ਅਸੀਂ ਅਤੇ ਬੱਚੇ

ਅਵਤਾਰ ਸਿੰਘ ਗੋਂਦਾਰਾ
ਫੋਨ: 559 375 2589
ਅੱਜ-ਕੱਲ੍ਹ ਮਾਪਿਆਂ ਦਾ ਸਾਰਾ ਜੋਰ ਪੜ੍ਹਾਈ-ਲਿਖਾਈ ਕਰਾ ਕੇ ਆਪਣੇ ਬੱਚਿਆਂ ਨੂੰ ਮਾਹਿਰ ਅਤੇ ਤਕਨੀਸ਼ੀਅਨ ਬਣਾਉਣਾ ਹੈ ਤਾਂ ਜੋ ਵੱਡੇ ਹੋ ਕੇ ਉਹ ਅਥਾਹ ਮਾਇਆ ਅਤੇ ਚੀਜਾਂ ਨਾਲ ਘਰ ਭਰ ਸਕਣ।

ਉਹ ਡਾਕਟਰ, ਇੰਜੀਨੀਅਰ ਜਾਂ ਆਈ ਆਈ ਟੀ ਕੁਝ ਵੀ ਬਣਨ, ਬੇਸ਼ੱਕ ਇਹ ਗੱਲ ਉਨਾਂ ਦੇ ਸਰਵਪੱਖੀ ਵਿਕਾਸ ਵਿਚ ਬਿਲਕੁਲ ਸਹਾਈ ਨਾ ਹੋਵੇ। ਸੁਆਲ ਇਹ ਨਹੀਂ ਕਿ ਸਰਵਪੱਖੀ ਵਿਕਾਸ ਦੇ ਮੌਕੇ ਹਨ ਜਾਂ ਨਹੀਂ, ਸੁਆਲ ਇਹ ਹੈ, ਇਸ ਲੋੜ ਦੀ ਅਹਿਮੀਅਤ ਦਾ ਅਹਿਸਾਸ ਹੀ ਨਹੀਂ ਹੈ। ਮਾਇਆ ਅਤੇ ਚੀਜਾਂ ਦੇ ਅੰਬਾਰਾਂ ਵਿੱਚ ਘਿਰੇ ਹੋਏ ਵੀ ਉਹ ਇਕੱਲੇ, ਨਿਰਾਸ਼ ਅਤੇ ਮਾਨਸਿਕ ਅਸਰੁੱਖਿਆ ਦਾ ਸ਼ਿਕਾਰ ਬਣੇ ਰਹਿੰਦੇ ਹਨ। ਇਹ ਉਸੇ ਤਰ੍ਹਾਂ ਹੈ, ਜਿਵੇਂ ਹੱਥ ਦੀਆਂ ਪੰਜਾਂ ਉਂਗਲਾਂ ‘ਚੋਂ ਇੱਕ ਦੋ ਬੇਮੇਚੀਆਂ ਵਧ ਜਾਣ। ਇਹ ਵਿਕਾਸ ਨਹੀਂ, ਵਿਗਾੜ ਦੀ ਅਲਾਮਤ ਹੈ।
ਇਸ ਵਿਗਾੜ ਦਾ ਸੇਕ ਆਸੇ-ਪਾਸੇ ਦੇਖਣ ਨੂੰ ਮਿਲ ਜਾਂਦਾ ਹੈ। 2008 ‘ਚ ਬਿੱਗ ਬੈਂਗ ਬਾਰੇ ਦੁਰਪ੍ਰਚਾਰ ਤੋਂ ਘਬਰਾ ਕੇ ਇੰਦੋਰ ਦੀ 16 ਸਾਲ ਕੁੜੀ ਨੇ ਖੁਦਕਸ਼ੀ ਕਰ ਲਈ ਸੀ। ਸ਼ੇਅਰ ਬਾਜਾਰ ਵਿੱਚ ਘਾਟਾ ਖਾ ਕੇ ਐਮ. ਬੀ. ਏ. ਦੀ ਡਿਗਰੀ ਵਾਲੇ ਭਾਰਤੀ ਗਭਰੂ ਨੇ ਨਿਊ ਯਾਰਕ ਵਿੱਚ ਪਰਿਵਾਰ ਸਮੇਤ ਆਪਣੇ ਆਪ ਨੂੰ ਖਤਮ ਕਰ ਲਿਆ। ਸੱਤਾ ਦੇ ਗਲਿਆਰਿਆਂ ਦਾ ਸੁੱਖ ਭੋਗ ਰਹੇ ਪੰਜਾਬ ਦੇ ਇਕ ਆਈ. ਏ. ਐਸ. ਅਧਿਕਾਰੀ ਏ ਛੱਤਵਾਲ ਵਲੋਂ ਫਾਹਾ ਲੈਣ ਦੀਆਂ ਘਟਨਾਵਾਂ ਮਾਨਸਿਕ ਸਿਹਤ ਵਿਚਲੇ ਵਿਗਾੜ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਹ ਤਾਂ ਮੀਡੀਆ ਚ ਆਈਆਂ ਕੁਝ ਕੁ ਘਟਨਾਵਾਂ ਹਨ, ਅਣਗੌਲੀਆਂ ਰਹਿ ਗਈਆਂ ਦਾ ਪਤਾ ਨਹੀਂ ਕਿੰਨੀਆਂ ਕੁ ਹੋਣਗੀਆਂ।
ਤੇਜੀ ਨਾਲ ਬਦਲ ਰਹੇ ਹਾਲਾਤ ਨਾਲ ਸਿੰਝਣ ਲਈ ਮਾਪਿਆਂ ਵੱਲੋਂ ਬੱਚੇ ਨੂੰ ਤਿਆਰ ਨਹੀਂ ਕੀਤਾ ਜਾਂਦਾ। ਉਮਰ ਵੱਡੀ ਹੋ ਜਾਂਦੀ ਹੈ, ਪਰ ਅੰਦਰਲਾ ਅਣਵਿਕਸਤ ਬੱਚਾ, ਬੰਦੇ ਦਾ ਖਹਿੜਾ ਨਹੀਂ ਛੱਡਦਾ। ਇਕੱਲਤਾ, ਨਿਰਾਸ਼ਾ ਅਤੇ ਉਦਾਸੀ ਬੰਦੇ ਦੇ ਮਨ ‘ਚ ਵਸੇ ਉਸ ਦੀ ਬਾਲਵਰੇਸ ਦੇ ਅਣਵਿਕਸਿਤ ਲੱਛਣ ਹਨ। ਆਪਾਂ ਆਮ ਦੇਖਦੇ ਹਾਂ ਕਿ ਬੱਚਿਆਂ ਦੀ ਰਚਨਾਤਮਕ ਊਰਜਾ ਦੇ ਬਹੁ-ਪੱਖੀ ਵਿਕਾਸ ਲਈ ਨਾ ਮਾਪੇ ਚੇਤੱਨ ਹਨ ਅਤੇ ਨਾ ਹੀ ਅਧਿਆਪਕਾਂ ਦਾ ਇਸ ਨਾਲ ਕੋਈ ਸਰੋਕਾਰ ਹੈ। ਆਪਣੇ ਭਾਵ ਵਿਮੋਚਨ ਲਈ, ਬੱਚੇ ਕੈਦੀਆਂ ਵਾਂਗ ਵਿਹਾਰ ਕਰਦੇ ਹਨ। ਇਸ ਲਈ ਮਾਨਸਿਕ ਸਿਹਤ ਵਾਸਤੇ ਬੱਚਿਆਂ ਨੂੰ ਜੀਵਨ-ਜਾਚ ਦੇ ਕੁਝ ਗੁਰ ਸਿੱਖਾਉਣ ਦੀ ਲੋੜ ਹੈ।
ਇਸ ਕੰਮ ਲਈ ਜੇ ਸਕੂਲਾਂ ਚ ਕੁਝ ਨਹੀਂ ਹੋ ਸਕਦਾ, ਤਾਂ ਜਨਤਕ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਜੇ ਹੋਰ ਧਾਰਮਿਕ ਇਕੱਠਾਂ ਜਾਂ ਸੇਵਾ-ਭਾਵੀ ਸਰਗਰਮੀਆਂ ਲਈ ਅਸੀਂ ਸਮਾਂ ਕੱਢ ਸਕਦੇ ਹਾਂ, ਤਾਂ ਚਲੰਤ ਮਸਲਿਆਂ ਬਾਰੇ ਗੱਲਬਾਤ ਕਰਨ ਲਈ ਅਜਿਹਾ ਉਪਰਾਲਾ ਕਿਉਂ ਨਹੀਂ ਹੋ ਸਕਦਾ। ਮਿਸਾਲ ਵਜੋਂ, ਬਿਗਬੈਂਗ ਬਾਰੇ ਪਰਲੋ ਦਾ ਡਰਾਵਾ ਜਾਂ ਕੁਝ ਸਮਾਂ ਪਹਿਲਾਂ ਮੂਰਤੀਆਂ ਦੁਆਰਾ ਦੁੱਧ ਪੀਣ ਦਾ ਪਰਦਾਪਾਸ਼ ਕਰਨ ਲਈ ਸਰਕਾਰੀ ਅਦਾਰਿਆਂ ਨੂੰ ਪਹਿਲ ਕਰਮੀ ਕਰਨੀ ਚਾਹੀਦੀ ਸੀ, ਜੋ ਨਹੀਂ ਹੋਈ। ਇਹ ਕੰਮ ਲੋਕ-ਪੱਖੀ ਸਰੋਕਾਰ ਰੱਖਣ ਵਾਲੀਆਂ ਕੁਝ ਜਨਤਕ ਜੱਥੇਬੰਦੀਆਂ ਨੇ ਕੀਤਾ। ਅਫਸੋਸ ਦੀ ਗੱਲ ਇਹ ਹੈ ਕਿ ਇਸ ਪਾਗਲਪਣ ਵਿੱਚ ਪੜ੍ਹਿਆ-ਲਿਖਿਆ ਵਰਗ ਵੀ ਸ਼ਾਮਿਲ ਸੀ।
ਚੰਗੀ ਮਾਨਸਿਕ ਸਿਹਤ ਲਈ, ਜੀਵਨ ਜਾਚ ਦੇ ਕੁਝ ਗੁਰ-ਜਿਵੇਂ ਦਰਪੇਸ਼ ਸਮੱਸਿਆਵਾਂ ਨੂੰ ਖੁਦ ਨਜਿਠਣ ਦਾ ਵੱਲ, ਦੁਬਿਧਾ ਵੇਲੇ ਨਿਰਣਾ ਕਰਨ ਦੀ ਜਾਚ ਅਤੇ ਸਹੀ ਫੈਸਲੇ ਲੈਣ ਦੀ ਜੁਰਅਤ, ਭਾਵਨਾਵਾਂ ਦਾ ਸੰਚਾਲਨ, ਸਿਰੜ ਅਤੇ ਪ੍ਰਤੀਬੱਧਤਾ ਆਦਿ ਦੀ ਵਿਹਾਰਕ ਸਿਖਿਆ ਜਰੂਰੀ ਹੈ। ਇਸ ਪ੍ਰਸੰਗ ਵਿੱਚ ਦੇਖਦਿਆਂ, ਮਾਨਸਿਕ ਸਿਹਤ ਦੀ ਪੜਾਈ ਨੂੰ ਜਰੂਰੀ ਵਿਸ਼ੇ ਵਜੋਂ ਲਾਉਣ ਲਈ ਅਕਾਦਮਿਕ ਅਦਾਰਿਆਂ ‘ਤੇ ਜੋਰ ਪਾਉਣਾ ਜਰੂਰੀ ਹੈ। ਇਨ੍ਹਾਂ ਗੁਣਾਂ ਦੇ ਸੰਚਾਰ ਲਈ ਆਪਸੀ ਵਿਚਾਰ-ਵਟਾਂਦਰੇ, ਸੈਮੀਨਾਰ, ਅਤੇ ਅਮਲੀ ਸਮੱਸਿਆਵਾਂ ਦਿੱਤੀਆ ਜਾ ਸਕਦੀਆਂ ਹਨ।
ਕੁਝ ਸਕੂਲਾਂ ਨੇ ਪੀਅਰ ਕਾਉਂਸਲਿੰਗ ਦਾ ਢੰਗ ਵੀ ਅਪਣਾਇਆ ਹੈ, ਜਿਸ ਵਿੱਚ ਬੱਚੇ ਕਿਸੇ ਮੁੱਦੇ ‘ਤੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰਦੇ ਹਨ। ਸੰਗਾਊ ਬੱਚਿਆਂ ਲਈ ਸਕੂਲਾਂ ਵਿੱਚ ‘ਸੁਝਾਓ ਪੇਟੀ’ ਰੱਖੀ ਜਾ ਸਕਦੀ ਹੈ, ਜਿਸ ਵਿੱਚ ਉਹ ਆਪਣੀਆਂ ਸਮੱਸਿਆਵਾਂ ਤੇ ਸੁਆਲ ਲਿਖ ਕੇ ਪਾ ਸਕਦੇ ਹਨ। ਇਨ੍ਹਾਂ ਦਾ ਹੱਲ ਕਲਾਸ ਟੀਚਰ ਕਰੇ। ਇਸ ਤਰ੍ਹਾਂ ਦੇ ਬੱਚਿਆਂ ‘ਚੋਂ ਝਿਜਕ ਕੱਢਣ ਦੀ ਵੀ ਲੋੜ ਹੈ। ਸਿਲੇਬਸ ਦੀਆਂ ਕਿਤਾਬਾਂ ਤਾਂ ਪੜ੍ਹਨੀਆਂ ਹੀ ਹਨ, ਇਸ ਦੇ ਨਾਲ ਚੰਗੇ ਸਾਹਿਤ, ਯੁਗ-ਪੁਰਸ਼ਾਂ ਦੀਆਂ ਜੀਵਨੀਆਂ, ਸੰਗੀਤ ਆਦਿ ਵੀ ਪੜਾਈ ਦਾ ਅਟੁਟ ਅੰਗ ਬਣਨੇ ਚਾਹੀਦੇ ਹਨ। ਜਿੱਥੋਂ ਤੱਕ ਮਾਪਿਆਂ ਦਾ ਸੁਆਲ ਹੈ, ਇਕੱਲੀਆਂ ਫੀਸਾਂ ਦੇਣੀਆਂ ਹੀ ਉਨ੍ਹਾਂ ਦਾ ਮੁੱਖ ਕਾਰਜ ਨਹੀਂ, ਉਨ੍ਹਾਂ ਨੂੰ ਇਹ ਖਬਰ ਵੀ ਹੋਣੀ ਚਾਹੀਦੀ ਹੈ ਕਿ ਬੱਚੇ ਕੀ ਪੜ੍ਹਦੇ ਹਨ। ਉਨ੍ਹਾਂ ਦੀਆਂ ਦਿਲਚਸਪੀਆਂ ਕੀ ਹਨ? ਉਨ੍ਹਾਂ ਦੇ ਖਬਤ ਕਿਹੋ ਜਿਹੇ ਹਨ? ਉਹ ਕਿਸ ਚੀਜ ਤੋਂ ਡਰਦੇ ਹਨ? ਅਣਪੜ ਮਾਪਿਆਂ ਲਈ ਇਹ ਕੰਮ ਔਖਾ ਹੈ, ਪਰ ਪੜ੍ਹੇ-ਲਿਖੇ ਉਨ੍ਹਾਂ ਦੀ ਮੱਦਦ ਕਰ ਸਕਦੇ ਹਨ। ਇਸ ਲਈ ਮਾਪਿਆਂ ਨੂੰ ਅਧਿਆਪਕਾਂ ਨਾਲ ਤਾਲ-ਮੇਲ ਬਣਾਈ ਰੱਖਣਾ ਚਾਹੀਦਾ ਹੈ। ਮਾਪਿਆਂ ਵੱਲੋਂ ਅੱਜ-ਕੱਲ੍ਹ ਬਹੁਤਾ ਜੋਰ ਇਮਤਿਹਾਨਾਂ ‘ਚ ਵੱਧ ਨੰਬਰ ਦੁਆਉਣ ‘ਤੇ ਲਾਇਆ ਜਾਂਦਾ ਹੈ, ਜਿਸ ਨਾਲ ਕਿਆਸੇ ਪੱਧਰ ਨੂੰ ਨਾ ਪ੍ਰਾਪਤ ਕਰਨ ਕਰਕੇ ਬੱਚੇ ਖੁਦਕਸ਼ੀਆ ਦੇ ਰਾਹ ਪੈ ਜਾਂਦੇ ਹਨ। ਨਾਕਾਮ ਬੱਚਿਆਂ ਦੇ ਪ੍ਰੇਮ ਦਾ ਹੁੰਗਾਰਾ ਜੇ ਨਾ ਦਿੱਤਾ ਜਾਵੇ, ਤਾਂ ਉਨ੍ਹਾਂ ਦੇ ਹੱਥ ਤੇਜ਼ਾਬ ਦੀ ਬੋਤਲ ਵੱਲ ਵੱਧਦੇ ਹਨ।
ਬੱਚਿਆਂ ਦੀ ਆਰਥਿਕ ਸੁਰੱਖਿਆ ਲਈ, ਫਿਕਰ ਤਾਂ ਸਮਝ ਆਉਂਦਾ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਬੋਝਿਆਂ ‘ਚ ਡਿਗਰੀਆਂ ਪਾਈ ਫਿਰਦੇ ਅਤੇ ਜਿੰਦਗੀ ਦੀਆਂ ਤਲ਼ਖ ਹਕੀਕਤਾਂ ਤੋਂ ਕੋਰੇ ਇਹ ਨੌਜਵਾਨ ਜਿੱਥੇ ਵੀ ਜਾਣਗੇ, ਫੇਲ੍ਹ ਹੀ ਹੋਣਗੇ, ਉਹ ਭਾਵੇਂ ਪਰਿਵਾਰਕ ਜਿੰਦਗੀ ਹੋਵੇ, ਕੰਮ ਦੀ ਜਗ੍ਹਾ ਜਾਂ ਸਿਆਸਤ ਦੀ ਖੇਡ। ਕਾਲੇ ਧਨ ਜਾਂ ਔਖਿਆਂ ਹੋ ਕੇ ਕਮਾਏ ਪੈਸੇ ਨਾਲ ਦਿੱਤੀ ਸੁਰੱਖਿਆ ‘ਚ ਪਲਦੇ ਬੱਚੇ ਦੇ ਬੁੱਧ ਬਣਨ ਦੀਆਂ ਸੰਭਾਵਨਾਵਾਂ ਸੁੰਗੜ ਜਾਂਦੀਆਂ ਹਨ ਅਤੇ ਉਹ ‘ਸਿਧਾਰਥ’ ਹੀ ਰਹਿ ਜਾਂਦਾ ਹੈ। ਉਸ ਦੇ ਇਨਕਲਾਬੀ ਬਣਨ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਬੁੱਧ ਬਣਨ ਲਈ ਉਸ ਦਾ ਜੀਵਨ ਦੀਆਂ ਹਕੀਕਤਾਂ ਨਾਲ ਦੋ-ਚਾਰ ਹੋਣਾ ਜਰੂਰੀ ਹੈ।
ਸਿੱਖਿਆ ਸ਼ਾਸਤਰੀ ਵਿਦਿਆਨਾਥਨ ਮੁਤਾਬਿਕ, ਬੱਚਿਆਂ ਦੀ ਮਾਨਸਿਕ ਸਿਹਤ ਅਤੇ ਪ੍ਰੋੜਤਾ ਵੱਲ ਜੇ ਫੌਰੀ ਧਿਆਨ ਨਾ ਦਿੱਤਾ ਜਾਵੇ, ਤਾਂ ਵੱਡੇ ਹੋ ਕੇ ਉਹ ਭਾਵੇਂ ਕੁਝ ਵੀ ਬਣ ਜਾਣ, ਇਹ ਜਰੂਰੀ ਹੈ ਕਿ ਉਹ ਭ੍ਰਿਸ਼ਟਾਚਾਰੀ ਬਣਨਗੇ, ਨਸ਼ਾ ਕਰਨਗੇ, ਫਾਹੇ ਲੈਣਗੇ ਜਾਂ ਕਿਸੇ ਨੂੰ ਮਾਰਨਗੇ। ਸਮਾਜ ਨੂੰ ਸੋਹਣਾ ਬਣਾਉਣ ਦੀ ਥਾਂ, ਉਹ ਇਸ ਦੇ ਵਿਨਾਸ਼ ‘ਚ ਭਾਗੀ ਬਣਨਗੇ। ਕੀ ਅੱਜ ਕੱਲ ਇਹੀ ਨਹੀਂ ਹੋ ਰਿਹਾ? ਇਹ ਸੋਚਣ ਵਾਲਾ ਮਸਲਾ ਹੈ।