ਪੰਜਾਬ ਦੀ ਦਰਦਨਾਇਕ ਵੰਡ ਦੇ ਮੋਹਰੇ ਤੇ ਤੱਥ-2

ਅੰਗਰੇਜ਼ ਸਰਕਾਰ ਦੀ ਖੋਟੀ ਨੀਅਤ ਅਤੇ ਹੁਕਮਰਾਨਾਂ ਦੀਆਂ ਵਧੀਕੀਆਂ
ਸਰੀ, ਕੈਨੇਡਾ ਵਸਦਾ ਬਹੁਰੰਗੀ ਤੇ ਬਹੁਪੱਖੀ ਪੰਜਾਬੀ ਲੇਖਕ ਸੰਤੋਖ ਸਿੰਘ ਮੰਡੇਰ ਆਪਣੀ ਨਿਵੇਕਲੀ ਸ਼ੈਲੀ ਵਿਚ ਖੇਡਾਂ-ਖਿਡਾਰੀਆਂ, ਸਫਰਨਾਮੇ ਤੇ ਇਤਿਹਾਸ ਦੇ ਜੀਵਨ ਦੀਆਂ ਪਰਤਾਂ ਫਰੋਲਦਿਆਂ ਅਸਲ ਦੀ ਤਲਾਸ਼ ਵਿਚ ਰਹਿੰਦਾ ਹੈ।

ਆਪਣੇ ਪਹਿਲੇ ਲੇਖ (ਪੰਜਾਬ ਟਾਈਮਜ਼ ਦੇ ਅੰਕ 16 ਅਤੇ 17 ਵਿਚ ਛਪੇ) ਵਿਚ ਲੇਖਕ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ‘ਦੇਸ ਪੰਜਾਬ’ ਵਿਚ ਸਿੱਖ ਰਾਜ ਦੇ ਢਾਂਚੇ ਬਾਰੇ ਨਿਵੇਕਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਸੀ। ਹਥਲੇ ਲੇਖ ਵਿਚ ਉਨ੍ਹਾਂ 1947 ਦੀ ਦੇਸ਼ ਵੰਡ ਯਾਨਿ ਭਾਰਤ-ਪਾਕਿਸਤਾਨ ਬਟਵਾਰੇ ਦੇ ਸੰਦਰਭ ਵਿਚ ਪੰਜਾਬ ਦੀ ਦਰਦਨਾਇਕ ਵੰਡ ਲਈ ਉਘੜੀਆਂ ਪ੍ਰਸਥਿਤੀਆਂ, ਉਸ ਦੇ ਮੋਹਰੇ ਤੇ ਤੱਥਾਂ ਦਾ ਵਿਖਿਆਨ ਕੀਤਾ ਹੈ। ਪੇਸ਼ ਹੈ, ਲੇਖ ਦੀ ਦੂਜੀ ਕਿਸ਼ਤ।

ਸੰਤੋਖ ਸਿੰਘ ਮੰਡੇਰ, ਸਰੀ
ਫੋਨ: 604-505-7000

ਅੰਗਰੇਜ਼ ਕੌਮ ਸੰਸਾਰ ਭਰ ਵਿਚ ਬਹੁਤ ਸਿਆਣੀ, ਇਨਸਾਫ ਪਸੰਦ ਤੇ ਲੋਕ ਸਹੂਲਤਾਂ ਵਾਲੀ ਕੌਮ ਹੈ। ਪੰਜਾਬ ਵਿਚ ਅੰਗਰੇਜ਼ ਪ੍ਰਬੰਧਕਾਂ ਨੇ 100 ਸਾਲ ਦੇ ਰਾਜ ਪ੍ਰਬੰਧ ਵਿਚ ਪੰਜਾਬ ਤੇ ਬਾਕੀ ਭਾਰਤ ਨੂੰ 200 ਸਾਲ ਦੇ ਰਾਜ ਪ੍ਰਬੰਧ ਵਿਚ ਬਹੁਤ ਕੁਝ ਨਵਾਂ ਤੇ ਨਿਵੇਕਲਾ ਦਿੱਤਾ, ਜੋ ਹੁਣ ਤੱਕ ਚਲ ਰਿਹਾ ਹੈ। ਅੰਗਰੇਜ਼ ਭਾਰਤ ਦੀ ਆਜ਼ਾਦੀ ਦੇ ਨਾਲ ਸਿੱਖ ਕੌਮ ਨੂੰ ਉਨ੍ਹਾਂ ਦੇ ਸਿੱਖ ਮਹਾਰਾਜਾ ਰਣਜੀਤ ਸਿੰਘ ਕੋਲੋਂ ਖੋਹੀ ਸਿੱਖ ਸਲਤਨਤ ‘ਲਾਹੌਰ ਦਰਬਾਰ’ ਵਾਲਾ ਪੂਰੇ ਦਾ ਪੂਰਾ ਦੱਰਾ ਖੈਬਰ ਤੋਂ ਦਿੱਲੀ ਦੀ ਸਰਹੱਦ ਤੱਕ, ਆਜ਼ਾਦ ਮੁਲਕ ‘ਪੰਜਾਬ ਦੇਸ਼’ ਦੇਣ ਨੂੰ ਤਿਆਰ ਸਨ, ਪਰ ਕੋਈ ਵੀ ਦ੍ਰਿੜ ਇਰਾਦੇ ਵਾਲਾ ਮਜਬੂਤ ਸਿੱਖ ਆਗੂ ਅੱਗੇ ਨਾ ਲੱਗ ਸਕਿਆ। ਲੰਡਨ ਵਿਖੇ ‘ਯੁਨਾਈਟਿਡ ਕਿੰਗਡਮ’ ਦੇ ਪ੍ਰਧਾਨ ਮੰਤਰੀ ਅੰਗਰੇਜ਼ ਕਲੀਮੈਟ ਰਿਚਰਡ ਐਟਲੀ ਨੇ 20 ਫਰਵਰੀ 1947 ਨੂੰ ਐਲਾਨ ਕੀਤਾ ਕਿ 30 ਜੂਨ 1948 ਤੱਕ ਹਿੰਦੋਸਤਾਨ ਨੂੰ ਆਜ਼ਾਦ ਮੁਲਕ ਐਲਾਨ ਦਿੱਤਾ ਜਾਵੇਗਾ। ਅੰਗਰੇਜ਼ ਦੋਹਾਂ ਸੰਸਾਰ ਜੰਗਾਂ ਵਿਚ ਸਿੱਖਾਂ ਦੀ ਬਹਾਦਰੀ ਤੇ ਵਫਾਦਾਰੀ ਦੇ ਕਾਇਲ ਸਨ ਅਤੇ ਅੰਦਰੋਂ ਸਿੱਖਾਂ ਨੂੰ ਵੱਖਰਾ ਆਜ਼ਾਦ ਮੁਲਕ ਦੇਣਾ ਚਾਹੁੰਦੇ ਸਨ। ਆਜ਼ਾਦ ਭਾਰਤ ਦੀ ਵੰਡ ਵਿਚ ਅੰਗਰੇਜ਼ ਸਰਕਾਰ ਨੇ ਭਾਰਤ ਦੀਆਂ ਤਿੰਨ ਪ੍ਰਮੁੱਖ ਕੌਮਾਂ ਦੀਆਂ ਜਥੇਬੰਦੀਆਂ, ਹਿੰਦੂਆਂ ਦੀ ਬਹੁਮਤ ਵਾਲੀ ‘ਇੰਡੀਅਨ ਨੈਸ਼ਨਲ ਕਾਂਗਰਸ’, ਮੁਸਲਮਾਨਾਂ ਦੀ ‘ਮੁਸਲਿਮ ਲੀਗ’ ਅਤੇ ‘ਪੰਜਾਬੀ ਸਿੱਖ ਭਾਈਚਾਰੇ’ ਨੂੰ ਤਰਜਿਹ ਦਿੱਤੀ ਸੀ। ਅੰਗਰੇਜ਼ ਸਾਮਰਾਜ ਵਾਲੇ ਹਿੰਦੋਸਤਾਨ ਵਿਚ 565 ਦੇ ਲਗਭਗ ਆਜ਼ਾਦ ਦੇਸੀ ਰਿਆਸਤਾਂ ਦੇ ਰਾਜਿਆਂ, ਮਹਾਰਾਜਿਆਂ, ਰਾਜਪੂਤ ਸ਼ਾਸ਼ਕਾਂ, ਰਾਣਿਆਂ, ਮਹਾਰਾਣਿਆਂ, ਰਾਜ ਕੁਮਾਰਾਂ, ਸਿੱਖ ਸਰਦਾਰਾਂ, ਠਾਕੁਰਾਂ, ਦੀਵਾਨਾਂ, ਸੁਲਤਾਨਾਂ, ਨਵਾਬਾਂ ਤੇ ਨਿਜਾਮ ਆਦਿ ਨੂੰ ਖੁੱਲ੍ਹੀ ਛੁੱਟੀ ਸੀ ਕਿ ਉਹ ਆਪਣੀ ਮਰਜੀ ਨਾਲ ਮੁਲਕੀ ਹੱਦਾਂ ਦਾ ਖਿਆਲ ਰੱਖਦੇ ਹੋਏ ਹਿੰਦੋਸਤਾਨ ਜਾਂ ਪਾਕਿਸਤਾਨ ਦੇਸ਼ ਵਿਚ ਸ਼ਾਮਲ ਹੋ ਸਕਦੇ ਹਨ।
ਅੰਗਰੇਜ਼ੀ ਭਾਰਤ ਵਿਚ 5 ਵੱਡੀਆਂ ਆਜ਼ਾਦ ਰਿਆਸਤਾਂ, ਨਿਜਾਮ ਹੈਦਰਾਬਾਦ-ਨਿਜਾਮ ਉਲ ਮੁਲਕ ਉਸਮਾਨ ਅਲੀ ਖਾਨ, ਮਹਾਰਾਜਾ ਮੈਸੂਰ-ਜਾਇਆ ਸ਼ਾਮਾ ਰਾਜਿੰਦਰਾ ਵਾਡੀਅਰ, ਮਹਾਰਾਜਾ ਜੰਮੂ ਕਸ਼ਮੀਰ ਡੋਗਰਾ-ਹਰੀ ਸਿੰਘ, ਮਹਾਰਾਜਾ ਗਾਇਕਵਾੜ-ਪ੍ਰਤਾਪਸਿੰਨ ਰਾਉ ਬੜੌਦਾ ਅਤੇ ਮਹਾਰਾਜਾ ਸੈਕਇੰਡੀਆ-ਜਿਵਾਜੀ ਰਾਉ ਸਿੰਧੀਆ ਗਵਾਲੀਅਰ ਸਨ। ਭਾਰਤ ਵਿਚ ਜੋਧਪੁਰ ਦੀ ਹਿੰਦੂ ਮਾਰਵਾੜ ਰਾਜਪੂਤ ਰਿਆਸਤ ਦੇ ਸ਼ਾਸ਼ਕ ਰਾਜਕੁਮਾਰ, ਮਹਾਰਾਜਾ ਸਰ ਹਨਵੰਤ ਸਿੰਘ ਨੂੰ ਮੁਸਲਿਮ ਲੀਗ ਦੇ ਆਗੂ ਤੇ ਪਾਕਿਸਤਾਨ ਦੇ ਕਰਤਾ ਧਰਤਾ ਮੁਹੰਮਦ ਅਲੀ ਜਿਨਾਹ ਨੇ ਨਵੇਂ ਬਣਨ ਵਾਲੇ ਮੁਸਲਿਮ ਮੁਲਕ ਪਾਕਿਸਤਾਨ ਵਿਚ ਹਿੰਦੂ ਰਿਆਸਤ ਦੇ ਰਾਜਪੂਤ ਸ਼ਾਸ਼ਕ ਨੂੰ ਸ਼ਾਮਲ ਹੋਣ ਲਈ ਰਾਜੀ ਕਰ ਲਿਆ ਸੀ ਅਤੇ ਕਰਾਚੀ ਦੀ ਬੰਦਰਗਾਹ ਵਿਚ ਪੂਰੀ ਮਾਲਕੀ ਦੇਣ ਦੀ ਵੀ ਪੇਸ਼ਕਸ਼ ਕੀਤੀ ਸੀ। ਆਜ਼ਾਦ ਭਾਰਤ ਵਿਚ ਸਭ ਤੋ ਵੱਧ ਅਮੀਰ ਤੇ ਹਿੰਦੂ ਬਹੁ ਗਿਣਤੀ ਵਾਲੀ ਮੁਸਲਿਮ ਰਿਆਸਤ ਹੈਦਰਾਬਾਦ ਦੇ ਸ਼ਾਸ਼ਕ ਨਿਜਾਮ ਉਸਮਾਨ ਅਲੀ ਖਾਨ ਨੇ ‘ਆਜ਼ਾਦ’ ਰਹਿਣ ਦਾ ਫੈਸਲਾ ਕੀਤਾ, ਪਰ 13 ਸਤੰਬਰ 1948 ਨੂੰ ਆਜ਼ਾਦ ਭਾਰਤ ਦੀ ਹਿੰਦੂ ਕਾਂਗਰਸ ਸਰਕਾਰ ਨੇ ਫੌਜੀ ਕਾਰਵਾਈ ਕਰਕੇ ਰਿਆਸਤ ਹੈਦਰਾਬਾਦ ਨੂੰ ਵੀ ਭਾਰਤ ਵਿਚ ਸ਼ਾਮਲ ਕਰ ਲਿਆ ਸੀ।
ਹਿੰਦੋਸਤਾਨ ਦੀ ਵੰਡ ਬਾਰੇ ਅੰਗਰੇਜ਼ ਸਰਕਾਰ ਨੇ ਲੰਡਨ ਵਿਖੇ ਆਜ਼ਾਦੀ ਲਈ ਸਰਗਰਮ ਭਾਰਤੀ ਆਗੂਆਂ ਦੀ ਇਕ ਇਤਿਹਾਸਕ ਬੈਠਕ ਦਾ ਇੰਤਜਾਮ ਕੀਤਾ, ਜਿਸ ਵਿਚ ਹਿੰਦੂ, ਮੁਸਲਮਾਨ ਕੌਮਾਂ ਦੇ ਮੁੱਖ ਆਗੂਆਂ ਅਤੇ ‘ਪੰਜਾਬੀ ਸਿੱਖ ਭਾਈਚਾਰੇ’ ਨੂੰ ਉਚੇਚਾ ਬੁਲਾਵਾ ਦਿੱਤਾ ਗਿਆ। ਹਿੰਦੂਆਂ ਦੀ ਪ੍ਰਮੁੱਖ ਜਥੇਬੰਦੀ ‘ਇੰਡੀਅਨ ਨੈਸ਼ਨਲ ਕਾਂਗਰਸ’ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ, ਮੁਸਲਮਾਨ ਕੌਮ ਵਲੋਂ ‘ਮੁਸਲਿਮ ਲੀਗ’ ਦੇ ਆਗੂ ਜਨਾਬ ਮੁਹੰਮਦ ਅਲੀ ਜਿਨਾਹ ਅਤੇ ਅੰਗਰੇਜ਼ ਸਰਕਾਰ ਨੇ ਸਿੱਖਾਂ ਅਤੇ ਪੰਜਾਬੀਆਂ ਦੇ ਮੋਹਤਬਰ ਸਰਦਾਰ ਬਲਦੇਵ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਲੰਡਨ ਵਿਖੇ ਇਸ ਇਤਹਾਸਿਕ ਬੈਠਕ ਵਿਚ ਸ਼ਾਮਲ ਹੋਏ ਸਾਰੇ ਹਿੰਦੂ ਤੇ ਮੁਸਲਮਾਨ ਨੇਤਾਵਾਂ ਨਾਲ ਗੱਲਬਾਤ ਤੈਅ ਕਰਨ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸ. ਬਲਦੇਵ ਸਿੰਘ ਨੂੰ ਕੁਝ ਸਮਾਂ ਹੋਰ ਲੰਡਨ ਵਿਖੇ ਰੁਕਣ ਲਈ ਬੇਨਤੀ ਕੀਤੀ। ਸ. ਬਲਦੇਵ ਸਿੰਘ ਨੇ ਹੋਟਲ ਵਿਚ ਆ ਕੇ ਇਹ ਸਾਰੀ ਬਾਰਤਾ ਕਾਂਗਰਸ ਹਿੰਦੂ ਨੇਤਾ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਸਾਂਝੀ ਕੀਤੀ। ਪੰਡਿਤ ਨਹਿਰੂ ਨੂੰ ਖਟਕ ਗਈ ਕਿ ਅੰਗਰੇਜ਼ ਸਿੱਖਾਂ ਨੂੰ ਘਾਹ ਪਾਉਣਗੇ। ਇਸ ਲਈ ਪੰਡਿਤ ਨਹਿਰੂ, ਸਰਦਾਰ ਸਾਹਿਬ ਨੂੰ ਨਾਲ ਹੀ ਜਹਾਜ਼ ਵਿਚ ਬੈਠਾ ਕੇ ਖਾਲੀ ਹੱਥ ਵਾਪਿਸ ਭਾਰਤ ਲੈ ਆਇਆ ਅਤੇ ਉਸ ਨੂੰ ਆਜ਼ਾਦ ਭਾਰਤ ਦਾ ਵਿਦੇਸ਼ ਮੰਤਰੀ ਬਣਾਉਣ ਦਾ ਲਾਲਚ ਦੇ ਕੇ ਮੂੰਹ ਬੰਦ ਕਰ ਦਿੱਤਾ ਸੀ।
ਸ. ਬਲਦੇਵ ਸਿੰਘ ਸਿੱਖ ਭਾਈਚਾਰੇ ਵਿਚ ਬਹੁਤ ਉਚੇ ਜਿਮੀਂਦਾਰ ਤੇ ਕਾਰਖਾਨੇਦਾਰ ਸਿੱਖ ਘਰਾਣੇ ਦਾ ‘ਸਿੱਖ ਸਰਦਾਰ’ ਸੀ, ਜਿਸ ਦਾ ਜਨਮ 11 ਜੁਲਾਈ 1902 ਨੂੰ ਪੰਜਾਬ ਦੇ ਰੋਪੜ ਦੀ ਤਹਿਸੀਲ ਕੁਰਾਲੀ ਦੇ ਪਿੰਡ ਦੁੰਮਣਾ ਦੇ ਜੱਟ ਸਿੱਖ ਪਰਿਵਾਰ ‘ਸਰ ਇੰਦਰ ਸਿੰਘ’ ਦੇ ਘਰ ਹੋਇਆ ਸੀ। ਸਿੱਖ ਸਰਦਾਰ ਸਰ ਇੰਦਰ ਸਿੰਘ ਦੀ ਸੈਂਕੜੇ ਏਕੜ ਜਮੀਨ ਕੁਰਾਲੀ ਕਸਬੇ ਦੇ ਆਲੇ-ਦੁਆਲੇ ਅਤੇ ਬਿਹਾਰ ਵਿਚ ਜਮਸ਼ੈਦਪੁਰ ਵਿਖੇ ਲੋਹੇ ਦੀਆਂ ਮਿਲਾਂ ਸਨ। ਅੰਗਰੇਜ਼ ਸਾਮਰਾਜ ਸਮੇਂ ਸ. ਬਲਦੇਵ ਸਿੰਘ ਭਾਰਤੀ ਸਿਆਸਤ ਦੀ ਸਰਗਰਮ ਪਾਰਟੀ ‘ਭਾਰਤੀ ਨੈਸ਼ਨਲ ਕਾਂਗਰਸ’ ਦੇ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਭ ਤੋਂ ਵਧ ਨਜ਼ਦੀਕੀ ਤੇ ਭਰੋਸੇਯੋਗ ਸਿੱਖ ਸਰਦਾਰ ਸੀ। ਭਾਰਤੀ ਪੰਜਾਬ ਦੀ ਰਾਜਨੀਤੀ ਵਿਚ ਰੋਪੜ ਜਿਲੇ ਦੀ ਮੋਰਿੰਡਾ ਅਸੈਂਬਲੀ ਦਾ ਸਰਗਰਮ ਸਿੱਖ ਆਗੂ ਤੇ ਪੰਜਾਬ ਸਰਕਾਰ ਵਿਚ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ‘ਅਕਾਲੀ ਦਲ ਵਜਾਰਤ’ ਦਾ ਦੋ ਵਾਰ ਰਹਿ ਚੁਕਾ ਸਾਬਕਾ ਸਪੀਕਰ ਸ. ਰਵੀਇੰਦਰ ਸਿੰਘ, ਸ. ਬਲਦੇਵ ਸਿੰਘ ਦਾ ਭਤੀਜਾ ਹੈ।
ਪੰਡਿਤ ਜਵਾਹਰ ਲਾਲ ਨਹਿਰੂ, ਬੱਚਿਆਂ ਦੇ ‘ਚਾਚਾ ਨਹਿਰੂ’ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਭਾਰਤ ਦੇ ਉਤਰ ਪ੍ਰਦੇਸ਼ ਸੂਬੇ ਦੇ ਹਿੰਦੂ ਧਾਰਮਿਕ ਸ਼ਹਿਰ ਅਲਾਹਾਬਾਦ ਦੇ ਪਰਿਆਰਾਗ ਵਿਚ 14 ਨਵੰਬਰ 1889 ਨੂੰ ਧਨਾਢ ਹਿੰਦੂ ਖਾਨਦਾਨ ਦੇ ਘਰ ਮੋਤੀ ਲਾਲ ਨਹਿਰੂ ਤੇ ਸਵਰੂਪ ਰਾਣੀ ਦੇ ਪਰਿਵਾਰ ਵਿਚ ਜਨਮੇ ਸਨ। ਪੰਡਿਤ ਨਹਿਰੂ ਵੀ ਹੋਰ ਸ਼ਾਹੀ ਘਰਾਣਿਆਂ ਦੇ ਬੱਚਿਆਂ ਵਾਂਗ ਵਿਦੇਸ਼ਾਂ ਵਿਚ ਹੀ ਪੜ੍ਹੇ ਸਨ ਅਤੇ ਕਿੱਤੇ ਵਜੋਂ ਵਕੀਲ ਸਨ। ਅੰਗਰੇਜ਼ ਸਰਕਾਰ ਕੋਲੋਂ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਜਵਾਹਰ ਲਾਲ ਨਹਿਰੂ ਤੇ ਉਸ ਦੀ ਰਾਜਨੀਤਕ ਪਾਰਟੀ ‘ਇੰਡੀਅਨ ਨੈਸ਼ਨਲ ਕਾਂਗਰਸ’ ਦਾ ਸਭ ਤੋਂ ਵੱਧ ਹਿੱਸਾ ਰਿਹਾ ਹੈ। ਪੰਡਿਤ ਨਹਿਰੂ ਦੇ ਘਰਾਣੇ ਦਾ ਸਬੰਧ ਕਸ਼ਮੀਰੀ ਪੰਡਿਤਾਂ ਨਾਲ ਸੀ, ਇਸ ਕਰਕੇ ਉਨ੍ਹਾਂ ਨੂੰ ਪੰਡਿਤ ਕਿਹਾ ਜਾਂਦਾ ਸੀ। ਪੰਡਿਤ ਨਹਿਰੂ ਬਹੁਤ ਸ਼ਾਤਰ ਇਨਸਾਨ ਸੀ ਅਤੇ ਅੰਗਰੇਜ਼ ਸਰਕਾਰ, ਉਨ੍ਹਾਂ ਦੇ ਅਫਸਰਾਂ ਤੇ ਪਰਿਵਾਰਾਂ ਦੇ ਸਭ ਤੋਂ ਨੇੜੇ ਰਹਿਣ ਵਾਲਾ ਭਾਰਤੀ ਸੀ। ਇਤਿਹਾਸ ਦੇ ਪੱਤਰੇ ਫਰੋਲਦਿਆਂ ਇਹ ਵੀ ਸਬੂਤ ਮਿਲਦੇ ਹਨ ਕਿ ਜੇ ‘ਮੁਸਲਿਮ ਲੀਗ’ ਦੇ ਆਗੂ ਮੁਹੰਮਦ ਅਲੀ ਜਿਨਾਹ ਨੂੰ ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਮੰਨ ਲਿਆ ਜਾਂਦਾ ਜਾਂ ਬਣਾ ਦਿਤਾ ਜਾਂਦਾ ਤਾਂ ਭਾਰਤ ਦੀ ਵੰਡ ਨਹੀਂ ਹੋਣੀ ਸੀ ਅਤੇ ਨਾ ਹੀ ਪੰਜਾਬ ਵੰਡਿਆ ਜਾਣਾ ਸੀ, ਨਾ ਹੀ ਅਣਭੋਲ ਹਿੰਦੂ, ਮੁਸਲਮਾਨ ਤੇ ਸਿੱਖ ਲੱਖਾਂ ਲੋਕਾਂ ਦਾ ਖੁੱਲ੍ਹੇਆਮ ਕਤਲੇਆਮ ਹੋਣਾ ਸੀ। ਅੰਗਰੇਜ਼ ਸਾਮਰਾਜ ਤੋਂ ਪਿੱਛਾ ਛਡਾਉਣ ਲਈ ਹਿੰਦੋਸਤਾਨ ਵਿਚ ਦੋ ਰਾਜਨੀਤਕ ਪਾਰਟੀਆਂ ‘ਇੰਡੀਅਨ ਨੈਸ਼ਨਲ ਕਾਂਗਰਸ’ ਪ੍ਰਧਾਨ ਤੇ ਨੇਤਾ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ‘ਆਲ ਇੰਡਿਆ ਮੁਸਲਿਮ ਲੀਗ’ ਆਗੂ ਤੇ ਪ੍ਰਧਾਨ ਮੁਹੰਮਦ ਅਲੀ ਜਿਨਾਹ ਵਿਚ ‘ਦਿੱਲੀ ਦੇ ਤਖਤ’ ਉਪਰ ਬੈਠਣ ਦਾ ਸਵਾਲ ਸੀ। ਹਿੰਦੂ ਧਰਮੀ ਪੰਡਿਤ ਜਵਾਹਰ ਲਾਲ ਨਹਿਰੂ ਕਿਸੇ ਵੀ ਹਲਾਤ ਵਿਚ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਨਵੇਂ ਬਣਨ ਵਾਲੇ ਹਿੰਦੂ ਬਹੁ ਗਿਣਤੀ ‘ਆਜ਼ਾਦ ਦੇਸ਼ ਭਾਰਤ’ ਦਾ ਪਹਿਲਾ ਪ੍ਰਧਾਨ ਮੰਤਰੀ ਇਕ ਘੱਟ ਗਿਣਤੀ ਮੁਸਲਿਮ ਆਗੂ ਬਣੇ। ਜੇ ਮੁਸਲਿਮ ਆਗੂ, ਮੁਹੰਮਦ ਅਲੀ ਜਿਨਾਹ ਨੂੰ ਆਜ਼ਾਦ ਭਾਰਤ ਦਾ ਪਹਿਲਾ ਮੁਸਲਿਮ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ ਤਾਂ ਨਾ ਪਾਕਿਸਤਾਨ ਬਣਨਾ ਸੀ, ਨਾ ਹੀ ਪੰਜਾਬ ਦਾ ਬਟਵਾਰਾ ਹੁੰਦਾ ਅਤੇ ਨਾ ਹੀ ਲੱਖਾਂ ਲੋਕਾਂ ਦਾ ਕਤਲੇਆਮ ਹੋਣਾ ਸੀ। ਨਹਿਰੂ ਤੇ ਜਿਨਾਹ ਦੀ ਆਪਸੀ ਕਸ਼ਮਕਸ਼ ਨੇ ਮੁਲਕ ਤੇ ਲੱਖਾਂ ਲੋਕਾਂ ਦਾ ਸਤਿਆਨਾਸ ਕਰ ਦਿੱਤਾ। ਆਜ਼ਾਦ ਭਾਰਤ ਸੰਸਾਰ ਵਿਚ ਅਮਰੀਕਾ, ਕੈਨੇਡਾ ਵਾਂਗ ਇਕ ਪ੍ਰਫੁਲਤ ਤੇ ਤਾਕਤਵਰ ਦੇਸ਼ ਬਣਨਾ ਸੀ, ਜਦੋਂ ਕਿ ਹੁਣ ਦੋਹਾਂ ਦੇਸ਼ਾਂ- ਭਾਰਤ ਤੇ ਪਾਕਿਸਤਾਨ ਦਾ ਬਹੁਤਾ ਧਿਆਨ ਤੇ ਜੋਰ ਫੌਜੀ ਸ਼ਕਤੀ ਅਤੇ ਫੌਜੀ ਹਥਿਆਰਾਂ ਵਲ ਹੈ। ਆਮ ਜਨਤਾ ਦੀ ਭਲਾਈ ਵੱਲ ਸਰਕਾਰਾਂ ਨਾਂ-ਮਾਤਰ ਧਿਆਨ ਦੇ ਰਹੀਆਂ ਹਨ। ਗਰੀਬੀ ਤੇ ਗੁਰਬਤ ਦਾ ਪਸਾਰਾ ਹਰ ਪਾਸੇ ਹੈ। ਮੁਲਕ ਦਾ ਰਾਜ ਪ੍ਰਬੰਧ ਚਲਾਉਣ ਵਾਲੇ ਸਾਰੇ ਆਗੂ ਭਲੇਮਾਣਸ ਡਾਕੂ ਬਣ ਕੇ ਅੰਤਾਂ ਦੇ ਭ੍ਰਿਸ਼ਟ ਨੇਤਾ ਹੋ ਗਏ ਹਨ ਅਤੇ ਇਹ ਸਫੈਦ ਕੱਪੜਿਆਂ ਵਾਲੇ, ਐਮ. ਐਲ. ਏ., ਐਮ. ਪੀ., ਵਜੀਰ ਤੇ ਮੰਤਰੀ ਬਣੇ ਲੋਕ ਸ਼ੱਰੇਆਮ ਦਿਨ ਦਿਹਾੜੇ ਲੁੱਟਣ ਵਾਲੇ ‘ਗੁੰਡੇ’ ਹਨ।
ਕਸ਼ਮੀਰ ਸੂਬਾ, ਜੋ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਭਾਗ ਵਿਚ ਪੰਜਾਬ ਦਾ ਹਿੱਸਾ ਸੀ, ਅੰਗਰੇਜ਼ਾਂ ਨੇ 16 ਮਾਰਚ ਸੰਨ 1846 ਦੀ ‘ਅੰਮ੍ਰਿਤਸਰ ਦੀ ਸੰਧੀ’ ਅਨੁਸਾਰ ਸਿੱਖ ਦਰਬਾਰ ਦੇ ਮਹਾਂ ਅਕ੍ਰਿਤਘਣ ਵਜੀਰ, ਪ੍ਰਧਾਨ ਮੰਤਰੀ, ਗੁਲਾਬ ਸਿੰਘ ਡੋਗਰਾ ਨੂੰ 75 ਲੱਖ ਨਾਨਕਸ਼ਾਹੀ ਰੁਪਏ ਵਿਚ ‘ਮਹਾਰਾਜਾ ਕਸ਼ਮੀਰ’ ਦਾ ਖਿਤਾਬ ਦੇ ਕੇ ਅੰਗਰੇਜ਼ ਸਰਕਾਰ ਦੇ ਅਧਿਕਾਰੀ ਗਵਰਨਰ ਜਰਨਲ ਸਰ ਹੈਨਰੀ ਹਾਰਡਿੰਗਜ ਅਤੇ ਪੰਜਾਬ ਸੂਬੇ ਦੇ ਪ੍ਰਬੰਧਕ ਫੌਜੀ ਸਰ ਹੈਨਰੀ ਮੌਟਗੁੰਮਰੀ ਲਾਰੈਸ ਨੇ ਆਪਣੇ ਦਸਤਖਤਾਂ ਨਾਲ ਵੇਚ ਦਿੱਤਾ ਸੀ। ਇਸ ਤਰ੍ਹਾਂ ਕਸ਼ਮੀਰ, ਹਿੰਦੋਸਤਾਨ ਵਿਚ ਹਿੰਦੂ ਸ਼ਾਸ਼ਕਾਂ ਦਾ ਮੁਸਲਿਮ ਬਹੁ ਗਿਣਤੀ ਪਰਜਾ ਵਾਲਾ, ਇਕ ਵੱਖਰਾ ਆਜ਼ਾਦ ਮੁਲਕ ਹੋਂਦ ਵਿਚ ਆਇਆ। ਭਾਰਤ ਦੀ ਆਜ਼ਾਦੀ ਸਮੇਂ ਕਸ਼ਮੀਰ ਦੇ ਡੋਗਰਾ ਰਾਜਪੂਤ ਮਹਾਰਾਜਾ ਹਰੀ ਸਿੰਘ ਜੰਮਵਾਲ ਨੇ ਆਜ਼ਾਦ ਰਹਿਣ ਦਾ ਫੈਸਲਾ ਕੀਤਾ, ਪਰ ਭਾਰਤੀ ਹੁਕਮਰਾਨਾਂ ਨੇ ਉਸ ਨੂੰ ਕਈ ਤਰ੍ਹਾਂ ਦੇ ਵਾਅਦੇ ਤੇ ਲਾਲਚ ਦੇ ਕੇ ਸੰਨ 1954 ਵਿਚ ਜੰਮੂ-ਕਸ਼ਮੀਰ ਨੂੰ ਇਕ ਵੱਖਰਾ ਸੂਬਾ ਬਣਾ ਕੇ ਭਾਰਤ ਵਿਚ ਮਿਲਾ ਲਿਆ ਸੀ। ਅਕਤੂਬਰ 1947 ਵਿਚ ਪਾਕਿਸਤਾਨ ਦੇ ਕਬਾਲੀਆਂ ਵਲੋਂ ਰਿਆਸਤ ਕਸ਼ਮੀਰ ਉਪਰ ਹੋਏ ਇਕ ਹਮਲੇ ਦੌਰਾਨ ਉਤਰ ਪੱਛਮੀ ਜਿਲੇ, ਜਿਨ੍ਹਾਂ ਨੂੰ ਹੁਣ ਪਾਕਿਸਤਾਨ ਵਿਚ ‘ਆਜ਼ਾਦ ਕਸ਼ਮੀਰ ਤੇ ਗਿਲਗਿਤ-ਬਾਲਟੀਸਤਾਨ’ ਕਿਹਾ ਜਾਂਦਾ ਹੈ, ਪਾਕਿਸਤਾਨ ਨੇ ਮੱਲ ਲਏ ਹਨ। ਭਾਰਤ ਕੋਲ ਜੰਮੂ-ਕਸ਼ਮੀਰ ਤੇ ਲੱਦਾਖ ਦਾ ਇਲਾਕਾ ਹੈ, ਚੀਨ ਨੇ ਪੂਰਬ ਵਿਚ ‘ਅੱਕਸਾਈ ਚਿੰਨ’ ਦਾ ਤਿੱਬਤ ਦੀ ਸਰਹੱਦ ਨਾਲ ਲਗਦਾ ਕਸ਼ਮੀਰ ਦਾ ਪਹਾੜੀ ਇਲਾਕਾ ਧੱਕੇ ਨਾਲ ਖੋਹ ਲਿਆ ਹੈ।
ਹਿੰਦੋਸਤਾਨ ਦੀ ਆਜ਼ਾਦੀ ਲਈ ਸਭ ਤੋਂ ਵੱਧ 96% ਕੁਰਬਾਨੀਆਂ, ਕਾਲੇ ਪਾਣੀ ਦੀਆਂ ਜੇਲ੍ਹਾਂ ਦੀ ਕੈਦ ਅਤੇ ਫਾਂਸੀਆਂ ਦੇ ਰੱਸੇ ਪੰਜਾਬੀਆਂ ਖਾਸਕਰ ਸਿੱਖਾਂ ਨੇ ਝੱਲੇ, ਜੋ ਅੱਜ ਵੀ ਆਪਣੇ ਹੱਕਾਂ ਲਈ ‘ਦਿੱਲੀ ਦਰਬਾਰ’ ਵਿਚ ਭਾਰਤ ਸਰਕਾਰ ਦੀਆਂ ਵਧੀਕਿਆਂ ਕਾਰਨ ਬੁਰੀ ਤਰ੍ਹਾਂ ਖੱਜਲ ਖੁਆਰ ਹੋ ਰਹੇ ਹਨ। ਭਾਰਤ ਦੀ ਆਜ਼ਾਦੀ ਸਮੇਂ ਦੋ ਭਾਰਤੀ ਸੂਬਿਆਂ- ਗੁਜਰਾਤ ਤੇ ਰਾਜਿਸਥਾਨ ਦੀਆਂ ਵੀ ਸਰਹੱਦਾਂ ਬਣੀਆਂ ਹਨ, ਪਰ ਕੋਈ ਕਤਲੇਆਮ ਤੇ ਲੁੱਟ ਖਸੁੱਟ ਨਹੀਂ ਹੋਈ ਸੀ, ਸਿਰਫ ਪੰਜਾਬ ਤੇ ਬੰਗਾਲ ਹੀ ਵੰਡੇ ਗਏ ਸਨ। ਆਜ਼ਾਦ ਭਾਰਤ ਦੇ ਦੇਸ਼ ਪ੍ਰੇਮ ਪ੍ਰਤੀ ਪੰਜਾਬੀਆਂ ਤੇ ਖਾਸਕਰ ਸਿੱਖਾਂ ਦੀ ਇਕ ਮਿਸਾਲ: ਸੰਨ 1962 ਵਿਚ ਚੀਨ ਨੇ ਭਾਰਤ ਦੇ ਉਤਰ ਵਿਚ ਵੱਡਾ ਭਾਰੀ ਫੌਜੀ ਹਮਲਾ ਕਰ ਦਿੱਤਾ। ਭਾਰਤ ਦੀ ਰੱਖਿਆ ਲਈ ਅਮਰੀਕਾ ਤੋਂ ਜੰਗੀ ਸਮਾਨ ਲੈਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਦੀ ਆਮ ਜਨਤਾ ਨੂੰ ‘ਨੈਸ਼ਨਲ ਡੀਫੈਂਸ ਫੰਡ’ ਵਿਚ ਦਾਨ ਦੇਣ ਦੀ ਅਪੀਲ ਕੀਤੀ। ਭਾਰਤੀ ਇਤਿਹਾਸਕਾਰ ਐਮ. ਰਾਜੀਵ ਲੋਚਨ ਦੇ ਭਾਰਤੀ ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪਰੈਸ’ ਦੇ ਹਵਾਲੇ ਅਨੁਸਾਰ ‘ਨੈਸ਼ਨਲ ਡੀਫੈਂਸ ਫੰਡ’ ਵਿਚ 28 ਨਵੰਬਰ 1962 ਨੂੰ ਸਾਰੇ ਭਾਰਤ ਵਲੋਂ 8 ਕਰੋੜ ਰੁਪਏ ਦਾ ਯੋਗਦਾਨ ਪਾਇਆ ਗਿਆ, ਜਿਸ ਵਿਚ 46% ਲਗਭਗ 4 ਕਰੋੜ ਰੁਪਏ ਇਕੱਲੇ ਪੰਜਾਬ ਨੇ ਦਿੱਤੇ ਸਨ। ਇਹ ਪੰਜਾਬੀਆਂ ਦੀ ਭਾਰਤ ਦੇਸ਼ ਪ੍ਰੇਮ ਪ੍ਰਤੀ ਸਭ ਤੋਂ ਵੱਡੀ ਮਿਸਾਲ ਸੀ।
ਇਹ ਗੱਲ ਇਥੇ ਹੀ ਖਤਮ ਨਹੀਂ ਹੁੰਦੀ, ਕਿਉਂਕਿ ਪੈਸੇ ਦੇ ਨਾਲ ਨਾਲ ਸੋਨਾ ਦੇਣ ਵਿਚ ਵੀ ਪੰਜਾਬੀ ਸਾਰੇ ਭਾਰਤ ਵਿਚ ਅੱਗੇ ਸਨ। ਸਾਰੇ ਭਾਰਤ ਵਿਚੋਂ ਉਸ ਵਕਤ 5 ਕਿਲੋ 32 ਗਰਾਮ ਸੋਨਾ ਇਕੱਠਾ ਹੋਇਆ ਸੀ, ਜਿਸ ਵਿਚ ਇਕੱਲੇ ਪੰਜਾਬ ਨੇ 2 ਕਿਲੋ 52 ਗਰਾਮ ਸੋਨੇ ਦਾ ਹਿੱਸਾ ਪਾਇਆ ਸੀ। ਬਹਾਦਰ ਪੰਜਾਬੀਆਂ ਨੇ ‘ਆਜ਼ਾਦ ਦੇਸ਼ ਪੰਜਾਬ’ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿਚ ਲਏ ਬਹਾਦਰੀ ਦੇ 12,000 ਹਜ਼ਾਰ ਗੋਲਡ ਮੈਡਲ ਵੀ ਦੇਸ਼ ਸੇਵਾ ਲਈ ਦਾਨ ਵਿਚ ਦੇ ਦਿੱਤੇ ਸਨ। ਨੋਟਾਂ ਤੇ ਸੋਨੇ ਦੇ ਢੇਰ ਲਾਉਣ ਵਾਲੇ ਪੰਜਾਬੀਆਂ ਦਾ ਅਨੋਖਾ ਇਤਿਹਾਸ ਹੈ। ਅੱਜ ਦੇਸ਼ ਦੀ ਰਾਜਧਾਨੀ ਦੀਆਂ ਸਰਹੱਦਾਂ ਉਪਰ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਉਨ੍ਹਾਂ ਹੀ ਪੰਜਾਬੀਆਂ ਨੂੰ ਦੇਸ਼ ਧਰੋਹੀ ਤੇ ਅਤਿਵਾਦੀ ਦਾ ਸਰਟੀਫਿਕੇਟ ਦੇਣ ਵਾਲੇ ਲੋਕਾਂ ਨੂੰ ਪੰਜਾਬੀਆਂ ਦਾ ਇਤਿਹਾਸ ਜਰੂਰ ਪੜ੍ਹਨਾ ਚਾਹੀਦਾ ਹੈ। ਪੰਜਾਬੀਆਂ ਨੇ ਸਦਾ ਹੀ ਮੂਹਰੇ ਲੱਗ ਕੇ ਆਪਣੇ ਦੇਸ਼ ਭਾਰਤ ਦੀ ਤਨ, ਮਨ ਤੇ ਧਨ ਨਾਲ ‘ਦੇਸ਼ ਸੇਵਾ’ ਕਰਕੇ ਦੇਸ਼ ਦੇ ਗੌਰਵ ਨੂੰ ਉਚਾ ਕੀਤਾ ਹੈ ਅਤੇ ਕਰ ਰਹੇ ਹਨ। ਦੇਸ਼ ਦੀ ਰੱਖਿਆ ਲਈ ਭਾਰਤੀ ਫੌਜਾਂ ਵਿਚ ਸਿੱਖਾਂ ਦਾ ਖਾਲਸਈ ਨਾਹਰਾ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੁਸ਼ਮਣ ਫੌਜਾਂ ਵਿਚ ਭਾਜੜ ਪਾ ਦਿੰਦਾ ਹੈ। ਭਾਰਤ ਤੇ ਸੰਸਾਰ ਭਰ ਵਿਚ ਕੁਦਰਤੀ ਮੁਸੀਬਤਾਂ ਸਮੇਂ ਸਿੱਖ ਗੁਰਦੁਆਰੇ ਮਨੁੱਖਤਾ ਦੀ ਸੇਵਾ ਲਈ ਹਰ ਤਰ੍ਹਾਂ ਦਾ ‘ਲੰਗਰ’ ਲਾ ਕੇ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਦੀ ਦਰਦਨਾਇਕ ਵੰਡ ਦੇ ਮੋਹਰੇ, ਅੰਗਰੇਜ਼ ਸਰਕਾਰ ਦੀ ਖੋਟੀ ਨੀਅਤ ਅਤੇ ਹੁਣ ਭਾਰਤੀ ਹੁਕਮਰਾਨਾਂ ਦੀਆਂ ਵਧੀਕੀਆਂ ਕਾਰਨ ਅੱਜ ਵੀ ਸੰਸਾਰ ਭਰ ਵਿਚ ਰਹਿੰਦੇ ਸਿੱਖਾਂ, ਉਜੜ ਕੇ ਆਏ ਲੱਖਾਂ ਪੰਜਾਬੀਆਂ, ਹਿੰਦੂਆਂ ਤੇ ਮੁਸਲਮਾਨਾਂ ਦੇ ਮਨਾਂ ਵਿਚ ‘ਉਨ੍ਹਾਂ’ ਪ੍ਰਤੀ ਨਫਰਤ ਤੇ ਕੁੜੱਤਣ ਨੱਕੋ ਨੱਕ ਭਰੀ ਪਈ ਹੈ।
(ਸਮਾਪਤ)