ਔਰਤ ਦੇ ਸਵੈਮਾਣ ਦੀ ਬਾਤ ਪਾਉਣ ਵਾਲੀ ਸਰਘੀ

ਤ੍ਰਿਪਤਾ ਕੇ. ਸਿੰਘ
ਸਰਘੀ ਨੂੰ ਕਹਾਣੀ ਗੁੜ੍ਹਤੀ ਵਿਚ ਮਿਲੀ ਹੈ ਤੇ ਉਸ ਦੀਆਂ ਰਗਾਂ ਵਿਚ ਲਹੂ ਬਣ ਕੇ ਵਹਿੰਦੀ ਹੈ। ਨਾਮਵਰ ਕਹਾਣੀਕਾਰ ਦਲਬੀਰ ਚੇਤਨ ਹੁਰਾਂ ਦੀ ਕਹਾਣੀ ਦੀ ਵਿਰਾਸਤ ਨੂੰ ਬੜੇ ਮਾਣ ਨਾਲ ਅੱਗੇ ਲੈ ਤੁਰੀ ਕਹਾਣੀਕਾਰਾ ਸਰਘੀ ਅੱਜ ਕਿਸੇ ਵੀ ਜਾਣ-ਪਛਾਣ ਦੀ ਮੁਥਾਜ ਨਹੀਂ ਹੈ।

ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਆਪਣੇ-ਆਪਣੇ ਮਰਸੀਏ’ ਅੱਜ-ਕੱਲ੍ਹ ਚਰਚਾ ਵਿਚ ਹੈ। ਇਸ ਵਿਚ ਸ਼ਾਮਲ ਕਹਾਣੀਆਂ ਪਹਿਲਾਂ ਹੀ ਵੱਖ-ਵੱਖ ਪਰਚਿਆਂ ਵਿਚ ਛਪ ਕੇ ਸਮੇਂ-ਸਮੇਂ ’ਤੇ ਪਾਠਕਾਂ ਵਿਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਉਸ ਦਾ ਸਥਾਨ ਉਸ ਦੇ ਪਾਠਕ ਤੈਅ ਕਰਦੇ ਹਨ। ਸਰਘੀ ਦੀਆਂ ਕਹਾਣੀਆਂ ਪਾਠਕਾਂ ਦੇ ਨਾਲ-ਨਾਲ ਆਲੋਚਕਾਂ ਵਿਚ ਵੀ ਖੂਬ ਚਰਚਿਤ ਰਹੀਆਂ ਹਨ।
ਇਕ ਕਹਾਣੀਕਾਰ ਵਜੋਂ ਮੈਂ ਸਰਘੀ ਨੂੰ ਨਿੱਜੀ ਤੌਰ ’ਤੇ 2010 ਤੋਂ ਜਾਣਦੀ ਹਾਂ। ‘ਡਲਹੌਜੀ ਕਹਾਣੀ ਗੋਸ਼ਟੀ’ ਵਿਚ ਅਸੀਂ ਪਹਿਲੀ ਵਾਰ ਮਿਲੀਆਂ ਸਾਂ। ਉਸ ਗੋਸ਼ਟੀ ਵਿਚ ਸਰਘੀ ਨੇ ਆਪਣੇ ਕਹਾਣੀ ਸੰਗ੍ਰਹਿ ‘ਆਪਣੇ ਆਪਣੇ ਮਰਸੀਏ’ ਦੀ ਟਾਈਟਲ ਕਹਾਣੀ ਪੜ੍ਹੀ ਸੀ। ਉਦੋਂ ਤੋਂ ਹੀ ਅਸੀਂ ਇਕ ਦੂਜੇ ਦੀਆਂ ਕਹਾਣੀਆਂ ਦੀਆਂ ਪਾਠਕ ਹਾਂ। ਕਹਾਣੀ ਪ੍ਰਤੀ ਉਸ ਦੀ ਸਮਝ ਸੂਝ ਬਹੁਤ ਗਹਿਰੀ ਤੇ ਸੰਵੇਦਨਸ਼ੀਲ ਹੈ। ਔਰਤ ਮਨ ਦੀਆਂ ਪਰਤਾਂ ਨੂੰ ਅੰਤਰੀਵ ਤੋਂ ਸਮਝ ਕੇ ਉਹ ਆਪਣੀ ਕਹਾਣੀ ਵਿਚ ਉਤਾਰਦੀ ਹੈ।
ਉਸ ਦੀਆਂ ਕਹਾਣੀਆਂ ਦੇ ਵਿਸ਼ੇ ਵੰਨ-ਸੁਵੰਨੇ ਹਨ। ਕੋਈ ਵੀ ਲੇਖਕ ਸਮਾਜ ਵਿਚ ਵਾਪਰ ਰਹੇ ਵਰਤਾਰਿਆਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ। ਉਸ ਦੀ ਸੰਵੇਦਨਸ਼ੀਲਤਾ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ। ਸਰਘੀ ਦੀਆਂ ਕਹਾਣੀਆਂ ਵਿਚ ਉਸ ਦੀ ਇਹੀ ਸੰਵੇਦਨਸ਼ੀਲਤਾ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਸਕਦੀ ਹੈ।
ਜਦੋਂ ਉਹ ‘ਰਾਡ’ ਕਹਾਣੀ ਲਿਖਦੀ ਹੈ ਤਾਂ ਦੁਨੀਆ ਦੀ ਹਰ ਮਾਂ ਦਾ ਡਰ ਉਸ ਦੀ ਕਹਾਣੀ ਦੀ ਨਾਇਕਾ ਅੰਦਰ ਸਮਾ ਜਾਂਦਾ ਹੈ। `ਨਿਰਭਯਾ ਕਾਂਡ` ਜਿਸ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਉਭਾਰਦੀ ਇਹ ਕਹਾਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ.ਏ. ਦੇ ਸਿਲੇਬਸ ਦਾ ਹਿੱਸਾ ਬਣੀ ਹੈ।
ਸਰਘੀ ਸਮਾਜ ਵਿਚ ਵਾਪਰਦੀਆਂ ਘਟਨਾਵਾਂ ਨੂੰ ਬਹੁਤ ਪੈਨੀ ਨਜ਼ਰ ਨਾਲ ਵੇਖਦੀ ਹੈ। ਉਸ ਦੀ ਕਹਾਣੀ ‘ਰਬਾਬੀ’ ਦਾ ਖਾਸ ਤੌਰ ’ਤੇ ਜ਼ਿਕਰ ਕਰਨਾ ਚਾਹਾਂਗੀ। ਇਸ ਕਹਾਣੀ ਰਾਹੀਂ ਉਸ ਨੇ ਵਿੱਦਿਅਕ ਸੰਸਥਾਵਾਂ ਵਿਚ ਫੈਲੇ ਭ੍ਰਿਸ਼ਟਤੰਤਰ ਨੂੰ ਬਹੁਤ ਹੀ ਗੁੱਝੀ ਰਮਜ਼ ਵਾਲੀ ਸ਼ੈਲੀ ਵਿਚ ਉਜਾਗਰ ਕੀਤਾ ਹੈ। ਗੁਰੂਆਂ ਦੇ ਨਾਂ ’ਤੇ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿਚ ਗੁਰੂਆਂ ਦੇ ਕਥਨਾਂ ਨੂੰ ਅੱਖੋਂ ਪਰੋਖੇ ਕਰ ਕੇ ਮਨਮਤੀਆਂ ਕੀਤੀਆਂ ਜਾਂਦੀਆਂ ਹਨ, ਜਿੱਥੇ ਅਸਲੀ ਹੀਰਿਆਂ ਨੂੰ ਪੱਥਰ ਸਮਝ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ।
ਉਸ ਦੀ ਬਹੁ-ਚਰਚਿਤ ਕਹਾਣੀ ‘ਹਾਲੀਡੇ-ਵਾਈਫ’ ਦੀ ਮੁੱਖ ਪਾਤਰ ਅਜਿਹੇ ਸ਼ਸ਼ਕਤ ਪਾਤਰ ਦੇ ਰੂਪ ਵਿਚ ਪੇਸ਼ ਹੁੰਦੀ ਹੈ, ਜਿਸ ਵਿਚ ਭਵਿੱਖ `ਚ ਔਰਤ ਦੀ ਸਵੈ-ਹੋਂਦ ਦੇ ਮਸਲੇ ਵਿੱਚੋਂ ਰੁਦਨ ਤੇ ਹਉਕਿਆਂ ਦੀ ਥਾਂ ’ਤੇ ਮਨ-ਮਰਜ਼ੀ ਦੀ ਖੁੱਲ੍ਹ ਨੂੰ ਸੈਲੀਬਰੇਟ ਕਰਨ ਦੀ ਕਨਸੋਅ ਮਿਲਦੀ ਹੈ। ਇਹ ਮੁੱਖ ਪਾਤਰ ਆਪਣੇ ਆਲੇ-ਦੁਆਲੇ ਲਿਪਟੇ ਪਿੱਤਰੀ ਸੱਤਾ ਦੇ ਜੂੜ ਨੂੰ ਲਾਹ ਕੇ ਪਰ੍ਹੇ ਵਗਾਹ ਮਾਰਦੀ ਹੈ ਤੇ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ’ਤੇ ਜਿਊਣ ਵੱਲ ਨੂੰ ਅਹੁਲਦੀ ਹੈ। ਉਸ ਨੂੰ ਤਰਸ ਦੀ ਪਾਤਰ ਬਣ ਕੇ ਜਿਊਣਾ ਹੁਣ ਮਨਜ਼ੂਰ ਨਹੀਂ। ਵਿਆਹ ਸੰਸਥਾ ਤੋਂ ਉਪਜੇ ਸੰਕਟ ਨੂੰ ਉਹ ਆਪਣੇ ਢੰਗ ਨਾਲ ਹੱਲ ਕਰਦੀ ਹੋਈ ਆਖਦੀ ਹੈ, `ਜ਼ਮੀਨ ਵੀ ਨਹੀਂ ਛੱਡਾਂਗੀ, ਪੁੱਤ ਵੀ ਪਾਲਾਂਗੀ ਤੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਨਾਲ ਆਪਣੀਆਂ ਦੈਹਿਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਕਰਾਂਗੀ।` ਬਕੌਲ ਦੇਸ ਰਾਜ ਕਾਲੀ ਸਰਘੀ ਆਪਣੇ ਸਾਹਿਤ ਵਿਚ ਬਹੁਤ ਸੰਘਣੀ ਬੁਣਤੀ ਬੁਣਦੀ ਹੈ। ਕੁਝ ਵੀ ਇਕਹਿਰਾ ਨਹੀਂ। ਸਰਘੀ ਜਦੋਂ ਮਸਲਿਆਂ ਨਾਲ ਜੂਝਦੇ ਬੰਦੇ ਦੀ ਗੱਲ ਕਰਦੀ ਹੈ ਤਾਂ ਉਸ ਦੀ ਸੰਵੇਦਨਾ ਮਾਨਵੀ ਸਰੋਕਾਰਾਂ ਨਾਲ ਲਬਰੇਜ਼ ਨਜ਼ਰ ਆਉਂਦੀ ਹੈ।
ਸਰਘੀ ਦੀਆਂ ਕਹਾਣੀਆਂ ਔਰਤ ਮਨ ਦੇ ਵਲਵਲਿਆਂ ਨੂੰ ਬਾਖੂਬੀ ਪੇਸ਼ ਕਰਦੀਆਂ ਹਨ। ‘ਬਰਸੈ ਮੇਘ’ ‘ਕੁੜੀਆਂ’, ‘ਹਾਂਟੇਡ ਹਾਊਸ’ ਵਰਗੀਆਂ ਕਹਾਣੀਆਂ ਇਸ ਦੀ ਉਦਾਹਰਨ ਹਨ। ਉਸ ਦੀਆਂ ਕਹਾਣੀਆਂ ਅੰਦਰ ਲੋਕਧਾਰਾਈ ਅੰਸ਼, ਕੁਦਰਤ ਅਤੇ ਗੁਰਬਾਣੀ ਸੁਮੇਲ ਉਸ ਦੀ ਰਚਨਾ ਨੂੰ ਹੋਰ ਸੰਘਣੇ ਕਰ ਦਿੰਦਾ ਹੈ।
ਸਾਹਿਤ ਵਿਚ ਔਰਤ ਲੇਖਕਾਵਾਂ ਦੀ ਭਾਗੀਦਾਰੀ ਵੈਸੇ ਹੀ ਬਹੁਤ ਘੱਟ ਹੈ। ਔਰਤਾਂ ਲਈ ਸਾਹਿਤ ਸਿਰਜਣ ਕਰਨਾ ਦੋਧਾਰੀ ਤਲਵਾਰ ਉੱਤੇ ਤੁਰਨ ਬਰਾਬਰ ਹੁੰਦਾ ਹੈ। ਇਨ੍ਹਾਂ ਸਿਰਜਣਹਾਰੀਆਂ ਲਈ ਘਰ ਤੋਂ ਅਕਸਰ ਨਾਂਹ-ਪੱਖੀ ਹੁੰਗਾਰਾ ਹੀ ਵੇਖਣ ਨੂੰ ਮਿਲਦਾ ਹੈ ਪਰ ਇਸ ਮਾਮਲੇ ਵਿਚ ਸਰਘੀ ਖੁਸ਼ਕਿਸਮਤ ਹੈ। ਉਸ ਦਾ ਜੀਵਨ ਸਾਥੀ ਬਲਕਾਰ ਸਿੰਘ ਜੋ ਖੁਦ ਉੱਚ ਅਹੁਦੇ ’ਤੇ ਤਾਇਨਾਤ ਹੈ, ਉਸ ਦਾ ਪੂਰਾ ਸਾਥ ਦਿੰਦਾ ਹੈ ਤੇ ਕਦੀ ਵੀ ਉਸ ਦੀ ਰਚਨਾਤਮਿਕਤਾ ਵਿਚ ਰੁਕਾਵਟ ਨਹੀਂ ਬਣਦਾ। ਸਰਘੀ ਆਪਣੀ ਪ੍ਰੋਫੈਸਰੀ ਦੀ ਨੌਕਰੀ ਦੇ ਨਾਲ-ਨਾਲ ਦੋ ਪਿਆਰੇ ਬੱਚਿਆਂ ਦੀ ਮਾਂ ਹੈ। ਬੇਟੀ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੀ ਹੈ ਤੇ ਬੇਟਾ ਅਜੇ ਸਕੂਲ ਵਿਚ ਹੈ। ਭਰਾ ਨਵਚੇਤਨ ਸਰਘੀ ਦੀਆਂ ਪ੍ਰਾਪਤੀਆਂ ’ਤੇ ਮਾਣਮੱਤਾ ਮਹਿਸੂਸ ਕਰਦਾ ਹੈ। ਪਿਤਾ ਦਲਬੀਰ ਚੇਤਨ ਚੰਨ-ਤਾਰਿਆਂ ’ਚ ਬੈਠ ਕੇ ਆਪਣੀ ਧੀ ਨੂੰ, ਆਪਣੀ ਕਹਾਣੀ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਂਦਿਆਂ ਵੇਖ ਮੁਸਕਰਾ ਕੇ ਆਸ਼ੀਰਵਾਦ ਜ਼ਰੂਰ ਦਿੰਦਾ ਹੋਵੇਗਾ।
ਮੈਨੂੰ ਮਾਣ ਹੈ ਕਿ ਸਰਘੀ ਵਰਗੀ ਸਾਹਿਤਕਾਰ ਮੇਰੀ ਨਿੱਘੀ ਤੇ ਪਿਆਰੀ ਦੋਸਤ ਹੈ। ਆਪਣੇ ਪਿਤਾ ਦੇ ਨਾਂ ’ਤੇ ਉਸ ਵੱਲੋਂ ਸ਼ੁਰੂ ਕੀਤਾ ਗਿਆ ‘ਦਲਬੀਰ ਚੇਤਨ ਯਾਦਗਾਰੀ ਐਵਾਰਡ’ 2020 ਵਿਚ ਮੇਰੀ ਕਿਤਾਬ ‘ਇਕ ਦਿਨ’ ਨੂੰ ਮਿਲਿਆ ਸੀ। 2021 ਦਾ ਇਹ ਇਨਾਮ ਗੁਰਮੀਤ ਕੜਿਆਲਵੀ ਅਤੇ ਸੁਖਪਾਲ ਥਿੰਦ ਨੂੰ ਪ੍ਰਦਾਨ ਕੀਤਾ ਜਾਣਾ ਹੈ। ਕਹਾਣੀਕਾਰਾਂ ਨੂੰ ਸਨਮਾਨਣ ਦੀ ਇਹ ਭਾਵਨਾ ਅਤੇ ਉਸ ਦੀ ਆਪਣੀ ਕਹਾਣੀ ਦੀ ਪੁਖਤਗੀ ਹੈ ਕਿ ਉਸ ਨੂੰ ਪੰਜਾਬੀ ਦਾ ਨੋਬਲ ਇਨਾਮ ਕਹੇ ਜਾਣ ਵਾਲੇ ‘ਢਾਹਾਂ ਐਵਾਰਡ’ (2021) ਨਾਲ ਨਵਾਜ਼ਿਆ ਗਿਆ ਹੈ। ਇਹ ਐਵਾਰਡ ਸਾਡੇ ਸਾਰੇ ਹੀ ਕਹਾਣੀਕਾਰਾਂ ਦਾ ਸਨਮਾਨ ਹੈ। ਸਰਘੀ ਦੀ ਇਸ ਪ੍ਰਾਪਤੀ ’ਤੇ ਮੈਂ ਉਸ ਨੂੰ ਦਿਲੀ ਮੁਬਾਰਕਬਾਦ ਕਹਿੰਦੀ ਹਾਂ। ਸ਼ਾਲਾ! ਉਸ ਦੀ ਕਲਮ ਅਰੁਕ ਚੱਲਦੀ ਰਹੇ।