵਾਰੀਖ ਮਰਨ ਵਾਲੇ ਦੀ ਕੀਰਤੀ, ਕਰਨੀ ਅਤੇ ਕਰਮ-ਯੋਗਤਾ ਜਾਂ ਕੁਲਹਿਣੇ ਵਰਤਾਰਿਆਂ `ਤੇ ਨਿਰਭਰ। ਕੁਝ ਕਬਰਾਂ ਧਿਰਕਾਰੀਆਂ ਜਾਂਦੀਆਂ, ਕੁਝ ਸਤਿਕਾਰੀਆਂ ਜਾਂਦੀਆਂ, ਕੁਝ ਉਸਾਰੀਆਂ ਜਾਂਦੀਆਂ, ਕੁਝ ਪਿਆਰੀਆਂ ਜਾਂਦੀਆਂ, ਕੁਝ ਸਿ਼ੰਗਾਰੀਆਂ ਜਾਂਦੀਆਂ ਅਤੇ ਕੁਝ ਰੌਸ਼ਨ ਮੀਨਾਰ ਬਣ ਕੇ ਆਉਣ ਵਾਲੀਆਂ ਪੀੜੀਆਂ ਦਾ ਮਾਰਗ-ਦਰਸ਼ਨ ਕਰਦੀਆਂ।
ਤਾਜ ਮਹਿਲ ਵੀ ਮੁਮਤਾਜ ਦੀ ਪਿਆਰੀ ਯਾਦ ਵਿਚ ਸ਼ਹਿਨਸ਼ਾਹ ਵਲੋਂ ਉਸਾਰਿਆ ਮਕਬਰਾ ਹੈ, ਜਿਨ੍ਹਾਂ ਨੂੰ ਦੁਨੀਆਂ ਭਰ ਤੋਂ ਕਲਾ ਪ੍ਰੇਮੀ ਅਤੇ ਪਿਆਰ ਦੀਵਾਨੇ ਮਸਤਕ ਹੋਣ ਲਈ ਵਹੀਰਾਂ ਘੱਤ ਕੇ ਪਹੁੰਚਦੇ। ਪਰ ਸ਼ਾਹਜਹਾਨ ਦੇ ਮਨ ਵਿਚ ਕੇਹੋ ਜਿਹੀ ਚੀਸ ਪੈਦਾ ਹੋਈ ਹੋਵੇਗੀ, ਜਦ ਉਹ ਆਗਰੇ ਦੇ ਕਿਲੇ ਵਿਚ ਕੈਦ, ਤਾਜ ਮਹਿਲ ਵੰਨੀਂ ਝਾਕਦਾ ਹੋਵੇਗਾ।
ਚਾਂਦਨੀ ਚੌਕ ਨੂੰ ਹੁਣ ਤੀਕ ਵੀ ਯਾਦ ਹੈ ਕਿ ਕਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕੀਤਾ ਗਿਆ ਸੀ? ਕਿਵੇਂ ਭਾਈ ਮਤੀ ਦਾਸ, ਸਤੀ ਦਾਸ ਅਤੇ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ? ਅਜਿਹੇ ਅਸਥਾਨ ਹੀ ਪੂਜਣ ਯੋਗ ਬਣ ਕੇ, ਅਮੀਰ ਵਿਰਾਸਤ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰਦੇ, ਭਵਿੱਖੀ ਨਸਲਾਂ ਨੂੰ ਪੁਰਖਿਆਂ ਦੀ ਵਿਰਾਸਤ ਨਾਲ ਲੋੜਦੇ।
ਸਰਹਿੰਦ ਦੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਨੂੰ ਨਤਮਸਤਕ ਹੁੰਦਿਆਂ, ਕਦੇ ਛੋਟੇ ਸਾਹਿਬਜ਼ਾਦਿਆਂ ਜਾਂ ਮਾਤਾ ਗੁਜਰੀ ਦੀਆਂ ਬਲਦੀਆਂ ਚਿਤਾਵਾਂ ਨੂੰ ਕਿਆਸ ਕਰਨਾ ਤਾਂ ਪਤਾ ਲੱਗੇਗਾ ਕਿ ਇਨ੍ਹਾਂ ਮਾਸੂਮਾਂ ਦੀ ਸ਼ਹਾਦਤ ਨੇ ਕਿਵੇਂ ਇਤਿਹਾਸ ਸਿਰਜਿਆ ਸੀ? ਸਸਕਾਰ ਲਈ ਖਰੀਦੀ ਗਈ ਇਹ ਜਗਾ ਦੁਨੀਆਂ ਦੀ ਹੁਣ ਤੀਕ ਦੀ ਸਭ ਤੋਂ ਮਹਿੰਗੀ ਜਗਾ ਹੈ, ਜਿਸ ਨੂੰ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਨੂੰ ਖੜ੍ਹੀਆਂ ਕਰਕੇ ਖਰੀਦਿਆ ਸੀ।
ਕਬਰਾਂ ਕਦੇ ਵੀ ਕਾਹਲੀ ਨਹੀਂ ਕਰਦੀਆਂ ਅਤੇ ਨਾ ਹੀ ਸਿਵੇ ਤਲਬਗਾਰ ਹੁੰਦੇ ਕਿ ਇਹ ਕਦੇ ਵੀ ਸਾਹ ਨਾ ਲੈਣ। ਇਹ ਤਾਂ ਮਨੁੱਖੀ ਵਰਤਾਰਿਆਂ ਵਿਚੋਂ ਪੈਦਾ ਹੋਈ ਮੌਤ ਦਾ ਕਹਿਰ ਹੈ ਕਿ ਹੁਣ ਸਿਵੇ ਵੀ ਸਾਹ ਨਹੀਂ ਲੈਂਦੇ ਅਤੇ ਕਬਰਾਂ ਦੀ ਖੁਦਾਈ ਵੀ ਜਾਰੀ ਆ। ਜਦ ਹਰ ਵਿਹਲੀ ਥਾਂ ਵਿਚ ਸਿਵੇ ਬਲਣ ਲੱਗ ਪੈਣ ਤਾਂ ਤ੍ਰਾਸਦੀ ਦੀ ਭਿਆਨਕਤਾ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ। ਜਦ ਹਾਕਮ ਬੇਰੁਖੀ ਅਤੇ ਬੇਰਹਿਮੀ ਦਾ ਬੁਰਕਾ ਪਾ ਲਵੇ ਤਾਂ ਮੌਤਾਂ ਦੀ ਗਿਣਤੀ ਕਰਨਾ ਵੀ ਮੁਹਾਲ ਹੋ ਜਾਂਦਾ। ਫਿਰ ਕਬਰਾਂ ਵਿਚਾਰੀਆਂ ਵੀ ਕੀ ਕਰਨ? ਸਿਵਿਆਂ ਨੂੰ ਸਾਹ ਕਿੰਜ ਆਵੇ? ਕਿੰਨਾ ਕੁ ਚਿਰ ਲੋਕ ਸਿਵਿਆਂ ਨੂੰ ਅਗਨੀ ਦਿੰਦੇ, ਆਤਮਿਕਤਾ ਨੂੰ ਕੋਂਹਦੇ ਰਹਿਣਗੇ?
ਕਬਰਾਂ ਨੂੰ ਕੀਰਨੇ, ਕੁਰਲਾਹਟ, ਵੈਣ, ਵਿਰਲਾਪ, ਸਿਸਕੀਆਂ, ਹੰਝੂ, ਹਾਵਿਆਂ ਅਤੇ ਹਟਕੋਰਿਆਂ ਨੂੰ ਸੁਣਨ ਦੀ ਆਦਤ ਪੈ ਜਾਂਦੀ। ਇਸ ਕਾਰਨ ਚੌਗਿਰਦਾ ਲਪੇਟ ਵਿਚ ਆਉਂਦਾ, ਮਸੋਸ ਦਾ ਵਿਰਾਟ ਰੂਪ ਧਾਰ, ਮਨੁੱਖੀ ਮਾਨਸਿਕਤਾ ਨੂੰ ਪ੍ਰਭਾਵਤ ਕਰਦਾ ਅਤੇ ਹਰ ਮਨੁੱਖ ਆਪਣੀ ਕਬਰ ਖੋਦਣ ਵਿਚ ਮਸ਼ਰੂਫ ਹੋ ਜਾਂਦਾ।
ਜਦ ਕੋਈ ਹੈਵਾਨ ਕਿਸੇ ਸਕੂਲ, ਹਸਪਤਾਲ, ਧਾਰਮਿਕ ਅਦਾਰੇ ਨੂੰ ਸ਼ਮਸ਼ਾਨ ਘਾਟ ਬਣਾਉਣ ਲਈ ਬੰਬਾਂ, ਗੋਲਿਆਂ ਜਾਂ ਆਤਮਘਾਤੀ ਹਮਲਿਆਂ ਦਾ ਨਿਸ਼ਾਨਾ ਬਣਾ ਲਵੇ ਤਾਂ ਸਮਝ ਲਵੋ ਕਿ ਮਨੁੱਖ ਦੇ ਮਨ ਵਿਚ ਬਲਦੇ ਸਿਵੇ ਹੀ ਅਜਿਹਾ ਅਣਮਨੁੱਖੀ ਕਾਰਾ ਕਰਦੇ। ਲੋੜ ਹੈ ਕਿ ਅਜਿਹੀ ਭਿਆਨਕਤਾ ਤੋਂ ਪਹਿਲਾਂ ਬੰਦੇ ਦੀ ਮਾਨਸਿਕਤਾ ਨੂੰ ਸਮਝ ਕੇ ਉਸ ਦੀਆਂ ਤਰਜ਼ੀਹਾਂ ਤੇ ਤਰਤੀਬਾਂ ਨੂੰ ਸਹੀ ਤਰੀਕੇ ਨਾਲ ਸਹੀ ਦਿਸ਼ਾ ਦਿਤੀ ਜਾਵੇ।
ਕਬਰਾਂ ਦੀ ਅੱਖ ਵਿਚ ਉਗੀ ਉਸ ਵੇਦਨਾ ਨੂੰ ਪੜ੍ਹਨਾ, ਜਦ ਕੋਈ ਘਰ ਦੇ ਜੀਅ ਨੂੰ ਮੋਢਾ ਦਿੰਦਾ। ਖੁਦ ਹੀ ਅੱਗ ਲਾ, ਜੀਅ ਨਾਲੋਂ ਬਾਹਰਮੁਖੀ ਰਿਸ਼ਤਾ ਤੋੜਨ ਦਾ ਐਲਾਨ ਕਰਦੇ। ਪਰ ਕੋਈ ਨਹੀਂ ਤੋੜ ਸਕਦਾ ਰੂਹ ਵਿਚ ਪੈਦਾ ਹੋਈਆਂ ਉਨ੍ਹਾਂ ਸਾਂਝਾਂ, ਸਬੰਧਾਂ ਅਤੇ ਸੂਖਨਤਾ ਭਰੇ ਅਹਿਸਾਸਾਂ ਨੂੰ, ਜਿਨ੍ਹਾਂ ਦੀ ਸਾਂਝ ਵਿਚ ਜੀੜਨ ਨੂੰ ਨਵੀਆਂ ਸੰਭਾਵਨਾਵਾਂ, ਸਮਰੱਥਾਵਾਂ ਅਤੇ ਸਿ਼ਲਾਲੇਖਾਂ ਦਾ ਸਿਰਨਾਵਾਂ ਮਿਲਿਆ ਹੁੰਦਾ।
ਧਾਰਮਿਕ ਗ੍ਰੰਥਾਂ, ਵੇਦਾਂ ਅਤੇ ਪੁਸਤਕਾਂ ਵਿਚ ਮੌਤ ਨੂੰ ਸਭ ਤੋਂ ਜਿ਼ਆਦਾ ਅਹਿਮੀਅਤ ਦਿੱਤੀ ਗਈ ਹੈ ਤਾਂ ਕਿ ਮਨੁੱਖ, ਮੌਤ ਦੇ ਡਰ ਤੋਂ ਕੁਕਰਮਾਂ ਦਾ ਰਾਹ ਨਾ ਮੱਲੇ। ਉਸ ਦੇ ਸੁਪਨਿਆਂ ਵਿਚ ਸਬਰ, ਸੰਤੋਖ ਅਤੇ ਸਹਿਜ ਹੋਵੇ। ਉਹ ਕਿਸੇ ਦੇ ਸੁਪਨਿਆਂ ਨੂੰ ਲੀਰਾਂ ਕਰਨ, ਰੀਝਾਂ ਨੂੰ ਰਿੜਕਣ, ਆਸਾਂ ਦੀ ਬੇਕਦਰੀ ਅਤੇ ਉਮੀਦ ਨੂੰ ਤੋੜਨ ਤੋਂ ਖੁਦ ਨੂੰ ਰੋਕੇ। ਆਪਣੇ ਜੀਵਨ ਨੂੰ ਅਰਥ-ਭਰਪੂਰ, ਲਾਹਾ ਲੈਣ ਵਾਲਾ ਅਤੇ ਬੰਦਗੀ, ਬੰਦਿਆਈ ਅਤੇ ਬਰਖੁਰਦਾਰੀ ਵਾਲਾ ਬਣਾਵੇ।
ਦਰਅਸਲ ਮਨੁੱਖ ਦੀ ਇਹ ਕੇਹੀ ਫਿਤਰਤ ਹੈ ਕਿ ਉਸ ਨੇ ਆਪਣੀ ਸਿਆਣਪ ਅਤੇ ਖੁਦਦਾਰੀ ਨੂੰ ਸਿਰਫ ਕਬਰਾਂ ਦੀ ਗਿਣਤੀ ਵਧਾਉਣ ਵੱਲ ਹੀ ਸੇਧਤ ਕਰ ਰੱਖਿਆ ਹੈ। ਭਾਵੇਂ ਇਹ ਵਾਤਵਾਰਣ ਵਿਚ ਪੈਦਾ ਹੋਇਆ ਵਿਗਾੜ ਹੋਵੇ, ਧਰਤੀ, ਪਾਣੀ ਤੇ ਹਵਾ ਵਿਚ ਪੈਦਾ ਹੋਇਆ ਪ੍ਰਦੂਸ਼ਣ ਹੋਵੇ, ਮਨੁੱਖ ਮਾਰੂ ਬਿਰਤੀਆਂ ਦਾ ਵਿਸਥਾਰ ਹੋਵੇ ਜਾਂ ਜੰਗਾਂ ਵਿਚ ਉਲਝਿਆ ਸੰਸਾਰ ਹੋਵੇ। ਇਹ ਸਭ ਮੌਤ ਦਾ ਸਮਾਨ, ਉਸਰ ਰਹੇ ਸ਼ਮਸ਼ਾਨ, ਘਰਾਂ ਨੂੰ ਤੁਰ ਪਏ ਮਸਾਣ ਅਤੇ ਤਾਂ ਹੀ ਗਾਇਬ ਹੋ ਰਿਹਾ ਇਨਸਾਨ।
ਮੌਤ ਨਿਸ਼ਚਿਤ ਹੈ, ਕਬਰ ਵੀ ਬਣਨੀ ਅਤੇ ਮਨੁੱਖ ਨੇ ਸਿਵੇ ਦੀ ਅਗਨੀ ਵੀ ਸੇਕਣੀ ਹੈ, ਪਰ ਕਬਰ ਨੂੰ ਸਭ ਤੋਂ ਵੱਧ ਦੁੱਖ ਉਸ ਸਮੇਂ ਹੁੰਦਾ, ਜਦ ਧੀ ਨੂੰ ਕੁੱਖ ਵਿਚ ਮਾਰਿਆ ਜਾਂਦਾ, ਨੂੰਹ ਨੂੰ ਤੇਲ ਪਾ ਕੇ ਸਾੜਿਆ ਜਾਂਦਾ, ਕੋਈ ਬੇਰੁਜ਼ਗਾਰ ਨਹਿਰ ਵਿਚ ਛਾਲ ਮਾਰਦਾ, ਕਰਜ਼ੇ ਤੋਂ ਪ੍ਰੇਸ਼ਾਨ ਕਿਰਸਾਨ ਟਾਹਲੀ `ਤੇ ਫਾਹਾ ਲੈਂਦਾ, ਬਜੁਰਗ ਮਾਪੇ ਘਰ ਵਿਚ ਹੀ ਲਾਸ਼ ਬਣ ਜਾਂਦੇ ਜਾਂ ਦੁਰਘਟਨਾ ਸੰਦਲੀ ਸੁਪਨਿਆਂ ਦਾ ਸੰਤਾਪ ਬਣਦੀ ਜਾਂ ਕਿਸੇ ਹਵਾਈ ਜਹਾਜ਼, ਬੱਸ ਜਾਂ ਕਾਰ ਨੂੰ ਬੰਬਾਂ ਨਾਲ ਉਡਾਇਆ ਜਾਂਦਾ। ਅਜਿਹੀਆਂ ਬੇਵਕਤ, ਬੇਰਹਿਮ ਅਤੇ ਬਦਇਖਲਾਕੀ ਵਰਤਾਰਿਆਂ ਕਾਰਨ ਪੈਦਾ ਹੋਈਆਂ ਲਾਸ਼ਾਂ ਨੂੰ ਦਫਨਾਉਣ ਲੱਗਿਆਂ ਕਬਰਾਂ ਵਿਚੋਂ ਹੂਕਾਂ ਤੇ ਹਾਵਿਆਂ ਨੂੰ ਸੁਣਿਆ ਜਾ ਸਕਦਾ।
ਕਬਰਾਂ, ਸਮਾਰਕਾਂ, ਮਕਬਰਿਆਂ ਜਾਂ ਮੜੀਆਂ `ਤੇ ਉਕਰੇ ਹੋਏ ਨਾਮ ਉਨ੍ਹਾਂ ਪਿਆਰਿਆਂ ਦੀ ਸਨੇਹਪੂਰਨ ਯਾਦ ਨੂੰ ਅਰਪਿੱਤ ਹੁੰਦੇ, ਜਿਹੜੇ ਕਬਰਾਂ ਵਿਚ ਬੈਠੇ ਵੀ ਆਪਣਿਆਂ ਨੂੰ ਉਡੀਕਦੇ ਨੇ। ਤਾਂ ਹੀ ਲੋਕ ਆਪਣੇ ਪਿਆਰਿਆਂ ਨੂੰ ਮਿਲਣ ਲਈ ਕਬਰਸਤਾਨ ਦੀ ਯਾਤਰਾ ਕਰਦੇ।
ਕਬਰ ਵਿਚ ਦਫਨਾਉਂਦੇ ਸਾਰ ਹੀ ਟੁੱਟ ਜਾਂਦੇ ਰਿਸ਼ਤੇ। ਆਪਣਿਆਂ ਨੂੰ ਭੁੱਲ ਜਾਂਦੇ ਆਪਣੇ। ਕੌਣ ਰੋਂਦਾ ਏ ਸਾਰੀ ਉਮਰ। ਵਕਤ ਨਾਲ ਤਾਂ ਅੱਖਾਂ ਵਿਚਲੇ ਹੰਝੂ ਵੀ ਸੁੱਕ ਜਾਂਦੇ।
ਸੰਗਮਰਮਰੀ ਕਬਰ ਦੇ ਨਾਲ ਜੁੜ ਕੇ ਬੈਠੀ, ਮਿੱਟੀ ਦੀ ਕਬਰ ਇਸ ਗੱਲ ਦੀ ਗਵਾਹ ਹੈ ਲੋਕ ਅਮੀਰੀ-ਗਰੀਬੀ ਨੂੰ ਕਬਰਾਂ ਤੀਕ ਵੀ ਲੈ ਆਉਂਦੇ। ਕਬਰ ਕਿੰਨੀ ਵੀ ਕੀਮਤੀ ਹੋਵੇ ਮੌਤ ਤਾਂ ਮੌਤ ਹੀ ਹੁੰਦੀ ਏ। ਕਬਰ ਨਾਲੋਂ ਕਬਰ ਵਿਚ ਪਿਆ ਇਨਸਾਨ ਮਹਾਨ ਹੋਣਾ ਚਾਹੀਦਾ।
ਜੋ ਜਿ਼ੰਦਗੀ ਦੀਆਂ ਦੁਸ਼ਵਾਰੀਆਂ, ਕਸ਼ਟਾਂ ਅਤੇ ਕਮੀਆਂ ਵਿਚੋਂ ਸਾਹਾਂ ਨੂੰ ਭਾਲਣ ਵਿਚ ਉਲਝੇ ਰਹੇ, ਉਨ੍ਹਾਂ ਲਈ ਕਬਰ ਦਾ ਸਮਾਂ ਹੀ ਸ਼ਾਂਤੀ ਨਾਲ ਭਰਪੂਰ ਹੁੰਦਾ। ਪਤਾ ਨਹੀਂ ਕਿਉਂ ਲੋਕ ਰੋ ਕੇ, ਸੁੱਤਿਆਂ ਨੂੰ ਜਗਾਉਣ ਤੋਂ ਬਾਜ਼ ਨਹੀਂ ਆਉਂਦੇ। ਕਬਰ ਵਿਚ ਪਇਆਂ ਨੂੰ ਚੈਨ ਦੀ ਨੀਂਦ ਸੋਣ ਦਿਓ।
ਕਬਰ ਦਾ ਇਹ ਕੇਹਾ ਸਫਰ। ਆਪਣਿਆਂ ਦਾ ਹੀ ਜਬਰ। ਪੁੱਟਦੇ ਰਹੇ ਮੇਰੀ ਕਬਰ। ਜਿਉਂਦੇ ਜੀਅ ਨਾ ਕੋਈ ਟੱਬਰ। ਨਾ ਹੀ ਕੋਈ ਕਦਰ। ਸਿਰਫ ਸਾਹਾਂ ਨੂੰ ਦਿੰਦੇ ਰਹੇ ਸਬਰ। ਤਾਂ ਹੀ ਮਰਨ ਤੋਂ ਬਾਅਦ ਹੋਇਆ ਇਹ ਹਸ਼ਰ।
ਸੰਵੇਦਨਸ਼ੀਲ ਵਿਅਕਤੀ ਠੰਢੇ ਸਿਵੇ ਕੋਲ ਬੈਠਾ ਹੈ। ਮ੍ਰਿਤਕ ਦੇ ਫੁੱਲ ਚੁਗਦਿਆਂ ਸੋਚ ਰਿਹਾ ਕਿ ਮਰਨ ਵਾਲੇ ਦਾ ਗਰੂਰ ਤੇ ਫਤੂਰ ਰਾਖ ਵਿਚੋਂ ਨਜ਼ਰ ਨਹੀਂ ਆ ਰਿਹਾ। ਨਾ ਹੀ ਬੇਈਮਾਨੀ ਤੇ ਠੱਗੀ ਨਾਲ ਲਾਏ ਦੌਲਤ ਦੇ ਅੰਬਾਰ ਦਿਸਦੇ ਨੇ। ਪਤਾ ਨਹੀਂ ਸਾਰੀ ਉਮਰ ਕਿਹੜੇ ਭੁਲੇਖੇ ਵਿਚ ਰਿਹਾ?
ਕਬਰ, ਕੱਫਣ, ਜਨਾਜਾ ਜਾਂ ਮਕਬਰਾ ਤਾਂ ਬੇਮਾਅਨੀਆਂ ਗੱਲਾਂ। ਬੰਦਾ ਤਾਂ ਉਸ ਦਿਨ ਹੀ ਮਰ ਜਾਂਦਾ, ਜਦ ਉਸ ਨੂੰ ਕੋਈ ਵੀ ਯਾਦ ਨਹੀਂ ਕਰਦਾ। ਅੰਦਰੋਂ ਮਰਨ ਵਾਲਿਆਂ ਦੀ ਮੌਤ ਸਭ ਤੋਂ ਮਾੜੀ ਤੇ ਤਰਸਮਈ ਹੁੰਦੀ।
ਕਬਰਾਂ ਵਿਚ ਹੀ ਦਫਨ ਨੇ ਦੁਨੀਆਂ ਨੂੰ ਸਰ ਕਰਨ ਵਾਲੇ ਯੋਧੇ। ਪੀਰ-ਪੈਗੰਬਰ, ਗੁਰੂ, ਔਲੀਏ, ਸ਼ਹਿਨਸ਼ਾਹ, ਦੁਨੀਆਂ ਤੇ ਰਾਜ ਕਰਨ ਵਾਲੇ ਸ਼ਾਸ਼ਕ, ਜੁਲਮ ਕਮਾਉਣ ਵਾਲੇ ਜਾਬਰ ਅਤੇ ਸਿਰਾਂ ਦੀ ਗਿਣਤੀ ਕਰਨ ਵਾਲੇ ਅਧਰਮੀ। ਲੋਕ ਸਿਰਫ ਉਨ੍ਹਾਂ ਨੂੰ ਹੀ ਯਾਦ ਕਰਦੇ, ਜਿਨ੍ਹਾਂ ਨੇ ਇਨਸਾਨੀਅਤ ਨੂੰ ਜਿਉਂਦਾ ਰੱਖਣ ਅਤੇ ਆਦਮੀਅਤ ਦੀ ਬੁਲੰਦਗੀ ਲਈ ਪ੍ਰਮੁੱਖ ਯੋਗਦਾਨ ਪਾਇਆ ਹੁੰਦਾ।
ਕਬਰਾਂ ਦੀ ਦੁਆ ਹੈ ਕਿ ਮੌਤ ਨੂੰ ਆਪਣੀ ਮੌਤੇ ਸਫਰ ਕਰਨ ਦਿਓ। ਮੌਤ ਲਈ ਕਾਹਲੇ ਨਾ ਪਓ। ਨਾ ਹੀ ਮਰਨਹਾਰੀਆਂ ਰੁੱਤਾਂ ਨੂੰ ਆਪਣੇ ਗਰਾਂ, ਦਰਾਂ ਅਤੇ ਘਰਾਂ ਦੇ ਨੇੜੇ ਫੱਟਕਣ ਦਿਓ। ਚਿੰਤਨ, ਚਾਹਨਾ ਅਤੇ ਚੰਗਿਆਈ ਨਾਲ ਸੁਖਨਮਈ ਮੌਤ ਨੂੰ ਹਾਸਲ ਕੀਤਾ ਜਾ ਸਕਦਾ।
ਕਬਰਾਂ ਨੂੰ ਕਦੇ ਵੀ ਦੋਸ਼ ਨਾ ਦਿਓ ਅਤੇ ਨਾ ਹੀ ਇਨ੍ਹਾਂ ਨੂੰ ਬਦਅਸੀਸ ਦਿਓ, ਕਿਉਂਕਿ ਕਬਰ ਅਤੇ ਮਨੁੱਖ ਦਾ ਰਿਸ਼ਤਾ, ਮਨੁੱਖੀ ਸਭਿਅਤਾ ਦੇ ਆਰੰਭ ਤੋਂ ਹੀ ਹੈ ਅਤੇ ਇਸ ਨੇ ਮਨੁੱਖ ਨਾਲ ਸਾਰੀ ਉਮਰ ਨਿਭਣਾ ਹੈ।
ਕਬਰਾਂ ਦਾ ਦਰਦ ਜਰੂਰ ਸੁਣੋ। ਕਦੇ ਵੀ ਰੂਹ, ਮਨ, ਸੋਚ, ਸੁਪਨੇ, ਸੰਭਾਵਨਾਵਾਂ, ਕਰਮਯੋਗਤਾ ਅਤੇ ਕੀਰਤੀ ਨੂੰ ਕਬਰਾਂ ਨਾ ਬਣਨ ਦਿਓ। ਜੇ ਇਹ ਹੀ ਕਬਰਾਂ ਬਣ ਗਈਆਂ ਤਾਂ ਮਨੁੱਖ ਦੇ ਜਿਉਣ ਦਾ ਕੋਈ ਧਰਮ ਨਹੀਂ ਰਹਿ ਜਾਣਾ। ਜਿ਼ੰਦਗੀ ਖੂਬਸੂਰਤ ਹੈ, ਇਸ ਨੂੰ ਹੋਰ ਖੂਬਸੂਰਤ ਬਣਾ ਅਤੇ ਇਸ ਦੇ ਮਾਣਮੱਤੇ ਅੰਤ ਤੋਂ ਬਾਅਦ, ਮੌਤ ਦੇ ਆਗੋਸ਼ ਵਿਚ ਸਮਾ, ਕਬਰਾਂ ਦੇ ਰਾਹ ਪੈ, ਬੰਦੇ ਦਾ ਲਾਸ਼ ਬਣ ਕੇ ਕਬਰਾਂ ਦੇ ਹਵਾਲੇ ਕਰਨਾ ਹੀ ਕਬਰਾਂ ਨੂੰ ਚੰਗਾ ਲੱਗਦਾ ਹੈ।