ਨਾਚ ਅਦਾ ਦੀ ਮੂਰਤ ਮਧੂਮਤੀ

ਮਨਦੀਪ ਸਿੰਘ ਸਿੱਧੂ
ਅਜ਼ੂਰੀ, ਸਿਤਾਰਾ ਦੇਵੀ, ਕੁੱਕੂ ਤੇ ਹੈਲਨ ਵਰਗੀਆਂ ਮਸ਼ਹੂਰ ਫਿਲਮੀ ਨਾਚੀਆਂ ਤੋਂ ਬਾਅਦ ਨ੍ਰਿਤ ਅਦਾਕਾਰੀ ਦੇ ਖੇਤਰ ਵਿਚ ਛਾ ਜਾਣ ਵਾਲੀ ਮਧੂਮਤੀ ਉਰਫ ਹਿਊਟੋਕਸੀ ਦਾਰਾ ਰਿਪੋਰਟਰ ਦੀ ਪੈਦਾਇਸ਼ 30 ਮਈ 1941 ਨੂੰ ਠਾਣੇ ਦੇ ਖੁਸ਼ਹਾਲ ਪਾਰਸੀ ਪਰਿਵਾਰ ਵਿਚ ਹੋਈ।

ਮਧੂਮਤੀ ਦੇ ਪਿਤਾ ਖਾਨ ਸਾਹਿਬ ਦਾਰਾ ਬਹਿਰਾਮ ਜੀ ਰਿਪੋਰਟਰ ਪੇਸ਼ੇ ਵਜੋਂ ਜੱਜ ਸਨ ਅਤੇ ਮਾਤਾ ਦਾ ਨਾਮ ਪੈਰੀਨ ਸੀ।
ਬਾਲ ਵਰੇਸੇ ਹੀ ਮਧੂਮਤੀ ਨੂੰ ਨ੍ਰਿਤ ਕਲਾ ਨਾਲ ਬੇਪਨਾਹ ਉਲਫਤ ਸੀ। ਪਿਤਾ ਦੀ ਮੁਖਾਲਫਤ ਦੇ ਬਾਵਜੂਦ ਉਸ ਨੇ 7 ਸਾਲ ਦੀ ਉਮਰ ਵਿਚ ਲਖਨਊ ਘਰਾਣੇ ਦੇ ਗੁਰੂ ਦੁਲਾਰੀ ਸ੍ਰੀਵਾਸਤਵ ਕੋਲੋਂ ਕੱਥਕ ਨ੍ਰਿਤ ਸਿੱਖਿਆ। ਸਕੂਲ ਪੜ੍ਹਦਿਆਂ ਹੀ ਮਧੂਮਤੀ ਨੇ ਮਣੀਪੁਰੀ ਤੇ ਕਥਾਕਲੀ ਨ੍ਰਿਤ ਸਿੱਖਿਆ। ਉਸ ਨੇ ਗੁਰੂ ਆਰ.ਕੇ. ਸ਼ੈਟੀ ਅਤੇ ਗੁਰੂ ਚੰਦਰ ਸਲ਼ੇਖਰ ਪਿੱਲੇ ਕੋਲੋਂ ਭਰਤ ਨਾਟਿਅਮ ਦੀ ਸਿਖਲਾਈ ਹਾਸਲ ਕੀਤੀ। ਇਸ ਤੋਂ ਇਲਾਵਾ ਪੰਜਾਬੀ ਲੋਕ ਨਾਚ ਮਨੋਹਰ ਦੀਪਕ ਕੋਲੋਂ ਸਿੱਖਿਆ। ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸ ਨੇ ਠਾਣੇ ਵਿਚ ਆਪਣੀ ਡਾਂਸ ਅਕੈਡਮੀ ਖੋਲ੍ਹ ਲਈ। ਹੌਲੀ-ਹੌਲੀ ਨ੍ਰਿਤ ਕਲਾ ਦਾ ਇਹੀ ਸ਼ੌਕ ਉਸ ਨੂੰ ਹਿੰਦੀ ਤੇ ਪੰਜਾਬੀ ਫਿਲਮਾਂ ਵੱਲ ਖਿੱਚ ਲਿਆਇਆ। ਬਾਅਦ `ਚ ਉਸ ਨੇ ਕਈ ਮਰਾਠੀ, ਗੁਜਰਾਤੀ ਅਤੇ ਬੰਗਲਾ ਫਿਲਮਾਂ ਵਿਚ ਬਤੌਰ ਡਾਂਸਰ, ਮੁੱਖ ਅਦਾਕਾਰਾ ਤੇ ਚਰਿੱਤਰ ਅਦਾਕਾਰਾ ਵਜੋਂ ਭਰਪੂਰ ਨਾਂ ਤੇ ਸ਼ੋਹਰਤ ਖੱਟੀ।
ਜਦੋਂ ਰਾਮੂਭਾਈ ਦੇਸਾਈ ਨੇ ਧੀਰੂਭਾਈ ਦੇਸਾਈ ਦੀ ਹਿਦਾਇਤਕਾਰੀ ਵਿਚ ਪੌਰਾਣਿਕ ਫਿਲਮ ‘ਹਰੀਸ਼ਚੰਦਰ` ਉਰਫ ‘ਰਾਜਾ ਹਰੀਸ਼ਚੰਦਰ` (1958) ਬਣਾਈ ਤਾਂ ਪਾਰਸੀ ਮੁਟਿਆਰ ਹਿਊਟੋਕਸੀ ਨੂੰ ‘ਮਧੂਮਤੀ` ਦਾ ਨਵਾਂ ਨਾਮ ਦਿੱਤਾ ਗਿਆ। ਸ਼ਾਹੂ ਮੋਦਕ ਤੇ ਸੁਲੋਚਨਾ ਦੇ ਮਰਕਜ਼ੀ ਕਿਰਦਾਰਾਂ ਵਾਲੀ ਇਸ ਫਿਲਮ ਵਿਚ ਮਧੂਮਤੀ ਨੇ ਸੁਸ਼ਾਂਤ ਬੈਨਰਜੀ ਦੇ ਸੰਗੀਤ `ਚ ਸਜੇ ਗੀਤ ‘ਆਜਾ ਰਾਜਾ ਆਜਾ` ਉੱਤੇ ਆਪਣੇ ਨ੍ਰਿਤ ਦੀ ਪਹਿਲੀ ਪੇਸ਼ਕਾਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਅਰਬਿੰਦ ਸੈਨ ਨਿਰਦੇਸ਼ਿਤ ਫਿਲਮ ‘ਜਾਲਸਾਜ਼` (1959), ਆਰ. ਮਜੂਮਦਾਰ ਨਿਰਦੇਸ਼ਿਤ ਫਿਲਮ ‘ਹਮ ਭੀ ਇਨਸਾਨ ਹੈਂ` (1959), ਸ਼ਰਦ ਦੇਸਾਈ ਦੀ ਫਿਲਮ ‘ਸ਼੍ਰਵਨ ਕੁਮਾਰ` (1960), ਸੀ. ਕਾਂਤ ਨਿਰਦੇਸ਼ਿਤ ਫਿਲਮ ‘ਕੈਪਟਨ ਇੰਡੀਆ` (1960), ਮੁਹੰਮਦ ਹੁਸੈਨ ਨਿਰਦੇਸ਼ਿਤ ਫਿਲਮ ‘ਤੀਰ ਔਰ ਤਲਵਾਰ` (1960) `ਚ ਨ੍ਰਿਤ ਗੀਤ ਕਰਨ ਤੋਂ ਬਾਅਦ ਚੰਦੂਲਾਲ ਸ਼ਾਹ ਨਿਰਦੇਸ਼ਿਤ ਫਿਲਮ ‘ਜ਼ਮੀਨ ਕੇ ਤਾਰੇ` (1960) ਵਿਚ ਪਹਿਲੀ ਵਾਰ ਹੀਰੋਇਨ ਵਜੋਂ ਡੇਜ਼ੀ ਇਰਾਨੀ ਦੀ ‘ਮਤਰੇਈ ਮਾਂ` ਦਾ ਕਿਰਦਾਰ ਨਿਭਾਇਆ।
ਮਧੂਮਤੀ ਨੇ ਆਪਣੇ ਪਤੀ ਮਨੋਹਰ ਦੀਪਕ ਦੇ ਫਿਲਮਸਾਜ਼ ਅਦਾਰੇ ਆਲਮਦੀਪ ਪ੍ਰੋਡਕਸ਼ਨਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਫਿਲਮ ‘ਸੰਗਦਿਲ` (1967) ਅਤੇ ਮਨੋਹਰ ਦੀਪਕ ਨਿਰਦੇਸ਼ਿਤ ਫਿਲਮ ‘ਜਯ ਜਵਾਲਾ` ਉਰਫ ‘ਪੂਜਾ ਔਰ ਪਾਇਲ` (1972) `ਚ ਅਦਾਕਾਰੀ ਕੀਤੀ। ਇਸ ਤੋਂ ਇਲਾਵਾ ਬਤੌਰ ਅਦਾਕਾਰਾ ਫਿਲਮ ‘ਚਲੇ ਹੈਂ ਸੁਸਰਾਲ` (1966) `ਚ ਹੀਰੋ ਚੰਦਰਸ਼ੇਖਰ ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ। ਓ.ਪੀ. ਰਲਹਨ ਨਿਰਦੇਸ਼ਿਤ ਫਿਲਮ ‘ਤਲਾਸ਼` (1969) `ਚ ਉਸ ਨੇ ਅਮਜ਼ਦ ਖਾਨ ਦੀ ਮਹਿਬੂਬਾ ਦਾ ਨਕਾਰਾਤਮਕ ਕਿਰਦਾਰ ਨਿਭਾਇਆ। ਉਸ ਦੀ ਨ੍ਰਿਤ ਅਦਾਕਾਰਾ ਵਜੋਂ ਆਖਰੀ ਹਿੰਦੀ ਫਿਲਮ ਮਨਮੋਹਨ ਦੇਸਾਈ ਨਿਰਦੇਸ਼ਿਤ ਫਿਲਮ ‘ਅਮਰ ਅਕਬਰ ਐਨਥਨੀ` (1977) ਸੀ ਜਿਸ ਵਿਚ ਉਸ ਨੇ ਤਵਾਇਫ ‘ਬਿਜਲੀ ਬਾਈ` ਦਾ ਕਿਰਦਾਰ ਨਿਭਾਇਆ।
ਮਧੂਮਤੀ ਦੀ ਨਾਚ ਕਲਾ ਨਾਲ ਜੁੜੇ ਤੇ ਉਸ `ਤੇ ਫਿਲਮਾਏ ਕੁਝ ਮਸ਼ਹੂਰ ਜ਼ਮਾਨਾ ਗੀਤ ‘ਅਭੀ ਕਮਸਿਨ ਹੋ ਨਾਦਾਂ ਹੋ ਜਾਨੇ ਜਾਨਾ` (ਰਫੀ, ਕੋਰਸ/ਆਯਾ ਤੂਫਾਨ/1964), ‘ਆਂਖੋਂ-ਆਂਖੋਂ ਮੇਂ ਕਿਸੀ ਸੇ ਬਾਤ ਹੂਈ` (ਆਸ਼ਾ ਭੌਸਲੇ/ਜਾਨਵਰ/1965), ‘ਹੁਜ਼ੂਰੇ ਵਾਲਾ ਜੋ ਹੋ ਇਜਾਜ਼ਤ ਤੋ ਹਮ ਯੇ ਸਾਰੇ ਜਹਾਂ ਸੇ ਕਹਿ ਦੇਂ` (ਮੀਨੂੰ ਪ੍ਰਸ਼ੋਤਮ, ਆਸ਼ਾ ਭੌਸਲੇ/ਯੇਹ ਰਾਤ ਫਿਰ ਨਾ ਆਏਗੀ/1966), ‘ਮੁਸ਼ਕਿਲ ਮੇਂ ਪੜ ਗਈ ਜਾਨ` (ਲਤਾ ਮੰਗੇਸ਼ਕਰ, ਊਸ਼ਾ ਮੰਗੇਸ਼ਕਰ/ਦੇਵਰ/1966), ‘ਨਾਈਟ ਇਨ ਲੰਦਨ` (ਲਤਾ, ਰਫੀ, ਸਾਥੀ/ਨਾਈਟ ਇਨ ਲੰਦਨ/1967), ‘ਝਨਕ-ਝਨਕ ਮੋਰੇ ਬਾਜੇ ਪਾਯਲੀਆ` (ਮੰਨਾ ਡੇਅ/ਮੇਰੇ ਹੁਜ਼ੂਰ/1968) ਆਦਿ ਦੀ ਲੰਮੇਰੀ ਸੂਚੀ ਹੈ। 1962 ਦੀ ਭਾਰਤ-ਚੀਨ ਜੰਗ ਦੌਰਾਨ ਨੇਫਾ ਬਾਰਡਰ `ਤੇ ਜਾ ਕੇ ਫਲ਼ੌਜੀ ਭਰਾਵਾਂ ਦਾ ਹੌਸਲਾ ਵਧਾਉਣ ਵਾਲੀ ਮਧੂਮਤੀ ਪਹਿਲੀ ਬੀਬੀ ਸੀ। ਇਸ ਤੋਂ ਬਾਅਦ ਉਸ ਨੇ ਅਦਾਕਾਰ ਸੁਨੀਲ ਦੱਤ ਨਾਲ ਮਿਲਕੇ ‘ਅਜੰਤਾ ਆਰਟਸ ਕਲਚਰਲ ਟਰੂਪ` ਦੀ ਸਥਾਪਨਾ ਕੀਤੀ।
ਉਸ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿਚ ਨ੍ਰਿਤ ਅਦਾਕਾਰਾ ਵਜੋਂ ਕੰਮ ਕੀਤਾ। ਉਸ ਨੇ ਆਪਣੇ ਅਦਾਕਾਰ ਪਤੀ ਮਨੋਹਰ ਦੀਪਕ ਦੇ ਫਿਲਮਸਾਜ਼ ਅਦਾਰੇ ਸੰਗੀਤ ਪਿਕਚਰਜ਼ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਪੰਜਾਬੀ ਫਿਲਮ ‘ਖੇਡਣ ਦੇ ਦਿਨ ਚਾਰ` (1962) `ਚ ਨ੍ਰਿਤ ਅਦਾਕਾਰਾ ਦਾ ਪਾਰਟ ਅਦਾ ਕੀਤਾ। ਹੰਸਰਾਜ ਬਹਿਲ ਦੇ ਸੰਗੀਤ ਵਿਚ ਨੰਦ ਲਾਲ ਨੂਰਪੁਰੀ ਦਾ ਲਿਖਿਆ ਗੀਤ ‘ਹੋਏ…ਦੁਹਾਈ ਨੀ ਦੁਹਾਈ ਨੈਣਾਂ ਨਾਲ ਹੋਣ ਲੱਗੀ ਨੈਣਾਂ ਦੀ ਲੜਾਈ` (ਸ਼ਮਸ਼ਾਦ ਬੇਗਮ) ਮਧੂਮਤੀ, ਇੰਦਰਾ ਤੇ ਸਹੇਲੀਆਂ ਉੱਤੇ ਫਿਲਮਾਇਆ ਗਿਆ। ਪੰਜਾਬੀ ਫਿਲਮ ‘ਪਿੰਡ ਦੀ ਕੁੜੀ` (1963) `ਚ ਮਧੂਮਤੀ ਨੇ ਨਿਸ਼ੀ ਨਾਲ ਨ੍ਰਿਤ ਗੀਤ ‘ਹਾਏ ਨੀ ਹਾਲ ਪਾਰਿਆ` (ਆਸ਼ਾ ਭੌਸਲੇ, ਸ਼ਮਸ਼ਾਦ ਬੇਗਲ਼ਮ) `ਚ ਖੂਬ ਧਮਾਲਾਂ ਪਾਈਆਂ। ਪੰਜਾਬੀ ਫਿਲਮ ‘ਗੀਤ ਬਹਾਰਾਂ ਦੇ` (1964) `ਚ ਉਸ ਨੇ ‘ਮਧੂ` ਦਾ ਤੇ ਜਗਦੇਵ ਭਾਂਬਰੀ ਨੇ ‘ਜਗਦੇਵ` ਦਾ ਪਾਰਟ ਅਦਾ ਕੀਤਾ। ਫਿਲਮ ਦੇ ਮਰਕਜ਼ੀ ਕਿਰਦਾਰ ਵਿਚ ਮਨੋਹਰ ਦੀਪਕ ਤੇ ਜਬੀਨ ਜਲੀਲ ਜੋੜੀਦਾਰ ਵਜੋਂ ਮੌਜੂਦ ਸਨ। ਦੱਤਾ ਰਾਮ (ਸਹਾਇਕ ਸੋਨਿਕ) ਦੇ ਸੰਗੀਤ ਵਿਚ ਮਧੂਮਤੀ, ਜਗਦੇਵ, ਮਨੋਹਰ ਦੀਪਕ ਤੇ ਜਬੀਨ `ਤੇ ਫਿਲਮਾਏ ਗੀਤ ‘ਕਿੱਕਲੀ ਕਲੀਰ ਦੀ…ਨੀਂ ਏਹਦਾ ਘੜੀ-ਘੜੀ ਪਲ-ਪਲ ਹੋਰ` (ਆਸ਼ਾ ਭੌਸਲੇ, ਲਤਾ ਮੰਗੇਸ਼ਕਰ), ‘ਇੱਕ ਪਾਸੇ ਟਾਹਲੀ ਤੇ ਇੱਕ ਪਾਸੇ ਬੇਰੀ` (ਲਤਾ ਮੰਗੇਸ਼ਕਰ, ਆਸ਼ਾ ਭੌਸਲੇ) ਤੋਂ ਇਲਾਵਾ ਕੱਵਾਲੀ ਗੀਤ ‘ਸੋਹਣੇ ਰੱਬ ਦੀਆਂ ਸਿਫਤਾਂ ਕੀ ਕਰੀਏ` (ਮੁਹੰਮਦ ਰਫੀ, ਆਸ਼ਾ ਭੋਸਲੇ) ਵੀ ਬੜਾ ਪਸੰਦ ਕੀਤਾ ਗਿਆ।
ਪੰਜਾਬੀ ਫਿਲਮ ‘ਕਿੱਕਲੀ` (1964) `ਚ ਮਧੂਮਤੀ ਨੇ ਹਰਬੰਸ ਦੇ ਸੰਗੀਤ `ਚ ਬੇਕਲ ਦੇ ਲਿਖੇ ਗੀਤ ‘ਆਏ-ਹਾਏ…ਕੋਠੇ ਤੇ ਆਈਂ ਵੇ ਹਕੀਮ ਤਾਰਾ ਚੰਦ` (ਆਸ਼ਾ ਭੌਸਲੇ, ਮੀਨੂੰ ਪ੍ਰਸ਼ੋਤਮ) ਮਧੂਮਤੀ, ਅਰੂਨਾ (ਇੰਦਰਾ) ਤੇ ਸਹੇਲੀਆਂ `ਤੇ ਫਿਲਮਾਇਆ ਗਿਆ ਸੀ। ਫਿਲਮ ‘ਮੈਂ ਜੱਟੀ ਪੰਜਾਬ ਦੀ` (1964) `ਚ ਹੁਸਨਲਾਲ-ਭਗਤਰਾਮ ਦੇ ਸੰਗੀਤ ਵਿਚ ਵਰਮਾ ਮਲਿਕ ਦੇ ਲਿਖੇ ਇੱਕ ਗੀਤ ‘ਹਾਏ ਤੌਬਾ ਹਾਏ ਨੀ ਮੈਨੂੰ ਕੀ ਹੁੰਦਾ ਜਾਏ` (ਸ਼ਮਸ਼ਾਦ ਬੇਗਮ, ਊਸ਼ਾ ਮੰਗੇਸ਼ਕਰ) ਉੱਤੇ ਮਧੂਮਤੀ ਤੇ ਨਿਸ਼ੀ ਨੇ ਸੋਹਣਾ ਨ੍ਰਿਤ ਪੇਸ਼ ਕੀਤਾ। ਮਜ਼ਾਹੀਆ ਫਿਲਮ ‘ਮਾਮਾ ਜੀ` (1964) `ਚ ਮਧੂਮਤੀ ਤੇ ਅਰੂਨਾ `ਤੇ ਨ੍ਰਿਤ ਗੀਤ ‘ਤਿਲ੍ਹਕ ਗਿਆ ਮੇਰਾ ਪੈਰ ਨੀ` (ਊਸ਼ਾ ਮੰਗੇਸ਼ਕਰ, ਮੀਨੂੰ ਪ੍ਰਸ਼ੋਤਮ) ਫਿਲਮਾਇਆ ਗਿਆ। 1962 ਦੀ ਹਿੰਦ-ਚੀਨ ਜੰਗ ਦੇ ਵਿਸ਼ੇ `ਤੇ ਬਣੀ ਫਿਲਮ ‘ਧਰਤੀ ਵੀਰਾਂ ਦੀ` (1965) `ਚ ਮਧੂਮਤੀ ਨੇ ਦੂਜੀ ਹੀਰੋਇਨ ‘ਬਚਨੀ` ਦਾ ਪਾਰਟ ਅਦਾ ਕੀਤਾ। ਐਸ. ਮਦਨ ਦੇ ਸੰਗੀਤ `ਚ ਨਕਸ਼ ਲਾਇਲਪੁਰੀ ਦੇ ਲਿਖੇ ਤੇ ਮਧੂਮਤੀ, ਰਾਜਿੰਦਰ ਕਪੂਰ ਤੇ ਨਿਸ਼ੀ `ਤੇ ਫਿਲਮਾਏ ਗੀਤ ‘ਜੀਵੇ ਜਵਾਨੀਆਂ ਮਾਣੇ ਤੂੰ ਹੈ ਮੇਰੇ ਹਾਣ ਦੀ` (ਆਸ਼ਾ ਭੌਸਲੇ, ਸੁਮਨ ਕਲਿਆਣਪੁਰ) ਤੋਂ ਇਲਾਵਾ ਭੰਗੜਾ ਗੀਤ ‘ਮੈਂ ਹਾਂ ਜੱਟ ਪੰਜਾਬ ਦਾ…ਗੋਰਾ ਰੰਗ ਤਿੱਖਾ ਨੱਕ ਸ਼ਾਵਾ-ਸ਼ਾਵਾ` (ਮੁਹੰਮਦ ਰਫੀ, ਸ਼ਮਸ਼ਾਦ ਬੇਗਲ਼ਮ, ਸੁਰਿੰਦਰ ਕੋਹਲੀ, ਮਧੂਲਿਕਾ ਦੇਵੀ) ਖੂਬ ਚੱਲਿਆ।
ਫਿਲਮ ‘ਸੱਪਣੀ` (1965) `ਚ ਉਸ ਨੇ ਅਦਾਕਾਰਾ ਨਿਸ਼ੀ ਨਾਲ ਵਰਮਾ ਮਲਿਕ ਦੇ ਲਿਖੇ ਗੀਤ ‘ਛੱੱਡੋ ਰਸਤਾ ਕੇ ਚੱਲੀ ਏ ਜਵਾਨੀ ਸ਼ੂਕਦੀ` (ਆਸ਼ਾ ਭੌਸਲੇ, ਮੀਨੂੰ ਪ੍ਰਸ਼ੋਤਮ) `ਤੇ ਖੂਬਸੂਰਤ ਨ੍ਰਿਤ ਪੇਸ਼ ਕੀਤਾ।
1970ਵਿਆਂ ਦੇ ਦਹਾਕੇ `ਚ ਵੀ ਮਧੂਮਤੀ ਆਪਣੇ ਖੂਬਸੂਰਤ ਨ੍ਰਿਤ ਗੀਤਾਂ ਜ਼ਰੀਏ ਪੰਜਾਬੀ ਫਿਲਮਾਂ `ਚ ਛਾਈ ਰਹੀ। ਫਿਲਮ ‘ਮੇਲੇ ਮਿੱਤਰਾਂ ਦੇ` (1972) `ਚ ਉਸ ਨੇ ਲਤਾ ਅਰੋੜਾ ਨਾਲ ਗੀਤ ‘ਮੈਂ ਮੁਟਿਆਰ ਪੰਜਾਬ ਦੀ` (ਹੇਮਲਤਾ, ਰਾਜਿੰਦਰ ਰਾਜਨ, ਪਾਲ ਸਿੱਧੂ) `ਤੇ ਸੋਹਣਾ ਨਾਚ ਪੇਸ਼ ਕੀਤਾ। ਫਿਲਮ ‘ਮਨ ਜੀਤੈ ਜਗੁ ਜੀਤੁ` (1973) `ਚ ਉਸ ਨੇ ਕੱਵਾਲੀ ਗੀਤ ‘ਤੂੰ ਵੀ ਡਾਕੂ ਤੇ ਮੈਂ ਵੀ ਡਾਕੂ` (ਆਸ਼ਾ ਭੌਸਲੇ) `ਤੇ ਆਪਣੇ ਫਨ ਦੀ ਪੇਸ਼ਕਾਰੀ ਕੀਤੀ। ‘ਸੱਚਾ ਮੇਰਾ ਰੂਪ ਹੈ` (1976) `ਚ ਗੀਤ ‘ਸੁਣ ਓ ਸ਼ਿਕਾਰੀਆ ਜੇ ਕਰਨਾ ਏ ਸ਼ਿਕਾਰ` (ਮੀਨੂੰ ਪ੍ਰਸ਼ੋਤਮ) ਮਧੂਮਤੀ, ਸਰਿਤਾ, ਰਾਜਿੰਦਰ ਨਾਥ, ਗੋਪਾਲ ਸਹਿਗਲ `ਤੇ ਫਿਲਮਾਇਆ ਗਿਆ ਸੀ। ਫਿਲਮ ‘ਸ਼ਹੀਦ ਕਰਤਾਰ ਸਿੰਘ ਸਰਾਭਾ` (1979) `ਚ ਵੇਦਪਾਲ ਦੇ ਸੰਗੀਤ `ਚ ਕਸ਼ਮੀਰ ਕਾਦਰ ਦਾ ਲਿਖਿਆ ਤੇ ਮਧੂਮਤੀ `ਤੇ ਫਿਲਮਾਇਆ ਮੁਜਰਾ ਗੀਤ ‘ਯਾਰ ਦਾ ਰੁਤਬਾ…ਡੇਰਾ ਯਾਰ ਦੀ ਗਲੀ ਵਿਚ ਲਾ ਲੈ` (ਮੀਨੂੰ ਪ੍ਰਸ਼ੋਤਮ) ਬਹੁਤ ਹਿੱਟ ਹੋਇਆ। 17 ਅਗਸਤ 1979 ਨੂੰ ਪ੍ਰਕਾਸ਼ ਥੀਏਟਰ, ਅੰਮ੍ਰਿਤੂ ਵਿਖੇ ਰਿਲੀਜ਼ ਹੋਈ ਇਹ ਮਧੂਮਤੀ ਦੀ ਆਖਰੀ ਪੰਜਾਬੀ ਫਿਲਮ ਕਰਾਰ ਪਾਈ।
1960ਵਿਆਂ ਦੇ ਦਹਾਕੇ ਵਿਚ ਮਧੂਮਤੀ ਨੇ ਭੰਗੜਾ ਅਦਾਕਾਰ ਮਨੋਹਰ ਦੀਪਕ ਨਾਲ ਮਿਲ ਕੇ ‘ਮਧੂਮਤੀ-ਮਨੋਹਰ ਦੀਪਕ ਕਲਚਰ ਟਰੂਪ` ਬਣਾਇਆ। ਇਸ ਗਰੁੱਪ ਦੇ 35 ਮੈਂਬਰ ਸਨ, ਜਿਨ੍ਹਾਂ ਨਾਲ ਮਿਲ ਕੇ ਉਨ੍ਹਾਂ ਨੇ ਦੁਨੀਆ ਵਿਚ ਕਈ ਸ਼ੋਅ ਪੇਸ਼ ਕੀਤੇ। 1963 ਵਿਚ ਮਨੋਹਰ ਦੀਪਕ ਦੀ ਪਹਿਲੀ ਪਤਨੀ ਜੋਤ ਕੌਰ ਫੌਤ ਹੋ ਗਈ। 1965 ਵਿਚ ਮਧੂਮਤੀ ਨੇ ਆਪਣੀ ਦੋਸਤ ਅਦਾਕਾਰਾ ਨਰਗਿਸ ਦੱਤ ਦੇ ਕਹਿਣ `ਤੇ ਮਨੋਹਰ ਦੀਪਕ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ।
ਮਨੋਹਰ ਦੀਪਕ 31 ਅਕਤੂਬਰ 2006 ਨੂੰ 74 ਸਾਲਾਂ ਦੀ ਉਮਰ ਵਿਚ ਵਫਾਤ ਪਾ ਗਏ। ਪਤੀ ਦੀ ਮੌਤ ਤੋਂ ਬਾਅਦ ਆਪਣੇ-ਆਪ ਨੂੰ ਸੰਭਾਲਦਿਆਂ ਮਧੂਮਤੀ ਮੁਕੰਮਲ ਤੌਰ `ਤੇ ਆਪਣੀ ਡਾਂਸ ਅਕੈਡਮੀ ਨੂੰ ਸਮਰਪਿਤ ਹੋ ਗਈ। ਧਾਰਮਿਕ ਆਸਥਾ ਵਾਲੀ ਮਧੂਮਤੀ ਅੱਜਕੱਲ੍ਹ ਮੁੰਬਈ ਵਿਖੇ ‘ਮਧੂਮਤੀ ਐਕਟਿੰਗ ਅਕੈਡਮੀ` ਚਲਾ ਰਹੀ ਹੈ, ਜਿਸ ਵਿਚ ਨਾਚ ਕਲਾ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਤੇ ਬੱਚੇ ਉਨ੍ਹਾਂ ਕੋਲੋਂ ਨ੍ਰਿਤ ਸਿੱਖਣ ਆ ਰਹੇ ਹਨ। 80 ਸਾਲਾ ਮਧੂਮਤੀ ਦੀ ਡਾਂਸ ਅਕੈਡਮੀ `ਚੋਂ ਅਕਸ਼ੈ ਕੁਮਾਰ, ਚੰਕੀ ਪਾਂਡੇ, ਫਰਹਾ, ਤੱਬੂ, ਸੁਮੀਤ ਸਹਿਗਲ, ਕਿਮੀ ਕਾਟਕਰ, ਸੋਨਮ, ਸ਼ਹਿਬਾਜ਼ ਖਾਨ, ਸ਼ਗ਼ੁਫਤਾ ਅਲੀ, ਪਰਮਵੀਰ ਆਦਿ ਅਦਾਕਾਰ ਨ੍ਰਿਤ ਸਿੱਖ ਕੇ ਫਿਲਮਾਂ ਵਿਚ ਨਾਮ ਕਮਾ ਚੁੱਕੇ ਹਨ।